ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਦੇ ਬਾਵਜੂਦ ਸਿੱਖ ਆਜ਼ਾਦੀ ਤੋਂ ਵਾਂਝੇ : ਪੰਥਕ ਤਾਲਮੇਲ ਸੰਗਠਨ
23 ਜਨਵਰੀ : ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਅਤੇ ਕੋਰ ਕਮੇਟੀ ਨੇ ਗਣਤੰਤਰ ਦਿਵਸ ਦੇ ਜਸ਼ਨਾਂ ਉੱਪਰ ਪ੍ਰਤੀਕਰਮ ਕਰਦਿਆਂ ਕਿਹਾ ਕਿ ਭਾਰਤ-ਵਰਸ਼ ਦੀ ਗ਼ੁਲਾਮੀ ਦੇ ਬੰਧਨ ਕੱਟਣ ਦੀ ਪਹਿਲ ਕਦਮੀ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ। ਵਿਦੇਸ਼ੀ ਮੂਲ ਦੇ ਲੋਧੀ ਹਾਕਮਾਂ ਨੂੰ ਆੜੇ ਹੱਥੀਂ ਲੈਣ ਦੇ ਨਾਲ ਨਾਲ ਲੋਕਾਂ ਦੀ ਆਪਣੀ ਲਾਚਾਰ ਦਸ਼ਾ ਦਾ ਅਹਿਸਾਸ ਵੀ ਕਰਾਇਆ ਸੀ। ਬਾਬਰ ਨੂੰ ਜਾਬਰ ਆਖ ਸਖ਼ਤ ਵਿਰੋਧ ਕੀਤਾ ਸੀ। ਮਨੁੱਖੀ ਆਜ਼ਾਦੀ ਹਿਤ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ। ਮੁਗ਼ਲਾਂ ਮਗਰੋਂ ਭਾਰਤ ਦੀ ਆਜ਼ਾਦੀ ਖੋਹਣ ਵਾਲੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਵਿਚ ਜਿੰਨਾ ਜਾਨੀ-ਮਾਲੀ ਨੁਕਸਾਨ ਸਿੱਖਾਂ ਦਾ ਹੋਇਆ ਉਹ ਅਨੋਖੀ ਮਿਸਾਲ ਹੈ, ਪਰ ਆਜ਼ਾਦੀ ਮਿਲਦਿਆਂ ਹੀ ਸਿੱਖਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਇਆ ਗਿਆ ਅਤੇ ਕੌਮ ਨੂੰ ਜਰਾਇਮ ਪੇਸ਼ਾ ਕਰਾਰ ਦਿੱਤਾ ਗਿਆ। ਅੱਜ ਤੱਕ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ ਗੁਰਧਾਮਾਂ ਦੀ ਬੇਅਦਬੀ ਉਸੇ ਲੜੀ ਦੀ ਕੜੀ ਹੈ। ਇਸੇ ਕਰ ਕੇ ਜਦੋਂ ਭਾਰਤ ਆਜ਼ਾਦੀ ਅਤੇ ਗਣਤੰਤਰ ਦਿਵਸਾਂ ਦੇ ਜਸ਼ਨ ਮਨਾਅ ਰਿਹਾ ਹੁੰਦਾ ਹੈ ਤਾਂ ਉਦੋਂ ਸਿੱਖ ਕੌਮ ਆਪਣੇ ਨਾਲ ਹੋਈ ਬੇਵਿਸਾਹੀ ਦਾ ਅਫ਼ਸੋਸ ਜ਼ਾਹਰ ਕਰ ਰਹੀ ਹੁੰਦੀ ਹੈ।
ਪੰਥਕ ਤਾਲਮੇਲ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦਾ ਉਦੋਂ ਵੀ ਮੰਨਣਾ ਸੀ ਤੇ ਅੱਜ ਵੀ, ਕਿ 1947 ਵਿੱਚ ਪੰਜਾਬ ਦੀ ਹਿੱਕ ਉੱਤੇ ਵੰਡ ਦੀ ਲਹੂ ਭਿੱਜੀ ਲਕੀਰ ਖਿੱਚੀ ਗਈ ਸੀ। ਪੰਜਾਬ ਹਮੇਸ਼ਾਂ ਲਈ ਭਾਰਤ-ਪਾਕਿਸਤਾਨ ਦਰਮਿਆਨ ਯੁੱਧ ਦਾ ਮੈਦਾਨ ਬਣ ਗਿਆ। ਉਪ-ਮਹਾਂਦੀਪ ਵਿੱਚ ਹਥਿਆਰਾਂ ਦੀ ਦੌੜ ਸ਼ੁਰੂ ਹੋਈ ਅਤੇ ਦੋਨੋਂ ਮੁਲਕਾਂ ਨੇ ਤਬਾਹੀ ਲਈ ਐਟਮੀ ਬੰਬ ਤਿਆਰ ਕਰ ਲਏ। ਭਿੰਨ-ਭਿੰਨ ਕੌਮੀਅਤਾਂ ਵਾਲੇ ਉਪ ਮਹਾਂਦੀਪ ਨੂੰ ਇੱਕ ਕੇਂਦਰੀ ਧੁਰੇ ਦੇ ਦੁਆਲੇ ਬੰਨ੍ਹ ਕੇ ਰੱਖਣ ਲਈ ਕਾਂਗਰਸੀ ਨੇਤਾਵਾਂ ਨੇ ਸੰਵਿਧਾਨ ਨੂੰ ਪਵਿੱਤਰ ਮੂਰਤ ਵਜੋਂ ਪੇਸ਼ ਕੀਤਾ। ਸੰਵਿਧਾਨ ਦੇ ਨਾਮ ’ਤੇ ਹੀ ਸਿੱਖ ਘੱਟ ਗਿਣਤੀ ਅਤੇ ਆਪਣੇ ਹੱਕਾਂ ਦੀ ਮੰਗ ਕਰਦੇ ਭਾਈਚਾਰਿਆਂ ਨੂੰ ਦੇਸ਼-ਧ੍ਰੋਹੀ ਗਰਦਾਨਿਆ ਤੇ ਦਬਾਇਆ। ਦਰਅਸਲ, ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਅਜਿਹਾ ਸੰਵਿਧਾਨ ਘੜਿਆ ਜਿਹੜਾ ਸਿਰਫ਼ ਕਹਿਣ ਨੂੰ ਹੀ ਸੰਘੀ ਸੀ, ਪਰ ਤੱਤ ਰੂਪ ਵਿੱਚ ਏਕਾਤਮਕ ਸੀ। ਦੇਸ਼ ਦੀ ਵੰਡ ਹੋਣ ਤੋਂ ਬਾਅਦ ਵੀ ਸੰਵਿਧਾਨ ਘੜਨੀ ਸਭਾ ਦਾ ਮੁੜ ਗਠਨ ਨਹੀਂ ਹੋਇਆ ਬਲਕਿ ਗ਼ੈਰ-ਕਾਨੂੰਨੀ ਸਭਾ ਤੋਂ ਹੀ ਨਹਿਰੂ-ਪਟੇਲ ਨੇ ਆਪਣੀ ਮਨਮਰਜ਼ੀ ਨਾਲ ਤਿਆਰ ਕਰਵਾਏ ਸੰਵਿਧਾਨ ਉੱਤੇ ਮੋਹਰ ਲਵਾ ਲਈ। ਅੱਜ ਦੀ ਤ੍ਰਾਸਦੀ ਹੈ ਕਿ ਸੱਤਾ ਦੀ ਦੌੜ ਵਿੱਚ ਸ਼ਾਮਲ ਸਿਆਸੀ ਪਾਰਟੀਆਂ ਬੁਨਿਆਦੀ ਮੁੱਦਿਆਂ ’ਤੇ ਮਿੱਟੀ ਪਾਉਣ ਲਈ ਉਕਸਾਊ ਮਾਹੌਲ ਸਿਰਜਦੀਆਂ ਰਹਿੰਦੀਆਂ ਹਨ ਅਤੇ ਚੋਣਾਂ ਜਿੱਤਣਾ ਹੀ ਨਿਸ਼ਾਨਾ ਰੱਖਦੀਆਂ ਹਨ। ਸਿੱਖ ਕੌਮ ਦੇ ਨਿਆਰੇਪਣ ਨੂੰ ਭਾਰਤੀ ਧਾਰਾਵਾਂ ਵਿੱਚ ਚੁਣੌਤੀ ਉਂਝ ਹੀ ਖੜ੍ਹੀ ਹੈ। ਪੰਜਾਬ ਦੇ ਮਸਲੇ ਉੱਥੇ ਹੀ ਖੜ੍ਹੇ ਹਨ। ਕਦੇ ਖੇਤਰੀਵਾਦ ਦਾ ਅਲੰਬਰਦਾਰ ਰਿਹਾ ਅਕਾਲੀ ਦਲ ਵੀ ਸੱਚ ਤੋਂ ਕਿਨਾਰਾ ਕਰ ਚੁੱਕਾ ਹੈ ਅਤੇ ਕੌਮ ਵਿਰੋਧੀ ਚਾਲਾਂ ਦਾ ਹਮਸਫ਼ਰ ਬਣ ਆਪਣੀ ਹੋਂਦ ਗਵਾ ਰਿਹਾ ਹੈ।