ਦੀਵਾਲੀ ਬਨਾਮ ਬੰਦੀ ਛੋੜ ਦਿਵਸ ਦਾ ਸਿੱਖ ਧਰਮ ’ਚ ਸਥਾਨ
ਦਿਵਾਲੀ ਇੱਕ ਅਜਿਹਾ ਤਿਉਹਾਰ ਹੈ ਜਿਸ ਦੀ ਸਿੱਖ ਧਰਮ ਵਿੱਚ ਹੋਂਦ ਸੰਬੰਧੀ ਮੇਰਾ ਮਨ ਸਦਾ ਦੁਚਿੱਤੀ ਵਿੱਚ ਹੀ ਰਿਹਾ। ਦਿਲ ਤਾਂ ਪਰੰਪਰਾ ਮੁਤਾਬਕ ਚੱਲਣ ਦੀ ਹਾਮੀ ਭਰਦਾ ਸੀ, ਪਰ ਦਿਮਾਗ਼ ਨੂੰ ਜੋ ਕੀੜਾ ਲੜਿਆ ਹੋਇਆ ਸੰਤੁਸ਼ਟੀ ਦਾ, ਉਹ ਸ਼ਾਂਤ ਨਹੀਂ ਸੀ ਹੋ ਰਿਹਾ, ਦਿਮਾਗ਼ ’ਚ ਇਹ ਖ਼ਿਆਲ ਪਤਾ ਨਹੀਂ ਕਿਉਂ ਘਰ ਕਰ ਗਿਆ ਕਿ ਕੁੱਝ ਵੀ ਹੋਵੇ ਪਰ ਦਿਵਾਲੀ (ਬੰਦੀ ਛੋੜ ਦਿਵਸ) ਦਾ ਸੰਬੰਧ ਕਿਸੀ ਵੀ ਤਰ੍ਹਾਂ ਘੱਟੋ-ਘੱਟ ਸਿੱਖਾਂ ਨਾਲ ਤਾਂ ਨਹੀਂ, ਬੇਸ਼ਕ ਕੁੱਝ ਕੁ ਗੁਰੂ ਸਾਹਿਬਾਂ ਦਾ ਜੀਵਨ ਘਟਨਾਕ੍ਰਮ ਇਸ ਦਿਨ ਨਾਲ ਸੰਬੰਧ ਜ਼ਰੂਰ ਰੱਖਦਾ ਹੈ, ਪਰ ਛੇਵੇਂ ਪਾਤਸ਼ਾਹ ਜਿਹਨਾਂ ਨੂੰ ਮੁੱਖ ਤੌਰ ’ਤੇ ਇਸ ਦਿਨ ਨਾਲ ਸੰਬੰਧਿਤ ਕੀਤਾ ਜਾਂਦਾ ਹੈ ਉਹਨਾਂ ਦਾ ਇਸ ਦਿਨ ਨਾਲ ਕੋਈ ਸੰਬੰਧ ਨਹੀਂ। ਆਦਤ ਦੇ ਮੁਤਾਬਕ ਇਸ ਸ਼ੰਕੇ ਨੂੰ ਦੂਰ ਕਰਨ ਹਿੱਤ ਸਿੱਖ ਇਤਿਹਾਸ ਦੀਆਂ ਸਾਰੀਆਂ ਮਹੱਤਵਪੂਰਨ ਪੁਸਤਕਾਂ ਨੂੰ ਇੱਕ ਵਾਰ ਫਿਰ ਤੋਂ ਵਾਚਿਆ, ਜਿਹਨਾਂ ਨੂੰ ਪੜ੍ਹਨ ਉਪਰੰਤ ਜੋ ਗੱਲ ਮੁੱਖ ਰੂਪ ’ਚ ਸਾਹਮਣੇ ਆਈ ਉਹ ਇਹ ਸੀ ਕਿ ਦਿਵਾਲੀ ਨੂੰ ਸਿੱਖ ਧਰਮ ਨਾਲ ਜੋੜਨਾ ਹੀ ਸਾਡੀ ਗੁਲਾਮ ਮਾਨਸਿਕਤਾ ’ਚੋਂ ਪੈਦਾ ਹੋਇਆ, ਇੱਕ ਬਹੁਤ ਕੌਝਾ ਖ਼ਿਆਲ ਹੈ ਕਿਉਂ ਕਿ ਸਿੱਖ ਇਤਿਹਾਸ ਇਸ ਬਾਰੇ ਇੱਕ ਮੱਤ ਤਾਂ ਕੀ ਇਸ ਦੇ ਨੇੜੇ ਵੀ ਨਹੀਂ ਖਲੋਂਦਾ ਕਿ ਦਿਵਾਲੀ ਵਾਲੇ ਦਿਨ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਜਾਂ ਇਸੇ ਦਿਨ ਹੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪਰਤੇ ਸਨ। ਸ੍ਰੋਮਣੀ ਕਮੇਟੀ ਦੀਆਂ ਪੁਸਤਕਾਂ ਤੋਂ ਗੱਲ ਸ਼ੁਰੂ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਸ੍ਰੋ. ਕਮੇਟੀ ਦੀਆਂ ਧਰਮ ਕਿਤਾਬਾਂ ਵਿੱਚ ਗੁਰੂ ਸਾਹਿਬ ਦੀ ਰਿਹਾਈ ਸੰਨ 1614 ਈ. ਵਿੱਚ ਲਿਖੀ ਹੋਈ ਹੈ, ਪਰ ਇਸ ਦੇ ਨਾਲ ਹੀ ਸ. ਕਿਰਪਾਲ ਸਿੰਘ ਅਤੇ ਸ. ਖੜਕ ਸਿੰਘ ਨੇ ‘ਸਿੱਖ ਹਿਸਟਰੀ’, ਜੋ ਸੋ੍ਰਮਣੀ ਕਮੇਟੀ ਨੇ ਹੀ ਲਿਖਵਾਈ ਹੈ, ਦੇ ਪੰਨਾ 175 ’ਤੇ ਗੁਰੂ ਸਾਹਿਬ ਦੀ ਰਿਹਾਈ 28 ਨਵੰਬਰ 1619 ਲਿਖੀ ਹੋਈ ਹੈ, ਇਸ ਦੇ ਨਾਲ ਹੀ ਇਹ ਦੋਵੇਂ ਲੇਖਕ ਇਹ ਵੀ ਆਖਦੇ ਹਨ ਕੇ ਸ਼ਾਇਦ ਇਹ ਰਿਹਾਈ 28 ਜਨਵਰੀ 1620 ਨੂੰ ਹੋਈ ਹੋਵੇ। ਕਮੇਟੀ ਦੀ ਹੀ ‘ਹਿਸਟਰੀ ਆਫ ਦਾ ਸਿਖਸ’ ਗੁਰੂ ਸਾਹਿਬ ਦਾ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪਰਤਣਾ 28 ਜਨਵਰੀ 1620 ਦੱਸਿਆ ਗਿਆ ਹੈ। ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਵਰਣਨ ਕਰਨ ਦਾ ਠੋਸ ਆਧਾਰ ਦੱਸੀ ਜਾਂਦੀ ਵਿਵਾਦਿਤ ਪੁਸਤਕ ‘ਗੁਰ -ਬਿਲਾਸ ਪਾਤਸਾਹੀ 6ਵੀਂ’ ਤਾਂ ਇਸ ਬਾਬਤ ਚੁੱਪ ਹੀ ਹੈ ਕਿ ਗੁਰੂ ਸਾਹਿਬ ਕਿਸ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਵਾਲੀਅਰ ਦੀ ਕੈਦ ਤੋਂ ਵਾਪਸ ਪਰਤੇ ਸਨ ਜਾਂ ਫਿਰ ਉਹਨਾਂ ਦੇ ਆਉਣ ’ਤੇ ਸਿੱਖਾਂ ਨੇ ਕਿਸੀ ਤਰ੍ਹਾਂ ਦੀ ਕੋਈ ਦੀਪਮਾਲਾ ਕੀਤੀ ਸੀ । ਵਰਤਮਾਨ ਸਮੇਂ ਦੇ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਵੀ ਆਪਣੀ ਪੁਸਤਕ ‘ਅਕਾਲ ਤਖ਼ਤ ਸਾਹਿਬ’ ਵਿੱਚ ਹਰਮਿੰਦਰ ਸਾਹਿਬ ਦੀ ਦੀਪਮਾਲਾ ਜਾਂ ਦਿਵਾਲੀ ਵਾਲੇ ਦਿਨ ਦਾ ਕੋਈ ਜ਼ਿਕਰ ਨਹੀਂ ਕੀਤਾ ।
‘ਅੰਮ੍ਰਿਤਸਰ ਸਾਹਿਬ ਦੀ ਤਵਾਰੀਖ’ ਨਾਮੀ ਡਾਇਰੀ ਵਿੱਚ ਐਡਵੋਕੇਟ ਸ. ਸਤਨਾਮ ਸਿੰਘ ਖ਼ਾਲਸਾ, ਗੁਰੂ ਸਾਹਿਬ ਜੀ ਦੀ ਰਿਹਾਈ 1612 ਨੂੰ ਮੰਨਦੇ ਹਨ ਅਤੇ ਸ. ਪਿਆਰਾ ਸਿੰਘ ਪਦਮ ਜੀ ਵੀ ‘ਸੰਖੇਪ ਸਿੱਖ ਇਤਿਹਾਸ’ ਵਿੱਚ ਗੁਰੂ ਸਾਹਿਬ ਦੇ ਸਮਕਾਲੀ ਵਿਦਵਾਨ ਮੋਹਸਿਨ ਫ਼ਾਨੀ (ਕਰਤਾ ਦਬਿਸਤਾਨ ਮਜਾਹਬ) ਦੇ ਹਵਾਲੇ ਨਾਲ ਦੱਸਦੇ ਹਨ ਕਿ ਗੁਰੂ ਸਾਹਿਬ ਨੂੰ 12 ਸਾਲ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਰੱਖਿਆ ਗਿਆ ਤੇ ਆਪ ਜੀ ਦੀ ਰਿਹਾਈ ਸੰਨ 1619 ਈ. ’ਚ ਹੋਈ। ਹੁਣ ਜੇ 1619 ਈ. ਨੁੰ ਗੁਰੂ ਸਾਹਿਬ ਜੀ ਦੀ ਰਿਹਾਈ ਮੰਨ ਲਿਆ ਜਾਵੇ ਤਾਂ ਫਿਰ ਗੁਰੂ ਸਾਹਿਬ ਦੀ ਸੰਤਾਨ ਬਾਬਾ ਗੁਰਦਿੱਤਾ ਜੀ (ਜਨਮ 1613 ਈ.), ਬਾਬਾ ਅਣੀ ਰਾਏ ਜੀ (ਜਨਮ 1218 ਈ.), ਬਾਬਾ ਅਟੱਲ ਰਾਏ ਜੀ (ਜਨਮ 1619 ਈ.), ਬੀਬੀ ਵੀਰੋ ਜੀ (ਜਨਮ 1615 ਈ.) ਇਹ ਕਿਸ ਤਰ੍ਹਾਂ ਸੰਭਵ ਹੋਏ ਕਿਉਂ ਕਿ ਇਸ ਸਮੇਂ ਦੌਰਾਨ ਤਾਂ ਗੁਰੂ ਸਾਹਿਬ ਜਹਾਂਗੀਰ ਦੀ ਕੈਦ ’ਚ ਸਨ । ਖ਼ੈਰ, ਸਾਨੂੰ ਇਹ ਤਾਂ ਸਵੀਕਾਰ ਕਰ ਹੀ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੂੰ ਸਜ਼ਾ ਭਾਵੇਂ ਜ਼ਿਆਦਾ ਹੋਈ ਸੀ, ਪਰ ਵਜੀਰ ਖਾਨ, ਸਾਈਂ ਮੀਆਂ ਮੀਰ ਜੀ ਅਤੇ ਨਿਜਾਮੁਦੀਨ ਔਲੀਆ ਵਰਗੇ ਸੱਜਣ, ਸਿੱਖਾਂ ਦੀਆਂ ਕੋਸ਼ਿਸ਼ਾਂ ਕਾਰਨ ਇਹ ਰਿਹਾਈ ਸੰਨ 1612 ਈ. ਵਿੱਚ ਹੋ ਗਈ ਸੀ ਤੇ ਇਸ ਦੀ ਗਵਾਹੀ ਦਬਸਤਾਨ ਮਜਾਹਬ, ਬੰਸਾਵਲੀਨਾਮੇ, ਮਹਿਮਾ ਪ੍ਰਕਾਸ਼ ਵਾਰਤਕ ਆਦਿ ਕਰਦੇ ਹਨ।
ਹੁਣ ਫਿਰ ਪਰਤਦੇ ਹਾਂ ਅਸਲ ਮੁੱਦੇ ਵੱਲ ਜਿਸ ਦੀ ਠੋਸ ਪ੍ਰਮਾਣਿਕਤਾ ਸਾਨੂੰ ‘ਗੁਰੁ ਭਾਰੀ’ ਦੇ ਕਰਤਾ ਪ੍ਰਿੰ. ਸਤਬੀਰ ਸਿੰਘ ਜੀ ਦੱਸਦੇ ਹਨ ਕਿ ਜਦੋਂ ਗੁਰੂ ਸਾਹਿਬ ਜੀ ਦੀ ਰਿਹਾਈ ਹੋਈ ਤਾਂ ਉਸ ਸਮੇਂ ਨਾ ਦਿਵਾਲੀ ਸੀ ਤੇ ਨਾ ਹੀ ਜਦ ਗੁਰੂ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ, ਉਸ ਵਕਤ ਦਿਵਾਲੀ ਸੀ।
ਮੇਰੇ ਸੁਣਨ ਵਿੱਚ ਗੱਲ ਆਈ ਹੈ ਕਿ ‘ਗੁਰਦੁਆਰਾ ਸ੍ਰੀ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ’ ਜਿੱਥੇ ਗੁਰੂ ਸਾਹਿਬ ਕੈਦ ਰਹੇ ਸਨ, ਉੱਥੇ ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ਦਿਵਾਲੀ ਅਤੇ ਦੁਸਹਿਰੇ ਤੋਂ ਪਹਿਲਾਂ ਮਨਾਈ ਜਾਂਦੀ ਹੈ ਫਿਰ ਪੰਜਾਬ ’ਚ ਇਹ ਬਾਅਦ ਵਿੱਚ ਕਿਉਂ ? ਉਹ ਵੀ ਉਸ ਦਿਨ ਜਦੋਂ ਬ੍ਰਾਹਮਣਵਾਦੀ ਤਬਕਾ ਆਪਣੇ ਪਾਖੰਡ ਰਚਾਉਂਦਾ ਹੈ (ਪਾਖੰਡ ਮੈਂ ਇਸ ਕਰ ਕੇ ਕਿਹਾ ਕਿਉਂ ਕਿ ਬਾਲਮੀਕੀ ਰਮਾਇਣ ਪੜ੍ਹਨ ਉਪਰੰਤ ਇਹ ਗੱਲ ਵੀ ਸਾਹਮਣੇ ਆਈ ਕਿ ਦਿਵਾਲੀ ਦਾ ਸੰਬੰਧ ਸ੍ਰੀ ਰਾਮ ਚੰਦਰ ਨਾਲ ਵੀ ਦੂਰ ਦੂਰ ਤੱਕ ਦਾ ਨਹੀਂ, ਮਤਲਬ ਕਿ ਰਾਮ ਚੰਦਰ ਜੀ ਵੀ ਦਿਵਾਲੀ ਵਾਲੇ ਦਿਨ ਆਪਣੇ 14 ਸਾਲ ਦੇ ਜੰਗਲ ਬਨਵਾਸ ਤੋਂ ਵਾਪਸ ਅਯੁੱਧਿਆ ਨਹੀਂ ਪਰਤੇ ਸਨ) ।
ਉਪਰੋਕਤ ਸਭ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਬੇਸ਼ਕ ਸਾਰੇ ਤੱਥ ਇਕਮਤ ਨਹੀਂ, ਪਰ ਇਕ ਸਮਾਨ ਜ਼ਰੂਰ ਹਨ ਤੇ ਦੱਸਦੇ ਹਨ ਕਿ ਨਾ ਤਾਂ ਗੁਰੂ ਸਾਹਿਬ ਦਿਵਾਲੀ ਵਾਲੇ ਦਿਨ ਕਿਲ੍ਹੇ ’ਚੋਂ ਰਿਹਾ ਹੋਏ ਸਨ ਤੇ ਨਾ ਹੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਤੇ ਸਨ।
ਹਾਂ ਇੱਕ ਗੱਲ ਹੋਰ ਕਿ ਫਿਰ ਭਾਈ ਗੁਰਦਾਸ ਜੀ ਨੇ ‘‘ਦੀਵਾਲੀ ਕੀ ਰਾਤਿ ਦੀਵੇ ਬਾਲੀਅਨਿ ।’’ ਵਾਲਾ ਸ਼ਬਦ ਕਿਉਂ ਉਚਾਰਨ ਕੀਤਾ ? ਇਸ ਦੇ ਜਵਾਬ ਵਜੋਂ ਸਾਰਾ ਸ਼ਬਦ ਪੜ੍ਹਨਾ ਜ਼ਰੂਰੀ ਹੈ, ਜੋ ਕਿ ਇਸ ਤਰ੍ਹਾਂ ਹੈ :
ਦੀਵਾਲੀ ਦੀ ਰਾਤਿ; ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ; ਅੰਬਰਿ ਭਾਲੀਅਨਿ।
ਫੁਲਾਂ ਦੀ ਬਾਗਾਤਿ; ਚੁਣਿ ਚੁਣਿ ਚਾਲੀਅਨਿ।
ਤੀਰਥਿ ਜਾਤੀ ਜਾਤਿ; ਨੈਣ ਨਿਹਾਲੀਅਨਿ।
ਹਰਿਚੰਦਉਰੀ ਝਾਤਿ; ਵਸਾਇ ਉਚਾਲੀਅਨਿ।
ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ ॥
(ਭਾਈ ਗੁਰਦਾਸ ਜੀ/ਵਾਰ ੧੯ ਪਉੜੀ ੬)
ਅਰਥ :- ਦੀਵਾਲੀ ਦੀ ਰਾਤ ਨੂੰ ਹਰ ਘਰ ਵਿੱਚ (ਖ਼ੁਸ਼ੀ ਨਾਲ) ਦੀਵੇ ਬਾਲੇ ਜਾਂਦੇ ਹਨ; ਜੋ ਕਿ ਕੁਝ ਸਮੇਂ ਬਾਅਦ ਬੁਝ ਹੀ ਜਾਂਦੇ ਹਨ, ਇਸੇ ਤਰ੍ਹਾਂ ਰਾਤ ਦੇ ਸਮੇਂ ਛੋਟੇ-ਛੋਟੇ ਤਾਰੇ ਅਸਮਾਨ ਵਿੱਚ ਨਿਕਲ ਕੇ ਚਮਕਾਂ ਮਾਰਦੇ ਤੇ ਲਿਸ਼ਕਦੇ ਹੋਏ ਦਿਨ ਚੜ੍ਹਦਿਆਂ ਹੀ ਖ਼ਤਮ ਹੋ ਜਾਂਦੇ ਹਨ। ਬਾਗਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜਦੇ ਹਨ ਪਰ ਕੁੱਝ ਸਮੇਂ ਬਾਅਦ ਖ਼ਤਮ ਵੀ ਹੋ ਜਾਂਦੇ ਹਨ। ਤੀਰਥ ਯਾਤ੍ਰੀ, ਯਾਤਰਾ ਲਈ ਜਾਂਦੇ ਅਸੀਂ ਸਭ ਵੇਖਦੇ ਹਾਂ, ਪਰ ਕੁਝ ਦਿਨਾਂ ਬਾਅਦ ਹੀ ਤੀਰਥਾਂ ’ਤੇ ਸਨਾਟਾ ਛਾਹ ਜਾਂਦਾ ਹੈ ਭਾਵ ਉਹ ਸਾਰੇ ਜਲਦੀ ਹੀ ਵਾਪਸ ਵੀ ਪਰਤ ਆਉਂਦੇ ਹਨ, ਇਉਂ ਹੀ ਹਰਚੰਦਉਰੀ (ਇਹ ਅਸਲ ’ਚ ਕੋਈ ਵਸਤੂ ਨਹੀਂ ਮ੍ਰਿਗ ਤ੍ਰਿਸ਼ਨਾ ਵਾਂਗ ਧੁੰਦ ਵਿੱਚ ਖ਼ਿਆਲੀ ਰਚਨਾ ਹੈ – ਮਹਾਨ ਕੋਸ) ਵਾਂਗ ਸੰਸਾਰ ਵਿੱਚ ਅਨੇਕਾਂ ਅਜਿਹੀਆਂ ਨਗਰੀਆਂ ਦੀ ਝਾਤੀ, ਦਿਖਾਵੇ ਮਾਤਰ ਦਿੱਸਦੀ ਹੈ ਤੇ ਖ਼ਤਮ ਹੋ ਜਾਂਦੀ ਹੈ, ਪਰ ਅਸਲ ਵਿੱਚ ਜੋ ਜੀਵਨ ਦਾ ਸੁੱਖ ਫਲ਼ ਸ਼ਬਦ ਦੀ ਦਾਤ ਗੁਰਮਤਿ ਵਿੱਚੋਂ ਮਿਲਦੀ ਹੈ, ਉਹ ਗੁਰੂ ਦੇ ਵਰੋਸਾਏ ਗੁਰਮੁਖ ਹੀ ਸੰਭਾਲ਼ ਸਕਦੇ ਹਨ, ਜੋ ਸਥਾਈ ਹੁੰਦੀ ਹੈ।
ਸੋ, ਭਾਈ ਗੁਰਦਾਸ ਜੀ ਦੇ ਇਸ ਸ਼ਬਦ ਦੇ ਸਾਰੇ ਅਰਥ ਵਿਚਾਰਨ ਉਪਰੰਤ ਪਤਾ ਲੱਗਦਾ ਹੈ ਕਿ ਦਿਵਾਲੀ ਵਾਲੀ ਰਾਤ ਦਾ ਸਿੱਖ ਧਰਮ ਨਾਲ ਕੋਈ ਵੀ ਸਰੋਕਾਰ ਨਹੀਂ, ਸਗੋਂ ਭਾਈ ਸਾਹਿਬ ਜੀ ਨੇ ਤਾਂ ਦੀਵਾਲੀ ਦੀ ਰਾਤ ਨੂੰ ‘ਜਲਾਏ ਜਾਂਦੇ ਦੀਵਿਆਂ ਵਾਲੀ ਚਮਕ’ ਦੀ ਤੁਲਨਾ ਛਿਣ-ਮਾਤਰ ਦੀ ਚਮਕ ਵਾਲੇ ‘ਆਕਾਸ਼ੀ ਤਾਰੇ, ਫੁੱਲਾਂ ਦੀ ਬਗੀਚੀ, ਹਰਚੰਦਉਰੀ’, ਆਦਿ ਨਾਲ ਕਰਦੇ ਹੋਏ ਇਸ ਨੂੰ ਸਥਾਈ ਰੌਸ਼ਨੀ ਨਾ ਸਮਝਣ ਦੇ ਭੁਲੇਖੇ ਤੋਂ ਸੁਚੇਤ ਕਰਦੇ ਹਨ, ਇਸ ਦੇ ਮੁਕਾਬਲੇ ਭਾਈ ਸਾਹਿਬ ਜੀ ਦੀਰਘਕਾਲੀ ਚਮਕ ‘‘ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ ॥’’ ਨੂੰ ਮਹੱਤਵ ਦਿੰਦੇ ਹਨ।
ਇਸ ਸ਼ਬਦ ਵਿੱਚ ਭਾਈ ਸਾਹਿਬ ਨੇ ਮਨੁੱਖ ਨੂੰ ਦੀਵਾਲੀ ਸਮੇਂ ਕੀਤੀ ਜਾ ਰਹੀ ਰੌਸ਼ਨੀ, ਜੋ ਕਿ ਜਲਦੀ ਹੀ ਹਨ੍ਹੇਰੇ ਵਿੱਚ ਬਦਲ ਜਾਂਦੀ ਹੈ, ਦੀ ਮਿਸਾਲ ਹੀ ਆਪਣੇ ਸਥਾਈ ਗੁਰਮਤਿ ਦੇ ਸੁੱਖ ਵਿਸ਼ੇ ਨੂੰ ਸਪਸ਼ਟ ਕਰਨ ਲਈ ਦਿੱਤੀ ਹੈ ਤੇ ਅਸੀਂ ਇਸ ਨੂੰ ਬੜੀ ਚਾਵੀਂ-ਚਾਵੀਂ ਪੜ੍ਹ ਕੇ ਸੰਗਤਾਂ ਨੂੰ ਭਰਮਤ ਕਰ ਰਹੇ ਹੁੰਦੇ ਹਾਂ। ਕਿੰਨੀ ਵੱਡੀ ਮੂਰਖਤਾ ਹੈ ਸਿੱਖਾਂ ਦੀ ਕਿ ਇਹੋ ਜਿਹੇ ਹਰ ਪਲ ਯਾਦ ਰੱਖਣ ਯੋਗ ਸ਼ਬਦਾਂ ਨੂੰ ਸਿਰਫ਼ ਦੀਵਾਲੀ ਵਾਲੇ ਦਿਨ ਹੀ ਸੁਣਿਆ ਜਾਂਦਾ ਹੈ।
ਸੋ, ਕਹਿਣ ਦਾ ਭਾਵ ਜਿਸ ਸ਼ਬਦ ਦਾ ਆਸਰਾ ਲੈ ਕੇ ਅਸੀਂ ਸਿੱਖ ਧਰਮ ਵਿੱਚ ਵੀ ਇਹ ਦਿਵਾਲੀ ਦੀ ਘੁਸਪੈਠ ਕਰ ਦਿੱਤੀ ਹੈ ਉਸ ਵਿੱਚ ਦਿਵਾਲੀ ਨੂੰ ਇੱਕ ਉਦਾਹਰਨ ਮਾਤਰ ਵਰਤਿਆ ਗਿਆ ਸੀ ਤੇ ਅਸੀਂ ਬੇਲੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਇਸ ਦਿਨ ਅੰਮ੍ਰਿਤਸਰ ਵਿਖੇ ਆਮਦ ਵਿਖਾ ਕੇ ਅਜਿਹੀ ਦਿਵਾਲੀ ਰਾਹੀਂ ਸੰਗਤਾਂ ਨੂੰ ਭਾਈ ਸਾਹਿਬ ਜੀ ਦੁਆਰਾ ਰਚੇ ਇਸ ਸ਼ਬਦ ਰਾਹੀਂ ਭਰਮਤ ਕਰਦੇ ਆ ਰਹੇ ਹਾਂ।
ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਸਿੱਖ ਤਿਉਹਾਰ ਹੈ। ਸਮਾਜ ਵਿਚ ਬੰਦੀ-ਛੋੜ ਦਿਵਸ ਸਿੱਖ ਜਗਤ ਨਾਲ ਸੰਬੰਧਿਤ ਹੈ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿਚ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਮੰਨਿਆ ਜਾਂਦਾ ਹੈ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹਾ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ।
——————————————————————————————————————–
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ ਸੀ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿ੍ਪਾਨਾਂ ਪਹਿਨੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿੱਥੇ ਦੀਵਾਨ ਸੱਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰ-ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਗੁਰੂ ਦੇ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਵਧੀਆ ਸ਼ਸਤਰ ਲਿਆਉਣ ਦੇ ਆਦੇਸ ਵੀ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰ ਕੇ ਉਨ੍ਹਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਅੰਮ੍ਰਿਤਸਰ ਵਿਖੇ ਲੋਹਗੜ੍ਹ ਕਿਲ੍ਹੇ ਦੀ ਸਥਾਪਨਾ ਕੀਤੀ ਗਈ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫਲ਼ਸਰੂਪ ਛੇਵੇਂ ਪਾਤਸਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿਚ ਬਗਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿੱਚ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ ’ਚ ਦੋਵੇਂ ਵੇਲੇ ਕੀਰਤਨ ਅਤੇ ਸਤਸੰਗ ਹੋਣ ਲੱਗਾ। ਉੱਧਰ ਗੁਰੂ ਸਾਹਿਬ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿਚ ਬੇਚੈਨੀ ਵੱਧਣ ਲੱਗੀ। ਸਿੱਖ ਸੰਗਤਾਂ ਦਾ ਇੱਕ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗਵਾਲੀਅਰ ਲਈ ਰਵਾਨਾ ਹੋਇਆ। ਜਦੋਂ ਇਹ ਜੱਥਾ ਗਵਾਲੀਅਰ ਦੇ ਕਿਲ੍ਹੇ ਪਹੁੰਚਿਆ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਇਜਾਜ਼ਤ ਨਾ ਮਿਲ ਸਕੀ, ਜਿਸ ਉਪਰੰਤ ਸਿੱਖ ਸੰਗਤਾਂ ਨੇ ਕਿਲ੍ਹੇ ਦੀ ਪਰਕਰਮਾ ਕਰਦਿਆਂ ਹੀ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਨਾ ਆਰੰਭ ਕਰ ਦਿੱਤਾ, ਜਿਸ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੋਣ ਲੱਗਾ। ਦੂਜੇ ਪਾਸੇ ਸਾਈਂ ਮੀਆਂ ਮੀਰ ਵੱਲੋਂ ਗੁਰੂ ਜੀ ਦੀ ਰਿਹਾਈ ਸਬੰਧੀ ਜਹਾਂਗੀਰ ਨਾਲ ਗੱਲਬਾਤ ਨੂੰ ਕਾਮਯਾਬੀ ਮਿਲੀ, ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿੱਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖ਼ਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ‘ਮੀਰੀ-ਪੀਰੀ’ ਦੇ ਮਾਲਕ ਸਮੇਤ ‘ਬੰਦੀ-ਛੋੜ’ ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ।