ਸਬਰਹੀਣ (ਅਸੰਤੁਸ਼ਟ) ਬੰਦਾ ਹੀ ਨਾਸਤਿਕ ਹੁੰਦਾ ਹੈ।
ਗਿਆਨੀ ਅਵਤਾਰ ਸਿੰਘ
ਅਲੌਕਿਕ ਖਿਆਲ (ਭਾਵ ਗੁਰੂ ਉਪਦੇਸ਼) ਲਈ ਬਣੇ ਵਿਸ਼ਵਾਸ ਉਪਰੰਤ ਸ਼ਰਧਾ ਉਪਜਦੀ ਹੈ, ਪਰ ਸ਼ਰਧਾ ਦੇ ਫਲ਼ (ਅਨੰਦ) ਲਈ ਕੁਝ ਇੰਤਜਾਰ (ਸਬਰ) ਕਰਨਾ ਬੜਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਬੰਦਾ ਨਾਸਤਿਕ ਹੋ ਜਾਂਦਾ ਹੈ।
ਸਬਰੁ ਏਹੁ ਸੁਆਉ; ਜੇ ਤੂੰ ਬੰਦਾ ! ਦਿੜੁ ਕਰਹਿ ॥
ਵਧਿ ਥੀਵਹਿ ਦਰੀਆਉ; ਟੁਟਿ ਨ ਥੀਵਹਿ ਵਾਹੜਾ ॥੧੧੭॥ (ਬਾਬਾ ਫ਼ਰੀਦ ਜੀ, ਪੰਨਾ ੧੩੮੪)
ਭਾਵ ਹੇ ਬੰਦੇ ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ, ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਧਾਰਨ ਕਰ ਲਵੇਂ ਤਾਂ ਤੇਰੇ ਅੰਦਰ ਤੰਗਦਿਲੀ ਨਹੀਂ ਰਹੇਗੀ ਤੂੰ ਘਟ ਕੇ ਛੋਟਾ ਜਿਹਾ ਵਹਣ (ਪ੍ਰਵਾਹ, ਨਾਲਾ) ਨਹੀਂ ਬਣੇਗਾ ਬਲਕਿ ਤੂੰ ਵਧ ਕੇ ਦਰਿਆ-ਦਿਲ ਹੋ ਜਾਵੇਂਗਾ।
ਸਿਦਕੁ ਸਬੂਰੀ ਸਾਦਿਕਾ; ਸਬਰੁ ਤੋਸਾ ਮਲਾਇਕਾਂ ॥
ਦੀਦਾਰੁ ਪੂਰੇ ਪਾਇਸਾ; ਥਾਉ ਨਾਹੀ ਖਾਇਕਾ ॥ (ਗੁਰੂ ਨਾਨਕ ਸਾਹਿਬ ਜੀ, ਪੰਨਾ ੮੩)
ਭਾਵ ਸਿਦਕਵਾਨਾਂ (ਸ਼ਰਧਾ ਰੱਖਣ ਵਾਲਿਆਂ) ਕੋਲ ਭਰੋਸਾ ਅਤੇ ਸ਼ੁਕਰ (ਗੁਣ) ਹੁੰਦਾ ਹੈ ਅਤੇ ਗੁਰਮੁਖਾਂ ਕੋਲ ਸਬਰ (ਸੰਤੋਖ) ਰੂਪ ਪੂੰਜੀ ਹੁੰਦੀ ਹੈ, ਇਸ ਲਈ ਉਹ ਪੂਰੇ ਪ੍ਰਭੂ ਦਾ ਮਿਲਾਪ ਪਾਉਣ ਵਿਚ ਸਫਲ ਹੋ ਜਾਂਦੇ ਹਨ ਜਦਕਿ ਨਿਰੀਆਂ ਗੱਲਾਂ ਕਰਨ ਵਾਲ਼ੇ (ਸਬਰਹੀਣਾਂ) ਨੂੰ ਕੋਈ ਥਾਂ ਢੋਈ ਵੀ ਨਹੀਂ ਮਿਲਦੀ।