ਦੋ ਘੜੀ ਗੁੱਥੀ ਸੁਲਝਾ ਲਈਏ।
– ਗੁਰਪ੍ਰੀਤ ਸਿੰਘ, ( U.S.A)
ਮੈ ਇੱਕ ਉਲਝੀ ਤਾਣੀ ਹਾਂ।
ਗੁੰਮ ਨੇ ਚਾਹੇ ਹਰਫ਼ ਮੇਰੇ,
ਕਰਮਾਂ ਦੀ ਸਿਰਜੀ ਕਹਾਣੀ ਹਾਂ।
ਜ਼ਿੰਦਗੀ ਦੇ ਨੇ ਮੋੜ ਕਈ,
ਹਰ ਮੋੜ ’ਤੇ ਟਕਰਾਉਂਦੀ ਹੈ।
ਕਦੀ-ਕਦੀ ਜਾਪੇ ਇਹ ਹਕੀਕਤ,
ਤਦ ਇਹੋ ਸੋਚ ਬਣ ਆਉਂਦੀ ਹੈ।
ਇਨਸਾਨ ! ਲਗਦੈ ਤੂੰ ਸ਼ੈਤਾਨ ਹੋ ਗਿਐਂ,
ਅਮੁੱਲੀ ਜੀਵਨ ਜਾਚ, ਕਿਉਂ ਭੁੱਲ ਗਿਐਂ ?
ਜਿਸਮਾਂ ’ਚੋਂ ਚੱਲਣ ਲਹੂ ਦੇ ਫੁਹਾਰੇ।
ਲਗਦਾ ਲਹੂ ਦੀ ਥਾਂ ਕੁਝ ਹੋਰ,
ਨਵਾਂ ਪਾਉਣ ਦੀ ਬਣੀ ਤੇਰੀ ਸੋਚ!
ਵਾਹ! ਧਰਮੀ !! ਅਜਬ ਨੇ ਤੇਰੇ ਕਾਰੇ।
ਘੁਟੇ-ਘੁਟੇ ਲੱਗਣ ਸਾਹ ਹਵਾਵਾਂ ਦੇ।
ਹੋਵਣ ਕਤਲ, ਸੱਧਰਾਂ ਤੇ ਚਾਵਾਂ ਦੇ।
ਠਾਹ- ਠਾਹ ਕਰਦੀ ਅੱਗ ਦੀ ਪਹਿਚਾਣ,
ਸੁਣਦੇ ਹਉਕੇ ਨਿੱਤ, ਦੁਖੀਆਂ ਮਾਵਾਂ ਦੇ।
ਹਰ ਜੁਗ ’ਚ ਇਹੀ ਕੁਝ ਵਾਪਰੇ,
ਇਸ ਜੁਗ ਦੀ ਪਰ ਵੱਖਰੀ ਕਹਾਣੀ।
ਬੁਝ ਰਹੇ ਨੇ ਦੀਵੇ ਤੇਲ ਖੁਣੋਂ,
ਮਰਦਿਆਂ ਨੂੰ ਹੁਣ ਮਿਲੇ ਨਾ ਪਾਣੀ।
ਹਨੇਰ ਸਾੲੀਂ ਦਾ ਕੋਈ ਤਾਂ ਬੋਲੋ,
ਇਸ ਚੁੱਪ ਤੋਂ ਡਰਦਾ ਦਿਲ ਮੇਰਾ।
ਹਨੇਰੀ ਰਾਤ ਲੰਮੇਰੀ ਲਗਦੀ ।
ਕਦੋਂ ਆਵੇਗਾ ਸੁੱਖ ਸਵੇਰਾ ?
ਗਮ ਹੈ ਇਸੇ ਗੱਲ ਦਾ,
ਕੋਈ ਸਿਰਾ ਨਹੀਂ ਲੱਭਦਾ।
ਸੜ ਰਿਹਾ ਹੈ ਜਗ ਸਾਰਾ।
ਹਵਾ ਕੌਣ ਪਇਆ ਝੱਲਦਾ ?
ਆਪਣੇ ਹੀ ਦਿਲ ਸਮਝਾ ਲਈਏ।
ਖੁਦ ਨੂੰ ਪਰਚਾ ਪਾ ਲਈਏ।
ਕੱਟ ਜਾਣੀ ਹੈ ਇੰਞ ਹੀ ਜ਼ਿੰਦਗੀ,
ਦੋ ਘੜੀ ਗੁੱਥੀ ਸੁਲਝਾ ਲਈਏ।