Conjunction word (Part 2)

0
430

ਯੋਜਕ ਸ਼ਬਦ (ਭਾਗ ਦੂਜਾ)

(3). ‘ਨਿਖੇਧੀ ਸਮਾਨ ਯੋਜਕ’:– ਜੋ ‘ਸਮਾਨ ਯੋਜਕ’ ਸ਼ਬਦ, ਦੋ ਸੁਤੰਤਰ ਵਾਕਾਂ ਨੂੰ ਜੋੜਦਿਆਂ, ਆਪਸੀ ਟਕਰਾਉ (ਵਿਰੋਧ) ਦਾ ਭਾਵ ਪ੍ਰਗਟ ਕਰਨ, ਉਨ੍ਹਾਂ ਨੂੰ ‘ਨਿਖੇਧੀ ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ:‘ਉਹ ਲੰਬਾ ਹੈ ‘ਪਰ’ ਕਮਜ਼ੋਰ ਹੈ।, ਉਹ ਸੁੰਦਰ ਹੈ ‘ਪਰੰਤੂ’ ਨਾਲਾਇਕ ਹੈ।, ਉਹ ਨਾ-ਕੇਵਲ ਬੁਜ਼ਦਿਲ ਹੈ ‘ਸਗੋਂ’ ਚੋਰ ਵੀ ਹੈ।,ਉਹ ਥੱਕ ਗਿਆ ‘ਫਿਰ ਵੀ’ ਮੰਜ਼ਲ ’ਤੇ ਪਹੁੰਚ ਗਿਆ।, ਉਹ ਤੈਰਨਾ ਨਹੀਂ ਜਾਣਦਾ ‘ਤਾਂ ਵੀ’ ਨਹਿਰ ਪਾਰ ਕਰ ਗਿਆ।’ ਆਦਿ,ਵਾਕਾਂ ਵਿੱਚ ‘ਪਰ, ਪਰੰਤੂ, ਸਗੋਂ, ਫਿਰ ਵੀ, ਤਾਂ ਵੀ’ ਸ਼ਬਦ ‘ਨਿਖੇਧੀ ਸਮਾਨ ਯੋਜਕ’ ਹਨ।

ਗੁਰਬਾਣੀ ਵਿੱਚ ‘ਨਿਖੇਧੀ ਸਮਾਨ ਯੋਜਕ’ ਸ਼ਬਦ ਹਨ ‘ਪਰੁ, ਪੈ, ਭਾਵੈ’ ਆਦਿ, ਜਿਨ੍ਹਾਂ ਦਾ ਅਰਥ ਹੈ ‘ਪਰੰਤੂ, ਫਿਰ ਵੀ, ਤਾਂ ਵੀ’ਆਦਿ; ਜਿਵੇਂ:

(ੳ). ‘ਪਰੁ’ (ਭਾਵ ‘ਪਰੰਤੂ’) ਗੁਰਬਾਣੀ ਵਿੱਚ ‘ਪਰੁ’ ਸ਼ਬਦ 25 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ‘ਸਰਨੀ ਪੈ’(ਕਿਰਿਆ) ਜਾਂ ‘ਚੰਗੀ ਤਰ੍ਹਾਂ’ (ਕਿਰਿਆ ਵਿਸ਼ੇਸ਼ਣ) ਹੁੰਦਾ ਹੈ; ਜਿਵੇਂ 20 ਵਾਰ ਦਰਜ ਹੈ:

‘‘ਤਿਸ ਕੀ ਸਰਨੀ ਪਰੁ ਮਨਾ! ਜਿਸੁ ਜੇਵਡੁ ਅਵਰੁ ਨ ਕੋਇ ॥’’ (ਮ: ੫/੪੪) (‘ਸਰਨੀ ਪਰੁ’ ਭਾਵ ‘ਸ਼ਰਨ ਪੈ’ (ਕਿਰਿਆ)

‘‘ਜਾ ਕਾ ਕਾਰਜੁ ਸੋਈ ਪਰੁ ਜਾਣੈ, ਜੇ ਗੁਰ ਕੈ ਸਬਦਿ ਸਮਾਹੀ ॥’’ (ਮ: ੩/੧੬੨) (‘ਪਰ’ ਭਾਵ ਚੰਗੀ ਤਰ੍ਹਾਂ (ਕਿਰਿਆ ਵਿਸ਼ੇਸ਼ਣ)

‘‘ਮਨ! ਸਰਨੀ ਪਰੁ, ਠਾਕੁਰ ਪ੍ਰਭ ਤਾ ਕੈ ॥’’ (ਮ: ੫/੨੭੦) (‘ਪਰੁ’ ਭਾਵ ਪੈ (ਕਿਰਿਆ)

‘‘ਸਚੁ ਤਾ ‘ਪਰੁ’ ਜਾਣੀਐ; ਜਾ ਰਿਦੈ ਸਚਾ ਹੋਇ ॥’’ (ਮ: ੧/੪੬੮) (‘ਪਰ’ ਭਾਵ ਚੰਗੀ ਤਰ੍ਹਾਂ (ਕਿਰਿਆ ਵਿਸ਼ੇਸ਼ਣ)

‘‘ਸਚੁ ਤਾ ‘ਪਰੁ’ ਜਾਣੀਐ; ਜਾ ਸਚਿ ਧਰੇ ਪਿਆਰੁ ॥’’ (ਮ: ੧/੪੬੮) (‘ਪਰ’ ਭਾਵ ਚੰਗੀ ਤਰ੍ਹਾਂ (ਕਿਰਿਆ ਵਿਸ਼ੇਸ਼ਣ)

‘‘ਸਚੁ ਤਾ ‘ਪਰੁ’ ਜਾਣੀਐ; ਜਾ ਸਿਖ ਸਚੀ ਲੇਇ ॥’’ (ਮ: ੧/੪੬੮) (‘ਪਰ’ ਭਾਵ ਚੰਗੀ ਤਰ੍ਹਾਂ (ਕਿਰਿਆ ਵਿਸ਼ੇਸ਼ਣ) ਆਦਿ।)

ਪਰ ਗੁਰਬਾਣੀ ਵਿੱਚ ‘ਪਰੁ’ ਸ਼ਬਦ ਕਾਵਲ 5 ਵਾਰ ‘ਨਿਖੇਧੀ ਸਮਾਨ ਯੋਜਕ’ ਹੈ, ਜਿਸ ਦਾ ਅਰਥ ਹੈ ‘ਪਰੰਤੂ, ਫਿਰ ਵੀ, ਤਾਂ ਵੀ’; ਜਿਵੇਂ:

‘‘ਇਸਨਾਨੁ ਕਰੈ ‘ਪਰੁ’ ਮੈਲੁ ਨ ਜਾਈ ॥’’ (ਮ: ੩/੧੨੯) (‘ਪਰੁ’ ਭਾਵ ਪਰੰਤੂ)

‘‘ਮਨਮੁਖ ਕਥਨੀ ਹੈ ‘ਪਰੁ’ ਰਹਤ ਨ ਹੋਈ ॥’’ (ਮ: ੧/ ੮੩੧) (‘ਪਰੁ’ ਭਾਵ ਪਰੰਤੂ)

‘‘ਪੂਜਾ ਕਰਹਿ ‘ਪਰੁ’ ਬਿਧਿ ਨਹੀ ਜਾਣਹਿ; ਦੂਜੈ ਭਾਇ ਮਲੁ ਲਾਈ ॥’’ (ਮ: ੩/੯੧੦) (‘ਪਰੁ’ ਭਾਵ ਪਰੰਤੂ)

‘‘ਪੜਹਿ ਮਨਮੁਖ ‘ਪਰੁ’ ਬਿਧਿ ਨਹੀ ਜਾਨਾ ॥’’ (ਮ: ੧/੧੦੩੨) (‘ਪਰੁ’ ਭਾਵ ਪਰੰਤੂ)

‘‘ਚਿਤਿ ਚਿਤਵਉ ਅਰਦਾਸਿ ਕਹਉ ‘ਪਰੁ’ ਕਹਿ ਭਿ ਨ ਸਕਉ ॥’’ (ਭਟ ਕੀਰਤ/੧੩੯੫) (‘ਪਰੁ’ ਭਾਵ ਫਿਰ ਵੀ, ਤਾਂ ਵੀ)

(ਅ). ‘ਪੈ’ (ਭਾਵ ‘ਪਰੰਤੂ’) ਗੁਰਬਾਣੀ ਵਿੱਚ ‘ਪੈ’ ਸ਼ਬਦ 33 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ‘ਪੈ ਕੇ’ (ਕਿਰਿਆ ਵਿਸ਼ੇਸ਼ਣ) ਜਾਂ ‘ਚਰਨ’ (ਨਾਂਵ) ਹੁੰਦਾ ਹੈ; ਜਿਵੇਂ 31 ਵਾਰ ਦਰਜ ਹੈ:

‘‘ਨਾਨਕੁ ਆਖੈ ਰਾਹਿ ਪੈ ਚਲਣਾ; ਮਾਲੁ ਧਨੁ ਕਿਤ ਕੂ ਸੰਜਿਆਹੀ ॥’’ (ਮ: ੧/੨੪) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ)

‘‘ਪੈ ਪਾਇ; ਮਨਾਈ ਸੋਇ ਜੀਉ ॥’’ (ਮ: ੫/੭੩) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ)

‘‘ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ ॥’’ (ਮ: ੧/੩੬੦) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ)

‘‘ਇਕਿ ਨਿਹਾਲੀ ਪੈ ਸਵਨ੍ਹਿ; ਇਕਿ ਉਪਰਿ ਰਹਨਿ ਖੜੇ ॥’’ (ਮ: ੧/੪੭੫) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ)

‘‘ਮਕਾ ਮਿਹਰ ਰੋਜਾ ਪੈ ਖਾਕਾ ॥’’ (ਮ: ੫/੧੦੮੩) (‘ਪੈ’ ਭਾਵ ‘ਚਰਨੀ’ (ਨਾਂਵ)

‘‘ਪੈਰੀ ਪੈ ਪੈ; ਬਹੁਤੁ ਮਨਾਏ ॥’’ (ਮ: ੧/੧੨੪੧) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ), ਆਦਿ।)

ਪਰ ਗੁਰਬਾਣੀ ਵਿੱਚ ‘ਪੈ’ ਸ਼ਬਦ 2 ਵਾਰ ‘ਨਿਖੇਧੀ ਸਮਾਨ ਯੋਜਕ’ ਹੈ, ਜਿਸ ਦਾ ਅਰਥ ਹੈ ‘ਤਾਂ ਵੀ, ਪਰੰਤੂ’; ਜਿਵੇਂ:

‘‘ਸੇਜ ਏਕ ‘ਪੈ’ ਮਿਲਨੁ ਦੁਹੇਰਾ ॥’’ (ਭਗਤ ਕਬੀਰ/੪੮੩) (‘ਰੱਬ’ ਅਤੇ ‘ਮਨ’ ਦਾ ਟਿਕਾਣਾ (ਨਿਵਾਸ) ਮਨੁੱਖ ਦੇ ਇੱਕ ਹੀ ਹਿਰਦੇ (ਸੇਜ) ਉੱਪਰ ਹੈ ਤਾਂ ਵੀ ਆਪਸੀ ਮਿਲਾਪ ਮੁਸ਼ਕਲ ਹੈ।)

‘‘ਕਬੀਰ! ਡੂਬਾ ਥਾ ‘ਪੈ’ ਉਬਰਿਓ, ਗੁਨ ਕੀ ਲਹਰਿ ਝਬਕਿ ॥’’ (ਭਗਤ ਕਬੀਰ/੧੩੬੭) (‘ਪੈ’ ਭਾਵ ‘ਪਰੰਤੂ’ ਨਿਕਲ ਗਿਆ)

(ੲ). ‘ਭਾਵੈ’ (ਭਾਵ ‘ਬੇਸ਼ੱਕ, ਚਾਹੇ’) ਗੁਰਬਾਣੀ ਵਿੱਚ ‘ਭਾਵੈ’ ਸ਼ਬਦ 487 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 2 ਵਾਰ ‘ਨਿਖੇਧੀ ਸਮਾਨ ਯੋਜਕ’ ਵੀ ਹੈ; ਜਿਵੇਂ:

‘‘ਓਸ ਨੋ ਸੁਖੁ ਨ ਉਪਜੈ; ‘ਭਾਵੈ’ ਸਉ ਗੇੜਾ ਆਵਉ ਜਾਉ ॥’’ (ਮ: ੩/੫੯੧) (‘ਭਾਵੈ’ ਭਾਵ ‘ਬੇਸ਼ੱਕ, ਚਾਹੇ’)

ਜੇ ਸਉ ਕੂੜੀਆ ਕੂੜੁ ਕਬਾੜੁ ॥ ‘ਭਾਵੈ’ ਸਭੁ ਆਖਉ ਸੰਸਾਰੁ ॥ (ਮ: ੧/੬੬੨) (ਭਾਵ ਕਪਟੀ ਮਨੁੱਖ ਆਪਣੇ ਝੂਠੇ ਸਤਿਕਾਰ ਲਈ) ਸਾਰੇ ਸੰਸਾਰ ਨੂੰ ਬੇਸ਼ੱਕ ਕੂੜ-ਕਬਾੜ ਦੀਆਂ ਝੂਠੀਆਂ ਗੱਲਾਂ ਪਿਆ ਕਹੀ ਜਾਵੇ (ਪਰ ਹੇ ਪ੍ਰਭੂ ! ਕੋਈ ਵੀ ਮਨੁੱਖ ਤੁਹਾਨੂੰ ਧੋਖਾ ਨਹੀਂ ਦੇ ਸਕਦਾ।)

(4). ‘ਕਾਰਜ-ਬੋਧਕ ਸਮਾਨ ਯੋਜਕ’:– ਜੋ ‘ਸਮਾਨ ਯੋਜਕ’, ਦੋ ਸੁਤੰਤਰ ਵਾਕਾਂ ਨੂੰ ਜੋੜਦਿਆਂ, ਇੱਕ ਵਾਕ ਵਿੱਚੋਂ ‘ਕਾਰਨ’ ਅਤੇ ਦੂਸਰੇ ਵਾਕ ਵਿੱਚੋਂ ‘ਕਾਰਜ’ ਪ੍ਰਗਟ ਕਰੇ, ਉਸ ਨੂੰ ‘ਕਾਰਜ-ਬੋਧਕ ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ‘ਮੈਨੂੰ ਰੱਬ ’ਤੇ ਪੂਰਨ ਵਿਸ਼ਵਾਸ ਹੈ, ਸੋ ਡਰਨ ਦੀ ਲੋੜ ਨਹੀਂ।, ਮੇਰਾ ਗੁਰੂ ਅੰਗ-ਸੰਗ ਹੈ ‘ਇਸ ਲਈ’ ਹੌਸਲਾ ਰੱਖ।, ਮੈਂ ਅੰਮ੍ਰਿਤ ਛੱਕਿਆ ਹੈ ‘ਤਾਹੀਉਂ’ਮਾਇਆ (ਕਾਮਾਦਿਕ) ਮੈਥੋਂ ਹਾਰੇਗੀ।’, ਮੰਜ਼ਲ ਨਜ਼ਦੀਕ ਹੈ ‘ਤਾਂ ਫਿਰ’ ਹੌਂਸਲਾ ਰੱਖ। ਇਨ੍ਹਾਂ ਵਾਕਾਂ ਵਿੱਚ ‘ਸੋ ਡਰਨ ਦੀ ਲੋੜ ਨਹੀਂ।, ਹੌਸਲਾ ਰੱਖ। (ਤੇ) ਮਾਇਆ (ਕਾਮਾਦਿਕ) ਮੈਥੋਂ ਹਾਰੇਗੀ।’ ਵਾਕ ‘ਕਾਰਜ’ ਨੂੰ ਨਿਸਚਿਤ (ਸਪਸ਼ਟ) ਕਰ ਰਹੇ ਹਨ ਕਿਉਂਕਿ‘ਮੈਨੂੰ ਰੱਬ ’ਤੇ ਪੂਰਨ ਵਿਸ਼ਵਾਸ ਹੈ।, ਮੇਰਾ ਗੁਰੂ ਅੰਗ-ਸੰਗ ਹੈ।, ਮੈਂ ਅੰਮ੍ਰਿਤ ਛੱਕਿਆ ਹੈ। (ਤੇ) ਮੰਜ਼ਲ ਨਜ਼ਦੀਕ ਹੈ।’, ਵਾਕਾਂ ਰਾਹੀਂ‘ਕਾਰਨ’ ਉਪਲਬਧ ਹੈ। ਇਸ ਲਈ ਇਨ੍ਹਾਂ ਵਾਕਾਂ ’ਚ ‘ਸੋ, ਇਸ ਲਈ, ਤਾਹੀਉਂ, ਤਾਂ ਫਿਰ’ ਸ਼ਬਦ ‘ਕਾਰਜ-ਬੋਧਕ ਸਮਾਨ ਯੋਜਕ’ਹਨ। ਇਨ੍ਹਾਂ ਵਾਕਾਂ ਵਿੱਚ ‘ਕਾਰਨ’ ਮੰਜ਼ਲ ਨਹੀਂ ਹੁੰਦਾ ਬਲਕਿ ‘ਕਾਰਜ’ ਮੰਜ਼ਲ ਹੁੰਦਾ ਹੈ, ਇਸ ਲਈ ‘ਕਾਰਜ’ (ਮੰਜ਼ਲ) ਦੇ ਨਾਂ ’ਤੇ ਹੀ ਇਸ ‘ਯੋਜਕ’ ਦਾ ਨਾਮ ‘ਕਾਰਜ-ਬੋਧਕ ਸਮਾਨ ਯੋਜਕ’ ਰੱਖਿਆ ਗਿਆ ਹੈ।

ਗੁਰਬਾਣੀ ਵਿੱਚ ਕੁਝ ਕੁ ‘ਕਾਰਜ-ਬੋਧਕ ਸਮਾਨ ਯੋਜਕ’ ਸ਼ਬਦ ਹਨ ‘ਸੁ, ਯਾ ਤੇ, ਤਾਂ’ ਆਦਿ, ਜਿਨ੍ਹਾਂ ਦਾ ਅਰਥ ਹੈ ‘ਇਸ ਲਈ,ਤਾਂ ਫਿਰ, ਇਸ ਕਰਕੇ’; ਜਿਵੇਂ:

(1). ‘ਸੁ’ (ਭਾਵ ‘ਇਸ ਲਈ, ਇਸ ਕਰਕੇ’) ਗੁਰਬਾਣੀ ਵਿੱਚ ਇਹ ਸ਼ਬਦ 687 ਵਾਰ ਦਰਜ ਹੈ, ਜੋ ਆਮ ਤੌਰ ’ਤੇ ‘ਉਹ’(ਪੜਨਾਂਵ) ਅਰਥ ਦਿੰਦਾ ਹੈ; ਜਿਵੇਂ:

‘‘ਜੋ ਕਿਛੁ ਪਾਇਆ, ‘ਸੁ’ ਏਕਾ ਵਾਰ ॥’’ (ਜਪੁ /ਮ: ੧)

‘‘ਜੋ ਤਿਸੁ ਭਾਵੈ, ‘ਸੁ’ ਆਰਤੀ ਹੋਇ ॥’’ (ਮ: ੧/੧੩) ਆਦਿ।

ਪਰ ਬਹੁਤ ਹੀ ਘੱਟ ਵਾਰੀ ‘ਸੁ’ ਦਾ ਅਰਥ ‘ਇਸ ਲਈ’ (ਭਾਵ ‘ਕਾਰਜ-ਬੋਧਕ ਸਮਾਨ ਯੋਜਕ’) ਵੀ ਹੈ; ਜਿਵੇਂ:

‘‘ਗੁਰੁ ਨਵ ਨਿਧਿ ਦਰੀਆਉ; ਜਨਮ ਹਮ ਕਾਲਖ ਧੋਵੈ ॥ ‘ਸੁ’ (ਇਸ ਲਈ) ਕਹੁ ਟਲ! ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥ (ਭਟ ਕਲੵ /੧੩੯੨)

(2). ‘ਯਾ ਤੇ’ (ਭਾਵ ‘ਇਸ ਲਈ, ਇਸ ਕਰਕੇ’) ਇਹ (ਯੋਜਕ) ਸ਼ਬਦ ਗੁਰਬਾਣੀ ਵਿੱਚ ਕੇਵਲ 2 ਵਾਰ ਦਰਜ ਹੈ; ਜਿਵੇਂ:

‘‘ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ‘ਯਾ ਤੇ’ ਥਿਰੁ ਨ ਰਹਾਈ ॥’’ (ਮ: ੯/੨੧੯) (‘ਯਾ ਤੇ’ ਭਾਵ ‘ਇਸ ਲਈ’ ਮਨ ਅਡੋਲ ਨਹੀਂ ਰਹਿੰਦਾ।)

‘‘ਮਨੁ ਚੰਚਲੁ ‘ਯਾ ਤੇ’ ਗਹਿਓ ਨ ਜਾਇ ॥’’ (ਮ: ੯/੧੧੮੬) (ਭਾਵ ਮਨ ਡੋਲਦਾ ਰਹਿੰਦਾ ਹੈ ‘ਇਸ ਕਰਕੇ’ ਪਕੜਿਆ ਨਹੀਂ ਜਾਂਦਾ।)

(3). ‘ਤਾ’ (ਭਾਵ ‘ਇਸ ਲਈ, ਇਸ ਕਰਕੇ’) ਇਹ (ਯੋਜਕ) ਸ਼ਬਦ ਵੀ ਗੁਰਬਾਣੀ ਵਿੱਚ ਬਹੁਤ ਹੀ ਘੱਟ ਮਿਲਦਾ ਹੈ; ਜਿਵੇਂ:

‘‘ਸਭ ਮਹਿ ਵਰਤੈ, ਏਕੁ ਅਨੰਤਾ ॥ ‘ਤਾ’ ਤੂੰ ਸੁਖਿ ਸੋਉ, ਹੋਇ ਅਚਿੰਤਾ ॥’’ (ਮ: ੫/੧੭੬) (ਭਾਵ ਸਾਰੇ ਜੀਵਾਂ ’ਚ (ਅੰਗ-ਸੰਗ) ਅਪਾਰ ਪ੍ਰਭੂ (ਮਦਦਗਾਰ) ਵਰਤ ਰਿਹਾ ਹੈ ‘ਇਸ ਲਈ’ ਨਿਸ਼ਚਿੰਤ ਹੋ ਕੇ ਸੁਖ ਵਿੱਚ ਸੌਂ ਜਾਹ।)

(ਭਾਗ-2)

‘ਅਧੀਨ ਯੋਜਕ’ (ਇੱਕ ਮਿਸ਼ਰਤ ਵਾਕ ਵਿੱਚ ‘ਪ੍ਰਧਾਨ ਉਪ-ਵਾਕ ਅਤੇ ‘ਅਧੀਨ ਉਪ-ਵਾਕਾਂ’ ਨੂੰ ਜੋੜਨ ਵਾਲੇ ਯੋਜਕ) 7 ਪ੍ਰਕਾਰ ਦੇ ਹੁੰਦੇ ਹਨ; ਜਿਵੇਂ:

(ਯਾਦ ਰਹੇ ਕਿ ‘ਪ੍ਰਧਾਨ ਉਪ-ਵਾਕ’ ਦੀ ਕਿਰਿਆ ਨੂੰ ‘ਅਧੀਨ ਉਪ-ਵਾਕਾਂ’ ਰਾਹੀਂ ਸਪਸ਼ਟ ਕੀਤੇ ਜਾਣ ਕਾਰਨ ਹੀ ਇਸ ‘ਯੋਜਕ’ਨੂੰ ‘ਅਧੀਨ ਯੋਜਕ ਕਿਹਾ ਜਾਂਦਾ ਹੈ।)

(1). ‘ਸਮਾਨ ਅਧਿਕਰਣ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕ’ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ, ਤਾਂ ਉਸ ‘ਯੋਜਕ’ ਨੂੰ ‘ਸਮਾਨ ਅਧਿਕਰਣ ਵਾਚਕ ਅਧੀਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ:‘ਇਹ ਸੱਚ ਹੈ ‘ਕਿ’ ਮੈਨੂੰ ਇਸ ਦਾ ਪਤਾ ਨਹੀਂ ਸੀ।’, ‘ਲੀਡਰ ਇਉਂ ਭੋਲ਼ਾ ਬਣਦਾ ਹੈਂ ‘ਜਿਵੇਂ’ ਉਸ ਨੂੰ ਕੁਝ ਪਤਾ ਹੀ ਨਹੀਂ।’ ਆਦਿ, ਵਾਕਾਂ ਵਿੱਚ ‘ਕਿ’ ਅਤੇ ‘ਜਿਵੇਂ’ ਸ਼ਬਦ ‘ਸਮਾਨ ਅਧਿਕਰਣ’ (ਅਧੀਨ ਯੋਜਕ) ਹਨ।

(ਨੋਟ: ਗੁਰਬਾਣੀ ਲਿਖਤ ਕਾਵਿ ਰੂਪ ’ਚ ਹੋਣ ਕਾਰਨ ਇਹ ‘ਯੋਜਕ’ ਲਿਖਤੀ ਰੂਪ ’ਚ ਨਹੀਂ ਮਿਲ ਰਿਹਾ ਹੈ ਪਰ ਆਪਣੇ ਕੋਲੋਂ ਵਾਧੂ ਸ਼ਬਦ ‘ਕਿ’ (‘ਸਮਾਨ ਅਧਿਕਰਣ (ਅਧੀਨ ਯੋਜਕ)’ ਲਗਾਉਣ ਨਾਲ ਪੰਕਤੀ ਦੇ ਅਰਥ ਸਪੱਸ਼ਟ ਹੋ ਜਾਂਦੇ ਹਨ; ਜਿਵੇਂ:

‘‘ਐਸੋ ਅਮਰੁ ਮਿਲਿਓ ਭਗਤਨ ਕਉ, (ਕਿ) ਰਾਚਿ ਰਹੇ ਰੰਗਿ ਗਿਆਨੀ ॥’’ (ਮ: ੫/੭੧੧)

‘‘ਐਸੀ ਭਗਤਿ ਗੋਵਿੰਦ ਕੀ, (ਕਿ) ਕੀਟਿ ਹਸਤੀ ਜੀਤਾ ॥’’ (ਮ: ੫/੮੦੯)

‘‘ਐਸੀ ਮਤਿ ਦੀਜੈ ਮੇਰੇ ਠਾਕੁਰ! (ਕਿ) ਸਦਾ ਸਦਾ ਤੁਧੁ ਧਿਆਈ ॥’’ (ਮ: ੫/੬੭੩)

‘‘ਮਾਧਵੇ ! ਐਸੀ ਦੇਹੁ ਬੁਝਾਈ ॥ ਸੇਵਉ ਸਾਧ, ਗਹਉ ਓਟ ਚਰਨਾ; (ਤਾਂ ਕਿ) ਨਹ ਬਿਸਰੈ ਮੁਹਤੁ ਚਸਾਈ ॥’’ (ਮ: ੫/੬੦੯), ਆਦਿ।

(2). ‘ਕਾਰਨ ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕਾਂ’ ਦੀ ਕਿਰਿਆ ਦਾ ਕਾਰਨ ਦੱਸੇ, ਤਾਂ ਉਸ ‘ਯੋਜਕ’ ਨੂੰ ‘ਕਾਰਨ ਵਾਚਕ ਅਧੀਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ‘ਕਿਉਂਕਿ’ ਕਾਂਗਰਸ ਬੇਈਮਾਨ ਹੈ ‘ਇਸ ਲਈ’ ਹਾਰ ਗਈ।, ਜਥੇਦਾਰ ‘ਇਸ ਲਈ’ ਝੂਠ ਬੋਲਦਾ ਹੈ ‘ਕਿਉਂਕਿ’ ਕਾਣਾ ਹੈ।, ਰਾਹੁਲ ਨੇ ‘ਇਸ ਲਈ’ ਰਿਸਵਤ ਦਿੱਤੀ ‘ਤਾਂ ਜੋ’ ਕੰਮ ਹੋ ਜਾਵੇ।’ ਆਦਿ, ਵਾਕਾਂ ਵਿੱਚ ‘ਇਸ ਲਈ, ਕਿਉਂਕਿ’ ਅਤੇ ‘ਤਾਂ ਜੋ’ ਸ਼ਬਦ ‘ਕਾਰਨ ਵਾਚਕ’ (ਅਧੀਨ ਯੋਜਕ) ਹਨ।

‘ਤਾ ਤੇ’ (ਭਾਵ ‘ਇਸ ਲਈ, ਇਸ ਕਾਰਨ’) ਇਹ ਸ਼ਬਦ ਗੁਰਬਾਣੀ ਵਿੱਚ ‘ਕਾਰਨ ਵਾਚਕ (ਅਧੀਨ ਯੋਜਕ)’ ਮਿਲਦਾ ਹੈ; ਜਿਵੇਂ:

‘‘ਪ੍ਰੇਮ ਭਗਤਿ ਨਹੀ ਊਪਜੈ; ‘ਤਾ ਤੇ’ ਰਵਿਦਾਸ ਉਦਾਸ ॥’’ (ਭਗਤ ਰਵਿਦਾਸ/੩੪੬) (‘ਤਾ ਤੇ’ ਭਾਵ ‘ਇਸ ਲਈ’)

‘‘ਪ੍ਰਭ ਮਿਲਬੇ ਕੀ ਲਾਲਸਾ; ‘ਤਾ ਤੇ’, ਆਲਸੁ ਕਹਾ ਕਰਉ ਰੀ ॥’’ (ਮ: ੫/੩੮੯) (‘ਤਾ ਤੇ’ ਭਾਵ ‘ਇਸ ਲਈ’)

‘‘ਖਬਰਿ ਨ ਕਰਹਿ ਦੀਨ ਕੇ ਬਉਰੇ! ‘ਤਾ ਤੇ’ ਜਨਮੁ ਅਲੇਖੈ ॥’’ (ਭਗਤ ਕਬੀਰ/੪੮੩) (‘ਤਾ ਤੇ’ ਭਾਵ ‘ਇਸ ਕਾਰਨ’)

‘‘ਤਾ ਤੇ’, ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ; ਬਿਨਸੇ ਸਗਲ ਜੰਜਾਲ ॥’’ (ਮ: ੫/੬੭੬) (‘ਤਾ ਤੇ’ਭਾਵ ‘ਇਸ ਕਾਰਨ’)

‘‘ਜਨਮੁ ਪਾਇ ਕਛੁ ਭਲੋ ਨ ਕੀਨੋ; ‘ਤਾ ਤੇ’ ਅਧਿਕ ਡਰਉ ॥’’ (ਮ: ੯/੬੮੫) (‘ਤਾ ਤੇ’ ਭਾਵ ‘ਇਸ ਲਈ’)

‘‘ਤਾ ਤੇ’, ਕਰਣ-ਪਲਾਹ (ਤਰਲੇ) ਕਰੇ ॥ ਮਹਾ ਬਿਕਾਰ ਮੋਹ ਮਦ ਮਾਤੌ; ਸਿਮਰਤ ਨਾਹਿ ਹਰੇ ॥’’ (ਮ: ੫/੧੨੨੭) (‘ਤਾ ਤੇ’ਭਾਵ ‘ਇਸ ਲਈ’)

‘‘ਤਾ ਤੇ’, ਜਨ ਕਉ ਅਨਦੁ ਭਇਆ ਹੈ; ਰਿਦ ਸੁਧ (ਵਾਲੇ, ਪ੍ਰਭੂ ਨੂੰ) ਮਿਲੇ, (ਪਰ) ਖੋਟੇ ਪਛੁਤਾਨੈ (ਮਨ ਮੈਲੇ ਵਾਲੇ ਪਛੁਤਾਉਂਦੇ ਰਹੇ)॥’’ (ਮ: ੪/੧੩੨੦) (‘ਤਾ ਤੇ’ ਭਾਵ ‘ਇਸ ਲਈ’)

(3). ‘ਫਲ ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕਾਂ’ ਦੀ ਕਿਰਿਆ ਦਾ ਫਲ ਦੱਸੇ, ਤਾਂ ਉਸ ‘ਯੋਜਕ’ ਨੂੰ ‘ਫਲ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ: ‘ਪੁਲਿਸ ਨੇ ਚੋਰ ਨੂੰ ਇੰਨਾ ਕੁਟਿਆ ‘ਕਿ’ ਉਹ ਮਰ ਗਿਆ।, ਪੇਪਰ ਅਜਿਹਾ ਮੁਸ਼ਕਲ ਸੀ ‘ਜੁ’ (ਜਿਸ ਕਾਰਨ) ਸਾਰੇ ਫੇਲ ਹੋ ਗਏ। ’ ਆਦਿ, ਵਾਕਾਂ ਵਿੱਚ ‘ਕਿ’ ਅਤੇ‘ਜੁ’ ਸ਼ਬਦ ‘ਫਲ ਵਾਚਕ’ (ਅਧੀਨ ਯੋਜਕ) ਹਨ।

‘ਜੇ’ (ਭਾਵ ‘ਕਿ’) ਇਹ ਸ਼ਬਦ ਗੁਰਬਾਣੀ ਵਿੱਚ ‘ਫਲ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ, ਜਿਸ ਦਾ ਅਰਥ ਹੈ‘ਕਿ’; ਜਿਵੇਂ:

‘‘ਇਤੀ ਮੰਝਿ ਨ ਸਮਾਵਈ, ‘ਜੇ’ ਗਲਿ ਪਹਿਰਾ ਹਾਰੁ ॥’’ (ਮ: ੫/੧੦੯੫) (ਭਾਵ ‘ਮੇਰੇ ਤੇ ਪ੍ਰਭੂ’ ਵਿਚਕਾਰ ਇਤਨੀ ਕੁ ਵੀ ਦੂਰੀ ਨਹੀਂ ਰਹੀ ‘ਕਿ’ ਗਲ ਵਿੱਚ ਕੋਈ ਹਾਰ ਹੀ ਪਾ ਸਕਾਂ।

(4). ‘ਮੰਤਵ ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕਾਂ’ ਦੀ ਕਿਰਿਆ ਦਾ ਇਰਾਦਾ (ਮਕਸਦ, ਮੰਤਵ) ਦੱਸੇ, ਤਾਂ ਉਸ ‘ਯੋਜਕ’ ਨੂੰ ‘ਮੰਤਵ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ:‘ਉਹ ਬਹਾਨਾ ਭਾਲਦਾ ਹੈ ‘ਤਾਂ ਜੋ’ ਸਜਾ ਤੋਂ ਬਚ ਸਕੇ।, ਉਹ ਗੱਪਾਂ ਮਾਰਦਾ ਹੈ ‘ਤਾਂ ਕਿ’ ਸਮਾਂ ਬੀਤ ਜਾਏ।, ਰੋਗੀ ਇਲਾਜ ਕਰਾ ਰਿਹਾ ਹੈ ‘ਇਸ ਲਈ ਕਿ’ ਠੀਕ ਹੋ ਜਾਏ।, ਉਸ ਨੇ ਝੂਠ ਬੋਲਿਆ ‘ਮਤਾਂ’ ਮਾਰ ਪਵੇ।, ਉਹ ਖੇਡਣ ਗਿਆ ਹੈ ‘ਨਹੀਂ ਤਾਂ’ ਘਰ ਵਿੱਚ ਹੁੰਦਾ।’ ਆਦਿ, ਵਾਕਾਂ ਵਿੱਚ ‘ਤਾਂ ਜੋ, ਤਾਂ ਕਿ, ਇਸ ਲਈ ਕਿ, ਮਤਾਂ’ ਅਤੇ ‘ਨਹੀਂ ਤਾਂ’ ਸ਼ਬਦ ‘ਮੰਤਵ ਵਾਚਕ’ (ਅਧੀਨ ਯੋਜਕ) ਹਨ।

(ੳ). ‘ਕਿ’ (ਭਾਵ ‘ਤਾਂ ਜੋ’) ਇਹ ਸ਼ਬਦ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ; ਜਿਵੇਂ:

‘‘ਸੰਤ ਸਭਾ ਮਹਿ ਬੈਸਿ ‘ਕਿ’ ਕੀਰਤਿ ਮੈ ਕਹਾਂ ॥’’ (ਮ: ੫/੧੩੬੧) (‘ਕਿ’ ਭਾਵ ਤਾਂ ਜੋ)

(ਅ). ‘ਮਤੁ’ (ਭਾਵ ‘ਵੇਖੀ ਕਿਤੇ’ ਜਾਂ ‘ਮਤਾਂ’) ਇਹ ਸ਼ਬਦ ਵੀ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦੇ ਹਨ; ਜਿਵੇਂ:

‘‘ਆਉ ਸਭਾਗੀ ਨੀਦੜੀਏ ! ‘ਮਤੁ’ ਸਹੁ ਦੇਖਾ ਸੋਇ ॥’’ (ਮ: ੧/੫੫੮)

‘‘ਖਰਚੁ ਬੰਨੁ ਚੰਗਿਆਈਆ; ‘ਮਤੁ’ ਮਨ ਜਾਣਹਿ ਕਲੁ ॥’’ (ਮ: ੧/੫੯੫)

‘‘ਤਜਿ ਮਾਨੁ ਸਖੀ ! ਤਜਿ ਮਾਨੁ ਸਖੀ! ‘ਮਤੁ’ ਆਪਣੇ ਪ੍ਰੀਤਮ ਭਾਵਹ ॥’’ (ਮ: ੫/੮੪੭)

‘‘ਗੁਰ ਪਰਸਾਦੀ ਹਰਿ ਪਾਈਐ; ‘ਮਤੁ’ ਕੋ ਭਰਮਿ ਭੁਲਾਹਿ ॥’’ (ਮ: ੧/੯੩੬)

‘‘ਗਰਬੁ ਨ ਕੀਜੈ ਨਾਨਕਾ! ‘ਮਤੁ’ ਸਿਰਿ ਆਵੈ ਭਾਰੁ ॥’’ (ਮ: ੧/੯੫੬)

‘‘ਹਉ ਖੜੀ ਨਿਹਾਲੀ ਪੰਧੁ; ‘ਮਤੁ’ ਮੂੰ ਸਜਣੁ ਆਵਏ ॥’’ (ਮ: ੪/੧੪੨੧)

(ੲ). ‘ਨਾਤਰੁ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ; ਜਿਵੇਂ:

‘‘ਘਰ ਛੋਡੇਂ, ਬਾਹਰਿ ਜਿਨਿ (ਮਤਾਂ, ਨਾ) ਜਾਇ ॥ ‘ਨਾਤਰੁ’ (ਨਹੀਂ ਤਾਂ) ਖਰਾ (ਬਹੁਤ) ਰਿਸੈ ਹੈ (ਖਿੱਝ ਜਾਏਗਾ) ਰਾਇ (ਮਨ-ਰਾਜਾ)॥’’ (ਭਗਤ ਕਬੀਰ/੩੪੪)

(ਸ). ‘ਨਾਤਰ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਵੀ ਗੁਰਬਾਣੀ ਵਿੱਚ 1 ਵਾਰ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ; ਜਿਵੇਂ:

‘‘ਸੂਧੇ ਸੂਧੇ ਰੇਗਿ ਚਲਹੁ ਤੁਮ; ‘ਨਤਰ’ ਕੁਧਕਾ ਦਿਵਈਹੈ ਰੇ ॥’’ (ਭਗਤ ਕਬੀਰ/੮੫੫) (‘ਨਤਰ’ ਭਾਵ ‘ਨਹੀਂ ਤਾਂ’)

(ਹ). ‘ਨਾਹਿ ਤ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦੇ ਹਨ; ਜਿਵੇਂ:

‘‘ਨਾਨਕ! ਬਖਸੇ ਬਖਸੀਅਹਿ, ‘ਨਾਹਿ ਤ’ ਪਾਹੀ ਪਾਹਿ ॥’’ (ਮ: ੧/੧੪੯)

‘‘ਨਾਨਕ! ਗੁਰਮੁਖਿ ਹੋਵਹਿ ਤਾ ਉਬਰਹਿ, ‘ਨਾਹਿ ਤ’ ਬਧੇ ਦੁਖ ਸਹਾਹਿ ॥’’ (ਮ: ੩/੫੯੧)

‘‘ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ, ‘ਨਾਹਿ ਤ’ ਜਾਹਿਗਾ ਜਨਮੁ ਗਵਾਇ ॥’’ (ਮ: ੩/੬੦੩)

‘‘ਨਾਹਿ ਤ’, ਚਲੀ ਬੇਗਿ ਉਠਿ ਨੰਗੇ ॥’’ (ਭਗਤ ਕਬੀਰ/੮੭੨)

‘‘ਕਹਿ ਕਬੀਰ, ਰਾਮੈ ਰਮਿ ਛੂਟਹੁ, ‘ਨਾਹਿ ਤ’ ਬੂਡੇ ਭਾਈ ॥’’ (ਭਗਤ ਕਬੀਰ/੧੧੦੩)

‘‘ਸਾਬਤੁ ਰਖਹਿ ਤ ਰਾਮ ਭਜੁ, ‘ਨਾਹਿ ਤ’ ਬਿਨਠੀ ਬਾਤ ॥’’ (ਭਗਤ ਕਬੀਰ/੧੩੭੬)

(ਕ). ‘ਨਾਹੀ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ; ਜਿਵੇਂ:

‘‘ਚੇਤਿ ਰਾਮੁ ‘ਨਾਹੀ’ ਜਮ ਪੁਰਿ ਜਾਹਿਗਾ, ਜਨੁ (ਜਾਣੋ) ਬਿਚਰੈ ਅਨਰਾਧਾ (ਅਮੋੜ)॥’’ (ਭਗਤ ਬੇਣੀ/੯੩)