ਭਾਈ ਗੁਰਮੁਖ ਸਿੰਘ ਨੇ ਦੱਸਿਆ ਡੇਰਾ ਸਿਰਸਾ ਦੀ ਚਿਠੀ ਦਾ ਸੱਚ, ਦੋਸ਼ੀ ਮੈ ਨਹੀਂ, ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਬਾਦਲ ਹਨ
ਚਰਨਜੀਤ ਸਿੰਘ ਅਰੋੜਾ 97805-71231
ਅੰਮ੍ਰਿਤਸਰ – ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇ ਮਾਮਲੇ ਵਿਚ ਸੁਰਖੀਆਂ ਵਿਚ ਆਏ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਨੇ ਤਕਰੀਬਨ ਡੇਢ ਸਾਲ ਬਾਅਦ ਆਪਣੀ ਭੇਦ ਭਰੀ ਚੁਪੀ ਤੋੜਦਿਆਂ ਉਸ ਸਮੇ ਵਾਪਰੇ ਹਲਾਤਾਂ ਦਾ ਖੁਲਾਸਾ ਕਰਕੇ ਦਸਿਆ ਕਿ ਕਿਵੇਂ ਰਾਜਨੀਤਕ ਆਗੂ ਆਪਣੀ ਸਿਆਸੀ ਦੁਕਾਨਦਾਰੀ ਨੂੰ ਚਲਾਉਣ ਲਈ ਧਰਮ ਦਾ ਸਹਾਰਾ ਲੈ ਲੈਂਦੇ ਹਨ। ਭਾਈ ਗੁਰਮੁੱਖ ਸਿੰਘ ਨੇ ਇਨਾਂ ਖੁਲਾਸਿਆਂ ਤੋਂ ਬਾਅਦ ਡੇਰਾ ਸਿਰਸਾ ਦੀ ਮੁਆਫੀ ਵਾਲੇ ਹਾਈ ਪ੍ਰੋਫਾਇਲ ਡਰਾਮੇ ਦਾ ਤਾਂ ਅੰਤ ਹੋ ਗਿਆ ਪਰ ਇਥੇ ਇਕ ਨਵੀ ਚਰਚਾ ਸ਼ੁਰੂ ਹੋ ਗਈ ਕਿ ਰਾਜਨੀਤਕ ਆਪਣੀ ਹੈਕੜ ਤੇ ਸਿਆਸੀ ਪੈਠ ਬਣਾਉਣ ਲਈ ਧਰਮ ਅਤੇ ਧਾਰਮਿਕ ਸ਼ਖਸ਼ੀਅਤਾਂ ਦੀ ਕਿਵੇ ਦੁਰਵਰਤੋ ਕਰਦੇ ਹਨ। ਅੱਜ ਆਪਣੇ ਗ੍ਰਹਿ ਵਿਖੇ ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਗੁਰਮੁੱਖ ਸਿੰਘ ਨੇ ਬੜੇ ਹੀ ਭਰੇ ਮਨ ਤੇ ਵੈਰਾਗ ਭਰੇ ਸ਼ਬਦਾਂ ਵਿਚ ਦਸਿਆ ਕਿ ਉਨਾਂ ਦਾ ਡੇਰਾ ਸਿਰਸਾ ਦੇ ਮੁਖੀ ਦੇ ਪੱਤਰ ਲਿਆਉਣ ਵਿਚ ਬੋਲਦਾ ਨਾਮ ਸਿਰਫ ਜਲੰਧਰ ਤੋਂ ਛਪਦੇ ਇਕ ਵੱਡੇ ਪੰਜਾਬੀ ਅਖਬਾਰ ਦੇ ਸੰਪਾਦਕ ਦੇ ਕਾਰਨ ਹੀ ਵਾਰ ਵਾਰ ਉਛਾਲਿਆ ਜਾ ਰਿਹਾ ਹੈ ਜਦਕਿ ਇਹ ਸੱਚ ਨਹੀਂ ਹੈ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਲਈ ਸਾਰਾ ਡਰਾਮਾ ਤਾਂ ਬਹੁਤ ਪਹਿਲਾਂ ਹੀ ਰਚਿਆ ਜਾ ਚੁੱਕਾ ਸੀ। ਜਦ ਸਾਰੀ ਬਿਸਾਤ ਵਿਛ ਗਈ ਤਾਂ ਜਥੇਦਾਰਾਂ ਨੂੰ ਚੰਡੀਗੜ ਬੁਲਾ ਕੇ ਫੋਰਨ ਮੁਆਫੀ ਦੀ ਪ੍ਰਕਿਰਿਆ ਪੂਰੀ ਕਰ ਲੈਣ ਦਾ ਸਰਕਾਰੀ ਹੁਕਮ ਚਾੜ ਦਿੱਤਾ ਗਿਆ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ 15 ਸਤੰਬਰ 2015 ਨੂੰ ਜਦ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਨ ਤਾਂ ਉਨਾਂ ਨੂੰ ਗਿਆਨੀ ਗੁਰਬਚਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦਾ ਫੋਨ ਆਇਆ ਕਿ ਸਵੇਰੇ ਅਸੀਂ ਚੰਡੀਗੜ ਜਾਣਾ ਹੈ, ਬਾਦਲ ਸਾਹਿਬ ਨੇ ਯਾਦ ਕੀਤਾ ਹੈ, ਇਸ ਲਈ ਅੱਜ ਸ਼ਾਮ ਨੂੰ ਹਰ ਹਾਲ ਵਿਚ ਅੰਮ੍ਰਿਤਸਰ ਆ ਜਾਓ। ਭਾਈ ਗੁਰਮੁੱਖ ਸਿੰਘ ਨੇ ਯਾਦ ਕਰਦਿਆਂ ਦੱਸਿਆ ਕਿ ਉਹ ਸ਼ਾਮ ਨੂੰ ਅੰਮ੍ਰਿਤਸਰ ਆ ਗਏ ਜਿੱਥੋ ਅਸੀਂ ਸਾਰੇ ਗਿਆਨੀ ਗੁਰਬਚਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਕਾਰ ਰਾਹੀਂ ਚੰਡੀਗੜ ਰਵਾਨਾ ਹੋਏ।
ਚੰਡੀਗੜ ਵਿਖੇ 16 ਸਤੰਬਰ 2015 ਨੂੰ ਅਸੀਂ ਤਿੰਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਉਹ ਸਨ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਖੇ ਪੁੱਜ ਗਏ। ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ੍ਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਰਸਮੀ ਗੱਲਬਾਤ ਤੋਂ ਬਾਅਦ ਸ੍ਰ ਪਕਾਸ਼ ਸਿੰਘ ਬਾਦਲ ਨੇ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜਿਸ ਕੰਮ ਲਈ ਸਿੰਘ ਸਾਹਿਬਾਨ ਨੂੰ ਬੁਲਾਇਆ ਗਿਆ ਹੈ ਉਹ ਗੱਲ ਕਰੋ। ਸ੍ਰ ਬਾਦਲ ਦੇ ਇਹ ਕਹਿਣ ਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਵੱਲ ਇਕ ਪੱਤਰ ਵਧਾਉਂਦਿਆਂ ਕਿਹਾ ਕਿ ਇਸ ਤੇ ਤੁਰੰਤ ਕਾਰਵਾਈ ਕਰਕੇ ਇਹ ਮਾਮਲਾ ਰਫਾ ਦਫਾ ਕਰੋ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਹਿੰਦੀ ਵਿਚ ਲਿਖਿਆ ਇਹ ਪੱਤਰ ਡੇਰਾ ਸਿਰਸਾ ਮੁਖੀ ਦਾ ਸੀ। ਅਸੀਂ ਸਾਰੇ ਸਿੰਘ ਸਾਹਿਬਾਨ ਪੱਤਰ ਦੇਖ ਕੇ ਸੋਚੀ ਪੈ ਗਏ। ਅਸੀਂ ਮਹਿਸੂਸ ਕਰ ਰਹੇ ਸੀ ਕਿ ਸਾਡੇ ਕੋਲੋਂ ਇਹ ਮਾਮਲਾ ਬੜੀ ਤੇਜੀ ਨਾਲ ਹਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰ ਪੜ ਤੇ ਸੁਣ ਲੈਣ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਸਾਰੇ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਪੱਤਰਕਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਇਸ ਤੇ ਪੰਜ ਸਿੰਘ ਸਾਹਿਬਾਨਾਂ ਵਿਚ ਵਿਚਾਰ ਤਾਂ ਹੀ ਕੀਤੀ ਜਾਵੇਗੀ। ਉਥੇ ਹੀ ਵਿਚਾਰ ਇਹ ਕੀਤੀ ਗਈ ਕਿ ਇਸ ਪੱਤਰਕਾ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਜਥੇਦਾਰਾਂ ਦੀ ਪਹਿਲੀ ਹੀ ਮੀਟਿੰਗ ਵਿਚ ਹੀ ਇਸ ਨੂੰ ਖ਼ਾਲਸਾ ਪੰਥ ਕੋਲ ਨਸ਼ਰ ਦਿੱਤਾ ਜਾਵੇਗਾ। ਅਸੀਂ ਕਿਹਾ ਕਿ ਇਸ ਮਾਮਲੇ ਨਾਲ ਸਾਰੀ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਲਈ ਇਸ ਮਾਮਲੇ ਤੇ ਕਾਹਲ ਕਰਨ ਦੀ ਬਜਾਏ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਇਸ ਮਾਮਲੇ ਤੇ ਲਏ ਜਾਣ ਵਾਲੇ ਫੈਸਲੇ ਤੇ ਘੱਟੋ ਘੱਟ ਕੌਮੀ ਰਾਏ ਤਾਂ ਬਣਾਈ ਜਾ ਸਕੇ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਤੇ ਜ਼ਰਾ ਵੀ ਦੇਰੀ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਸਨ ਉਨਾਂ ਕਿਹਾ ਕਿ ਇਸ ਮਾਮਲੇ ਤੇ ਜਿੰਨਾ ਜਲਦੀ ਹੋ ਸਕੇ ਤੁਸੀਂ ਫੈਸਲਾ ਸੁਣਾਓ। ਇਸ ਤੇ ਅਸੀਂ ਸਾਰੇ ਜਥੇਦਾਰਾਂ ਨੇ ਇਕ ਅਵਾਜ਼ ਹੋ ਕੇ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਇਸ ਚਿਠੀ ਨੂੰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਫਿਰ ਹੀ ਅਸੀਂ ਇਸ ਬਾਰੇ ਵਿਚਾਰ ਕਰ ਸਕਦੇ ਹਾਂ। 16 ਸੰਤਬਰ ਨੂੰ ਅਸੀਂ ਜਦ ਚੰਡੀਗੜ ਤੋਂ ਵਾਪਸ ਆਉਣ ਲਗੇ ਤਾਂ ਮੈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਸਾਡੇ ਬਜੁਰਗਾਂ ਦੇ ਸਮਾਨ ਹੋ ਪਰ ਸਾਨੂੰ ਇਸ ਤਰਾਂ ਨਾਲ ਸਰਕਾਰੀ ਰਿਹਾਇਸ਼ ਤੇ ਨਾ ਬੁਲਾਇਆ ਕਰੋ ਸਾਨੂੰ ਹਰ ਰੋਜ਼ ਹਜ਼ਾਰਾਂ ਲੋਕ ਮਿਲਦੇ ਹਨ ਤੁਸੀਂ ਵੀ ਸਾਨੂੰ ਤਖ਼ਤ ਸਾਹਿਬਾਨ ਤੇ ਮਿਲਣ ਦੀ ਖੇਚਲ ਕਰ ਲਿਆ ਕਰੋ। ਭਾਈ ਗੁਰਮੁੱਖ ਸਿੰਘ ਨੇ ਕਿਹਾ ਕਿ ਮੈ ਸ੍ਰ ਬਾਦਲ ਨੂੰ ਇਹ ਵੀ ਕਿਹਾ ਕਿ ਅੱਜ ਤਾਂ ਇਉਂ ਲੱਗ ਰਿਹਾ ਹੈ ਕਿ ਜਿਵੇਂ ਤੁਸੀਂ ਸਾਨੂੰ ਤਲਬ ਕਰ ਲਿਆ ਹੋਵੇ। ਇਹ ਸੁਣ ਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਵਿਖ ਵਿਚ ਅਜਿਹਾ ਹੀ ਹੋਵੇਗਾ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਤੋ ਬਾਅਦ 23 ਸਤੰਬਰ 2015 ਦੀ ਸ਼ਾਮ ਨੂੰ ਮੁੜ ਇਹ ਮਾਮਲਾ ਸ਼ੁਰੂ ਹੋ ਗਿਆ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਉਨਾਂ ਦੀ ਅੰਮ੍ਰਿਤਸਰ ਵਿਚਲੀ ਰਿਹਾਇਸ਼ ਵਿਚ ਆ ਗਏ ਤੇ ਡੇਰਾ ਸਿਰਸਾ ਮੁਖੀ ਦੀ ਮੁਆਫੀ ਵਾਲੇ ਮਾਮਲੇ ਤੇ ਸਾਡੀ ਗੱਲਬਾਤ ਸ਼ੁਰੂ ਹੋ ਗਈ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸਾਥੀ ਸਿੰਘ ਸਾਹਿਬਾਨ ਨੂੰ ਵਾਰ ਵਾਰ ਇਸ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰੰਪਰਾ ਤੇ ਮਰਯਾਦਾ ਬਚਾਉਣ ਲਈ ਦੁਹਾਈ ਦਿੱਤੀ। ਸਾਡੀ ਗੱਲਬਾਤ ਵਿਚਾਲੇ ਹੀ ਤਤਕਾਲੀ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦਾ ਫੋਨ ਗਿਆਨੀ ਗੁਰਬਚਨ ਸਿੰਘ ਦੇ ਮੌਬਾਇਲ ਤੇ ਆ ਗਿਆ ਜਿਸ ਤੋਂ ਗਿਆਨੀ ਗੁਰਬਚਨ ਸਿੰਘ ਨੇ ਮੇਰੀ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਵਾਈ। ਸ੍ਰ ਬਾਦਲ ਵਾਰ ਵਾਰ ਮੈਨੂੰ ਅੜੀ ਨਾ ਕਰਨ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਪ੍ਰਕਿਕਿਆ ਵਿਚ ਸਹਾਇਤਾ ਦੇਣ ਦੀ ਗੱਲ ਮੰਨ ਲੈਣ ਤੇ ਜ਼ੋਰ ਦਿੰਦੇ ਰਹੇ। ਮੈ ਕਿਹਾ ਕਿ ਡੇਰਾ ਮੁਖੀ ਨੇ ਸਾਡੇ ਗੁਰੂ ਦਾ ਸਵਾਂਗ ਬਣਾਇਆ ਹੈ ਇਸ ਲਈ ਇਸ ਮਾਮਲੇ ਤੇ ਸਾਨੂੰ ਘੱਟੋ ਘੱਟ ਫੈਸਲਾ ਲੈਣ ਸਮੇ ਪੰਥਕ ਭਾਵਨਾਵਾਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਨਿਜੀ ਸਹਾਇਕ ਤੇ ਕੁਝ ਹੋਰ ਨੇੜਲੇ ਸਾਥੀ ਵੀ ਉਨਾਂ ਦੀ ਰਿਹਾਇਸ਼ ਤੇ ਆ ਗਏ ਤੇ ਉਨਾਂ ਤੇ ਦਬਾਅ ਬਣਾਉਣ ਦਾ ਸਿਲਸਲਾ ਤੇਜ਼ ਹੁੰਦਾ ਗਿਆ। ਨਿਜੀ ਤੌਰ ਤੇ ਦਬਾਅ ਬਣਾਉਣ ਦੇ ਨਾਲ ਨਾਲ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਫੋਨ ਤੇ ਗੱਲ ਕਰਵਾਉਣਾ ਦੇਰ ਰਾਤ ਤੱਕ ਜਾਰੀ ਰਿਹਾ। ਮੈ ਮੰਨਦਾ ਨਹੀਂ ਸੀ। ਸਾਰਾ ਦਬਾਅ ਸਿਰਫ ਮੇਰੇ ਤੇ ਹੀ ਪਾਇਆ ਜਾ ਰਿਹਾ ਸੀ, ਸ੍ਰ ਬਾਦਲ ਮੈਨੂੰ ਵਾਰ ਵਾਰ ਕਹਿ ਰਹੇ ਸਨ ਕਿ ਜਦ ਬਾਕੀ ਸਿੰਘ ਸਾਹਿਬ ਮੰਨ ਗਏ ਤੁਸੀਂ ਕਿਉਂ ਨਹੀਂ ਮੰਨ ਰਹੇ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ, ਸਿੱਖ ਵੀ ਹੋ, ਸਰਕਾਰ ਰਹੇ ਜਾਂ ਨਾ ਰਹੇ ਪ੍ਰੰਪਰਾਵਾਂ ਨੂੰ ਢਾਹ ਨਹੀਂ ਲੱਗਣੀ ਚਾਹੀਦੀ। ਮੈ ਤੁਹਾਨੂੰ 16 ਸਤੰਬਰ ਨੂੰ ਵੀ ਕਿਹਾ ਸੀ ਕਿ ਇਹ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਲੈਣ ਦਿਓ ਇਸ ਨੂੰ ਖਾਲਸਾ ਪੰਥ ਕੋਲ ਪੇਸ਼ ਕਰਾਂਗੇ ਫਿਰ ਇਸ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਹੋਣ ਤੇ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਮਸਲਾ ਵੱਡਾ ਹੈ। ਪੰਥ ਨਾਲ ਮੀਟਿੰਗਾਂ ਕਰਕੇ ਹੀ ਫੈਸਲਾ ਹੋਵੇਗਾ। ਜਿਸ ਤੇਜੀ ਨਾਲ ਤੁਸੀਂ ਸਾਡੇ ਕੋਲੋਂ ਫੈਸਲਾ ਕਰਵਾਉਣਾ ਚਾਹੁੰਦੇ ਹੋ ਇਸ ਤਰਾਂ ਨਾਲ ਪੰਥ ਤਖ਼ਤਾਂ ਤੋਂ ਬਾਗੀ ਹੋ ਜਾਵੇਗਾ। ਸ੍ਰ ਸੁਖਬੀਰ ਸਿੰਘ ਬਾਦਲ ਦੇ ਵਾਰ ਵਾਰ ਫੋਨ ਆ ਰਹੇ ਸਨ, ਗਿਆਨੀ ਗੁਰਬਚਨ ਸਿੰਘ ਖੁਦ ਗੱਲ ਕਰਨ ਦੀ ਬਜਾਏ ਮੈਨੂੰ ਵਾਰ ਵਾਰ ਫੋਨ ਦੇ ਰਹੇ ਸਨ। ਮੈ ਮਾਨਿਸਕ ਦਬਾਅ ਵਿਚ ਸੀ ਤੇ ਹਰ ਵਾਰ ਸਮਾਂ ਮੰਗਦਾ ਰਿਹਾ ਕਿ ਸਾਨੂੰ 2 ਮਹੀਨੇ , 1 ਮਹੀਨਾ 15 ਦਿਨ ਦਾ ਹੀ ਸਮਾਂ ਦਿਓ ਤਾਂ ਕਿ ਅਸੀਂ ਪੰਥ ਸਾਹਮਣੇ ਸੱਚੇ ਰਹਿ ਸਕੀਏ ਪਰ ਸੁਖਬੀਰ ਸਿੰਘ ਬਾਦਲ ਟਸ ਤੋਂ ਮੱਸ ਨਹੀਂ ਹੋ ਰਹੇ ਸਨ।
ਮੀਟਿੰਗ ਅਗੇ ਪਾਉਣ ਲਈ ਕੋਈ ਵੀ ਤਿਆਰ ਨਹੀਂ ਸੀ। 24 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਦੀ ਮੀਟਿੰਗ ਸ਼ੁਰੂ ਹੋਈ। ਉਥੇ ਪੰਜਾਬੀ ਵਿਚ ਲਿਖਿਆ ਇਕ ਪੱਤਰ ਸਾਨੂੰ ਦਿਖਾਇਆ ਗਿਆ ਜਿਸ ਬਾਰੇ ਅਸੀਂ ਵਿਚਾਰ ਕਰਨੀ ਸੀ। ਇਹ ਪੱਤਰ ਕੌਣ ਲਿਆਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੱਤਰ ਲਿਆਉਣ ਦਾ ਇਕ ਵਿਧੀ ਵਿਧਾਨ ਹੈ ਪੱਤਰ ਕੌਣ ਲੈ ਕੇ ਆਇਆ ਕਿਸ ਨੇ ਪੱਤਰ ਪ੍ਰਾਪਤ ਕੀਤਾ, ਇਕ ਰਜਿਸਟਰ ਤੇ ਨੋਟ ਕੀਤਾ ਜਾਂਦਾ ਹੈ ਤੇ ਹੁਣ ਤਾਂ ਉਸ ਦੀ ਤਸਵੀਰ ਵੀ ਲਈ ਜਾਂਦੀ ਹੈ। ਇਹ ਗਿਆਨੀ ਗੁਰਬਚਨ ਸਿੰਘ ਦੱਸ ਸਕਦੇ ਹਨ ਕਿ ਸਿਰਸਾ ਡੇਰਾ ਮੁਖੀ ਦਾ ਇਹ ਪੱਤਰ ਉਨਾਂ ਨੂੰ ਕੌਣ ਦੇ ਕੇ ਗਿਆ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੇਰੇ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ 22 ਸਤੰਬਰ 2015 ਨੂੰ ਮੈ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਦੀ ਕੋਠੀ ਵਿਚ ਗਿਆ ਜਿੱਥੇ ਸ੍ਰ. ਸੁਖਬੀਰ ਸਿੰਘ ਬਾਦਲ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ, ਅਕਸ਼ੈ ਕੁਮਾਰ ਅਤੇ ਮੈ ਮੀਟਿੰਗ ਕੀਤੀ ਤੇ ਪੱਤਰ ਹਾਸਲ ਕੀਤਾ। ਮੇਰੇ ਬਾਰੇ ਇਹ ਵੀ ਕਿਹਾ ਗਿਆ ਕਿ ਇਹ ਫੈਸਲਾ ਕਰਵਾਉਣ ਦੇ ਇਵਜ਼ ਵਿਚ ਮੈ 60 ਏਕੜ ਜਮੀਨ, 2 ਹਜਾਰ ਗਜ ਦੀ ਕੋਠੀ, 7 ਪਲਾਟ, 7 ਕਰੋੜ ਰੁਪਏ ਤੇ ਦੁਬਈ ਵਿਚ ਫਲੈਟ ਵੀ ਬਾਦਲਾਂ ਕੋਲੋਂ ਹਾਸਲ ਕੀਤਾ ਤੇ ਇਹ ਫੈਸਲਾ ਕਰਵਾਇਆ। 22 ਸਤੰਬਰ ਨੂੰ ਮੈ ਬਾਬਾ ਬਿਧੀ ਚੰਦ ਜੀ ਦੇ ਦਿਹਾੜੇ ਵਿਚ ਸ਼ਾਮਲ ਹੋਣ ਲਈ ਸੁਰ ਸਿੰਘ ਗਿਆ ਹੋਇਆ ਸੀ।ਵਾਪਸੀ ਸਮੇਂ ਮੇਰੇ ਨਾਲ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵੀ ਸਨ।
24 ਸਤੰਬਰ ਦੀ ਮੀਟਿੰਗ ਵਿਚ ਹਰ ਮਨ ਵਿਚ ਚਿੰਤਾ ਸੀ ਕਿ ਪਾਵਨ ਤਖ਼ਤਾਂ ਤੋਂ ਕੌਮ ਬਾਗੀ ਹੋ ਜਾਵੇਗੀ, ਪ੍ਰੈਸ਼ਰ ਇੰਨਾ ਜਿਆਦਾ ਸੀ ਕਿ ਮੈ ਦੱਸ ਵੀ ਨਹੀਂ ਸਕਦਾ। ਸਮਝ ਨਹੀਂ ਆ ਰਹੀ ਸੀ ਕਿ ਇੰਨੇ ਦਬਾਅ ਵਿਚ ਵੀ ਸਾਨੂੰ ਸੇਵਾ ਕਰਨੀ ਪੈ ਸਕਦੀ ਹੈ। ਮੀਟਿੰਗ ਸ਼ੁਰੂ ਹੋਈ। ਲੰਮਾਂ ਸਮਾਂ ਵਿਚਾਰ ਹੋਈ ਕਿ ਇਸ ਪੱਤਰ ਦਾ ਕਰਨਾ ਕੀ ਹੈ ? 2007 ਤੋਂ ਲੈ ਕੇ ਹੁਣ ਤਕ ਸਾਰਾ ਮਾਮਲਾ ਫਿਰ ਤੋਂ ਪੜਿਆ ਗਿਆ। ਕੇਸ ਕਿਵੇਂ ਚੱਲਿਆ, ਡੇਰਾ ਸਿਰਸਾ ਨਾਲ ਸੰਬੰਧਿਤ ਫਾਇਲ ਵਿਚ ਤਿੰਨ ਪੱਤਰਕਾਵਾਂ ਪਹਿਲਾਂ ਹੀ ਮੌਜੂਦ ਸਨ। ਆਖਿਰ ਫੈਸਲਾ ਹੋਇਆ ਕਿ ਪੱਤਰ ਪ੍ਰਵਾਨ ਕੀਤਾ ਜਾਵੇ ਮੁਆਫੀ ਨਹੀਂ ਦਿੱਤੀ, ਪੱਤਰ ਹੀ ਪ੍ਰਵਾਨ ਕੀਤਾ ਸੀ। ਅਖਬਾਰਾਂ ਲਈ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਸੀ ਕਿ ਪੱਤਰ ਪ੍ਰਵਾਨ ਕੀਤਾ ਜਾਂਦਾ ਹੈ ਪਰ ਅਖਬਾਰਾਂ ਨੇ ਇਸ ਪ੍ਰਵਾਨਗੀ ਨੂੰ ਮੁਆਫੀ ਦਾ ਨਾਮ ਦੇ ਦਿੱਤਾ ਤੇ ਇਸ ਨੂੰ ਬਿਨਾਂ ਮੰਗੀ ਮੁਆਫੀ ਛਾਪ ਦਿੱਤਾ। ਪੰਥ ਵਿਚ ਰੋਸ ਫੈਲ ਗਿਆ। ਸਾਡਾ ਸ਼ਪਸਟੀਕਰਨ ਸੁਨਣ ਲਈ ਕੋਈ ਤਿਆਰ ਨਹੀਂ ਸੀ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਕੌਮ ਵਿਚ ਤਨਾਅ ਤੇ ਜਥੇਦਾਰਾਂ ਨਾਲ ਦੂਰੀ ਵਧ ਗਈ ਸਾਨੂੰ ਜਨਤਕ ਤੌਰ ਤੇ ਸੰਗਤੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਧਾਰਮਿਕ ਸਮਾਗਮਾਂ ਵਿਚ ਸਾਡੀ ਸ਼ਮੂਲੀਅਤ ਖਤਮ ਹੋ ਗਈ ਜਥੇਦਾਰ ਪ੍ਰਭਾਵਹੀਣ ਹੋ ਗਏ।
ਇਸ ਦੌਰਾਨ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਹੋਈ। ਮੈ ਸ੍ਰ ਬਾਦਲ ਨਾਲ ਗਿਲਾ ਕੀਤਾ ਕਿ ਪੰਥ ਨੂੰ ਦੱਸੋ ਕਿ ਚਿਠੀ ਲੈ ਕੇ ਕੌਣ ਆਇਆ। ਸ੍ਰ ਬਾਦਲ ਨੇ ਕਿਹਾ ਕਿ 2 ਦਿਨਾਂ ਵਿਚ ਸ਼ਪਸਟ ਕਰ ਦਿਆਂਗੇ ਕਿ ਤੁਸੀਂ ਚਿਠੀ ਨਹੀਂ ਲਿਆਏ। ਹਲਾਤ ਜਿਉਂ ਦੇ ਤਿਉਂ ਸਨ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਡਾਕਟਰ ਦਲਜੀਤ ਸਿੰਘ ਚੀਮਾਂ ਨਾਲ ਗੱਲਬਾਤ ਕੀਤੀ। ਮੀਟਿੰਗ ਵਿਚ ਤੁਸੀਂ ਵੀ ਸੀ ਪੱਤਰ ਤੁਸੀਂ ਪੜਾਇਆ ਪਰ ਅੱਜ ਮੇਰਾ ਨਾਮ ਬੋਲ ਰਿਹਾ ਹੈ ਕਿ ਅਕਸ਼ੈ ਕੁਮਾਰ ਦੀ ਕੋਠੀ ਵਿਚੋਂ ਪੱਤਰ ਮੈ ਲਿਆਇਆ। ਡਾਕਟਰ ਚੀਮਾਂ ਨੇ ਕਿਹਾ ਕਿ ਤੁਸੀਂ ਸੱਚੇ ਹੋ ਇਹ ਖਿਲਾਰਾ ਭਾਅ ਜੀ ਦੇ ਨਰਾਜ ਹੋਣ ਕਰਕੇ ਖਿਲਰ ਗਿਆ। ਭਾਅ ਜੀ ਸ਼ਬਦ ਸ਼ਾਇਦ ਬਰਜਿੰਦਰ ਸਿੰਘ ਜੀ ਅਜੀਤ ਵਾਲੇ ਲਈ ਵਰਤਿਆ ਜਾ ਰਿਹਾ ਸੀ। ਡਾਕਟਰ ਚੀਮਾ ਨੇ ਕਿਹਾ ਭਾਅ ਜੀ ਨੇ ਇਹ ਸਾਰਾ ਮਾਮਲਾ ਹਲ ਕਰਨਾ ਸੀ ਉਹ ਨਰਾਜ ਹੋ ਗਏ ਉਨਾਂ ਪ੍ਰੈਸ ਵਿਚ ਇਹ ਮਾਮਲਾ ਉਠਾਇਆ ਹੈ। ਅਸੀਂ ਸੁਖਬੀਰ ਜੀ ਨੂੰ ਲੈ ਕੇ ਜਲੰਧਰ ਜਾ ਰਹੇ ਹਾਂ। ਭਾਅ ਜੀ ਕੋਲ, ਸਾਰੇ ਗਿਲੇ ਸ਼ਿਕਵੇ ਦੂਰ ਕਰਾਂਗੇ ਸਾਡੇ ਨਾਲ ਰਾਮੂਵਾਲੀਆਂ ਜੀ ਵੀ ਜਾ ਰਹੇ ਹਨ। ਮੈ ਵੀ ਹਾਂ ਫਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਮੈ ਗੁਰਮਤਿ ਦੇ ਪ੍ਰਚਾਰ ਲਈ ਦੇਸ਼ ਭਰ ਵਿਚ ਜਾਂਦਾ ਰਿਹਾ ਪਰ ਜਦ ਵੀ ਸਿਰਸਾ ਵਾਲੇ ਦੀ ਕਿਧਰੇ ਵੀ ਗੱਲ ਹੁੰਦੀ ਤਾਂ ਚਿਠੀ ਬਾਰੇ ਵੀ ਗੱਲ ਚਲਦੀ। ਮੈ ਵਾਰ ਵਾਰ ਹਰ ਜਥੇਦਾਰ ਅਕਾਲੀ ਆਗੂ ਨੂੰ ਚਿਠੀ ਮਾਮਲੇ ਤੇ ਸੱਚ ਸੰਗਤਾਂ ਦੇ ਅੱਗੇ ਰੱਖਣ ਲਈ ਕਹਿੰਦਾ ਰਿਹਾ ਪਰ ਮੇਰੀ ਕਿਸੇ ਨੇ ਨਹੀਂ ਸੁਣੀ। ਇਸ ਸਮੇਂ ਦੌਰਾਨ ਮੈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੰਦ ਕਮਰਾ ਮੀਟਿੰਗਾਂ ਨਾ ਕਰਨ ਲਈ ਸਾਥੀ ਜਥੇਦਾਰਾਂ ਨੂੰ ਮਨਾਉਂਦਾ ਰਿਹਾ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾ ਦੌਰਾਨ 1 ਫਰਵਰੀ ਨੂੰ ਡੇਰਾ ਸਿਰਸਾ ਨੇ ਵਿਧਾਨ ਸਭਾ ਚੋਣਾ ਵਿਚ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਬਾਅਦ ਦਿਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰ ਮਨਜਿੰਦਰ ਸਿੰਘ ਸਿਰਸਾ ਦਾ ਮੈਨੂੰ ਫੋਨ ਆਇਆ ਕਿ ਚੋਣਾ ਦਾ ਸਮਾਂ ਹੈ ਤੇ ਸਾਨੂੰ ਡੇਰਾ ਸਿਰਸਾ ਕੋਲੋਂ ਸਮਰਥਨ ਲੈਣਾ ਪੈ ਰਿਹਾ ਹੈ। ਡੇਰੇ ਵਲੋਂ ਅਕਾਲੀ ਦਲ ਦੇ ਸਮਰਥਨ ਦਾ ਐਲਾਨ ਕਰਨ ਤੋਂ ਬਾਅਦ ਸਿੱਖ ਸੰਗਤਾਂ ਦੇ ਮਨਾਂ ਵਿਚ ਰੋਸ ਦੀ ਭਾਵਨਾ ਪੈਦਾ ਹੋਈ। 2 ਫਰਵਰੀ ਨੂੰ ਫਿਰ ਸ੍ਰ ਸਿਰਸਾ ਨੇ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਕਾਇਮ ਰਹਿਣਾ ਅਸੀਂ ਮਜਬੂਰੀ ਵਸ ਡੇਰੇ ਦਾ ਸਮਰਥਨ ਲਿਆ ਹੈ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸ੍ਰ ਸਿਰਸਾ ਨੂੰ ਦੱਸਿਆ ਕਿ ਹੁਣ ਕਾਇਮ ਰਹਿਣ ਦੀ ਸ਼ਕਤੀ ਨਹੀਂ ਰਹੀ। ਸ੍ਰ ਸਿਰਸਾ ਨੇ ਕਿਹਾ ਕਿ ਮੈ ਸਮਝਦਾ ਹਾਂ ਪਰ ਬੋਸ ਨਹੀਂ ਮੰਨਦਾ। ਬੋਸ ਤੋਂ ਭਾਵ ਸੁਖਬੀਰ ਸਿੰਘ ਬਾਦਲ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸ੍ਰ ਸਿਰਸਾ ਨੂੰ ਕਿਹਾ ਕਿ ਤੁਸੀਂ ਅਕਾਲੀ ਦਲ ਵਲੋਂ ਐਲਾਨ ਕਰ ਦਿਓ ਕਿ ਅਸੀਂ ਪੰਥ ਦਾ ਸਮਰਥਨ ਲੈ ਕੇ ਚੋਣ ਲੜ ਰਹੇ ਹਾਂ ਤਾਂ ਪੰਥ ਤੁਹਾਨੂੰ ਵੋਟਾਂ ਦੇ ਕੇ ਨਿਹਾਲ ਕਰ ਦੇਵੇਗਾ, ਪਰ ਸ੍ਰ ਸਿਰਸਾ ਨਹੀਂ ਮੰਨੇ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ 3 ਫਰਵਰੀ ਨੂੰ ਮੈ ਨਿਜੀ ਚੈਨਲਾਂ ਤੇ ਆਪਣੇ ਵਿਚਾਰ ਦਿੱਤੇ ਜਿਸ ਤੋਂ ਬਾਅਦ ਸਿਰਸਾ ਦਾ ਫਿਰ ਫੋਨ ਆਇਆ ਕਿ ਤੁਸੀਂ ਸਾਡੇ ਨਾਲ ਨਹੀਂ ਖੜੇ ਹੁਣ ਜਥੇਦਾਰੀ ਦੀ ਵੀ ਆਸ ਨਾ ਰੱਖੋ । ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸ੍ਰ ਸਿਰਸਾ ਨੂੰ ਕਿਹਾ ਕਿ ਇਹ ਜਥੇਦਾਰੀਆਂ ਗੁਰੂ ਪੰਥ ਦੀ ਬਖਸ਼ਿਸ਼ ਹਨ ਮੈ ਤੁਹਾਡੇ ਨਿਜੀ ਕਾਰਖਾਨੇ ਵਿਚ ਕੰਮ ਨਹੀਂ ਕਰਦਾ ਜੋ ਕਿਹਾ ਨਾ ਮੰਨਣ ਕਰਕੇ ਤੁਸੀਂ ਮੈਨੂੰ ਹਟਾ ਦਿਓਗੇ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸਾਰਾ ਸਪਸ਼ਟ ਕਰ ਦਿੱਤਾ ਹੈ ਤੇ ਹੁਣ ਫੈਸਲਾ ਪੰਥ ਨੇ ਲੈਣਾ ਹੈ। ਭਾਈ ਗੁਰਮੁੱਖ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਪਿਛਲੀਆਂ ਭੁਲਾ ਮੰਨ ਕੇ ਪੰਥ ਦੀ ਸ਼ਰਨ ਵਿਚ ਆ ਜਾਣ।