ਦਿਮਾਗ਼ੀ ਗਿਆਨ ਅਤੇ ਰੂਹਾਨੀਅਤ ਬਲ/ਚਾਨਣ ’ਚ ਅੰਤਰ

0
681

ਦਿਮਾਗ਼ੀ ਗਿਆਨ ਅਤੇ ਰੂਹਾਨੀਅਤ ਬਲ/ਚਾਨਣ ’ਚ ਅੰਤਰ

ਗਿਆਨੀ ਅਵਤਾਰ ਸਿੰਘ

ਜਿੰਦਗੀ ਇੱਕ ਸਫ਼ਰ ਹੈ। ਇਸ ਸਫ਼ਰ ਦਾ ਮਾਰਗ ਦਰਸ਼ਨ ਹੈ ‘ਗਿਆਨ’, ਜੋ ਕਿ ਦੋ ਪ੍ਰਕਾਰ ਦਾ ਹੁੰਦਾ ਹੈ ‘ਦਿਮਾਗ਼ੀ ਗਿਆਨ’ ਤੇ ‘ਅਨੁਭਵੀ ਗਿਆਨ। ਦਿਮਾਗ਼ੀ ਗਿਆਨ; ਚਾਰ ਗਿਆਨ ਇੰਦ੍ਰਿਆਂ (ਅੱਖ, ਨੱਕ, ਜੀਭ ਤੇ ਚਮੜੀ) ਰਾਹੀਂ ਮਿਲਦਾ ਹੈ ਤੇ ਅਨੁਭਵੀ ਗਿਆਨ; ਜ਼ਿੰਦਗੀ ’ਚ ਮਹਿਸੂਸ ਕੀਤਾ ਰੂਹਾਨੀਅਤ ਬਲ/ਚਾਨਣ ਹੁੰਦਾ ਹੈ। ਮਿਸਾਲ ਵਜੋਂ ਇੱਕ ਬੱਚਾ ਚੱਲਦਾ ਚੱਲਦਾ ਕਿਸੇ ਟੋਏ ਜਾਂ ਪੱਥਰ ਨਾਲ਼ ਟਕਰਾਅ ਕੇ ਡਿੱਗ ਪਿਆ। ਤਦ ਉਸ ਨੂੰ ਅਹਿਸਾਸ ਹੋਇਆ ਕਿ ਟੋਏ ’ਚ ਟਕਰਾਅ ਕੇ ਸੱਟ ਲੱਗਦੀ ਹੈ। ਮੁੜ ਟੋਏ ਅਤੇ ਪੱਥਰ ਕੋਲ਼ੋਂ ਉਹ ਸਾਵਧਾਨੀ ਨਾਲ਼ ਲੰਘੇਗਾ। ਇਹ ਅਨੁਭਵੀ ਗਿਆਨ ਉਸ ਨੂੰ ਚਮੜੀ (ਤ੍ਵਚਾ ਗਿਆਨ ਇੰਦ੍ਰੇ) ਦੇ ਟਕਰਾਉਣ ਨਾਲ਼ ਮਿਲਿਆ ਹੈ। ਇਸੇ ਤਰ੍ਹਾਂ ਤੇਜ਼ ਮਿਰਚ ਖਾ ਕੇ (ਜੀਭ ਇੰਦ੍ਰੇ ਰਾਹੀਂ) ਕੌੜੇਪਣ ਦਾ ਅਹਿਸਾਸ ਹੁੰਦਾ ਹੈ। ਅੱਖ (ਗਿਆਨ ਇੰਦ੍ਰੇ) ਨਾਲ਼ ਕੁਦਰਤ ਦੇ ਨਜ਼ਾਰੇ ਵੇਖ-ਵੇਖ ਮਨੁੱਖ; ਆਪਣੇ ਅਨੁਭਵ ’ਚ ਵਾਧਾ ਕਰਦਾ ਹੈ ਤੇ ਨੱਕ (ਗਿਆਨ ਇੰਦ੍ਰੇ) ਰਾਹੀਂ ਖ਼ੁਸ਼ਬੋ-ਬਦਬੋ ਨੂੰ ਸੁੰਘ ਕੇ ਆਪਣਾ ਅਨੁਭਵ ਵਧਾਉਂਦਾ ਹੈ। ਥੋੜ੍ਹਾ ਬਹੁਤ ਗਿਆਨ; ਕੰਨ (ਗਿਆਨ ਇੰਦ੍ਰੇ) ਰਾਹੀਂ ਵੀ ਹੁੰਦਾ ਹੈ; ਜਿਵੇਂ ਕਿ ਚਿੜੀ ਅਤੇ ਕੋਇਲ ਦੀ ਆਵਾਜ਼ ਸੁਣ ਕੇ ਉਨ੍ਹਾਂ ਵਿੱਚ ਫ਼ਰਕ ਮਹਿਸੂਸ ਕਰਨਾ।

ਅਨੁਭਵੀ ਗਿਆਨ ਭਾਵੇਂ ਕਿ ਉਕਤ ਗਿਆਨ ਇੰਦ੍ਰਿਆਂ ਰਾਹੀਂ ਹੁੰਦਾ ਹੈ, ਪਰ ਇਹ ਅਨੁਭਵ; ਜ਼ਿੰਦਗੀ ਦੇ ਉਸ ਗਹਿਰੇ ਰਾਜ਼ ਨਾਲ਼ ਜੁੜਿਆ ਹੋਇਆ ਨਹੀਂ ਹੁੰਦਾ, ਜਿਸ ਨਾਲ਼ ਜੀਵਨ ਸਫਲ ਹੁੰਦਾ ਹੈ। ਇਹ ਗਹਿਰਾ ਅਨੁਭਵ; ਵਿਸ਼ਵਾਸ ’ਚੋਂ ਉਪਜਦਾ ਹੈ, ਜੋ ਕੰਨ (ਗਿਆਨ ਇੰਦ੍ਰੇ) ਰਾਹੀਂ ਸੁਣਨ ਨਾਲ਼ ਪ੍ਰਾਪਤ ਹੁੰਦਾ ਹੈ। ਮਿਸਾਲ ਵਜੋਂ ਕੰਨਾਂ ਰਾਹੀਂ ਸੁਣਿਆ ਗਿਆ ਕਿ ਪਹਾੜਾਂ ’ਚ ਮੌਸਮ ਠੰਢਾ ਹੁੰਦਾ ਹੈ ਕਿਉਂਕਿ ਸਮੁੰਦਰੀ ਤਲ ਤੋਂ ਵੱਧ ਉਚਾਈ ਹੋਣ ਕਾਰਨ ਓਥੇ ਅਕਸਰ ਬਰਫ਼ ਪੈਂਦੀ ਰਹਿੰਦੀ ਹੈ। ਹੁਣ ਸਰੋਤੇ ਨੂੰ ਪਹਾੜਾਂ ’ਤੇ ਜਾ ਕੇ ਠੰਢਕ ਮਹਿਸੂਸ ਕਰਨ ਤੱਕ ਕੰਨਾਂ ਰਾਹੀਂ ਸੁਣੀ ਇਸ ਗੱਲ ਉੱਤੇ ਵਿਸ਼ਵਾਸ ਕਰਨਾ ਹੀ ਪੈਣਾ ਹੈ। ਓਥੇ ਪਹੁੰਚ ਕੇ ਠੰਢਕ ਦਾ ਅਹਿਸਾਸ ਭੀ ਚਮੜੀ (ਤ੍ਵਚਾ ਗਿਆਨ ਇੰਦ੍ਰੇ) ਨੂੰ ਹੁੰਦਾ ਹੈ, ਨਾ ਕਿ ਸੁਣਨ ਵਾਲ਼ੇ ਕੰਨ (ਗਿਆਨ ਇੰਦ੍ਰੇ) ਨੂੰ; ਜਿਵੇਂ ਕਿ ਚਮੜੀ (ਤ੍ਵਚਾ) ਨੇ ਆਪ ਟਕਰਾਅ ਕੇ ਆਪ ਹੀ ਦਰਦ ਹੰਢਾਇਆ, ਜੀਭ ਨੇ ਆਪ ਹੀ ਚੱਖ ਕੇ ਆਪ ਕੌੜੇਪਣ ਦਾ ਅਹਿਸਾਸ ਕੀਤਾ, ਅੱਖ ਨੇ ਆਪ ਕੁਦਰਤ ਨੂੰ ਵੇਖ ਕੇ ਆਪ ਹੀ ਸੁੰਦਰਤਾ ਦਾ ਨਜ਼ਾਰਾ ਮਾਣਿਆ ਅਤੇ ਨੱਕ ਨੇ ਆਪ ਸੁਗੰਧ ਲੈ ਕੇ ਆਪ ਹੀ ਉਸ ਨੂੰ ਮਹਿਸੂਸ ਕੀਤਾ ਭਾਵ ਖ਼ੁਸ਼ਬੋ ਬਦਬੋ ਨੂੰ ਸੁੰਘ ਕੇ ਆਪ ਹੀ ਉਸ ਦਾ ਚੰਗਾ ਮੰਦਾ ਪ੍ਰਭਾਵ ਕਬੂਲਿਆ; ਇਉਂ ਕੰਨ ਨੇ ਠੰਢਕ ਬਾਰੇ ਸੁਣਿਆ ਜ਼ਰੂਰ, ਪਰ ਚਮੜੀ ਨੂੰ ਠੰਢਕ ਮਹਿਸੂਸ ਕਰਾਈ, ਨਾ ਕਿ ਆਪ ਮਹਿਸੂਸ ਕੀਤੀ।

ਸੋ ਕੰਨਾਂ ਰਾਹੀਂ ਸੁਣ ਕੇ ਪ੍ਰਾਪਤ ਹੁੰਦੇ ਜ਼ਿਆਦਾਤਰ ਅਨੁਭਵ ਦਾ ਸਰੋਤ; ਵਿਸ਼ਵਾਸ ਹੁੰਦਾ ਹੈ। ਜੇ ਵਿਸ਼ਵਾਸ ਨਹੀਂ ਤਾਂ ਕੰਨਾਂ ਰਾਹੀਂ ਮਿਲਿਆ ਗਿਆਨ; ਚੁੰਚ-ਗਿਆਨ ਬਣ ਦਿਮਾਗ਼ ਅੰਦਰ ਖ਼ੁਸ਼ਕੀ ਭਰ ਦਿੰਦਾ ਹੈ। ਜ਼ਿੰਦਗੀ ਨੂੰ ਤ੍ਰਿਪਤ ਰੱਖਣ ਲਈ ਭਾਵ ਲਾਭ ਉਠਾਉਣ ਲਈ ਸੁਣਨ ਸਮੇਂ ਹਿਰਦੇ ’ਚ ਵਿਸ਼ਵਾਸ ਅਤੇ ਧਿਆਨ ਦਾ ਇਕਾਗਰ ਹੋਣਾ, ਬੜਾ ਜ਼ਰੂਰੀ ਹੈ। ਜੇਕਰ ਅਧਿਆਪਕ ਬੋਲ ਰਿਹਾ ਹੋਵੇ ਤੇ ਵਿਦਿਆਰਥੀ ਧਿਆਨ ਨਾ ਦੇਣ ਤਾਂ ਗਿਆਨ; ਜੀਵਨ ਦਾ ਭਾਗ ਨਹੀਂ ਬਣਦਾ। ਐਸੇ ਖ਼ੁਸ਼ਕ ਜੀਵਨ ਲਈ ਭਗਤ ਕਬੀਰ ਜੀ ਦੇ ਬੋਲ ਹਨ ‘‘ਕਬੀਰ  ! ਸਾਚਾ ਸਤਿਗੁਰੁ ਕਿਆ ਕਰੈ ? ਜਉ ਸਿਖਾ ਮਹਿ ਚੂਕ ਅੰਧੇ ਏਕ ਲਾਗਈ; ਜਿਉ ਬਾਂਸੁ ਬਜਾਈਐ ਫੂਕ ’’ (ਭਗਤ ਕਬੀਰ/੧੩੭੨) ਅਰਥ : ਪੂਰਨ ਸਚਾਈ ਬਿਆਨ ਕਰਨ ਵਾਲ਼ਾ ਗੁਰੂ ਵੀ ਕੀ ਕਰ ਸਕਦਾ ਹੈ ਜੇਕਰ ਸਿੱਖਿਆ ਗ੍ਰਹਿਣ ਕਰਨ ’ਚ ਕਮੀ ਰਹਿ ਜਾਵੇ ਭਾਵ ਕੋਈ ਧਿਆਨ ਨਾ ਦੇਵੇ। (ਇਸ ਖ਼ੁਸ਼ਕਪਣ ਦਾ ਕਾਰਨ ਸਚਾਈ ਨੂੰ ਪਕੜਨ ’ਚ ਅਸਮਰੱਥ ਹੋਣਾ ਹੈ, ਐਸੇ) ਅੰਨ੍ਹੇ ਨੂੰ ਸੁਣਾਈ ਗੱਲ ਕੰਨਾਂ ਰਾਹੀਂ ਇਉਂ ਆਰ-ਪਾਰ ਲੰਘ ਜਾਂਦੀ ਹੈ; ਜਿਵੇਂ ਕੋਈ ਬਾਂਸ ’ਚ ਫੂਕ ਮਾਰ ਕੇ ਹਵਾ ਨੂੰ ਆਰ-ਪਾਰ ਲੰਘਾ ਦਿੰਦਾ ਹੈ ਭਾਵ ਕੰਨਾਂ ਰਾਹੀਂ ਸੁਣਿਆ ਗਿਆਨ; ਜੀਵਨ ਦਾ ਭਾਗ ਨਹੀਂ ਬਣਦਾ, ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਕੰਨਾਂ ਤੋਂ ਬਹਿਰਾ ਬੰਦਾ; ਭਗਤ ਬਣਿਆ ਨਹੀਂ ਸੁਣਿਆ।

ਗੁਰੂ ਨਾਨਕ ਸਾਹਿਬ ਜੀ ਨੇ ਧਿਆਨ ਦੇ ਟਿਕਾਅ ਨੂੰ ਹੀ ‘ਵਿਦਿਆਰਥੀ, ਚੇਲਾ’ ਕਿਹਾ ਹੈ; ਜਿਵੇਂ ਕਿ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩) ਭਾਵ ਗੁਰੂ ਦਾ ਸ਼ਬਦ; ਉਪਦੇਸ਼ਕ (ਉਪਦੇਸ਼ ਕਰਤਾ/ਰਹਿਬਰ) ਹੈ ਤੇ ਪੈਰੋਕਾਰ ਸਿੱਖ ਹੈ ‘ਧਿਆਨ ਦਾ ਟਿਕਣਾ’। ਧਿਆਨ ਦੇ ਟਿਕਾਅ ਤੋਂ ਭਾਵ ਇਕਾਗਰਤਾ ਨਾਲ਼ ਸੁਣਨਾ ਹੈ। ਪਾਠ ਕਰਦਿਆਂ ਜ਼ਬਾਨ ਜੋ ਬੋਲੇ; ਉਸ ਵਿੱਚ ਲਿਵਲੀਨ (ਮਗਨ) ਹੋ ਕੇ ਕੰਨਾਂ ਰਾਹੀਂ ਸੁਣਨਾ। ਇਸੇ ਇਕਾਗਰਤਾ ਨੂੰ ਪ੍ਰਮੁੱਖਤਾ ਦਿੰਦਿਆਂ ਆਪ ਨੇ ਸੁਲਤਾਨਪੁਰ ਲੋਧੀ ਵਿਖੇ ਮੌਲਵੀ ਅਤੇ ਕਾਜ਼ੀ ਦੁਆਰਾ ਪੜ੍ਹੀ ਜਾ ਰਹੀ ਨਮਾਜ਼ ਦੌਰਾਨ ਇੱਕ ਦਾ ਧਿਆਨ ਅਰਬੀ ਘੋੜੇ ਖਰੀਦ ਰਿਹਾ ਸੀ ਤੇ ਦੂਜੇ ਦਾ ਘੋੜੀ ਦੇ ਵਛੇਰੇ ਦੇ ਖੂਹ ’ਚ ਡਿੱਗਣ ਨਾਲ਼ ਜੁੜਿਆ ਸੀ, ਨੂੰ ਪਾਖੰਡ ਕਰਾਰ ਦਿੱਤਾ। ਜਿੱਥੇ ਹੁਣ ਗੁਰਦੁਆਰਾ ਅੰਤਰ-ਯਾਮਤਾ ਸਾਹਿਬ ਸੁਸ਼ੋਭਿਤ ਹੈ। ਸੋ ਸਪਸ਼ਟ ਹੈ ਕਿ ਧਿਆਨ ਦਾ ਟਿਕਾਅ ਅਤੇ ਵਿਸ਼ਵਾਸ; ਕੰਨਾਂ ਰਾਹੀਂ ਸੁਣੀ ਜਾਂਦੀ ਇਲਾਹੀ ਬਾਣੀ ਲਈ ਅਹਿਮ ਹਨ।

ਲੋਭੀ ਬੰਦਾ; ਇਕਾਗਰਤਾ ਨਾਲ਼ ਲੋਭ ਨੂੰ ਅੰਜਾਮ ਦਿੰਦਾ ਹੈ। ਕਾਮੀ; ਧਿਆਨ ਟਿਕਾਅ ਕੇ ਕੁਕਰਮ ਕਰਦਾ ਹੈ ਤਾਹੀਓਂ ਮੈਲ਼; ਆਪਣਾ ਗਹਿਰਾ ਦਾਗ਼ ਜ਼ਮੀਰ (ਅੰਤਹਿਕਰਣ) ’ਤੇ ਪਾਉਂਦੀ ਰਹਿੰਦੀ ਹੈ ਭਾਵ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ…॥’’ (ਮਹਲਾ ੩/੬੫੧) ’ਚ ਹੋਰ ਵਾਧਾ ਕਰਦੀ ਰਹਿੰਦੀ ਹੈ। ਮੈਲ਼ੀ ਜ਼ਮੀਰ ਦੀ ਪਰਛਾਈ ਹੀ ਮਤਿ ਨੂੰ ‘ਧੁੰਦਲੀ, ਸੰਕੀਰਨ, ਸੁਆਰਥੀ, ਦੁਬਿਧਾ ਭਰਪੂਰ’ ਬਣਾਉਂਦੀ ਹੈ। ਜੇਕਰ ਇਸੇ ਤਰ੍ਹਾਂ ਧਿਆਨ ਟਿਕਾਅ ਕੇ ਅਤੇ ਪੂਰਨ ਭਰੋਸੇ ਰੱਖ ਕੇ, ਰੱਬ ਦੀ ਬੰਦਗੀ ਕੀਤੀ ਜਾਵੇ, ਉਸ ਨਾਲ਼ ਪਿਆਰ ਪਾਇਆ ਜਾਵੇ ਤਾਂ ‘ਜਨਮ ਜਨਮ ਦੀ ਮੈਲ਼’; ਮਿਟਦੀ ਹੋਈ ਪਾਰਦਰਸ਼ੀ ਹੋਏ ਅੰਤਹਿਕਰਣ ’ਚੋਂ ਰੂਹਾਨੀਅਤ ਬਲ/ਚਾਨਣ ਨੂੰ ਮਤਿ ਵਿੱਚ ਲਿਆ ਕੇ ਕੀਤੇ ਭਰੋਸੇ ਨੂੰ ਹਕੀਕਤ ’ਚ ਬਦਲ ਪ੍ਰਭੂ ਦਾ ਦੀਦਾਰ ਕਰਾਉਂਦਾ ਹੈ। ਅਸ਼ਰਧਕ ਬੰਦਾ ਇਹ ਰਾਜ਼ ਨਹੀਂ ਪਹਿਚਾਣ ਸਕਦਾ, ਇਸ ਲਈ ਗੁਰਬਾਣੀ; ਉਸ ਅੱਗੇ ਬੀਨ ਬਜਾਉਣ ਤੋਂ ਮਨ੍ਹਾ ਕਰਦੀ ਹੈ ਕਿਉਂਕਿ ਪੱਥਰ ’ਤੇ ਜਿੰਨਾ ਮਰਜ਼ੀ ਪਾਣੀ ਪਾਓ ਉਹ ਅੰਦਰੋਂ ਖ਼ੁਸ਼ਕ ਹੀ ਰਹਿਣਾ ਹੈ ‘‘ਜੇ ਸਉ ਲੋਚਿ ਲੋਚਿ ਖਾਵਾਇਆ ਸਾਕਤ (ਦੇ) ਹਰਿ ਹਰਿ ਚੀਤਿ (’) ਆਇਆ ਪਾਥਰ ਕਉ ਬਹੁ ਨੀਰੁ ਪਵਾਇਆ ਨਹ ਭੀਗੈ; ਅਧਿਕ ਸੂਕਾਇਆ ’’ (ਮਹਲਾ /੧੧੩੬), ਇੱਥੇ ‘‘ਜੇ ਸਉ ਲੋਚਿ ਲੋਚਿ ਖਾਵਾਇਆ’’ ਤੋਂ ਭਾਵ ਹੈ ਕਿ ਸ਼ਰਧਾਹੀਣ ਬੰਦੇ ਦੀ ਭਾਵੇਂ ਸੈਂਕੜੇ ਵਾਰ ਤਸੱਲੀ ਕਰਾ-ਕਰਾ ਕੇ ਨਾਮ-ਅੰਮ੍ਰਿਤ ਖਵਾਈਏ, ਇਲਾਹੀ ਪੈਗ਼ਾਮ ਸੁਣਾਇਆ, ਉਸ ਅੰਦਰ ਵਿਸ਼ਵਾਸ ਨਹੀਂ ਉਪਜ ਸਕਦਾ।

ਤਰਕ ਆਧਾਰਿਤ ਗਿਆਨ ਇੰਦ੍ਰਿਆਂ ਵਾਲ਼ਾ ਗਿਆਨ ਅਤੇ ਵਿਸ਼ਵਾਸ ਆਧਾਰਿਤ ਚਾਨਣ; ਦੋਵੇਂ ‘ਰੂਹਾਨੀਅਤ ਬਲ’ ਪੈਦਾ ਕਰਦੇ ਹਨ, ਜੋ ਸਫਲ ਜੀਵਨ ਹੈ। ਗੁਰਬਾਣੀ ਦੁਆਰਾ ਕੀਤੀ ਗਈ ਨਿਰਾਕਾਰ (ੴ) ਦੀ ਵਿਆਖਿਆ, ਕਣ ਕਣ ਵਿੱਚ (ਆਤਮਾ, ਰੂਹ, ਜਿੰਦ ਵਜੋਂ ਉਸ ਦੀ) ਮੌਜੂਦਗੀ, ਉਸ ਦਾ ਹੁਕਮ, ਬਖ਼ਸ਼ਸ਼, ਉਸ ਦੀਆਂ ਦਾਤਾਂ ਆਦਿ ਬਾਰੇ ਬੋਲੇ ਗਏ ਸਤਿਗੁਰੂ ਜੀ ਦੇ ਬਚਨਾਂ ਉੱਤੇ ਵਿਸ਼ਵਾਸ ਕਰਨਾ ਹੈ, ਨਾ ਕਿ ਤਰਕ ਦ੍ਰਿਸ਼ਟੀ ਨਾਲ਼ ਵਾਚਣਾ ਹੈ। ਵਿਸ਼ਵਾਸ ਨੂੰ ਜ਼ਿੰਦਗੀ ’ਚ ਮੂਲੋਂ ਹੀ ਰੱਦ ਕਰਨ ਵਾਲ਼ੇ ਅਸ਼ਰਧਕ ਬੰਦੇ; ਅਕਸਰ ਇਹ ਦਲੀਲਾਂ ਦਿੰਦੇ ਹਨ :

(1). ਆਕਾਰ ਰੂਪ ’ਚ ਕੀਤੀ ਜਾਂਦੀ ਭਗਵਾਨ ਦੀ ਪੂਜਾ ’ਤੇ ਤਰਕ ਕਰਦਿਆਂ ਕਿਹਾ ਜਾਂਦਾ ਹੈ ਕਿ ਜਦ ਪੱਥਰ-ਮੂਰਤੀ ਉੱਤੇ ਕੁੱਤਾ ਪਿਸ਼ਾਬ ਤੇ ਚੂਹਾ ਮੀਂਗਣ ਕਰ ਜਾਂਦਾ ਹੈ, ਪੂਜਾਰੀ ਵੀ ਪੈਸਾ ਆਦਿ ਚੁਰਾ ਲੈਂਦਾ ਹੈ ਤਾਂ ਪੱਥਰ-ਭਗਵਾਨ ਉਨ੍ਹਾਂ ਨੂੰ ਨਹੀਂ ਰੋਕ ਸਕਦਾ ਤਾਂ ਸਾਡੀ ਮਦਦ ਕਿਵੇਂ ਕਰੇਗਾ ?

(2). ਜਦ ਲੜਾਈ ਜਾਂ ਕਿਸੇ ਮਹਾਂਮਾਰੀ ਸਮੇਂ ਹਜ਼ਾਰਾਂ ਲੋਕ ਮਰ ਜਾਂਦੇ ਹਨ ਜਾਂ ਮਾਰ ਦਿੱਤੇ ਜਾਂਦੇ ਹਨ ਤਾਂ ਜੇਕਰ ਰੱਬ ਹੁੰਦਾ ਤਾਂ ਉਨ੍ਹਾਂ ਦੀ ਰੱਖਿਆ ਨਾ ਕਰਦਾ ? ਕੀ ਰੱਬ ਦਾ ਕਹਿਰ/ਜ਼ੁਲਮ ਕੇਵਲ ਕਮਜ਼ੋਰਾਂ ਉੱਤੇ ਹੋਣਾ, ਧਰਮ ਹੈ?

ਉਕਤ ਪਹਿਲਾ ਤਰਕ ਗੁਰਬਾਣੀ ’ਚ ਬਿਆਨ ਕੀਤੇ ਨਿਰਾਕਾਰ-ਰੱਬ ਦੀ ਵਿਆਖਿਆ ਉੱਤੇ ਨਹੀਂ ਢੁੱਕਦਾ ਅਤੇ ਦੂਜੇ ਕੁਤਰਕ ਦਾ ਜਵਾਬ ਇਸ ਲੇਖ ਦੇ ਅੰਤ ’ਚ ਦਿੱਤਾ ਜਾਏਗਾ। ਇੱਥੇ ਕੇਵਲ ਇਹ ਜਾਣਨਾ ਹੈ ਕਿ ਉਕਤ ਦੋਵੇਂ ਸਵਾਲ; ਧਰਮੀ ਬੰਦੇ ਦੇ ਭਰੋਸੇ ਨੂੰ ਤੋੜਦੇ ਹਨ ਭਾਵੇਂ ਕਿ ਐਸੇ ਤਰਕਸ਼ੀਲ ਲੋਕ; ਖ਼ੁਦ ਵੀ ਜ਼ਿੰਦਗੀ ’ਚ ਭਰੋਸਾ ਕਰਦੇ ਵੇਖੀਦੇ ਹਨ; ਜਿਵੇਂ ਕਿ ਦੇਸ਼ ਦੀ ਕਨੂੰਨ-ਵਿਵਸਥਾ ਉੱਤੇ ਭਰੋਸਾ ਹੋਣ ਕਰਕੇ ਹੀ ਅਦਾਲਤਾਂ ’ਚੋਂ ਇਨਸਾਫ਼ ਦੀ ਉਮੀਦ ਰੱਖੀ ਜਾਂਦੀ ਹੈ ਭਾਵੇਂ ਕਿ ਕਈਆਂ ਨੂੰ ਸਾਰੀ ਉਮਰ ਤੱਕ ਨਿਆਂ ਨਹੀਂ ਮਿਲਿਆ ਹੁੰਦਾ। ਮਾਤਾ ਦੁਆਰਾ ਦੱਸੇ ਪਿਤਾ ਦੇ ਨਾਂ ਉੱਤੇ ਵੀ ਭਰੋਸਾ ਹੀ ਕੀਤਾ ਜਾਂਦਾ ਹੈ। ਮਾਤਾ ਨੂੰ ਕਦੇ ਨਹੀਂ ਪੁੱਛਿਆ ਜਾਂਦਾ ਕਿ ਪਿਤਾ ਹੋਣ ਦਾ ਸਬੂਤ ਦੇਹ ? ਸਮਾਜਿਕ ਲੈਣ-ਦੇਣ ਵੀ ਅਕਸਰ ਵਿਸ਼ਵਾਸ ਉੱਤੇ ਹੀ ਖੜ੍ਹਾ ਹੁੰਦਾ ਹੈ, ਆਦਿ। ਇਹੀ ਵਿਸ਼ਵਾਸ; ਧਾਰਮਿਕ ਸ਼ਬਦਾਵਲੀ ’ਚ ਸ਼ਰਧਾ-ਭਾਵਨਾ ਅਖਵਾਉਂਦਾ ਹੈ।

ਤੁਕਾਂਤ ਰਹਿਤ ਵਾਰਤਕ (ਭਾਵ ਗੱਦ ਰਚਨਾ); ਗਿਆਨ ਇੰਦ੍ਰਿਆਂ ’ਚੋਂ ਉਪਜੇ ਦਿਮਾਗ਼ੀ ਗਿਆਨ ਦੀ ਦੇਣ ਹੈ ਜਦਕਿ ਕਾਵਿਕ-ਰਚਨਾ (ਭਾਵ ਤੁਕਾਂਤ ਭਰਪੂਰ ਰਚਨਾ); ਨਿਰੋਲ ਅਨੁਭਵ ’ਚੋਂ ਉਪਜਿਆ ਗਿਆਨ ਹੁੰਦਾ ਹੈ ਤਾਹੀਓਂ ਇਹ, ਰੂਹਾਨੀਅਤ ਗਿਆਨ ਅਖਵਾਉਂਦਾ ਹੈ। ਸਾਰੇ ਧਾਰਮਿਕ ਗ੍ਰੰਥ; ਕਵਿਤਾ ਰੂਪ ਵਿੱਚ ਹਨ ਯਾਨੀ ਕਿ ਅਨੁਭਵਾਂ ਦਾ ਵਹਾਅ ਹਨ ਭਾਵੇਂ ਕੋਈ ‘ਸਚੁ’ ਦੇ ਨੇੜੇ (ਨਿਰੋਲ ਸਚਾਈ) ਹੈ ਜਾਂ ਦੂਰ (ਕਾਲਪਨਿਕ ਖ਼ਿਆਲ)। ਅਨੁਭਵ; ਅੰਦਰੋਂ ਫੁੱਟਿਆ ਉਹ ਝਰਨਾ ਹੁੰਦਾ ਹੈ, ਜਿੱਥੋਂ ਨਿਰੰਤਰ ਪਾਣੀ ਵਹਿੰਦਾ ਹੈ, ਨਵੇਂ ਨਵੇਂ ਵਿਚਾਰ ਫੁੱਟਦੇ ਰਹਿੰਦੇ ਹਨ, ਜੋ ਦਿਮਾਗ਼ੀ ਗਿਆਨ ਵਾਙ ਸੀਮਤ ਨਹੀਂ ਹੁੰਦਾ ਕਿਉਂਕਿ ਦਿਮਾਗ਼ੀ ਗਿਆਨ ਦੇ ਮੁਕਾਬਲੇ ਅਨੁਭਵੀ ਗਿਆਨ; ਬਹੁਤ ਗਹਿਰੇ ਤਲ ’ਚੋਂ ਫੁਟਿਆ ਹੁੰਦਾ ਹੈ। ਐਨਾ ਗਹਿਰਾ ਕਿ ਇਸ ਵਿੱਚੋਂ ਸੰਨ 1521 ’ਚ ਕੀਤੇ ਗਏ ਬਚਨ ਕਿ ਮੁਗ਼ਲ ਬਾਦਸ਼ਾਹ (ਬਾਬਰ); ਹਿੰਦੋਸਤਾਨ ’ਤੇ ਸੰਮਤ ੧੫੭੮ ਤੋਂ ੧੫੯੭ (ਸੰਨ 1521 ਤੋਂ 1540) ਤੱਕ ਕਾਬਜ਼ ਰਹੇਗਾ। ਫਿਰ ਹਿੰਦੋਸਤਾਨ ਵਿੱਚੋਂ ਕੋਈ ਹੋਰ ਤਾਕਤਵਰ ਹਾਕਮ ਉੱਠੇਗਾ, ਜੋ ਇਨ੍ਹਾਂ ਨੂੰ ਇੱਥੋਂ ਭਜਾਏਗਾ। ਗੁਰੂ ਨਾਨਕ ਸਾਹਿਬ ਜੀ ਦੇ ਉਹ ਬੋਲ ਹਨ ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਮਹਲਾ /੭੨੩) ਗਿਆਨ ਇੰਦ੍ਰਿਆਂ ਦਾ ਅਨੁਭਵ (ਜੋ ਕਿ ਬਹੁਤਾ ਗਹਿਰਾ ਨਹੀਂ ਹੁੰਦਾ); 19 ਸਾਲ ਪਹਿਲਾਂ ਕੀਤੀ ਇਸ ਭਵਿੱਖਬਾਣੀ ’ਤੇ ਕਦੇ ਭਰੋਸਾ ਨਹੀਂ ਕਰੇਗਾ ਭਾਵੇਂ ਕਿ ਇਹ ਘਟਨਾ ਮਈ, 1540 ਈਸਵੀ ’ਚ ਵਾਪਰ ਵੀ ਚੁੱਕੀ ਹੈ ਜਦ ਸ਼ੇਰ ਸ਼ਾਹ ਸੂਰੀ (ਸੰਨ 1486-1545) ਤੋਂ ਬਾਬਰ ਦਾ ਪੁੱਤਰ ਹਮਾਯੂੰ (ਸੰਨ 1508-1556) ਹਾਰ ਕੇ ਅਫ਼ਗਾਨਿਸਤਾਨ ਵੱਲ ਭੱਜਦਿਆਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ’ਤੇ ਹਮਲਾ ਕਰਨ ਲਈ ਤਲਵਾਰ ਕੱਢਦਾ ਹੈ ਕਿਉਂਕਿ ਓਥੇ ਪਹੁੰਚਣ ’ਤੇ ਸਤਿਗੁਰੂ ਜੀ ਨੇ ਉਸ ਨੂੰ ਕੋਈ ਤਵੱਜੋ ਨਾ ਦਿੱਤੀ। ਗਿਆਨ ਇੰਦ੍ਰਿਆਂ ਦਾ ਪੱਧਰ ਵੇਖੀਏ ਕਿ ਪ੍ਰਤੱਖ ਹੋ ਚੁੱਕੀ ਇਸ ਸਚਾਈ ਦੇ ਬਾਵਜੂਦ ਵੀ ਇਤਿਹਾਸਕਾਰ ਡਾ. ਸੁਖਦਿਆਲ ਸਿੰਘ (ਸਾਬਕਾ ਮੁਖੀ, ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ‘ਸ਼ਿਰੋਮਣੀ ਸਿੱਖ ਇਤਿਹਾਸ’ ਕਿਤਾਬ ’ਚ ਲਿਖਿਆ ਕਿ ਗੁਰੂ ਨਾਨਕ ਸਾਹਿਬ ਜੀ; ਸੰਨ 1539 ’ਚ ਨਹੀਂ, 1540 ਈਸਵੀ ਵਿੱਚ ਜੋਤੀ ਜੋਤਿ ਸਮਾਏ ਸਨ ਤਾਂ ਕਿ ਇਹ ਸਿੱਧ ਕੀਤਾ ਜਾ ਸਕੇ ਕਿ ਉਕਤ ਬਚਨ; ਮੁਗ਼ਲ ਬਾਦਸ਼ਾਹ ਬਾਬਰ (14 ਫ਼ਰਵਰੀ 1483- 26 ਦਸੰਬਰ 1530) ਦੇ ਹਿੰਦੋਸਤਾਨ ਉੱਤੇ ਕੀਤੇ ਪਹਿਲੇ ਹਮਲੇ ਸਮੇਂ (ਸੰਨ 1521 ’ਚ) ਏਮਨਾਬਾਦ (ਅਜੋਕਾ ਪਾਕਿਸਤਾਨ) ਵਿਖੇ ਨਹੀਂ ਉਚਾਰੇ ਬਲਕਿ ਤਦ ਬੋਲੇ ਗਏ ਸਨ ਜਦ 17 ਮਈ 1540 ਨੂੰ ਸ਼ੇਰ ਸ਼ਾਹ ਸੂਰੀ ਤੋਂ ਹਮਾਯੂੰ ਹਾਰ ਕੇ ਅਫ਼ਗਾਨਿਸਤਾਨ ਵੱਲ ਭੱਜ ਚੁੱਕਾ ਸੀ, ਪਰ ਇਹ ਨਿਰਾ ਝੂਠ ਹੈ ਕਿਉਂਕਿ ਬਾਬਰ ਦੇ ਹਮਲੇ ਨਾਲ਼ ਸੰਬੰਧਿਤ ਇਸ ਬਾਣੀ ਵਿੱਚ 7 ਵਾਰ ਏਮਨਾਬਾਦ ਨਿਵਾਸੀ ਗ਼ਰੀਬ ਤਰਖਾਣ ਭਾਈ ਲਾਲੋ ਜੀ (ਸੰਨ 1452-1531) ਨੂੰ ਸੰਬੋਧਨ ਕੀਤਾ ਹੈ; ਜਿਵੇਂ ਕਿ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ! ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ !…. ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ! ਰਤੁ ਕਾ ਕੁੰਗੂ ਪਾਇ ਵੇ ਲਾਲੋ !’’ (ਮਹਲਾ /੭੨੩), ਜਿਨ੍ਹਾਂ ਦਾ ਦਿਹਾਂਤ; ਸੰਨ 1531 ’ਚ ਹੀ ਹੋ ਚੁੱਕਾ ਸੀ। ਸੋ ਨਿਰੋਲ ਰੂਹਾਨੀਅਤ ਬਲ/ਚਾਨਣ ’ਚੋਂ ਪ੍ਰਗਟ ਹੋਈ ਇਹ ਭਵਿੱਖਬਾਣੀ; ਸੰਨ 1521 ’ਚ ਕੀਤੀ ਗਈ, ਜਦੋਂ ਭਾਈ ਲਾਲੋ ਜੀ; ਸਤਿਗੁਰੂ ਜੀ ਦੇ ਸਨਮੁਖ ਮੌਜੂਦ ਸਨ ਭਾਵ ਜੀਵਤ ਸਨ, ਨਾ ਕਿ ਸੰਨ 1540 ’ਚ ਹਮਾਯੂੰ ਦੇ ਹਾਰ ਜਾਣ ਤੋਂ ਬਾਅਦ ਆਖੀ ਗਈ। 

ਇੱਥੇ ਇਹ ਵਿਚਾਰ ਵੀ ਸਹੀ ਰਹੇਗੀ ਕਿ ਜੋ ਸਿੱਖ; 19 ਕੁ ਸਾਲ ਪਹਿਲਾਂ ਕੀਤੀ ਇਸ ਭਵਿੱਖਬਾਣੀ ’ਤੇ ਭਰੋਸਾ ਕਰਨ ’ਚ ਅਸਮਰੱਥ ਹਨ, ਉਹ ਅਰਬਾਂ-ਖਰਬਾਂ ਸਾਲ ਪਹਿਲਾਂ (15ਵੀਂ ਸਦੀ ’ਚ) ਕੀਤੀ ਕਿਆਮਤ ਨਾਲ਼ ਸੰਬੰਧਿਤ ਇਸ ਭਵਿੱਖਬਾਣੀ ’ਤੇ ਕਿਵੇਂ ਯਕੀਨ ਕਰਨਗੇ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ’ਚ ਹੀ ਦਰਜ ਹੈ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ/ਮਹਲਾ ) ਭਾਵ ‘ਸਦੀਵੀ ਸਥਿਰ ਮਾਲਕ; ਸਦੀਵੀ ਸਥਿਰ ਨਾ ਰਹਿਣ ਵਾਲ਼ੀ ਕੁਦਰਤ ਬਣਨ ਤੋਂ ਪਹਿਲਾਂ ਵੀ ਮੌਜੂਦ ਸੀ (ਆਦਿ ਸਚੁ), ਜੁਗਾਂ ਦੀ ਅਰੰਭਤਾ ਸਮੇਂ ਵੀ ਸੀ (ਜੁਗਾਦਿ ਸਚੁ)। ਹੁਣ ਵੀ (ਸਰਬ ਵਿਆਪਕ ਵਜੋਂ) ਮੌਜੂਦ ਹੈ (ਹੈ ਭੀ ਸਚੁ) ਅਤੇ ਕਿਆਮਤ ਤੋਂ ਬਾਅਦ ਭੀ ਸਦਾ ਕਾਇਮ ਰਹੇਗਾ (ਹੋਸੀ ਭੀ ਸਚੁ)। ਸਤਿਗੁਰੂ ਜੀ ਪੂਰਨ ਦ੍ਰਿੜ੍ਹਤਾ ਨਾਲ਼ ਵਿਸ਼ਵਾਸ ਦਿਵਾਉਂਦੇ ਹਨ ਕਿ ਜੋ ਸਚਾਈ ਅਸੀਂ ਪ੍ਰਤੱਖ ਅੱਖਾਂ ਨਾਲ਼ ਵੇਖੀ ਹੈ ਉਹੀ ਬਿਆਨ ਕੀਤਾ ਗਈ ਹੈ; ਜਿਵੇਂ ਕਿ ਵਾਕ ਹੈ ‘‘ਸੰਤਨ ਕੀ ਸੁਣਿ ਸਾਚੀ ਸਾਖੀ ਸੋ ਬੋਲਹਿ; ਜੋ ਪੇਖਹਿ ਆਖੀ (ਆੱਖੀਂ)’’ (ਮਹਲਾ /੮੯੪)

ਗੁਰਮਤਿ ਸਿਧਾਂਤ ਹੈ ਕਿ ਪੂਰੀ ਕੁਦਰਤ; ਇੱਕ ਦਿਨ ਨਹੀਂ ਰਹੇਗੀ, ਪਰ ਸਥਿਰ ਅਕਾਲ ਪੁਰਖ ਵਾਙ ਉਸ ਨਾਲ਼ ਪਿਆਰ ਪਾ ਚੁੱਕੇ ਸ਼ਰਧਾਵਾਨ ਭਗਤ ਜਨ; ਜ਼ਰੂਰ ਸਥਿਰ ਰਹਿਣਗੇ; ਜਿਵੇਂ ਕਿ ਬਚਨ ਹਨ ‘‘ਘਟੰਤ ਰੂਪੰ ਘਟੰਤ ਦੀਪੰ; ਘਟੰਤ ਰਵਿ ਸਸੀਅਰ ਨਖਤ੍ਰ ਗਗਨੰ ਘਟੰਤ ਬਸੁਧਾ; ਗਿਰਿ ਤਰ ਸਿਖੰਡੰ ਘਟੰਤ ਲਲਨਾ; ਸੁਤ ਭ੍ਰਾਤ ਹੀਤੰ ਘਟੰਤ ਕਨਿਕ ਮਾਨਿਕ; ਮਾਇਆ ਸ੍ਵਰੂਪੰ ਨਹ ਘਟੰਤ; ਕੇਵਲ ਗੋਪਾਲ ਅਚੁਤ ਅਸਥਿਰੰ ਨਾਨਕ  ! ਸਾਧ ਜਨ ’’ (ਸਹਸਕ੍ਰਿਤੀ/ਮਹਲਾ /੧੩੫੪) ਅਰਥ : ਸਾਰੇ ਰੂਪ ਨਾਸ਼ਵਾਨ ਹਨ, ਸੱਤੇ ਦੀਪ ਨਾਸ਼ਵਾਨ ਹਨ। ਸੂਰਜ, ਚੰਦ੍ਰਮਾ, ਤਾਰੇ, ਆਕਾਸ਼ ਸਦਾ ਨਹੀਂ ਰਹਿਣੇ । ਧਰਤੀ, ਵੱਡੇ ਵੱਡੇ ਪਹਾੜ ਤੇ ਰੁੱਖ ਆਦਿ ਨਾਸ਼ਵਾਨ ਹਨ। ਇਸਤ੍ਰੀ, ਪੁੱਤਰ, ਭਰਾ ਤੇ ਸਾਰੇ ਸਾਕ ਸੰਬੰਧੀ ਵੀ ਨਾਸ਼ਵਾਨ ਹਨ। ਸੋਨਾ, ਮੋਤੀ, ਮਾਇਆ ਦੇ ਸਾਰੇ ਰੂਪ ਵੀ ਨਾਸ਼ਵਾਨ ਹਨ, ਪਰ ਹੇ ਨਾਨਕ  ! ਨਾਸ਼ ਰਹਿਤ ਕੇਵਲ ਗੋਪਾਲ ਪ੍ਰਭੂ ਜੀ ਹਨ ਜਾਂ ਉਨ੍ਹਾਂ ਨਾਲ਼ ਪਿਆਰ ਪਾਉਣ ਵਾਲ਼ੇ ਸੰਤ-ਜਨ ਸਦੀਵੀ ਸਥਿਰ ਹਨ ਭਾਵ ਨਾਸ਼ਵਾਨ ਨਹੀਂ। ਇਹ ਸਹੀ ਵੀ ਹੈ ਕਿ ਸ਼ਰਾਬੀ ਨਾਲ਼ ਰਹਿਣ ਵਾਲ਼ੇ ਸ਼ਰਾਬੀ ਹੋ ਜਾਂਦੇ ਹਨ। ਵਿਕਾਰੀ ਬੰਦੇ ਦੀ ਸੰਗਤ ਕਰਕੇ ਵਿਕਾਰ ਬਿਰਤੀ ਜਨਮ ਲੈ ਲੈਂਦੀ ਹੈ; ਇਉਂ ਹੀ ਸਦੀਵੀ ਸਥਿਰ ਨਾਲ਼ ਪਿਆਰ ਪਾ ਕੇ ਭਗਤ ਜਨ ਵੀ ਸਦੀਵੀ ਸਥਿਰ ਹੋ ਜਾਂਦੇ ਹਨ। ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਇਹ ਵਾਰ-ਵਾਰ ਸਮਝਾਇਆ ਕਿ ਜੈਸੇ ਵਿਚਾਰਾਂ ਨਾਲ਼ ਸੰਗਤ ਕਰੋਗੇ ਵੈਸੇ ਹੀ ਬਣ ਜਾਓਗੇ; ਜਿਵੇਂ ਕਿ ‘‘ਜਿਸੁ ਸਿਉ ਰਾਤਾ, ਤੈਸੋ ਹੋਵੈ (ਮਹਲਾ /੬੫), ਜੈਸਾ ਸੇਵੈ; ਤੈਸੋ ਹੋਇ (ਮਹਲਾ /੨੨੩) ਜੈ ਸਿਉ ਰਾਤਾ; ਤੈਸੋ ਹੋਵੈ (ਮਹਲਾ /੪੧੧), ਜੋ ਜੈਸੀ ਸੰਗਤਿ ਮਿਲੈ; ਸੋ ਤੈਸੋ ਫਲੁ ਖਾਇ ’’ (ਭਗਤ ਕਬੀਰ/੧੩੬੯), ਆਦਿ।

ਗੁਰੂ ਨਾਨਕ ਸਾਹਿਬ ਜੀ ਨੇ ‘ਸਦੀਵੀ ਸਥਿਰ ਅਦ੍ਰਿਸ਼-ਨਿਰਾਕਾਰ’ ਲਈ ‘ਸਚੁ’ ਸ਼ਬਦ ਵਧੇਰੇ ਵਰਤਿਆ ਹੈ; ਜਿਵੇਂ ਕਿ ਕਰਤਾਰ ਦੁਆਰਾ ਰਚੀ ਕੁਦਰਤ ਬਾਰੇ ਆਪ ਨੇ ਇਉਂ ਬਿਆਨ ਕੀਤਾ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ’’ (ਮਹਲਾ /੧੯) ਅਰਥ : ਸਦੀਵੀ ਸਥਿਰ ਮਾਲਕ ਤੋਂ ਸਦੀਵੀ ਸਥਿਰ ਨਾ ਰਹਿਣ ਵਾਲ਼ੀ ਹਵਾ (ਗੈਸ) ਬਣੀ, ਹਵਾ ਤੋਂ ਪਾਣੀ ਹੋਇਆ ਤੇ ਪਾਣੀ ਤੋਂ ਸਾਰੇ ਜੀਵ-ਜੰਤ ਬਣੇ, ਜਿਨ੍ਹਾਂ ਅੰਦਰ; ਉਹੀ ‘ਸਚੁ’ (ਜਿਸ ਤੋਂ ਪਹਿਲਾਂ ਪਹਿਲ ਹਵਾ ਬਣੀ) ਸਰਬ ਵਿਆਪਕ ਹੈ ਭਾਵ ਕੁਦਰਤ ਰਚ ਕੇ ਕਰਤਾਰ ਕਿਤੇ ਦੂਰ/ਅਲੱਗ ਨਹੀਂ ਬੈਠਾ ਸਗੋਂ ਜ਼ਰਰੇ-ਜ਼ਰਰੇ ਵਿੱਚ ਸਮਾਇਆ ਹੋਇਆ ਹੈ। ਭਾਈ ਸੱਤਾ-ਬਲਵੰਡ ਜੀ ਗਵਾਹੀ ਦਿੰਦੇ ਹਨ ਕਿ ਜਿਹੜਾ ‘ਸਚੁ’; ਗੁਰੂ ਨਾਨਕ ਸਾਹਿਬ ਜੀ ਨੇ ਬਿਆਨ ਕੀਤਾ ਹੈ, ਉਸ ਤੋਂ ਇਨਕਾਰੀ ਨਹੀਂ ਹੋਣਾ ‘‘ਸਚੁ ਜਿ ਗੁਰਿ (ਨੇ) ਫੁਰਮਾਇਆ; ਕਿਉ ਏਦੂ ਬੋਲਹੁ ਹਟੀਐ ?’’ (ਬਲਵੰਡ ਸਤਾ/੯੬੭), ਤਾਂ ਤੇ ਗੁਰੂ ਨਾਨਕ ਸਾਹਿਬ ਦੇ ਉਕਤ ਭਵਿੱਖ ਸੂਚਕ ਪਾਵਨ ਬਚਨਾਂ ਉੱਤੇ ਜੇ ਸਿੱਖ ਦਾ ਭਰੋਸਾ ਨਾ ਬਣਿਆ ਤਾਂ ਜ਼ਿੰਦਗੀ ਦੀ ਬੇੜੀ ਡੁੱਬਣੀ ਨਿਸ਼ਚਿਤ ਹੈ।

ਸੋ ਗਿਆਨ ਇੰਦ੍ਰਿਆਂ ਦੇ ਮੁਕਾਬਲੇ ਇੱਕ ਭਗਤ ਅੰਦਰ ਅਨੁਭਵ; ਸ਼ਰਧਾ-ਭਾਵਨਾ ਨਾਲ਼ ਵਧੇਰੇ ਉਪਜਦਾ ਹੈ। ਇਸ ਦੇ ਪਿੱਛੇ ਇੱਕ ਅਗੰਮੀ ਕਲਾ/ਸ਼ਕਤੀ ਵੀ ਵਰਤ ਰਹੀ ਹੁੰਦੀ ਹੈ; ਜਿਵੇਂ ਕਿ ਗੁਰਬਾਣੀ ਦਾ ਫ਼ੁਰਮਾਨ ਹੈ ‘‘ਸਤਿਗੁਰ ਨੋ ਜੇਹਾ ਕੋ ਇਛਦਾ; ਤੇਹਾ ਫਲੁ ਪਾਏ ਕੋਇ ਨਾਨਕ  ! ਕਰਤਾ ਸਭੁ ਕਿਛੁ ਜਾਣਦਾ; ਜਿਦੂ ਕਿਛੁ ਗੁਝਾ ਹੋਇ ’’ (ਮਹਲਾ /੩੦੨) ਅਰਥ : ਸਤਿਗੁਰੂ ਕੋਲ਼ ਜਿਸ ਸ਼ਰਧਾ-ਭਾਵਨਾ ਨਾਲ਼ ਬੰਦਾ ਜਾਂਦਾ ਹੈ; ਵੈਸਾ ਹੀ ਫਲ਼ ਪਾਉਂਦਾ ਹੈ ਯਾਨੀ ਵੈਸਾ ਹੀ ਰੂਹਾਨੀਅਤ ਬਲ/ਚਾਨਣ ਮਿਲਦਾ ਹੈ। ਕਰਤਾਰ ਹਰੇਕ ਦੇ ਦਿਲ ਦੀ ਜਾਣਦਾ ਹੈ, ਇਸ ਲਈ ਦਿਲੀ ਭਾਵਨਾ ਛੁਪਦੀ ਨਹੀਂ ਯਾਨੀ ਕਿ ਕੋਈ ਅਸ਼ਰਧਕ ਬੰਦਾ; ਧੋਖੇ ਨਾਲ਼ ਭੀ ਰੂਹਾਨੀਅਤ ਚਾਨਣ ਪਾ ਜਾਵੇ, ਐਸਾ ਹੋਣਾ ਅਸੰਭਵ ਹੈ। ਜਿਸ ਤਰ੍ਹਾਂ ਕੰਨ ਰਾਹੀਂ ਪਹਾੜਾਂ ’ਚ ਪਈ ਬਰਫ਼ ਬਾਰੇ ਸੁਣ ਕੇ ਠੰਢਕ ਚਮੜੀ (ਤ੍ਵਚਾ) ਨੇ ਮਹਿਸੂਸ ਕੀਤੀ; ਉਸੇ ਤਰ੍ਹਾਂ ਕੰਨਾਂ ਰਾਹੀਂ ਗੁਰੂ ਉਪਦੇਸ਼ ਸੁਣ ਕੇ ਅਨੰਦ/ਸ਼ਾਂਤੀ/ਸਥਿਰਤਾ; ਸ਼ਰਧਾਲੂ ਦਾ ਮਨ ਮਾਣਦਾ ਹੈ, ਨਾ ਕਿ ਕੰਨ।

ਅਨੰਦ ਅਤੇ ਰਸ ਕਸ (ਚਸਕਿਆਂ) ਵਿੱਚ ਫ਼ਰਕ ਹੁੰਦਾ ਹੈ। ਕਿਸੇ ਨੂੰ ਮਿੱਠਾ ਖਾਣਾ ਪਸੰਦ ਹੈ, ਕਿਸੇ ਨੂੰ ਕੁਦਰਤ ਦੇ ਨਜ਼ਾਰੇ ਵੇਖਣ ਦਾ ਸ਼ੌਕ ਹੈ, ਕਿਸੇ ਨੂੰ ਪਦਾਰਥ ਇਕੱਠੇ ਕਰਨ ’ਚ ਖ਼ੁਸ਼ੀ ਹੈ; ਇਹ ਸਭ ਰਸ ਹਨ, ਚਸਕੇ ਹਨ; ਅਨੰਦ ਨਹੀਂ। ਗਿਆਨ ਇੰਦ੍ਰਿਆਂ ਨਾਲ਼ ਮਿਲਦਾ ਸਾਰਾ ਅਨੁਭਵ; ਰਸ ਹੈ, ਨਾ ਕਿ ਅਨੰਦ। ਮਿਸਾਲ ਵਜੋਂ ਸਤਿਗੁਰੂ ਜੀ ਗ੍ਰਿਹਸਤ ਧਰਮ ਨੂੰ ਪ੍ਰਧਾਨ ਮੰਨਦੇ ਹਨ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਬੋਲ ਹਨ ‘‘ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ; ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ’’ (ਭਾਈ ਗੁਰਦਾਸ ਜੀ/ ਕਬਿੱਤ ੩੭੬) ਅਰਥ : ਫ਼ਜ਼ੂਲ ਗਿਆਨ ਲੈਣ ਅਤੇ ਉਸ ’ਤੇ ਧਿਆਨ ਟਿਕਾਉਣ ਦੇ ਮੁਕਾਬਲੇ ਪੂਰਨ ਗੁਰੂ ਦਾ ਗਿਆਨ ਲੈਣਾ ਤੇ ਉਸ ’ਤੇ ਧਿਆਨ ਟਿਕਾਉਣਾ; ਸਰਬੋਤਮ ਕਾਰਜ ਹੈ; ਇਉਂ ਹੀ ਜੰਗਲ਼ ਵਿਖੇ ਇਕਾਂਤ ’ਚ ਕੀਤੀ ਭਗਤੀ ਦੇ ਮੁਕਾਬਲੇ ਗ੍ਰਿਹਸਤ ’ਚ ਰਹਿ ਕੇ ਨਿਰਾਕਾਰ-ਰੱਬ ਨਾਲ਼ ਧਿਆਨ ਜੋੜ ਕੇ ਕੀਤੀ ਬੰਦਗੀ; ਸਰਬੋਤਮ ਕਾਰਜ ਹੈ। ਸੋ ਇੱਥੇ ਇਸਤਰੀ-ਮਰਦ ਸੰਬੰਧਾਂ ਨੂੰ ਗ੍ਰਿਹਸਤ ਜੀਵਨ ਵਜੋਂ ਜਾਇਜ਼ ਮੰਨਿਆ ਹੈ, ਪਰ ਜਦੋਂ ਇਹ ਕਾਮ; ਰਸ ਬਣ ਜਾਏ ਤਾਂ ਇਸ ਨੂੰ ਰੋਗ ਵੀ ਕਿਹਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ ‘‘ਰਸੁ ਸੁਇਨਾ, ਰਸੁ ਰੁਪਾ (ਚਾਂਦੀ) ਕਾਮਣਿ (ਇਸਤਰੀ ਸੰਬੰਧ); ਰਸੁ ਪਰਮਲ ਕੀ ਵਾਸੁ (ਅਤਰ ਛਿੜਕਣੇ) ਰਸੁ ਘੋੜੇ, ਰਸੁ ਸੇਜਾ ਮੰਦਰ (ਘਰ); ਰਸੁ ਮੀਠਾ, ਰਸੁ ਮਾਸੁ ਏਤੇ ਰਸ ਸਰੀਰ ਕੇ; ਕੈ+ਘਟਿ ਨਾਮ ਨਿਵਾਸੁ ? ’’ (ਮਹਲਾ /੧੫) ‘ਕੈ+ਘਟਿ ਨਾਮ ਨਿਵਾਸੁ’ ਤੋਂ ਭਾਵ ਹੈ ਕਿ ਸਰੀਰ ਨੂੰ ਐਨੇ ਰਸ ਚਿੰਬੜੇ ਹੋਣ ਤੋਂ ਬਾਅਦ ਕਿਹੜੇ ਹਿਰਦੇ ’ਚ ਰਾਮ-ਨਾਮ ਵਸੇਗਾ ਭਾਵ ਐਸਾ ਜੀਵਨ; ਅਨੰਦਿਤ ਨਹੀਂ ਹੁੰਦਾ।

‘ਸਚੁ’ ਨਾਲ਼ ਪੂਰਨ ਜੁੜੀ ਜ਼ਿੰਦਗੀ ਦਾ ਪੂਰਾ ਰੂਹਾਨੀਅਤ ਬਲ/ਚਾਨਣ; ਕਲਮਬੰਦ ਨਹੀਂ ਹੋ ਸਕਦਾ; ਜਿਵੇਂ ਕਿ ਸਮੁੱਚੀ ਗੁਰਬਾਣੀ; 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਤੇ 3 ਗੁਰਸਿੱਖਾਂ ਦਾ ਅਨੁਭਵੀ ਗਿਆਨ ਹੈ, ਜੋ ਉਸ ਨੂੰ ਉਨ੍ਹਾਂ ਨੇ ਜ਼ਿੰਦਗੀ ਦੌਰਾਨ ਮਹਿਸੂਸ ਕੀਤਾ ਹੈ, ਮਾਣਿਆ ਹੈ। ਉਨ੍ਹਾਂ ਦੇ ਪੂਰਨ ਅਨੁਭਵ ਦਾ ਬਹੁਤ ਥੋੜ੍ਹਾ ਹਿੱਸਾ ਹੀ ਦਿਮਾਗ਼ (ਸੰਸਾਰਕ ਭਾਸ਼ਾਵਾਂ) ਰਾਹੀਂ ਮਾਨਵਤਾ ਲਈ ਸ਼ਬਦ-ਗਿਆਨ (ਗੁਰਬਾਣੀ) ਬਣਿਆ ਹੈ। ਮਿਸਾਲ ਵਜੋਂ ਭਗਤ ਸੂਰਦਾਸ ਜੀ ਨੇ ਸਚਾਈ ਨੂੰ ਕੇਵਲ ਐਨਾ ਕੁ ਹੀ ਮਹਿਸੂਸ ਨਹੀਂ ਕੀਤਾ ਹੋਣਾ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ’’ (ਭਗਤ ਸੂਰਦਾਸ ਜੀ/੧੨੫੩) ਅਰਥ : ਹੇ ਮਨ ! ਹਰੀ ਤੋਂ ਬੇਮੁਖ ਹੋਏ ਬੰਦਿਆਂ ਦੀ ਸੰਗਤ ਨਾ ਕਰ ਭਾਵ ਨਾਸਤਿਕ ਬੰਦਿਆਂ ਤੋਂ ਦੂਰ ਰਹਿ। ਭਗਤ ਜੀ ਨੇ ਜ਼ਿੰਦਗੀਭਰ ਸਚਾਈ ਨੂੰ ਜੋ ਮਹਿਸੂਸ ਕੀਤਾ, ਉਸ ਵਿੱਚੋਂ ਪ੍ਰਗਟ ਹੋਏ ਇਹ ਸੰਖੇਪ ਬੋਲ; ਤਤਸਾਰ ਵਜੋਂ ਹਨ; ਇਉਂ ਹੀ ਜਿਨ੍ਹਾਂ ਤਿੰਨ ਗੁਰੂ ਸਾਹਿਬਾਨ (ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਜੀ) ਨੇ ਬਾਣੀ ਨਹੀਂ ਰਚੀ, ਉਨ੍ਹਾਂ ਨੇ ਜੋ ਸਚਾਈ ਮਹਿਸੂਸ ਕੀਤੀ ਉਹ ਵੀ ਕਲਮਬੰਦ ਨਹੀਂ। ਪਾਂਧੇ ਕੋਲ਼ ਪੜ੍ਹਨ ਜਾਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਵੀ ‘ਸਚੁ’ ਦਾ ਪੂਰਨ ਗਿਆਨ ਸੀ, ਪੂਰਨ ਰੂਹਾਨੀਅਤ ਚਾਨਣ ਸੀ, ਪਰ ਆਪ ਨੇ ਸਾਰਾ ਕਲਮਬੰਦ ਨਾ ਕੀਤਾ। ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ ਆਪ ਬਚਪਨ (ਉਮਰ 3 ਸਾਲ) ਤੋਂ ਹੀ ਬੱਚਿਆਂ ਨਾਲ਼ ਖੇਡਦੇ ਲੰਬਾ ਸਮਾਂ ਇਕਾਂਤ ਚਿੱਤ/ਧਿਆਨ ਟਿਕਾ ਕੇ ਬੈਠੇ ਰਹਿੰਦੇ ਸਨ। ਜਦ 9 ਸਾਲ ਦੀ ਉਮਰ ’ਚ ਆਪ ਨੂੰ ਜਨੇਊ ਪਾਇਆ ਜਾ ਰਿਹਾ ਸੀ ਤਦੋਂ ਵੀ ਆਪ ਨੇ ਕੇਵਲ ਇਹੀ 54 ਕੁ ਸ਼ਬਦ ਨਹੀਂ ਕਹੇ ਹੋਣੇ ‘‘ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ ਏਹੁ ਜਨੇਊ ਜੀਅ ਕਾ; ਹਈ, ਪਾਡੇ  ! ਘਤੁ ਨਾ ਏਹੁ ਤੁਟੈ; ਮਲੁ ਲਗੈ; ਨਾ ਏਹੁ ਜਲੈ ਜਾਇ ਧੰਨੁ ਸੁ ਮਾਣਸ ਨਾਨਕਾ ! ਜੋ ਗਲਿ (’) ਚਲੇ ਪਾਇ ਚਉਕੜਿ ਮੁਲਿ ਅਣਾਇਆ; ਬਹਿ ਚਉਕੈ ਪਾਇਆ ਸਿਖਾ ਕੰਨਿ ਚੜਾਈਆ (ਭਾਵ ਸਿੱਖਿਆ ਕੰਨ ਦਿੱਤੀ); ਗੁਰੁ ਬ੍ਰਾਹਮਣੁ ਥਿਆ (ਹੋ ਗਿਆ) ਓਹੁ ਮੁਆ, ਓਹੁ ਝੜਿ ਪਇਆ; ਵੇਤਗਾ (ਜਨੇਊ ਬਿਨਾਂ) ਗਇਆ ’’ (ਆਸਾ ਕੀ ਵਾਰ/ਮਹਲਾ / ਅੰਗ ੪੭੧), ਜਿਨ੍ਹਾਂ ਨੂੰ ਸੁਣ ਕੇ ਪੰਡਿਤ ਹਰਦਿਆਲ ਜੀ ਵਰਗੇ ਵਿਦਵਾਨ ਅਤੇ ਹੋਰ ਮੌਜੂਦ ਬਾਕੀ ਮਹਿਮਾਨ; ਸਿੱਖ ਨਹੀਂ ਸਜ ਗਏ ਹੋਣੇ। ਦਇਆ-ਨਰਮਦਿਲ ਕਿਵੇਂ ਹੋਣਾ ਹੈ, ਉੱਚਾ ਕਿਰਦਾਰ (ਜਤੁ) ਕਿਵੇਂ ਬਣਨਾ ਹੈ, ਜ਼ਿੰਦਗੀ ’ਚ ਸਬਰ ਸੰਤੋਖ ਕਿਵੇਂ ਆਉਣਾ ਹੈ, ਆਦਿ ਵਿਸ਼ਿਆਂ ਬਾਰੇ ਵੀ ਵਿਸਥਾਰ ਸਹਿਤ ਵਿਚਾਰ ਕੀਤੀ ਗਈ ਹੋਣੀ, ਜੋ ਕਿ ਲਿਖਤ ’ਚ ਨਹੀਂ ਭਾਵੇਂ ਕਿ ਬਾਅਦ ਵਿੱਚ ਆਪ ਜੀ ਨੇ ਇਨ੍ਹਾਂ ਸਾਰੇ ਸ਼ੰਕਿਆਂ ਨੂੰ ਹੋਰ ਸ਼ਬਦਾਂ ’ਚ ਸਪਸ਼ਟ ਵੀ ਕੀਤਾ ਹੈ।

ਗੁਰੂ ਨਾਨਕ ਸਾਹਿਬ ਜੀ ਦਾ ਧਰਮ-ਚਰਚਾ ਕਰਨ ਦਾ ਅੰਦਾਜ਼, ਉਨ੍ਹਾਂ ਅੰਦਰ ‘ਸਚੁ’ ਪ੍ਰਤੀ ਪੂਰਨ ਭਰੋਸੇ ਨੂੰ ਪ੍ਰਗਟਾਉਂਦਾ ਹੈ। ਗੁਰੂ ਜੀ ਨੇ ਆਪ ਘੱਟ ਬੋਲਿਆ ਤੇ ਰਵਾਇਤੀ ਪੂਜਾਰੀਆਂ ਪਾਸੋਂ ਧਰਮ ਬਾਰੇ ਵੱਧ ਸੁਣਿਆ; ਜਿਵੇਂ ਕਿ ਮੱਕੇ ਵਿੱਚ ਜਾ ਕੇ ਆਪਣੇ ਪੈਰ ਕਾਬੇ ਵੱਲ ਕਰ ਲਏ। ਹਰਦੁਆਰ ਵਿਖੇ ਵਿਪਰੀਤ ਦਿਸ਼ਾ ਵੱਲ ਸੂਰਜ ਨੂੰ ਪਾਣੀ ਦੇਣ ਲੱਗੇ। ਜਗਨਨਾਥ ਪੂਰੀ (ਉਡੀਸਾ) ’ਚ ਹੁੰਦੀ ਆਰਤੀ ਸਮੇਂ ਪਹੁੰਚ ਕੇ ਵੀ ਬਾਹਰ ਗੇਟ ’ਤੇ ਖੜ੍ਹੇ ਰਹੇ ਤਾਂ ਜੋ (1). ‘ਸਚੁ’ ਦੀ ਵਿਆਖਿਆ ਕਰਨ ਤੋਂ ਪਹਿਲਾਂ ਪ੍ਰਚਲਿਤ ਰਹੁ ਰੀਤਾਂ ਦਾ ਮੂਲ (ਸੰਕੀਰਨਤਾ/ਤੰਗਦਿਲੀ) ਪ੍ਰਗਟ ਹੋਵੇ ਭਾਵ ਰਵਾਇਤੀ ਧਰਮ; ਪਹਿਲਾਂ ਆਪਣਾ ਨਜ਼ਰੀਆ ਸਮਝਾ ਦੇਣ, ਜਿਨ੍ਹਾਂ ਦੇ ਉਲ਼ਟ ਗੁਰੂ ਨਾਨਕ ਸਾਹਿਬ ਜੀ ਦੀ ਹਰਕਤ ਵੇਖ, ਉਹ ਵਿਚਾਰ ਕਰਨ ਲਈ ਗੁਰੂ ਜੀ ਦੇ ਕੋਲ਼ ਪਹੁੰਚਦੇ ਰਹੇ ਸਨ। (2). ਬਹੁਤੇ ਸ਼ਰਧਾਲੂ ਵੀ ਗੁਰੂ ਜੀ ਦੀਆਂ ਵਿਪਰੀਤ ਹਰਕਤਾਂ ਨੂੰ ਵੇਖ, ਨੇੜੇ ਆ ਵਿਚਾਰ-ਵਟਾਂਦਰੇ ’ਚੋਂ ਗਹੁ ਨਾਲ਼ ਸੱਚ/ਝੂਠ ਪਰਖਣ ਯੋਗ ਹੁੰਦੇ ਸਨ। ਇੰਝ ਹੀ ਆਪ ਨੇ ਜਨੇਊ ਪਹਿਨਣ ਦੀ ਰਸਮ ਸਮੇਂ ਮਾਤਾ-ਪਿਤਾ ਰਾਹੀਂ ਬਰਾਦਰੀ ਦਾ ਇਕੱਠ ਬੁਲਵਾ ਕੇ ਆਪਣੀ ਗੱਲ ਰੱਖੀ ਵਰਨਾ ਜਨੇਊ ਪਹਿਨਣ ਨੂੰ ਤਾਂ ਪਹਿਲਾਂ ਵੀ ਫ਼ਜ਼ੂਲ ਕਹਿ ਕੇ ਆਪ ਮਨ੍ਹਾ ਕਰ ਸਕਦੇ ਸੀ।

ਸੋ ਸਦੀਵੀ ਸਥਿਰ (ਸਚੁ) ਨੂੰ ਪਛਾਣ ਕੇ ਉਸ ਵਿੱਚ ਅਭੇਦ ਹੋ ਚੁੱਕੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿ ਮਹਾਂ ਪੁਰਸ਼ਾਂ ਦੇ ਵਿਸ਼ਾਲ ਅਨੁਭਵ ਵਿੱਚੋਂ ਕਲਮਬੰਦ ਕੀਤੇ ਸੰਖੇਪ ਜਿਹੇ ਅਤਿ ਮਹੱਤਵਪੂਰਨ ਅਨੁਭਵ (ਸਬਦੁ ਗੁਰੂ) ਨੂੰ ਸਿੱਖ ਨੇ ਸਾਰੀ ਉਮਰ ਪੜ੍ਹਨਾ-ਸਮਝਣਾ ਹੈ ਤੇ ਦ੍ਰਿੜ੍ਹ ਨਿਸ਼ਚਾ ਕਰ-ਕਰ ਵਧੇ ਦਿਮਾਗ਼ੀ-ਗਿਆਨ ਵਿੱਚੋਂ, ਸਿੰਮਦੇ ਪਾਣੀ ਦੇ ਘੜੇ ਵਾਙ ਸਹਿਜੇ-ਸਹਿਜੇ ਆਪਣਾ ਰੂਹਾਨੀਅਤ ਬਲ/ਚਾਨਣ ਪਾਉਣਾ ਹੈ। ਐਸੀ ਜੀਵਨ ਘਾੜਤ ਉੱਤੇ ਤਿੰਨ ਫੁੱਲ ਪੁੰਗਰਨ ਲੱਗਦੇ ਹਨ (1). ਸ਼ਾਂਤੀ/ਅਨੰਦ (2). ਦਿਮਾਗ਼ੀ ਸਥਿਰਤਾ (3). ਆਸ਼ਾਵਾਦੀ ਸੋਚ।

(1). ਅਨੰਦ : ਪੰਜ ਕਾਮਾਦਿਕ (ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ); ਮਨ ਨੂੰ ਅਸ਼ਾਂਤ ਰੱਖਦੇ ਹਨ। ਗਿਆਨ ਇੰਦ੍ਰਿਆਂ ਵਾਲ਼ਾ ਅਨੁਭਵੀ ਰਸ ਕਸ; ਮਨ ਨੂੰ ਸ਼ਾਂਤ ਨਹੀਂ ਕਰਦਾ ਸਗੋਂ ਉਤੇਜਿਤ ਰੱਖਦਾ ਹੈ। ਇਸ ਨੂੰ ਸ਼ਾਂਤ ਕਰਨ ਲਈ ਇਹ ਨਿਸ਼ਚਾ ਹੋਣਾ ਜ਼ਰੂਰੀ ਹੈ ਕਿ ਰਸ ਕਸ; ਸਦੀਵੀ ਸਾਥੀ ਨਹੀਂ ਹਨ। ਇਸ ਜਗਿਆਸਾ ’ਚੋਂ ਉਪਜਦੀ ਗੰਭੀਰ ਸੋਚ; ਸਦੀਵੀ ਸਾਥੀ (ਸਚੁ) ਨਾਲ਼ ਪਿਆਰ ਪਵਾਉਂਦੀ ਹੈ। ਜਿਉਂ ਜਿਉਂ ‘‘ਆਦਿ ਸਚੁਹੋਸੀ ਭੀ ਸਚੁ’’ ਨਾਲ਼ ਪਿਆਰ ਵਧੇਗਾ; ਤਿਉਂ ਤਿਉਂ ਮਨ; ਸੰਸਾਰਿਕ ਪਕੜ ਨੂੰ ਢਿੱਲਾ ਕਰਦਾ ਹੈ, ਅਨੰਦ ਮਿਲਦਾ ਹੈ। ਮਿਸਾਲ ਵਜੋਂ ਇੱਕ ਕਾਮੀ ਪੁਰਸ਼; ਜੇਕਰ 10 ਵਿਆਹ ਭੀ ਕਰਾ ਲਵੇ ਤਾਂ ਵੀ ਸਰੀਰਕ ਸੰਬੰਧ ਬਣਾਉਣ ਵਾਲ਼ੀ ਚਮੜੀ (ਤ੍ਵਚਾ ਗਿਆਨ ਇੰਦ੍ਰੇ) ਦੀ ਭੁੱਖ ਨਹੀਂ ਮਰਦੀ, ਪਰ ਜੇਕਰ ਬੰਦਾ; ਕਰਤਾਰ (ਸਚੁ) ਨੂੰ ਸੱਚਾ ਸਾਥੀ ਪਹਿਚਾਣ ਲੈਂਦਾ ਹੈ ਤਾਂ ਪਰਵਾਰਿਕ ਫ਼ਰਜ਼ ਨਿਭਾਉਣ ਲਈ ਇੱਕ ਸ਼ਾਦੀ ਹੀ ਕਾਫ਼ੀ ਹੈ। ਉਹ ਅਨੰਦ ਮਾਣਦਿਆਂ ਇਹੀ ਅਰਦਾਸ ਕਰਦਾ ਹੈ ‘‘ਲਾਖ ਜਿਹਵਾ ਦੇਹੁ ਮੇਰੇ ਪਿਆਰੇ ! ਮੁਖੁ ਹਰਿ ਆਰਾਧੇ ਮੇਰਾ, ਰਾਮ  ! ’’ (ਮਹਲਾ /੭੮੦), ਸਤਿਗੁਰੂ ਜੀ ਨੇ ਇਸੇ ਜਨਮ ’ਚ ‘ਸਚੁ’ ਨੂੰ ਪਾਉਣ ਦਾ ਟੀਚਾ; ਮਨੁੱਖ ਜਾਤੀ ਲਈ ਨਿਰਧਾਰਿਤ ਕੀਤਾ ਹੈ; ਜਿਵੇਂ ਕਿ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ (ਵਾਰੀ) (ਸੋ ਪੁਰਖੁ/ਮਹਲਾ /੧੨), ਲਖ ਚਉਰਾਸੀਹ ਜੋਨਿ ਸਬਾਈ (ਸਾਰੀ) ਮਾਣਸ ਕਉ ਪ੍ਰਭਿ (ਨੇ) ਦੀਈ ਵਡਿਆਈ ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ’’ (ਮਹਲਾ /੧੦੭੫)

(2). ਦਿਮਾਗ਼ੀ ਸਥਿਰਤਾ : ਡਰ/ਚਿੰਤਾ ਅਤੇ ਦੁਬਿਧਾ; ਦਿਮਾਗ਼ ਨੂੰ ਕਦੇ ਸਥਿਰ ਨਹੀਂ ਰਹਿਣ ਦਿੰਦੇ। ਇਹ, ਕਈ ਰੂਪ ’ਚ ਜ਼ਿੰਦਗੀ ਨੂੰ ਬੇਹਾਲ ਕਰਦੇ ਹਨ; ਜਿਵੇਂ ਕਿ ਮੌਤ ਦਾ ਡਰ, ਦੁਸ਼ਮਣ ਦਾ ਡਰ, ਧਨ-ਪਦਾਰਥ ਖੁੱਸਣ ਦੀ ਚਿੰਤਾ, ਸਰੀਰਕ ਰੋਗਾਂ ਦੀ ਚਿੰਤਾ, ਪਰਵਾਰਿਕ ਸੰਬੰਧ ਕਾਇਮ ਰੱਖਣ ਦੀ ਚਿੰਤਾ, ਮਾਣ ਸਤਿਕਾਰ ਬਣਿਆ ਰਹੇ, ਦੀ ਚਿੰਤਾ। ਇਨ੍ਹਾਂ ਦਾ ਮੂਲ ਹੁੰਦੀ ਹੈ ‘ਦੁਬਿਧਾ’ ਯਾਨੀ ਕਿ ਅਸਪਸ਼ਟਤਾ, ਜੋ ਸਹੀ ਮਾਰਗ ਅਪਣਾਉਣ ’ਚ ਸਦਾ ਰੁਕਾਵਟ ਬਣਦੀ ਹੈ। ਦੁਬਿਧਾ ਹੀ ਮਨੁੱਖ ਨੂੰ ਰੱਬ ਦੀ ਹੋਂਦ ਤੋਂ ਇਨਕਾਰੀ ਬਣਾਉਂਦੀ ਹੈ। ਇਨ੍ਹਾਂ ਰੋਗਾਂ ਤੋਂ ਮੁਕਤ ਹੋਣ ਲਈ ਸਤਿਗੁਰੂ ਜੀ ਦੀ ਜੀਵਨਸ਼ੈਲੀ ਨੂੰ ਪ੍ਰੇਰਨਾ ਸਰੋਤ (ਰੋਲ ਮਾਡਲ) ਬਣਾਉਣਾ ਹੈ। ਗੁਰੂ ਰਾਮਦਾਸ ਜੀ; ਗੁਰੂ ਘਰ ਵਿੱਚ ਜਮ੍ਹਾ ਹੁੰਦੀ ਹਰ ਦਿਨ ਮਾਇਆ, ਪਦਾਰਥ, ਆਦਿ ਨੂੰ ਸ਼ਾਮ ਤੱਕ ਸੰਗਤਾਂ ਵਿੱਚ ਵੰਡ ਦਿੰਦੇ ਸਨ। ਗੁਰੂ ਅਮਰਦਾਸ ਜੀ; ਗੁਰੂ ਘਰ ਲਈ ਭੇਟ ਕੀਤਿਆਂ ਮੋਹਰਾਂ ਨੂੰ ਭੀ ਸੰਗਤਾਂ ’ਚ ਵੰਡ ਦਿੰਦੇ ਸਨ ਭਾਵ ਅਗਲੇ ਦਿਨ ਲਈ ਰਸਦ-ਪਾਣੀ ਦੀ ਕੋਈ ਚਿੰਤਾ ਨਾ ਕਰਦੇ। ਅਕਾਲ ਪੁਰਖ ਉੱਤੇ ਪੂਰਨ ਵਿਸ਼ਵਾਸ ਸੀ ਕਿ ਕੱਲ੍ਹ ਨੂੰ ਉਸ ਨੇ ਸੰਗਤਾਂ ਰਾਹੀਂ ਹੋਰ ਰਸਦ ਪਹੁੰਚਾ ਦੇਣੀ ਹੈ, ਕੋਈ ਦੁਚਿੱਤੀ ਨਹੀਂ, ਸੰਦੇਹ ਨਹੀਂ, ਦੁਬਿਧਾ ਨਹੀਂ। ਤਪੇ ਦੀ ਸਾਖੀ ਪ੍ਰਸਿੱਧ ਹੈ ਕਿ ਉਸ ਨੇ ਗੁਰੂ ਕੇ ਲੰਗਰਾਂ ਵਿੱਚ ਵੰਡੀ ਜਾਂਦੀ ਮਾਇਆ ਦੇ ਲਾਲਚ ਕਾਰਨ ਆਪਣੇ ਅਸ਼ਰਧਕ ਪੁੱਤਰ ਨੂੰ ਹੀ ਕੰਧ ਉੱਤੋਂ ਦੀ ਸੰਗਤਾਂ ’ਚ ਬੈਠਾ ਦਿੱਤਾ ਸੀ। ਇਸ ਘਟਨਾ ਬਾਰੇ ਗੁਰੂ ਰਾਮਦਾਸ ਜੀ ਦੇ ਬਚਨ ਹਨ ‘‘ਤਪਾ ਹੋਵੈ ਅੰਦ੍ਰਹੁ ਲੋਭੀ; ਨਿਤ ਮਾਇਆ ਨੋ ਫਿਰੈ ਜਜਮਾਲਿਆ ਅਗੋ ਦੇ ਸਦਿਆ, ਸਤੈ ਦੀ ਭਿਖਿਆ ਲਏ ਨਾਹੀ; ਪਿਛੋ ਦੇ ਪਛੁਤਾਇ ਕੈ, ਆਣਿ ਤਪੈ (ਨੇ) ਪੁਤੁ ਵਿਚਿ ਬਹਾਲਿਆ ਪੰਚ ਲੋਗ ਸਭਿ ਹਸਣ ਲਗੇ; ਤਪਾ ਲੋਭਿ ਲਹਰਿ ਹੈ ਗਾਲਿਆ ਜਿਥੈ ਥੋੜਾ ਧਨੁ ਵੇਖੈ; ਤਿਥੈ ਤਪਾ ਭਿਟੈ ਨਾਹੀ; ਧਨਿ ਬਹੁਤੈ ਡਿਠੈ (ਕਾਰਨ) ਤਪੈ (ਨੇ) ਧਰਮੁ ਹਾਰਿਆ ’’ (ਮਹਲਾ /੩੧੬) ਸੋ ਹਿਰਦੇ ’ਚ ਭਰੋਸਾ ਹੋਣਾ ਚਾਹੀਦਾ ਹੈ ਕਿ ਜੋ ਮੇਰੇ ਨਸੀਬ ਵਿੱਚ ਹੈ, ਉਹ ਜ਼ਰੂਰ ਮਿਲੇਗਾ, ਜੋ ਨਸੀਬ ’ਚ ਨਹੀਂ ਉਸ ਲਈ ਚਿੰਤਾ ਕਿਉਂ ਕਰਾਂ ? ਜਦ ‘ਸਚੁ’ ਉੱਤੇ ਭਰੋਸਾ ਬਣੇਗਾ, ਜੋ ਸਦੀਵੀ ਸਥਿਰ ਹੈ ਤਾਂ ਡਰ/ਚਿੰਤਾ ਤੇ ਦੁਬਿਧਾ ਨਹੀਂ ਰਹੇਗੀ; ਤਾਂ ਤੇ ਸਦੀਵੀ ਸਥਿਰ (ਸਚੁ) ਨਾਲ਼ ਜੁੜ ਕੇ ਹੀ ਦਿਮਾਗ਼; ਉਸ ਵਾਙ ਸਦੀਵੀ ਸਥਿਰ ਹੁੰਦਾ ਹੈ।

ਚਾਂਦਨੀ ਚੌਂਕ (ਦਿੱਲੀ) ਵਿਖੇ ਆਪਣਾ ਸੀਸ ਕੁਰਬਾਨ ਕਰਨ ਵਾਲ਼ੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਬੋਲ; ਮੌਤ ਦਾ ਡਰ ਦੂਰ ਕਰਦੇ ਹਨ ‘‘ਚਿੰਤਾ ਤਾ ਕੀ ਕੀਜੀਐ; ਜੋ ਅਨਹੋਨੀ ਹੋਇ ਇਹੁ ਮਾਰਗੁ ਸੰਸਾਰ ਕੋ; ਨਾਨਕ  ! ਥਿਰੁ ਨਹੀ ਕੋਇ ’’ (ਮਹਲਾ /੧੪੨੯), ਥੋੜ੍ਹੀ ਮਾਇਆ ਜਾਂ ਬਹੁਤੀ ਮਾਇਆ ਵੀ ਦਿਮਾਗ਼ ਨੂੰ ਸਥਿਰ ਨਹੀਂ ਰਹਿਣ ਦਿੰਦੀ। ਸਾਦਗੀ ’ਚ ਸ਼ਾਂਤੀ ਹੈ, ਸਥਿਰਤਾ ਹੈ। ਪੰਜਵੇਂ ਪਾਤਿਸ਼ਾਹ ਜੀ ਦੇ ਬੋਲ ਹਨ ‘‘ਜਿਸੁ ਗ੍ਰਿਹਿ (ਘਰ) ਬਹੁਤੁ; ਤਿਸੈ ਗ੍ਰਿਹਿ ਚਿੰਤਾ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ’’ (ਮਹਲਾ /੧੦੧੯), ਮਾਲਕ ਨੇ ਸਾਰੇ ਜੀਵਾਂ ਨੂੰ ਰਿਜ਼ਕ ਦੇਣਾ ਹੈ; ਜਿਵੇਂ ਕਿ ਹਾਥੀ ਨੂੰ ਬਹੁਤ ਪਾਣੀ ਚਾਹੀਦਾ ਹੈ। ਉਸ ਨੂੰ 80 ਕਿਲੋਮੀਟਰ ਦੂਰ ਤੋਂ ਪਾਣੀ ਦੀ ਗੰਧ ਲੈਣ ਵਾਲ਼ੀ ਸ਼ਕਤੀ; ਕੁਦਰਤ ਵੱਲੋਂ ਤੋਹਫ਼ੇ ’ਚ ਮਿਲੀ ਹੋਈ ਹੈ। ਹੋਰ ਜਾਨਵਰ ਵੀ ਉਸ ਦੇ ਪਿੱਛੇ ਪਿੱਛੇ ਪਾਣੀ ਤੱਕ ਪਹੁੰਚ ਜਾਂਦੇ ਹਨ। ਹਿਰਨ ਦੇ ਬੱਚੇ ਦੀਆਂ ਲੱਤਾਂ ਲੰਬੀਆਂ ਹੋਣ ਕਾਰਨ 3 ਦਿਨ ਦੀ ਉਮਰ ਤੱਕ ਖੜ੍ਹਾ ਹੋ ਕੇ ਭੱਜ ਨਹੀਂ ਸਕਦਾ। ਤਦ ਤੱਕ ਉਹ ਸੁੱਕੇ ਘਾਹ-ਫੂਸ ਵਿੱਚ ਛੁਪਿਆ ਜਿਊਂਦਾ ਰਹਿੰਦਾ ਹੈ ਭਾਵੇਂ 10 ਗਜ ’ਤੇ ਚੀਤਾ ਜਾਂ ਸ਼ੇਰਨੀ ਖੜ੍ਹੇ ਹੋਣ, ਉਨ੍ਹਾਂ ਨੂੰ ਬੱਚੇ ਦੇ ਸਰੀਰ ਵਿੱਚੋਂ ਕੋਈ ਗੰਧ ਨਹੀਂ ਆਉਂਦੀ ਜਦਕਿ ਤਿੰਨ ਦਿਨਾਂ ਬਾਅਦ ਉਸੇ ਸਰੀਰ ’ਚੋਂ ਗੰਧ ਆਉਣੀ ਸ਼ੁਰੂ ਹੋ ਜਾਂਦੀ ਹੈ। ਤਦ ਆਪਣੇ ਬਚਾ ਲਈ ਉਹ ਦੌੜਨ ਲੱਗ ਚੁੱਕਾ ਹੁੰਦਾ ਹੈ, ਇਸ ਲਈ ਧਨ-ਪਦਾਰਥ ਖੁੱਸਣ ਦੀ ਚਿੰਤਾ ਦੀ ਥਾਂ ਮਾਲਕ ’ਤੇ ਭਰੋਸਾ ਰੱਖਣਾ ਜ਼ਰੂਰੀ ਹੈ; ਜਿਵੇਂ ਕਿ ਬਚਨ ਹਨ ‘‘ਕਾਹੇ ਰੇ ਮਨ ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ’’ (ਸੋ ਦਰੁ/ਮਹਲਾ /੧੦), ਸਥਿਰ ਦਿਮਾਗ਼ ਕਰਨ ਲਈ ਤੁਰੰਤ ਸਥਿਰ ਅਕਾਲ ਪੁਰਖ ਨਾਲ਼ ਜੁੜਨਾ ਹੈ, ਜੋ ਅਸਲ ਸਾਥੀ ਹੈ ‘‘ਹਰਿ ਜਸੁ ਰੇ ਮਨਾ ਗਾਇ ਲੈ; ਜੋ ਸੰਗੀ ਹੈ ਤੇਰੋ ਅਉਸਰੁ ਬੀਤਿਓ ਜਾਤੁ ਹੈ; ਕਹਿਓ ਮਾਨ ਲੈ ਮੇਰੋ ਰਹਾਉ ’’ (ਮਹਲਾ /੭੨੭)

ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ; ਦੁਬਿਧਾ ਨੂੰ ਵੀ ਬੜਾ ਭਿਆਨਕ ਰੋਗ ਸਿੱਧ ਕਰਦੇ ਹਨ ‘‘ਦੁਬਿਧਾ ਵਿਚਿ ਬੈਰਾਗੁ ਹੋਵੀ; ਜਬ ਲਗੁ ਦੂਜੀ ਰਾਈ (ਮਹਲਾ /੬੩੫) ਭਾਵ ਜਦ ਤੱਕ ‘ਸਚੁ’ ਤੋਂ ਬਿਨਾਂ ਕਿਸੇ ਹੋਰ ਨਾਲ਼ ਰੱਤੀ ਭਰ ਵੀ ਪਿਆਰ ਹੈ, ਤਦ ਤੱਕ ‘ਸਚੁ’ ਨੂੰ ਪ੍ਰਾਪਤ ਕਰਨ ਲਈ ਹਿਰਦੇ ’ਚ ਵੈਰਾਗ (ਵਿਛੋੜੇ ਦਾ ਦੁੱਖ) ਨਹੀਂ ਉਪਜ ਸਕਦਾ ਤਾਂ ਤੇ ਸੁਚੇਤ ਰਹਿਣਾ ਹੈ ਕਿ ‘‘ਦੁਬਿਧਾ ਪੜਉ; ਹਰਿ ਬਿਨੁ ਹੋਰੁ ਪੂਜਉ; ਮੜੈ ਮਸਾਣਿ (’) ਜਾਈ ..’’ (ਮਹਲਾ /੬੩੫)

(3). ਆਸ਼ਾਵਾਦੀ ਸੋਚ : ਮਾਲਕ ਅਤੇ ਨੌਕਰ ਵਿਚਕਾਰ ਗਹਿਰਾ ਜਾਂ ਹਲਕਾ ਸੰਬੰਧ ਸਥਾਪਿਤ ਕਰਨ ਦਾ ਜ਼ਰੀਆ/ਸਾਧਨ ਬਣਦਾ ਹੈ ‘ਮਾਲਕ ਦਾ ਹੁਕਮ, ਆਦੇਸ਼’ ਕਿਉਂਕਿ ਨੌਕਰ ਕੋਲ਼ ਆਪਣੇ ਮਾਲਕ ਨੂੰ ਹੁਕਮ ਜਾਂ ਆਦੇਸ਼ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ। ਆਪਣੇ ਮਾਲਕ ਦਾ ਹੁਕਮ ਪਛਾਣ ਕੇ/ਸਮਝ ਕੇ ਨੌਕਰ; ਆਪਣੀ ਸੋਚ ਨੂੰ ਮਾਲਕ ਦੀ ਸੋਚ ਮੁਤਾਬਕ ਘੜਦਾ ਹੈ, ਬਣਾਉਂਦਾ ਹੈ। ਗੁਰਬਾਣੀ ਅਨੁਸਾਰ ਸਾਰੇ ਜੀਵ ਜੰਤ; ਕਰਤਾਰ ਦੇ ਹੁਕਮ ਵਿੱਚ ਵਿਚਰਦੇ ਹਨ, ਵਧਦੇ-ਫੁੱਲਦੇ ਹਨ ਭਾਵ ਆਪਣੀ ਅੰਸ ਵਧਾਉਂਦੇ ਹਨ। ਗੁਰਬਾਣੀ ਵਿੱਚ ਸਭ ਤੋਂ ਵਧੇਰੇ ਵਿਆਖਿਆ ਰੱਬ ਦੇ ਹੁਕਮ ਦੀ ਕੀਤੀ ਗਈ ਹੈ; ਜਿਵੇਂ ਕਿ ‘ਜਪੁ’ ਬਾਣੀ ਦੀ ਦੂਜੀ ਪਉੜੀ ’ਚ ਹੀ ‘ਹੁਕਮ’ ਦੀ ਇਉਂ ਵਿਆਖਿਆ ਹੈ ‘‘ਹੁਕਮੀ ਹੋਵਨਿ ਆਕਾਰ; ਹੁਕਮੁ ਕਹਿਆ ਜਾਈ ਹੁਕਮੀ ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ’’ (ਜਪੁ) ਅਰਥ : ਨਿਰਾਕਾਰ-ਰੱਬ ਦੇ ਹੁਕਮ ਵਿੱਚ ਸਾਰੇ ਸਰੀਰ (ਆਕਾਰ) ਬਣਦੇ ਹਨ ਤੇ ਉਨ੍ਹਾਂ ਅੰਦਰ ਜਿੰਦਾਂ-ਜਾਨਾਂ (ਜੀਅ ਭਾਵ ਆਤਮਾਵਾਂ, ਰੂਹਾਂ) ਪੈਂਦੀਆਂ ਹਨ। ਰੱਬ ਦੇ ਹੁਕਮ ਅਨੁਸਾਰ ਹੀ ਸਮਾਜ ’ਚ ਇੱਜ਼ਤ ਮਿਲਦੀ ਹੈ। ਹੁਕਮ ਵਿੱਚ ਹੀ ਲਿਖੇ ਚੰਗੇ-ਮੰਦੇ ਲੇਖ ਮੁਤਾਬਕ ਦੁੱਖ ਸੁੱਖ ਭੋਗੀਦੇ ਹਨ। ਹੁਕਮ ਵਿੱਚ ਹੀ ਕਈਆਂ ਉੱਤੇ ਮਿਹਰ ਹੁੰਦੀ ਹੈ ਭਾਵ ਉਹ ‘ਸਚੁ’ ਨਾਲ਼ ਪਿਆਰ ਪਾ ਲੈਂਦੇ ਹਨ ਤੇ ਕਈਆਂ ਨੂੰ ‘ਸਚੁ’ ਨਾਲ਼ੋਂ ਤੋੜ ਕੇ, ਨਾਸਤਿਕਾਂ ਵਾਙ ਅੰਨ੍ਹਾ ਕਰਕੇ ਆਵਾਗਮਣ ਵਿੱਚ ਘੁੰਮਾਇਆ ਜਾਂਦਾ ਹੈ। ਨਿਰਾਕਾਰ ਦੇ ਹੁਕਮ ਦੀ ਪੂਰਨ ਵਿਆਪਕਤਾ ਬਾਰੇ ਜਾਣਨਾ ਕਠਿਨ ਹੈ ਕਿ ਉਸ ਅਨੁਸਾਰ ਕੀ ਕੀ ਬਣਦਾ, ਟੁੱਟਦਾ, ਫਿਰ ਬਣਦਾ ਰਹਿੰਦਾ ਹੈ, ਪਰ ਸੰਖੇਪ ਭਾਵ ਇਹੀ ਹੈ ਕਿ ਸਾਰੇ ਹੀ ਜੀਵ-ਜੰਤ; ਮਾਲਕ ਦੇ ਹੁਕਮ ਵਿੱਚ ਹਨ। ਹੁਕਮ ਤੋਂ ਬਾਹਰ ਕੋਈ ਨਹੀਂ। ਜੋ ਇਸ ਸੂਖਮ ਰਾਜ਼ ਨੂੰ ਜਾਣ ਗਿਆ ਉਹ (ਹਰ ਕੰਮ ਦਾ ਮਹੱਤਵ ਆਪਣੇ ਉੱਤੇ ਲੈ ਕੇ) ਅਹੰਕਾਰ ਨਹੀਂ ਕਰਦਾ।

ਇਸ ਪਉੜੀ ਦੀ ਅੰਤਮ ਪੰਕਤੀ ਹੈ ‘‘ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ’’ ਇਸ ਤੋਂ ਸਾਫ਼ ਹੈ ਕਿ ਜਦ ਤੱਕ ਨੌਕਰ ਆਪਣਾ ਹੁਕਮ ਚਲਾਏਗਾ ਤਦ ਤੱਕ ਉਸ ਅੰਦਰ ਅਹੰਕਾਰ ਜਨਮ ਲੈਂਦਾ ਰਹੇਗਾ; ਜੈਸੇ ਹੀ ਆਪਣੇ ਮਾਲਕ ਨੂੰ ‘ਹੁਕਮ’ ਦਾ ਕਰਤਾ ਮੰਨੇਗਾ ਤੇ ਆਪਣੇ ਉੱਤੇ ਹਰ ਕੰਮ ਦਾ ਮਹੱਤਵ ਲੈਣਾ ਬੰਦ ਕਰੇਗਾ ਤਾਂ ਹੀ ਅਹੰਕਾਰ ਮੁਕਤ ਹੋਏਗਾ।

ਦਰਅਸਲ ‘ਜਪੁ’ ਬਾਣੀ ਦੀ ਇਸ ਦੂਜੀ ਪਉੜੀ ’ਚ ‘ਹੁਕਮ’ ਦੀ ਵਿਆਪਕ ਵਿਆਖਿਆ ਕਰਨ ਦਾ ਅਸਲ ਕਾਰਨ ਪਹਿਲੀ ਪਉੜੀ ਵਿੱਚ ਪੈਦਾ ਹੋਇਆ ਇਹ ਸਵਾਲ ਹੈ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ’’, ਜਿਸ ਦਾ ਜਵਾਬ ਸੰਖੇਪ ਮਾਤਰ ਪਹਿਲੀ ਪਉੜੀ ਦੇ ਅੰਤ ’ਚ ਵੀ ਇਉਂ ਦਿੱਤਾ ਹੈ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ ਭਾਵ ਕੂੜ ਦੀ ਕੰਧ ਢਹਿ ਢੇਰੀ ਕਰਨ ਲਈ ਰਜ਼ਾ ਦੇ ਮਾਲਕ ਦੀ ਰਜ਼ਾ ਵਿੱਚ ਵਿਚਰਦਾ ਹਾਂ, ਉੱਤੇ ਭਰੋਸਾ ਕਰਨਾ ਹੈ। ਇਹ ਰਜ਼ਾ ਜਨਮ ਤੋਂ ਬੰਦੇ ਦੇ ਨਾਲ਼-ਨਾਲ਼ ਚੱਲਦੀ ਆ ਰਹੀ ਹੈ ਭਾਵ ਸਾਰੇ ਜੀਵ-ਜੰਤ; ਜਨਮ ਤੋਂ ਰੱਬ ਦੇ ਹੁਕਮ ਵਿੱਚ ਸਨ, ਹੁਣ ਵੀ ਹਨ ਅਤੇ ਅਗਾਂਹ ਭੀ ਰਹਿਣਗੇ।

ਦੁਬਿਧਾ ਗ੍ਰਸਤ ਬੰਦੇ ਅਕਸਰ ਸਵਾਲ ਕਰਦੇ ਹਨ ਕਿ ਕੀ ਚੋਰ, ਡਾਕੂ, ਬਲਾਤਕਾਰੀ ਆਦਿਕ ਭੀ ਰੱਬ ਦੀ ਰਜ਼ਾ ਵਿੱਚ ਹੁੰਦੇ ਹਨ ? ਜਵਾਬ : ਜਦ ਕਿਸੇ ਨੂੰ ਇਹ ਸੋਝੀ ਹੋ ਜਾਵੇ ਕਿ ਮੈਂ ਰੱਬ ਦੇ ਹੁਕਮ ਵਿੱਚ ਹਾਂ, ਉਹ ਮੇਰੇ ਹਰ ਕੰਮ-ਕਾਰ ਨੂੰ ਵੇਖ ਰਿਹਾ ਹੈ ਤਾਂ ਮਨੁੱਖ ਸਹਿਜੇ ਹੀ ਬੁਰੇ ਕੰਮ ਕਰਨ ਤੋਂ ਡਰਦਾ ਹੈ; ਜਿਵੇਂ ਕਿ ਇੱਕ ਵਕੀਲ; ਕਦੇ ਲਾਲ ਬੱਤੀ ਜੰਪ ਨਹੀਂ ਕਰਦਾ ਕਿਉਂਕਿ ਉਹ, ਇਸ ਦੀ ਸਜ਼ਾ ਤੋਂ ਵਾਕਫ਼ ਹੁੰਦਾ ਹੈ। ਇਸੇ ਤਰ੍ਹਾਂ ਪ੍ਰਭੂ ਦੀ ਰਜ਼ਾ ਨੂੰ ਸਮਝ ਚੁੱਕਿਆ ਬੰਦਾ ਜੇਕਰ ਦੁਰਾਚਾਰੀ ਹੈ ਤਾਂ ਉਹ ਹੁਕਮ ਕਰਤਾ ਦੇ ਡਰ-ਅਦਬ ਕਾਰਨ ਸਦਾਚਾਰੀ ਬਣਨ ਲੱਗਦਾ ਹੈ।

ਹੁਕਮ ਦੀ ਵਿਆਪਕ ਵਿਆਖਿਆ ਵਿੱਚ ‘ਹੁਕਮ ’ਚ ਚੱਲਣ’ ਨੂੰ ਪ੍ਰਭੂ ਨੂੰ ਗਾਉਣਾ ਵੀ ਕਿਹਾ ਹੈ; ਜਿਵੇਂ ਕਿ ‘‘ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ (ਜਪੁ), ਗਾਵਨਿ ਤੁਧ ਨੋ ਇੰਦ੍ਰ ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ (ਸੋ ਦਰੁ/ਮਹਲਾ ), ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ (ਪੰਛੀ); ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫), ਇਨ੍ਹਾਂ ਸਾਰੇ ਵਾਕਾਂ ਵਿੱਚ ‘ਧਰਤੀ, ਤਾਰੇ, ਬ੍ਰਹਿਮੰਡ, ਇੰਦ੍ਰ ਆਦਿ ਦੇਵਤੇ ਅਤੇ ਹਿਰਨ, ਮੱਛੀ, ਪੰਛੀ ਆਦਿਕ ਜੀਵ-ਜੰਤ; ‘ਸਚੁ’ ਨੂੰ ਸ਼ਰਧਾਵਾਨ ਸਿੱਖ ਵਾਙ ਨਹੀਂ ਗਾਉਂਦੇ, ਨਹੀਂ ਜਪਦੇ ਬਲਕਿ ਉਸ ਦੇ ਹੁਕਮ ਵਿੱਚ ਚੱਲਦੇ ਹਨ, ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਇਹ ਉਪਦੇਸ਼ ਵੀ ਨਾਲ਼ ਹੀ ਦਰਜ ਕਰ ਦਿੱਤਾ ਕਿ ਅਸਲ ਗਾਉਣਾ ਉਨ੍ਹਾਂ ਦਾ ਹੈ, ਜੋ ਤੇਰੇ ਪ੍ਰੇਮ ਰੰਗ ਵਿੱਚ ਰੰਗੇ, ਤੈਨੂੰ ਪਸੰਦ ਆ ਜਾਂਦੇ ਹਨ; ਜਿਵੇਂ ਕਿ ‘‘ਸੇਈ ਤੁਧ ਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’ (ਜਪੁ), ਪ੍ਰੇਮ ਰੰਗ ਵਿੱਚ ਰੰਗਣ ਲਈ ‘ਸਚੁ’ ਨੂੰ ਜਾਣਨਾ ਜ਼ਰੂਰੀ ਹੈ, ਇਹ ਸਮਝ; ਪੂਰਨ ਸਤਿਗੁਰੂ ਤੋਂ ਬਿਨਾਂ ਨਹੀਂ ਮਿਲਦੀ। ਇਸ ਲਈ ਪਸ਼ੂ-ਪੰਛੀਆਂ ਵਾਙ ਅਸ਼ਰਧਕ ਬੰਦੇ ਵੀ ‘ਸਚੁ’ ਨੂੰ ਨਹੀਂ ਜਾਣ ਸਕਦੇ ਭਾਵੇਂ ਕਿ ਉਸ ਦੇ ਹੁਕਮ ਵਿੱਚ ਹੀ ਚੱਲਦੇ ਪਏ ਹਨ। ਸੋ ਰਜ਼ਾ ਦੇ ਮਾਲਕ ਦੇ ਹੁਕਮ ’ਚ ਵਿਚਰਦਿਆਂ ਆਪਣੀ ਅੰਸ ਵਧਾਉਣਾ ਹੀ ਸਫਲ ਜ਼ਿੰਦਗੀ ਨਹੀਂ ਬਲਕਿ ਹੁਕਮ ਨੂੰ ਪਛਾਣ ਕੇ ‘ਸਚੁ’ ਵਿੱਚ ਅਭੇਦ ਹੋਣਾ ਹੈ। ਹੁਕਮ ’ਚ ਚੱਲਣਾ ਅਤੇ ਹੁਕਮ ਨੂੰ ਸਮਝ ਕੇ ਹੁਕਮੀ ਨੂੰ ਪਛਾਣਨਾ; ਦੋਵਾਂ ’ਚ ਬੜਾ ਅੰਤਰ ਹੁੰਦਾ ਹੈ।

ਸੋ ਨੌਕਰ ਨੇ ਮਾਲਕ ਦੇ ਹੁਕਮ ਨੂੰ ਪਛਾਣਨਾ ਹੈ ਕਿ ਜੀਵ-ਜੰਤ, ਮਨੁੱਖ ਆਦਿਕ ਉਸ ਦੇ ਹੁਕਮ ਵਿੱਚ ਹਨ। ਮਾਲਕ ਦੀ ਸਰਬ ਵਿਆਪਕ ਜੋਤਿ ਹੀ ਰੂਹਾਨੀਅਤ ਬਲ/ਚਾਨਣ ਹੈ, ਜਿਸ ਦਾ ਉਹੀ ਲਾਭ ਲੈਂਦਾ ਹੈ, ਜੋ ਆਪਣੇ ਆਪ ਨੂੰ ਕਰਤਾਰ ਦੇ ਹੁਕਮ ਅੰਦਰ ਵਿਚਰਦਾ ਸਵੀਕਾਰ ਕੇ ਉਸ ਦੀ ਹੋਂਦ ਅਤੇ ਉਸ ਦੇ ਗੁਣਾਂ ਨੂੰ ਚੇਤੇ ਕਰ ਉਸ ਨਾਲ਼ ਪਿਆਰ ਪਾਉਂਦਾ ਹੈ ਭਾਵ ਆਪਣੇ ਅੰਦਰੋਂ ਵੇਖਦਾ ਹੈ। ਇਸ ਸਚਾਈ ਦਾ ਪ੍ਰਚਾਰ-ਪ੍ਰਸਾਰ ਕਰਨਾ ਵੀ ਹਰ ਸਿੱਖ ਦਾ ਧਰਮ ਹੈ, ਪਰ ਇਹ ਧਰਮ ਨਿਭਾਉਂਦਿਆਂ ਸਦਾ ਆਸ਼ਾਵਾਦੀ ਰਹਿਣਾ ਹੈ ਕਿਉਂਕਿ ਕੋਈ ਵੀ ਆਪ ਕੁਰਾਹੇ ਨਹੀਂ ਪਿਆ ਹੁੰਦਾ।

ਰੂਹਾਨੀਅਤ ਬਲ/ਚਾਨਣ ਨਾਲ਼ ਰੱਬੀ ਨਿਯਮਾਵਲੀ ਨੂੰ ਪਰਖ ਚੁੱਕਿਆ ਸ਼ਰਧਾਵਾਨ ਭਗਤ; ਕਿਸੇ ਨਾਲ਼ ਦਿਲੋਂ ਨਫ਼ਰਤ ਨਹੀਂ ਕਰੇਗਾ। ਆਪਣੇ ਟੀਚੇ (ਸਚੁ) ’ਤੇ ਪਹਿਰਾ ਦੇਣਾ ਤੇ ਉਸ ਦਾ ਪ੍ਰਚਾਰ-ਪ੍ਰਸਾਰ ਕਰਨਾ; ਆਪਣਾ ਅਧਿਕਾਰ ਸਮਝੇਗਾ, ਪਰ ਕਿਸੇ ਨੂੰ ਆਪਣੇ ਪਿੱਛੇ ਚਲਾਉਣ ਲਈ ਰਾਜੇ ਔਰੰਗਜ਼ੇਬ ਵਾਙ ਦਬਾਅ ਨਹੀਂ ਬਣਾਏਗਾ, ਜਹਾਂਗੀਰ ਵਾਙ ਅਪਸ਼ਬਦ (ਝੂਠ ਦੀ ਦੁਕਾਨ) ਨਹੀਂ ਬੋਲੇਗਾ। ਇਤਿਹਾਸ ’ਚ ਜ਼ਿਕਰ ਹੈ ਕਿ ਗੁਰੂ ਨਾਨਕ ਸਾਹਿਬ ਜੀ ਜਦ ਨਨਕਾਣਾ ਸਾਹਿਬ ਤੋਂ 300 ਕਿਲੋਮੀਟਰ ਦੱਖਣ-ਪੱਛਮ ’ਚ ਮੁਲਤਾਨ (ਪਾਕਿਸਤਾਨ) ਗਏ ਤਾਂ ਓਥੇ ਪਹਿਲਾਂ ਵੀ ਬਹੁਤ ਪੀਰ-ਫ਼ਕੀਰ ਮੌਜੂਦ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਅੱਗੇ ਛੰਨਾ ਦੁੱਧ ਦਾ ਭਰ ਕੇ ਲੈ ਆਂਦਾ ਤਾਂ ਜੋ ਇਹ ਸੰਕੇਤ ਦਿੱਤਾ ਜਾਵੇ ਕਿ ਇੱਥੇ ਤਾਂ ਪਹਿਲਾਂ ਹੀ ਅੱਲ੍ਹਾ ਦੀ ਬੰਦਗੀ ਕਰਨ ਵਾਲ਼ੇ ਪੀਰ-ਫ਼ਕੀਰ ਬਹੁਤ ਹਨ ਤਾਂ ਗੁਰੂ ਸਾਹਿਬ ਜੀ ਨੇ ਉਸ ਦੁੱਧ ਦੇ ਭਰੇ ਛੰਨੇ ਵਿੱਚ ਆਪਣੇ ਨੇੜਿਓਂ ਹੀ ਚੰਬੇਲੀ ਦਾ ਫੁੱਲ ਤੋੜ ਕੇ ਪਾ ਦਿੱਤਾ ਤਾਂ ਕਿ ਜਵਾਬ ਵੀ ਸੰਕੇਤਿਕ ਹੋਵੇ ਕਿ ਮੇਰਾ ਮੱਤ ਕਿਸੇ ਪੀਰ (ਦੁੱਧ) ਨੂੰ ਨੁਕਸਾਨ ਪਹੁੰਚਾਉਣ ਵਾਲ਼ਾ ਨਹੀਂ। ਇਸ ਵਿਚਾਰ ਵਟਾਂਦਰੇ ਬਾਰੇ ਭਾਈ ਗੁਰਦਾਸ ਜੀ ਦੇ ਬੋਲ ਹਨ ‘‘ਅਗੋਂ ਪੀਰ ਮੁਲਤਾਨ ਦੇ; ਦੁਧਿ ਕਟੋਰਾ ਭਰਿ ਲੈ ਆਈ ਬਾਬੇ ਕਢਿ ਕਰਿ ਬਗਲ ਤੇ; ਚੰਬੇਲੀ ਦੁਧ ਵਿਚਿ ਮਿਲਾਈ ਜਿਉ ਸਾਗਰ ਵਿਚਿ, ਗੰਗ ਸਮਾਈ ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੪) ਸੋ ਐਸੀ ਨਿਰਮਲ ਦ੍ਰਿਸ਼ਟੀ; ਕੇਵਲ ਗਿਆਨ ਇੰਦ੍ਰਿਆਂ ਦੇ ਅਨੁਭਵ ’ਚੋਂ ਨਹੀਂ ਉਪਜ ਸਕਦੀ ਤਾਹੀਓਂ ਸ਼ਰਧਾਹੀਣ ਨਾਸਤਿਕ ਬੰਦੇ ਕਦੇ ਮਾਨਵਤਾ ਲਈ ਲੰਗਰ ਲਗਾਉਂਦੇ ਜਾਂ ਪਾਣੀ ਪਿਲਾਉਂਦੇ ਨਹੀਂ ਵੇਖੇ ਗਏ। ਅਖੌਤੀ ਗੁਰੂ-ਪੀਰ, ਸੰਤ ਆਦਿ ਭੀ ਕਦੇ ਮੋਹਰਾਂ ਦੇ ਲੰਗਰ ਨਹੀਂ ਲਗਾ ਸਕਦੇ ਕਿਉਂਕਿ ਕਰਤਾਰ ਦੀ ਨਿਯਮਾਵਲੀ ’ਤੇ ਕਿਸੇ ਦਾ ਭਰੋਸਾ ਨਹੀਂ ਕਿ ਕੱਲ੍ਹ ਨੂੰ ਮਿਲੇਗਾ ਜਾਂ ਨਹੀਂ। ਆਪਣੇ ਟੀਚੇ ’ਤੇ ਪਹਿਰਾ ਦੇਣ ਵਾਲ਼ਾ ਭਗਤ; ਅਸ਼ਰਧਕ ਬੰਦੇ ਨਾਲ਼ ਜਿੱਥੇ ਮਗ਼ਜ਼ ਖਪਾਈ ਨਹੀਂ ਕਰਦਾ, ਓਥੇ ਨਾਸਤਿਕ ਬੰਦਿਆਂ ਨੇ ਸ਼ਰਧਾਵਾਨਾਂ ਉੱਤੇ ਤਰਕ ਕਰਨ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਬਣਾ ਰੱਖਿਆ ਹੁੰਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਸਪਸ਼ਟ ਕੀਤਾ ਕਿ ਮਨੁੱਖ ਕੋਲ਼ ਕੁਰਾਹੇ ਪੈਣ ਜਾਂ ਸੁਚੱਜੇ ਰਾਹ ’ਤੇ ਚੱਲਣ ਦੀ ਕੋਈ ਸਮਰੱਥਾ ਨਹੀਂ ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥ (ਜਪੁ) ਭਾਵ ਸਭ ਮਾਲਕ ਦਾ ਖੇਲ ਹੈ।  ਅੰਤ ’ਚ ਨਾਸਤਿਕਾਂ ਦੇ ਉਸ ਕੁਤਰਕ ਨੂੰ ਵਿਚਾਰਨਾ ਜ਼ਰੂਰੀ ਹੈ ਕਿ ਰੱਬ ਦਾ ਕਹਿਰ ਕੇਵਲ ਕਮਜ਼ੋਰਾਂ ਉੱਤੇ ਹੀ ਕਿਉਂ ਹੁੰਦਾ ਹੈ ?

ਜਵਾਬ : ਰੂਹਾਨੀਅਤ ਬਲ/ਚਾਨਣ ’ਚੋਂ ਉਪਜੀ ਵਿਸ਼ਾਲ ਦਿੱਬ-ਦ੍ਰਿਸ਼ਟੀ ਮੁਤਾਬਕ ਕਰਤਾਰ ਦੁਆਰਾ ਰਚੀ ਗਈ ਕੁਦਰਤ; ਇੱਕ ਬਗ਼ੀਚੀ ਹੈ। ਇਸ ਵਿੱਚ ਤਾਰੇ, ਪਹਾੜ, ਬਨਸਪਤੀ, ਪਸ਼ੂ-ਪੰਛੀ, ਮਨੁੱਖ ਜਾਤੀ ਆਦਿ; ਫੁੱਲ/ਫਲ਼ ਹਨ, ਜੋ ਕੁਦਰਤ ਦੇ ਵਿਕਾਸ ਨੂੰ ਪੀੜੀ ਦਰ ਪੀੜੀ ਅਗਾਂਹ ਵਧਾਉਂਦੇ ਰਹਿੰਦੇ ਹਨ। ਜਿਵੇਂ ਹਰ ਮਾਦਾ; ਤਾਕਤਵਰ ਨਰ ਦੇ ਬੱਚਿਆਂ ਦੀ ਮਾਂ ਬਣਨਾ ਲੋਚਦੀ ਹੈ; ਉਸੇ ਤਰ੍ਹਾਂ ਕੁਦਰਤ ਨੂੰ ਵੀ ਕਮਜ਼ੋਰ ਔਲਾਦ ਪਸੰਦ ਨਹੀਂ। ਮਿਸਾਲ ਵਜੋਂ ਬਸੰਤ ਰੁੱਤ ਵਿੱਚ ਸਭ ਤੋਂ ਵੱਧ ਫੁੱਲ; ਪੇੜ ਪੌਦਿਆਂ ’ਤੇ ਉੱਗਦੇ ਹਨ। ਉਸੇ ਸਮੇਂ ਸਭ ਤੋਂ ਵੱਧ ਤੇਜ਼ ਹਵਾਵਾਂ ਚੱਲਦੀਆਂ ਹਨ, ਜੋ ਉਨ੍ਹਾਂ ਵਿੱਚੋਂ ਬਹੁਤਾਤ ਨੂੰ ਝਾੜ ਦਿੰਦੀਆਂ ਹਨ। ਪੱਤਿਆਂ, ਟਹਿਣੀਆਂ, ਫੁੱਲ਼ਾਂ ਆਦਿਕ ’ਚ ਵੀ ਜਾਨ ਹੈ, ਜੀਵਨ ਹੈ; ਜਿਵੇਂ ਕਿ ਬਚਨ ਹਨ ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ (ਜਿੰਦ)’’ (ਭਗਤ ਕਬੀਰ/੪੭੯), ਫ਼ਸਲਾਂ ਵਿੱਚ ਵੀ ਜਿੰਦ-ਜਾਨ ਹੈ ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਕੋਇ ’’ (ਆਸਾ ਕੀ ਵਾਰ/ਮਹਲਾ /੪੭੨), ਪਰ ਜਦੋਂ ਫ਼ਸਲਾਂ ਪੱਕਣ ’ਤੇ ਹੁੰਦੀਆਂ ਹਨ, ਪੂਰੇ ਸਾਲ ’ਚ ਉਸੇ ਸਮੇਂ ਗੜੇ ਵੱਧ ਪੈਂਦੇ ਹਨ। ਭਾਰੀ ਮੀਂਹ; ਕਮਜ਼ੋਰ ਕੱਚੇ ਦਾਣਿਆਂ ਨੂੰ ਪੱਕਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੰਦਾ ਹੈ। ਵੱਡੇ ਵੱਡੇ ਤਾਰੇ; ਛੋਟੇ ਤਾਰਿਆਂ ਨੂੰ ਆਪਣੇ ਵਿੱਚ ਸਮੇਟ ਕੇ ਖ਼ਤਮ ਕਰ ਦਿੰਦੇ ਹਨ; ਇਸੇ ਤਰ੍ਹਾਂ ਬਹੁ ਗਿਣਤੀ ਕਬੀਲਾ; ਘੱਟ ਗਿਣਤੀ ਭਾਈਚਾਰੇ ਨੂੰ ਆਪਣੇ ਵਿੱਚ ਰਲ਼ਾ ਕੇ ਖ਼ਤਮ ਕਰਦਾ ਰਹਿੰਦਾ ਹੈ।

ਨਾਸਤਿਕਾਂ ਦਾ ਇਹ ਕਹਿਣਾ ਵੀ ਨਾਸਮਝੀ ਹੈ ਜਾਂ ਵਧਾ ਚੜ੍ਹਾ ਕੇ ਕਹੀ ਗੱਲ ਹੈ ਕਿ ਕਰਤਾਰ ਦਾ ਕਹਿਰ ਕੇਵਲ ਕਮਜ਼ੋਰਾਂ ਉੱਤੇ ਹੀ ਹੁੰਦਾ ਹੈ। ਅੱਜ ਤੋਂ 15 ਕਰੋੜ ਸਾਲ ਪਹਿਲਾਂ 10 ਕਰੋੜ ਸਾਲ ਤੱਕ ਜੰਗਲ਼ ਦੇ ਬਾਦਸ਼ਾਹ ਬਣੇ ਰਹੇ ਡਾਇਨਾਸੌਰ ਵਰਗੇ ਤਾਕਤਵਰ ਜਾਨਵਰਾਂ ਨੂੰ ਕੁਦਰਤ ਦੇ ਕਹਿਰ ਨੇ ਹੀ ਮਾਰਿਆ ਹੈ। ਮਾਨਵ ਜਾਤੀ ਵਿੱਚ ਅਨੇਕਾਂ ਸਮਰਾਟ ਵੀ ਜੰਗਾਂ-ਯੁੱਧਾਂ ’ਚ ਮਾਰੇ ਜਾਂਦੇ ਹਨ ਭਾਵੇਂ ਕਿ ਇਹ ਗਿਣਤੀ ਕਮਜ਼ੋਰਾਂ ਦੇ ਮੁਕਾਬਲੇ ਬਹੁਤ ਥੋੜ੍ਹੀ ਹੁੰਦੀ ਹੈ, ਪਰ ਨਸ਼ਟ ਜ਼ਰੂਰ ਹੁੰਦੇ ਹਨ; ਜਿਵੇਂ ਹਵਾ ਵੀ 1000 ਕਮਜ਼ੋਰ ਫੁੱਲਾਂ ਨੂੰ ਝਾੜਦੀ ਹੋਈ 10 ਕੁ ਤਕੜੇ ਫੁੱਲਾਂ ਨੂੰ ਵੀ ਝਾੜਦੀ ਹੈ।

ਸਵਾਲ : ਕਦੇ ਕਿਸੇ ਸ਼ੇਰ ਦੇ ਸਿੰਗ ਵੇਖੇ ਹਨ ? ਜਵਾਬ ਹੈ : ਨਹੀਂ ਕਿਉਂਕਿ ਕੁਦਰਤ ਕਦੇ ਭੀ ਹਮਲਾਵਰ ਨੂੰ ਸਿੰਗ ਨਹੀਂ ਦਿੰਦੀ। ਸ਼ਿਕਾਰ ਬਣਨ ਵਾਲ਼ੇ ਜਾਨਵਰਾਂ ਕੋਲ਼ ਹੀ ਆਪਣੀ ਸੁਰੱਖਿਆ ਲਈ ਕੁਦਰਤ ਨੇ ਵਿਸ਼ੇਸ਼ ਹਥਿਆਰ ਦਿੱਤੇ ਹਨ; ਜਿਵੇਂ ਕਿ ਹਾਥੀ ਨੂੰ ਤਾਕਤਵਾਰ ਸੁੰਡ, ਹਿਰਨ ਨੂੰ ਤੇਜ਼ ਰਫ਼ਤਾਰ, ਮੱਝ, ਗਾਂ ਆਦਿ ਨੂੰ ਸਿੰਗ; ਜੇਕਰ ਕੋਈ ਇਨ੍ਹਾਂ ਦੀ ਵਰਤੋਂ ਨਹੀਂ ਕਰਦਾ ਤਾਂ ਉਸ ਦਾ ਵੰਸ਼ ਵਧੇ, ਇਹ ਕੁਦਰਤ ਨੂੰ ਮਨਜ਼ੂਰ ਨਹੀਂ। ਖ਼ੁਦ ਦੇ ਵਜੂਦ ਨੂੰ ਕਾਇਮ ਰੱਖਣਾ ਅਤੇ ਨਿਰਬਲ ਦੀ ਮਦਦ ਕਰਨ ਲਈ ਹੀ ਗੁਰਬਾਣੀ ਅੰਦਰ ਇਹ ਬਚਨ ਦਰਜ ਕੀਤੇ ਗਏ ਹਨ ‘‘ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ (ਸਚੁ ਲਈ) ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ (ਭਗਤ ਕਬੀਰ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ (ਕੇ) ਤਲੀ; ਗਲੀ ਮੇਰੀ ਆਉ ਇਤੁ ਮਾਰਗਿ (’ਤੇ); ਪੈਰੁ ਧਰੀਜੈ ਸਿਰੁ ਦੀਜੈ; ਕਾਣਿ (ਵਿੰਗਟੇਢ) ਕੀਜੈ (ਮਹਲਾ /੧੪੧੨), ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤੁ ਬੁਰਦਨ; ਸ਼ਮਸ਼ੇਰ ਦਸਤ ੨੨’’ (ਜ਼ਫ਼ਰਨਾਮਾ/ਗੁਰੂ ਗੋਬਿੰਦ ਸਿੰਘ ਜੀ) ਅਰਥ : ਜਦ ਕਿਸੇ ਉਪਾਵ ਲਈ ਸਾਰੇ ਹੀਲੇ ਮੁੱਕ ਜਾਣ ਤਾਂ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਵਾਜ਼ਬ ਹੈ। ਚੇਤੇ ਰਹੇ ਕਿ ਸਮਾਜਿਕ ਏਕਤਾ ਕਾਇਮ ਕਰਨਾ ਵੀ ਸ਼ਿਕਾਰੀ ਦਾ ਮੁਕਾਬਲਾ ਕਰਨਾ ਹੈ, ਇਸ ਲਈ ਗੁਰਬਾਣੀ ਅੰਦਰ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਇਹ ਬਚਨ ਦਰਜ ਕੀਤੇ ਗਏ ਹਨ ‘‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ; ਚਹੁ ਵਰਨਾ ਕਉ ਸਾਝਾ (ਮਹਲਾ /੭੪੭), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ (ਮਹਲਾ /੯੭), ਏਕੁ ਪਿਤਾ ਏਕਸ ਕੇ ਹਮ ਬਾਰਿਕ (ਮਹਲਾ /੬੧੧), ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ   ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ ?’’ (ਭਗਤ ਕਬੀਰ/੧੩੪੯), ਆਦਿ।

ਇੱਥੇ ਇਹ ਸਵਾਲ ਉੱਠ ਸਕਦਾ ਹੈ ਕਿ ਕੀ ਅਕਾਲ ਪੁਰਖ; ਮਨੁੱਖਤਾ ਉੱਤੇ ਹੁੰਦੇ ਜ਼ੁਲਮ ਦੌਰਾਨ ਖ਼ਾਮੌਸ਼ ਰਹਿੰਦਾ ਹੈ ? ਜਵਾਬ ਹੈ : ਨਹੀਂ। ਗੁਰਬਾਣੀ ਦਾ ਫ਼ੁਰਮਾਨ ਹੈ ਕਿ ਜਦ ਇੱਕ ਨਾਸਤਿਕ; ਦੂਜੇ ਨਾਸਤਿਕ ਉੱਤੇ ਹਮਲਾ ਕਰਦਾ ਹੈ ਤਾਂ ਮਾਲਕ ਦੇ ਮਨ ’ਚ ਕਿਸੇ ਪ੍ਰਤੀ ਕੋਈ ਗਿੱਲਾ-ਸ਼ਿਕਵਾ ਨਹੀਂ ਹੁੰਦਾ, ਪਰ ਜੇ ਕੋਈ ਤਾਕਤਵਰ ਨਾਸਤਿਕ (ਸ਼ਿਕਾਰੀ); ਗ਼ਰੀਬ ਸ਼ਰਧਾਵਾਨ ਜਨਤਾ ਉੱਤੇ ਹਮਲਾ ਕਰਦਾ ਹੈ ਤਾਂ ਮਾਲਕ ਨੇ ਉਸ ਜ਼ੋਰਾਵਰ ਤੋਂ ਪੁੱਛ ਪੜਤਾਲ ਜ਼ਰੂਰ ਕਰਨੀ ਹੁੰਦੀ ਹੈ ਭਾਵ ਉਸ ਦੀ ਤਾਕਤ ਘਟਾ ਦੇਣੀ ਹੈ, ਆਤਮਿਕ ਮੌਤ ਮਾਰ ਦੇਣਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਕਰਤਾ  ! ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਉ ਮਾਰੇ; ਤਾ ਮਨਿ (’) ਰੋਸੁ ਹੋਈ ਰਹਾਉ ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ’’ (ਮਹਲਾ /੩੬੦)ਖਸਮੈ ਸਾ ਪੁਰਸਾਈਤੋਂ ਭਾਵ ਹੈ ਕਿ ਖ਼ਸਮ-ਮਾਲਕ ਨੇ ਉਸ ਜ਼ੋਰਾਵਰ ਤੋਂ ਜ਼ਰੂਰ ਪੁੱਛਣਾ ਹੈ ਕਿ ਤੂੰ ਐਸਾ ਧੱਕਾ ਕਿਉਂ ਕੀਤਾ ? ਫਿਰ ਸਜ਼ਾ ਵੀ ਮੁਕੱਰਰ ਹੁੰਦੀ ਹੈ।

ਇਹ ਵੀ ਸਵਾਲ ਉੱਠੇਗਾ ਕਿ ਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਕੀ ਮਾਲਕ-ਪ੍ਰਭੂ ਨੇ ਜਹਾਂਗੀਰ ਅਤੇ ਔਰੰਗਜ਼ੇਬ ਤੋਂ ਪੁੱਛ ਪੜਤਾਲ ਕੀਤੀ ? ਜਵਾਬ : ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨ; ਜਨਮ ਮਰਨ ’ਚ ਨਹੀਂ, ਉਹ ਮਾਨਵਤਾ ਨੂੰ ‘ਸਚੁ’ ਨਾਲ਼ ਜੋੜ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਕਰਨ ਲਈ 239 ਸਾਲ (1469-1708) ਲਈ ਜਗਤ ਵਿੱਚ ਰਹੇ ਸਨ; ਜਿਵੇਂ ਕਿ ਬਚਨ ਹੈ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ਜੀਅ ਦਾਨੁ ਦੇ (ਦੇ ਕੇ) ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ’’ (ਮਹਲਾ /੭੪੯), ਇਸ ਤੋਂ ਜਾਪਦਾ ਹੈ ਕਿ ਸਤਿਗੁਰੂ ਜੀ ਨੇ ਭਾਵੇਂ ਸ਼ਹੀਦੀ ਦਿੱਤੀ ਜਾਂ ਜੰਗ ਏ ਮੈਦਾਨ ਵਿੱਚ ਤਲਵਾਰ ਉਠਾਈ; ਦੋਵੇਂ ਘਟਨਾਵਾਂ ਰਾਹੀਂ ਸਿੱਖਾਂ ’ਚ ਏਕਤਾ ਕਾਇਮ ਕਰ ‘ਸਚੁ’ ਨਾਲ਼ ਜੋੜ ਕੇ ਸਮਾਜਿਕ ਹੱਕਾਂ ਲਈ ਲੜਨਾ ਸਿਖਾਉਣਾ ਸੀ, ਜਿਸ ਵਿੱਚ ਉਹ ਸਫਲ ਰਹੇ ਹਨ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਮਾਂਡ ਹੇਠ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਮਾਂਡ ਹੇਠ ਵੱਡੇ ਪੈਮਾਨੇ ’ਤੇ ਸਮਾਜਿਕ ਚੇਤਨਾ ਪੈਦਾ ਹੋਈ ਸੀ। ਜਿਸ ਦੇ ਡਰ ਕਾਰਨ ਹੀ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਨਵਰੀ 1613 ’ਚ ਸੁਣਾਈ 12 ਸਾਲ ਦੀ ਕੈਦ ਤੋਂ 6 ਸਾਲ ਪਹਿਲਾਂ (ਅਕਤੂਬਰ 1618 ਨੂੰ) ਹੀ ਗਵਾਲੀਅਰ ਦੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਸੀ ਅਤੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਰਾਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਭੇਜਿਆ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਪੜ੍ਹ ਕੇ ਔਰੰਗਜ਼ੇਬ ਨੇ ਅਫ਼ਸੋਸ ਹੀ ਨਹੀਂ ਕੀਤਾ ਬਲਕਿ ਲਾਹੌਰ ਦੇ ਸੂਬੇਦਾਰ ਮੁਨਾਇਮ ਖ਼ਾਨ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਖ਼ਤ ਵੀ ਲਿਖੇ ਸਨ ਕਿ ਤੁਸੀਂ ਗੁਰੂ ਸਾਹਿਬ ਅਤੇ ਸਿੱਖਾਂ ਉੱਤੇ ਜ਼ੁਲਮ ਗ਼ਲਤ ਕੀਤੇ ਹਨ।

ਅਕਤੂਬਰ 1706 ਨੂੰ ਔਰੰਗਜ਼ੇਬ ਨੇ ਜ਼ਫ਼ਰਨਾਮਾ ਪੜ੍ਹਿਆ, ਜਿਸ ਤੋਂ ਬਾਅਦ ਸਦਮੇ ’ਚ ਰਹਿਣ ਲੱਗਾ ਤੇ 3 ਮਾਰਚ 1707 ਨੂੰ ਮਰ ਗਿਆ। ਭਾਵੇਂ ਉਹ ਕੱਟੜ ਸੀ, ਪਰ ਆਪਣੇ ਦੀਨ ਦਾ ਪੱਕਾ ਸੀ, ਇਸ ਲਈ ਜ਼ਫ਼ਰਨਾਮੇ ’ਚ ਬਿਆਨ ਕੀਤੀ ਸਚਾਈ ਤੋਂ ਇੰਨਾ ਘਬਰਾ ਗਿਆ। ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ’ਚ ਛਿੜੀ ਜੰਗ ’ਚ ਬਹਾਦਰ ਸ਼ਾਹ ਨੇ ਗੁਰੂ ਜੀ ਤੋਂ ਸੈਨਿਕ ਮਦਦ ਮੰਗੀ ਅਤੇ ਬੰਦਾ ਸਿੰਘ ਬਹਾਦਰ ਨੇ ਪੰਜਾਬ ’ਚ ਦੁਸ਼ਮਣਾਂ ਨੂੰ ਸੋਧਾ ਲਗਾ ਕੇ ਆਪਣਾ ਰਾਜ ਸਥਾਪਿਤ ਕੀਤਾ। ਇਹ ਸਾਰੀਆਂ ਘਟਨਾਵਾਂ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਬੋਲਾਂ ‘‘ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ’’ ਮੁਤਾਬਕ ਸਹੀ ਢੁੱਕਦੀਆਂ ਹਨ।

ਸੋ ਨਾਸਤਿਕਾਂ ਦੁਆਰਾ ਸ਼ਰਧਾਵਾਨ ਬੰਦਿਆਂ ਉੱਤੇ ਕੀਤੇ ਜਾਂਦੇ ਕੁਤਰਕ ਦਾ ਆਧਾਰ; ਰੂਹਾਨੀਅਤ ਬਲ/ਚਾਨਣ ਦੀ ਅਹਿਮੀਅਤ ਨੂੰ ਨਾ ਪਛਾਣਨਾ ਹੈ, ਜੋ ਕੰਨਾਂ ਰਾਹੀਂ ਇਕਾਗਰ ਚਿੱਤ ਹੋ ਕੇ ਸੁਣੀ ਗੁਰੂ ਸਿੱਖਿਆ ’ਚੋਂ ਉਪਜਿਆ ਹੁੰਦਾ ਹੈ। ਕੇਵਲ ਦਿਮਾਗ਼ੀ ਗਿਆਨ ’ਚੋਂ ਉਪਜਦੇ ਰਸਾਂ-ਕਸਾਂ ਨੂੰ ਅਸਲ ਅਨੁਭਵ ਸਮਝ ਕੇ ਆਪਣਾ ਜੀਵਨ ਸਫਲ ਮੰਨਣਾ, ਆਪਣੇ ਆਪ ਨਾਲ਼ ਧੋਖਾ ਹੈ।