3. ਆਤਮਾ ਬਨਾਮ ਅੰਤਹਕਰਣ
ਗਿਆਨੀ ਅਵਤਾਰ ਸਿੰਘ
ਜ਼ਰੂਰੀ ਬੇਨਤੀ : ਇਹ ਵਿਸ਼ਾ ਜਜ਼ਬਾਤੀ ਮਹਿਲ ਨਹੀਂ ਉਸਾਰਦਾ ਬਲਕਿ ਗੁਰਮਤਿ ਅਨੁਸਾਰੀ ਭਾਵਨਾਵਾਂ ਸਿਰਜਦਾ ਹੈ; ਜਿਵੇਂ ਕਿ ਪਾਵਨ ਵਚਨ ਹਨ‘‘ਬੰਦੇ ! ਖੋਜੁ ਦਿਲ ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ॥’’ (ਭਗਤ ਕਬੀਰ/੭੨੭) ਉਮੀਦ ਹੈ ਕਿ ਇਸ ਨੂੰ ਗਹੁ ਨਾਲ਼ ਵਾਚਿਆਂ ਨਿਤਨੇਮ ਕਰਨ ਸਮੇਂ ਧਿਆਨ ਟਿਕਣ ’ਚ ਮਦਦ ਮਿਲੇਗੀ।
ਭਾਸ਼ਾਈ ਕੋਸ਼ਾਂ ’ਚ ਇੱਕ ਸ਼ਬਦ ਦੇ ਕਈ-ਕਈ ਅਰਥ ਹੁੰਦੇ ਹਨ ਭਾਵੇਂ ਕਿ ਭਾਵਾਰਥਾਂ ’ਚ ਬਹੁਤਾ ਅੰਤਰ ਨਾ ਹੋਵੇ। ਆਤਮਾ ਅਤੇ ਅੰਤਹਕਰਣ ਵੀ ਦੋ ਰੂਹਾਨੀਅਤ ਸ਼ਬਦ ਹਨ, ਜਿਨ੍ਹਾਂ ਦੇ ਭਾਵਾਰਥ ਆਸ-ਪਾਸ ਹਨ। ਗੁਰੂ ਨਜ਼ਰ ਨਾਲ਼ ਸਵੈ ਪੜਚੋਲ ਕਰਨ ਲਈ ਇਨ੍ਹਾਂ ਦਾ ਸੂਖਮ ਅੰਤਰ ਜਾਣਨਾ ਬੜਾ ਜ਼ਰੂਰੀ ਹੈ।
ਗੁਰਬਾਣੀ ’ਚ ‘ਰੂਹ, ਜਿੰਦ, ਜੋਤਿ, ਜੀਅ/ਜੀਉ’ ਆਦਿ ਸ਼ਬਦਾਂ ਦਾ ਅਰਥ ‘ਆਤਮਾ’ ਹੈ ਤੇ ‘ਮਨੁ, ਸੁਰਤਿ, ਭਾਗੁ, ਕਰਮੁ (ਭਾਵ ਨਸੀਬ), ਪਰਦਾ, ਭੀਤਿ, ਭਰਮੁ, ਦੁਬਿਧਾ, ਹਉਮੈ, ਦੂਜੈ ਭਾਇ’ ਆਦਿ ਸ਼ਬਦਾਂ ’ਚੋਂ ‘ਅੰਤਹਕਰਣ’ ਅਰਥ ਵੀ ਮਿਲਦਾ ਹੈ। ਵੈਸੇ ਗੁਰਬਾਣੀ ’ਚ ‘ਅੰਤਹਕਰਣ’ ਸ਼ਬਦ ਦਰਜ ਨਹੀਂ। ਪੰਜਾਬੀ ਕੋਸ਼ਾਂ ’ਚ ਇਸ ਦੇ ਅਰਥ ‘ਸੰਕਲਪ, ਵਿਕਲਪ, ਵਿਚਾਰ, ਯਾਦ, ਜ਼ਮੀਰ, ਹਿਰਦਾ, ਮਨ’ ਆਦਿ ਹਨ ਤੇ ਮਹਾਨਕੋਸ਼ ’ਚ ਇਸ ਨੂੰ ਅੰਦਰੂਨੀ ਇੰਦ੍ਰੀ ਕਿਹਾ ਹੈ, ਜਿਸ ਨਾਲ ਬਾਹਰੋਂ ‘ਸੁਰਤਿ, ਮਤਿ, ਮਨਿ, ਬੁਧਿ’ ਕਾਰਜ ਕਰਦੇ ਹਨ।
ਜਦ ‘ਸੁਰਤਿ, ਮਤਿ, ਮਨਿ, ਬੁਧਿ’ ਨੂੰ ਵੱਖ-ਵੱਖ ਕਰਕੇ ‘ਅੰਤਹਕਰਣ’ ਦੇ ਵਿਸਥਾਰ ਵਜੋਂ ਜਾਣੀਏ ਤਾਂ ‘ਸੁਰਤਿ’ ਦਾ ਅਰਥ ਭੂਤਕਾਲ ਦੀ ਯਾਦਦਾਸ਼ਤ, ‘ਮਤਿ’ ਦਾ ਅਰਥ ਮਮਤਾ/ਅਹੰਕਾਰ, ‘ਮਨ’ ਦਾ ਅਰਥ ਸੰਕਲਪ/ਵਿਕਲਪ, ‘ਬੁਧਿ’ ਦਾ ਅਰਥ ਦ੍ਰਿੜ੍ਹਤਾ ਸਹਿਤ ਨਵੇਂ ਵਿਚਾਰ ਪੈਦਾ ਹੋਣੇ, ਹੁੰਦਾ ਹੈ। ਸੰਕਲਪ ਦਾ ਅਰਥ ਵੀ ‘ਨਵੇਂ ਵਿਚਾਰ ਪੈਦਾ ਹੋਣਾ’ ਹੈ, ਪਰ ਇਨ੍ਹਾਂ ’ਤੇ ਵਿਕਲਪ (ਭਾਵ ਦੁਬਿਧਾ/ਦੁਚਿੱਤੀ) ਦ੍ਰਿੜ੍ਹਤਾ ਨਹੀਂ ਬਣਨ ਦਿੰਦਾ। ਗੁਰੂ ਨਾਨਕ ਜੀ; ਗੁਰਬਾਣੀ ’ਚ ‘ਮਨਿ ਬੁਧਿ’ ਨੂੰ ਦੋ ਵਾਰ ਸੰਯੁਕਤ ਰੱਖਦੇ ਹਨ। ‘ਮਨਿ’ ਦਾ ਅਰਥ : ‘ਮਨ ਵਿੱਚ’। ‘ਮਨਿ ਬੁਧਿ’ ਦਾ ਅਰਥ ਹੈ : ‘ਮਨ ’ਚ ਬੁੱਧ ਆਉਣੀ, ਬਿਬੇਕ ਹੋਣਾ ਤੇ ਵਿਕਲਪ/ਦੁਬਿਧਾ ਮਰ ਜਾਣਾ ‘‘ਮੰਨੈ; ਸੁਰਤਿ ਹੋਵੈ, ਮਨਿ+ਬੁਧਿ ॥ (ਜਪੁ), ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ॥’’ (ਜਪੁ) ਇਹੀ ਅਵਸਥਾ ਸੁਰਤਿ, ਮਤਿ, ਮਨਿ, ਬੁਧਿ ਘੜਦੀ ਹੈ। ਸੁਰਤਿ, ਮਤਿ ਤੇ ਬੁਧਿ; ਮੂਲਕ ਅੰਤ ਸਿਹਾਰੀ ਸਮੇਤ ਇਸਤਰੀ ਲਿੰਗ ਨਾਂਵ ਹਨ ਤੇ ਅੰਤ ਸਿਹਾਰੀ ਕੋਈ ਲੁਪਤ ਅਰਥ ਨਹੀਂ ਦਿੰਦੀ, ਪਰ ‘ਮਨਿ’ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦੀ ਅੰਤ ਸਿਹਾਰੀ ’ਚੋਂ ਲੁਪਤ ‘ਮਨ ਵਿੱਚ’ (ਅਧਿਕਰਣ ਕਾਰਕ) ਅਰਥ ਮਿਲਦਾ ਹੈ।
ਗੁਰਬਾਣੀ ਤੱਥਾਂ ਆਧਾਰਿਤ; ਜ਼ਿੰਦਗੀ, ਕੁਦਰਤ ਤੇ ਰੱਬ ਦਾ ਵਿਸ਼ਲੇਸ਼ਣ ਕਰਦੀ ਹੈ। ਕੁਦਰਤ ਬਾਰੇ ਵਿਚਾਰ ਪਿਛਲੇ ਲੇਖ ‘ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਿਰ ਤੋਂ ਬਲਿਹਾਰ ਹੋਣ ’ਚ ਅੰਤਰ’ ਲੇਖ ਰਾਹੀਂ ਅਤੇ ਰੱਬ ਬਾਰੇ ਵਿਚਾਰ ‘ਰੱਬ; ਸਰਬ ਵਿਆਪਕ ਜੋਤਿ ਰੂਪ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ ਹੈ ? ਦੀ ਵਿਚਾਰ’ ਲੇਖ ’ਚ ਹੋ ਚੁੱਕੀ ਹੈ। ਹਥਲਾ ਲੇਖ; ਮਨੁੱਖੀ ਜ਼ਿੰਦਗੀ ਦਾ ਵਿਸ਼ਲੇਸ਼ਣ ਹੈ।
ਗੁਰਮਤਿ ਮੁਤਾਬਕ ਆਤਮਾ ਤੇ ਅੰਤਹਕਰਣ ਹਰ ਜ਼ਿੰਦਗੀ ’ਚ ਹੈ ਭਾਵੇਂ ਮਨੁੱਖ ਜਾਤੀ ਹੋਵੇ, ਪਸ਼ੂ ਹੋਣ, ਜਾਨਵਰ ਜਾਂ ਬਨਸਪਤੀ। ਆਤਮਾਵਾਂ ਦਾ ਸਰੋਤ ਰੱਬ ਹੈ। ਰੱਬ ਤੇ ਆਤਮਾ ਦੇ ਗੁਣ ਸਾਂਝੇ ਹਨ; ਜਿਵੇਂ ‘ਨੂਰ, ਪ੍ਰਕਾਸ਼, ਸਦੀਵੀ ਸਥਿਰ, ਨਿਰਭਉ, ਨਿਰਵੈਰ, ਅਜੂਨੀ, ਨਿਰਲੇਪ, ਆਪਣੇ ਆਪ ਤੋਂ ਪੈਦਾ ਹੋਣਾ, ਅਮਰ/ਅਟੱਲ’ ‘‘ਨਾ ਇਹੁ (ਆਤਮਾ) ਜੀਵੈ; ਨ ਮਰਤਾ ਦੇਖੁ ॥’’ (ਭਗਤ ਕਬੀਰ/੮੭੧) ਪਰ ਅੰਤਹਕਰਣ ਦਾ ਵਜੂਦ; ਜ਼ਿੰਦਗੀ, ਬਨਸਪਤੀ, ਕੁਦਰਤ/ਆਕਾਰ ਨਾਲ਼ ਹੈ। ਇਸ ਦੇ ਗੁਣ ਵੀ ਰੱਬ ਅਤੇ ਆਤਮਾ ਦੇ ਗੁਣਾਂ ਤੋਂ ਉਲ਼ਟ ਹਨ; ਜਿਵੇਂ ‘ਡਰ, ਚਿੰਤਾ, ਵਿਤਕਰਾ, ਹਉਮੈ, ਮਮਤਾ’ ਆਦਿ। ਬੁਨਿਆਦੀ ਅੰਤਰ ਇਹ ਹੈ ਕਿ ਆਤਮਾ; ਜਾਨਦਾਰ ਹੈ, ਰਾਮ ਦੀ ਅੰਸ਼ ਹੈ, ਪਰ ਅੰਤਹਕਰਣ; ਨਿਰਜਿੰਦ, ਹਨ੍ਹੇਰਾ, ਪਰਦਾ, ਹਉਮੈ ਹੈ। ਇਹੀ; ਜਨਮ ਮਰਨ ਦਾ ਮੂਲ ਹੈ, ਨਾ ਕਿ ਆਤਮਾ ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ) ਨਾਲੇ ਹਉਮੈ ਪਾਈ ॥ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ ! ਓਹਾ ਆਵੈ ਜਾਈ ॥’’ (ਮਹਲਾ ੫/੯੯੯), ਸਵਾਲ : ‘‘ਕਿਤੁ ਕਿਤੁ ਬਿਧਿ, ਜਗੁ ਉਪਜੈ ਪੁਰਖਾ !..॥’’ ? ਜਵਾਬ : ‘‘ਹਉਮੈ ਵਿਚਿ, ਜਗੁ ਉਪਜੈ ਪੁਰਖਾ !.. ॥’’ (ਸਿਧ ਗੋਸਟਿ/ਮਹਲਾ ੧/੯੪੬)
ਜੇ ਆਤਮਾ; ਬਿਜਲੀ ਹੈ ਤਾਂ ਅੰਤਹਕਰਣ; ਗਰਦ (ਧੂੜ) ਨਾਲ਼ ਲਿਬੜਿਆ ਬਲਬ। ਗਰਦ; ਬੰਦੇ ਦੇ ਕਰਮਾਂ ਦਾ ਫਲ਼ ਹੈ। ਭਾਈ ਗੁਰਦਾਸ ਜੀ ਇਸ ਧੂੜ ਨੂੰ ਧੁੰਧ ਕਹਿੰਦੇ ਹਨ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਵਾਰ ੧ ਪਉੜੀ ੨੭) ਭਾਵ ਗੁਰੂ ਸਿੱਖਿਆ ਨਾਲ ਅੰਤਹਕਰਣ; ਪਾਰਦਰਸ਼ੀ (ਸਾਫ਼/ਲੇਖਾ ਮੁਕਤ) ਹੋ ਗਏ ਜਾਂ ਸੁਰਤਿ, ਮਤਿ, ਮਨਿ, ਬੁਧਿ ਘੜੇ ਗਏ। ਅਗਿਆਨ-ਹਨ੍ਹੇਰਾ ਦੂਰ ਹੋ ਗਿਆ।
ਸੂਰਜ ਤੇ ਧਰਤੀ ਵਿਚਕਾਰ ਜੇ ਚੰਦ੍ਰਮਾ ਆ ਜਾਵੇ ਤਾਂ ਚੰਦ ਦੀ ਪਰਛਾਈ; ਸੂਰਜ ਦੀ ਰੌਸ਼ਨੀ ਨੂੰ ਧਰਤੀ ’ਤੇ ਨਹੀਂ ਆਉਣ ਦਿੰਦੀ। ਇਸ ਨੂੰ ਸੂਰਜ ਗ੍ਰਹਿਣ ਕਿਹਾ ਗਿਆ; ਇਉਂ ਹੀ ਮਲ਼ੀਨ ਅੰਤਹਕਰਣ ਦੀ ਪਰਛਾਈ; ਆਤਮ ਪ੍ਰਕਾਸ਼ ਨੂੰ ਹੂ-ਬਹੂ ਦਿਮਾਗ਼ ’ਚ ਬਿਬੇਕ ਨਹੀਂ ਬਣਨ ਦਿੰਦੀ ਭਾਵ ਜਦ ਅੰਤਹਕਰਣ ਦਾ ਹਨ੍ਹੇਰਾ ਹੋਵੇ, ਪਰਛਾਈ ਹੋਵੇ ਤਾਂ ਅਕਲ; ਮੱਧਮ (ਧੁੰਦਲੀ) ਰਹੇਗੀ। ਸਤਿਗੁਰੂ (ਪੂਰਨ ਪ੍ਰਕਾਸ਼/ਆਤਮ ਪ੍ਰਕਾਸ਼) ’ਤੇ ਯਕੀਨ ਨਹੀਂ ਬਣ ਸਕੇਗਾ ‘‘ਅੰਤਰਿ ਅਗਿਆਨੁ; ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ॥’’ (ਮਹਲਾ ੪/੬੫੨) ਇਸ ਲਈ ਮੱਧਮ ਮੱਤ; ਮਨਮਤ ਅਖਵਾਉਂਦੀ ਹੈ।
ਆਤਮ ਪ੍ਰਕਾਸ਼ ਹੀ ਗੁਣ ਵਜੋਂ ‘‘ਮਤਿ ਵਿਚਿ; ਰਤਨ ਜਵਾਹਰ ਮਾਣਿਕ..॥’’ (ਜਪੁ) ਹਨ, ਜੋ ਗੁਰੂ ਸਿੱਖਿਆ ਰਾਹੀਂ ਅੰਤਹਕਰਣ ਦੀ ਪਰਛਾਈ ਮਿਟਾ ਕੇ ਪ੍ਰਗਟ ਹੁੰਦੇ ਹਨ। ਇਹ, ਸਵੈ ਪੜਚੋਲ ਦਾ ਫਲ਼ ਹੀ ਹੈ;‘‘ਜੇ ਇਕ; ਗੁਰ ਕੀ ਸਿਖ ਸੁਣੀ ॥’’ ਤੋਂ ਭਾਵ ਕੇਵਲ ਦਿਮਾਗ਼ੀ ਗਿਆਨ ਨਹੀਂ ਬਲਕਿ ਗੁਰਮਤਿ ਅਨੁਸਾਰੀ ਆਤਮ ਚਿੰਤਨ ਕਰਨਾ ਹੈ, ਅੰਦਰਲਾ ਤੀਰਥ ਇਸ਼ਨਾਨ ‘‘ਅੰਤਰਗਤਿ ਤੀਰਥਿ (’ਤੇ); ਮਲਿ ਨ੍ਾਉ ॥’’ (ਜਪੁ) ਕਰਨਾ ਹੈ। ਸੱਚੇ ਮੋਤੀਆਂ ਦੀ ਝਲਕ; ਆਤਮ ਚਿੰਤਨ ’ਚੋਂ ਹੀ ਮਿਲਣੀ ਹੈ ‘‘ਸਚੁ ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ (’ਤੇ) ਕਰੇ ਨਿਵਾਸੁ ॥’’ (ਆਸਾ ਕੀ ਵਾਰ/ਮਹਲਾ ੧/੪੬੮), ਗੁਰੂ ਅਮਰਦਾਸ ਜੀ ਨੇ ਆਪਣਾ ਸਰੀਰ-ਸਰੋਵਰ ਰਿੜਕ ਕੇ ਇਹ ਰਤਨ-ਮੋਤੀ ਕੱਢੇ ਹਨ‘‘ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ॥ ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥’’ (ਬਲਵੰਡ ਸਤਾ/੯੬੮), ਇਹ ਰਤਨ (ਆਤਮ ਪ੍ਰਕਾਸ਼); ਕਲਿਯੁਗੀ ਹਨ੍ਹੇਰੇ ’ਚ ਸੂਰਜ ਵਾਙ ਪ੍ਰਕਾਸ਼ ਕਰ ਗਏ ‘‘ਕਲਿ ਵਿਚਿ ਧੂ ਅੰਧਾਰੁ ਸਾ; ਚੜਿਆ ਰੈ ਭਾਣੁ ॥’’ (ਬਲਵੰਡ ਸਤਾ/੯੬੮)
ਨੋਟ : ਅੰਤਹਕਰਣ ਦੀ ਪਰਛਾਈ ਮਿਟਣ ਦਾ ਮਤਲਬ ਅੰਤਹਕਰਣ ਦਾ ਵਜੂਦ ਖ਼ਤਮ ਹੋਣਾ ਨਹੀਂ; ਜਿਵੇਂ ‘ਸੁਰਤਿ, ਮਤਿ, ਮਨਿ, ਬੁਧਿ’ ਘੜਨ ਦਾ ਅਰਥ ਇਨ੍ਹਾਂ ਦਾ ਸਰੀਰ ’ਚੋਂ ਅਲੋਪ ਹੋਣਾ, ਨਹੀਂ ਹੁੰਦਾ। ਪਰਛਾਈ ਦਾ ਸੰਘਣਾ ਜਾਂ ਹਲਕਾਪਣ ਅਗਲੇ ਲੇਖ ‘ਭਾਗ ਬਨਾਮ ਹੁਕਮ’ ’ਚ ਵਿਚਾਰਿਆ ਜਾਏਗਾ।
ਗੁਰੂ ਨਾਨਕ ਜੀ; ਆਵਾਗਮਣ ਤੋਂ ਮੁਕਤ ਸਨ। ਉਨ੍ਹਾਂ ਦਾ ਆਤਮ ਪ੍ਰਕਾਸ਼ (ਚੇਤਨ ਸੱਤਾ, ਇਲਾਹੀ ਨੂਰ); ਪਾਰਦਰਸ਼ੀ ਅੰਤਹਕਰਣ ’ਚੋਂ ਹੂ-ਬਹੂ ਬਿਬੇਕ ਵਜੋਂ ਪ੍ਰਗਟ ਹੋਇਆ। ਆਪ ਤਿੰਨ ਸਾਲ ਦੀ ਉਮਰ ’ਚ ਕਈ-ਕਈ ਘੰਟੇ ਅਦ੍ਰਿਸ਼-ਰੱਬ ਨਾਲ ਇਕਾਗਰ-ਚਿੱਤ ਬੈਠਦੇ ਰਹੇ। ਰੱਬ ਨਾਲ਼ ਅਭੇਦ ਅਜਿਹੇ ਸਤਿਗੁਰੂ; ਰੱਬ ਸਮਾਨ ਸ਼ਕਤੀ ਦੇ ਮਾਲਕ ਹਨ। ਵੈਸੇ ਆਤਮ ਪ੍ਰਕਾਸ਼; ਰਾਮ ਕੀ ਅੰਸ਼ ਹੈ ਤੇ ਗੁਰੂ ਨਾਨਕ ਜੀ ਦਾ ਮਾਰਗ-ਦਰਸ਼ਨ ਹੈ। ਇਸ ਨੂੰ ‘ਸਬਦੁ ਗੁਰੂ’ ਵੀ ਕਿਹਾ ਹੈ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਗੋਸਟਿ/ਮਹਲਾ ੧/੯੪੩) ਆਤਮ ਪ੍ਰਕਾਸ਼; ਹਨ੍ਹੇਰੇ ’ਚ ਪਏ ਦੀਵੇ ਵਾਙ ਹਰ ਪਾਸੇ ਰੌਸ਼ਨੀ ਕਰਦਾ ਹੈ। ਗੁਰੂ ਨਾਨਕ ਜੀ ਨੇ ਰੂਹਾਨੀਅਤ, ਪਰਵਾਰਿਕ, ਸਮਾਜਿਕ, ਰਾਜਨੀਤਿਕ, ਵਿਗਿਆਨਕ ਭਾਵ ਹਰ ਖੇਤਰ ’ਚ ਲਾਜਵਾਬ ਰੌਸ਼ਨੀ ਬਖ਼ਸ਼ੀ ਹੈ ਭਾਵੇਂ ਕਿ ਆਪ ਨੇ 7 ਤੋਂ 13 ਸਾਲ ਦੀ ਉਮਰ ਤੱਕ ਕੇਵਲ ਭਾਸ਼ਾਵਾਂ (ਗੁਰਮੁਖੀ, ਸੰਸਕ੍ਰਿਤ, ਫ਼ਾਰਸੀ-ਅਰਬੀ ਆਦਿਕ ਪੰਡਿਤ ਗੋਪਾਲ ਦਾਸ, ਪੰਡਿਤ ਬ੍ਰਿਜਨਾਥ ਤੇ ਮੌਲਵੀ ਕੁਤਬਦੀਨ ਜੀ ਪਾਸੋਂ) ਹੀ ਪੜ੍ਹੀਆਂ ਸਨ। ਕੋਈ ਭੂਗੋਲ ਸ਼ਾਸਤਰ, ਖਗੋਲ (ਤਾਰਾ) ਵਿਗਿਆਨ, ਜੀਵ ਵਿਗਿਆਨ, ਮੈਡੀਕਲ ਸਾਇੰਸ ਆਦਿ ਵਿੱਦਿਆ ਨਹੀਂ ਪੜ੍ਹੀ, ਫਿਰ ਵੀ ਕਾਦਿਰ, ਕੁਦਰਤ ਤੇ ਜ਼ਿੰਦਗੀ ਨੂੰ ਇਉਂ ਪੇਸ਼ ਕੀਤਾ; ਜਿਵੇਂ ਕਿ ਇਹ ਸਭ ਕੁਝ ਅੰਦਰੋਂ ਹੀ ਇਸ਼ਾਰੇ ਮਿਲਦੇ ਹੋਣ। ਕੁੱਝ ਹੇਠ ਲਿਖਤ ਦਲੀਲਾਂ; ਆਪ ਨੂੰ ਅਸਧਾਰਨ ਵਿਅਕਤੀ ਐਲਾਨ ਦਿੰਦੀਆਂ ਹਨ :
(1). ਆਪ ਨੇ ਰੂਹਾਨੀਅਤ ਦੇ 5 ਪੜਾਅ ਦਰਜਾ-ਬਦਰਜਾ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸਚਖੰਡ) ਵੇਰਵੇ ਸਹਿਤ ਪੜਚੋਲੇ ਹਨ। ਐਨੀ ਸੂਖਮ ਦ੍ਰਿਸ਼ਟੀ ਹੀ 19 ਸਾਲ ਪਹਿਲਾਂ ਭਵਿਖਬਾਣੀ ਕਰ ਸਕਦੀ ਸੀ ਕਿ ਮੁਗ਼ਲ ਹਾਕਮ; ਜੋ ਅੱਜ (ਸੰਨ 1521/ਸੰਮਤ ੧੫੭੮) ਭਾਰਤ ਆ ਰਹੇ ਹਨ, ਇਹ ਸੰਨ 1540 (ਸੰਮਤ ੧੫੯੭) ’ਚ ਹਾਰ ਕੇ ਵਾਪਸ ਆਪਣੇ ਦੇਸ ਪਰਤਣਗੇ, ਜੋ ਸੱਚ ਹੋ ਨਿਬੜੀ, ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥’’ (ਮਹਲਾ ੧/੭੨੩) ਅਜਿਹੇ ਇਲਾਹੀ ਬੋਲ; ਆਮ ਦਿਮਾਗ਼ ਪਕੜ ਵੀ ਨਹੀਂ ਸਕਦਾ। ਪੰਜਾਬ ਇਤਿਹਾਸ ਅਧਿਐਨ ਵਿਭਾਗ (ਪਟਿਆਲਾ ਯੂਨੀਵਰਸਿਟੀ) ਦੇ ਸਾਬਕਾ ਮੁਖੀ ਡਾ. ਸੁਖਦਿਆਲ ਸਿੰਘ (ਲੇਖਕ ਸ਼ਿਰੋਮਣੀ ਸਿੱਖ ਇਤਿਹਾਸ) ਨੇ ਗੁਰੂ ਨਾਨਕ ਜੀ ਦਾ ਜੋਤੀ-ਜੋਤ ਸਮਾਉਣ ਦਾ ਸਮਾਂ ਹੀ ਸੰਨ 1539 ਦੀ ਬਜਾਇ 1540 ਲਿਖ ਦਿੱਤਾ ਤਾਂ ਜੋ ਇਹ ਵਚਨ ਸੰਨ 1521 ਦੀ ਬਜਾਇ 1540 ’ਚ ਕਹੇ ਸਿੱਧ ਕੀਤੇ ਜਾ ਸਕਣ, ਪਰ ਸਚਾਈ ਇਹ ਹੈ ਕਿ ਇਹ ਵਚਨ; ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਉਚਾਰੇ ਹਨ, ਜੋ ਸੰਨ 1531 ’ਚ ਅਕਾਲ ਚਲਾਣਾ ਕਰ ਗਏ ਸੀ। ਇਹ ਘਟਨਾ ਸੰਨ 1521 ’ਚ ਐਮਨਾਬਾਦ ਵਿਖੇ ਬਾਬਰ ਬਾਦਸ਼ਾਹ ਦੁਆਰਾ ਕੀਤੇ ਹਮਲੇ ਨਾਲ ਸੰਬੰਧਿਤ ਹੈ। ਇੱਥੇ ਭਾਈ ਲਾਲੋ ਜੀ ਦਾ ਘਰ ਵੀ ਸੀ। ਗੁਰੂ ਨਾਨਕ ਜੀ; ਇਨ੍ਹਾਂ ਕੋਲ਼ ਅਕਸਰ ਆਇਆ ਕਰਦੇ ਸਨ। ਇੱਥੋਂ ਦੀ ਇੱਕ ਘਟਨਾ ਮਲਕ ਭਾਗੋ ਦੀ ਪਾਪ ਕਮਾਈ ਅਤੇ ਭਾਈ ਲਾਲੋ ਜੀ ਦੀ ਸੱਚੀ ਕਿਰਤ ਦੀ ਪਛਾਣ ਕਰਨ ਨਾਲ਼ ਵੀ ਜੁੜੀ ਹੈ। ਡਾ. ਸੁਖਦਿਆਲ ਸਿੰਘ ਇਕੱਲਾ ਨਹੀਂ, ਜਿਸ ਨੂੰ ਇਲਾਹੀ ਬੋਲ ਸਮਝਣ ’ਚ ਭੁਲੇਖਾ ਲੱਗਿਆ। ਅਜਿਹੇ ਅਨੇਕਾਂ ਹੋਰ ਵੀ ਮਿਲ ਜਾਣਗੇ।
(2). ਬਰਨਾਰਡ ਪੈਲਿਸੀ (Bernard Palissy/1510-1589) ਪਹਿਲਾ ਵਿਗਿਆਨੀ ਜੀ, ਜਿਸ ਨੇ 1580 ਈਸਵੀ ’ਚ ਸਿੱਧ ਕੀਤਾ ਕਿ ਭਾਫ਼ ਤੋਂ ਪਾਣੀ ਬਣਦਾ ਹੈ ਜਦਕਿ ਇਸ ਵਿਗਿਆਨੀ ਤੋਂ 100 ਸਾਲ ਪਹਿਲਾਂ 15ਵੀਂ ਸਦੀ ’ਚ ਹੀ ਗੁਰੂ ਨਾਨਕ ਜੀ ਇਹ ਤੱਥ ਸਿੱਧ ਕਰ ਚੁੱਕੇ ਹਨ ਕਿ ਸੱਚੇ-ਰੱਬ ਤੋਂ ਹਵਾ (ਗੈਸ), ਹਵਾ ਤੋਂ ਪਾਣੀ ਅਤੇ ਪਾਣੀ ਤੋਂ ਜੀਵ ਬਣਦੇ ਹਨ। ਇਨ੍ਹਾਂ ਅੰਦਰ ਉਹ ਆਪ ਵੀ ਸਰਬ ਵਿਆਪਕ ਹੈ ਭਾਵ ਇੱਕ ਜਾਨਦਾਰ ਹਸਤੀ ’ਚੋਂ ਹੀ ਜਾਨਦਾਰ ਜੀਵ ਪੈਦਾ ਹੋ ਸਕਦੇ ਹਨ, ਜੋ ਸਭ ਦੀ ਜਿੰਦ-ਜਾਨ ਬਣ ਸਰਬ ਵਿਆਪਕ ਵੀ ਹੈ। ਇਹ ਖੇਲ ਵੀ ਇੱਕੋ ਹੁਕਮ ’ਚ ਹੋ ਗਿਆ। ਨਾ ਕੋਈ ਥਕਾਵਟ, ਨਾ ਆਰਾਮ ਕਰਨਾ ਪਿਆ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮਹਲਾ ੧/੧੯), ਕੀਤਾ ਪਸਾਉ; ਏਕੋ ਕਵਾਉ ॥’’ (ਜਪੁ) ਅੱਜ ਵੀ ਵਿਗਿਆਨ ਇਸ ਸਚਾਈ ਦਾ ਕੇਵਲ ਵਿਚਕਾਰਲਾ ਹਿੱਸਾ (ਹਵਾ ਤੋਂ ਪਾਣੀ, ਪਾਣੀ ਤੋਂ ਜੀਵ) ਸਮਝ ਸਕਿਆ ਹੈ ਜਦਕਿ ਅਗੇਤਰ (ਸਾਚੇ ਤੋਂ ਹਵਾ ਬਣੀ) ਤੇ ਪਿਛੇਤਰ (ਸਾਚਾ ਸਰਬ ਵਿਆਪਕ ਹੈ) ਹਿੱਸਾ ਅਜੇ ਵੀ ਸਮਝਣਯੋਗ ਹੋਣਾ ਬਾਕੀ ਹੈ।
(3). ਸਰੀਰਕ ਰੋਗਾਂ ਦੀ ਜੜ੍ਹ ਅੰਤਹਕਰਣ ਦੀ ਮਲ਼ੀਨਤਾ ਹੈ, ਪਰ ਇਹ ਸਚਾਈ ਵੀ ਮੈਡੀਕਲ ਸਾਇੰਸ ਨੂੰ ਹਜ਼ਮ ਨਹੀਂ। ਜਿਸ ਦੀ ਪੜ੍ਹਾਈ ‘ਮਲ-ਮੂਤਰ, ਨਾੜੀ-ਹੱਡੀ, ਚਮੜੀ-ਮਾਸ, ਖ਼ੂਨ’ ਆਦਿ ਦੇ ਇਰਦ-ਗਿਰਦ ਹੈ‘‘ਵੈਦੁ ਬੁਲਾਇਆ ਵੈਦਗੀ; ਪਕੜਿ ਢੰਢੋਲੇ ਬਾਂਹ ॥ ਭੋਲਾ ਵੈਦੁ ਨ ਜਾਣਈ; ਕਰਕ ਕਲੇਜੇ ਮਾਹਿ ॥’’ (ਮਹਲਾ ੧/੧੨੭੯), ਗੁਰਬਾਣੀ ’ਚੋਂ ਅਜਿਹੇ ਅਨੇਕਾਂ ਤੱਥ; ਦੁਨੀਆ ’ਚ ਪ੍ਰਗਟ ਕਰਨ ਦੀ ਜ਼ਿੰਮੇਵਾਰੀ ਲਈ ਬੈਠਾ ਅਜੋਕਾ ਸਿੱਖ ਵੀ ਅਜੇ ‘‘ਸਰਬ ਰੋਗ ਕਾ ਅਉਖਦੁ ਨਾਮੁ ॥’’ (ਸੁਖਮਨੀ/ਮਹਲਾ ੫/੨੭੪) ਸਚਾਈ ’ਤੇ ਭਰੋਸਾ ਕਰਨਯੋਗ ਨਹੀਂ।
ਨੋਟ : ਮੈਡੀਕਲ ਸਾਇੰਸ ਚਮੜੀ ਦੀ ਐਲੱਰਜੀ (Allergy) ਤੇ ਅੰਦਰੂਨੀ ਇਨਫੇੱਕਸ਼ਨ (Infection) ਦੇ ਲੱਛਣ ਭਾਵੇਂ ਤੁਰੰਤ ਜਾਣ ਲੈਂਦੀ ਹੈ ਪਰ ਇਨ੍ਹਾਂ ਦੇ ਕਾਰਨ (ਜੜ੍ਹ) ਲੱਭਦਿਆਂ ਧੋਖਾ ਖਾ ਜਾਂਦੀ ਹੈ ਜਦਕਿ ਆਤਮ ਪ੍ਰਕਾਸ਼; ਜੜ੍ਹ ਤੋਂ ਹੀ ਸਰੀਰਕ ਰੋਗ ਪਕੜਦਾ ਹੈ; ਇਉਂ ਕਈ ਅਸਾਧ ਰੋਗ ਵੀ ਠੀਕ ਹੋ ਜਾਂਦੇ ਹਨ। ਗੁਰੂ ਹਰਿਰਾਇ ਸਾਹਿਬ ਜੀ ਦੇ ਦਵਾਖ਼ਾਨੇ ’ਚੋਂ ਬਾਦਸਾਹ-ਪੁੱਤਰ ਦਾਰਾ ਸ਼ਿਕੋਹ ਦਾ ਪੁਰਾਣਾ ਅਸਾਧ ਰੋਗ ਠੀਕ ਹੋਇਆ ਹੈ। ਇਹ ਇਲਾਜ ਸ਼ਾਹੀ ਵੈਦ ਵੀ ਨਾ ਕਰ ਸਕੇ। ਮੈਡੀਕਲ ਸਾਇੰਸ; ‘ਕਾਮ, ਕਰੋਧ, ਲੋਭ, ਮੋਹ, ਅਹੰਕਾਰ’ ਦੀ ਦਵਾ ਕਦੇ ਤਿਆਰ ਨਹੀਂ ਕਰ ਸਕੇਗੀ ਜਦਕਿ ਆਤਮ ਪ੍ਰਕਾਸ਼ ਨੇ ‘‘ਸਰਬ ਰੋਗ ਕਾ ਅਉਖਦੁ ਨਾਮੁ ॥’’ ਰਾਹੀਂ ਇਨ੍ਹਾਂ ਦਾ ਇਲਾਜ ਲੱਭਿਆ ਹੈ।
ਉਕਤ ਵੇਰਵੇ ਦੁਨਿਆਵੀ ਵਿੱਦਿਆ ਦੇ ਮੁਕਾਬਲੇ ਆਤਮ ਪ੍ਰਕਾਸ਼; ਹਰ ਖੇਤਰ ’ਚ ਵਧੇਰੇ ਅਗਵਾਈ ਕਰਨਯੋਗ ਨੂੰ ਸਿੱਧ ਕਰਦੇ ਹਨ। ਦੂਜੇ ਪਾਸੇ ਦੁਨੀਆਦਾਰ; ਆਪਣੀ ਕੁਦਰਤ ਵੱਲੋਂ ਮਿਲੀ ਪੈਦਾਇਸ਼ੀ ਸੂਝ ਨੂੰ ਹੀ ਵਿੱਦਿਆ ਨਾਲ਼ ਤਰਾਸ਼ਦਾ ਹੈ। ਅੱਖਾਂ ਦਾ ਮਾਹਰ; ਕੰਨ ਦੀ ਦਵਾ ਦੇਣਯੋਗ ਨਹੀਂ। ਕੰਨਾਂ ਦਾ ਮਾਹਰ; ਦੰਦਾਂ ਬਾਰੇ ਸਲਾਹ ਨਹੀਂ ਦੇ ਸਕਦਾ, ਜੋ ਬਿਲਕੁਲ ਨੇੜੇ-ਨੇੜੇ ਹੀ ਹੁੰਦੇ ਹਨ, ਇਸ ਲਈ ਸਤਿਗੁਰੂ ਦੇ ਵਚਨ ਹਨ ‘‘ਜਹ; ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ! ਊਹਾ; ਨਾਮੁ (ਆਤਮ ਪ੍ਰਕਾਸ਼) ਤੇਰੈ ਸੰਗਿ, ਸਹਾਈ ॥’’ (ਸੁਖਮਨੀ/ਮਹਲਾ ੫/੨੬੪) ਆਤਮ ਪ੍ਰਕਾਸ਼ ਹੀ ਅੰਮ੍ਰਿਤੁ ਨਾਮ ਹੈ ‘‘ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ॥’’ (ਮਹਲਾ ੨/੧੨੩੮)
ਕੁਝ ਲੋਕ ਕਹਿੰਦੇ ਵੇਖੇ ਗਏ ਕਿ ਗੁਰੂ ਜੀ ਦੇ ਸੱਚੇ ਵਚਨ; ਗੁਰਬਾਣੀ ਹੈ ਤੇ ਨਿਜੀ ਜ਼ਿੰਦਗੀ ’ਚ ਵਿਚਰਦਿਆਂ ਹੋਈਆਂ ਕੁਝ ਗ਼ਲਤੀਆਂ ਨੂੰ ਗੁਰਬਾਣੀ ਵਾਙ ਸੱਚੇ ਬੋਲ ਨਹੀਂ ਮੰਨ ਸਕਦੇ। ਦਰਅਸਲ ਇਹ ਲੋਕ; ਗੁਰੂ ਬਿਬੇਕ ਨੂੰ ਆਤਮ ਪ੍ਰਕਾਸ਼ ’ਚੋਂ ਨਹੀਂ ਵੇਖਦੇ। ਦੁਨੀਆਦਾਰ ਵਾਙ ਦਿਮਾਗ਼ੀ ਗਿਆਨ, ਜੋ ਗ਼ਲਤੀਆਂ ਕਰੇ, ਉਹ ਗੁਰੂ ਹੀ ਨਹੀਂ ਅਖਵਾ ਸਕਦਾ।
ਅੰਨ੍ਹੇਪਣ ਨੂੰ ਹੀ ਜ਼ਿੰਦਗੀ ਦਾ ਤਜਰਬਾ ਮੰਨ ਕੇ ਸਤਿਗੁਰੂ ਦਾ ਮੁਲੰਕਣ ਕਰਨਾ; ਕਿਹੜੀ ਸਿਆਣਪ ਹੈ ? ਐਸੀ ਬਿਰਤੀ ਨੂੰ ਗੁਰੂ ਨਾਨਕ ਜੀ ‘‘ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ॥’’ (ਜਪੁ) ਕਹਿ ਚੁੱਕੇ ਹਨ। ਅਫ਼ਸੋਸ ਕਿ ਇਨ੍ਹਾਂ ਮਨੋਰੋਗੀਆਂ ਦੇ ਚਾਪਲੂਸ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ, ਪਰ ਹੈ ਸਿਆਸੀ ਅੰਧ ਭਗਤਾਂ ਵਰਗੇ, ਜੋ ਆਪਣੇ ਦਿਮਾਗ਼ ਦਾ ਇਸਤੇਮਾਲ ਕਰਨਾ ਨਹੀਂ ਸਿੱਖੇ।
ਆਤਮ ਪ੍ਰਕਾਸ਼ ਹੀ ਅੰਤਹਕਰਣ ਰਾਹੀਂ ਹਰ ਜੀਵ ਨੂੰ ਕੁਝ ਨ ਕੁਝ ਪੈਦਾਇਸ਼ੀ ਸੂਝ ਬਖਸ਼ਦਾ ਹੈ। ਅੰਡੇ ਦੇਣ ਤੋਂ ਪਹਿਲਾਂ ਪੰਛੀ ਯੋਗ ਥਾਂ ਆਲ੍ਹਣਾ ਤਿਆਰ ਕਰਨਯੋਗ ਹੁੰਦੇ ਹਨ ਤੇ ਕੁੱਤੀ; ਯੋਗ ਥਾਂ ਖੁੱਡ ਪੁੱਟਣਯੋਗ ਭਾਵ ਜ਼ਰਰੇ-ਜ਼ਰਰੇ ਦੀਆਂ ਭਾਵਨਾਵਾਂ ਕੁਦਰਤ ਵੱਲੋਂ ਮਿਲੀ ਪੈਦਾਇਸ਼ੀ ਸਮਝ ਹੈ ‘‘ਏਕਾ ਸੁਰਤਿ; ਜੇਤੇ ਹੈ ਜੀਅ ॥ ਸੁਰਤਿ ਵਿਹੂਣਾ; ਕੋਇ ਨ ਕੀਅ ॥ ਜੇਹੀ ਸੁਰਤਿ; ਤੇਹਾ ਤਿਨ ਰਾਹੁ ॥’’ (ਮਹਲਾ ੧/੨੫) ਇਨਸਾਨ ਇਸ ਸੂਝ ਨੂੰ ਵਧਾਉਣ ਦੀ ਬਜਾਇ ਇਸ ਦਾ ਦੁਰ-ਉਪਯੋਗ ਕਰਨਾ ਸਿੱਖ ਲੈਂਦਾ ਹੈ। ਸਤਿਗੁਰੂ; ਇਸ ਪੈਦਾਇਸ਼ੀ ਸੂਝ ਨੂੰ ਆਤਮ ਪ੍ਰਕਾਸ਼ ਦੀ ਰੌਸ਼ਨੀ ਨਾਲ ਤੁੱਛ ਸਾਬਤ ਕਰ ਸ਼ਰਧਾਵਾਨ ਨੂੰ ਉਸ ਦੀਆਂ ਗ਼ਲਤੀਆਂ ਦਾ ਅਹਿਸਾਸ ਕਰਾ ਦਿੰਦੇ ਹਨ। ਭਾਈ ਲਹਿਣਾ ਜੀ ਦੀ ਭਾਵਨਾ ਪੜ੍ਹ ਕੇ ਗੁਰੂ ਨਾਨਕ ਜੀ ਦੁਆਰਾ ਚਲਾਏ ਸ਼ਬਦ-ਤੀਰ ਦਾ ਗਹਿਰਾ ਜ਼ਖ਼ਮ; ਭਗਤ ਕਬੀਰ ਜੀ ਸਮਝਾ ਸਕਦੇ ਹਨ ‘‘ਕਬੀਰ ! ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ ਛੇਕੁ ॥’’ (ਭਗਤ ਕਬੀਰ/੧੩੭੪) ਗੁਰੂ ਅੰਗਦ ਜੀ ਨੇ ਖ਼ੁਦ ਸਵੀਕਾਰਿਆ ਕਿ ਸਤਿਗੁਰੂ; ਆਪਣੇ ਚੇਲੇ ਦੀ ਮਨੋਬਿਰਤੀ ਵਾਚ ਕੇ ਢੁੱਕਵੀਂ ਦਵਾ ਦੇਣਯੋਗ ਹਨ ਤਾਂ ਹੀ ਸਿਆਣਾ ਵੈਦ ਅਖਵਾ ਗਏ‘‘ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ॥’’ (ਮਹਲਾ ੨/੧੪੮)
ਗੁਰੂ ਸਾਹਿਬਾਨ ਨੇ ਜ਼ਿਆਦਾਤਰ ਗ਼ੈਰ ਧਰਮ ਵਿਦਵਾਨਾਂ ਨਾਲ਼ ਗੋਸ਼ਟੀਆਂ ਕੀਤੀਆਂ ਹਨ। ਐਸੀ ਤੁਲਨਾਤਿਕ ਪ੍ਰਚਾਰਕ ਸੇਵਾ; ਸਿਖਾਂਦਰੂ ਸਿੱਖ ਵਾਸਤੇ ਕਠਿਨ ਹੁੰਦੀ ਹੈ। ਇਸੇ ਕਾਰਨ 100 ਸਾਲ (1469-1570) ਤੱਕ ਕਿਸੇ ਸਿੱਖ ਪ੍ਰਚਾਰਕ ਦਾ ਨਾਂ ਇਤਿਹਾਸ ’ਚ ਨਹੀਂ ਮਿਲਦਾ। ਪਹਿਲੀ ਵਾਰ ਸੰਨ 1570 ਦੇ ਆਸ-ਪਾਸ ਤੀਸਰੇ ਪਾਤਿਸ਼ਾਹ ਨੇ 22 ਮੰਜੀਦਾਰ ਤੇ 52 ਪੀੜ੍ਹੇ; ਪ੍ਰਚਾਰਕ ਨਿਯੁਕਤ ਕੀਤੇ। ਇਨ੍ਹਾਂ ’ਚ (ਗੁਰੂ) ਰਾਮਦਾਸ ਜੀ ਵੀ ਸਨ, ਜੋ ਅਕਬਰ ਬਾਦਸ਼ਾਹ ਦੇ ਬੁਲਾਵੇ ’ਤੇ ਲਾਹੌਰ ਜਾ ਕੇ ਗ਼ੈਰ ਧਰਮ ਮੰਡਲੀ ’ਚ ਗੁਰਮਤਿ ਦੀ ਵਿਲੱਖਣਤਾ ਸਪਸ਼ਟ ਕਰਦੇ ਹਨ। ਗੁਰਮਤਿ ਪ੍ਰਚਾਰ ਪ੍ਰਤੀ ਸੰਵੇਦਨਸ਼ੀਲਤਾ; ਇਸ ਨੂੰ ਸਰਬੋਤਮ ਅਸੂਲਾਂ ਸਹਿਤ ਬਦਲਾਓ ਭਰਪੂਰ ਬਣਾ ਗਈ। ਇਸ ਲਈ ਸਵੈ ਪੜਚੋਲ ਨੂੰ ਮੁੱਢਲੀ ਸ਼ਰਤ ਮੰਨਿਆ ਗਿਆ ਤਾਂ ਜੋ ਅਸ਼ਾਂਤ ਭਾਵਨਾਵਾਂ ਦੀ ਤਸੱਲੀ ਹੁੰਦੀ ਰਹੇ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮਹਲਾ ੫/੩੮੧) ਅਫ਼ਸੋਸ ਕਿ ਅਸੀਂ ਅਤੀਤ ਨਾ ਸਮਝਿਆ। ਸਾਮ੍ਹਣੇ ਬੈਠੇ ਸਰੋਤਿਆਂ ਨੂੰ ਦਰਪਣ ਵਿਖਾਉਣ ਦੀ ਬਜਾਇ ਇੱਧਰ-ਓਧਰ ਆਰੋਪ ਲਗਾ ਆਪਣੇ ਧੜੇ ਵਧਾਉਣ ਲੱਗੇ। ਇਹੀ ਹੈ: ਮਲ਼ੀਨ ਅੰਤਹਕਰਣ ਦੀ ਪਰਛਾਈ, ਅੰਨ੍ਹਾਪਣ, ਮਾਇਆ ਦਾ ਪ੍ਰਭਾਵ ਕਿਉਂਕਿ ਗੁਰਬਾਣੀ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮਹਲਾ ੫/੯੭) ਦਾ ਪੈਗ਼ਾਮ ਦਿੰਦੀ ਹੈ।
ਗੁਰਮਤਿ; ਆਤਮਾ ਨੂੰ ਨਹੀਂ, ਅੰਤਹਕਰਣ ਨੂੰ ਸੰਬੋਧਨ ਕਰਦੀ ਹੈ। ਆਤਮਾ; ਜੋ ਇਲਾਹੀ ਨੂਰ ਹੈ ਉਸ ਨੂੰ ਸੰਬੋਧਨ ਕਰਕੇ ਕਾਹਦਾ ਅਹਿਸਾਸ ਕਰਾਇਆ ਜਾ ਸਕਦਾ ਹੈ ? ਗੁਰੂ ਅਮਰਦਾਸ ਜੀ ਦੇ ਵਚਨ ਹਨ ਹੇ ਅੰਤਹਕਰਣ ! ਤੇਰਾ ਵਜੂਦ; ਆਤਮ ਪ੍ਰਕਾਸ਼ ਵਾਙ ਪਾਰਦਰਸ਼ੀ ਹੈ, ਜਿਸ ਨੇ ਹੂ-ਬਹੂ ਬਿਬੇਕ ਬਣ ਆਪਣੇ ਵਜੂਦ (ਸਰੋਤ/ਰੱਬ) ਨੂੰ ਪਛਾਣਨਾ ਹੈ ‘‘ਮਨ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥’’ (ਮਹਲਾ ੩/੪੪੧) ਗੁਰਬਾਣੀ ’ਚ ‘ਜਿੰਦੂ/ਜਿੰਦੁ’ ਸ਼ਬਦ; ਆਤਮਾ ਤੇ ਅੰਤਹਕਰਣ; ਦੋਹਾਂ ਲਈ ਹਨ। ਜਦ ਇਹ ਸੰਬੋਧਨ ਹੋਣ ਤਾਂ ਅਰਥ ਹੈ ‘ਅੰਤਹਕਰਣ’ ਤੇ ਜਦ ਸੰਬੋਧਨ ਨਹੀਂ ਤਾਂ ਅਰਥ ਹੈ ‘ਆਤਮਾ’ :
ੳ. ਮਨਿ ਹਰਿ ਹਰਿ ਜਪਨੁ ਕਰੇ ॥ ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ! ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥ (ਮਹਲਾ ੪/੮੨)
ਅਰਥ : ਹੇ ਜਿੰਦ/ਅੰਤਹਕਰਣ ! ਹਰੀ ਤੇ ਗੁਰੂ ਦੀ ਸ਼ਰਨ ਤੀਬਰ ਇੱਛਾ ਧਾਰ ਕੇ ਜਾਹ। ਮਨ ’ਚੋਂ ਹਰੀ-ਹਰੀ, ਗੁਰੂ-ਗੁਰੂ ਜਪਿਆ ਕਰ; ਇਉਂ ਸਾਰੇ ਪਾਪ, ਦੋਖ ਲਹਿ ਜਾਣਗੇ ਭਾਵ ਤੂੰ ਪਾਰਦਰਸ਼ੀ ਹੋ ਜਾਏਂਗੀ/ਜਾਏਂਗਾ।
ਅ. ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥ (ਬਾਬਾ ਫਰੀਦ ਜੀ/੧੩੭੭)
ਅਰਥ : ਮਰਨ ਸਮੇਂ ਸਰੀਰ ਨੂੰ ਨਿਤਾਣਾ ਕਰ ਅੰਦਰੋਂ ਜਿੰਦ (ਆਤਮਾ) ਕੱਢ ਲਈਦੀ ਹੈ।
ਮਨੁੱਖ ਜਾਤੀ ਦੀ ਸਭ ਤੋਂ ਵੱਡੀ ਕਮਜ਼ੋਰੀ ਇਸ ਦਾ ਅਹੰਕਾਰ ਹੈ। ਆਪਣਾ ਵਜੂਦ ਸਥਾਪਿਤ ਕਰਨਾ ਹੈ ‘‘ਨਾਨਕ ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ॥’’ (ਜਪੁ) ਹਉਮੈ ਗ੍ਰਸਤ ਬੰਦੇ ਤੋਂ ਅੰਦਰਲੇ ਤੀਰਥ ’ਤੇ ਇਸ਼ਨਾਨ ਕਰਵਾਉਣਾ ਭਾਵ ਅੰਤਰਮੁਖੀ ਕਰਨਾ; ਬੜੀ ਸਿਆਣਪ ਤੇ ਪਰਖ ਕਸੌਟੀ ਹੁੰਦੀ ਹੈ। ਮਲ਼ੀਨ ਅੰਤਹਕਰਣ; ਮਾਇਆ ਹੀ ਹੈ, ਜਿਸ ਨੂੰ ਸਨਾਤਨ ਚਿੰਤਕਾਂ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਆਦਿ ਵਿੱਚ ਵੰਡ ਲਿਆ। ਗੁਰੂ ਨਾਨਕ ਜੀ; ਇਸ ਨੂੰ ‘ਦੂਜੈ ਭਾਇ’ ਭਾਵ ‘ਰੱਬ ਦੀ ਬਜਾਇ ਕਿਸੇ ਹੋਰ ਨਾਲ ਪ੍ਰੇਮ ਕਰਨਾ’; ਮੰਨਦੇ ਹਨ। ਗੁਰਬਾਣੀ ’ਚ ਕੇਵਲ ਨਾਨਕ ਜੋਤਿ ਨੇ ‘ਦੂਜੈ ਭਾਇ’ ਸੰਯੁਕਤ ਸ਼ਬਦ; 151 ਵਾਰ ਦਰਜ ਕੀਤੇ ਹਨ। ਜਿਨ੍ਹਾਂ ’ਚੋਂ 126 ਵਾਰ ਕੇਵਲ ਗੁਰੂ ਅਮਰਦਾਸ ਜੀ, ਜੋ ਖ਼ੁਦ ‘ਦੂਜੈ ਭਾਇ’ ’ਚ ਜੀਵਨ ਬਤੀਤ ਕਰਦੇ ਰਹੇ; ਆਪ ਨੇ ਇਸ ਦੀ ਬਾਖ਼ੂਬੀ ਪ੍ਰਗਟਾਇਆ ਹੈ :
ਭਾਈ ਰੇ ! ਜਗੁ ਦੁਖੀਆ ਦੂਜੈ ਭਾਇ (ਕਾਰਨ)॥ (ਮਹਲਾ ੩/੨੯)
ਪੜਿ ਪੜਿ ਪੰਡਿਤ ਮੋਨੀ ਥਕੇ; ਦੂਜੈ ਭਾਇ (ਕਾਰਨ) ਪਤਿ ਖੋਈ ॥ (ਮਹਲਾ ੩/੭੦)
ਸਚੇ, ਮੈਲੁ ਨ ਲਗਈ; ਮਲੁ ਲਾਗੈ ਦੂਜੈ ਭਾਇ (ਕਾਰਨ)॥ (ਮਹਲਾ ੩/੮੭)
ਮਨੁ ਮੈਲਾ ਹੈ; ਦੂਜੈ ਭਾਇ (ਕਾਰਨ)॥ (ਮਹਲਾ ੩/੧੨੧) ਆਦਿਕ।
ਗੁਰੂ ਜੀ ਦੀ ਨਜ਼ਰ ਨਾਲ ਸਵੈ ਪੜਚੋਲ ਕਰਦਿਆਂ ਵਿਕਾਰਾਂ ਦੀਆਂ ਪਰਤਾਂ ਸਾਫ਼ ਵਿਖਾਈ ਦਿੰਦੀਆਂ ਹਨ। ਗੁਰੂ-ਗਿਆਨ; ਅੰਤਹਕਰਣ ਨੂੰ ਹੂ-ਬਹੂ ਪੜ੍ਹਾਉਣ ਵਾਲ਼ਾ ਦਰਪਣ ਹੈ‘‘ਇਹੁ ਮਨੁ ਆਰਸੀ; ਕੋਈ ਗੁਰਮੁਖਿ ਵੇਖੈ ॥’’ (ਮਹਲਾ ੩/੧੧੫) ਜਿਸ ਨੂੰ ਆਪਣੀ ਮੈਲ਼ ਵੇਖਣ ਦੀ ਜਾਚ ਆ ਗਈ; ਉਹ, ਇਸ ਮੈਲ਼ ਦਾ ਕਰਤਾ ਆਪਣੇ ਆਪ ਨੂੰ ਮੰਨਦਾ ਹੈ। ਇਹ ਵਿਆਕੁਲਤਾ; ਰੱਬ ਤੋਂ ਪਏ ਵਿਛੋੜੇ ਦੀ ਤੜਫ ਹੈ। ਜਿਸ ਨੂੰ ਬਿਰਹਾ ਵੀ ਕਿਹਾ ਗਿਆ। ਜਿਸ ਅੰਦਰੋਂ ਇਹ ਤੜਫ ਨਾ ਉੱਠੇ, ਉਹ ਹਿਰਦਾ ਸ਼ਮਸ਼ਾਨ ਭੂਮੀ ਹੈ, ਜਿੱਥੇ ਕੋਈ ਗੁਣ ਨਹੀਂ ਪੁੰਗਰ ਸਕਦਾ‘‘ਬਿਰਹਾ ਬਿਰਹਾ ਆਖੀਐ; ਬਿਰਹਾ ! ਤੂ ਸੁਲਤਾਨੁ ॥ ਫਰੀਦਾ ! ਜਿਤੁ ਤਨਿ ਬਿਰਹੁ ਨ ਊਪਜੈ; ਸੋ ਤਨੁ ਜਾਣੁ ਮਸਾਨੁ ॥’’ (ਬਾਬਾ ਫਰੀਦ ਜੀ/੧੩੭੯) ਆਪਣੀ ਮੈਲ਼ ਵੇਖਣਾ; ਸਰਮਖੰਡ ਹੈ। ਇੱਥੋਂ ਜੀਵਨ ਬਦਲਾਅ ਸੰਭਵ ਹੈ, ਪਰ ਅੰਤਹਕਰਣ ਅਪੰਗ ਹੈ ਤਾਂ ਫਿਰ ਗੁਰੂ ਦਾ ਸਹਾਰਾ, ਗੁਰੂ ਦੀ ਬਖ਼ਸ਼ਸ਼ ਹੋਣੀ ਲਾਜ਼ਮੀ ਹੈ, ਜੋ ਕਰਮਖੰਡ ਅਖਵਾਈ ਹੈ।
ਸ਼ਬਦ ਗਿਆਨ; ਗੁਰੂ ਦੀ ਬਖ਼ਸ਼ਸ਼ ਨਹੀਂ; ਜਿਵੇਂ ਕਿਸੇ ਰੋਗ ਨੂੰ ਜਾਣ ਲੈਣਾ ਹੀ ਕਾਫ਼ੀ ਨਹੀਂ ਹੁੰਦਾ। ਅਹੰਕਾਰ; ਆਪਣੇ ਵਜੂਦ ਲਈ ਲੜਨ ਦਾ ਆਦੀ ਹੁੰਦਾ ਹੈ ਤਾਹੀਓਂ ਉਹ ਸਤਿਗੁਰੂ ਦੇ ਵਜੂਦ ਨੂੰ ਭੁਲਾ ਦਿੰਦਾ ਹੈ। ਗੁਰੂ ਗਿਆਨ; ਇਸ ਮਲ਼ੀਨਤਾ ਦੇ ਹਰ ਪਹਿਲੂ ਨੂੰ ਚੇਤੇ ਕਰਾ ਹਲੀਮੀ ਪੈਦਾ ਕਰਦਾ ਹੈ, ਪਰ ਅਹੰਕਾਰ ਇਸ ਹਲੀਮੀ ਨੂੰ ਬਹੁਤੀ ਦੇਰ ਜੀਵਤ ਨਹੀਂ ਰਹਿਣ ਦਿੰਦਾ। ਸ਼ੁਰੂਆਤੀ ਹਮੀਲੀ ਇੱਕ ਜਜ਼ਬਾਤ ਦੀ ਤਰ੍ਹਾਂ ਹੁੰਦੀ ਹੈ। ਜੇ ਇਸ ਨੂੰ ਬਹੁਤੀ ਦੇਰ ਰੌਸ਼ਨੀ (ਕੋਈ ਸਫਲਤਾ) ਵਿਖਾਈ ਨਾ ਦੇਵੇ ਤਾਂ ਇਹ ਜਜ਼ਬਾਤ ਕਦੇ ਵੀ ਮਰ ਸਕਦਾ ਹੈ। ਕਈ ਧਰਮੀ; ਇਸ ਪੜਾਅ ’ਚੋਂ ਨਿਗੁਰੇ ਬਣੇ ਹਨ। ਗੁਰਮਤਿ ਦਾ ਰੱਬ; ਪੰਜ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਚਮੜੀ) ਦੀ ਪਕੜ ਤੋਂ ਪਰੇ ਹੈ। ਗਿਆਨ ਇੰਦ੍ਰੇ; ਵਿਸ਼ਵਾਸ ’ਤੇ ਨਿਰਭਰ ਨਹੀਂ ਹੁੰਦੇ, ਪਰ ਰੱਬ ਇਨ੍ਹਾਂ ਤੋਂ ਪਰੇ ਹੈ; ਵਿਸ਼ਵਾਸ ਵਿਹੂਣਾ, ਗਿਆਨ; ਉਸ ਨੂੰ ਨਹੀਂ ਪਾ ਸਕਦਾ। ਗੁਰੂ ਬਖ਼ਸ਼ਸ਼ ਹੀ ਆਪਣੇ ਸ਼ਬਦ ਗਿਆਨ ’ਤੇ ਵਿਸ਼ਵਾਸ ਕਰਾਏਗੀ ਤਾਂ ਜੋ ਹਿੰਮਤ ਤੇ ਹੌਸਲੇ ਬਣਾ ਕੇ ਹਲੀਮੀ; ਨਿਰੰਤਰ ਰੱਬ ਦਾ ਸਿਮਰਨ ਕਰਦੀ ਹੋਈ ਅਹੰਕਾਰ ਨੂੰ ਉੱਠਣ ਨਾ ਦੇਵੇ। ਸਤਿਗੁਰੂ ਦਾ ਸ਼ੁਕਰਾਨਾ ਤੇ ਰੱਬ ਦਾ ਸਿਮਰਨ; ਹਲੀਮੀ ’ਚੋਂ ਉਪਜਦਾ ਹੈ, ਅਹੰਕਾਰ ’ਚੋਂ ਨਹੀਂ। ਰੱਬ; ਮੰਜ਼ਲ ਹੈ। ਗੁਰੂ ਗਿਆਨ; ਮਾਰਗ ਅਤੇ ਗੁਰੂ ਬਖ਼ਸ਼ਸ਼; ਮੰਜ਼ਲ ਤੱਕ ਵਿਸ਼ਵਾਸ, ਹਿੰਮਤ ਤੇ ਹੌਸਲਾ ਬਣਾਉਣਯੋਗ ਸ਼ਕਤੀ। ਬਖ਼ਸ਼ਸ਼ ਵਿਹੂਣਾ ਗਿਆਨ; ਆਪਣੇ ਆਪ ਨੂੰ ਅਭੁੱਲ ਮੰਨ ਬੈਠਦਾ ਹੈ, ਜਿਸ ਕਾਰਨ ਅਹੰਕਾਰ; ਹਲੀਮੀ ਨੂੰ ਪਨਪਣ ਨਹੀਂ ਦਿੰਦਾ।
ਅੰਤ ’ਚ ਇਹ ਵਿਚਾਰ ਬੜੀ ਜ਼ਰੂਰੀ ਹੈ ਕਿ ਪੈਦਾਇਸ਼ੀ ਪਾਰਦਰਸ਼ੀ ਅੰਤਹਕਰਣ ਵਾਲ਼ੇ ਗੁਰੂ ਨਾਨਕ ਜੀ ਦੁਆਰਾ ਕੀਤੀ ਗਈ ‘ਆਤਮ ਪ੍ਰਕਾਸ਼’ ਦੀ ਵਿਆਖਿਆ ਅਤੇ ਗੁਰੂ ਨਾਨਕ ਜੀ ਦੀ ਬਖ਼ਸ਼ਸ਼ ਨਾਲ਼ ਪਾਰਦਰਸ਼ੀ ਹੋਏ ਅੰਤਹਕਰਣ (ਬਾਕੀ ਬਾਣੀਕਾਰਾਂ) ਦੁਆਰਾ ਕੀਤੀ ਗਈ ‘ਆਤਮ ਪ੍ਰਕਾਸ਼’ ਦੀ ਵਿਆਖਿਆ ’ਚ ਵੱਖਰੇ-ਵੱਖਰੇ ਅਨੁਭਵ ਪ੍ਰਗਟ ਹੁੰਦੇ ਹਨ। ਗੁਰੂ ਨਾਨਕ ਜੀ ਨੇ ਅੰਤਹਕਰਣ ਦੀ ਮਲ਼ੀਨਤਾ ਨਹੀਂ ਵੇਖੀ, ਇਸ ਲਈ ਉਨ੍ਹਾਂ ਨੇ ਆਪਣੀ ਬਾਣੀ ’ਚ ‘ਆਤਮ ਪ੍ਰਕਾਸ਼’ ਨੂੰ (ਰੱਬ ਕਹਿ ਕੇ) ਸੰਬੋਧਨ ਕੀਤਾ ਹੈ, ਇਸ ਦੀ ਹੋਂਦ ਅਤੇ ਜ਼ਿੰਦਗੀ ’ਚ ਇਸ ਦੀ ਅਹਿਮੀਅਤ ਨੂੰ ਬਿਆਨ ਕੀਤਾ ਹੈ ਜਦਕਿ ਬਾਕੀ ਬਾਣੀਕਾਰਾਂ ਨੇ ‘ਆਤਮ ਪ੍ਰਕਾਸ਼’ ਵਿਖਾਉਣ ਲਈ ਸਤਿਗੁਰੂ ਦਾ ਜ਼ਿਕਰ, ਉਸ ਤੋਂ ਬਲਿਹਾਰ ਹੋਣਾ, ਸੰਗਤ ਦਾ ਸਹਿਯੋਗ, ਮਲ਼ੀਨਤਾ ਦੇ ਲੱਛਣ, ਹਿਰਦੇ ਦਾ ਖਿੜਾਓ ਆਦਿ ਵਰਣਨ ਕੀਤਾ ਹੈ।
ਗੁਰਬਾਣੀ ’ਚ ‘ਆਤਮ’ ਸ਼ਬਦ 124 ਵਾਰ, ‘ਆਤਮੰ 1 ਵਾਰ, ਆਤਮੁ 21 ਵਾਰ, ਆਤਮਹ 1 ਵਾਰ, ਆਤਮਾ 12 ਵਾਰ, ਆਤਮੇ 2 ਵਾਰ, ਆਤਮੈ 8 ਵਾਰ ਭਾਵ ਕੁੱਲ 169 ਵਾਰ ਦਰਜ ਹੈ। ਇਹ ਸ਼ਬਦ; ਪੁਲਿੰਗ ਨਾਂਵ ਹੈ। ਜ਼ਿਆਦਾਤਰ ਅਰਥ ਹਨ : ਆਤਮ ਪ੍ਰਕਾਸ਼, ਚੇਤਨ ਸੱਤਾ, ਰੱਬ ਆਦਿ। ਗੁਰਬਾਣੀ ’ਚ 35 ਵਾਰ ‘ਆਤਮ ਰਾਮੁ’ ਸੰਯੁਕਤ ਹਨ। ਇਨ੍ਹਾਂ ਦਾ ਅਰਥ ਹੈ ‘ਆਤਮਾਵਾਂ ’ਚ ਰਮਿਆ ਪ੍ਰਭੂ’।
(ੳ). ਗੁਰੂ ਨਾਨਕ ਜੀ ਨੇ 36 ਵਾਰ ਇਸ (ਆਤਮ) ਸ਼ਬਦ ਰਾਹੀਂ ਇਹ ਸੰਦੇਸ਼ ਦਿੱਤਾ ਹੈ :
ਆਤਮ ਰਾਮੁ, ਰਾਮੁ ਹੈ ਆਤਮ; ਹਰਿ ਪਾਈਐ ਸਬਦਿ ਵੀਚਾਰਾ ਹੇ ॥ (ਮਹਲਾ ੧/੧੦੩੦)
ਆਤਮ ਮਹਿ ਰਾਮੁ; ਰਾਮ ਮਹਿ ਆਤਮੁ; ਚੀਨਸਿ ਗੁਰ ਬੀਚਾਰਾ ॥’’ (ਮਹਲਾ ੧/੧੧੫੩)
ਅਰਥ : ਰਾਮ ਹੀ ਆਤਮਾ ਹੈ ਤੇ ਆਤਮਾ ਹੀ ਰਾਮ (ਹਰੀ) ਹੈ। ਇਹ ਭੇਤ; ਗੁਰੂ ਦੀ ਸਿੱਖਿਆ ਨਾਲ ਪਾਇਆ ਜਾ ਸਕਦਾ ਹੈ/ਪਕੜ ਆਏਗਾ।
ਨੋਟ : ਇੱਥੇ ‘ਪਾਈਐ’ ਦਾ ਅਰਥ ‘ਪਾਇਆ ਜਾ ਸਕਦਾ ਹੈ’, ‘ਚੀਨਸਿ’ ਦਾ ਅਰਥ ਹੈ ‘ਪਕੜ ਆਏਗਾ’ ਭਾਵ ਦੋਵੇਂ ਕਿਰਿਆਵਾਚੀ ਸ਼ਬਦ ਭਵਿੱਖਕਾਲ ਸੂਚਕ ਹਨ। ਜੇ ਇਨ੍ਹਾਂ ਦਾ ਅਰਥ ‘ਪਾਇਆ’ ਜਾਂ ‘ਪਕੜ ਲਿਆ’ (ਭੂਤਕਾਲ) ਹੁੰਦਾ ਤਾਂ ਮੰਨਣਾ ਪੈਂਦਾ ਕਿ ਗੁਰੂ ਨਾਨਕ ਜੀ ਨੇ ਇਹ ਭੇਤ ਕਿਸੇ ਦੇਹਧਾਰੀ ਗੁਰੂ ਪਾਸੋਂ ‘ਪਾਇਆ, ਪਕੜਿਆ’ ਹੈ।
ਉਕਤ ਕੀਤੀ ਵਿਚਾਰ ਕਿ ਗੁਰੂ ਨਾਨਕ ਜੀ; ਅੰਦਰਲੇ ਤੀਰਥ ਇਸ਼ਨਾਨ ਨੂੰ ਪ੍ਰਮੁੱਖਤਾ ਦਿੰਦੇ ਹਨ ‘‘ਅੰਤਰਗਤਿ ਤੀਰਥਿ (’ਤੇ); ਮਲਿ ਨ੍ਾਉ ॥ (ਜਪੁ), ਸਚੁ ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ (’ਤੇ) ਕਰੇ ਨਿਵਾਸੁ ॥’’ (ਮਹਲਾ ੧/੪੬੮), ਇਸ ਲਈ ਬੜਾ ਜ਼ਰੂਰੀ ਹੈ : ਆਤਮ ਚੀਨਨਾ (ਆਤਮ ਪ੍ਰਕਾਸ਼ ਵੇਖਣਾ/ਚੇਤਨ ਸੱਤਾ ਪਛਾਣਨਾ) ਤਾਹੀਓਂ ਵਾਰ-ਵਾਰ ਗੁਰੂ ਨਾਨਕ ਜੀ ਨੇ ਇਉਂ ਕਿਹਾ ਹੈ :
ਆਤਮੁ ਚੀਨੈ; ਸੁ ਤਤੁ ਬੀਚਾਰੇ ॥ (ਮਹਲਾ ੧/੨੨੪)
ਗਤਿ ਮਿਤਿ ਪਾਈ; ਆਤਮੁ ਚੀਨੀ ॥ (ਮਹਲਾ ੧/੨੨੭)
ਆਤਮੁ ਚੀਨਿ ਰਹੈ; ਲਿਵ ਲਾਇਆ ॥ (ਮਹਲਾ ੧/੩੫੪)
ਆਤਮੁ ਚੀਨਿ੍; ਭਏ ਨਿਰੰਕਾਰੀ ॥ (ਮਹਲਾ ੧/੪੧੫)
ਜਿਨੀ ਆਤਮੁ ਚੀਨਿਆ; ਪਰਮਾਤਮੁ (ਰੱਬੀ ਰੂਪ) ਸੋਈ ॥ (ਮਹਲਾ ੧/੪੨੧)
ਗੁਰਮੁਖਿ ਜੋਗ ਸਬਦਿ, ਆਤਮੁ ਚੀਨੈ; ਹਿਰਦੈ ਏਕੁ ਮੁਰਾਰੀ ॥ (ਮਹਲਾ ੧/੯੦੮)
ਅਰਥ : ਗੁਰੂ ਸ਼ਬਦ ਰਾਹੀਂ ਹਿਰਦੇ ’ਚੋਂ ਕੇਵਲ ਰੱਬੀ ਰੂਪ ਚੇਤਨ ਸੱਤਾ ਨੂੰ ਪਛਾਣਨਾ ਹੀ ਅਸਲ ਜੋਗ (ਆਤਮ ਅਭਿਆਸ) ਹੈ।
ਆਤਮੁ ਚੀਨਿ (ਕੇ) ਪਰਾਤਮੁ (ਰੱਬ ਨੂੰ) ਚੀਨਹੁ; ਗੁਰ ਸੰਗਤਿ ਇਹੁ ਨਿਸਤਾਰਾ ਹੇ ॥ (ਮਹਲਾ ੧/੧੦੩੦)
ਆਤਮਾ ਪਰਾਤਮਾ ਏਕੋ ਕਰੈ ॥ ਅੰਤਰ ਕੀ ਦੁਬਿਧਾ; ਅੰਤਰਿ ਮਰੈ ॥ (ਮਹਲਾ ੧/੬੬੧)
ਅਰਥ : ਜਦੋਂ ਚੇਤਨ ਸੱਤਾ ਤੇ ਰੱਬੀ ਨੂਰ; ਸਮਾਨੰਤਰ ਵਿਖਾਈ ਦੇਣ ਤਾਂ ਸਮਝੋ ਅੰਤਹਕਰਣ ਸਾਫ਼ ਹੋ ਗਿਆ ਭਾਵ ਦੁਬਿਧਾ ਮਰ ਗਈ।
ਆਤਮ ਰਾਮੁ ਸੰਸਾਰਾ ॥ ਸਾਚਾ ਖੇਲੁ ਤੁਮ੍ਾਰਾ ॥ (ਮਹਲਾ ੧/੭੬੪)
ਅਰਥ : ਹੇ ਪ੍ਰਭ ! ਤੂੰ ਆਤਮ ਪ੍ਰਕਾਸ਼ (ਜਿੰਦ-ਜਾਨ) ਹੋ ਕੇ ਸਾਰੇ ਸੰਸਾਰ ’ਚ ਹੈਂ। ਇਹ ਸੰਸਾਰ ਤੇਰਾ (ਰਚਿਆ) ਸੱਚਾ ਖੇਲ ਹੈ ਭਾਵ ਕਾਲਪਨਿਕ ਨਹੀਂ।
ਕਾਇਆ ਸੋਧਿ (ਕੇ) ਤਰੈ ਭਵ ਸਾਗਰੁ; ਆਤਮ ਤਤੁ ਵੀਚਾਰੀ ॥ (ਮਹਲਾ ੧/੯੦੮)
ਅਰਥ : ਅਸਲ ਆਤਮ ਪ੍ਰਕਾਸ਼ (ਜੋ ‘ਸਬਦੁ ਗੁਰੂ’ ਵੀ ਹੈ) ਵਾਚਣ ਨਾਲ ਅੰਤਹਕਰਣ ਸਾਫ਼ ਕਰਕੇ ਸੰਸਾਰ-ਸਰੋਵਰ ਤਰ ਜਾਈਦਾ ਹੈ।
ਅਕਥ ਕਥਾ ਲੇ ਸਮ ਕਰਿ ਰਹੈ ॥ ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥ (ਗੋਸਟਿ/ਮਹਲਾ ੧/੯੪੫)
ਅਰਥ : ਹੇ ਨਾਨਕ ! ਬਿਆਨ ਰਹਿਤ ਹਰੀ ਕਥਾ ਨਾਲ ਦੁੱਖ-ਸੁੱਖ ਸਮਾਨ ਜਾਣਦਾ ਹੈ (ਭਾਵ ਰੱਬੀ ਉਸਤਤ ਰਾਹੀਂ ਨਿਰਮਲ ਅੰਤਹਕਰਣ ਬਣਾਉਂਦਾ ਹੈ) ਤਾਂ ਆਤਮ ਪ੍ਰਕਾਸ਼ ਨੂੰ ਹੂ-ਬਹੂ ਪਾ ਲੈਂਦਾ ਹੈ।
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ; ਇਉ ਆਤਮ ਰਾਮੈ (’ਚ) ਲੀਨਾ ਹੇ ॥ (ਮਹਲਾ ੧/੧੦੨੮)
ਅਰਥ : ਸਤਿਗੁਰੂ ਦੀ ਸਿੱਖਿਆ ਨੂੰ ਸ਼ਰਧਾ ਧਾਰ ਕੇ ਅਪਣਾਓ, ਇਉਂ ਕੀਤਿਆਂ ਆਤਮ ਪ੍ਰਕਾਸ਼ (ਰੱਬ) ’ਚ ਲੀਨ ਹੋ ਜਾਈਦਾ ਹੈ।
ਨਾਨਕ ! ਪੰਥੁ ਨਿਹਾਲੇ ਸਾਧਨ; ਤੂ ਸੁਣਿ ਆਤਮ ਰਾਮਾ !॥ (ਬਾਰਹਮਾਹਾ/ਮਹਲਾ ੧/੧੧੦੭)
ਅਰਥ : ਹੇ ਕਣ-ਕਣ ’ਚ ਵਿਆਪਕ ਆਤਮ ਪ੍ਰਕਾਸ਼ ! ਤੂੰ ਬੇਨਤੀ ਸੁਣ, ਜੀਵ-ਇਸਤਰੀ ਤੇਰੀ ਤਾਂਘ ਲਈ ਰਾਹ ਤੱਕਦੀ ਪਈ ਹੈ।
ਨੋਟ : ਉਕਤ ਵਾਕ ’ਚ ਰੱਬ ਨੂੰ ਆਤਮ ਪ੍ਰਕਾਸ਼ ਮੰਨ ਕੇ ਸੰਬੋਧਨ ਕੀਤਾ ਹੈ।
ਆਤਮੰ ਸ੍ਰੀ ਬਾਸ੍ਵਦੇਵਸੵ; ਜੇ ਕੋਈ ਜਾਨਸਿ ਭੇਵ ॥
ਨਾਨਕ ! ਤਾ ਕੋ ਦਾਸੁ ਹੈ; ਸੋਈ ਨਿਰੰਜਨ ਦੇਵ ॥ (ਸਹਸਿਤੀ/ਮਹਲਾ ੧/੧੩੫੩)
ਅਰਥ : ਆਤਮ ਪ੍ਰਕਾਸ਼; ਰੱਬ ਹੈ, ਜੋ ਇਹ ਭੇਤ ਜਾਣ ਲਵੇਗਾ, ਨਾਨਕ; ਉਸ ਦਾ ਦਾਸ ਬਣਨ ਨੂੰ ਤਿਆਰ ਹੈ ਕਿਉਂਕਿ ਉਹ, ਮੈਲ਼ ਰਹਿਤ ਆਤਮ ਪ੍ਰਕਾਸ਼ (ਦਾ ਰੂਪ) ਹੈ।
(ਅ). (1). ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ; ‘ਆਤਮ ਪ੍ਰਕਾਸ਼’ ਪ੍ਰਗਟ ਹੋਣ ਦੇ ਸਰੋਤ (ਗੁਰੂ ਤੇ ਸੰਗਤ) ਦਾ ਜ਼ਿਕਰ ਕਰਦੇ ਹਨ :
ਆਤਮ ਰਾਮ ਪਰਗਾਸੁ; ਗੁਰ ਤੇ ਹੋਵੈ ॥ (ਮਹਲਾ ੩/੧੨੩)
ਗੁਰਿ ਪੂਰੈ (ਨੇ) ਵੇਖਾਲਿਆ; ਪ੍ਰਭੁ ਆਤਮ ਰਾਮੁ ਪਛਾਨੁ ॥ (ਮਹਲਾ ੩/੭੫੭)
ਮਾਨਸ ਦੇਹ ਗੁਰ ਬਚਨੀ ਪਾਇਆ; ਸਭੁ ਆਤਮ ਰਾਮੁ ਪਛਾਤਾ ॥ (ਮਹਲਾ ੩/੯੫੩) (ਪਛਾਤਾ ਭਾਵ ਪਛਾਣ ਲਿਆ)
ਨਾਨਕ ! ਗੁਰਮੁਖਿ (ਗੁਰੂ ਰਾਹੀਂ) ਨਦਰੀ ਆਇਆ; ਹਰਿ ਆਤਮ ਰਾਮੁ ਮੁਰਾਰਿ ॥ (ਮਹਲਾ ੩/੧੨੮੧)
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ; ਜਿਤੁ ਆਤਮ ਰਾਮੁ ਪਛਾਨੈ ॥ (ਮਹਲਾ ੩/੧੩੩੪)
ਆਤਮ ਬ੍ਰਹਮੁ ਚੀਨਿ (ਕੇ) ਸੁਖੁ ਪਾਇਆ; ਸਤ ਸੰਗਤਿ ਪੁਰਖ ! ਤੁਮਾਰੀ ॥ (ਮਹਲਾ ੪/੬੦੭)
ਅਰਥ : ਹੇ ਸਰਬ ਵਿਆਪਕ ਹਰੀ ! ਆਤਮ ਪ੍ਰਕਾਸ਼ ਨੂੰ ਪਛਾਣ ਕੇ ਅਨੰਦ ਪਾ ਲਿਆ, ਇਹ ਸਾਰੀ ਬਰਕਤ ਤੇਰੀ ਸੰਗਤ ਦੀ ਹੈ।
ਨੋਟ : ਉਕਤ ਵਾਕ ’ਚ ਰੱਬ ਨੂੰ ‘ਪੁਰਖ’ ਕਹਿ ਕੇ ਸੰਬੋਧਨ ਕੀਤਾ ਹੈ, ਨਾ ਕਿ ‘ਆਤਮ’ ਨੂੰ ਰੱਬ ਕਿਹਾ ਹੈ; ਜਿਵੇਂ ਕਿ ਗੁਰੂ ਨਾਨਕ ਜੀ ਨੇ ਕਿਹਾ ਹੈ ‘‘ਨਾਨਕ ! ਪੰਥੁ ਨਿਹਾਲੇ ਸਾਧਨ; ਤੂ ਸੁਣਿ ਆਤਮ ਰਾਮਾ ! ॥’’ (ਬਾਰਹਮਾਹਾ/ਮਹਲਾ ੧/੧੧੦੭)
(2). ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ; ਅੰਤਹਕਰਣ (ਹਉਮੈ) ਕਿਲ੍ਹਾ ਕਿਵੇਂ ਫ਼ਤਿਹ ਹੁੰਦਾ ਹੈ; ਬਿਆਨ ਕਰਦੇ ਹਨ :
ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥ ਗੁਰਿ+ਪੂਰੈ (ਨੇ) ਹਉਮੈ ਭੀਤਿ ਤੋਰੀ; ਜਨ ਨਾਨਕ ਮਿਲੇ ਬਨਵਾਰੀ ॥ (ਮਹਲਾ ੪/੧੨੬੩)
ਦਰਸਨਿ ਤੇਰੈ (ਨਾਲ਼), ਭਵਨ ਪੁਨੀਤਾ ॥ ਆਤਮ ਗੜੁ ਬਿਖਮੁ; ਤਿਨਾ ਹੀ ਜੀਤਾ ॥ (ਮਹਲਾ ੫/੯੯)
ਭਾਵ ਹੇ ਪ੍ਰਭੂ ! ਤੇਰੇ ਦਰਸ਼ਨ ਕੀਤਿਆਂ ਅੰਤਹਕਰਣ ਸਾਫ਼ ਹੁੰਦੇ ਹਨ। ਮਾਨੋ ਉਨ੍ਹਾਂ ਨੇ ਅੰਦਰਲਾ ਵਿਕਾਰ ਰੂਪ ਕਿਲ੍ਹਾ ਜਿੱਤ ਲਿਆ, ਮਿਟਾ ਲਿਆ ਭਾਵ ‘ਸੁਰਤਿ, ਮਤਿ, ਮਨਿ, ਬੁਧਿ’ ਘੜੇ ਗਏ।
(3). ਗੁਰੂ ਅਮਰਦਾਸ ਜੀ; ਮਲ਼ੀਨ ਅੰਤਹਕਰਣ ਸਾਫ਼ ਹੋਣ ਨਾਲ਼ ‘ਆਤਮ ਪ੍ਰਕਾਸ਼ ਦਾ ਹੂ-ਬਹੂ ਦਰਸ਼ਨ ਕਰ ਹਿਰਦਾ ਕਮਲ ਖਿੜ ਜਾਂਦਾ ਹੈ, ਬਾਰੇ ਜ਼ਿਕਰ ਕਰਦੇ ਹਨ :
ਆਤਮ ਰਾਮੁ ਪ੍ਰਗਾਸਿਆ; ਸਹਜੇ ਸੁਖਿ (’ਚ) ਰਹੰਨਿ ॥ (ਮਹਲਾ ੩/੭੫੫)
ਗੁਰਮੁਖਿ ਕਮਲੁ ਵਿਗਸਿਆ; ਸਭੁ ਆਤਮ ਬ੍ਰਹਮੁ ਪਛਾਨੁ ॥ (ਮਹਲਾ ੩/੧੪੧੯)
(4). ਗੁਰੂ ਅਰਜਨ ਸਾਹਿਬ ਜੀ; ਆਤਮ ਪ੍ਰਕਾਸ਼ ਨੂੰ ਪ੍ਰਫੁਲਿਤ ਕਰਨ ਲਈ ਦਾਨ ਸਤਿਗੁਰੂ ਪਾਸੋਂ ਮਿਲਦਾ ਹੈ; ਬਿਆਨ ਕਰਦੇ ਹਨ :
ਗੁਰ ਜੇਵਡੁ ਦਾਤਾ ਕੋ ਨਹੀ; ਜਿਨਿ ਦਿਤਾ ਆਤਮ ਦਾਨੁ ॥ (ਮਹਲਾ ੫/੫੨)
(5). ਗੁਰੂ ਅਰਜਨ ਸਾਹਿਬ ਜੀ; ਆਤਮ ਪ੍ਰਕਾਸ਼ ਲਈ ਭਗਤੀ ਭਾਵਨਾ ਦਾ ਹੋਣ ਜਾਂ ਭਗਤੀ ਭਾਵਨਾ ਲਈ ਆਤਮ ਪ੍ਰਕਾਸ਼ ਦਾ ਹੋਣ; ਬਾਰੇ ਜ਼ਿਕਰ ਕਰਦੇ ਹਨ :
ਭਗਤਿ ਭਾਇ (ਰਾਹੀਂ) ਆਤਮ ਪਰਗਾਸ ॥ (ਸੁਖਮਨੀ/ਮਹਲਾ ੫/੨੮੮)
ਠਾਕੁਰੁ ਗਾਈਐ; ਆਤਮ ਰੰਗਿ (ਆਤਮ ਪ੍ਰਕਾਸ਼ ਨਾਲ਼) ॥ (ਮਹਲਾ ੫/੬੮੦)
ਕਬ ਦੇਖਉ ਪ੍ਰਭੁ ਆਪਨਾ; ਆਤਮ ਕੈ ਰੰਗਿ (ਰਾਹੀਂ)॥ (ਮਹਲਾ ੫/੮੧੬)
(6). ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ; ਭਗਤ ਤੇ ਫ਼ਕੀਰ ਉਨ੍ਹਾਂ ਨੂੰ ਹੀ ਮੰਨਦੇ ਹਨ, ਜੋ ਅੰਦਰਲੇ ਤੀਰਥ ’ਤੇ ਇਸ਼ਨਾਨ ਕਰਦੇ ਹਨ :
ਅਭਿਆਗਤ ਸੇਈ ਨਾਨਕਾ ! ਜਿ ਆਤਮ ਗਉਣੁ ਕਰੇਨਿ ॥ (ਮਹਲਾ ੩/੯੪੯)
ਕਈ ਕੋਟਿ ਪ੍ਰਭ ਕਉ ਖੋਜੰਤੇ ॥ ਆਤਮ ਮਹਿ ਪਾਰਬ੍ਰਹਮੁ ਲਹੰਤੇ ॥ (ਸੁਖਮਨੀ/ਮਹਲਾ ੫/੨੭੬)
ਪਥਿਕ ਪਿਆਸ ਚਿਤ ਸਰੋਵਰ; ਆਤਮ ਜਲੁ ਲੈਨ (ਲਈ)॥ (ਮਹਲਾ ੫/੧੨੭੨)
ਅਰਥ : ਰੱਬੀ ਮਿਲਾਪ ਦੀ ਤਾਂਘ ਰੱਖਣ ਵਾਲਾ ਅੰਦਰਲੇ ਸਰੋਵਰ ਵੱਲ ਆਤਮ ਪ੍ਰਕਾਸ਼ ਜਲ ਲੈਣ ਜਾਂਦਾ ਹੈ।
ਨੋਟ : ਚੇਤੇ ਰਹੇ ਕਿ ਆਤਮ ਪ੍ਰਕਾਸ਼ ਜਲ ਹੀ ‘ਨਾਮ-ਜਲੁ/ਅੰਮ੍ਰਿਤੁ ਜਲੁ’ ਹੈ ‘‘ਨਾਨਕ ! ਖੋਜਿ ਲਹਹੁ ਘਰੁ ਅਪਨਾ; ਹਰਿ ਆਤਮ ਰਾਮ ਨਾਮੁ ਪਾਇਆ ॥ (ਮਹਲਾ ੧/੧੦੩੯), ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ॥ (ਮਹਲਾ ੨/੧੨੩੮) ਇਹ ਵੀ ਚੇਤੇ ਰਹੇ ਕਿ ਇੱਥੇ ਗੁਰੂ ਅੰਗਦ ਜੀ ਵੀ ਗੁਰੂ (ਨਾਨਕ ਜੀ) ਦੀ ਕਿਰਪਾ ਨਾਲ ‘ਅੰਮ੍ਰਿਤੁ ਜਲੁ’ ਮਿਲਦਾ ਕਹਿ ਰਹੇ ਹਨ।
(7). ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ; ਜ਼ਰਰੇ-ਜ਼ਰਰੇ ’ਚ ਚੇਤਨ ਸੱਤਾ (ਨਾਮੁ ਅੰਮ੍ਰਿਤੁ) ਹੈ, ਇਸ ਲਈ ਸਭ ਦਾ ਸਤਿਕਾਰ ਕਰਨਾ ਬਣਦਾ ਹੈ, ਬਾਰੇ ਜ਼ਿਕਰ ਕਰ ਰਹੇ ਹਨ :
ਆਤਮ ਰਾਮੁ ਸਭ ਏਕੈ ਹੈ ਪਸਰੇ; ਸਭ ਚਰਨ ਤਲੇ ਸਿਰੁ ਦੀਜੈ ॥ (ਮਹਲਾ ੪/੧੩੨੫)
ਸਭ ਤੇ ਨੀਚੁ ਆਤਮ ਕਰਿ ਮਾਨਉ; ਮਨ ਮਹਿ ਇਹੁ ਸੁਖੁ ਧਾਰਉ ॥ (ਮਹਲਾ ੫/੫੩੨)
ਸਾਵਧਾਨੀ : ਉਕਤ ਤੁਲਨਾਤਮਿਕ ਵਿਚਾਰ; ਇਹ ਸਿੱਧ ਕਰਨ ਲਈ ਨਹੀਂ ਕਿ ਗੁਰਬਾਣੀ ’ਚ 35 ਬਾਣੀਕਾਰਾਂ ਦੇ ਵਿਚਾਰ; ਆਪਾ ਵਿਰੋਧੀ ਹਨ ਜਾਂ ਇੱਕ-ਦੂਜੇ ਸਿਧਾਂਤ ਦਾ ਖੰਡਨ ਕਰਦੇ ਹਨ ਜਾਂ ਕੋਈ ਅੰਤਹਕਰਣ ਵੱਧ ਜਾਂ ਘੱਟ ਮਲ਼ੀਨ ਹੈ ਬਲਕਿ ਇਸ ਦਾ ਮੰਤਵ; ਪੂਰਨ ਆਤਮ ਪ੍ਰਕਾਸ਼ (ਗੁਰੂ ਪਦਵੀ) ਤੱਕ ਪਹੁੰਚਣ ਉਪਰੰਤ ਭਿੰਨ-ਭਿੰਨ ਅਨੁਭਵ ਜਾਣਨਾ ਹੈ ਤਾਂ ਜੋ ਗੁਰਮਤਿ ਦਾ ਸੂਖਮ ਪੱਖ; ਗਹੁ ਨਾਲ਼ ਵਾਚਿਆ ਜਾ ਸਕੇ। ਵੈਸੇ ਸਾਰੇ ਹੀ ਗੁਰੂ ਸਾਹਿਬਾਨ ‘‘ਜੋਤਿ ਓਹਾ ਜੁਗਤਿ ਸਾਇ.. ॥’’ (ਬਲਵੰਡ ਸਤਾ/੯੬੬) ਹਨ, ਇਸ ਵਿੱਚ ਕੋਈ ਸੰਦੇਹ ਨਹੀਂ।
ਇਸ ਸਮੁੱਚੀ ਵਿਚਾਰ ਦਾ ਤੱਤ-ਸਾਰ ਇਹ ਹੈ ਕਿ ਦੁਨਿਆਵੀ ਸਮਝ ਦੇ ਮੁਕਾਬਲੇ ਆਤਮ ਪ੍ਰਕਾਸ਼ ਦਾ ਅਨੁਭਵ; ਵਿਸ਼ਾਲ ਦਿਮਾਗ਼ ਦੀ ਸਿਰਜਣਾ ਕਰਦਾ ਹੈ, ਜੋ ਹਰ ਖੇਤਰ (ਰੂਹਾਨੀਅਤ, ਪਰਵਾਰਿਕ, ਸਮਾਜਿਕ, ਰਾਜਨੀਤਿਕ ਆਦਿ) ’ਚ ਮਨੁੱਖੀ ਜ਼ਿੰਦਗੀ ਨੂੰ ਵਧੇਰੇ ਸਫਲ ਬਣਾਉਂਦਾ ਹੈ, ਇਸ ਲਈ ਗੁਰੂ ਅਮਰਦਾਸ ਜੀ; ਹਿਰਨ ਦੀ ਨਾਭੀ ’ਚ ਪਈ ਸੁਗੰਧਿਤ ਕਸਤੂਰੀ ਦੀ ਮਿਸਾਲ ਦੇ ਕੇ ਸਿੱਖਾਂ ਨੂੰ ਆਤਮ ਪ੍ਰਕਾਸ਼ ਵੱਲ ਆਕਰਸ਼ਿਤ ਕਰਦੇ ਹਨ ‘‘ਜਿਉ ਕਸਤੂਰੀ ਮਿਰਗੁ ਨ ਜਾਣੈ; ਭ੍ਰਮਦਾ ਭਰਮਿ ਭੁਲਾਇਆ ॥’’ (ਮਹਲਾ ੩/੬੪੪) ਅਤੇ ਗੁਰੂ ਅਰਜਨ ਸਾਹਿਬ ਜੀ; ਆਤਮ ਪ੍ਰਕਾਸ਼ ਨੂੰ ਰੂਹਾਨੀਅਤ ਅੱਖਾਂ ਮੰਨਦੇ ਹਨ ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’ (ਮਹਲਾ ੫/੫੭੭)
ਸੋ ਆਤਮਾ ਤੇ ਅੰਤਹਕਰਣ ਦਾ ਭਾਵਾਰਥ ਅੰਤਰ ਜਾਣਨਾ ਵੀ ਜ਼ਰੂਰੀ ਹੈ ਅਤੇ ਗੁਰਮਤਿ ਸਪਸ਼ਟ ਕਰਨੀ ਇਨ੍ਹਾਂ ਦੇ ਭਾਵਾਰਥਾਂ ’ਚ ਬਦਲਾਅ ਕਰ ਲੈਣਾ ਵੀ ਜ਼ਰੂਰੀ ਹੈ; ਜਿਵੇਂ ਹੇਠਲੇ ਦੋ ਵਾਕਾਂ ’ਚ ‘ਆਤਮਾ/ਆਤਮ’ ਦਾ ਅਰਥ ‘ਆਤਮ ਪ੍ਰਕਾਸ਼’ ਨਹੀਂ :
ੳ. ਮਨਮੁਖਿ ਅੰਧੇ; ਸੁਧਿ ਨ ਕਾਈ ॥ ਆਤਮ ਘਾਤੀ ਹੈ; ਜਗਤ ਕਸਾਈ ॥’’ (ਮਹਲਾ ੩/੧੧੮) ਵਾਕ ਦਾ ਇਹ ਮਤਲਬ ਨਹੀਂ ਕਿ ਮਨਮੁਖ; ‘ਆਤਮਾ’ ਜਾਂ ‘ਅੰਤਹਕਰਣ’ ਨੂੰ ਮਾਰ ਲੈਂਦਾ ਹੈ ਬਲਕਿ ਅਰਥ ਹਨ ‘ਮਨਮਤੀ ਅੰਨ੍ਹੇ ਬੰਦੇ ਨੂੰ ਬਿਲਕੁਲ ਅਕਲ ਨਹੀਂ ਹੁੰਦੀ। ਜਗਤ ਦਾ ਹਤਿਆਰਾ ਬਣ ਆਪਣਾ ਕੀਮਤੀ ਸਮਾਂ (ਜੋ ਅੰਤਹਕਰਣ ਨੂੰ ਸ਼ੁੱਧ ਕਰਨ ਲਈ ਮਿਲਿਆ ਸੀ) ਨੂੰ ਅਜਾਈਂ ਗਵਾ ਲੈਂਦਾ ਹੈ’ (ਭਾਵ ਅਜਿਹੀ ਮਨੁੱਖੀ ਜ਼ਿੰਦਗੀ ਦਾ ਨਾ ਆਪ ਨੂੰ ਲਾਭ ਹੋਇਆ, ਨਾ ਸਮਾਜ ਨੂੰ)।
ਅ. ਦੂਜੈ ਭਾਇ ਦੁਸਟੁ ਆਤਮਾ; ਓਹੁ ਤੇਰੀ ਸਰਕਾਰ ॥ (ਮਹਲਾ ੩/੩੮) ਭਾਵ (ਹੇ ਧਰਮਰਾਜ! ਰੱਬ ਤੋਂ ਬਿਨਾਂ) ਦੂਜੇ ਨਾਲ਼ ਪਿਆਰ ਪਾਉਣ ਕਾਰਨ (ਜਿਨ੍ਹਾਂ ਦੀ) ਅੰਤਹਕਰਣ ਦੁਸ਼ਟ (ਮਲ਼ੀਨ) ਹੈ, ਉਹ ਤੇਰੀ ਸਰਕਾਰ ਹੈ ਭਾਵ ਉਸ (ਅੰਤਹਕਰਣ) ਉੱਤੇ ਤੇਰੇ ਨਿਯਮ (ਦੰਡ ਦੇਣ ਵਾਲ਼ੇ) ਲਾਗੂ ਹੁੰਦੇ ਹਨ। ਇੱਥੇ ‘ਆਤਮਾ’ ਦਾ ਅਰਥ ‘ਅੰਤਹਕਰਣ’ ਹੈ, ਨਾ ਕਿ ‘ਆਤਮ ਪ੍ਰਕਾਸ਼’, ਜਿਸ ਵਿੱਚ ਸਦਾ ਰੱਬ ਵਾਲ਼ੇ ਗੁਣ ਰਹਿੰਦੇ ਹਨ।
ਨੋਟ : ਓਹੁ; ਪੁਲਿੰਗ ਪੜਨਾਂਵ ਹੈ। ਇਸ ਰਾਹੀਂ ‘ਆਤਮਾ’ ਪੁਲਿੰਗ ਨਾਂਵ ਸਾਬਤ ਹੁੰਦਾ ਹੈ, ਨਾ ਕਿ ਇਸਤਰੀ ਲਿੰਗ। ‘ਆਤਮਾ’ ਦਾ ਵਿਸ਼ੇਸ਼ਣ ਵੀ ਪੁਲਿੰਗ ‘ਦੁਸਟੁ’ (ਅੰਤ ਔਂਕੜ ਹੈ। ‘ਓਹੁ’ ਦਾ ਅਰਥ ‘ਓਹੁ ਆਤਮਾ’ ਹੈ, ਨਾ ਕਿ ‘ਓਹੁ ਸਰਕਾਰ’।
ਸਮੁੱਚੀ ਵਿਚਾਰ ’ਚ ‘ਰੱਬ, ਗੁਰੂ, ਆਤਮ ਰਾਮੁ, ਆਤਮ ਪ੍ਰਕਾਸ਼’ ਦੇ ਅਰਥ ਸਮਾਨੰਤਰ ਹਨ, ਇਸ ਲਈ ਗੁਰੂ ਨਾਨਕ ਜੀ; ਇਨ੍ਹਾਂ ’ਚੋਂ ਕਿਸੇ ਵੀ ਸ਼ਬਦ ਨੂੰ ਆਪਣੇ ਗੁਰੂ ਵਜੋਂ ਸੰਬੋਧਨ ਕਰ ਸਕਦੇ ਹਨ; ਜਿਵੇਂ ‘‘ਗੁਰਾ ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥’’ (ਜਪੁ) ਵਾਕ ’ਚ ‘ਗੁਰਾ’ ਨੂੰ ਗੁਰੂ ਨਾਨਕ ਜੀ ਦੇ ਗੁਰੂ ਵਜੋਂ ਰੱਬ ਨਹੀਂ ਮੰਨ ਸਕਦੇ ਕਿਉਂਕਿ ‘ਰੱਬ’ ਤਾਂ ‘‘ਸਭਨਾ ਜੀਆ ਕਾ ਇਕੁ ਦਾਤਾ’’ ਹੈ। ‘ਗੁਰਾ’ ਦਾ ਅਰਥ ‘ਆਤਮ ਪ੍ਰਕਾਸ਼’ ਹੋਏਗਾ ਜਾਂ ਇਹ ਬੋਲੀ ਸਿੱਖਾਂ ਨੂੰ ਬੋਲਣ ਲਈ ਬਖ਼ਸ਼ੀ ਗਈ ਹੈ; ਜਿਵੇਂ ਕਿ ਵਾਕ ਹੈ ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥ ਜਿਨਿ, ਮਾਣਸ ਤੇ ਦੇਵਤੇ ਕੀਏ; ਕਰਤ ਨ ਲਾਗੀ ਵਾਰ ॥’’ (ਮਹਲਾ ੧/੪੬੨) ‘ਮਾਣਸ ਤੇ ਦੇਵਤੇ ਕੀਏ’ ਬਹੁ ਵਚਨ ਹੈ। ਜੇ ਇਹ ‘ਮਾਣਸ ਤੇ ਦੇਵਤਾ ਕੀਆ’ ਹੁੰਦਾ ਤਾਂ ਗੁਰੂ ਨਾਨਕ ਜੀ ਆਪ ਆਪਣੇ ਉਸ ਗੁਰੂ ਤੋਂ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥’’ ਭਾਵ ਕੁਰਬਾਨ ਜਾਂਦੇ । ਇਸ ਵਾਕ ਦਾ ਅਰਥ ਹੈ ‘ਜਿਸ ਗੁਰੂ ਨੇ (ਆਮ ਬੰਦੇ) ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਉਸ ਤੋਂ ਦਿਨ ’ਚ 100 ਵਾਰ ਸਦਕੇ ਜਾਣਾ ਬਣਦਾ ਹੈ ਭਾਵ ਗੁਰੂ ਨਾਨਕ ਜੀ ਦੇ ਆਪਣੇ ਅਨੁਯਾਈ (ਸਿੱਖਾਂ) ਨੂੰ ਆਪਣੇ ਸਤਿਗੁਰੂ ਤੋਂ 100 ਵਾਰ ਰੋਜ਼ਾਨਾ ਬਲਿਹਾਰ ਹੋਣ ਦੀ ਹਿਦਾਇਤ ਹੈ, ਜਿਸ ਨੇ ਅੱਖਾਂ ਦਿੱਤੀਆਂ ਹਨ।
ਸੋ ਗੁਰੂ ਨਾਨਕ ਸਾਹਿਬ ਜੀ ਦਾ ਅੰਤਹਕਰਣ; ਪੈਦਾਇਸ਼ੀ ਪਾਰਦਰਸ਼ੀ ਸੀ, ਨਾ ਕਿ ਉਨ੍ਹਾਂ ਨੇ ਕੋਈ ਗੁਰੂ ਧਾਰਨ ਕਰ ਪਾਰਦਰਸ਼ੀ ਬਣਾਇਆ; ਜਿਵੇਂ ਕਿ ਭਗਤ ਕਬੀਰ ਜੀ ਦੇ ਵਚਨ ਹਨ ਕਿ ਮੈਨੂੰ ਅੰਤਰਲੇ ਤੀਰਥ ’ਤੇ ਇਸ਼ਨਾਨ ਕਰਦਿਆਂ ਹਰੀ ਮਿਲ ਪਿਆ। ਹੁਣ ਮਨ ਭਟਕਣੋ ਹਟ ਗਿਆ ‘‘ਕਹਿ ਕਬੀਰ ਅਬ ਜਾਨਿਆ; ਗੁਰਿ (ਨੇ) ਗਿਆਨੁ ਦੀਆ ਸਮਝਾਇ ॥ ਅੰਤਰਗਤਿ ਹਰਿ ਭੇਟਿਆ; ਅਬ ਮੇਰਾ ਮਨੁ ਕਤਹੂ ਨ ਜਾਇ ॥’’ (ਭਗਤ ਕਬੀਰ/੧੧੦੩) ਇਸ ਤੋਂ ਸਪਸ਼ਟ ਹੈ ਕਿ ਭਗਤ ਕਬੀਰ ਜੀ ਨੇ (ਬਾਕੀ ਬਾਣੀਕਾਰਾਂ ਵਾਙ) ਕੋਈ ਗੁਰੂ ਧਾਰਨ ਕੀਤਾ ਹੋਇਆ ਸੀ।
1. ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ
2. ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ