ਧਨ ਪਿਰੁ ਕਹੀਐ ਸੋਇ

0
473

ਧਨ ਪਿਰੁ ਕਹੀਐ ਸੋਇ

ਰਣਜੀਤ ਸਿੰਘ B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ) 105, ਮਾਇਆ ਨਗਰ,  ਸਿਵਲ ਲਾਈਨਜ਼ (ਲੁਧਿਆਣਾ)-੯੯੧੫੫-੧੫੪੩੬

ਸਤਿ ਗੁਰ ਪ੍ਰਸਾਦਿ

ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਪ੍ਰਾਪਤੀ ਹੈ। ਮਨੁੱਖ ਤੋਂ ਬਿਨਾਂ ਬਾਕੀ ਸਾਰੀਆਂ ਜੂਨਾਂ ਗਿਆਨ ਵਿਹੂਣੀਆਂ ਹਨ। ਪ੍ਰਮਾਤਮਾ ਨੇ ਇਹਨਾਂ ਜੂਨਾਂ ਨੂੰ ਕੇਵਲ ਆਪਣੇ ਸਰੀਰ ਨੂੰ ਜ਼ਿੰਦਾ ਰੱਖਣ ਤੱਕ ਦਾ ਸੀਮਤ ਦਿਮਾਗ਼ ਹੀ ਦਿੱਤਾ ਹੈ। ਇਹਨਾਂ ਜੂਨਾਂ ਨੂੰ ਨਾ ਸਮਾਜ ਦਾ ਡਰ, ਨਾ ਸਰਕਾਰ ਦਾ ਅਤੇ ਨਾ ਹੀ ਰੱਬ ਦਾ ਭੈ ਹੈ। ਮਨੁੱਖ ਨੂੰ ਪ੍ਰਮਾਤਮਾ ਨੇ ਸੰਪੂਰਨ ਵਿਕਸਤ ਕੀਤਾ ਹੋਇਆ ਦਿਮਾਗ਼ ਬਖ਼ਸ਼ਸ ਕੀਤਾ ਹੈ। ਮਨੁੱਖ ਦਾ ਸੰਸਾਰ ਵਿੱਚ ਆਉਣ ਦਾ ਮਕਸਦ ਪੂਰਾ ਕਰਨ ਹਿੱਤ ਪ੍ਰਮਾਤਮਾ ਨੇ ਸਮੇਂ-ਸਮੇਂ ਸਿਰ ਭਗਤਾਂ, ਪੀਰਾਂ, ਪੈਗੰਬਰਾਂ ਅਤੇ ਗੁਰੂਆਂ ਨੂੰ ਇਸ ਸੰਸਾਰ ਵਿੱਚ ਰੂਹਾਨੀਅਤ ਗਿਆਨ ਦੇ ਕੇ ਭੇਜਿਆ ਹੈ, ਜੋ ਮਨੁੱਖਤਾ ਨੂੰ ਜੀਵਨ ਸੇਧ ਦੇਂਦੇ ਰਹੇ ਹਨ।

ਸਭਿਅਤਾ ਦੇ ਵਿਕਾਸ ਨਾਲ ਮਨੁੱਖ ਨੇ ਆਪਣੇ ਜੀਵਨ ਨੂੰ ਸ੍ਰੇਸ਼ਟ ਬਣਾਉਣ ਹਿੱਤ ਸਮਾਜਕ, ਆਰਥਕ ਅਤੇ ਧਾਰਮਕ ਕਾਇਦੇ ਕਨੂੰਨ ਬਣਾਉਣੇ ਸ਼ੁਰੂ ਕੀਤੇ। ਪਰਿਵਾਰਕ ਜੀਵਨ ਨੂੰ ਨਿਯਮਬੱਧ ਕਰਨ ਲਈ ਕਿਸੇ ਨੇ ਸ਼ਾਦੀ, ਕਿਸੇ ਨੇ ਵਿਆਹ ਅਤੇ ਕਿਸੇ ਨੇ ਨਿਕਾਹ ਦਾ ਨਾਮ ਦਿੱਤਾ। ਸਿੱਖ ਧਰਮ ਨੇ ਪਰਿਵਾਰਕ ਜੀਵਨ ਨੂੰ ਉੱਤਮ ਦੱਸਣ ਲਈ ਗ੍ਰਹਿਸਤ ਨੂੰ ਵੀ ਧਰਮ ਦਾ ਦਰਜਾ ਦਿੱਤਾ ਹੈ। ਗ੍ਰਹਿਸਤ ਨੂੰ ਸਤਿਗੁਰਾਂ ਨੇ ਸਾਰਿਆਂ ਧਰਮਾਂ ਨਾਲੋਂ ਸਿਰਮੌਰਤਾ ਪ੍ਰਦਾਨ ਕੀਤੀ ਹੈ। ਇਸ ਸਿਰਮੌਰਤਾ ਸੰਬੰਧੀ ਭਾਈ ਗੁਰਦਾਸ ਜੀ ਫ਼ਰਮਾਉਂਦੇ ਹਨ ਕਿ ਜਿਵੇਂ ਸਾਰੇ ਸਰੋਵਰਾਂ, ਨਦੀਆਂ, ਦਰਿਆਵਾਂ ਵਿੱਚੋਂ ਸਮੁੰਦਰ ਅਤੇ ਸਾਰੇ ਪਹਾੜਾਂ ਵਿੱਚੋਂ ਸੁਮੇਰ ਪਰਬਤ; ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਸਾਰੇ ਬੂਟਿਆਂ ਤੇ ਦਰਖ਼ਤਾਂ ਵਿੱਚੋਂ ਚੰਦਨ ਦਾ ਦਰਖ਼ਤ ਮਹਾਨ ਮੰਨਿਆ ਜਾਂਦਾ ਹੈ ਅਤੇ ਸਾਰੀਆਂ ਧਾਤਾਂ ਵਿੱਚੋਂ ਸੋਨੇ ਨੂੰ ਕੀਮਤੀ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਸਾਰੇ ਪੰਛੀਆਂ ਵਿੱਚੋਂ ਹੰਸ ਅਤੇ ਸਾਰੇ ਜਾਨਵਰਾਂ ਵਿੱਚੋਂ ਬੱਬਰ ਸ਼ੇਰ, ਰਾਗਾਂ ਵਿੱਚੋਂ ਸ੍ਰੀ ਰਾਗ ਅਤੇ ਪੱਥਰਾਂ ਵਿੱਚੋਂ ਪਾਰਸ ਪੱਥਰ ਨੂੰ ਸ਼੍ਰੋਮਣੀ ਮੰਨਿਆ ਜਾਂਦਾ ਹੈ ਅਤੇ ਸਾਰੇ ਗਿਆਨਾਂ ਤੇ ਧਿਆਨਾਂ ਵਿੱਚੋਂ ਗੁਰੂ ਦਾ ਗਿਆਨ ਤੇ ਧਿਆਨ ਉੱਤਮ ਹੈ ਇਸੇ ਤਰ੍ਹਾਂ ਸਾਰੇ ਧਰਮਾਂ ਵਿੱਚੋਂ ਗ੍ਰਹਿਸਤ ਧਰਮ ਸਭ ਤੋਂ ਪ੍ਰਧਾਨ ਤੇ ਸ਼੍ਰੋਮਣੀ ਹੈ। ਭਾਈ ਸਾਹਿਬ ਕਬਿੱਤ ਨੰਬਰ 376 ਵਿੱਚ ਫ਼ਰਮਾਉਂਦੇ ਹਨ :

ਜੈਸੇ ਸਰਿ ਸਰਿਤਾ ਸਕਲ ਮੈ ਸਮੁੰਦ੍ਰ ਬਡੋ; ਮੇਰ ਮੈ ਸੁਮੇਰ ਬਡੋ ਜਗਤੁ ਬਖਾਨ ਹੈ।

ਤਰਵਰ ਬਿਖੈ ਜੈਸੇ ਚੰਦਨ ਬਿਰਖੁ ਬਡੋ; ਧਾਤੁ ਮੈ ਕਨਕ ਅਤਿ ਉਤਮ ਕੈ ਮਾਨ ਹੈ।

ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ; ਰਾਗਨ ਮੈ ਸਿਰੀਰਾਗੁ ਪਾਰਸ ਪਖਾਨ ਹੈ।

ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ; ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ॥੩੭੬॥

(ਭਾਈ ਗੁਰਦਾਸ ਜੀ/ਕਬਿੱਤ ੩੭੬)

ਸਿੱਖ ਗੁਰੂ ਸਾਹਿਬਾਨ ਨੇ ਕੇਵਲ ਗ੍ਰਹਿਸਤ ਨੂੰ ਸਿਰਮੌਰਤਾ ਹੀ ਨਹੀਂ ਦਿੱਤੀ ਸਗੋਂ ਖੁਦ ਗ੍ਰਹਿਸਤ ਧਰਮ ਧਾਰਨ ਵੀ ਕੀਤਾ ਅਤੇ ਪ੍ਰਵਿਰਤੀ ਵਿੱਚ ਵਿਚਰ ਕੇ ਨਿਵਿਰਤੀ ਦੇ ਧਾਰਨ ਕਰਨ ਦੀ ਮਿਸਾਲ ਕਾਇਮ ਕੀਤੀ। ਗ੍ਰਹਿਸਤ ਤੋਂ ਭਾਵ ਹੀ ਇਹ ਹੈ ਕਿ ਗ੍ਰਹਿ ਅਤੇ ਸਤਿ ਦਾ ਸੁਮੇਲ ਭਾਵ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਕਰਨੀ।  ਸੋਹਣੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੇਵਲ ਤੇ ਕੇਵਲ ਗ੍ਰਹਿਸਤ ਵਿੱਚ ਰਹਿ ਕੇ ਕੀਤੀ ਜਾ ਸਕਦੀ ਹੈ। ਗ੍ਰਹਿਸਤ ਇੱਕ ਅਜਿਹਾ ਉੱਤਮ ਸਾਧਨ ਹੈ, ਜਿਸ ਨੂੰ ਅਪਣਾਅ ਕੇ ਪਤੀ-ਪਤਨੀ ਸਭ ਤਰ੍ਹਾਂ ਦੇ ਸਮਾਜਕ ਅਤੇ ਸੰਸਾਰਕ ਕਾਰ-ਵਿਹਾਰ ਕਰਦਿਆਂ ਹੋਇਆਂ ‘‘ਇਕੁ ਸਿਖੁ, ਦੁਇ ਸਾਧ ਸੰਗੁ..।’’ (ਭਾਈ ਗੁਰਦਾਸ ਜੀ/ਵਾਰ ੧੩ ਪਉੜੀ ੧੯) ਅਨੁਸਾਰ, ਇੱਕ ਦੂਜੇ ਦੀ ਸੰਗਤ ਵਿੱਚ ਰਹਿ ਕੇ ਸਮਾਜਕ ਅਤੇ ਅਧਿਆਤਮਕ ਤੌਰ ’ਤੇ ਸੰਪੂਰਨਤਾ ਵੱਲ ਵਧਦਿਆਂ ਹੋਇਆਂ ਇਸ ਸੰਸਾਰ ਵਿੱਚ ਵਿਚਰ ਸਕਦੇ ਹਨ।

ਕਈ ਵਾਰ ਇਕੱਲਾ ਪੁਰਸ਼ ਜਾਂ ਇਕੱਲੀ ਇਸਤਰੀ ਕੁੱਝ ਹਾਲਤਾਂ ਵਿੱਚ ਸਮਾਜਕ ਰੁਕਾਵਟਾਂ ਕਾਰਨ ਚੰਗੇ ਕੰਮ ਕਰਨ ਤੋਂ ਪਿੱਛੇ ਹੱਟਣ ਲਈ ਮਜਬੂਰ ਹੋ ਜਾਂਦੇ ਹਨ। ਅਧਿਆਤਮਕਤਾ ਨਾਲ ਜੁੜੇ ਹੋਏ ਪਤੀ ਪਤਨੀ ਇੱਕ ਦੂਜੇ ਦੇ ਸਹਿਯੋਗੀ ਬਣ ਕੇ, ਹਰ ਸਮੇਂ ਹਰ ਤਰ੍ਹਾਂ ਦੇ ਪਰਉਪਕਾਰ ਕਰ ਸਕਦੇ ਹਨ।  ਗੁਰੂ ਸਾਹਿਬ ਦਾ ਇਹ ਵੀ ਵਿਚਾਰ ਸੀ ਕਿ ਸਿਹਤਮੰਦ ਦੰਪਤੀ ਜੀਵਨ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ।

ਸਿੱਖ ਗੁਰੂ ਸਾਹਿਬਾਨ ਨੇ ਗ੍ਰਹਿਸਤ ਨੂੰ ਜੀਵਨ ਨਿਰਬਾਹ ਦਾ ਕੇਵਲ ਇੱਕ ਹੋਰ ਮਾਰਗ ਹੀ ਨਹੀਂ ਮੰਨਿਆ ਸਗੋਂ ਇੱਕ ਸਫਲ ਮਾਰਗ ਅਤੇ ਧਰਮ ਕਹਿ ਕੇ ਵਡਿਆਇਆ ਹੈ। ਗੁਜਰਾਤ ਦੇ ਪੀਰ ਦੌਲੇ ਸ਼ਾਹ ਦੇ ਇੱਕ ਚੇਲੇ ਜਹਾਂਗੀਰ ਨੇ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤਾਂ ਹੈਰਾਨ ਹੋ ਕੇ ਪੁੱਛਣ ਲੱਗਿਆ ਕਿ ਤੁਸੀਂ ਤਾਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਅਤੇ ਆਪ ਨੇ ਘੋੜੇ ਤੇ ਫ਼ੌਜਾਂ ਰੱਖੀਆਂ ਹੋਈਆਂ ਹਨ ਅਤੇ ਗ੍ਰਹਿਸਤੀ ਵੀ ਹੋ। ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਦਾ ਸ਼ੰਕਾ ਨਵਿਰਤ ਕਰਦੇ ਹੋਏ ਫ਼ਰਮਾਇਆ, ‘ਔਰਤ ਈਮਾਨ ਦੌਲਤ ਗੁਜ਼ਰਾਨ ਤੇ ਪੁੱਤਰ ਨਿਸ਼ਾਨ

ਅਸਲ ਵਿੱਚ ਸਿੱਖ ਧਰਮ ਕਰਣੀ ਪ੍ਰਧਾਨ ਮੱਤ ਅਤੇ ਆਦਰਸ਼ਕ ਜੀਵਨ ਜਾਂਚ ਹੈ। ਸੋ ਐਸਾ ਧਰਮ ਤਾਂ ਸੰਸਾਰ ਦੀ ਕਸ਼ਮਕਸ਼ ਭਾਵ ਪਰਵਿਰਤੀ ਮਾਰਗ ਦੇ ਅਖਾੜੇ ਵਿੱਚ ਹੀ ਕਮਾਇਆ ਜਾ ਸਕਦਾ ਹੈ। ਫਲ਼ ਉਹੀ ਰਸਦਾਇਕ ਹੁੰਦਾ ਹੈ ਜੋ ਸਰਦੀ, ਗਰਮੀ, ਮੀਂਹ, ਹਨੇਰੀ ਦੇ ਥੱਪੜ ਖਾ ਕੇ ਟਹਿਣੀ ਉੱਤੇ ਪੱਕੇ।

ਸਿੱਖ ਧਰਮ ਵਿੱਚ ਗ੍ਰਹਿਸਤ ਮਾਰਗ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਇਹੀ ਕਾਰਨ ਹੈ ਕਿ ਗ੍ਰਹਿਸਤ ਵਿੱਚ ਪਰਵੇਸ਼ ਕਰਨ ਲਈ ਸਿੱਖ ਧਰਮ ਵਿੱਚ ਇੱਕ ਵੱਖਰੀ, ਨਿਵੇਕਲੀ ਤੇ ਵਿਸ਼ੇਸ਼ ਮਰਯਾਦਾ ਹੈ। ਸਿੱਖੀ ਜੀਵਨ ਦੇ ਹਰ ਸੰਸਕਾਰ ਅਤੇ ਮਰਯਾਦਾ ਵਿੱਚ ਕੀਰਤਨ ਅਤੇ ਅਰਦਾਸ ਨੂੰ ਜਿੱਥੇ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ ਉੱਥੇ ਗ੍ਰਹਿਸਤ ਜੀਵਨ ਵਿੱਚ ਪਰਵੇਸ਼ ਕਰਨ ਲਈ ਗੁਰੂ ਰਾਮਦਾਸ ਜੀ ਵੱਲੋਂ ਉਚਾਰਨ ਕੀਤਾ ਸੂਹੀ ਰਾਗ ਵਿੱਚ ਚਾਰ ਪੰਨਿਆਂ ਦਾ ਇੱਕ ਛੰਤ ਹੈ, ਜਿਸ ਨੂੰ ਸਿੱਖ ਪੰਥ ਨੇ ‘ਲਾਵਾਂ’ ਦਾ ਨਾਂ ਦਿੱਤਾ ਹੈ।

ਮਨੁੱਖ ਦੇ ਜੀਵਨ ਵਿੱਚ ਜਿੰਨੇ ਵੀ ਸੰਸਕਾਰ ਆਉਂਦੇ ਹਨ ਉਹਨਾਂ ਸਾਰਿਆਂ ਵਿੱਚੋਂ ਗ੍ਰਹਿਸਤ ਜੀਵਨ ਵਿੱਚ ਪਰਵੇਸ਼ ਕਰਨ ਦੀ ਰੀਤ ਜਾਂ ਇਹ ਕਹਿ ਲਵੋ ਕਿ ਜੀਵਨ ਦਾ ਇੱਕ ਅਤੀ ਉੱਤਮ ਮੋੜ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਦਾ ਰਸਮੀ ਨਾਂ ਕਿਤੇ ਸ਼ਾਂਦੀ, ਕਿਤੇ ਵਿਆਹ ਅਤੇ ਕਿਤੇ ਨਿਕਾਹ ਜਾਂ ਕਿਧਰੇ ਮੈਰਿਜ ਹੈ ਪਰ ਸਿੱਖ ਧਰਮ ਵਿੱਚ ਇਸ ਰਸਮ ਦਾ ਨਾਂ ‘ਅਨੰਦ ਕਾਰਜ’ ਹੈ। ਨਾਂ ਤੋਂ ਹੀ ਸਪਸ਼ਟ ਹੈ ਕਿ ਉਹ ਕਾਰਜ ਜਿਸ ਦੇ ਕਰਨ ਨਾਲ ਅਨੰਦ ਦੀ ਪ੍ਰਾਪਤੀ ਹੋਵੇ। ਅਨੰਦ ਦੀ ਪ੍ਰਾਪਤੀ ਕਿਵੇਂ ਹੋਵੇ ? ਇਸ ਬਾਰੇ ਗੁਰੂ ਅਮਰਦਾਸ ਜੀ ਅਨੰਦ ਬਾਣੀ ਵਿੱਚ ਫ਼ਰਮਾਉਂਦੇ ਹਨ : ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ ॥’’ (ਮ: ੩/੯੧੭)

ਸੋ ਜ਼ਿੰਦਗੀ ਦੀ ਇਹ ਰਸਮ; ਪ੍ਰਾਚੀਨ ਤੇ ਸੁਭਾਵਕ ਹੋਣ ਦੇ ਨਾਂ ’ਤੇ ਨਾ ਕੇਵਲ ਸਾਰੀਆਂ ਰਸਮਾਂ ਦਾ ਧੁਰਾ ਹੀ ਹੈ ਸਗੋਂ ਮਨੁੱਖ ਦੀਆਂ ਖੁਸ਼ੀਆਂ ਖੇੜਿਆਂ ਤੇ ਸਫਲਤਾਵਾਂ ਦੀ ਜ਼ਾਮਨ ਵੀ ਮੰਨੀ ਗਈ ਹੈ। ਇਸ ਲਈ ਇੱਕ ਵਿਦਵਾਨ ਡੇਸ਼ੀਅਰ ਲਿਖਦਾ ਹੈ ਕਿ ‘ਜੇ ਕੋਈ ਵਿਅਕਤੀ ਵਿਆਹ ਦੇ ਮਾਮਲੇ ਵਿੱਚ ਅਭਾਗਾ ਹੈ ਤਾਂ ਉਸ ਦੇ ਜੀਵਨ ਵਿੱਚ ਸੁਭਾਗੇ ਤੇ ਸਫਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।’ ਜੀਵਨ ਸਾਥੀ ਦੀ ਚੋਣ ਵਿੱਚ ਨੌਜਵਾਨਾਂ ਦੇ ਜਜ਼ਬੇ ਤੇ ਬਜੁਰਗਾਂ ਦੇ ਤਜਰਬੇ ਦਾ ਸੁਮੇਲ ਵੀ ਸਫਲ ਜੀਵਨ ਜੀਊਣ ਵਿੱਚ ਸਹਾਇਕ ਹੋ ਸਕਦਾ ਹੈ। ਜੀਵਨ ਨਿਰਬਾਹ ਕਰਨ ਵਾਸਤੇ ਸਤਿਗੁਰਾਂ ਵੱਲੋਂ ਦਰਸਾਏ ਮਾਰਗ ਨੂੰ ਹੀ ਆਪਣਾ ਆਦਰਸ਼ ਮੰਨਣਾ ਹੈ। ਗੁਰਮਤਿ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਮਨੁੱਖ ਆਪਣੇ ਜੀਵਨ ਨੂੰ ਬਾਹਰੀ ਤੌਰ ’ਤੇ ਸੁਖੀ ਰੱਖਣ ਲਈ ਪਰਾਇਆ ਧਨ ਘਰ ਲੈ ਕੇ ਆਵੇ ਅਤੇ ਗੁਰੂ ਦੇ ਆਦਰਸ਼ ਤੋਂ ਡਿੱਗ ਕੇ ਨੀਵੇਂ ਕੰਮ ਕਰਕੇ ਆਪਣਾ ਜੀਵਨ ਸੁਖੀ ਬਣਾਉਣ ਦੀ ਸੋਚੇ। ਇਸ ਸਬੰਧੀ ਭਗਤ ਕਬੀਰ ਜੀ ਮਨੁੱਖ ਨੂੰ ਚਿਤਾਵਨੀ ਦਿੰਦੇ ਹੋਏ ਫ਼ਰਮਾਉਂਦੇ ਹਨ: ‘‘ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥  ਸੁਤ ਦਾਰਾ ਪਹਿ; ਆਨਿ ਲੁਟਾਵੈ ॥੧॥  ਮਨ ਮੇਰੇ ਭੂਲੇ ! ਕਪਟੁ ਨ ਕੀਜੈ ॥  ਅੰਤਿ ਨਿਬੇਰਾ; ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥’’ (ਭਗਤ ਕਬੀਰ/੬੫੬)

ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਪਰਿਵਾਰਕ ਜੀਵਨ ਬਤੀਤ ਕਰਦਿਆਂ ਕਮਲ ਤੇ ਮੁਰਗਾਬੀ ਵਾਂਗ ਅਲੇਪ ਰਹਿਣਾ ਹੈ। ਆਪ ਜੀ ਦਾ ਫ਼ਰਮਾਨ ਹੈ : ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕ ! ਨਾਮੁ ਵਖਾਣੇ ॥’’ (ਰਾਮਕਲੀ ਗੋਸਟਿ/ਮ: ੧/੯੩੮) ਇਸ ਤਰ੍ਹਾਂ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਅਸੀਂ ਗ੍ਰਹਿਸਤ ਜੀਵਨ ਦਾ ਅਨੰਦ ਮਾਣ ਸਕਾਂਗੇ।

ਗੁਰਮਤਿ ਅਨੁਸਾਰ ਵਿਆਹ ਦਾ ਸਬੰਧ ਦੋ ਆਤਮਾਵਾਂ ਦੇ ਮਿਲਾਪ ਦਾ ਰੂਹਾਨੀ ਤਜ਼ਰਬਾ ਹੈ। ਸਰੀਰਕ ਪਰਵਿਰਤੀ ਅਤੇ ਸੰਤਾਨ ਦੇ ਸੁਆਲ ਨੂੰ ਨਕਾਰੇ ਬਿਨਾਂ ਰੂਹਾਨੀ ਆਦਰਸ਼ ਨੂੰ ਮਹੱਤਤਾ ਦਿੱਤੀ ਹੈ। ਵਿਆਹ ਕੋਈ ਬੰਧਨ ਜਾਂ ਕੈਦ ਨਹੀਂ ਸਗੋਂ ਇੱਕ ਦੂਜੇ ਨੂੰ ਸੰਸਾਰਕ ਅਤੇ ਆਤਮਿਕ ਤੌਰ ਤੇ ਉਚਾ ਚੁੱਕਣ ਲਈ ਇੱਕ ਮਾਰਗ ਹੈ। ਇਸ ਆਦਰਸ਼ ਦੀ ਪ੍ਰਾਪਤੀ ਕਿਵੇਂ ਹੋਵੇ ? ਇਸ ਦਾ ਉਤਰ ਗੁਰੂ ਰਾਮਦਾਸ ਜੀ ਦੀ ਸੂਹੀ ਰਾਗ ਵਿੱਚ ਲਿਖੀ ਬਾਣੀ (ਲਾਵਾਂ) (ਭਾਵੇਂ ਇਹ ਸਿਰਲੇਖ ਨਹੀਂ ਹੈ), ਦਾ ਵਿਚਾਰ ਸਹਿਤ ਪਾਠ ਕਰਦਿਆਂ ਮਿਲ ਜਾਂਦਾ ਹੈ। ਇਸੇ ਲਈ ਰਹਿਤ ਮਰਯਾਦਾ ਵਿੰਚ ਅਨੰਦ ਕਾਰਜ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਚਾਰ ਪ੍ਰਕਰਮਾ ਕਰਕੇ ਇਸ ਬਾਣੀ ਦਾ ਗਾਇਣ ਕੀਤਾ ਜਾਂਦਾ ਹੈ।

ਅਸਲ ਵਿੱਚ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਪੁਰਸ਼ ਅਤੇ ਇਸਤਰੀ ਦਾ ਵਿਆਹ ਦੇ ਰੂਪ ਵਿੱਚ ਇਹ ਮੇਲ ਗ੍ਰਹਿਸਤ ਜੀਵਨ ਦੀ ਪ੍ਰਯੋਗਸ਼ਾਲਾ ਵਿੱਚ ਇੱਕ ਛੋਟਾ ਜਿਹਾ ਤਜਰਬਾ ਹੈ ਜਿਸ ਵਿੱਚ ਦੋ ਜੋਤਾਂ ਤੋਂ ਇੱਕ ਜੋਤ ਹੋ ਜਾਣਾ। ਦੰਪਤੀ ਦਾ ਅਸਲ ਟੀਚਾ ਇਸ ਤਜਰਬੇ ਤੋਂ ਅਗਵਾਈ ਲੈ ਕੇ ਅਕਾਲ ਪੁਰਖ ਨਾਲ ਇੱਕ ਜੋਤ ਹੋਣ ਦਾ ਹੈ।ਭਾਵ ਪਰਮਜੋਤ ਵਿੱਚ ਆਪਣੀ ਜੋਤ ਨੂੰ ਇੱਕ ਮਿੱਕ ਕਰਨਾ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ, ‘‘ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥’’ (ਗਉੜੀ ਸੁਖਮਨੀ/ਮ: ੫/੨੭੮)

ਇਸ ਕਰਕੇ ਸਿੱਖ ਧਰਮ ਵਿੱਚ ਵਿਆਹ ਸਮੇਂ ਨਿਭਾਈ ਜਾਣ ਵਾਲੀ ਮਰਯਾਦਾ ਨੂੰ ਅਨੰਦ ਸੰਸਕਾਰ ਕਿਹਾ ਜਾਂਦਾ ਹੈ। ਗ੍ਰਹਿਸਤ ਜੀਵਨ ਦੀ ਸਫਲਤਾ ਹੀ ਇਸ ਵਿੱਚ ਹੈ ਕਿ ਜੀਵਨ ਬਸਰ ਕਰਦਿਆਂ ਅਨੰਦ ਦੀ ਪ੍ਰਾਪਤੀ ਹੋਵੇ। ਗੁਰੂ ਰਾਮਦਾਸ ਜੀ ਦੁਆਰਾ ਸੂਹੀ ਰਾਗ ਵਿੱਚ ਰਚਿਤ ਛੰਦ (ਲਾਵਾਂ) ਦੇ ਚਾਰ ਬੰਦ ਹਨ। ਹਰ ਬੰਦ ਵਿੱਚ ਗੁਰੂ ਸਾਹਿਬਾਨ ਨੇ ਸਮਾਜਕ ਅਤੇ ਅਧਿਆਤਮਕ ਜੀਵਨ ਨੂੰ ਖੁਸ਼ੀ ਭਰਪੂਰ ਮਾਨਣ ਲਈ ਕੋਈ ਨਾ ਕੋਈ ਢੰਗ ਤਰੀਕਾ ਬਿਆਨ ਕੀਤਾ ਹੈ।

ਪਹਿਲੇ ਬੰਦ ਵਿੱਚ ਗੁਰੂ ਰਾਮਦਾਸ ਜੀ ਫ਼ਰਮਾਉਂਦੇ ਹਨ ਕਿ ਜੀਵਨ ਵਿੱਚ ਹਾਲਾਤ ਭਾਵੇਂ ਕਿਸੇ ਤਰ੍ਹਾਂ ਦੇ ਵੀ ਹੋਣ, ਮਨੁੱਖ ਨੇ ਗ੍ਰਹਿਸਤ ਜੀਵਨ ਦਾ ਤਿਆਗ ਨਹੀਂ ਕਰਨਾ। ਪਹਿਲੇ ਪੜਾਅ ਵਿੱਚ ‘ਪਰਵਿਰਤੀ ਕਰਮ’ ਰਾਹੀਂ ਸੰਸਾਰਕ ਰਿਸ਼ਤਾ ਅਰੰਭ ਕੀਤਾ ਗਿਆ ਹੈ। ਇਸ ਰਿਸ਼ਤੇ ਦੀ ਬੁਨਿਆਦ ‘ਧਰਮੁ ਦ੍ਰਿੜਹੁ’ ਅਤੇ ‘ਪਾਪ ਤਜਾਇਆ’ ਦੇ ਸਿਧਾਂਤ ’ਤੇ ਰੱਖੀ ਗਈ ਹੈ। ਅਜਿਹਾ ਜੀਵਨ ਜੀਊਣ ਲਈ ਔਗਣਾ ਨੂੰ ਜੜ੍ਹੋਂ ਪੁੱਟਣਾ ਜ਼ਰੂਰੀ ਹੈ। ਧਰਮ ਦੀ ਦ੍ਰਿੜ੍ਹਤਾ ਲਈ ‘‘ਸਤਿਗੁਰੁ ਗੁਰੁ ਪੂਰਾ ਆਰਾਧਹੁ’’ ਦਾ ਸਿਧਾਂਤ ਅਪਣਾਉਣਾ ਜ਼ਰੂਰੀ ਹੈ। ਇਸ ਤਰ੍ਹਾਂ ਸਾਰੇ ਪਾਪਾਂ ਦਾ ਨਾਸ ਹੋ ਜਾਵੇਗਾ ਅਤੇ ਪਤੀ-ਪਤਨੀ ਦੇ ਜੀਵਨ ਵਿੱਚ ਸੁੱਖ ਅਤੇ ਅਨੰਦ ਆ ਜਾਵੇਗਾ। ਇਸ ਆਨੰਦਿਤ ਜੀਵਨ ਦੀ ਪ੍ਰਾਪਤੀ ਲਈ ਹਰ ਸਮੇਂ ਸਾਵਧਾਨੀ ਵਰਤਣੀ ਪੈਂਦੀ ਹੈ। ਘਰ ਪਰਿਵਾਰ ਵਿੱਚ, ਕੰਮ ਸਮੇਂ, ਦਫ਼ਤਰ ਵਿੱਚ, ਵਪਾਰ ਵਿੱਚ, ਗੱਲ ਕੀ ਹਰ ਸਮੇਂ ਹਰ ਤਰ੍ਹਾਂ ਦੇ ਫ਼ਰਜ਼ ਨਿਭਾਉਣ ਸਮੇਂ ਆਪਣੇ ਆਦਰਸ਼ ਨੂੰ ਸਾਹਮਣੇ ਰੱਖਣਾ ਪਵੇਗਾ। ਅਜਿਹੇ ਫ਼ਰਜ਼ ਨਿਭਾਉਂਦੇ ਸਮੇਂ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।  ਜੀਵਨ ਵਿੱਚ ਕਈ ਵਾਰ ਅਸਫਲਤਾਵਾਂ ਵੀ ਹੁੰਦੀਆਂ ਹਨ ਪਰ ਇਹਨਾਂ ਸਾਰਿਆਂ ਦੇ ਬਾਵਜੂਦ ਜੀਵਨ ਸੰਘਰਸ਼ ਗੁਰੂ ਆਸ਼ੇ ਅਨੁਸਾਰ ਜਾਰੀ ਰੱਖਣਾ ਹੈ। ਜਦੋਂ ਪਤੀ-ਪਤਨੀ ਚੇਤੰਨ ਤੌਰ ’ਤੇ ਗੁਣਾਂ ਦੀ ਸਾਂਝ ਕਰਕੇ ਇਸ ਸਾਂਝੇ ਆਦਰਸ਼ ਅਨੁਸਾਰ ਜੀਵਨ ਜੀਊਣਾ ਲੋਚਦੇ ਹਨ ਤਾਂ ਇਹ ਗ੍ਰਹਿਸਤ ਜੀਵਨ ਦੀ ਸਫਲਤਾ ਵੱਲ ਪਹਿਲਾ ਕਦਮ ਹੁੰਦਾ ਹੈ।

ਦੂਜੇ ਬੰਦ ਵਿੱਚ ਦੰਪਤੀ ਜੀਵਨ ਦੀ ਸਫਲਤਾ ਦਾ ਆਧਾਰ ‘ਨਿਰਮਲ ਭਉਦੱਸਿਆ ਗਿਆ ਹੈ। ਪਤੀ ਪਤਨੀ ਦੇ ਹਿਰਦੇ ਵਿੱਚ ਇੱਕ ਦੂਜੇ ਲਈ ‘ਨਿਰਮਲ ਭਉਹੋਵੇ। ਇਸ ਦਾ ਭਾਵ ਇਹ ਹੈ ਕਿ ਇੱਕ ਦੂਜੇ ਦਾ ਸਤਿਕਾਰ ਅਤੇ ਰੁਤਬਾ ਕਾਇਮ ਰੱਖਿਆ ਜਾਵੇ। ਅਜਿਹੇ ਧਰਮੀ ਜੀਵਨ ਦੀ ਪ੍ਰਾਪਤੀ ਲਈ ਮਨ ਵਿੱਚ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਾਰਿਆਂ ਵਿੱਚ ਇੱਕ ਪ੍ਰਭੂ ਦੀ ਜੋਤ ਦਾ ਹੀ ਪ੍ਰਕਾਸ਼ ਹੈ। ਇੱਕ ਦੂਜੇ ਦੀਆਂ ਭਾਵਨਾਵਾਂ ਅਤੇ ਲੋੜਾਂ ਦਾ ਧਿਆਨ ਰੱਖਣ ਲਈ ਗ੍ਰਹਿਸਤ ਜੀਵਨ ਸੁਹਜਮਈ ਬਣ ਜਾਂਦਾ ਹੈ। ਇਸ ਤਰ੍ਹਾਂ ਰਿਸ਼ਤੇ ਵਿੱਚ ਮਿਠਾਸ ਤੇ ਆਪਣਾਪਣ ਪੈਦਾ ਹੁੰਦਾ ਹੈ।

ਇੱਕ ਦੂਜੇ ਲਈ ਕੁਰਬਾਨੀ ਕਰਨਾ ਇੱਕ ਬੰਧਨ ਨਹੀਂ ਸਗੋਂ ਖੁਸ਼ੀ ਤੇ ਖੇੜੇ ਦਾ ਸੰਕੇਤ ਹੈ। ਇਸ ਨਾਲ ਨਿੱਤ ਨਵਾਂ ਜੀਵਨ ਮਿਲਦਾ ਹੈ। ਇਸ ਤਰ੍ਰਾਂ ਪਰਿਵਾਰਕ ਜੀਵਨ ਵਿੱਚ ਸਫਲਤਾ ਮਿਲਦੀ ਹੈ ਅਤੇ ਮਨ ਅਨੰਦਮਈ ਅਵਸਥਾ ਵਿੱਚ ਰਹਿੰਦਾ ਹੈ। ਸੱਚ ਦੀ ਸੁੰਦਰਤਾ ਤੇ ਆਧਾਰਿਤ ਸਫਲ ਜੀਵਨ ਮਨ ਵਿੱਚ ਚਾਉ ਪੈਦਾ ਕਰਦਾ ਹੈ ਤੇ ਮਿਲਾਪ ਦੀ ਤਾਂਘ ਵਧ ਕੇ ਮਨ ਵਿੱਚ ਵੈਰਾਗ ਪੈਦਾ ਹੁੰਦਾ ਹੈ। ‘ਨਿਰਮਲ ਭਉ’ ਦੀ ਅਵਸਥਾ ਦੰਪਤੀ ਜੀਵਨ ਦੀ ਸਫਲਤਾ ਲਈ ਦੂਜੀ ਪਉੜੀ ਹੈ ਜੋ ਦੂਜੀ ਲਾਂਵ ਵਿੱਚ ਸਮਝਾਈ ਗਈ ਹੈ।

ਲਾਵਾਂ ਦੇ ਤੀਜੇ ਬੰਦ ਵਿੱਚ ਗੁਰੂ ਰਾਮਦਾਸ ਜੀ ਸਮਝਾਉਂਦੇ ਹਨ ਕਿ ਜੀਵ ਰੂਪੀ ਇਸਤਰੀ ਦੇ ਮਨ ਵਿੱਚ ‘ਵੈਰਾਗ’ ਪੈਦਾ ਹੋ ਜਾਂਦਾ ਹੈ। ਇਸ ਦਾ ਭਾਵ ਹੈ ਕਿ ਦੂਜੇ ਦੀ ਖ਼ੁਸ਼ੀ ਲਈ ਆਪਣੇ ਜਜ਼ਬਿਆਂ ਦਾ ਤਿਆਗ ਕਰਨਾ। ਅਜਿਹੀ ਪ੍ਰੇਰਨਾ ਵੱਡੇ ਭਾਗਾਂ ਨਾਲ ਗੁਰਮੁਖ ਜਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਇਸ ਅਵਸਥਾ ਵਿੱਚ ਮੇਰ ਤੇਰ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਕੋਈ ਵੈਰੀ ਤੇ ਬਿਗਾਨਾ ਨਹੀਂ ਦਿੱਸਦਾ। ਸਾਰੇ  ਆਪਣੇ ਮਿੱਤਰ ਹੀ ਜਾਪਦੇ ਹਨ। ਜਦੋਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਚਾਅ ਭਰਿਆ ਵੈਰਾਗ ਉਪਜਦਾ ਹੈ ਤਾਂ ਸਾਰੇ ਵਿਤਕਰੇ ਤੇ ਦੂਰੀਆਂ ਮਿਟ ਜਾਂਦੀਆਂ ਹਨ। ਪਰਿਵਾਰਕ ਜੀਵਨ ਦੇ ਸਾਰੇ ਰਿਸ਼ਤੇ ਅਪਣੱਤ (ਨਿੱਜੀਪਣ) ਨਾਲ ਭਰ ਜਾਂਦੇ ਹਨ। ਵੈਰ ਵਿਰੋਧ ਖ਼ਤਮ ਹੋ ਜਾਂਦਾ ਹੈ। ਪਰਿਵਾਰ ਵਿੱਚ ਸੁੱਖ ਸ਼ਾਂਤੀ ਤੇ ਅਨੰਦ ਛਾ ਜਾਂਦਾ ਹੈ। ਪਤੀ ਪਤਨੀ ਦਾ ਰਿਸ਼ਤਾ ‘‘ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮ: ੩/੭੮੮) ਬਣ ਜਾਂਦਾ ਹੈ। ਇਸ ਤਰ੍ਹਾਂ ਇੱਕ ਦੀ ਖ਼ੁਸ਼ੀ ਤੇ ਪ੍ਰਾਪਤੀ ਦੂਜੇ ਦੀ ਖ਼ੁਸ਼ੀ ਤੇ ਪ੍ਰਾਪਤੀ ਬਣ ਜਾਂਦੀ ਹੈ। ਇੱਕ ਦੂਜੇ ਲਈ ਕੁੱਝ ਕਰਨ ਵਿੱਚ ਆਤਮਕ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਮਨ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ।

ਸਫਲ ਦੰਪਤੀ ਜੀਵਨ ਦੀ ਚੌਥੀ ਤੇ ਆਖਰੀ ਅਵਸਥਾ ਸਹਿਜ ਹੈ। ਸਹਿਜ ਤੋਂ ਭਾਵ ਹੈ ਕਿ ਮਨ ਦੀ ਅਵਸਥਾ ਦਾ ਹਰ ਸਮੇਂ ਦੁੱਖ, ਸੁੱਖ, ਘਾਟਾ, ਵਾਧਾ ਅਤੇ ਖ਼ੁਸ਼ੀ ਗ਼ਮੀ ਵਿੱਚ ਸਥਿਰ ਰਹਿਣਾ। ਅਜਿਹੇ ਸੰਜਮ ਨਾਲ ਹੀ ਜੀਵਨ ਵਿੱਚ ਅਨੰਦ ਪ੍ਰਾਪਤ ਹੁੰਦਾ ਹੈ। ਪਤੀ ਪਤਨੀ ਦੇ ਰਿਸ਼ਤੇ ਵਿੱਚ ਸਹਿਜ ਦੀ ਅਵਸਥਾ, ਜੀਵਨ ਵਿੱਚ ਉਲਾਰ ਨੂੰ ਖ਼ਤਮ ਕਰ ਦਿੰਦੀ ਹੈ। ਮਨੁੱਖ ਹਰ ਇੱਕ ਅਵਸਥਾ ਵਿੱਚ ਸਾਂਵਾਂ ਜੀਵਨ ਪੱਧਰ ਜਿਉਂਦਾ ਹੈ। ਉਹ ਸਾਰੀਆਂ ਸਮਾਜਕ, ਆਰਥਕ ਤੇ ਪਰਿਵਾਰਕ ਮੁਸ਼ਕਲਾਂ ਤੋਂ ਛੁਟਕਾਰਾ ਪਾ ਕੇ ਸਹਿਜ ਭਰਿਆ ਜੀਵਨ ਜਿਉਂਦਾ ਹੈ। ਇਸ ਅਵਸਥਾ ਵਿੱਚ ਜੀਵਨ ਵਿੱਚ ਜਿੰਨੇ ਮਰਜੀ ਝੱਖੜ ਝੁਲਣ ਉਸ ਦਾ ਮਨੁੱਖੀ ਵਿਕਾਸ ਤੇ ਕੋਈ ਮਾਰੂ ਪ੍ਰਭਾਵ ਨਹੀਂ ਪੈਂਦਾ। ਸਚਾਈ ਇਹ ਹੈ ਕਿ ਲਾਵਾਂ ਦੀ ਬਾਣੀ ਰਾਹੀਂ ਗੁਰੂ ਸਾਹਿਬ ਨੇ ਮਨੁੱਖੀ ਜੀਵਨ ਵਿੱਚੋਂ ਸਾਰੀਆਂ ਗੁੰਝਲਾਂ ਦੂਰ ਕਰਕੇ ਇੱਕ ਆਦਰਸ਼ਕ ਜੀਵਨ ਜਿਉਂਣ ਦਾ ਢੰਗ ਦੱਸਿਆ ਹੈ।

ਮਨੁੱਖੀ ਰਿਸ਼ਤਿਆਂ ਦੀ ਪਵਿੱਤਰਤਾ ਦੀ ਲੋੜ ਸੰਬੰਧੀ ਗੁਰੂ ਸਾਹਿਬ ਨੇ ਖੁੱਲ੍ਹ ਕੇ ਵਿਆਖਿਆ ਕੀਤੀ ਹੈ। ਸਾਰੇ ਮਨੁੱਖੀ ਰਿਸ਼ਤਿਆਂ ਦਾ ਮੁੱਢ ਪਤੀ ਪਤਨੀ ਦੇ ਰਿਸ਼ਤੇ ਤੋਂ ਹੀ ਆਰੰਭ ਹੁੰਦਾ ਹੈ। ਗੁਰੂ ਰਾਮਦਾਸ ਜੀ ਨੇ ਲਾਵਾਂ ਦੀ ਇਸ ਬਾਣੀ ਰਾਹੀਂ ਜੀਵਨ ਨੂੰ ਜਿੱਥੇ ਆਪਣਾ ਅਧਿਆਤਮ ਤੇ ਗ੍ਰਹਿਸਥ ਜੀਵਨ ਸੁਆਰਨ ਦਾ ਉਪਦੇਸ਼ ਦਿੱਤਾ ਹੈ, ਉੱਥੇ ਮਨੁੱਖ ਨੂੰ ਗ੍ਰਹਿਸਤ ਧਰਮ ਵਿੱਚ ਰਹਿ ਕੇ ‘‘ਧਨ ਪਿਰੁ ਕਹੀਐ ਸੋਇ’’ ਦੇ ਆਦਰਸ਼ ਨੂੰ ਪ੍ਰਾਪਤ ਕਰਨਾ ਦੱਸਿਆ ਹੈ।