ਕੀ ਗੁਰੂ ਸਾਹਿਬ ਨੇ ਕੋਈ ਕੈਲੰਡਰ ਬਣਾਇਆ, ਸੋਧਿਆ ਜਾਂ ਲਾਗੂ ਕੀਤੈ ?

0
121

ਕੀ ਗੁਰੂ ਸਾਹਿਬ ਨੇ ਕੋਈ ਕੈਲੰਡਰ ਬਣਾਇਆ, ਸੋਧਿਆ ਜਾਂ ਲਾਗੂ ਕੀਤੈ ?

ਕਿਰਪਾਲ ਸਿੰਘ ਬਠਿੰਡਾ

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਜੇ ਗੁਰੂ ਸਾਹਿਬ ਜੀ ਨੇ ਬਿਕ੍ਰਮੀ ਕੈਲੰਡਰ ਦੀਆਂ ਚੰਦਰ ਤਿੱਥਾਂ ਦੀ ਵਰਤੋਂ ਕੀਤੀ ਹੈ ਤਾਂ ਅਸੀਂ ਇਸ ਨੂੰ ਕਿਉਂ ਛੱਡੀਏ। ਇਸ ਦਾ ਜਵਾਬ ਗੁਰਬਾਣੀ ’ਚੋਂ ਹੀ ਹੇਠ ਲਿਖੀਆਂ ਉਦਾਹਰਨਾਂ ’ਚੋਂ ਮਿਲ ਜਾਵੇਗਾ।

ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਵੇਲੇ ਭਾਰ ਤੋਲਣ ਦੀਆਂ ਇਕਾਈਆਂ ਮਣ, ਸੇਰ, ਅੱਧ ਸੇਰ, ਪਾਈਆ ਆਦਿ ਪ੍ਰਚਲਿਤ ਸਨ, ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੀ ਵਰਤੋਂ ਕੀਤੀ, ਜਿਸ ਦੀਆਂ ਹੇਠ ਲਿਖੀਆ ਕੁਝ ਉਦਾਹਰਨਾਂ ਹਨ :

ਸਾਢੇ ਤ੍ਰੈ ਮਣ ਦੇਹੁਰੀ; ਚਲੈ ਪਾਣੀ ਅੰਨਿ (ਬਾਬਾ ਫਰੀਦ ਜੀ/੧੩੮੩)

ਦੁਇ ਸੇਰ ਮਾਂਗਉ ਚੂਨਾ (ਆਟਾ) ਪਾਉ (ਪਾਈਆ) ਘੀਉ ਸੰਗਿ ਲੂਨਾ ਅਧ ਸੇਰੁ ਮਾਂਗਉ ਦਾਲੇ ਮੋ ਕਉ ਦੋਨਉ ਵਖਤ ਜਿਵਾਲੇ (ਭਗਤ ਕਬੀਰ ਜੀ/੬੫੬), ਪਰ ਅੱਜ ਕੱਲ੍ਹ ਇਨ੍ਹਾਂ ਦੀ ਥਾਂ ਗ੍ਰਾਮ, ਕਿਲੋਗ੍ਰਾਮ, ਕੁਇੰਟਲ ਆਦਿਕ ਵਰਤੇ ਜਾਂਦੇ ਹਨ।

ਲੰਬਾਈ ਮਿਣਨ ਦੀਆਂ ਇਕਾਈਆਂ ਕੋਸ, ਕਰਮ, ਹੱਥ, ਉਂਗਲਾਂ ਪ੍ਰਚਲਿਤ ਸਨ ਤਾਂ ਗੁਰਬਾਣੀ ’ਚ ਇਨ੍ਹਾਂ ਦੀ ਵਰਤੋਂ ਕੀਤੀ ਹੈ :

ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ (ਭਗਤ ਨਾਮਦੇਵ ਜੀ/੯੭੨)

ਕਰਉ ਅਢਾਈ (ਢਾਈ ਕਰਮਾ) ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ (ਮਹਲਾ /੧੩੪੪)

ਸਾਢੇ ਤੀਨਿ ਹਾਥ ਤੇਰੀ ਸੀਵਾਂ (ਭਗਤ ਰਵਿਦਾਸ ਜੀ/੬੫੯)

ਤ੍ਰੈ ਸਤ ਅੰਗੁਲ (10 ਉਂਗਲਾ) ਵਾਈ ਕਹੀਐ; ਤਿਸੁ, ਕਹੁ ਕਵਨੁ ਅਧਾਰੋ (ਮਹਲਾ /੯੪੪), ਪਰ ਅੱਜ ਕੱਲ੍ਹ ਇਨ੍ਹਾਂ ਦੀ ਥਾਂ ਮਿਲੀਮੀਟਰ, ਸੈਂਟੀਮੀਟਰ, ਮੀਟਰ, ਕਿਲੋਮੀਟਰ ਆਦਿਕ ਵਰਤੇ ਜਾਂਦੇ ਹਨ।

ਇਸੇ ਤਰ੍ਹਾਂ ਸਮਾਂ ਨਾਪਣ ਲਈ ਵਿਸੁਏ, ਚੱਸੇ, ਘੜੀ, ਪਹਿਰ, ਤਿੱਥ ਵਾਰ ਮਹੀਨੇ ਆਦਿ ਦੀਆਂ ਇਕਾਈਆਂ ਪ੍ਰਚਲਿਤ ਹੋਣ ਕਾਰਨ ਇਨ੍ਹਾਂ ਦੀ ਵਰਤੋਂ ਗੁਰਬਾਣੀ ’ਚ ਹੋਈ ਹੈ :

ਵਿਸੁਏ, ਚਸਿਆ, ਘੜੀਆ, ਪਹਰਾ; ਥਿਤੀ, ਵਾਰੀ, ਮਾਹੁ ਹੋਆ (ਸੋਹਿਲਾ/ਮਹਲਾ /੧੨), ਪਰ ਹੁਣ ਵਿਸੁਏ, ਚਸਿਆ, ਘੜੀਆ, ਪਹਰਾਂ ਦੀ ਥਾਂ  ਸਕਿੰਟ, ਮਿੰਟ, ਘੰਟੇ ਆਦਿਕ ਵਰਤੇ ਜਾਂਦੇ ਹਨ।

ਜੇ ਗੁਰਬਾਣੀ ’ਚ ਵਰਤੀਆਂ ਉਕਤ ਸਾਰੀਆਂ ਇਕਾਈਆਂ ਦੀ ਥਾਂ ਅੱਜ ਕੱਲ੍ਹ ਨਵੀਆਂ ਇਕਾਈਆਂ ਵਰਤੀਆਂ ਜਾਣ ਲੱਗ ਪਈਆਂ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਹਿਸਾਬ ਕਿਤਾਬ ਕਰਨ ’ਚ ਵੱਧ ਆਸਾਨੀ ਹੋ ਰਹੀ ਹੈ ਤਾਂ ਸਮੇਂ ਦੀਆਂ ਇਕਾਈਆਂ ਲਈ ਵਰਤੇ ਜਾਣ ਵਾਲੀਆਂ ਵੱਡੀਆਂ ਇਕਾਈਆਂ ਮਹੀਨੇ ਅਤੇ ਸਾਲ ਦੀਆਂ ਲੰਬਾਈਆ ’ਚ ਲੋੜੀਂਦੀ ਸੋਧ ਕਰਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਨਾਲ ਵੀ ਕਿਸੇ ਧਾਰਮਿਕ ਅਸੂਲ ਦੀ ਅਵੱਗਿਆ ਨਹੀਂ ਹੋਵੇਗੀ। ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦਾ ਕੁਤਰਕ ਹੈ ਕਿ ਗੁਰੂ ਸਾਹਿਬ ਜੀ ਨੇ ਆਪ ਹੀ ਮੂਲ ਸਿੱਖ ਕੈਲੰਡਰ ਸੋਧ ਕੇ ਸਥਾਪਿਤ ਕੀਤਾ ਸੀ; ਪਰ ਉਹ ਕੈਲੰਡਰ ਕਿਹੜਾ ਹੈ; ਕਦੇ ਕਿਸੇ ਨੇ ਨਹੀਂ ਵਿਖਾਇਆ। ਅਸਲ ’ਚ ਇਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ’ਚ ਦੋ ਬਾਰਹਮਾਹਾ ਅਤੇ ਤਿੰਨ ਤਿੱਥੀ ਬਾਣੀਆਂ ਦੇ ਦਰਜ ਹੋਣ ਨੂੰ ਹੀ ਗੁਰੂ ਸਾਹਿਬ ਵੱਲੋਂ ਸਥਾਪਿਤ ਕੀਤਾ ਕੈਲੰਡਰ ਦੱਸਿਆ ਜਾ ਰਿਹਾ ਹੈ; ਜੋ ਕਿ ਗਲਤ ਹੈ। ਥਿਤੀ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ’ਚ ਤਿੰਨ ਬਾਣੀਆਂ ਹਨ, ਜਿਨ੍ਹਾਂ ਦੀ ਵਿਚਾਰ ਹੇਠਾਂ ਕੀਤੀ ਜਾ ਰਹੀ ਹੈ :

ਥਿਤੀ ਸਿਰਲੇਖ ਹੇਠ ਪਹਿਲੀ ਬਾਣੀ ਗਉੜੀ ਰਾਗ ’ਚ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੈ, ਜੋ ਪਾਵਨ ਅੰਕ ੨੯੬ ਤੋਂ ੩੦੦ ਤੱਕ ਹੈ। ਇਸ ਵਿੱਚ ਤਿੱਥਾਂ ਦੀ ਤਰਤੀਬ ਏਕਮ ਤੋਂ ਲੈ ਕੇ ਮੱਸਿਆ ਅਤੇ ਮੱਸਿਆ ਤੋਂ ਬਾਅਦ ਪੂਰਨਮਾਸ਼ੀ ਤੱਕ ਹੈ।

ਗਉੜੀ ਰਾਗ ’ਚ ਹੀ ਪਾਵਨ ਅੰਕ ੩੪੩ ਤੋਂ ੩੪੪ ਉੱਪਰ ਦੂਸਰੀ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ, ਜਿਸ ਦੀ ਤਰਤੀਬ ਅੰਮਾਵਸ (ਮੱਸਿਆ) ਤੋਂ ਸ਼ੁਰੂ ਕਰਕੇ ਚਉਦਸ ਅਤੇ ਚਉਦਸ ਤੋਂ ਬਾਅਦ ਪੂਰਨਮਾਸ਼ੀ ਤੱਕ ਹੈ।

ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਭਗਤ ਕਬੀਰ ਸਾਹਿਬ ਜੀ ਬਨਾਰਸ ਦੇ ਰਹਿਣ ਵਾਲੇ ਹਨ, ਜਿੱਥੇ ਅਮੰਤਾ (ਮੱਸਿਆ ’ਤੇ ਪੂਰੇ ਹੋਣ ਵਾਲ਼ੇ) ਮਹੀਨੇ ਲਾਗੂ ਸਨ। ਇਸ ਪ੍ਰਣਾਲੀ ਅਨੁਸਾਰ ਉਨ੍ਹਾਂ ਨੇ ਮੱਸਿਆ ਤੋਂ ਮੱਸਿਆ ਦੇ ਹਿਸਾਬ ਨਾਲ ਤਿੱਥਾਂ ਨੂੰ ਤਰਤੀਬ ਦਿੱਤੀ ਹੈ ਭਾਵ ਮੱਸਿਆ ਤੋਂ ਬਾਅਦ ਸੁਦੀ ੧ ਤੋਂ ਸ਼ੁਰੂ ਕਰਕੇ ਮਹੀਨੇ ਦੇ ਅੱਧ ਵਿਚਕਾਰ ਪੂਰਨਮਾਸ਼ੀ ਤੱਕ ਤਿੱਥਾਂ ਲਿਖੀਆਂ ਹਨ, ਪਰ ਗੁਰੂ ਅਰਜਨ ਸਾਹਿਬ ਜੀ ਉੱਤਰੀ ਭਾਰਤ ’ਚ ਸਥਿਤ ਪੰਜਾਬ ਦੇ ਵਸਨੀਕ ਹਨ, ਜਿੱਥੇ ਪੂਰਨਮੰਤਾ ਮਹੀਨੇ ਦੇ ਨਿਯਮ ਭਾਵ ਪੂਰਨਮਾਸ਼ੀ ’ਤੇ ਪੂਰੇ ਹੋਣ ਵਾਲੇ ਮਹੀਨਿਆਂ ਦਾ ਨਿਯਮ ਲਾਗੂ ਹੈ, ਇਸ ਲਈ ਨਵਾਂ ਮਹੀਨਾ ਵਦੀ ੧ ਤੋਂ ਸ਼ੁਰੂ ਕਰਕੇ ਅੱਧ-ਵਿਚਕਾਰ ਮੱਸਿਆ ਹੈ ਤੇ ਪੂਰਨਮਾਸ਼ੀ ’ਤੇ ਮਹੀਨਾ ਸਮਾਪਤ ਹੁੰਦਾ ਹੈ। ਇਸ ਤੋਂ ਭਾਵ ਹੈ ਕਿ ਬਾਣੀਕਾਰਾਂ ਨੇ ਕੈਲੰਡਰ ਸਮੇਤ ਮਿਣਤੀ ਗਿਣਤੀ ਦੀਆਂ ਸਾਰੀਆਂ ਉਨ੍ਹਾਂ ਹੀ ਇਕਾਈਆਂ ਦੀ ਵਰਤੋਂ ਕੀਤੀ ਹੈ, ਜਿਹੜੀਆਂ ਉਸ ਸਮੇਂ ਸਬੰਧਿਤ ਇਲਾਕਿਆਂ ’ਚ ਪ੍ਰਚਲਿਤ ਸਨ, ਨਾ ਕਿ ਕੋਈ ਨਵਾਂ ਕੈਲੰਡਰ ਬਣਾਇਆ, ਸੋਧਿਆ ਜਾਂ ਸਥਾਪਿਤ ਕੀਤਾ ਹੈ।

ਤੀਸਰੀ ਬਾਣੀ ਬਿਲਾਵਲ ਰਾਗ ’ਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਹੈ, ਜੋ ਪਾਵਨ ਅੰਕ ੮੩੮ ਤੋਂ ੮੪੦ ਤੱਕ ਦਰਜ ਹੈ। ਇਸ ਬਾਣੀ ’ਚ ਗੁਰੂ ਸਾਹਿਬ ਜੀ ਨੇ ਗੁਰਮਤਿ ਵਿਸ਼ੇ ਨੂੰ ਏਕਮ ਤੋਂ ਅਰੰਭ ਕਰਕੇ ਚਉਦਸ ਉਪਰੰਤ ਕੇਵਲ ਅਮਾਵਸ ਹੀ ਦਰਜ ਕੀਤੀ ਹੈ। ਇਸ ਸਾਰੀ ਬਾਣੀ ’ਚ ਪੂਰਨਮਾਸ਼ੀ ਦਾ ਨਾਂ ਬਿਲਕੁਲ ਨਹੀਂ ਲਿਖਿਆ; ਤਾਂ ਫਿਰ ਕੀ ਮੰਨ ਲਿਆ ਜਾਵੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਇੱਕ ਪੱਖ ਦੇ ਹੀ ਮਹੀਨੇ ਬਣਾਏ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਸੋਧ ਅਤੇ ਵਾਧਾ ਕਰ ਪੂਰਨਮਾਸ਼ੀ ਦਰਜ ਕਰ ਦਿੱਤੀ, ਜਿਸ ਨਾਲ ਮਹੀਨਾ ਪੂਰਾ ਹੋ ਗਿਆ ? ਜਵਾਬ : ਐਸਾ ਬਿਲਕੁਲ ਨਹੀਂ। ਇਹ ਬਾਣੀਆਂ ਨਾ ਕੋਈ ਕੈਲੰਡਰ ਬਣਾਉਣ ਲਈ, ਨਾ ਕਿਸੇ ਕੈਲੰਡਰ ’ਚ ਸੋਧ ਕਰਨ ਜਾਂ ਕਿਸੇ ਕੈਲੰਡਰ ਨੂੰ ਸਥਾਪਿਤ ਕਰਨ ਲਈ ਉਚਾਰੀਆਂ ਹਨ ਬਲਕਿ ਗੁਰਮਤਿ ਵਿਸ਼ਾ ਭਾਵ ਅਕਾਲ ਪੁਰਖ ਨਾਲ ਜਾਣ ਪਛਾਣ ਕਰਵਾ ਕੇ ਉਸ ਦੀ ਯਾਦ ’ਚ ਜੋੜਨ ਦੇ ਮਕਸਦ ਨਾਲ ਵੈਸੇ ਹੀ ਉਚਾਰੀਆਂ ਗਈਆਂ ਹਨ; ਜਿਵੇਂ ਬਾਵਨ ਅੱਖਰੀ, ਪਟੀ ਬਾਣੀਆਂ ਉਚਾਰੀਆਂ ਗਈਆਂ ਹਨ।

‘‘ਰਾਗੁ ਆਸਾ ਮਹਲਾ ਪਟੀ ਲਿਖੀ’’ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖੀ ਅੱਖਰਾਂ ਦੀ, ਜੋ ਤਰਤੀਬ ਲਿਖੀ ਹੈ ਕੀ ਅਸੀਂ ਅੱਜ ਉਹੀ ਤਰਤੀਬ ਵਰਤ ਰਹੇ ਹਾਂ ਜਾਂ ਵੱਖਰੀ ਹੈ ? ਕੀ ਪੈਂਤੀ ਅੱਖਰਾਂ ਦੀ ਤਰਤੀਬ ਬਦਲਣ ਨਾਲ ਜਾਂ ਗਿਣਤੀ ਮਿਣਤੀ ਅਤੇ ਭਾਰ ਆਦਿ ਦੀਆਂ ਨਵੀਆਂ ਇਕਾਈਆਂ ਵਰਤਣ ਨਾਲ ਗੁਰਮਤਿ ਦੇ ਕਿਸੇ ਸਿਧਾਂਤ ਦੀ ਅਵੱਗਿਆ ਹੋ ਰਹੀ ਹੈ ? ਜੇਕਰ ਨਹੀਂ ਤਾਂ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਇੱਕ ਸਮਾਨ ਵੰਡ ਕਰਨ ਅਤੇ ਸਾਲ ਦੀ ਲੰਬਾਈ; ਸਾਰੀ ਦੁਨੀਆਂ ’ਚ ਪ੍ਰਚਲਿਤ ਸਾਂਝੇ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਸਮਾਨ ਕਰਨ ਨਾਲ ਕਿਹੜੀ ਅਵੱਗਿਆ ਹੋ ਜਾਣੀ ਹੈ ? ਜਿਸ ਤਰ੍ਹਾਂ ਬਾਕੀ ਦੀਆਂ ਸਾਰੀਆਂ ਇਕਾਈਆਂ ਦੀ ਥਾਂ ਐੱਮ.ਕੇ.ਐੱਸ. ਇਕਾਈਆਂ ਲਾਗੂ ਕਰਨ ਨਾਲ ਹਿਸਾਬ ਕਿਤਾਬ ਕਰਨਾ ਸੁਖਾਲਾ ਹੁੰਦਾ ਹੈ, ਉਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਯਾਦ ਰੱਖਣੀਆਂ ਅਤੇ ਇੱਕ ਦੂਸਰੀ ਪੱਧਤੀ ’ਚ ਤਬਦੀਲ ਕਰਨਾ ਅਤਿ ਸੁਖਾਲਾ ਹੈ; ਜਿਵੇਂ ਕਿ ਵੈਸਾਖੀ, 1469 ’ਚ 27 ਮਾਰਚ ਨੂੰ, 1699 ’ਚ 29 ਮਾਰਚ ਨੂੰ ਅਤੇ ਅੱਜ ਕੱਲ੍ਹ 13/14 ਅਪ੍ਰੈਲ ਨੂੰ ਆ ਰਹੀ ਹੈ। ਐਸਾ ਹੀ ਚਲਦਾ ਰਿਹਾ ਤਾਂ 3000 ਸੀਈ ’ਚ 27 ਅਪ੍ਰੈਲ ਨੂੰ ਆਵੇਗੀ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਕੇਵਲ 1500 ਕੁ ਸਾਲਾਂ ’ਚ ਹੀ ਇੱਕ ਮਹੀਨੇ ਦਾ ਫ਼ਰਕ ਪੈ ਜਾਏਗਾ। ਨਾਨਕਸ਼ਾਹੀ ਕੈਲੰਡਰ ’ਚ ਜੋ ਅੰਤਰ 1699 ਸੀਈ ਤੱਕ ਬਿਕ੍ਰਮੀ ਕੈਲੰਡਰ ਦੀ ਵਜ੍ਹਾ ਨਾਲ ਪੈ ਗਿਆ, ਸੁ ਪੈ ਗਿਆ ਪਰ ਭਵਿੱਖ ’ਚ ੧ ਵੈਸਾਖ ਹਮੇਸ਼ਾਂ 14 ਅਪ੍ਰੈਲ ਨੂੰ ਆਇਆ ਕਰੇਗਾ, ਜਿਸ ਨਾਲ ਹਰ ਸਾਲ ਤਾਰੀਖ਼ਾਂ ਬਦਲਣ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਗਈ ਹੈ।

ਫਿਰ ਕਿਸ ਆਧਾਰ ’ਤੇ ਦਾਅਵਾ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਸੋਧ ਕੇ ਸਿੱਖ ਕੈਲੰਡਰ ਲਾਗੂ ਕੀਤਾ, ਜੋ ਬਦਲਿਆ ਨਹੀਂ ਜਾ ਸਕਦਾ। ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਸਾਹਿਬਾਨ ਨੇ ਕੋਈ ਕੈਲੰਡਰ ਸੋਧਿਆ ਜਾਂ ਸਥਾਪਿਤ ਨਹੀਂ ਕੀਤਾ ਬਲਕਿ ਪ੍ਰਚਲਿਤ ਇਕਾਈਆਂ ਨੂੰ ਮਿਸਾਲ ਬਣਾ ਗੁਰਮਤਿ ਸਿਧਾਂਤ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ। ਇਨ੍ਹਾਂ ਮਿਸਾਲਾਂ ’ਚ, ਲੋਕਧਾਰਾ ਦੇ ਹਰ ਉਸ ਵਾਕ/ਕਾਵਿ ਨੂੰ ਵਰਤਿਆ, ਜੋ ਆਮ ਪ੍ਰਚਲਿਤ ਸਨ ਤੇ ਹਰ ਇੱਕ ਦੀ ਜਬਾਨ ’ਤੇ ਚੜ੍ਹੇ ਹੋਣ ਕਾਰਨ ਅਕਸਰ ਇਨ੍ਹਾਂ ਨੂੰ ਲੋਕ ਗਾਉਂਦੇ ਰਹਿੰਦੇ ਸਨ।

ਗੁਰਬਾਣੀ ਵਰਤੇ ਗਏ ਲੋਕ ਕਾਵਿ ਹਨ – ਅਲਾਹਣੀਆਂ (ਮਰ ਚੁੱਕੇ ਪ੍ਰਾਣੀ ਦੀ ਯਾਦ ’ਚ ਸ਼ਲਾਘਾ ਦਾ ਗੀਤ ਹੈ); ਆਰਤੀ (ਇਸ਼ਟ ਦੇਵ ਦੀ ਮਹਿਮਾ ਅਤੇ ਪੂਜਾ ਲਈ ਵਰਤੀ ਜਾਂਦੀ ਲੈਅ); ਅੰਜੁਲੀ (ਬੇਨਤੀ ਦੇ ਬੋਲਾਂ ਦਾ ਗੀਤ); ਸਦੁ (ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਪੇਂਡੂ ਲੋਕਾਂ ਦਾ ਪਿਆਰਾ ਗੀਤ); ਸੋਹਿਲਾ (ਖੁਸ਼ੀ ਦੇ ਗੀਤ); ਕਰਹਲੇ (ਊਠਵਾਨਾਂ ਦੀ ਇੱਕ ਗੀਤ ਗਾਉਣ ਦੀ ਧਾਰਨਾ); ਕਾਫ਼ੀ (ਸੂਫ਼ੀਆਂ ਦਾ ਪ੍ਰੇਮ-ਗੀਤ); ਘੋੜੀਆਂ (ਵਿਆਹ ਸਮੇਂ ਲਾੜੇ ਵੱਲੋਂ ਘੋੜੀ ਉੱਤੇ ਚੜ੍ਹਨ ਸਮੇਂ ਭੈਣਾਂ ਵੱਲੋਂ ਗਾਏ ਜਾਣ ਵਾਲੇ ਖੁਸ਼ੀ ਦੇ ਗੀਤ), ਆਦਿ। ਇਸੇ ਤਰ੍ਹਾਂ ਥਿਤੀ ਸਿਰਲੇਖ ਹੇਠ ਤਿੰਨ ਅਤੇ ਬਾਰਹ ਮਾਹਾ ਸਿਰਲੇਖ ਹੇਠ ਦੋ ਬਾਣੀਆਂ, ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹਨ। ਥਿਤੀ ਨਾਮ ਦੀਆਂ ਤਿੰਨੇ ਬਾਣੀਆਂ ’ਚ ਕੈਲੰਡਰ ਨਾਲ ਸਬੰਧਿਤ ਕੋਈ ਸੰਕੇਤ ਨਹੀਂ ਮਿਲਦਾ। ਇਨ੍ਹਾਂ ਰਾਹੀਂ ਕੇਵਲ ਤਿੱਥਾਂ ਦੀ ਮਿਸਾਲ ਦੇ ਕੇ ਪ੍ਰਭੂ ਦੇ ਸੁਭਾਅ ਅਤੇ ਗੁਣਾਂ ਦਾ ਵਰਣਨ ਕੀਤਾ ਹੈ; ਜਿਵੇਂ ਕਿ

ਏਕਮ, ਏਕੰਕਾਰੁ ਨਿਰਾਲਾ ਅਮਰੁ ਅਜੋਨੀ ਜਾਤਿ ਜਾਲਾ ਅਗਮ ਅਗੋਚਰੁ ਰੂਪੁ ਰੇਖਿਆ ਖੋਜਤ ਖੋਜਤ; ਘਟਿ ਘਟਿ ਦੇਖਿਆ ਜੋ ਦੇਖਿ ਦਿਖਾਵੈ; ਤਿਸ ਕਉ ਬਲਿ ਜਾਈ ਗੁਰ ਪਰਸਾਦਿ, ਪਰਮ ਪਦੁ ਪਾਈ (ਥਿਤੀ ਮਹਲਾ /੮੩੯) ਅਰਥ : ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ’ਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤ ਨਹੀਂ, ਉਸ ਨੂੰ ਕੋਈ (ਮਾਇਅਕ) ਬੰਧਨ ਨਹੀਂ (ਵਿਆਪਦਾ)। ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ, ਕਿਉਂਕਿ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ, ਪਰ ਖੋਜ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ’ਚ ਵੇਖ ਸਕੀਦਾ ਹੈ। ਮੈਂ ਉਸ (ਗੁਰੂ) ਤੋਂ ਸਦਕੇ ਹਾਂ, ਜੋ (ਹਰ ਸਰੀਰ ’ਚ ਪ੍ਰਭੂ ਨੂੰ ਆਪ) ਵੇਖ ਕੇ (ਹੋਰਾਂ ਨੂੰ) ਵਿਖਾ ਦੇਂਦਾ ਹੈ (ਕਿਉਂਕਿ ਉਸੇ) ਗੁਰੂ ਦੀ ਕਿਰਪਾ ਨਾਲ (ਹਰ ਸਰੀਰ ’ਚ ਉਸ ਦਾ ਦਰਸ਼ਨ ਕਰਨ ਦੀ) ਉੱਚੀ ਤੋਂ ਉੱਚੀ ਪਦਵੀ ਮੈਂ ਪ੍ਰਾਪਤ ਕਰ ਸਕਦਾ ਹਾਂ।

ਦੁਤੀਆ, ਦੁਰਮਤਿ ਦੂਰਿ ਕਰਿ; ਗੁਰ ਸੇਵਾ ਕਰਿ ਨੀਤ ਰਾਮ ਰਤਨੁ ਮਨਿ ਤਨਿ ਬਸੈ; ਤਜਿ ਕਾਮੁ ਕ੍ਰੋਧੁ ਲੋਭੁ ਮੀਤ ਮਰਣੁ ਮਿਟੈ, ਜੀਵਨੁ ਮਿਲੈ; ਬਿਨਸਹਿ ਸਗਲ ਕਲੇਸ ਆਪੁ ਤਜਹੁ, ਗੋਬਿੰਦ ਭਜਹੁ; ਭਾਉ ਭਗਤਿ ਪਰਵੇਸ ਲਾਭੁ ਮਿਲੈ, ਤੋਟਾ ਹਿਰੈ, ਹਰਿ ਦਰਗਹ ਪਤਿਵੰਤ ਰਾਮ ਨਾਮ ਧਨੁ ਸੰਚਵੈ; ਸਾਚ ਸਾਹ ਭਗਵੰਤ ਊਠਤ ਬੈਠਤ ਹਰਿ ਭਜਹੁ; ਸਾਧੂ ਸੰਗਿ ਪਰੀਤਿ ਨਾਨਕ  ! ਦੁਰਮਤਿ ਛੁਟਿ ਗਈ; ਪਾਰਬ੍ਰਹਮ ਬਸੇ ਚੀਤਿ () (ਥਿਤੀ ਮਹਲਾ /੨੯੭) ਅਰਥ : (ਹੇ ਭਾਈ !) ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹਿ, (ਤੇ ਆਪਣੇ ਅੰਦਰੋਂ) ਖੋਟੀ ਮੱਤ ਕੱਢ ਦੇਹ। ਹੇ ਮਿੱਤਰ  ! (ਮਨ ’ਚੋਂ) ਕਾਮ ਕ੍ਰੋਧ ਲੋਭ ਦੂਰ ਕਰ, (ਜੋ ਐਸਾ ਕਰਦਾ ਹੈ ਉਸ ਦੇ) ਮਨ ’ਚ ਰਤਨ (ਵਰਗਾ ਕੀਮਤੀ) ਪ੍ਰਭੂ-ਨਾਮ ਆ ਵਸਦਾ ਹੈ। (ਇਸ ਲਈ) ਹਉਮੈ ਦੂਰ ਕਰੋ ਤੇ ਪਰਮਾਤਮਾ ਦਾ ਭਜਨ ਕਰੋ। (ਜੋ ਐਸਾ ਕਰਦਾ ਹੈ ਉਸੇ ਨੂੰ) ਆਤਮਕ ਜੀਵਨ ਮਿਲਦਾ ਹੈ, (ਸੁਚੱਜਾ ਪਵਿਤ੍ਰ) ਜੀਵਨ ਮਿਲਦਾ ਹੈ, ਸਰੀਰਕ ਮੌਤ ਦਾ ਡਰ ਮਿਟ ਜਾਂਦਾ ਹੈ; ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ, ਉਸ ਅੰਦਰ ਪ੍ਰਭੂ-ਪ੍ਰੇਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਆ ਵੱਸਦੀ ਹੈ। ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ-ਧਨ ਇਕੱਤਰ ਕਰਦਾ ਹੈ, ਉਹ ਸਾਰੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਸਦਾ ਲਈ ਸ਼ਾਹੂਕਾਰ ਬਣ ਜਾਂਦੇ ਹਨ, (ਰੂਹਾਨੀਅਤ ਦਾ ਉਨ੍ਹਾਂ ਅੰਦਰ) ਵਾਧਾ ਹੀ ਵਾਧਾ ਹੁੰਦਾ ਜਾਂਦਾ ਹੈ, ਅੰਦਰੋਂ ਘਾਟ ਨਿਕਲ ਜਾਂਦੀ ਹੈ, ਉਹ ਰੱਬੀ ਦਰਗਾਹ ’ਚ ਇੱਜ਼ਤ ਪਾਉਂਦੇ ਹਨ। ਤਾਂ ਤੇ ਉਠਦਿਆਂ ਬੈਠਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰੋ ਤੇ ਗੁਰੂ ਦੀ ਸੰਗਤ ਰਾਹੀਂ ਪ੍ਰੇਮ ਪੈਦਾ ਕਰੋ। ਹੇ ਨਾਨਕ ! (ਜਿਨ੍ਹਾਂ ਨੇ ਐਸਾ ਕੀਤਾ ਉਨ੍ਹਾਂ ਦੀ) ਖੋਟੀ ਮਤ ਮੁੱਕ ਗਈ, ਪਰਮਾਤਮਾ ਦੀ ਯਾਦ ਸਦਾ ਲਈ ਉਸ ਦੇ ਚਿੱਤ ’ਚ ਆ ਵਸੀ।

ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ਆਨਦ ਮੂਲ ਪਰਮ ਪਦੁ ਪਾਵੈ ਸਾਧ ਸੰਗਤਿ ਉਪਜੈ ਬਿਸ੍ਵਾਸ ਬਾਹਰਿ ਭੀਤਰਿ ਸਦਾ ਪ੍ਰਗਾਸ (ਥਿਤੀ ਕਬੀਰ ਜੀਉ/੩੪੩) ਅਰਥ : (ਪ੍ਰਭੂ ਦੀ ਬੰਦਗੀ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨੇ ਗੁਣਾਂ ਨੂੰ ਇੱਕ ਸਮਾਨ ਰੱਖਦਾ ਹੈ ਭਾਵ ਇਨ੍ਹਾਂ ’ਚ ਨਹੀਂ ਡੋਲਦਾ ਕਿਉਂਕਿ) ਉਹ ਸਰਬੋਤਮ ਪਦ (ਚੌਥੀ ਅਵਸਥਾ) ਹਾਸਲ ਕਰ ਲੈਂਦਾ ਹੈ, ਜੋ ਅਨੰਦ ਦਾ ਸੋਮਾ ਹੈ; ਸਤਿਸੰਗ ਨਾਲ਼ ਉਸ ਅੰਦਰ ਇਹ ਦਿੜ੍ਹਤਾ ਆ ਜਾਂਦੀ ਹੈ ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਹੀ ਹੈ॥੪॥

ਅਮਾਵਸਿਆ, ਚੰਦੁ ਗੁਪਤੁ ਗੈਣਾਰਿ (ਅਕਾਸ਼ ) ਬੂਝਹੁ ਗਿਆਨੀ ਸਬਦੁ ਬੀਚਾਰਿ (ਕੇ) ਸਸੀਅਰੁ ਗਗਨਿ (); ਜੋਤਿ ਤਿਹੁ ਲੋਈ ਕਰਿ ਕਰਿ ਵੇਖੈ ਕਰਤਾ ਸੋਈ ਗੁਰ ਤੇ ਦੀਸੈ; ਸੋ ਤਿਸ ਹੀ ਮਾਹਿ ਮਨਮੁਖਿ ਭੂਲੇ ਆਵਹਿ ਜਾਹਿ ੧੯  (ਬਿਲਾਵਲੁ ਥਿਤੀ ਮਹਲਾ /੮੪੦) ਅਰਥ : ਹੇ ਭਾਈ ! (ਜਿਸ ਤਰ੍ਹਾਂ) ਮੱਸਿਆ ਨੂੰ ਆਕਾਸ਼ ’ਚ ਚੰਦ ਗੁਪਤ ਰਹਿੰਦਾ ਹੈ (ਵੈਸੇ ਹੀ ਪਰਮਾਤਮਾ ਗੁਪਤ ਰੂਪ ’ਚ ਸਰਬ ਵਿਆਪਕ ਹੈ)। ਹੇ ਜਗਿਆਸੂ ਬੰਦੇ ! ਗੁਰੂ ਸ਼ਬਦ ਨੂੰ ਮਨ ’ਚ ਵਸਾ ਕੇ (ਹੀ ਇਹ ਰਾਜ਼) ਸਮਝਿਆ ਜਾ ਸਕਦਾ ਹੈ। (ਜਿਸ ਤਰ੍ਹਾਂ ਮੱਸਿਆ ਨੂੰ) ਚੰਦ੍ਰਮਾ (ਭਾਵੇਂ  ਵਿਖਾਈ ਨਾ ਦੇਵੇ ਪਰ) ਆਕਾਸ਼ ’ਚ ਜ਼ਰੂਰ ਹੁੰਦਾ ਹੈ, (ਵੈਸੇ ਹੀ ਰੱਬੀ) ਜੋਤਿ (ਭਾਵੇਂ ਵਿਖਾਈ ਨਾ ਦੇਵੇ, ਪਰ) ਤਿੰਨੇ ਲੋਕਾਂ ’ਚ (ਜੀਵਨ-ਸੱਤਾ ਦੇ ਰਹੀ ਹੈ)। ਉਹ ਕਰਤਾਰ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰ ਕੇ (ਸਭ ਦੀ) ਸੰਭਾਲ ਕਰ ਰਿਹਾ ਹੈ। ਜਿਸ ਨੂੰ ਗੁਰੂ ਪਾਸੋਂ ਇਹ ਸੂਝ ਹੋ ਗਈ, ਉਹ ਆਪਣੇ ਆਪ ਨੂੰ ਭੀ ਪਰਮਾਤਮਾ ’ਚ ਲੀਨ ਕਰ ਲੈਂਦਾ ਹੈ ਜਦਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਾਸਤਿਕ ਮਨੁੱਖ ਕੁਰਾਹੇ ਪੈ ਪੈ ਕੇ ਜਨਮ ਮਰਨ ਦੇ ਗੇੜ ’ਚ ਪਏ ਰਹਿੰਦੇ ਹਨ।

ਪੂਰਨਮਾ, ਪੂਰਨ ਪ੍ਰਭ ਏਕੁ; ਕਰਣ ਕਾਰਣ ਸਮਰਥੁ ਜੀਅ ਜੰਤ ਦਇਆਲ ਪੁਰਖੁ; ਸਭ ਊਪਰਿ ਜਾ ਕਾ ਹਥੁ ਗੁਣ ਨਿਧਾਨ ਗੋਬਿੰਦ ਗੁਰ; ਕੀਆ ਜਾ ਕਾ ਹੋਇ ਅੰਤਰਜਾਮੀ ਪ੍ਰਭੁ ਸੁਜਾਨੁ; ਅਲਖ ਨਿਰੰਜਨ ਸੋਇ ਪਾਰਬ੍ਰਹਮੁ ਪਰਮੇਸਰੋ; ਸਭ ਬਿਧਿ ਜਾਨਣਹਾਰ ਸੰਤ ਸਹਾਈ ਸਰਨਿ ਜੋਗੁ; ਆਠ ਪਹਰ ਨਮਸਕਾਰ ਅਕਥ ਕਥਾ ਨਹ ਬੂਝੀਐ; ਸਿਮਰਹੁ ਹਰਿ ਕੇ ਚਰਨ ਪਤਿਤ ਉਧਾਰਨ ਅਨਾਥ ਨਾਥ; ਨਾਨਕ  ! ਪ੍ਰਭ ਕੀ ਸਰਨ ੧੬ (ਗਉੜੀ ਥਿਤੀ ਮਹਲਾ /੩੦੦) ਅਰਥ : ਕੇਵਲ ਪਰਮਾਤਮਾ ਹੀ ਸਭ ਗੁਣ ਸੰਪੰਨ ਹੈ, ਜਗਤ ਦਾ ਮੁੱਢ ਹੈ ਤੇ ਸਭ ਕਲਾ ਸਮਰੱਥ ਹੈ। ਉਹ ਅਕਾਲ ਪੁਰਖ ਸਭ ਜੀਵਾਂ ਉੱਤੇ ਮਿਹਰਵਾਨ ਰਹਿੰਦਾ ਹੈ, ਸਭ ਉੱਤੇ ਉਸ (ਦੀ ਸਹਾਇਤਾ) ਦਾ ਹੱਥ ਹੈ। ਉਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਸਾਰੀ ਸ੍ਰਿਸ਼ਟੀ ਦਾ ਪਾਲਕ ਹੈ। ਸਭ ਤੋਂ ਵੱਡਾ ਹੈ। ਸਭ ਕੁਝ ਉਸੇ ਅਨੁਸਾਰ ਵਾਪਰਦਾ ਹੈ। ਸਭ ਦੇ ਦਿਲ ਦੀ ਜਾਣਨਹਾਰ ਹੈ। ਸਿਆਣਾ ਹੈ। ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਸਭ ਦਾ ਮਾਲਕ ਹੈ। (ਜੀਵਾਂ ਦੇ ਭਲੇ ਦਾ) ਹਰ ਢੰਗ ਜਾਣਨਹਾਰ ਹੈ। ਸੰਤਾਂ ਦਾ ਰਾਖਾ ਹੈ। ਸ਼ਰਨ ਆਏ ਦੀ ਸਹਾਇਤਾ ਕਰਨਜੋਗ ਹੈ। ਉਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਉਸ ਦਾ ਪੂਰਨ ਸਰੂਪ ਸਮਝਿਆ ਨਹੀਂ ਜਾ ਸਕਦਾ। (ਹੇ ਭਾਈ !) ਉਸ ਨੂੰ ਅੱਠੇ ਪਹਰ ਨਮਸ਼ਕਾਰ ਕਰ।  ਉਸ ਦੇ ਚਰਨਾਂ ਦਾ ਧਿਆਨ ਧਰ ਕਿਉਂਕਿ ਉਹੀ (ਵਿਕਾਰਾਂ ’ਚ) ਡਿੱਗੇ ਬੰਦਿਆਂ ਨੂੰ ਬਚਾਣ ਵਾਲਾ ਹੈ, ਨਿਖਸਮਿਆਂ ਦਾ ਖਸਮ ਹੈ ਤਾਂ ਤੇ ਉਸੇ ਦਾ ਆਸਰਾ ਲੈ।

ਸੋ ਉਕਤ ਤਿੰਨੇ ਹੀ ਥਿਤੀ ਬਾਣੀਆਂ ਨੂੰ ਸੰਖੇਪ ’ਚ ਵਾਚਣ ਨਾਲ਼ ਸਪਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਦਾ ਸਬੰਧ; ਕੈਲੰਡਰ ਜਾਂ ਕੈਲੰਡਰ ਦੀ ਬਣਤਰ ਨਾਲ ਬਿਲਕੁਲ ਭੀ ਨਹੀਂ। ਜਿਸ ਤਰ੍ਹਾਂ ਲੰਬੀਆਂ ਬਾਣੀਆਂ ’ਚ ਕਈ ਮਿਸਾਲਾਂ ਦੇ ਕੇ ਪ੍ਰਭੂ ਦੇ ਗੁਣਾਂ ਨਾਲ਼ ਜਾਣ ਪਛਾਣ ਕਰਵਾਈ ਜਾਂਦੀ ਹੈ; ਵੈਸੇ ਹੀ ਇਨ੍ਹਾਂ ਥਿਤੀ ਬਾਣੀਆਂ ’ਚ ਥਿਤਾਂ ਨੂੰ ਮਿਸਾਲ ਵਜੋਂ ਵਰਤਿਆ ਗਿਆ ਹੈ ਤਾਂ ਜੋ ਪ੍ਰਕਿਰਤਿਕ ਹਵਾਲਿਆਂ ਨਾਲ਼ ਸਹਿਜੇ ਹੀ ਧਰਮ ਦੇ ਗਹਿਰੇ ਰਾਜ਼ ਪਕੜ ’ਚ ਆ ਸਕਣ।

ਬਾਰਹ ਮਾਹਾ : ਬਾਰ੍ਹਾਂ ਮਹੀਨਿਆਂ ਵਿੱਚੋਂ ਹਰ ਇੱਕ ਮਹੀਨੇ ਅਤੇ ਉਸ ਦੇ ਮੌਸਮੀ ਅਸਰ ਨੂੰ ਆਧਾਰ ਬਣਾ ਕੇ ਗੁਰਮਤਿ ਸੰਦੇਸ਼ ਨੂੰ ਉਜਾਗਰ ਕਰਨ ਵਾਲੀ ਰਚਨਾ ਹੀ ‘ਬਾਰਹ ਮਾਹਾ’ ਕਹਾਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ’ਚ ਤੇ ਗੁਰੂ ਅਰਜਨ ਸਾਹਿਬ ਜੀ ਨੇ ਮਾਝ ਰਾਗ ’ਚ ‘ਬਾਰਹ ਮਾਹਾ’ ਬਾਣੀ ਰਚੀ ਹੈ, ਜਿਸ ਅੰਦਰ ਗੁਰਮਤਿ ਦੇ ਹੇਠਲੇ ਵਿਸ਼ੇ ਮਾਨਵਤਾ ਨੂੰ ਦ੍ਰਿੜ੍ਹ ਕਰਵਾਏ ਗਏ ਹਨ :

ਚੇਤਿ, ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ ਸੰਤ ਜਨਾ ਮਿਲਿ ਪਾਈਐ; ਰਸਨਾ ਨਾਮੁ ਭਣਾ ਜਿਨਿ ਪਾਇਆ ਪ੍ਰਭੁ ਆਪਣਾ; ਆਏ ਤਿਸਹਿ ਗਣਾ ਇਕੁ ਖਿਨੁ ਤਿਸੁ ਬਿਨੁ ਜੀਵਣਾ; ਬਿਰਥਾ ਜਨਮੁ ਜਣਾ ਜਲਿ+ਥਲਿ+ਮਹੀਅਲਿ () ਪੂਰਿਆ; ਰਵਿਆ ਵਿਚਿ ਵਣਾ ਸੋ ਪ੍ਰਭੁ ਚਿਤਿ () ਆਵਈ; ਕਿਤੜਾ ਦੁਖੁ ਗਣਾ ਜਿਨੀ ਰਾਵਿਆ ਸੋ ਪ੍ਰਭੂ; ਤਿੰਨਾ ਭਾਗੁ ਮਣਾ ਹਰਿ ਦਰਸਨ ਕੰਉ ਮਨੁ ਲੋਚਦਾ; ਨਾਨਕ  ! ਪਿਆਸ ਮਨਾ ਚੇਤਿ () ਮਿਲਾਏ ਸੋ ਪ੍ਰਭੂ; ਤਿਸ ਕੈ ਪਾਇ ਲਗਾ (ਮਾਝ ਬਾਰਹਮਾਹਾ ਮਹਲਾ /੧੩੩) ਅਰਥ : ਚੇਤ ਮਹੀਨੇ ’ਚ (ਸੁਹਾਵਣੀ ਬਸੰਤ ਰੁੱਤ ਕਾਰਨ ਤਨ/ਚਮੜੀ ਨੂੰ ਠੰਢਕ ਮਿਲਦੀ ਹੈ, ਪਰ ਜੇ) ਪਰਮਾਤਮਾ ਨੂੰ ਸਿਮਰੀਏ ਤਾਂ ਆਤਮਕ ਆਨੰਦ ਭੀ ਮਿਲਦਾ ਹੈ। ਵੈਸੇ ਸੰਤ ਜਨਾਂ ਨੂੰ ਮਿਲ ਕੇ ਹੀ ਜ਼ਬਾਨ ਨਾਲ ਪ੍ਰਭੂ ਨਾਮ ਜਪਣ ਦੀ ਦਾਤਿ ਪ੍ਰਾਪਤ ਹੁੰਦੀ ਹੈ। ਉਸੇ ਬੰਦੇ ਨੂੰ ਜਗਤ ’ਚ ਜੰਮਿਆ ਜਾਣੋ (ਬਾਕੀ ਤਾਂ ਡਰਾਵਣੀਆਂ ਲੋਥਾਂ ਹੀ ਫਿਰਦੀਆਂ ਹਨ) ਜਿਸ ਨੇ ਆਪਣੇ ਮਾਲਕ ਨਾਲ਼ ਮਿਲਾਪ ਹਾਸਲ ਕਰ ਲਿਆ। ਉਸ ਦੀ ਯਾਦ ਤੋਂ ਬਿਨਾਂ ਇਕ ਖਿਨ ਮਾਤ੍ਰ ਗੁਜ਼ਾਰਨਾ ਭੀ ਜ਼ਿੰਦਗੀ ਵਿਅਰਥ ਗਵਾਉਣਾ ਹੈ। ਜੋ ਮਾਲਕ ਪਾਣੀ ’ਚ ਧਰਤੀ ਉੱਤੇ ਅਕਾਸ਼ ’ਚ ਜੰਗਲ਼ਾਂ ’ਚ ਯਾਨੀ ਕਿ ਹਰ ਥਾਂ ਵਿਆਪਕ ਹੈ, ਜੇਕਰ ਉਹ, ਹਿਰਦੇ ਅੰਦਰੋਂ ਮਹਿਸੂਸ ਨਾ ਹੋਵੇ, ਤਾਂ ਮਾਨਸਿਕ ਰੋਗ ਬਿਆਨ ਕਰਨ ਤੋਂ ਬਾਹਰ ਹੁੰਦਾ ਹੈ। ਜਿਨ੍ਹਾਂ ਨੇ ਉਸ ਦੀ ਯਾਦ ਨੂੰ ਆਪਣੇ ਹਿਰਦੇ ’ਚ ਵਸਾ ਲਿਆ, ਉਹ ਵੱਡੇ ਭਾਗਾਂ ਵਾਲ਼ੇ ਹਨ ਕਿਉਂਕਿ ਉਨ੍ਹਾਂ ਅੰਦਰ ਹਰੀ ਮਿਲਾਪ ਦੀ ਤਾਂਘ ਰਹਿੰਦੀ ਹੈ, ਮਨ ’ਚ ਹਰੀ-ਦਰਸ਼ਨ ਦੀ ਪਿਆਸ ਹੁੰਦੀ ਹੈ। ਜੋ ਐਸੇ ਪ੍ਰਭੂ ਪਿਆਰਿਆਂ ਦਾ ਮਿਲਾਪ ਕਰਾ ਦੇਵੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ ਜਿੰਨਾ ਪਾਸਿ ਜਗਜੀਵਨ ਪੁਰਖੁ ਤਿਆਗਿ ਕੈ; ਮਾਣਸ ਸੰਦੀ ਆਸ ਦੁਯੈ ਭਾਇ ਵਿਗੁਚੀਐ; ਗਲਿ ਪਈਸੁ ਜਮ ਕੀ ਫਾਸ ਜੇਹਾ ਬੀਜੈ, ਸੋ ਲੁਣੈ; ਮਥੈ ਜੋ ਲਿਖਿਆਸੁ ਰੈਣਿ ਵਿਹਾਣੀ, ਪਛੁਤਾਣੀ; ਉਠਿ ਚਲੀ ਗਈ ਨਿਰਾਸ ਜਿਨ ਕੌ ਸਾਧੂ ਭੇਟੀਐ; ਸੋ ਦਰਗਹ ਹੋਇ ਖਲਾਸੁ ਕਰਿ ਕਿਰਪਾ ਪ੍ਰਭ ਆਪਣੀ; ਤੇਰੇ ਦਰਸਨ ਹੋਇ ਪਿਆਸ ਪ੍ਰਭ  ! ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ, ਹਰਿ ਚਰਣ ਨਿਵਾਸ (ਮਾਝ ਬਾਰਹਮਾਹਾ ਮਹਲਾ /੧੩੪) ਅਰਥ : ਹਾੜ ਦਾ ਮਹੀਨਾ ਉਸ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ; ਜਿਨ੍ਹਾਂ ਕੋਲ਼ ਪ੍ਰਭੂ-ਪਤੀ ਨਹੀਂ ਵੱਸਦਾ। ਜਿਹੜੇ ਜਗਤ ਦੇ ਮਾਲਕ (ਦੀ ਟੇਕ ਲੈਣੀ) ਛੱਡ ਕੇ ਮਨੁੱਖਾਂ ਦੀ ਟੇਕ ਰੱਖਦੇ ਹਨ (ਉਹ ਦੁਖਦਾਈ ਰਹਿੰਦੇ ਹਨ ਕਿਉਂਕਿ ਪ੍ਰਭੂ ਤੋਂ ਬਿਨਾਂ) ਹੋਰ ਦੇ ਆਸਰੇ ਰਿਹਾਂ ਖ਼ੁਆਰ ਹੋਈਦਾ ਹੈ। ਉਸ ਦੇ ਗਲ ’ਚ ਜਮ ਦੀ ਫਾਹੀ ਪੈਂਦੀ ਹੈ। (ਕੁਦਰਤ ਦਾ ਇਹੀ ਸਿਧਾਂਤ ਹੈ ਕਿ) ਬੰਦਾ ਜੋ ਬੀਜ ਬੀਜਦਾ ਹੈ, ਓਹੀ ਵੱਢਦਾ ਹੈ (ਕਿਉਂਕਿ) ਉਸ ਮਾਲਕ ਨੇ ਮੱਥੇ ਉੱਤੇ ਲੇਖ/ਭਾਗ ਜੋ ਐਸਾ ਲਿਖਿਆ ਹੁੰਦਾ ਹੈ। (ਜਗਤ ਦੇ ਮਾਲਕ ਨੂੰ ਭੁਲਾ ਕੇ) ਬੀਤ ਚੁੱਕੀ ਜੀਵਨ-ਰਾਤੀ ਉਪਰੰਤ ਪਛੁਤਾਵਾ ਹੀ ਹੱਥ ਲੱਗਦਾ ਹੈ। ਐਸੀ ਜੀਵ ਇਸਤਰੀ ਨੇ ਨਿਰਾਸ਼ ਹੋ ਕੇ ਹੀ ਜਗਤ ਤੋਂ ਜਾਣਾ ਹੈ ਭਾਵ ਕੀਮਤੀ ਮਨੁੱਖਾ ਜੀਵਨ ’ਚ ਲਾਹਾ ਨਹੀਂ ਖੱਟ ਸਕੀ। ਚੰਗੇ ਭਾਗਾਂ ਨਾਲ਼ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਾਲਕ ਦੇ ਦਰ ’ਤੇ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਉਂਦੇ ਹਨ ਤਾਂ ਤੇ) ਨਾਨਕ ਵਾਙ ਬੇਨਤੀ ਕਰ ਕਿ ਹੇ ਪ੍ਰਭੂ !  ਆਪਣੀ ਮਿਹਰ ਕਰ (ਤਾਂ ਜੋ ਮੇਰੇ ਮਨ ਅੰਦਰ ਭੀ) ਤੇਰੇ ਦਰਸ਼ਨ ਦੀ ਤਾਂਘ ਬਣ ਜਾਵੇ। ਤੈਥੋਂ ਬਿਨਾਂ ਮੇਰਾ ਹੋਰ ਕੋਈ ਸਦੀਵੀ ਸਹਾਰਾ ਨਹੀਂ। ਸੋ ਜਿਸ ਦੇ ਮਨ ਅੰਦਰ ਇਲਾਹੀ ਗੁਣਾਂ ਦਾ ਵਾਸਾ ਹੋ ਗਿਆ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆਂ ਦੇ ਦੁੱਖ-ਕਲੇਸ਼ ਪੋਹ ਨਹੀਂ ਸਕਦੇ) ॥੫॥

ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ’ਚ ਉਚਾਰਨ ਕੀਤੇ ਬਾਰਹਮਾਹਾ ਦੇ ਹਾੜ ਮਹੀਨੇ ’ਚ ਰੂਹਾਨੀਅਤ ਪੱਖ ਦੇ ਨਾਲ਼-ਨਾਲ਼ ਖਗੋਲ ਵਿਗਿਆਨ ਵਾਙ ਮੌਸਮੀ ਪਰਿਵਰਤਨ ਨੂੰ ਭੀ ਤੱਥਾਂ ਆਧਾਰਿਤ ਬਿਆਨ ਕੀਤਾ ਹੈ :

ਆਸਾੜੁ ਭਲਾ; ਸੂਰਜੁ ਗਗਨਿ () ਤਪੈ ਧਰਤੀ ਦੂਖ ਸਹੈ, ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ਅਵਗਣ ਬਾਧਿ ਚਲੀ, ਦੁਖੁ ਆਗੈ; ਸੁਖੁ ਤਿਸੁ, ਸਾਚੁ ਸਮਾਲੇ ਨਾਨਕ  ! ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ (ਤੁਖਾਰੀ ਬਾਰਹਮਾਹਾ/ਮਹਲਾ /੧੧੦੮) ਇਨ੍ਹਾਂ ਅਰਥਾਂ ਨੂੰ ਗਹੁ ਨਾਲ਼ ਵਿਚਾਰਿਆ ਜਾਏ ਤਾਂ ਪ੍ਰਤੱਖ ਜਾਪਦਾ ਹੈ ਕਿ ਇਸ ਵਾਕ ਅੰਦਰ ਗੁਰਮਤਿ, ਕੈਲੰਡਰ ਗਿਆਨ ਤੇ ਖਗੋਲ ਵਿਗਿਆਨ ਸਮੋਏ ਹੋਏ ਹਨ; ਜਿਵੇਂ ਕਿ

ਆਸਾੜੁ ਭਲਾ; ਸੂਰਜੁ ਗਗਨਿ ਤਪੈ ਧਰਤੀ ਦੂਖ ਸਹੈ ; ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ, ਸੋ ਕਿਰਤੁ ਹਾਰੇ   ਅਰਥ : ਜਦੋਂ ਹਾੜ ਦਾ ਮਹੀਨਾ ਪੂਰੇ ਜੋਬਨ ’ਚ ਹੁੰਦਾ ਹੈ ਤਾਂ ਅਕਾਸ਼ ’ਚ ਸੂਰਜ ਤਪਦਾ ਹੈ। ਧਰਤੀ ਅੱਗ ਵਾਙ ਭਖਦੀ ਹੈ। ਪਾਣੀ ਸੁੱਕ ਜਾਂਦਾ ਹੈ। ਧਰਤੀ ਦੁੱਖ ਸਹਾਰਦੀ ਹੈ ਭਾਵ ਧਰਤੀ ਦੇ ਜੀਵ ਜੰਤ ਗਰਮੀ ਨਾਲ਼ ਤਪਦੇ ਹਨ। ਬਨਸਪਤੀ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਹੈ; ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ ਭਾਵ ਅੱਗ ਵਾਙ ਭਖਦਾ ਰਹਿੰਦਾ ਹੈ। ਇਸੇ ਤਰ੍ਹਾਂ ਧਰਤੀ ਰੂਪ ਸਰੀਰ (ਜਿਵੇਂ ਕਿ ਵਾਕ ਹੈ ‘‘ਇਹੁ ਤਨੁ ਧਰਤੀ.. ’’ ਮਹਲਾ /੨੩) ਅੰਦਰ ਨਿਰਦਈਪੁਣਾ, ਮੋਹ, ਲੋਭ ਤੇ ਕ੍ਰੋਧ ਰੂਪ ਚਾਰੇ ਅੱਗਾਂ ਭਖਦੀਆਂ ਹਨ, ‘‘ਹੰਸੁ, ਹੇਤੁ, ਲੋਭੁ, ਕੋਪੁ ; ਚਾਰੇ ਨਦੀਆ ਅਗਿ ’’ (ਮਹਲਾ /੧੪੭); ਜਿਨ੍ਹਾਂ ਦੀ ਤਪਸ਼ ਕਾਰਨ ਪ੍ਰਭੂ ਦਾ ਨਾਮ ਰੂਪ ਜਲ (ਹਿਰਦੇ ’ਚੋਂ) ਸੁੱਕ ਜਾਂਦਾ ਹੈ ਤੇ ਹਿਰਦੇ ’ਚੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਵਾਲ਼ਾ ਸੁਭਾਅ ਖ਼ਤਮ ਹੋ ਜਾਂਦਾ ਹੈ ਤੇ ਮਨੁੱਖ ਦੁਖੀ ਰਹਿੰਦਾ ਹੈ। ਬਾਹਰ ਭੀ ਸੂਰਜ ਆਪਣੀ ਤਪਸ਼ ਦੇਣ ਵਾਲ਼ਾ ਸੁਭਾਅ ਨਹੀਂ ਛੱਡਦਾ ਯਾਨੀ ਅੱਗ ਵਾਙ ਭਖਦਾ ਰਹਿੰਦਾ ਹੈ। ਇਸ ਮੌਸਮ ਤੋਂ ਬਾਅਦ ਰੁੱਤ ’ਚ ਕੀ ਤਬਦੀਲੀ ਹੁੰਦੀ ਹੈ। ਉਸ ਦਾ ਜ਼ਿਕਰ ਅਗਾਂਹ ਕੀਤਾ ਹੈ, ‘‘ਰਥੁ ਫਿਰੈ, ਛਾਇਆ ਧਨ ਤਾਕੈ ; ਟੀਡੁ ਲਵੈ, ਮੰਝਿ ਬਾਰੇ’’

ਪਦ ਅਰਥ : ਰਥੁ ਫਿਰੈ  ਦੇ ਅਰਥ ਕੋਸ਼ ਅਤੇ ਟੀਕੇਕਾਰਾਂ ਨੇ ਇਸ ਤਰ੍ਹਾਂ ਕੀਤੇ ਹਨ :

(1).  ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਪੰਨਾ 1022  :  ਸੂਰਜ ਦਾ ਦੱਖਨਾਇਣ ਉੱਤਰਾਇਨ ਹੋਣਾ।

(2). ਫਰੀਦਕੋਟ ਟੀਕਾ : ਬਹੁੜੋ ਜਬ ਅਸਾੜ ਮਹੀਨੇ ਮੇਂ ਸੂਰਜ ਕਾ ਰਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ ਹੋਤਾ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੋ ਤਕਤੀ ਹੈਂ ਔਰ (ਬਾਰੇ) ਉਜਾੜੋਂ ਕੇ ਬੀਚ (ਟੀਡੁ) ਬਿੰਡੇ (ਲਵੈ) ਬੋਲਤੇ ਹੈਂ।  ਪੁਨਾ : ਅੰਤ੍ਰੀਵ ਅਰਥ : ਜਬ ਅਗ੍ਯਾਨ ਕਾ ਰਥੁ ਫਿਰਾ ਤਬ ਜਗ੍ਯਾਸੂ ਰੂਪ ਇਸਤ੍ਰੀ ਇਕਾਗਰਤਾ ਵਾ ਸਾਂਤੀ ਰੂਪ ਛਾਯਾ ਕੋ ਤਕ ਰਹੀ ਹੈਂ ਔਰ ਕਾਮ, ਕ੍ਰੋਧਾਦਿ ਬਿਕਾਰ ਰੂਪ ਬਿੰਡੇ ਅੰਤਹਿਕਰਣ ਵਾ ਸਰੀਰ ਰੂਪੀ (ਬਾਰੇ) ਉਜਾੜ ਮੇਂ ਬੋਲਤੇ ਹੈਂ, ਭਾਵ ਅਪਨੇ ਅਪਨੇ ਵਿਸ਼ਿਓਂ ਕੀ ਖੈਂਚ ਖੈਂਚ ਕਰਤੇ ਹੈਂ।

(3). ਸੰਪ੍ਰਦਾਈ ਟੀਕਾ ਸੰਤ ਕਿਰਪਾਲ ਸਿੰਘ ਅੰਮ੍ਰਿਤਸਰ : ਜਿਸ ਵੇਲੇ ਸੂਰਜ ਦਾ ਰਥ 13 ਹਾੜ ਨੂੰ ਫਿਰਦਾ ਹੈ। ਤਾਂ ਧਨ = ਇਸਤ੍ਰੀਆਂ ਤੇ ਮੁਸਾਫਰ ਬ੍ਰਿਛਾਂ ਦੀ ਛਾਇਆ ਤਾਕੈ = ਤੱਕਦੇ ਹਨ ਅਤੇ ਟੀਂਡੁ = ਬਿੰਡੇ । ਲਵੈ =ਬੋਲਦੇ ਹਨ।

(4). ਪਾਲ ਸਿੰਘ ਪੁਰੇਵਾਲ ਵੱਲੋਂ ਕੀਤੇ ਅੰਤਰੀਵ ਭਾਵ ਅਰਥ : ਹਾੜ ਦੇ ਮਹੀਨੇ ਸੂਰਜ ਅੱਗ ਵਾਙ ਤਪਦਾ ਹੈ ਹਰ ਜੀਵ ਗਰਮੀ ਨਾਲ ਤ੍ਰਾਹ ਤ੍ਰਾਹ ਕਰ ਉਠਦਾ ਹੈ। ਧਰਤੀ ਦੀ ਨਮੀ ਸੁੱਕ ਜਾਣ ਸਦਕਾ ਉਹ ਵੀ ਦੁੱਖ ਸਹਿੰਦੀ ਹੈ। ਇਸ ਹਾਲਤ ’ਚ ਦੁਨਿਆਵੀ ਤੌਰ ’ਤੇ ਹਰ ਪ੍ਰਾਣੀ, ਰੁੱਤ ਦੀ ਇਸ ਤਬਦੀਲੀ ਦੀ ਉਡੀਕ ਵਿੱਚ ਹੈ ਕਿ ਕਦੋਂ ਸਾਵਣ ਦਾ ਮਹੀਨਾ ਆਵੇ ਜਿਸ ਦੌਰਾਨ ਵਰਖਾ ਹੋਣ ਕਰਕੇ ਜੇਠ ਹਾੜ ਮਹੀਨੇ ਦੀ ਤਪਸ਼ ਤੋਂ ਛੁਟਕਾਰਾ ਮਿਲੇ।

ਸੋ ਜਿਸ ਸਮੇਂ ਸੂਰਜ ਦਾ ਰਥ ਫਿਰਦਾ ਹੈ (Summer Solstice) ਭਾਵ ਸੂਰਜ ਉੱਤਰਾਇਣ ਤੋਂ ਦੱਖਨਾਇਣ ਨੂੰ ਮੁੜਦਾ ਹੈ। ਇਸ ਦਾ ਅੰਦਾਜ਼ਾ ਪੁਰਾਤਨ ਸਮੇਂ ਵਿੱਚ ਨੀਝ ਸ਼ਾਲਾਵਾਂ ’ਚ ਵਿਗਿਆਨੀ (ਜੀਵ ਇਸਤ੍ਰੀ) ਖੁਲ੍ਹੇ ਮੈਦਾਨ ਵਿੱਚ ਲੰਬਕਾਰ ਸਿੱਧੇ ਖੜ੍ਹੇ ਖੰਭੇ ਦੀ ਛਾਂ ਵੇਖ ਕੇ ਲਗਾਉਂਦੇ ਸਨ ਕਿ ਜਿਸ ਦਿਨ ਸੋਲਰ ਦੁਪਹਿਰ ਸਮੇਂ ਖੰਭੇ ਦੀ ਛਾਂ ਛੋਟੀ ਤੋਂ ਛੋਟੀ ਹੁੰਦੀ ਹੈ, ਉਸ ਦਿਨ ਤੋਂ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ), ਮੀਂਹ ਪੈਣ ਬਾਅਦ ਗਰਮੀ ਤੋਂ ਰਾਹਤ ਮਿਲਣ ਕਰਕੇ ਹਰ ਜੀਵ ਸੁੱਖ ਮਹਿਸੂਸ ਕਰਦਾ ਹੈ, ਖੁਸ਼ੀ ਵਿੱਚ ਆਏ ਬਿੰਡੇ ਜੂਹਾਂ ਵਿੱਚ ਬੋਲਦੇ ਹਨ। ਬਿਲਕੁਲ ਇਸੇ ਤਰ੍ਹਾਂ ਜਦੋਂ ਅੰਤਹਿਕਰਣ ’ਚ ਨਾਮ ਦੀ ਅੰਮ੍ਰਿਤ ਵਰਖਾ ਹੋਣ ਕਾਰਨ ਮਾਇਆ ਦੇ ਰੂਪ ਹੰਸੁ, ਹੇਤੁ, ਲੋਭੁ, ਕੋਪੁ (ਚਾਰੇ ਅਗਨੀਆਂ) ਦਾ ਪ੍ਰਭਾਵ ਵੀ ਘਟ ਜਾਂਦੈ, ਜਿਸ ਦਾ ਅੰਦਾਜ਼ਾ ਜੀਵ ਇਸਤ੍ਰੀ ਇਸ ਗੱਲ ਤੋਂ ਲਗਾਉਂਦੀ ਹੈ ਕਿ ਮਾਇਆ ਦਾ ਪ੍ਰਭਾਵ ਘਟਣ ਕਰਕੇ ਉਸ ਦੇ ਧਰਤੀ ਰੂਪ ਸਰੀਰ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣ ਉਸੇ ਤਰ੍ਹਾਂ ਪ੍ਰਫੁਲਿਤ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਵਰਖਾ ਪੈਣ ਉਪਰੰਤ ਬਿੰਡੇ ਬੋਲਦੇ ਹਨ। ਬਨਸਪਤੀ ਉੱਗਣ ਨਾਲ ਧਰਤੀ ਹਰੀ ਭਰੀ ਹੋ ਜਾਂਦੀ ਹੈ। ਠੀਕ ਇਸੇ ਤਰ੍ਹਾਂ ਅਧਿਆਤਮਕ ਤੌਰ ’ਤੇ ਜੀਵ ਇਸਤ੍ਰੀ ਉਸ ਸਮੇਂ ਦੀ ਉਡੀਕ ਕਰਦੀ ਹੈ ਕਿ ਗੁਰੂ ਦੀ ਕ੍ਰਿਪਾ ਦੁਆਰਾ ਕਦੋਂ ਇਸ ਵਾਕ (ਸਾਵਣਿ, ਸਰਸੀ ਕਾਮਣੀ ; ਚਰਨ ਕਮਲ ਸਿਉ ਪਿਆਰੁ ) ਵਾਲਾ ਸਮਾਂ ਆਵੇ ਭਾਵ ਨਾਮ ਅੰਮ੍ਰਿਤ ਜਲ ਦੀ ਵਰਖਾ ਹੋਵੇ, ਜਿਸ ਸਦਕਾ ਉਸ ਦੇ ਮਨ ਵਿੱਚੋਂ ਵਿਕਾਰਾਂ ਦਾ ਪ੍ਰਭਾਵ (ਛਾਇਆ) ਘਟੇ ਅਤੇ ਪ੍ਰਭੂ ਦੇ ਚਰਨਾਂ ਨਾਲ ਪਿਆਰ ਬਣੇ।

ਅਵਗਣ ਬਾਧਿ ਚਲੀ, ਦੁਖੁ ਆਗੈ, ਸੁਖੁ ਤਿਸੁ, ਸਾਚੁ ਸਮਾਲੇ ਨਾਨਕ  ! ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ ਪਦ ਅਰਥ : ਬਾਧਿ = ਬੰਨ੍ਹ ਕੇ। ਚਲੀ = ਤੁਰਦੀ ਹੈ। ਆਗੈ = ਅਗਾਂਹ ਸਾਮ੍ਹਣੇ, ਜ਼ਿੰਦਗੀ ਦੇ ਸਫ਼ਰ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਸਮਾਲੇ = ਹਿਰਦੇ ਵਿਚ ਸੰਭਾਲਦੀ ਹੈ। ਇਹੁ ਮਨੁ = ਸੱਚ ਸੰਭਾਲਣ ਵਾਲਾ ਮਨ। ਮਰਣੁ ਜੀਵਣੁ = ਹਰ ਵੇਲੇ ਦਾ ਸਾਥ ॥੮॥

 (ਐਸੀ ਮਾਨਸਿਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਮ੍ਹਣੇ (ਭਾਵ ਜੀਵਨ-ਸਫ਼ਰ ’ਚ) ਮੌਜੂਦ ਹੁੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉੱਤੇ) ਬੰਨ੍ਹ ਕੇ ਤੁਰਦੀ ਹੈ। ਆਤਮਕ ਅਨੰਦ ਕੇਵਲ ਉਸ ਨੂੰ ਹੈ, ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ’ਚ ਟਿਕਾ ਰੱਖਦੀ ਹੈ।

ਭਾਵ ਜੋ ਰੱਬੀ ਨਾਮ ਹਿਰਦੇ ’ਚ ਵਸਾਈ ਰੱਖਦਾ ਹੈ, ਉਸ ਨੂੰ ਜ਼ਿੰਦਗੀ ’ਚ ਹਾੜ ਦੀ ਕਹਰ ਵਾਲ਼ੀ ਇਸ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ।

ਹਰ ਪਹਿਲੂ ਨੂੰ ਵਿਚਾਰਨ ਪਿੱਛੋਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਕੀਤੇ ਇਹ ਅਰਥ ਅਧਿਆਤਮਿਕ ਤੌਰ ’ਤੇ ਗੁਰਮਤਿ ਅਤੇ ਕੈਲੰਡਰ ਵਿਗਿਆਨ/ਖਗੋਲ ਵਿਗਿਆਨ ਦੇ ਵਧੇਰੇ ਨੇੜੇ ਜਾਪਦੇ ਹਨ। ਕੈਲੰਡਰ/ਖਗੋਲ ਵਿਗਿਆਨ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਵੇਲੇ (ਭਾਵ 1469 ਤੋਂ 1539 ਦੌਰਾਨ) ਹਾੜ੍ਹ ਮਹੀਨੇ ਦੇ 31/32 ਦਿਨਾਂ ਦਾ ਅੱਧ (ਹਾੜ ਮਹੀਨੇ ਦੇ ਜੋਬਨ ਦਾ ਸਮਾਂ) ੧੫/੧੬ ਹਾੜ ਨੂੰ Summer Solstice ਹੁੰਦਾ ਸੀ ਭਾਵ ਰਥ ਫਿਰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ (ਸੰਨ 1666-1708 ਦੌਰਾਨ) ੧੨/੧੩ ਹਾੜ ਦੇ ਆਸ ਪਾਸ ਫਿਰਦਾ ਸੀ, ਜਿਸ ਦਾ ਜ਼ਿਕਰ ਸੰਪ੍ਰਦਾਈ ਟੀਕਾ ਸੰਤ ਕਿਰਪਾਲ ਸਿੰਘ ਅੰਮ੍ਰਿਤਸਰ ’ਚ ਕੀਤਾ ਹੈ। ਅੱਜ ਕੱਲ੍ਹ ਇਹ ਰਥ ੬/੭ ਹਾੜ ਨੂੰ ਫਿਰਦਾ ਹੈ।

ਸੋ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਵਿਚਾਰਿਆਂ ਹਿਰਦਾ ਗਦ ਗਦ ਹੋ ਉੱਠਦਾ ਹੈ ਕਿ ਗੁਰੂ ਸਾਹਿਬ ਨੇ ਰੂਹਾਨੀਅਤ ਉਪਦੇਸ਼ ਨੂੰ ਸਪਸ਼ਟ ਕਰਨ ਲਈ ਕਿਵੇਂ ਤਾਰਾ ਮੰਡਲ ਅਤੇ ਮੌਸਮੀ ਤਬਦੀਲੀ ਨੂੰ ਮਿਸਾਲ ਵਜੋਂ ਬਿਲਕੁਲ ਸਹੀ ਬਿਆਨ ਕੀਤਾ ਹੈ, ਜਿਸ ਨੂੰ ਆਧੁਨਿਕ ਖਗੋਲ ਵਿਗਿਆਨ ਦੀਆਂ ਖੋਜਾਂ ਭੀ ਗ਼ਲਤ ਸਾਬਤ ਨਹੀਂ ਕਰਦੀਆਂ। ਫਰੀਦਕੋਟੀ ਟੀਕੇ ’ਚ ਭਾਵੇਂ ਕੋਈ ਤਾਰੀਖ਼ ਨਹੀਂ ਲਿਖੀ, ਪਰ ਸੰਪ੍ਰਦਾਈ ਟੀਕੇ ’ਚ ਲਿਖੀ ਤਾਰੀਖ਼ ੧੩ ਹਾੜ ਪੂਰੀ ਤਰ੍ਹਾਂ ਸਹੀ ਸਿੱਧ ਹੁੰਦੀ ਹੈ।

ਤੀਜਾ ਸਬੂਤ ਇਹ ਹੈ ਕਿ ਪੰਜਾਬ ’ਚ ਜਿੰਨੀਆਂ ਵੀ ਪੰਚਾਂਗਾਂ ਬਣਦੀਆਂ ਹਨ, ਉਨ੍ਹਾਂ ’ਚ ਅੱਜ ਭੀ 20-21 ਜੂਨ/੬-੭ ਹਾੜ ਦੀ ਤਾਰੀਖ਼ ਦੇ ਬਰਾਬਰ ਨੋਟ ਲਿਖਿਆ ਹੁੰਦਾ ਹੈ – ਸੂਰਜ ਸਾਈਨ ਕਰਕ ਵਿੱਚ, ਵਰਖਾ ਰੁੱਤ ਸ਼ੁਰੂ।

ਹਰ ਪ੍ਰਾਣੀਮਾਤ੍ਰ ਦੀ ਇਹ ਜਾਣੀ ਪਛਾਣੀ ਗੱਲ ਹੈ ਕਿ ਜੂਹਾਂ ’ਚ ਬਿੰਡੇ ਕੇਵਲ ਵਰਖਾ ਤੋਂ ਬਾਅਦ ਹੀ ਬੋਲਦੇ ਸੁਣੇ ਜਾਂਦੇ ਹਨ ਅਤੇ ਕਿਸੇ ਨੇ ਕਦੀ ਵੀ ਹਾੜ ਦੇ ਮਹੀਨੇ ਸਿਖਰ ਦੁਪਹਿਰ ਨੂੰ ਬ੍ਰਿਛਾਂ ਦੀ ਛਾਂ ਹੇਠ ਬੋਲਦੇ ਨਹੀਂ ਸੁਣੇ। ਗੁਰੂ ਨਾਨਕ ਸਾਹਿਬ ਜੀ ਵੱਲੋਂ ਆਪਣੇ ਵਾਕ ’ਚ ‘ਟੀਡੁ ਲਵੈ= ਬਿੰਡਾ ਬੋਲਦਾ ਹੈ’, ਨੂੰ ਇੱਕ ਮੁਹਾਵਰੇ ਦੇ ਤੌਰ ’ਤੇ ਵਰਤਣਾ ਸੇਧ ਦਿੰਦਾ ਹੈ ਕਿ ਜਿਸ ਦਿਨ ਸੂਰਜ ਦਾ ਰਥ ਫਿਰਦਾ ਹੈ, ਉਸ ਦਿਨ ਤੋਂ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ ਤਾਹੀਓਂ ਬਿੰਡੇ ਬੋਲਦੇ ਹਨ।

ਸੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ (1469-1539); ਜਿਹੜਾ ਸੂਰਜ ਦਾ ਰਥ ੧੫/੧੬ ਹਾੜ ਨੂੰ ਫਿਰਦਾ ਸੀ, ਜੋ ਵੱਡੇ ਤੋਂ ਵੱਡਾ ਦਿਨ (Solstice) ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ (1666-1708); ਉਹ ਸੂਰਜ ਦਾ ਰਥ ੧੨/੧੩ ਹਾੜ ਨੂੰ ਫਿਰਦਾ ਸੀ ਅਤੇ ਹੁਣ (ਸੰਨ 2024) ਨੂੰ ੭ ਹਾੜ ਨੂੰ ਫਿਰਿਆ ਹੈ ਭਾਵ ਕੇਵਲ 550 ਕੁ ਸਾਲਾਂ ’ਚ ਰਥ ਫਿਰਨ ਦੀ ਕ੍ਰਿਆ (Solstice) ’ਚ 8/9 ਦਿਨਾਂ ਦਾ ਅੰਤਰ ਪੈ ਗਿਆ, ਫਿਰ ਭੀ ਅਸੀਂ ਆਪਣੇ ਕੈਲੰਡਰ ’ਚ ਸੋਧ ਕਰਨ ਲਈ ਤਿਆਰ ਨਹੀਂ ਹਾਂ ਜਦੋਂ ਕਿ ਗੋਰਿਆਂ ਨੂੰ 16ਵੀਂ ਸਦੀ ’ਚ ਇਹ ਪਤਾ ਲੱਗਾ ਕਿ ਜਿਹੜੇ Equinox 20/21 ਮਾਰਚ ਨੂੰ ਦਿਨ ਰਾਤ ਬਰਾਬਰ ਹੁੰਦੇ ਸੀ, ਉਹ 16ਵੀਂ ਸਦੀ ਤੱਕ ਹੀ 10/11 ਮਾਰਚ ਨੂੰ ਬਰਾਬਰ ਹੋ ਜਾਂਦੇ ਸਨ। ਉਨ੍ਹਾਂ ਨੇ 325 ਈਸਵੀ ਦੀਆਂ ਰੁੱਤਾਂ ਨੂੰ ਆਧਾਰ ਬਣਾ ਜਿਹੜੇ ਆਪਣੇ ਇਤਿਹਾਸਕ ਦਿਹਾੜੇ ਨਿਸ਼ਚਿਤ ਕੀਤੇ ਸਨ, ਉਹ 1250 ਕੁ ਸਾਲ ਬਾਅਦ (ਯਾਨੀ 16ਵੀਂ ਸਦੀ ਤੱਕ ਹੀ) ਤਕਰੀਬਨ 10 ਦਿਨ ਪਹਿਲਾਂ ਆ ਰਹੇ ਹਨ ਤਾਂ ਕੈਥੋਲਿਕ ਚਰਚ ਦੇ ਪੋਪ ਗ੍ਰੈਗਰੀ 8ਵੇਂ ਨੇ 4 ਅਕਤੂਬਰ 1582 ਦਿਨ ਵੀਰਵਾਰ ਤੋਂ ਅਗਲਾ ਦਿਨ ਸ਼ੁੱਕਰਵਾਰ ਨੂੰ 5 ਅਕਤੂਬਰ ਦੀ ਥਾਂ ਸਿੱਧੇ 15 ਅਕਤੂਬਰ ਐਲਾਨ ਦਿੱਤਾ। ਭਾਵੇਂ ਕਿ ਅਕਤੂਬਰ 1582 ਦਾ ਮਹੀਨਾ ਕੇਵਲ 21 ਦਿਨਾਂ ਦਾ ਹੀ ਰਹਿ ਗਿਆ ਭਾਵ 10 ਤਰੀਖ਼ਾਂ ਖ਼ਤਮ ਕਰ ਦਿੱਤੀਆਂ ਤਾਂ ਕਿ ਅਗਾਂਹ ਤੋਂ ਕੈਲੰਡਰ ਦਾ ਰੁੱਤਾਂ ਨਾਲੋਂ ਬਹੁਤਾ ਫ਼ਰਕ ਨਾ ਪਵੇ; ਲੀਪ ਸਾਲਾਂ ਦੇ ਨਿਯਮਾਂ ’ਚ ਭੀ ਸੋਧ ਕੀਤੀ ਗਈ; ਜਿਵੇਂ ਕਿ ਜੂਲੀਅਨ ਕੈਲੰਡਰ (ਉਹ ਕੈਲੰਡਰ ਜੋ ਸੰਨ 1582 ਤੋਂ ਪਹਿਲਾਂ ਲਾਗੂ ਸੀ) ’ਚ ਹਰ ਚੌਥਾ ਸਾਲ ਲੀਪ ਦਾ ਹੁੰਦਾ ਸੀ, ਪਰ ਨਵੇਂ ਲਾਗੂ ਕੀਤੇ ਗ੍ਰੈਗੋਰੀਅਨ ਕੈਲੰਡਰ (ਉਹ ਕੈਲੰਡਰ, ਜੋ 1582 ਤੋਂ ਬਾਅਦ ਸ਼ੁਰੂ ਹੋਇਆ) ’ਚ ਸਦੀ ਵਾਲਾ ਸਾਲ ਕੇਵਲ ਉਹੀ ਲੀਪ ਸਾਲ ਮੰਨਿਆ ਜਾਏਗਾ, ਜਿਹੜੀ ਸਦੀ; 400 ’ਤੇ ਪੂਰੀ ਪੂਰੀ ਵੰਡੀ ਜਾਵੇਗੀ। ਲੀਪ ਸਾਲ ਦੇ ਬਦਲੇ ਇਸ ਨਿਯਮ ਅਨੁਸਾਰ 400 ਸਾਲਾਂ ਦੇ ਸੈੱਟ ’ਚ ਪਹਿਲਾਂ 100 ਲੀਪ ਦੇ ਸਾਲ ਹੁੰਦੇ ਸਨ, ਜੋ ਅਗਾਂਹ ਤੋਂ ਘਟਾ ਕੇ 97 ਕਰ ਦਿੱਤੇ। ਇਸ ਸੋਧ ਨਾਲ ਸਾਲ ਦੀ ਲੰਬਾਈ, ਜੋ ਪਹਿਲਾਂ 365.25 ਦਿਨ (365 ਦਿਨ 6 ਘੰਟੇ) ਹੁੰਦੀ ਸੀ, ਉਸ ਨੂੰ ਘਟਾ ਕੇ 365.2425 ਦਿਨ (365 ਦਿਨ 5 ਘੰਟੇ 49 ਮਿੰਟ 12 ਸੈਕੰਡ) ਕਰ ਦਿੱਤਾ ਕਿਉਂਕਿ ਰੁੱਤੀ/ਮੌਸਮੀ ਸਾਲ ਦੀ ਕੁੱਲ ਲੰਬਾਈ 365.242189 (365 ਦਿਨ 5 ਘੰਟੇ 48 ਮਿੰਟ 45 ਸਕਿੰਟ) ਦੇ ਵੱਧ ਤੋਂ ਵੱਧ ਨੇੜੇ ਲਿਆਉਣਾ ਜ਼ਰੂਰੀ ਸੀ। ਇਸ ਸੋਧ ਨਾਲ ਹੁਣ ਅਗਾਂਹ ਨੂੰ ਤਕਰੀਬਨ 3226 ਸਾਲਾਂ ਬਾਅਦ ਹੀ ਰੁੱਤਾਂ ਨਾਲੋਂ ਇੱਕ ਦਿਨ ਦਾ ਫਰਕ ਰਹੇਗਾ ਜਦੋਂ ਕਿ ਸਾਡੇ ਵੱਲੋਂ ਵਰਤੇ ਜਾ ਰਹੇ ਬਿਕ੍ਰਮੀ ਕੈਲੰਡਰ ’ਚ ਇਹ ਅੰਤਰ ਤਕਰੀਬਨ 70-71 ਸਾਲਾਂ ’ਚ ਹੀ ਪੈ ਜਾਂਦਾ ਹੈ, ਫਿਰ ਵੀ ਕੈਲੰਡਰ ’ਚ ਸੋਧ ਕਰਨ ਲਈ ਭਾਰੀ ਅੜੀਕੇ ਖੜ੍ਹੇ ਕੀਤੇ ਜਾ ਰਹੇ ਹਨ। ਇਸ ਦਾ ਅਸਲ ਕਾਰਨ ਹਿੰਦੂ ਬਿਕ੍ਰਮੀ ਕੈਲੰਡਰ ਨੂੰ ਅਪਣਾਅ ਕੇ ਆਪਣੇ ਆਪ ਨੂੰ ਪੰਡਿਤਾਂ ਦੇ ਨੇੜੇ ਰੱਖਣਾ ਹੈ ਤਾਹੀਓਂ ਉਹ ਕਹਿੰਦੇ ਹਨ ਕਿ ਸਿੱਖ ਧਰਮ; ਹਿੰਦੂ ਧਰਮ ਤੋਂ ਵੱਖਰਾ ਧਰਮ ਨਹੀਂ ਹੈ। ਇੱਥੇ ਆਰ.ਐੱਸ.ਐੱਸ. ਮੁਖੀ ਕੇ.ਐੱਸ. ਸੁਦਰਸ਼ਨ ਦਾ ਉਹ ਬਿਆਨ ਭੀ ਧਿਆਨ ਮੰਗਦਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਹੋਣ ਦੇਵਾਂਗੇ ਕਿਉਂਕਿ ਇਸ ਨਾਲ ਹਿੰਦੂ-ਸਿੱਖਾਂ ’ਚ ਦੂਰੀਆਂ ਵਧਣਗੀਆਂ। ਸੋ ਜਿਹੜੇ ਸਿੱਖੀ ਸਰੂਪ ’ਚ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹਨ, ਉਹ ਸਿੱਧੇ ਹੀ ਆਰ.ਐੱਸ.ਐੱਸ. ਦੀਆਂ ਇਛਾਵਾਂ ਪੂਰੀਆਂ ਕਰ ਰਹੇ ਹਨ।