ਸਾਰਾਗੜ੍ਹੀ ਜੰਗ ਦਾ ਵਿਸਥਾਰ ਸਹਿਤ ਵੇਰਵਾ
ਗਿਆਨੀ ਅਵਤਾਰ ਸਿੰਘ
12 ਸਤੰਬਰ 1897 (੨੯ ਭਾਦੋਂ ਸੰਮਤ ੧੯੫੪) ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਚੌਂਕੀ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਵੱਲ ਵਧ ਰਿਹਾ ਹੈ। ਉਨ੍ਹਾਂ ਦੀ ਗਿਣਤੀ 8 ਹਜ਼ਾਰ ਤੋਂ 14 ਹਜ਼ਾਰ ਤੱਕ ਹੈ।
ਸੈਨਿਕਾਂ ਦੀ ਅਗਵਾਈ ਕਰ ਰਹੇ ਹਵਲਦਾਰ ਈਸ਼ਰ ਸਿੰਘ ਨੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਆਦੇਸ਼ ਦਿੱਤਾ ਕਿ ਨੇੜੇ ਦੇ ਕਿਲ੍ਹੇ ਲੋਕਹਾਰਟ ’ਚ ਤਾਇਨਾਤ ਅੰਗਰੇਜ਼ ਅਧਿਕਾਰੀਆਂ ਨੂੰ ਤੁਰੰਤ ਹਾਲਾਤਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਕਿ ਉਨ੍ਹਾਂ ਲਈ ਕੀ ਹੁਕਮ ਹੈ ?
ਲੋਕਹਾਰਟ ਕਿਲ੍ਹੇ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਹਾਫਟਨ ਨੇ ਹੁਕਮ ਦਿੱਤਾ, ‘ਹੋਲਡ ਯੂਅਰ ਪੋਜ਼ੀਸ਼ਨ’ ਯਾਨਿ ਆਪਣੀ ਥਾਂ ’ਤੇ ਡਟੇ ਰਹੋ। ਇੱਕ ਘੰਟੇ ਅੰਦਰ ਕਿਲ੍ਹੇ ਨੂੰ ਤਿੰਨਾਂ ਪਾਸਿਓਂ ਘੇਰ ਲਿਆ ਗਿਆ ਅਤੇ ਅਰਾਕਜ਼ਾਈਆਂ ਦਾ ਇੱਕ ਸੈਨਿਕ ਹੱਥ ’ਚ ਚਿੱਟਾ ਝੰਡਾ ਲਈ ਕਿਲ੍ਹੇ ਵੱਲ ਵਧਿਆ। ਉਸ ਨੇ ਚੀਕ ਕੇ ਕਿਹਾ, ‘ਸਾਡੀ ਤੁਹਾਡੇ ਨਾਲ ਕੋਈ ਜੰਗ ਨਹੀਂ ਹੈ। ਸਾਡੀ ਜੰਗ ਅੰਗਰੇਜ਼ਾਂ ਨਾਲ ਹੈ। ਤੁਸੀਂ ਗਿਣਤੀ ਵਿੱਚ ਬਹੁਤ ਘੱਟ ਹੋ, ਮਾਰੇ ਜਾਓਗੇ। ਸਾਡੇ ਸਾਹਮਣੇ ਹਥਿਆਰ ਸੁੱਟ ਦਿਓ। ਅਸੀਂ ਤੁਹਾਡਾ ਖ਼ਿਆਲ ਰੱਖਾਂਗੇ ਅਤੇ ਤੁਹਾਨੂੰ ਇੱਥੋਂ ਸੁਰੱਖਿਅਤ ਨਿਕਲਣ ਦਾ ਰਸਤਾ ਦੇਵਾਂਗੇ’।
ਬਾਅਦ ’ਚ ਬ੍ਰਿਟਿਸ਼ ਫੌਜ਼ ਦੇ ਮੇਜਰ ਜਨਰਲ ਜੈਮਸ ਲੰਟ ਨੇ ਇਸ ਜੰਗ ਬਾਰੇ ਦੱਸਦੇ ਹੋਏ ਲਿਖਿਆ, ‘ਈਸ਼ਰ ਸਿੰਘ ਨੇ ਇਸ ਪੇਸ਼ਕਸ਼ ਦਾ ਜਵਾਬ ਅਰਾਕਜ਼ਾਈਆਂ ਦੀ ਹੀ ਭਾਸ਼ਾ ਪਸ਼ਤੋ ਵਿੱਚ ਦਿੱਤਾ। ਉਨ੍ਹਾਂ ਦੀ ਭਾਸ਼ਾ ਨਾ ਸਿਰਫ਼ ਸਖ਼ਤ ਸੀ ਬਲਕਿ ਗਾਲ੍ਹਾਂ ਨਾਲ ਭਰੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਅਤੇ ਅਸੀਂ ਇਸ ਦੀ ਆਖ਼ਰੀ ਸਾਹ ਤੱਕ ਰੱਖਿਆ ਕਰਾਂਗੇ’।
ਸਾਰਾਗੜ੍ਹੀ ਦੀ ਜੰਗ ਹੋਣ ਦਾ ਕਾਰਨ : ਸਾਰਾਗੜ੍ਹੀ ਚੌਂਕੀ; ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜ਼ਿਲ੍ਹੇ ’ਚ ਸਮੁੰਦਰੀ ਤਲ ਤੋਂ ਕਰੀਬ 6 ਹਜ਼ਾਰ ਫੁੱਟ ਦੀ ਉਚਾਈ ’ਤੇ ਹੈ। ਇਹ ਉਹ ਇਲਾਕਾ ਹੈ, ਜਿੱਥੇ ਰਹਿਣ ਵਾਲੇ ਲੋਕਾਂ ’ਤੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ਼ ਕਾਇਮ ਨਾ ਹੋ ਸਕਿਆ।
ਸੰਨ 1880 ਦੇ ਦਹਾਕੇ ’ਚ ਅੰਗਰੇਜ਼ਾਂ ਨੇ ਇੱਥੇ ਤਿੰਨ ਚੌਂਕੀਆਂ ਬਣਾਈਆਂ, ਜਿਸ ਦਾ ਸਥਾਨਕ ਅਰਾਕਜ਼ਾਈ ਪਠਾਣਾਂ ਨੇ ਵਿਰੋਧ ਕੀਤਾ, ਜਿਸ ਕਾਰਨ ਅੰਗਰੇਜ਼ਾਂ ਨੂੰ ਉਹ ਚੌਂਕੀਆਂ ਖਾਲੀ ਕਰਨੀਆਂ ਪਈਆਂ ਸਨ। ਸੰਨ 1891 ’ਚ ਅੰਗਰੇਜ਼ਾਂ ਨੇ ਉੱਥੇ ਮੁੜ ਤੋਂ ਮੁਹਿੰਮ ਚਲਾਈ, ਰਬੀਆ ਖੇਡ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਤੇ ਉਨ੍ਹਾਂ ਨੂੰ ਲੋਕਹਾਰਟ ਕਿਲ੍ਹਾ ਅਤੇ ਗੁਲਿਸਤਾਨ ਤੇ ਸਾਰਾਗੜ੍ਹੀ ਚੌਂਕੀਆਂ ਬਣਾਉਣ ਦੀ ਮਨਜ਼ੂਰੀ ਮਿਲ ਗਈ, ਪਰ ਸਥਾਨਕ ਅਰਾਕਜ਼ਾਈ ਪਠਾਣਾਂ ਨੇ ਇਸ ਨੂੰ ਪਸੰਦ ਨਾ ਕੀਤਾ। ਉਹ ਇਨ੍ਹਾਂ ਟਿਕਾਣਿਆਂ ’ਤੇ ਲਗਾਤਾਰ ਹਮਲੇ ਕਰਦੇ ਰਹੇ ਤਾਂ ਜੋ ਅੰਗਰੇਜ਼ ਉਥੋਂ ਭੱਜ ਜਾਣ। ਗੁਲਿਸਤਾਨ ਚੌਂਕੀ ਅਤੇ ਲੋਕਹਾਰਟ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦੂਰੀ ਸੀ। ਇਨ੍ਹਾਂ ਵਿਚਕਾਰ ਇੱਕ ਨੀਵੀਂ ਜਗ੍ਹਾ ’ਚ ਕਾਲੇ ਪੱਥਰ ਉੱਤੇ ਬਣਿਆ ਘਰ ਨੁਮਾ ਢਾਂਚਾ ਸਾਰਾਗੜ੍ਹੀ ਚੌਂਕੀ ਸੀ। ਇਹ ਸਾਰਾ ਹੀ ਪਹਾੜੀ ਇਲਾਕਾ ਹੈ। ਇਹ ਸਥਾਨ; ਜ਼ਿਲ੍ਹਾ ਕੁਹਾਟ ਤੋਂ 35 ਮੀਲ ਅਤੇ ਪਿਸ਼ਾਵਰ ਤੋਂ 50 ਮੀਲ ਦੂਰ ਹੈ।
ਸ਼ੇਰੇ ਪੰਜਾਬ (ਮਹਾਰਾਜਾ ਰਣਜੀਤ ਸਿੰਘ) ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ’ਚ ਅੰਗਰੇਜ਼ਾਂ ਨੇ ਇਹ ਇਲਾਕਾ ਆਪਣੇ ਸਾਮਰਾਜ ਅਧੀਨ ਕਰ ਲਿਆ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਨਾ ਕੀਤਾ। ਇਹ ਲੋਕ; ਅੰਗਰੇਜ਼ਾਂ ਖਿਲਾਫ 1896 ’ਚ ਬਗਾਵਤ ਦਾ ਝੰਡਾ ਚੁੱਕ ਕੇ ਖਲੋ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਬੜਾ ਮਹੱਤਵ ਰੱਖਦਾ ਸੀ। ਜਦੋਂ ਵੀ ਦਾਅ ਲੱਗਦਾ ਪਠਾਣ; ਵਪਾਰੀਆਂ ਅਤੇ ਛੋਟੀਆਂ-ਛੋਟੀਆਂ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ।
3 ਸਤੰਬਰ 1897 ਨੂੰ ਪਠਾਣਾਂ ਦੇ ਵੱਡੇ ਲਸ਼ਕਰ ਨੇ ਇਨ੍ਹਾਂ ਤਿੰਨੇ ਕਿਲ੍ਹਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲੀ। ਫਿਰ 12 ਸਤੰਬਰ ਨੂੰ ਅਰਾਕਜ਼ਾਈਆਂ ਨੇ ਗੁਲਿਸਤਾਨ, ਲੋਕਹਾਰਟ ਅਤੇ ਸਾਰਾਗੜ੍ਹੀ; ਤਿੰਨ੍ਹਾਂ ਕਿਲ੍ਹਿਆਂ ਨੂੰ ਘੇਰ ਲਿਆ। ਲੋਕਹਾਰਟ ਤੇ ਗੁਲਿਸਤਾਨ ਕਿਲ੍ਹਿਆਂ ਦਾ ਸੰਪਰਕ ਸਾਰਾਗੜ੍ਹੀ ਕਿਲ੍ਹੇ ਤੋਂ ਤੋੜ ਦਿੱਤਾ। ਇਸ ਚੌਂਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ ਕੋਲ ਸੀ।
ਅਰਾਕਜ਼ਾਈ ਪਠਾਣਾਂ ਅਤੇ ਅਫਰੀਦੀ ਕਬੀਲਿਆਂ ਵੱਲੋਂ ਪਹਿਲਾ ਫਾਇਰ ਸੁਬ੍ਹਾ 9 ਵਜੇ ਆਇਆ। ਸਾਰਾਗੜ੍ਹੀ ਜੰਗ ’ਤੇ ਪ੍ਰਸਿੱਧ ਕਿਤਾਬ ‘ਦਿ ਆਈਕਨ ਬੈਟਲ ਆਫ ਸਾਰਾਗੜ੍ਹੀ’ ਲਿਖਣ ਵਾਲੇ ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, ‘ਬਾਬਾ ਈਸ਼ਰ ਸਿੰਘ ਨੇ ਆਪਣੇ ਜਵਾਨਾਂ ਨੂੰ ਆਦੇਸ਼ ਦਿੱਤਾ ਕਿ ਗੋਲੀ ਨਾ ਚਲਾਈ ਜਾਵੇ ਅਤੇ ਪਠਾਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ। ਉਨ੍ਹਾਂ ’ਤੇ ਉਦੋਂ ਗੋਲੀਬਾਰੀ ਸ਼ੁਰੂ ਕੀਤੀ ਜਾਏ ਜਦੋਂ ਉਹ 1000 ਗਜ਼ ਯਾਨਿ ਉਨ੍ਹਾਂ ਦੀ ‘ਫਾਇਰਿੰਗ ਰੇਂਜ’ ’ਚ ਆ ਜਾਣ। ਸਿੱਖ ਜਵਾਨਾਂ ਕੋਲ ਸਿੰਗਲ ਸ਼ੌਟ ‘ਮਾਰਟਿਨੀ ਹੇਨਰੀ .303’ ਰਾਈਫਲਾਂ ਸਨ, ਜੋ ਇੱਕ ਮਿੰਟ ’ਚ ਕੇਵਲ 10 ਰਾਊਂਡ ਫਾਇਰ ਕਰ ਸਕਦੀ ਸੀ। ਹਰੇਕ ਸੈਨਿਕ ਕੋਲ 400 ਗੋਲੀਆਂ ਸਨ, 100 ਉਨ੍ਹਾਂ ਦੀਆਂ ਜੇਬਾਂ ਵਿੱਚ ਅਤੇ 300 ਰਿਜ਼ਰਵ ਵਿੱਚ’।
ਉਨ੍ਹਾਂ ਨੇ ਪਠਾਣਾਂ ਨੂੰ ਆਪਣੀਆਂ ਰਾਈਫਲਾਂ ਦੀ ਰੇਂਜ ’ਚ ਆਉਣ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਰਿਹਾ। ਪਹਿਲੇ ਇੱਕ ਘੰਟੇ ’ਚ ਹੀ ਪਠਾਨਾਂ ਦੇ 60 ਸੈਨਿਕ ਮਾਰੇ ਗਏ ਸਨ ਅਤੇ ਸਿੱਖਾਂ ਵੱਲੋਂ ਸਿਪਾਹੀ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ।
ਸਾਰਾਗੜ੍ਹੀ ਦੀ ਜੰਗ ਕਰੀਬ 7 ਘੰਟੇ ਚੱਲੀ। ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਹੋ ਗਿਆ, ਉਹ ਬਿਨਾਂ ਕਿਸੇ ਮਕਸਦ ਦੇ ਇਧਰ-ਉਧਰ ਦੌੜਣ ਲੱਗੇ, ਪਰ ਉਨ੍ਹਾਂ ਨੇ ਸਿੱਖਾਂ ’ਤੇ ਗੋਲੀ ਚਲਾਉਣੀ ਬੰਦ ਨਾ ਕੀਤੀ। ਸਿੱਖ ਵੀ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ ਭਾਵੇਂ ਕਿ ਹਜ਼ਾਰਾਂ ਫਾਇਰ ਕਰਦਿਆਂ ਪਠਾਨਾਂ ਦੇ ਸਾਹਮਣੇ ਇਨ੍ਹਾਂ ਦੀਆਂ 21 ਰਾਇਫਲਾਂ ਦੀ ਕੀ ਪੇਸ਼ ਸੀ ? ਅਤੇ ਫਿਰ ਕਿੰਨੇ ਸਮੇਂ ਤੱਕ ?
ਉਦੋਂ ਉੱਤਰ ਵੱਲੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਨਾਲ ਪਠਾਣਾਂ ਨੂੰ ਬਹੁਤ ਮਦਦ ਮਿਲ ਰਹੀ ਸੀ। ਉਨ੍ਹਾਂ ਨੇ ਘਾਹ ਨੂੰ ਅੱਗ ਲਗਾ ਦਿੱਤੀ, ਜਿਸ ਦੀਆਂ ਲਪਟਾਂ ਕਿਲ੍ਹੇ ਦੀਆਂ ਕੰਧਾਂ ਵੱਲ ਵਧਣ ਲਗੀਆਂ। ਧੂੰਏ ਦਾ ਸਹਾਰਾ ਲੈਂਦਿਆਂ ਹੋਇਆਂ ਪਠਾਣ ਕਿਲ੍ਹੇ ਦੀਆਂ ਕੰਧਾਂ ਕੋਲ ਆ ਗਏ। ਸਿੱਖਾਂ ਦੁਆਰਾ ਨਿਸ਼ਾਨਾ ਲਾ ਕੇ ਕੀਤੀ ਜਾ ਰਹੀ ਸਟੀਕ ਫਾਇਰਿੰਗ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਸਿੱਖ ਖੇਮੇ ’ਚ ਵੀ ਜਖ਼ਮੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਸਿਪਾਹੀ ਬੂਟਾ ਸਿੰਘ ਤੇ ਸੁੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਸਿਗਨਲ ਮੈਨ ਗੁਰਮੁਖ ਸਿੰਘ; ਲੈਫਟੀਨੈਂਟ ਕਰਨਲ ਹਾਫਟਨ ਨੂੰ ਸੰਕੇਤਕ ਭਾਸ਼ਾ ’ਚ (ਹਿਲੋਗ੍ਰਾਫ ਰਾਹੀਂ) ਲਗਾਤਾਰ ਦੱਸ ਰਹੇ ਸਨ ਕਿ ਪਠਾਣ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਸਾਡੀਆਂ ਗੋਲੀਆਂ ਖ਼ਤਮ ਹੋ ਰਹੀਆਂ ਹਨ।
ਕਰਨਲ ਨੇ ਜਵਾਬ ਦਿੱਤਾ, ‘ਅੰਨ੍ਹੇਵਾਹ ਗੋਲੀਆਂ ਨਾ ਚਲਾਈਆਂ ਜਾਣ। ਜਦੋਂ ਤੁਸੀਂ ਬਿਲਕੁਲ ਨਿਸ਼ਚਿਤ ਹੋਵੋ ਕਿ ਗੋਲੀ ਦੁਸ਼ਮਣ ਨੂੰ ਲੱਗੇਗੀ, ਤਾਂ ਹੀ ਗੋਲੀਆਂ ਚਲਾਈਆਂ ਜਾਣ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਕੁਝ ਮਦਦ ਤੁਹਾਡੇ ਤੱਕ ਪਹੁੰਚਾਈ ਜਾਵੇ’।
ਕੈਪਟਨ ਅਮਰਿੰਦਰ ਸਿੰਘ ਆਪਣੀ ਕਿਤਾਬ (Saragarhi And The Defence Of The Samana Forts) ’ਚ ਲਿਖਦੇ ਹਨ, ‘ਲੋਕਹਾਰਟ ਕਿਲ੍ਹੇ ਨਾਲ ਰਾਇਲ ਆਇਰਿਸ਼ ਰਾਇਫਲ ਦੇ 13 ਜਵਾਨਾਂ ਨੇ ਅੱਗੇ ਵੱਧ ਕੇ ਸਾਰਾਗੜ੍ਹੀ ’ਤੇ ਮੌਜੂਦ ਜਵਾਨਾਂ ਦੀ ਮਦਦ ਕਰਨ ਬਾਰੇ ਸੋਚਿਆ, ਪਰ ਉਨ੍ਹਾਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਉਨ੍ਹਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਜੇਕਰ ਉਹ 1000 ਗਜ਼ ਦੀ ਦੂਰੀ ਤੋਂ ਵੀ ਫਾਇਰ ਕਰਣਗੇ ਤਾਂ ਭੀ ਪਠਾਣਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਜੇਕਰ ਉਹ ਹੋਰ ਨੇੜੇ ਗਏ ਤਾਂ ਪਠਾਣਾਂ ਦੀਆਂ ਲੰਬੀਆਂ ਨਾਲਾਂ ਵਾਲੀਆਂ ‘ਜਿਜ਼ੇਲ’ ਅਤੇ ਚੋਰੀ ਕੀਤੀਆਂ ਲੀ ਮੈਟਫੋਰਡ ਰਾਇਫਲਾਂ, ਉਨ੍ਹਾਂ ਨੂੰ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਲੈਣਗੀਆਂ। ਉਹ ਵਾਪਸ ਆਪਣੇ ਕਿਲ੍ਹੇ ਵਿੱਚ ਪਰਤ ਆਏ’।
ਪਠਾਣਾਂ ਨੇ ਕਿਲ੍ਹੇ ਦੀ ਕੰਧ ’ਚ ਮੋਰੀ ਕਰਕੇ ਦੋ ਪਠਾਣ; ਮੁੱਖ ਕਿਲ੍ਹੇ ਦੇ ਸੱਜੇ ਹਿੱਸੇ ਦੀ ਕੰਧ ਦੇ ਠੀਕ ਹੇਠਾਂ ਪਹੁੰਚਣ ’ਚ ਸਫ਼ਲ ਹੋ ਗਏ। ਆਪਣੀਆਂ ਤੇਜ਼ ਛੁਰੀਆਂ ਨਾਲ ਉਨ੍ਹਾਂ ਨੇ ਕੰਧ ਦੀ ਨੀਂਹ ਅਤੇ ਹੇਠਾਂ ਦੇ ਪੱਥਰਾਂ ਦੇ ਪਲਾਸਟਰ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚਾਲੇ ਬਾਬਾ ਈਸ਼ਰ ਸਿੰਘ ਆਪਣੇ ਚਾਰ ਸਿੱਖਾਂ ਨੂੰ ਕਿਲ੍ਹੇ ਦੇ ਮੁੱਖ ਹਾਲ ’ਚ ਲੈ ਆਏ ਕਿਉਂਕਿ ਪਠਾਣ ਕਿਲ੍ਹੇ ਦੀਆਂ ਕੰਧਾਂ ਦੇ ਹੇਠਲੇ ਹਿੱਸੇ ’ਚ 7 ਫੁੱਟ ਵੱਡੀ ਮੋਰੀ ਕਰਨ ’ਚ ਸਫ਼ਲ ਹੋ ਚੁੱਕੇ ਸਨ। ਆਪ ਉਪਰੋਂ ਫਾਇਰਿੰਗ ਭੀ ਕਰਦੇ ਰਹੇ।
ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, ‘ਪਠਾਣਾਂ ਨੇ ਇੱਕ ਹੋਰ ਤਰਕੀਬ ਕੱਢੀ। ਉਨ੍ਹਾਂ ਨੇ ਮੰਜੀਆਂ ਨੂੰ ਆਪਣੇ ਸਿਰ ’ਤੇ ਚੁੱਕਿਆ ਅਤੇ ਉਨ੍ਹਾਂ ਦੀ ਆੜ ਲੈ ਕੇ ਅੱਗੇ ਵਧੇ ਤਾਂ ਜੋ ਸਿੱਖ ਉਨ੍ਹਾਂ ਨੂੰ ਦੇਖ ਕੇ ਨਿਸ਼ਾਨਾ ਨਾ ਲਗਾ ਸਕਣ। ਉਹ ਕਿਲ੍ਹੇ ਦੇ ਇੱਕ ਅਜਿਹੇ ਕੋਣ ’ਤੇ ਪਹੁੰਚ ਗਏ ਜਿੱਥੇ ਕਿਲ੍ਹੇ ਉਪਰੋਂ ਉਨ੍ਹਾਂ ਨੂੰ ਮੋਰੀ ਕਰਦਿਆਂ ਕੋਈ ਦੇਖ ਨਹੀਂ ਸਕਦਾ ਸੀ। ਗੁਲਿਸਤਾਨ ਚੌਂਕੀ ਦੇ ਕਮਾਂਡਰ ਮੇਜਰ ‘ਦੇ ਵੋਏ’; ਆਪਣੇ ਟਿਕਾਣੇ ਤੋਂ ਇਹ ਸਭ ਹੁੰਦਿਆਂ ਦੇਖ ਰਹੇ ਸਨ। ਸਾਰਾਗੜ੍ਹੀ ਦੇ ਜਵਾਨਾਂ ਨੂੰ ਇਸ ਬਾਰੇ ਸਿਗਨਲ ਵੀ ਭੇਜੇ, ਪਰ ਸਿਗਨਲ ਮੈਨ ਗੁਰਮੁਖ ਸਿੰਘ ਲੋਕਹਾਰਟ ਕਿਲ੍ਹੇ ਤੋਂ ਆ ਰਹੇ ਸਿਗਨਲਾਂ ਨੂੰ ਪੜ੍ਹਣ ’ਚ ਮਸ਼ਰੂਫ ਸਨ, ਇਸ ਲਈ ਇਨ੍ਹਾਂ ਸਿਗਨਲਾਂ ਵੱਲ ਉਨ੍ਹਾਂ ਦਾ ਧਿਆਨ ਨਾ ਗਿਆ’।
ਲਾਂਸ ਨਾਇਕ ਚੰਦਾ ਸਿੰਘ ਦੇ ਨਾਲ ਮੁੱਖ ਬਲਾਕ ’ਚ ਤਾਇਨਾਤ ਤਿੰਨ ਜਵਾਨ (ਸਾਹਿਬ ਸਿੰਘ, ਜੀਵਨ ਸਿੰਘ ਅਤੇ ਦਯਾ ਸਿੰਘ) ਭੀ ਮਾਰੇ ਗਏ। ਜਦੋਂ ਚੰਦਾ ਸਿੰਘ ਇਕੱਲੇ ਰਹਿ ਗਏ ਤਾਂ ਈਸ਼ਰ ਸਿੰਘ ਅਤੇ ਉਨ੍ਹਾਂ ਦੇ ਬਾਕੀ ਸਾਥੀ ਆਪਣੀ ਰੱਖਿਆ (ਪੋਜੀਸ਼ਨ) ਨੂੰ ਛੱਡ ਕੇ ਉਨ੍ਹਾਂ ਦੇ ਕੋਲ ਮੁੱਖ ਬਲਾਕ ਵਿੱਚ ਆ ਗਏ।
ਹਵਲਦਾਰ ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਉਹ ਆਪਣੀ ਰਾਇਫਲਾਂ ’ਚ ਸੰਗੀਨ ਲਗਾ ਲੈਣ। ਜੋ ਵੀ ਪਠਾਣ ਉਸ ਮੋਰੀ ਵਿਚੋਂ ਅੰਦਰ ਆਇਆ, ਉਸ ’ਤੇ ਰਾਇਫਲਾਂ ਨਾਲ ਜਾਂ ਤਾਂ ਸਟੀਕ ਨਿਸ਼ਾਨਾ ਲਗਾਇਆ ਜਾਏ ਜਾਂ ਉਨ੍ਹਾਂ ਨੂੰ ਸੰਗੀਨ ਮਾਰ ਦਿੱਤੀ ਜਾਏ, ਪਰ ਬਾਹਰ ਕੌਨਿਆਂ ’ਤੇ ਕੋਈ ਸਿੱਖ ਤਾਇਨਾਤ ਨਾ ਹੋਣ ਕਾਰਨ ਪਠਾਣ ਬਾਂਸ ਦੀਆਂ ਬਣੀਆਂ ਪੌੜੀਆਂ ਤੋਂ ਕਿਲ੍ਹੇ ਉੱਪਰ ਚੜ੍ਹ ਗਏ।
ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ, ‘ਉਸ ਇਲਾਕੇ ’ਚ ਹਜ਼ਾਰਾਂ ਪਠਾਣਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮਨ ਅਤੇ ਕਰਨਲ ਹਾਫਟਨ ਨੇ ਇੱਕ ਵਾਰ ਫਿਰ 78 ਸੈਨਿਕਾਂ ਦੇ ਨਾਲ ਸਾਰਾਗੜ੍ਹੀ ’ਚ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕੀਤੀ, ਤਾਂ ਜੋ ਪਠਾਣਾਂ ਦਾ ਧਿਆਨ ਭੰਗ ਹੋ ਜਾਵੇ। ਜਦੋਂ ਉਹ ਕਿਲ੍ਹੇ ਤੋਂ ਸਿਰਫ਼ 500 ਮੀਟਰ ਦੂਰ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਪਠਾਣ ਕਿਲ੍ਹੇ ਦੀ ਕੰਧ ਲੰਘ ਚੁੱਕੇ ਸਨ ਅਤੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਵਿੱਚ ਅੱਗ ਲੱਗੀ ਹੋਈ ਹੈ। ਹਾਫਟਨ ਨੂੰ ਅੰਦਾਜ਼ਾ ਹੋ ਗਿਆ ਹੁਣ ਸਾਰਾਗੜ੍ਹੀ ਘਿਰ ਗਿਆ ਹੈ’।
ਇਸ ਸਮੇਂ ਸਿਗਨਲ ਦੀ ਵਿਵਸਥਾ ਦੇਖ ਰਹੇ ਗੁਰਮੁਖ ਸਿੰਘ ਨੇ ਆਪਣਾ ਆਖ਼ਰੀ ਸੰਦੇਸ਼ ਭੇਜਿਆ ਕਿ ਪਠਾਣ ਮੁੱਖ ਬਲਾਕ ਤੱਕ ਆ ਗਏ ਹਨ। ਉਨ੍ਹਾਂ ਨੇ ਕਰਨਲ ਹਾਫਟਨ ਤੋਂ ਸਿਗਨਲ ਰੋਕਣ ਅਤੇ ਆਪਣੀ ਰਾਈਫਲ ਸੰਭਾਲਣ ਦੀ ਇਜ਼ਾਜਤ ਮੰਗੀ। ਕਰਨਲ ਨੇ ਆਪਣੇ ਆਖ਼ਰੀ ਸੰਦੇਸ਼ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ।
ਸ. ਗੁਰਮੁਖ ਸਿੰਘ ਨੇ ਆਪਣੇ ਹਿਲੋਗ੍ਰਾਫ ਨੂੰ ਇੱਕ ਪਾਸੇ ਰੱਖਿਆ, ਆਪਣੀ ਰਾਇਫਲ ਚੁੱਕੀ ਅਤੇ ਮੁੱਖ ਬਲਾਕ ’ਚ ਲੜਾਈ ਲੜ ਰਹੇ ਆਪਣੇ ਬਚੇ ਖੁਚੇ ਸਾਥੀਆਂ ਕੋਲ ਆ ਗਏ। ਉਦੋਂ ਤੱਕ ਕਮਾਂਡਰ ਈਸ਼ਰ ਸਿੰਘ ਸਮੇਤ ਸਿੱਖ ਟੁਕੜੀ ਦੇ ਵਧੇਰੇ ਜਵਾਨ ਮਾਰੇ ਗਏ ਸਨ। ਪਠਾਣਾਂ ਦੀਆਂ ਲਾਸ਼ਾਂ ਵੀ ਚਾਰੇ ਪਾਸੇ ਖਿੱਲਰੀਆਂ ਪਈਆਂ ਸਨ। ਉਨ੍ਹਾਂ ਵੱਲੋਂ ਬਣਾਈ ਗਈ ਮੋਰੀ ਅਤੇ ਸੜ੍ਹ ਚੁੱਕਿਆ ਮੁੱਖ ਗੇਟ ਪਠਾਣਾਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਸੀ। ਆਖ਼ਿਰ ਵਿੱਚ ਨਾਇਕ ਲਾਲ ਸਿੰਘ, ਗੁਰਮੁਖ ਸਿੰਘ ਅਤੇ ਇੱਕ ਅਸੈਨਿਕ ਦਾਦ ਸਿੰਘ ਬਚੇ ਹੋਏ ਸਨ। ਬੁਰੀ ਤਰ੍ਹਾਂ ਜਖ਼ਮੀ ਹੋਣ ਕਾਰਨ ਲਾਲ ਸਿੰਘ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ, ਪਰ ਉਹ ਬੇਹੋਸ਼ ਨਹੀਂ ਹੋਏ ਸਨ ਅਤੇ ਇੱਕ ਥਾਂ ਉੱਤੇ ਡਿੱਗੇ ਹੋਏ ਹੀ ਪਠਾਣਾਂ ਉੱਤੇ ਗੋਲੀਆਂ ਚਲਾ ਰਹੇ ਸਨ।
ਬ੍ਰਿਟਿਸ਼ ਫੌਜ ਵਿੱਚ ਉਦੋਂ ਇੱਕ ਅਜੀਬ ਜਿਹਾ ਕਾਨੂੰਨ ਸੀ ਕਿ ਫੌਜ ਦੇ ਨਾਲ ਕੰਮ ਕਰ ਰਹੇ ਅਸੈਨਿਕ ਬੰਦੂਕ ਨਹੀਂ ਚੁੱਕਣਗੇ। ਦਾਦ ਦਾ ਕੰਮ ਜਖ਼ਮੀ ਹੋਏ ਫ਼ੌਜੀਆਂ ਦੀ ਦੇਖਭਾਲ ਕਰਨਾ, ਸਿਗਨਲ ਦੇ ਸੰਦੇਸ਼ ਲੈ ਕੇ ਆਉਣਾ, ਹਥਿਆਰਾਂ ਦੇ ਡੱਬੇ ਖੋਲ੍ਹਣਾ ਅਤੇ ਉਨ੍ਹਾਂ ਨੂੰ ਸੈਨਿਕਾਂ ਤੱਕ ਲੈ ਕੇ ਜਾਣਾ ਸੀ। ਜਦੋਂ ਅੰਤ ਕਰੀਬ ਆਉਣ ਲੱਗਾ ਤਾਂ ਸਿੱਖਾਂ ਦੀ ਸ਼ਹਾਦਤ ਤੇ ਦਲੇਰੀ ਤੋਂ ਪ੍ਰਭਾਵਤ ਹੋ ਕੇ ਦਾਦ ਨੇ ਵੀ ਰਾਇਫਲ ਚੁੱਕ ਲਈ ਅਤੇ ਮਰਨ ਤੋਂ ਪਹਿਲਾਂ ਉਸ ਨੇ ਭੀ 5 ਪਠਾਣਾਂ ਨੂੰ ਗੋਲੀ ਨਾਲ ਉਡਾਇਆ ਜਾਂ ਉਨ੍ਹਾਂ ਦੇ ਢਿੱਡ ’ਚ ਸੰਗੀਨ ਮਾਰ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ, ‘ਆਖ਼ਿਰ ’ਚ ਗੁਰਮੁਖ ਸਿੰਘ ਬਚੇ। ਉਨ੍ਹਾਂ ਨੇ ਉਸ ਥਾਂ ਜਾ ਕੇ ਪੋਜੀਸ਼ਨ ਲਈ, ਜਿੱਥੇ ਜਵਾਨਾਂ ਦੇ ਸੋਣ ਲਈ ਕਮਰੇ ਸਨ। ਗੁਰਮੁਖ ਸਿੰਘ ਨੇ ਇਕੱਲੇ ਗੋਲੀ ਚਲਾਉਂਦਿਆਂ ਘੱਟੋ-ਘੱਟ 20 ਪਠਾਣਾਂ ਨੂੰ ਮਾਰਿਆ। ਕਿਲ੍ਹੇ ’ਤੇ ਕਬਜ਼ਾ ਨਾ ਹੁੰਦਾ ਵੇਖ ਆਖ਼ਿਰ ਪਠਾਣਾਂ ਨੇ ਪੂਰੇ ਕਿਲ੍ਹੇ ਨੂੰ ਹੀ ਅੱਗ ਲਗਾ ਦਿੱਤੀ [ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਸਿੱਖ ਫੌਜੀਆਂ ਨੇ ਪਠਾਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸਨ ਕਿ ਐਨੀ ਘੱਟ-ਗਿਣਤੀ ਫੌਜ ਨੇ ਭੀ ਉਨ੍ਹਾਂ ਦੇ ਨੱਕ ’ਚ ਦਮ ਕਰ ਰੱਖਿਆ]। ਇਸ ਜੰਗ ’ਚ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਜਵਾਨਾਂ ਨੇ ਹਥਿਆਰ ਸੁੱਟਣ ਨਾਲੋਂ ਆਪਣੀ ਜਾਨ ਗੁਆਉਣਾ ਸਹੀ ਸਮਝਿਆ’।
ਸਾਰਾਗੜ੍ਹੀ ਦੀ ਇਸ ਜੰਗ ਵਿੱਚ ਬ੍ਰਿਟੇਨ ਸਿਪਾਹੀਆੰ ਨੇ .303 ਲੀ ਮੈਟਫੋਰਡ ਰਾਇਫਲਾਂ ਦਾ ਇਸਤੇਮਾਲ ਕੀਤਾ ਸੀ। 7 ਘੰਟੇ ਤੱਕ ਚੱਲੀ ਇਸ ਗ਼ੈਰ-ਬਰਾਬਰੀ ਦੀ ਜੰਗ ਵਿੱਚ ਸਿੱਖਾਂ ਵੱਲੋਂ 22 ( 21 ਸਿੱਖ ਤੇ 1 ਦਾਦ) ਅਤੇ 180 ਤੋਂ 200 ਪਠਾਣ ਮਾਰੇ ਗਏ। ਕਰੀਬ 600 ਤੋਂ ਵੱਧ ਪਠਾਣ ਜਖ਼ਮੀ ਹੋ ਗਏ ਸਨ।
ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, ‘ਜੰਗ ਤੋਂ ਬਾਅਦ ਸਾਰਾਗੜ੍ਹੀ ਕਿਲ੍ਹੇ ਦੇ ਡਿਜ਼ਾਇਨ’ ’ਚ ਇੱਕ ਹੋਰ ਖਾਮੀ ਮਿਲੀ। ਕਿਲ੍ਹੇ ਦਾ ਮੁੱਖ ਦਰਵਾਜ਼ਾ ਲੱਕੜ ਦਾ ਬਣਿਆ ਹੋਇਆ ਸੀ ਅਤੇ ਮਜ਼ਬੂਤ ਕਰਨ ਲਈ ਕਿੱਲਾਂ ਵੀ ਨਹੀਂ ਲਗਾਈਆਂ ਗਈਆਂ ਸਨ। ਉਹ ਪਠਾਣਾਂ ਦੀ ‘ਜਿਜ਼ੇਲ’ ਰਾਇਫਲਾਂ ਤੋਂ ਆ ਰਹੇ ਲਗਾਤਾਰ ਫਾਇਰ ਨੂੰ ਨਾ ਝੱਲ ਸਕਿਆ ਅਤੇ ਟੁੱਟ ਗਿਆ। ਤਿੰਨ ਵਜੇ ਤੱਕ ਸਿੱਖਾਂ ਦੀਆਂ ਸਾਰੀਆਂ ਗੋਲੀਆਂ ਖ਼ਤਮ ਹੋ ਗਈਆਂ ਸਨ ਅਤੇ ਉਹ ਅੱਗੇ ਵਧਦੇ ਪਠਾਣਾਂ ਨਾਲ ਸਿਰਫ਼ ਸੰਗੀਨਾਂ ਨਾਲ ਲੜ ਰਹੇ ਸਨ। ਪਠਾਣਾਂ ਨੇ ਕਿਲ੍ਹੇ ਦੀ ਕੰਧ ਵਿੱਚ ਜੋ ਮੋਰੀ ਕੀਤੀ ਸੀ, ਉਹ ਭੀ ਉਦੋਂ ਤੱਕ ਵੱਧ ਕੇ 7 ਫੁੱਟ ਗੁਣਾ 12 ਫੁੱਟ ਹੋ ਗਈ ਸੀ’।
14 ਸਤੰਬਰ ਨੂੰ ਕੋਹਾਟ ਤੋਂ 9 ਮਾਊਂਟੇਨ ਬੈਟਰੀ ਉੱਥੇ ਅੰਗਰੇਜ਼ਾਂ ਦੀ ਮਦਦ ਲਈ ਪਹੁੰਚ ਗਈ। ਪਠਾਣ ਅਜੇ ਵੀ ਸਾਰਾਗੜ੍ਹੀ ਦੇ ਕਿਲ੍ਹੇ ’ਚ ਮੌਜੂਦ ਸਨ। ਉਨ੍ਹਾਂ ਨੇ ਤੋਪ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਕਿਲ੍ਹੇ ’ਤੇ ਅੰਗਰੇਜ਼ ਸੈਨਿਕਾਂ ਨੇ ਜ਼ਬਰਦਸਤ ਹਮਲਾ ਕੀਤਾ ਅਤੇ ਸਾਰਾਗੜ੍ਹੀ ਨੂੰ ਪਠਾਣਾਂ ਕੋਲੋਂ ਛੁਡਾ ਲਿਆ।
ਜਦੋਂ ਅੰਗਰੇਜ਼ ਸੈਨਿਕ ਅੰਦਰ ਗਏ ਤਾਂ ਉਨ੍ਹਾਂ ਨੂੰ ਨਾਇਕ ਲਾਲ ਸਿੰਘ ਦੀ ਬੁਰੀ ਹਾਲਤ ਵਿੱਚ ਪਈ ਹੋਈ ਲਾਸ਼ ਮਿਲੀ। ਬਾਕੀ ਸਿੱਖ ਸੈਨਿਕਾਂ ਅਤੇ ਦਾਦ ਸਿੰਘ ਦੀਆਂ ਲਾਸ਼ਾਂ ਭੀ ਪਈਆਂ ਹੋਈਆਂ ਸਨ।
ਲੈਫਟੀਨੈਂਟ ਕਰਨਲ ਹਾਫਟਨ ਪਹਿਲੇ ਸ਼ਖ਼ਸ ਸੀ, ਜਿਸ ਨੇ ਇਨ੍ਹਾਂ ਫੌਜੀਆਂ ਨੂੰ ਬਹਾਦਰੀ ਨਾਲ਼ ਸੰਘਰਸ਼ ਕਰਦਿਆਂ ਵੇਖਿਆ, ਪਛਾਣਿਆ। ਉਨ੍ਹਾਂ ਨੇ ਆਪਣੇ ਇਨ੍ਹਾਂ ਸਾਥੀਆਂ ਨੂੰ ਸਲੂਟ ਕੀਤਾ।
ਸਿੱਖ ਯੋਧਿਆਂ ਦੀ ਇਹ ਖਬਰ ਜਦੋਂ ਲੰਦਨ ਬ੍ਰਿਟਿਸ਼ ਪਾਰਲੀਮੈਂਟ ’ਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਸਿੱਖ ਕੌਮ ਦੀ ਬਹਾਦਰੀ ਦੀਆਂ ਧੁੰਮਾਂ ਵਿਸ਼ਵ ਭਰ ਵਿੱਚ ਪੈ ਗਈਆਂ। ਉਸ ਵੇਲੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ। ਜਦੋਂ ਮਹਾਰਾਣੀ ਵਿਕਟੋਰੀਆ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਸਾਰੇ 21 ਸੈਨਿਕਾਂ ਨੂੰ ‘ਇੰਡੀਅਨ ਆਰਡਰ ਆਫ ਮੈਰਿਟ’ ਦੇਣ ਦਾ ਐਲਾਨ ਕੀਤਾ। ਇਹ ਉਸ ਵੇਲੇ ਤੱਕ ਭਾਰਤੀਆਂ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਸੀ, ਜੋ ਉਦੋਂ ਦੇ ਵਿਕਟੋਰੀਆ ਕਰਾਸ ਅਤੇ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਸੀ। ਉਦੋਂ ਤੱਕ ਵਿਕਟੋਰੀਆ ਕਰਾਸ; ਸਿਰਫ਼ ਅੰਗਰੇਜ਼ ਸੈਨਿਕਾਂ ਨੂੰ ਮਿਲਦਾ ਸੀ ਅਤੇ ਉਹ ਵੀ ਸਿਰਫ਼ ਜ਼ਿੰਦਾ ਸੈਨਿਕਾਂ ਨੂੰ। ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ ਸੈਨਿਕਾਂ ਨੂੰ ‘ਸਟੈਂਡਿੰਗ ਓਵੇਸ਼ਨ’ ਦਿੱਤਾ। ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਏਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ।
‘ਲੰਡਨ ਗਜ਼ਟ’ ਦੇ 11 ਫਰਵਰੀ 1898 ਦੇ ਅੰਕ 26937 ਦੇ ਪੰਨਾ 863 ’ਤੇ ਸੰਸਦ ਦੀ ਟਿੱਪਣੀ ਛਪੀ, ‘ਸਾਰੇ ਬ੍ਰਿਟੇਨ ਅਤੇ ਭਾਰਤ ਨੂੰ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਸੈਨਿਕਾਂ ’ਤੇ ਮਾਣ ਹੈ। ਇਹ ਕਹਿਣ ’ਚ ਕੋਈ ਅਤਿਕਥਨੀ ਨਹੀਂ ਹੈ ਕਿ ਜਿਸ ਸੈਨਾ ’ਚ ਸਿੱਖ ਸਿਪਾਹੀ ਲੜ ਰਹੇ ਹੋਣ, ਉਨ੍ਹਾਂ ਨੂੰ ਨਹੀਂ ਹਰਾਇਆ ਜਾ ਸਕਦਾ’। ਇਹ 36 ਸਿੱਖ ਰੈਜੀਮੈਂਟ ਹੀ ਹੁਣ ਅਜ਼ਾਦ ਭਾਰਤ ’ਚ ‘ਸਿੱਖ ਰੈਜੀਮੈਂਟ’ ਦੀ ਚੌਥੀ ਬਟਾਲੀਅਨ ਹੈ।
ਸੰਨ 1911 ਵਿੱਚ ਜਾ ਕੇ ਅੰਗਰੇਜ਼ ਜਾਰਜ ਫਿਫਥ ਨੇ ਪਹਿਲੀ ਵਾਰ ਐਲਾਨ ਕੀਤਾ ਕਿ ਭਾਰਤੀ ਸੈਨਿਕ ਵੀ ਵਿਕਟੋਰੀਆ ਕਰਾਸ ਜਿੱਤਣ ਦੇ ਹੱਕਦਾਰ ਹੋਣਗੇ। ਇਨ੍ਹਾਂ ਸੈਨਿਕਾਂ ਦੇ ਪਰਵਾਰ ਵਾਲਿਆਂ ਨੂੰ 500-500 ਰੁਪਏ ਅਤੇ ਦੋ ਮੁਰੱਬਾ ਜ਼ਮੀਨ, ਜੋ ਅੱਜ ਕੱਲ੍ਹ 50 ਏਕੜ ਦੇ ਬਰਾਬਰ ਹੈ, ਸਰਕਾਰ ਵੱਲੋਂ ਦਿੱਤੀ ਗਈ। ਇੱਕ ਅਸੈਨਿਕ ਦਾਦ ਨੂੰ ਕੁਝ ਨਾ ਦਿੱਤਾ ਕਿਉਂਕਿ ਉਹ ਐੱਨ.ਸੀ.ਈ. (Non combatant enlisted/ਗ਼ੈਰ ਲੜਾਕੂ ਭਰਤੀ) ਸੀ, ਜਿਸ ਨੂੰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਸੀ। ਬ੍ਰਿਟਿਸ਼ ਸਰਕਾਰ ਦੀ ਇਹ ਬਹੁਤ ਵੱਡੀ ਨਾ-ਇਨਸਾਫ਼ੀ ਸੀ ਭਾਵੇਂ ਕਿ ਦਾਦ ਨੇ ਭੀ ਰਾਇਫਲ ਤੇ ਸੰਗੀਨ ਨਾਲ ਘੱਟੋ-ਘੱਟ 5 ਪਠਾਣਾਂ ਨੂੰ ਮਾਰਿਆ ਸੀ।
ਇਸ ਜੰਗ ਤੋਂ ਬਾਅਦ ਮੇਜਰ ਜਨਰਲ ਯੀਟਮੈਨ ਬਿਗਸ ਨੇ ਕਿਹਾ, ‘21 ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਬ੍ਰਿਟਿਸ਼ ਸੈਨਿਕ ਇਤਿਹਾਸ ’ਚ ਹਮੇਸ਼ਾ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ’।
ਇਨ੍ਹਾਂ ਸ਼ਹੀਦਾਂ ਦੀ ਬਣਾਈ ਗਈ ਯਾਦਗਾਰ ’ਤੇ ਹੇਠ ਲਿਖੇ ਸ਼ਬਦ ਅੰਕਿਤ ਹਨ :
ਭਾਰਤ ਸਰਕਾਰ ਨਾਨ-ਕਮਿਸ਼ਨਡ ਅਫਸਰਾਂ ਦੀ ਯਾਦ ਵਿੱਚ ਇਹ ਯਾਦਗਾਰ ਬਣਾਉਂਦੀ ਹੈ, ਜੋ ਬੰਗਾਲ ਇਨਫੈਂਟਰੀ ਦੀ 36 ਸਿੱਖ ਰੈਜਮੈਂਟ ਵਿੱਚ ਭਰਤੀ ਸਨ, ਉਹਨਾਂ ਦੇ ਨਾਮ ਇਸ ਯਾਦਗਾਰ ਵਿੱਚ ਖੁਦਵਾਏ ਹਨ, ਜੋ 12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਇਫਾਜਤ ਕਰਦੇ ਹੋਏ ਸ਼ਹੀਦ ਹੋ ਗਏ। ਵੁਲਵਹੈਂਪਟਨ (ਯੂ.ਕੇ.) ਵਿਖੇ 6 ਫੁੱਟ ਉੱਚੇ ਥੜ੍ਹੇ ’ਤੇ ਹੌਲਦਾਰ ਈਸ਼ਰ ਸਿੰਘ ਦਾ 10 ਫੁੱਟ ਉੱਚਾ ਬੁੱਤ ਬਣਾਇਆ ਹੋਇਆ ਹੈ, ਜਿਸ ਨੂੰ ਵੇਖਣ ਤੇ ਉਨ੍ਹਾਂ ਨਾਲ਼ ਸੈਲਫੀ ਲੈਣ ਹਜ਼ਾਰਾਂ ਸੈਲਾਨੀ ਆਉਂਦੇ ਹਨ।
ਇਸ ਬਹਾਦਰੀ ਦੀ ਦਾਸਤਾਨ; ਫਰਾਂਸ ਦੇ ਸਕੂਲਾਂ ਦੇ ਸਿਲੇਬਸ ’ਚ ਪੜ੍ਹਾਈ ਜਾ ਰਹੀ ਹੈ। ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਲ ਕੀਤਾ ਹੈ। ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਜਿੱਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀ ਬਾਬਿਆਂ ਦੇ ਪਰਵਾਰ ਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ। ਜ਼ਿਲ੍ਹਾ ਅੰਮ੍ਰਿਤਸਰ ਅਤੇ ਫਿਰੋਜਪੁਰ ਵਿੱਚ ਇਨ੍ਹਾਂ ਸ਼ਹੀਦਾਂ ਦੇ ਨਾਂ ਉੱਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਜਿੱਥੇ ਹਰ ਸਾਲ 12 ਸਤੰਬਰ ਨੂੰ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ, ਪਰ ਅਫਸੋਸ ਕਿ ਭਾਰਤ ਦੀਆ ਸਰਕਾਰਾਂ ਨੇ ਇਸ ਇਤਿਹਾਸ ਨੂੰ ਅਣਗੌਲਿਆ ਹੀ ਕਰ ਰੱਖਿਆ ਹੈ। ਕਿਸੀ ਭੀ ਸਕੂਲ ’ਚ ਇਹ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ ਤਾਹੀਓਂ ਨਵੀਂ ਪੀੜ੍ਹੀ ਇਸ ਮਾਣਮੱਤੇ ਇਤਿਹਾਸ ਨੂੰ ਭੁਲਾ ਚੁੱਕੀ ਹੈ। ਇਨ੍ਹਾਂ ਸ਼ਹੀਦਾਂ ਦੇ ਨਾਂ ਹਨ :
- ਕਮਾਂਡਰ ਹਵਲਦਾਰ ਸ. ਈਸ਼ਰ ਸਿੰਘ (ਸੰਨ 1858-1897/ਉਮਰ 39 ਸਾਲ) ਸਪੁੱਤਰ ਸ. ਦੌਲਾ ਸਿੰਘ ਗਿੱਲ, ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ (ਭਾਰਤੀ ਰੈਂਕ ਨੰਬਰ 165)
- ਨਾਇਕ ਸ. ਲਾਲ ਸਿੰਘ (ਸੰਨ 1857-1897/ਉਮਰ 40 ਸਾਲ) ਸਪੁੱਤਰ ਸ. ਹਰੀ ਸਿੰਘ (ਭਾਰਤੀ ਰੈਂਕ ਨੰਬਰ 332)
- ਲਾਂਸ ਨਾਇਕ ਸ. ਚੰਦਾ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਰਤਨ ਸਿੰਘ (ਭਾਰਤੀ ਰੈਂਕ ਨੰਬਰ 546)
- ਸਿਪਾਹੀ ਸ. ਸਾਹਿਬ ਸਿੰਘ (ਸੰਨ 1860-1897/ਉਮਰ 37 ਸਾਲ, ਭਾਰਤੀ ਰੈਂਕ ਨੰਬਰ 182)
- ਸਿਪਾਹੀ ਸ. ਹੀਰਾ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਬਾਰਾ ਸਿੰਘ (ਭਾਰਤੀ ਰੈਂਕ ਨੰਬਰ 359)
- ਸਿਪਾਹੀ ਸ. ਦਿਆ ਸਿੰਘ (ਸੰਨ 1870-1897/ਉਮਰ 27 ਸਾਲ) ਸਪੁੱਤਰ ਸ. ਸੰਗਤ ਸਿੰਘ (ਭਾਰਤੀ ਰੈਂਕ ਨੰਬਰ 687)
- ਸਿਪਾਹੀ ਸ. ਜੀਵਨ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਹੀਰਾ ਸਿੰਘ (ਭਾਰਤੀ ਰੈਂਕ ਨੰਬਰ 760)
- ਸਿਪਾਹੀ ਸ. ਉੱਤਮ ਸਿੰਘ (ਸੰਨ 1868-1897/ਉਮਰ 29 ਸਾਲ) ਸਪੁੱਤਰ ਸ. ਲਹਿਣਾ ਸਿੰਘ (ਭਾਰਤੀ ਰੈਂਕ ਨੰਬਰ 492)
- ਸਿਪਾਹੀ ਸ. ਸੁੰਦਰ ਸਿੰਘ (ਸੰਨ 1870-1897/ਉਮਰ 27 ਸਾਲ) ਸਪੁੱਤਰ ਸ. ਸੁੱਧ ਸਿੰਘ (ਭਾਰਤੀ ਰੈਂਕ ਨੰਬਰ 1321)
- ਸਿਪਾਹੀ ਸ. ਜੀਵਨ ਸਿੰਘ (ਸੰਨ 1873-1897/ਉਮਰ 24 ਸਾਲ) ਸਪੁੱਤਰ ਸ. ਕਿਰਪਾ ਸਿੰਘ (ਭਾਰਤੀ ਰੈਂਕ ਨੰਬਰ 1651)
- ਸਿਪਾਹੀ ਸ. ਭੋਲਾ ਸਿੰਘ (ਸੰਨ 1865-1897/ਉਮਰ 32 ਸਾਲ, ਭਾਰਤੀ ਰੈਂਕ ਨੰਬਰ 791)
- ਸਿਗਨਲ ਮੈਨ ਸ. ਗੁਰਮੁਖ ਸਿੰਘ (ਸੰਨ 1874-1897/ਉਮਰ 23 ਸਾਲ) ਸਪੁੱਤਰ ਸ. ਗਰਜਾ ਸਿੰਘ (ਭਾਰਤੀ ਰੈਂਕ ਨੰਬਰ 1733)
- ਸਿਪਾਹੀ ਸ. ਰਾਮ ਸਿੰਘ (ਸੰਨ 1862-1897/ਉਮਰ 35 ਸਾਲ) ਸਪੁੱਤਰ ਸ. ਸੋਹਣ ਸਿੰਘ (ਭਾਰਤੀ ਰੈਂਕ ਨੰਬਰ 163)
- ਸਿਪਾਹੀ ਸ. ਰਾਮ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਭਗਵਾਨ ਸਿੰਘ (ਭਾਰਤੀ ਰੈਂਕ ਨੰਬਰ 287)
- ਸਿਪਾਹੀ ਸ. ਭਗਵਾਨ ਸਿੰਘ (ਸੰਨ 1872-1897/ਉਮਰ 25 ਸਾਲ) ਸਪੁੱਤਰ ਸ. ਹੀਰਾ ਸਿੰਘ (ਭਾਰਤੀ ਰੈਂਕ ਨੰਬਰ 1257)
- ਸਿਪਾਹੀ ਸ. ਨਰਾਇਣ ਸਿੰਘ ਧਾਲੀਵਾਲ, ਪਿੰਡ ਠੁੱਲੀਵਾਲ, ਜ਼ਿਲ੍ਹਾ ਬਰਨਾਲਾ (ਭਾਰਤੀ ਰੈਂਕ ਨੰਬਰ 834)
- ਸਿਪਾਹੀ ਸ. ਭਗਵਾਨ ਸਿੰਘ (ਸੰਨ 1873-1897/ਉਮਰ 24 ਸਾਲ) ਸਪੁੱਤਰ ਸ. ਬੀਰ ਸਿੰਘ (ਭਾਰਤੀ ਰੈਂਕ ਨੰਬਰ 1265)
- ਸਿਪਾਹੀ ਸ. ਗੁਰਮੁਖ ਸਿੰਘ (ਸੰਨ 1870-1897/ਉਮਰ 27 ਸਾਲ) ਸਪੁੱਤਰ ਸ. ਰਣ ਸਿੰਘ (ਭਾਰਤੀ ਰੈਂਕ ਨੰਬਰ 814)
- ਸਿਪਾਹੀ ਸ. ਬੂਟਾ ਸਿੰਘ (ਸੰਨ 1868-1897/ਉਮਰ 29 ਸਾਲ) ਸਪੁੱਤਰ ਸ. ਚੜ੍ਹਤ ਸਿੰਘ (ਭਾਰਤੀ ਰੈਂਕ ਨੰਬਰ 1556)
- ਸਿਪਾਹੀ ਸ. ਜੀਵਨ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਨੁਪਾ ਸਿੰਘ (ਭਾਰਤੀ ਰੈਂਕ ਨੰਬਰ 871)
- ਸਿਪਾਹੀ ਸ. ਨੰਦ ਸਿੰਘ (ਸੰਨ 1873-1897/ਉਮਰ 24 ਸਾਲ) ਸਪੁੱਤਰ ਸ੍ਰੀ ਦੇਵੀ ਦੱਤਾ (ਭਾਰਤੀ ਰੈਂਕ ਨੰਬਰ 1221)
- ਐੱਨ. ਸੀ. ਈ. (ਕੈਂਪਰ/ਸਫ਼ਾਈ ਸੇਵਕ) ਦਾਦ/ਖੁਦਾ ਦਾਦ (ਸੰਨ 1857-1897/ਉਮਰ 40 ਸਾਲ) ਨੌਸ਼ਿਹਰਾ (ਐੱਨ. ਡਬਲਯੂ. ਐੱਫ਼. ਪੀ.), ਪਾਕਿਸਤਾਨ।