ਪੰਜਾਬ ’ਚ ਹੜਾਂ ਨਾਲ ਹੁੰਦੀ ਤਬਾਹੀ  ਦੇ ਕਾਰਨ ਅਤੇ ਹੱਲ

0
93

ਪੰਜਾਬ ਚ ਹੜਾਂ ਨਾਲ ਹੁੰਦੀ ਤਬਾਹੀ  ਦੇ ਕਾਰਨ ਅਤੇ ਹੱਲ

ਕਿਰਪਾਲ ਸਿੰਘ (ਬਠਿੰਡਾ)-98554-80797

ਪੰਜਾਬ ’ਚ ਹੜ੍ਹ ਪਹਿਲੀ ਵਾਰ ਨਹੀਂ ਆਏ ਸਗੋਂ ਇਸ ਤੋਂ ਪਹਿਲਾਂ ਵੀ ਸੰਨ 1947, 1955, 1988, 1993, 2023 ’ਚ ਹੜ੍ਹਾਂ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀ।

ਪੰਜਾਬ ਵਿੱਚ ਬਰਸਾਤਾਂ ਦੇ ਮੌਸਮ ’ਚ ਹੜ੍ਹ ਆਉਣ ਦੇ ਦੋ ਮੁੱਖ ਕਾਰਨ ਹੁੰਦੇ ਹਨ। ਇੱਕ ਜਦੋਂ ਪਹਾੜਾਂ ਸਣੇ ਪੰਜਾਬ ਦੀ ਧਰਤੀ ’ਤੇ ਵੀ ਬਹੁਤ ਵੱਡੇ ਪੱਧਰ ’ਤੇ ਬਰਸਾਤ ਹੋਵੇ; ਜਿਵੇਂ ਕਿ 1955, 1988 ਅਤੇ 1993 ਦੇ ਸਾਲਾਂ ਵਿੱਚ ਹੋਈ ਸੀ। ਸੰਨ 1947 ਤੇ 1955 ਦੇ ਅਜਿਹੇ ਹੜ੍ਹ ਸਨ, ਜੋ ਪੰਜਾਬ ਦੇ ਦਰਿਆਵਾਂ ’ਤੇ ਡੈਮ ਬਣਨ ਤੋਂ ਪਹਿਲਾਂ ਆਏ ਸਨ।  1955 ਦੇ ਹੜ੍ਹਾਂ ਨੇ ਬਹੁਤ ਵੱਡੇ ਪੱਧਰ ’ਤੇ ਜਾਨੀ ਅਤੇ ਮਾਲੀ ਤਬਾਹੀ ਕੀਤੀ ਸੀ।  ਇਨ੍ਹਾਂ ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਬਹੁਤ ਵੱਡੀ ਪੂੰਜੀ ਖਰਚ ਕੇ ਵੱਡੇ ਪੱਧਰ ’ਤੇ ਪੰਜਾਬ ’ਚ ਡਰੇਨਾਂ ਕੱਢੀਆਂ ਸਨ ਅਤੇ ਦਰਿਆਵਾਂ ’ਤੇ ਧੂੱਸੀ ਬੰਧ ਬਣਾਏ ਸਨ।

ਪੰਜਾਬ ਦਾ ਸਾਰਾ ਖਿੱਤਾ ਇਸ ਦੇ ਚਾਰ ਦਰਿਆਵਾਂ (ਰਾਵੀ, ਬਿਆਸ, ਸਤਲੁਜ ਅਤੇ ਘੱਗਰ) ਦਾ ਬੇਸਿਨ ਹੈ, ਇਸ ਲਈ ਵੱਖ ਵੱਖ ਭੂਗੋਲਿਕ ਸਥਿਤੀ ਅਨੁਸਾਰ ਪੰਜਾਬ ਦੇ ਕੁਦਰਤੀ ਪਾਣੀ ਦੇ ਵਹਾਅ ਦੇ ਸਾਰੇ ਸਰੋਤ; ਜਿਵੇਂ ਕਿ ਨਾਲੇ, ਡਰੇਨਾਂ, ਚੋਆਂ ਆਦਿ ਅਲੱਗ ਅਲੱਗ ਕਿਸੇ ਇੱਕ ਜਾਂ ਦੂਜੇ ਦਰਿਆ ’ਚ ਜਾ ਕੇ ਡਿੱਗਦੇ ਹਨ। ਪੰਜਾਬ ਦੇ ਦਰਿਆਵਾਂ ਦੇ ਹਿਮਾਚਲ ਅਤੇ ਜੰਮੂ ਦੀਆਂ ਉੱਚੀਆਂ ਪਹਾੜੀਆਂ ’ਚ ਪੈਂਦੇ ਪਹਾੜੀ ਕੈਚਮੈਂਟ ਏਰੀਏ ’ਚ ਮੌਸਮੀ ਤਬਦੀਲੀਆਂ ਕਾਰਨ ਕਈ ਵਾਰ ਬੱਦਲ ਫਟਣ ਭਾਵ ਇਕਦਮ ਬਹੁਤ ਜ਼ਿਆਦਾ ਮੀਹ ਪੈ ਜਾਣ ਕਾਰਨ ਦਰਿਆਵਾਂ ’ਚ ਇਕ ਦਮ ਮਣਾ ਮੂੰਹੀਂ ਪਾਣੀ ਆ ਜਾਂਦਾ ਹੈ; ਜਿਵੇਂ ਕਿ ਹਿਮਾਚਲ ਦੇ ਕੁੱਲੂ ਸ਼ਹਰ ਨੇੜੇ ਅਗਸਤ ਮਹੀਨੇ ’ਚ ਕਈ ਵੇਰ ਹੋਇਆ, ਜਿਸ ਨਾਲ ਬਿਆਸ ਦਰਿਆ ’ਚ ਬੇਤਹਾਸ਼ਾ ਪਾਣੀ ਆ ਗਿਆ; ਜੋ ਪਹਾੜੀ ਗਾਰ, ਪੱਥਰ ਆਦਿ ਨੂੰ ਧੱਕਦਾ ਹੋਇਆ ਦਰਿਆਵਾਂ ਰਾਹੀਂ ਡੈਮਾਂ ਨੂੰ ਚੀਰਦਾ ਹੋਇਆ ਪੰਜਾਬ ਦੇ ਮੈਦਾਨੀ ਖੇਤਰਾਂ ’ਚ ਪ੍ਰਵੇਸ਼ ਕਰਦਾ ਹੈ, ਜੋ ਕਿ ਅੱਗੇ ਦਰਿਆਵਾਂ ਦੇ ਬੰਧਾਂ ਅਤੇ ਕੰਢਿਆਂ ਨੂੰ ਤੋੜਦਾ ਹੋਇਆ ਆਪਣੀ ਗਤੀ (ਤਾਕਤ) ਨਾਲ ਰਸਤੇ ’ਚ ਆਉਂਦੇ ਹਰੇਕ ਢਾਂਚੇ ਅਤੇ ਰੋਕ ਨੂੰ ਵਹਾਅ ਕੇ ਲੈ ਜਾਂਦਾ ਹੈ।

ਦਰਿਆਵਾਂ ’ਚ ਸਦੀਆਂ ਤੋਂ ਵਗਦਾ ਪਾਣੀ ਕੁਦਰਤ ਦੇ ਅਸੂਲਾਂ ਅਨੁਸਾਰ ਨਾਲ ਚੱਲਦਾ ਹੈ। ਸੰਨ 1926 ’ਚ ਸਤਲੁਜ ਵੈੱਲੀ ਪ੍ਰੋਜੈਕਟ ਬਣਾਇਆ ਗਿਆ, ਜਿਸ ਦੇ ਨਿਵਾਣਾਂ ਅਤੇ ਦੂਰੀ ਸਬੰਧੀ ਅੰਕੜੇ ਉਪਲੱਬਧ ਹਨ, ਜੋ ਕਿ ਹੇਠਾਂ ਲਿਖੇ ਅਨੁਸਾਰ ਹਨ :-

ਰੋਪੜ ਹੈੱਡਵਰਕਸ ਤੋਂ ਫਿਲੌਰ ਦੇ ਪੁਲ ਤੱਕ 55 ਮੀਲ ਦੀ ਦੂਰੀ ਤੱਕ ਸਤਲੁਜ ਦਰਿਆ ਦੀ ਨਿਵਾਣ 1.78 ਫੁੱਟ ਪ੍ਰਤੀ ਮੀਲ ਹੈ ਅਤੇ ਇਸ ਤੋਂ ਅੱਗੇ ਹਰੀਕੇ ਹੈੱਡਵਰਕ ਤੱਕ 65 ਮੀਲ ਦੀ ਦੂਰੀ ਤੱਕ ਇਹ ਨਿਵਾਣ 1.50 ਫੁੱਟ ਪ੍ਰਤੀ ਮੀਲ ਹੈ। ਇਸੇ ਤਰ੍ਹਾਂ ਹਰੀਕੇ ਤੋਂ ਫਿਰੋਜ਼ਪੁਰ ਹੈੱਡਵਰਕਸ ਤੱਕ 32 ਮੀਲ ’ਚ ਇਹ ਨਿਵਾਣ 1.12 ਫੁੱਟ ਪ੍ਰਤੀ ਮੀਲ ਹੈ ਤੇ ਉਸ ਤੋਂ ਹੇਠਾਂ ਹੁਸੈਨੀਵਾਲਾ (ਫਿਰੋਜ਼ਪੁਰ) ਹੈੱਡਵਰਕਸ ਤੋਂ ਸੁਲੇਮਾਨਕੀ ਹੈੱਡਵਰਕਸ (ਪਾਕਿਸਤਾਨ) ਤੱਕ 78 ਮੀਲ ਦੀ ਦੂਰੀ ’ਚ ਇਹ ਨਿਵਾਣ ਲਗਭਗ 1.00 ਫੁੱਟ ਪ੍ਰਤੀ ਮੀਲ ਹੈ। ਇਸ ਤੋਂ ਸ਼ਪਸ਼ਟ ਹੈ ਕਿ ਪੰਜਾਬ ’ਚ ਦਰਿਆਵਾਂ ਦੀ ਢਲਾਣ ਬਹੁਤ ਘੱਟ ਹੋਣ ਕਾਰਨ ਇਨ੍ਹਾਂ ’ਚ ਹੜ੍ਹ ਦੇ ਪਾਣੀ ਦਾ ਵਹਾਅ ਹਮੇਸ਼ਾਂ ਇੱਕ ਕੁਦਰਤੀ ਚੁਣੌਤੀ ਬਣਿਆ ਰਹਿੰਦਾ ਹੈ।

ਜਦੋਂ ਦਰਿਆ ਦਾ ਪਾਣੀ ਇੱਕ ਡੈਮ/ਹੈੱਡਵਰਕਸ ਤੋਂ ਨਿਕਲ ਕੇ ਦੂਜੇ ਹੈੱਡਵਰਕਸ ਵੱਲ ਚਲਦਾ ਹੈ ਤਾਂ ਇਹ ਆਪਣੀ ਤਾਕਤ ਨਾਲ ਦਰਿਆ ਦੀ ਮਿੱਟੀ ਵੀ ਆਪਣੇ ਨਾਲ ਖੋਰ ਕੇ ਲੈ ਜਾਂਦਾ ਹੈ ਤੇ ਅੱਗੇ ਜਾ ਕੇ ਅਗਲੇ ਹੈੱਡਵਰਕਸ ਤੋਂ ਪਹਿਲਾਂ ਜਦੋਂ ਇਸ ਪਾਣੀ ਦੀ ਗਤੀ ਘਟਦੀ ਹੈ ਤਾਂ ਇਹ ਪਾਣੀ ਮਿੱਟੀ ਨੂੰ ਉੱਥੇ ਹੀ ਛੱਡ ਦਿੰਦਾ ਹੈ। ਇਸ ਤਰ੍ਹਾਂ ਹੇਠਲੇ ਹੈੱਡਵਰਕਸ ਦੇ ਗੇਟਾਂ ਤੋਂ ਪਹਿਲਾਂ ਬਣੀ ਝੀਲ ’ਚ ਮਿੱਟੀ/ਗਾਰ ਜਮ੍ਹਾਂ ਹੁੰਦੀ ਰਹਿੰਦੀ ਹੈ। ਹੌਲ਼ੀ ਹੌਲ਼ੀ ਇਹ ਅਜਿਹੇ ਹੈੱਡਵਰਕਸ ਤੋਂ ਉੱਪਰ ਵਾਲੇ ਪਾਸੇ ਨੂੰ ਦਰਿਆ ’ਚ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਕ ਸਮੇਂ ਤੋਂ ਬਾਅਦ ਇਨ੍ਹਾਂ ਦੋਵਾਂ ਹੈੱਡਵਰਕਸ ਦੇ ਖਿੱਤੇ ਵਿਚਕਾਰ ਮਿੱਟੀ ਇਕ ਬਰਾਬਰ ’ਤੇ ਆ ਜਾਂਦੀ ਹੈ। ਦਰਿਆ ਦਾ ਇਹੀ ਉਹ ਹਿੱਸਾ ਹੁੰਦਾ ਹੈ, ਜਿੱਥੇ ਹਰ ਹੜ੍ਹ ਦੇ ਸਮੇਂ ਦਰਿਆਵਾਂ ਦੇ ਧੁੱਸੀ ਬੰਨ ਟੁੱਟ ਜਾਂਦੇ ਹਨ ਕਿਉਂਕਿ ਇਨ੍ਹਾਂ ਥਾਵਾਂ ’ਤੇ ਦਰਿਆ ਦਾ ਪਾਣੀ ਲੰਘਣ ਲਈ ਲੋੜੀਂਦੀ ਡੂੰਘਾਈ ਨਹੀਂ ਬਚਦੀ।

ਸਤਲੁਜ ਦਰਿਆ ਦਾ ਨੰਗਲ ਡੈਮ ਤੋਂ ਛੱਡਿਆ ਪਾਣੀ ਅਨੰਦਪੁਰ ਸਾਹਿਬ ਨੇੜਲੇ ਇਲਾਕੇ ’ਚ ਆਪਣਾ ਰੇਤਾ ਛੱਡ ਦਿੰਦਾ ਹੈ, ਜਿੱਥੇ ਦਰਿਆ ਦਾ ਤਲ ਉੱਚਾ ਹੋ ਜਾਣ ਕਾਰਨ ਅਤੇ ਹਿਮਾਚਲ ਵੱਲੋਂ ਆਉਂਦੀ ਨਦੀ ਦੇ ਪਾਣੀ ਕਾਰਨ ਇਲਾਕੇ ਨੂੰ ਹੜ੍ਹ ਦੀ ਮਾਰ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

ਰੋਪੜ ਹੈੱਡਵਰਕਸ ਤੋਂ ਛੱਡਿਆ ਦਰਿਆ ਸਤਲੁਜ ਦਾ ਪਾਣੀ ਫਿਲੌਰ ਤੱਕ ਦਰਿਆ ਦੀ ਮਿੱਟੀ ਖੋਰਦਾ ਹੈ ਤੇ ਫਿਲੌਰ ਤੋਂ ਗਿੱਦੜ ਪਿੰਡੀ ਯਾਨੀ ਕੁਝ ਕਿਲੋਮੀਟਰ ਤੱਕ ਸ਼ਾਂਤ ਚਲਦਾ ਹੈ। ਗਿੱਦੜ ਪਿੰਡੀ ਅਤੇ ਯੂਸਫਪੁਰ ਪਿੰਡ ਨੇੜੇ ਪਾਣੀ ਆਪਣੇ ਨਾਲ ਲਿਆਂਦੀ ਮਿੱਟੀ ਨੂੰ ਦਰਿਆ ਦੀ ਸਤਹ ’ਤੇ ਛੱਡਦਾ ਹੋਇਆ ਹਰੀਕੇ ਪਹੁੰਚਦਾ ਹੈ। ਗਿੱਦੜ ਪਿੰਡੀ ਦੇ ਇਲਾਕੇ ’ਚ ਇਸ ਤਰ੍ਹਾਂ ਛੱਡੀ ਮਿੱਟੀ ਕਾਰਨ ਉੱਚਾ ਹੋਇਆ ਦਰਿਆ ਦਾ ਤਲ; ਇਸ ਇਲਾਕੇ ’ਚ ਹੜ੍ਹਾਂ ਦਾ ਕਾਰਨ ਬਣਦਾ ਹੈ। ਦੇਖਿਆ ਜਾ ਸਕਦਾ ਹੈ ਕਿ ਗਿੱਦੜ ਪਿੰਡੀ ਵਾਲੇ ਰੇਲਵੇ ਪੁੱਲ ਦੇ ਹੇਠਾਂ ਪਿਛਲੇ 50 ਸਾਲਾਂ ’ਚ 20 ਫੁੱਟ ਦੇ ਕਰੀਬ ਰੇਤਾ ਜਮ੍ਹਾਂ ਹੋਇਆ ਹੈ। ਇਸੇ ਤਰ੍ਹਾਂ ਹਰੀਕੇ ਹੈੱਡਵਰਕਸ ਬਣਨ ਤੋਂ ਬਾਅਦ, ਗੋਇੰਦਵਾਲ ਸਾਹਿਬ ਦੇ ਪੁਲ ਅਤੇ ਮੁੰਡਾ ਪਿੰਡ ਦੇ ਨੇੜਲੇ ਇਲਾਕੇ ’ਚ ਵਗਦੇ ਬਿਆਸ ਦਰਿਆ ਵਿੱਚ ਕਈ ਫੁੱਟ ਤੱਕ ਰੇਤ ਜਮ੍ਹਾਂ ਹੋਈ ਹੈ ਜੋ ਕਿ ਪੌਂਗ ਡੈਮ ’ਚੋਂ ਭਾਰੀ ਬਰਸਾਤਾਂ ਸਮੇਂ ਛੱਡੇ ਪਾਣੀ ਕਾਰਨ ਤਬਾਹੀ ਦਾ ਮੰਜ਼ਰ ਬਣਦੀ ਹੈ।

ਸੰਨ 1928 ’ਚ ਬਣਾਏ ਗਏ ਫਿਰੋਜ਼ਪੁਰ ਹੈੱਡਵਰਕਸ ਦੀ ਪਾਣੀ ਭੰਡਾਰਨ ਸਮਰੱਥਾ 24,000 ਏਕੜ ਫੁੱਟ (ਇੱਕ ਏਕੜ ’ਚ ਇੱਕ ਫੁੱਟ ਪਾਣੀ ਖੜ੍ਹਾ ਕਰਨਾ ਹੀ ਇੱਕ ਏਕੜ ਫੁੱਟ ਹੁੰਦਾ ਹੈ) ਰੱਖੀ ਗਈ ਸੀ, ਪਰ ਲਗਾਤਾਰ ਗਾਰ/ਰੇਤ ਜਮ੍ਹਾਂ ਹੋਣ ਕਾਰਨ ਅੱਜ ਕੱਲ੍ਹ ਇਸ ਦੀ ਪਾਣੀ ਭੰਡਾਰ ਕਰਨ ਦੀ ਸਮਰੱਥਾ ਘਟ ਕੇ ਕੇਵਲ 5000 ਏਕੜ ਫੁੱਟ ਦੇ ਕਰੀਬ ਹੀ ਰਹਿ ਗਈ ਹੈ। ਇਸੇ ਤਰ੍ਹਾਂ ਸੰਨ 1955 ’ਚ ਬਣਾਏ ਗਏ ਹਰੀਕੇ ਹੈੱਡਵਰਕਸ ਦੀ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ 67,900 ਏਕੜ ਫੁੱਟ ਰੱਖੀ ਗਈ ਸੀ, ਜੋ ਲਗਾਤਾਰ ਗਾਰ ਜਮ੍ਹਾਂ ਹੋਣ ਨਾਲ਼ ਇਸ ਦੀ ਸਮਰੱਥਾ ਲਗਭਗ 10,000 ਏਕੜ ਫੁੱਟ ਰਹਿ ਗਈ ਹੈ।

ਅਣਕਿਆਸੀਆਂ ਭਾਰੀ ਬਰਸਾਤਾਂ ਵੇਲ਼ੇ ਜੇ ਪਰੋਟੋਕੋਲ ਮੁਤਾਬਕ ਡੈਮਾਂ ਤੋਂ ਪਾਣੀ ਨਾ ਛੱਡਿਆ ਜਾਵੇ ਤਾਂ ਡੈਮ ਟੁੱਟਣ ਦਾ ਖਤਰਾ ਹੈ, ਜੋ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਭਾਰੀ ਬਰਸਾਤਾਂ ਸਮੇਂ ਸਤਲੁਜ ਦਰਿਆ ’ਤੇ ਬਣੇ ਭਾਖੜਾ ਡੈਮ, ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਅਤੇ ਰਾਵੀ ਦਰਿਆ ’ਤੇ ਬਣੇ ਰਣਜੀਤ ਸਾਗਰ ਡੈਮ ਤੋਂ ਵਾਧੂ ਪਾਣੀ ਦਰਿਆਵਾਂ ’ਚ ਛੱਡਣਾ ਮਜਬੂਰੀ ਹੁੰਦਾ ਹੈ।

ਪਿਛਲੇ ਸਮੇਂ ਸੰਨ 1947, 1955, 1988 ਅਤੇ 1993 ਦੇ ਹੜ੍ਹਾਂ ਵੇਲ਼ੇ ਦਰਿਆਵਾਂ ’ਚ ਹੈੱਡ ਵਰਕਸ/ਡੈਮਾਂ ਵੱਲੋਂ ਛੱਡੇ ਗਏ ਪਾਣੀ ਦੀ ਮਿਕਦਾਰ ਨੂੰ ਵਿਚਾਰਨ ਉਪਰੰਤ ਮੌਜੂਦਾ ਸਮੇਂ ਹੜਾਂ ਨਾਲ ਹੋ ਰਹੀ ਤਬਾਹੀ ਦੀ ਤਸਵੀਰ ਸਪਸ਼ਟ ਹੋ ਜਾਂਦੀ ਹੈ। ਸਤੰਬਰ 1947 ’ਚ ਪਈ ਭਾਰੀ ਬਰਸਾਤ ਕਾਰਨ 26 ਸਤੰਬਰ ਨੂੰ ਸਤਲੁਜ ਦਰਿਆ ਦੇ ਰੋਪੜ ਹੈੱਡਵਰਕਸ ਤੋਂ 4.90 ਲੱਖ ਕਿਊਸਿਕ ਪਾਣੀ ਹੇਠਾਂ ਵੱਲ ਲੰਘਿਆ, ਜੋ ਕਿ ਦੋ ਦਿਨਾਂ ਬਾਅਦ 28 ਸਤੰਬਰ ਨੂੰ ਫਿਰੋਜ਼ਪੁਰ ਹੈੱਡ ਵਰਕਸ ਤੋਂ ਲੰਘਣ ਵੇਲੇ 6.36 ਲੱਖ ਕਿਊਸਿਕ ਹੋ ਗਿਆ ਅਤੇ ਸੁਲੇਮਾਨਕੀ ਹੈੱਡਵਰਕ ਤੋਂ 30 ਸਤੰਬਰ ਨੂੰ 7.38 ਲੱਖ ਕਿਊਸਿਕ ਪਾਣੀ ਲੰਘਿਆ। ਰੋਪੜ ਹੈੱਡਵਰਕ ਤੋਂ ਲੰਘੇ ਪਾਣੀ ਤੋਂ ਬਾਅਦ ਫਿਰੋਜਪੁਰ ਅਤੇ ਸੁਲੇਮਾਨਕੀ ਹੈੱਡਵਰਕਸ ਉੱਤੇ ਪਾਣੀ ਵਧਣ ਦਾ ਕਾਰਨ ਸਤਲੁਜ ਦੇ ਪਾਣੀ ’ਚ ਹਰੀਕੇ ਵਿਖੇ ਬਿਆਸ ਦੇ ਪਾਣੀ ਦਾ ਰਲਣਾ ਅਤੇ ਮੀਂਹ ਕਾਰਨ ਹੇਠਲੇ ਇਲਾਕਿਆਂ ’ਚ ਨਦੀਆਂ ਨਾਲਿਆਂ ਰਾਹੀਂ ਪਾਣੀ ਦਾ ਦਰਿਆ ’ਚ ਪੈਣਾ ਸੀ।

ਸੰਨ 1955 ਦੇ ਅਕਤੂਬਰ ਮਹੀਨੇ ’ਚ ਆਏ ਹੜ੍ਹਾਂ ਤੋਂ ਪਹਿਲਾਂ ਹਰੀਕੇ ਹੈੱਡਵਰਕਸ ਬਣ ਚੁੱਕਿਆ ਸੀ। ਇਸ ਲਈ ਸਤਲੁਜ ਅਤੇ ਬਿਆਸ ਦਰਿਆ ਦਾ 8.00 ਲੱਖ ਕਿਊਸਿਕ ਪਾਣੀ ਇਕੱਠਾ ਹੋ ਕੇ ਇਸ ਹੈੱਡਵਰਕਸ ਤੋਂ 2 ਅਕਤੂਬਰ ਨੂੰ ਲੰਘਿਆ, ਜੋ ਕਿ ਅੱਗੇ ਹੋਰ ਲੋਕਲ ਪਾਣੀ ਦੇ ਰਲੇਵੇਂ ਕਾਰਨ ਫਿਰੋਜ਼ਪੁਰ ਹੈੱਡ ਵਰਕਸ ਤੋਂ 9 ਲੱਖ ਕਿਊਸਿਕ ਪਾਣੀ ਲੰਘ ਗਿਆ।

ਸੰਨ 1988 ਦੇ ਹੜ੍ਹਾਂ ਦੌਰਾਨ ਰੋਪੜ ਹੈੱਡਵਰਕਸ ਤੋਂ ਮਿਤੀ 26 ਸਤੰਬਰ ਨੂੰ 4.78 ਲੱਖ ਕਿਊਸਿਕ ਪਾਣੀ ਛੱਡਿਆ, ਜੋ ਕਿ ਹਰੀਕੇ ਹੈੱਡਵਰਕਸ ਤੋਂ ਮਿਤੀ 28 ਸਤੰਬਰ ਨੂੰ ਲੰਘਣ ਸਮੇਂ 5.74 ਲੱਖ ਕਿਊਸਿਕ ਹੋ ਗਿਆ ਅਤੇ 29 ਸਤੰਬਰ ਨੂੰ ਫਿਰੋਜ਼ਪੁਰ ਹੈੱਡਵਰਕਸ ਤੱਕ ਇਹ ਪਾਣੀ 9.00 ਲੱਖ ਕਿਊਸਿਕ ਹੋ ਗਿਆ। ਇਸੇ ਤਰ੍ਹਾਂ ਸੰਨ 1993 ਦੇ ਹੜ੍ਹਾਂ ਵੇਲ਼ੇ ਵੀ ਰੋਪੜ ਹੈੱਡਵਰਕਸ ਤੋਂ ਲਗਭਗ 4.00 ਲੱਖ ਕਿਊਸਿਕ ਪਾਣੀ ਲੰਘਿਆ ਸੀ।

ਭਾਵੇਂ ਕਿ 1988 ਤੇ 1993 ’ਚ ਦਰਿਆਵਾਂ ਵਿੱਚੋਂ ਲੰਘਣ ਵਾਲਾ ਪਾਣੀ 1947 ਅਤੇ 1955 ਤੋਂ ਘੱਟ ਸੀ, ਪਰ ਫਿਰ ਵੀ ਇਨ੍ਹਾਂ ਸਾਲਾਂ ’ਚ ਹੜ੍ਹਾਂ ਨੇ ਵਿਆਪਕ ਤਬਾਹੀ ਕੀਤੀ ਕਿਉਂਕਿ ਇਸ ਸਮੇਂ ਦੌਰਾਨ ਦਰਿਆਵਾਂ ’ਚ ਗਾਰ/ਰੇਤਾ ਜਮ੍ਹਾਂ ਹੋਣ ਨਾਲ ਦਰਿਆਵਾਂ ’ਚ ਪਾਣੀ ਵਗਣ ਦੀ ਸਮਰੱਥਾ ਘਟ ਚੁੱਕੀ ਸੀ। ਹੁਣ ਹਾਲਾਤ ਇਹ ਹਨ ਕਿ ਜੇ ਸਤਲੁਜ ਅਤੇ ਬਿਆਸ ਦਰਿਆ ’ਚ 1.5 ਲੱਖ ਕਿਊਸਿਕ ਪਾਣੀ ਵੀ ਛੱਡਿਆ ਜਾਵੇ ਤਾਂ ਭੀ ਇਹ ਹੇਠਲੇ ਪਾਸੇ ਭਿਆਨਕ ਤਬਾਹੀ ਲਿਆ ਦਿੰਦਾ ਹੈ।

2023 ’ਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਲੋਕ ਅਜੇ ਉੱਭਰ ਹੀ ਰਹੇ ਸਨ ਕਿ ਹੁਣ ਮੁੜ ਤੋਂ ਹੜ੍ਹਾਂ ਦਾ ਪਾਣੀ 8 ਜ਼ਿਲ੍ਹਿਆਂ ’ਚ ਆ ਪਹੁੰਚਿਆ। ਪਹਿਲੇ ਹੜ੍ਹਾਂ ਮੌਕੇ ਹਿਮਾਚਲ ਦੇ ਨਾਲ-ਨਾਲ਼ ਪੰਜਾਬ ’ਚ ਵੀ ਭਾਰੀ ਮੀਂਹ ਪੈਂਦਾ ਰਿਹਾ, ਪਰ ਹੁਣ ਮੀਂਹ ਕੇਵਲ ਹਿਮਾਚਲ ’ਚ ਹੀ ਪਏ ਹਨ। ਪਿਛਲੇ ਦਿਨਾਂ ਤੋਂ ਪੰਜਾਬ ਵਾਸੀਆਂ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਡੈਮਾਂ ’ਚੋਂ ਪਾਣੀ ਛੱਡੇ ਜਾਣ ’ਤੇ ਸੁਆਲ ਉਠਾਏ ਹਨ। ਮਿਲੀਆਂ ਸੂਚਨਾਵਾਂ ਮੁਤਾਬਕ ਭਾਖੜਾ ਡੈਮ ’ਚ ਪਾਣੀ ਦੀ ਆਮਦ 11 ਅਗਸਤ ਤੋਂ ਲਗਾਤਾਰ ਵਧਣੀ ਸ਼ੁਰੂ ਹੋ ਗਈ ਸੀ, ਜੋ 16 ਅਗਸਤ ਤੱਕ ਲਗਾਤਾਰ ਵਧਦੀ ਗਈ। ਆਮ ਦਿਨਾਂ ’ਚ ਪਾਣੀ ਦੀ ਆਮਦ ਨਾਲੋਂ 14 ਅਤੇ 15 ਅਗਸਤ ਨੂੰ ਡੈਮ ’ਚ ਪਾਣੀ ਦੀ ਆਮਦ ਲਗਭਗ ਦੁੱਗਣੀ ਸੀ। ਇਸੇ ਤਰ੍ਹਾਂ ਪੌਂਗ ਡੈਮ ’ਚ ਭੀ ਪਾਣੀ ਦਾ ਪੱਧਰ 12 ਅਗਸਤ ਤੋਂ ਲਗਾਤਾਰ ਵਧਣ ਲੱਗਾ। 11 ਅਗਸਤ ਨੂੰ ਇੱਥੇ ਪਾਣੀ ਦੀ ਆਮਦ 43 ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਸੀ, ਜੋ ਕਿ 12 ਅਗਸਤ ਨੂੰ 98 ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ’ਤੇ ਪਹੁੰਚ ਗਈ ਭਾਵ ਇੱਕ ਦਿਨ ’ਚ ਹੀ ਪਾਣੀ ਦੀ ਆਮਦ ਦੁੱਗਣੀ ਤੋਂ ਵੱਧ ਗਈ। ਇਸ ਦੌਰਾਨ ਪਾਣੀ ਦੀ ਨਿਕਾਸੀ ਪਰੋਟੋਕੋਲ ਮੁਤਾਬਕ ਕੇਵਲ 18 ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਹੀ ਕੀਤੀ ਗਈ।  13 ਅਗਸਤ ਨੂੰ ਪਾਣੀ ਦੀ ਆਮਦ ਡੇਢ ਲੱਖ ਅਤੇ 14 ਨੂੰ 2 ਲੱਖ ਟੱਪਣ ਤੱਕ ਭੀ ਪਾਣੀ ਕੇਵਲ ਸਾਢੇ ਸਤਾਰਾਂ ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਹੀ ਛੱਡਿਆ ਗਿਆ। ਜਦੋਂ ਪਾਣੀ ਦਾ ਲੈਵਲ ਤੇਜੀ ਨਾਲ ਵਧ ਰਿਹਾ ਸੀ ਤੇ ਵਰਖਾ ਰੁੱਤ ਦਾ ਲੱਗਭਗ ਇੱਕ ਮਹੀਨਾ ਬਾਕੀ ਰਹਿੰਦਾ ਸੀ ਤਾਂ ਡੈਮਾਂ ’ਤੇ ਪਾਣੀ ਦਾ ਲੈਵਲ ਗਲਾਤਾਰ ਵਧਣ ਕਿਉਂ ਦਿੱਤਾ ਗਿਆ ? ਕਿਉਂ ਨਾ ਪਾਣੀ ਦੀ ਨਿਕਾਸੀ ਥੋੜ੍ਹੀ ਥੋੜ੍ਹੀ ਕਰਕੇ ਪਹਿਲਾਂ ਹੀ ਵਧਾਈ ਗਈ ਤਾਂ ਕਿ ਪਿੱਛੋਂ ਇੱਕ ਦਮ ਵੱਧ ਛੱਡੇ ਗਏ ਪਾਣੀ ਨਾਲ ਹੋਈ ਵੱਡੀ ਤਬਾਹੀ ਨੂੰ ਥੋੜ੍ਹਾ ਘਟਾਇਆ ਜਾ ਸਕਦਾ। ਬੋਰਡ ਦੇ ਅਫਸਰਾਂ ਵੱਲੋਂ ਬੀਤੇ ਦਿਨੀਂ ਇਸ ਸਬੰਧੀ ਦਿੱਤੀ ਸਫਾਈ ’ਚ ਕਿਹਾ ਗਿਆ ਕਿ ਡੈਮ ਭੀ ਤਾਂ ਮੀਹਾਂ ਦੌਰਾਨ ਹੀ ਭਰਨੇ ਹਨ। ਜੇ ਉਹ ਲਗਾਤਾਰ ਪਾਣੀ ਛੱਡਦੇ ਅਤੇ ਬਾਅਦ ’ਚ ਮੀਂਹ ਘੱਟ ਪੈਂਦੇ ਤਾਂ ਸਾਲ ਭਰ ਦੀ ਸਿੰਚਾਈ ਲਈ ਘੱਟ ਪਾਣੀ ਜਮ੍ਹਾਂ ਹੋਣਾ ਸੀ। ਇੰਝ ਉਨ੍ਹਾਂ ਲਈ ਪਹਿਲਾਂ ਡੈਮਾਂ ’ਚ ਪਾਣੀ ਭਰਨਾ ਜ਼ਰੂਰੀ ਹੈ।

ਨੈਤਿਕ ਤੌਰ ’ਤੇ ਇਨ੍ਹਾਂ ਅਦਾਰਿਆਂ ਦੀ ਪਹਿਲ ਰਾਇਪੇਰੀਅਨ ਸੂਬੇ ਦੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਹੋਣਾ ਚਾਹੀਦਾ ਹੈ, ਨਾ ਕਿ ਗੈਰ ਰਾਇਪੇਰੀਅਨ ਸੂਬਿਆਂ ਲਈ ਪਾਣੀ ਜਮ੍ਹਾਂ ਕਰਨਾ। ਕੀ ਇਹ ਰਾਇਪੇਰੀਅਨ ਸੂਬੇ ਪੰਜਾਬ ਨਾਲ ਸ਼ਰੇਆਮ ਧੱਕਾ ਨਹੀਂ ਕਿ ਹੜ੍ਹਾਂ ਵੇਲੇ ਕੇਵਲ ਪੰਜਾਬ ਮਾਰ ਝੱਲਦਾ ਹੈ ਜਦੋਂ ਕਿ ਗੈਰ ਰਾਇਪੇਰੀਅਨ ਸੂਬੇ (ਹਰਿਆਣਾ, ਰਾਜਸਥਾਨ ਤੇ ਦਿੱਲੀ) ਬਰਸਾਤਾਂ ਸਮੇਂ ਆਪਣੇ ਹਿੱਸੇ ਦਾ ਪਾਣੀ ਲੈਣ ਤੋਂ ਭੀ ਮਨ੍ਹਾ ਕਰ ਦਿੰਦੇ ਹਨ, ਪਰ ਜਦੋਂ ਸਿੰਚਾਈ ਲਈ ਪਾਣੀ ਦੀ ਵਧੇਰੇ ਜ਼ਰੂਰਤ ਹੁੰਦੀ ਹੈ, ਤਾਂ ਉਸ ਸਮੇਂ ਇਹ ਮਨੁੱਖਤਾ ਦਾ ਵਾਸਤਾ ਪਾ ਕੇ ਵੱਧ ਪਾਣੀ ਦੀ ਮੰਗ ਹੀ ਨਹੀਂ ਕਰਦੇ ਬਲਕਿ ਬੀਬੀਐੱਮਬੀ ਰਾਹੀਂ ਧੱਕੇ ਨਾਲ ਵੱਧ ਪਾਣੀ ਲੈਣ ਦਾ ਹੁਕਮ ਜਾਰੀ ਕਰਾ ਲੈਂਦੇ ਹਨ। ਕੀ ਪਾਣੀ ਦੀ ਲੋੜ ਵੇਲੇ ਮਨੁੱਖਤਾ ਦਾ ਵਾਸਤਾ ਕੇਵਲ ਗੈਰ ਰਾਇਪੇਰੀਅਨ ਸੂਬਿਆਂ ਲਈ ਹੈ ? ਜਦ ਰਾਇਪੇਰੀਅਨ ਸੂਬਾ ਪੰਜਾਬ, ਜੋ ਦਰਿਆਵਾਂ ਦੇ ਪਾਣੀਆਂ ਦਾ ਅਸਲੀ ਮਾਲਕ ਹੈ; ਵਰਖਾ ਰੁੱਤ ਵੇਲ਼ੇ ਗੈਰ ਰਾਇਪੇਰੀਅਨ ਸੂਬਿਆਂ ਲਈ ਪਾਣੀ ਜਮ੍ਹਾਂ ਕਰਨ ਨੂੰ ਪਹਿਲ ਦੇ ਕੇ ਬਾਅਦ ’ਚ ਇੱਕ ਦਮ ਵੱਧ ਪਾਣੀ ਛੱਡ ਕੇ ਪੰਜਾਬ ਨੂੰ ਡੋਬਣ ਵੇਲ਼ੇ ਕਿਸੇ ਨੂੰ ਮਨੁੱਖਤਾ ਯਾਦ ਨਹੀਂ ਆਉਂਦੀ  ?

ਬੋਰਡ ਪ੍ਰਬੰਧਕਾਂ ਦੇ ਬਿਆਨਾਂ ਤੋਂ ਇਹ ਗੱਲ ਨਿਕਲ ਕੇ ਸਾਮ੍ਹਣੇ ਆਉਂਦੀ ਹੈ ਕਿ ਜਾਂ ਤਾਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਕੇਂਦਰ, ਪੰਜਾਬ ਅਤੇ ਹਿਮਾਚਲ ਦੇ ਮੌਸਮ ਵਿਭਾਗ ਨਾਲ ਤਾਲਮੇਲ ਬਿਲਕੁਲ ਨਹੀਂ ਹੁੰਦਾ ਜਾਂ ਉਸ ਦੇ ਆਪਣੇ ਅਧਿਕਾਰੀ; ਰਾਜਾਂ ਅਤੇ ਕੇਂਦਰ ਦੇ ਮੌਸਮ ਵਿਗਿਆਨੀ ਮੌਸਮ ਦੇ ਪੂਰਵ ਅਨੁਮਾਨ ਲਾਉਣ ਤੋਂ ਬਿਲਕੁਲ ਅਸਮਰੱਥ ਹਨ ਜਾਂ ਬੇਈਮਾਨੀ ਕਾਰਨ ਐਸਾ ਹੁੰਦਾ ਹੈ। ਪੰਜਾਬ ’ਚ ਇੰਸਰਾਫਰੱਕਚਰ, ਖੇਤੀ ਅਤੇ ਹੋਰ ਜਾਨ ਮਾਲ ਦਾ ਅਨੁਮਾਨਤ ਨੁਕਸਾਨ ਦੋ ਲੱਖ ਕਰੋੜ ਦਾ ਹੋਣ ’ਤੇ ਕੇਂਦਰ ਸਰਕਾਰ ਵੱਲੋਂ ਕੇਵਲ 1600 ਕਰੋੜ ਰੁਪਏ ਦੀ ਸਹਾਇਤਾ ਦੇਣੀ; ਕੇਂਦਰ ਦਾ ਪੰਜਾਬ ਪ੍ਰਤੀ ਪੱਖਪਾਤੀ ਰਵੱਈਆ ਜੱਗ ਜ਼ਾਹਰ ਹੋ ਜਾਂਦਾ ਹੈ।

ਜਿੱਥੇ ਪੰਜਾਬ ਅਤੇ ਕੇਂਦਰ ਦੋਵੇਂ ਸਰਕਾਰਾਂ ਹੜ੍ਹ ਪੀੜਤ ਲੋਕਾਂ ਦੀ ਬਾਂਹ ਫੜਨ ’ਚ ਪੂਰੀ ਤਰ੍ਹਾਂ ਫੇਲ੍ਹ ਹੋਈਆਂ ਹਨ, ਉੱਥੇ ਦੇਸ਼-ਵਿਦੇਸ਼ ’ਚ ਵਸਦੇ ਪੰਜਾਬੀ (ਖਾਸ ਕਰ ਸਿੱਖ), ਜਿਸ ਤਰ੍ਹਾਂ ਪੀੜਤ ਲੋਕਾਂ ਦੀ ਸਹਾਇਤਾ ਲਈ ਬਿਨਾਂ ਕਿਸੇ ਧਰਮ ਜਾਂ ਜਾਤ ਪਾਤ ਦੇ ਵਿਤਕਰੇ ਦੇ ਖੁਲ੍ਹ ਕੇ ਅੱਗੇ ਆਏ ਹਨ, ਇਸ ਨੇ ਇੱਕ ਬਾਕਮਾਲ ਮਿਸਾਲ ਕਾਇਮ ਕੀਤੀ ਹੈ। ਹਰਿਆਣੇ ਅਤੇ ਯੂਪੀ ’ਚੋਂ ਕੁਝ ਮੁਸਲਮਾਨ ਅਤੇ ਹਿੰਦੂ ਭਰਾਵਾਂ ਵੱਲੋਂ ਭੀ ਸਹਾਇਤਾ ਲਈ ਆਉਣਾ ਅਤੇ ਪੀੜਤ ਭਰਾਵਾਂ ਵੱਲੋਂ ਆਪਣੇ ਦੁੱਖਾਂ ਦਾ ਪ੍ਰਗਟਾਵਾ ਕਰਨ ਦੀ ਥਾਂ ਉਨ੍ਹਾਂ ਦਾ ਖਿੜੇ ਮੱਥੇ ਸੁਆਗਤ ਕਰਨਾ ਵੀ ਇੱਕ ਅਦਭੁਤ ਸਹਾਰਾ ਬਣਿਆ ਹੈ। ਇਹ ਸਭ ਕੁਝ; ਗੁਰੂ ਗ੍ਰੰਥ ਸਾਹਿਬ ਜੀ ’ਚ ਮਨੁੱਖਤਾ ਨੂੰ ਦਿੱਤੇ ਇਨ੍ਹਾਂ ਉਪਦੇਸ਼ਾਂ ’ਤੇ ਅਮਲ ਅਤੇ ਭਾਈਚਾਰ ਸਾਂਝ ਦੀ ਤਸਵੀਰ ਪੇਸ਼ ਕਰਦਾ ਹੈ, ‘‘ਬਿਨਾ ਸੰਤੋਖ ਨਹੀ ਕੋਊ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ (ਮਹਲਾ ੫/੨੭੯), ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ! ਰਾਹੁ ਪਛਾਣਹਿ ਸੇਇ (ਮਹਲਾ ੧/੧੨੪੫), ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?’’ (ਭਗਤ ਕਬੀਰ ਜੀ/੧੩੪੯)

ਬੇਘਰ ਹੋਏ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਕਦੋਂ ਮੁੜ ਲੀਹ ’ਤੇ ਆਵੇਗੀ, ਇਹ ਵੱਡਾ ਸਵਾਲ ਹੈ। ਕਰਜ਼ੇ ਥੱਲ੍ਹੇ ਆਏ ਪਰਵਾਰਾਂ ਦੀ ਗਿਣਤੀ ਵਧੇਗੀ, ਕਈਆਂ ਨੂੰ ਮੁੜ ਕਾਰੋਬਾਰ ਤੇ ਘਰ-ਬਾਰ ਬਣਾਉਂਦਿਆਂ ਕਈ ਮਹੀਨੇ/ਵਰ੍ਹੇ ਲੱਗਣਗੇ। ਸਮੇਂ ਦੀ ਲੋੜ ਹੈ ਕਿ ਲੋਕ ਇਸ ਮਸਲੇ ’ਤੇ ਜਾਗਰੂਕ ਹੋ ਕੇ ਚੁਣੇ ਹੋਏ ਅਤੇ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਉਣ। ਲੋਕ ਚੇਤਨਤਾ ਅਤੇ ਜਥੇਬੰਦ ਹੋਣਾ ਸਮੱਸਿਆਵਾਂ ਦਾ ਹੱਲ ਹੈ। ਪੰਜਾਬ ਨੇ ਜਥੇਬੰਦ ਹੋ ਕੇ ਹੀ ਹੜ੍ਹਾਂ ਦੀ ਕਰੋਪੀ ਨਾਲ ਪਹਿਲਾਂ ਨਜਿੱਠਿਆ ਸੀ। ਹੁਣ ਵੀ ਨਜਿੱਠ ਲਵੇਗਾ, ਪਰ ਭਵਿੱਖ ’ਚ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਲਈ ਜਾਗਰੂਕ ਅਤੇ ਜਥੇਬੰਦ ਹੋਣਾ ਲਾਜ਼ਮੀ ਹੈ।

ਜਦੋਂ ਬਿਮਾਰੀ ਦੀ ਪਛਾਣ ਹੋ ਜਾਵੇ ਤਾਂ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ, ਪਰ ਜੇ ਇਲਾਜ ਕਰਨ ਵਾਲਾ ਡਾਕਟਰ ਹੀ ਇਲਾਜ ਨਾ ਕਰਦਾ ਹੋਵੇ ਤਾਂ ਬਿਮਾਰੀ ਦਿਨੋ ਦਿਨ ਭਿਆਨਕ ਰੂਪ ਅਖਤਿਆਰ ਕਰ ਲੈਂਦੀ ਹੈ। ਸਾਰੀ ਦੁਨੀਆਂ ’ਚ ਹੜ੍ਹ ਪ੍ਰਬੰਧਨ ਦਾ ਕਾਰਗਰ ਤਰੀਕਾਕਾਰ ਦਰਿਆਵਾਂ ਦਾ ਤਲ ਪੱਧਰ ਸਾਫ਼ ਰੱਖਣਾ ਤੇ ਧੂੱਸੀ ਬੰਧਾਂ ਦੀ ਸਾਂਭ ਸੰਭਾਲ ’ਤੇ ਨਿਰਭਰ ਕਰਦਾ ਹੈ। ਇੱਕ ਅਨੁਮਾਨ ਅਨੁਸਾਰ ਜੇਕਰ ਦਰਿਆਵਾਂ ’ਤੇ ਕੋਈ ਡੈਮ ਜਾਂ ਕੋਈ ਹੋਰ ਢਾਂਚਾ ਨਾ ਬਣਿਆ ਹੋਵੇ ਤਾਂ ਵੀ ਹਰੇਕ ਸਾਲ ਕੁੱਝ ਇੰਚਾਂ ਤੱਕ ਰੇਤ/ਮਿੱਟੀ ਪੈ ਕੇ 50-60 ਸਾਲਾਂ ’ਚ ਦਰਿਆ ਦਾ ਤਲ ਉੱਚਾ ਹੋਣ ਕਾਰਨ ਹੜ੍ਹਾਂ ਜੈਸੀ ਸਥਿਤੀ ਬਣ ਜਾਂਦੀ ਹੈ, ਪਰ ਦਰਿਆਵਾਂ ’ਤੇ ਡੈਮ, ਹੈੱਡਵਰਕਸ ਅਤੇ ਹੋਰ ਢਾਂਚਿਆਂ ਦੇ ਬਣਨ ਤੋਂ ਬਾਅਦ ਤਾਂ ਮਿੱਟੀ ਇਕੱਠੀ ਹੋਣ ਦਾ ਵਰਤਾਰਾ ਬਹੁਤ ਵੱਧ ਜਾਂਦਾ ਹੈ।

ਅੱਜ ਤੋਂ 5 ਹਜ਼ਾਰ ਸਾਲ ਪਹਿਲਾਂ ਦਰਿਆਵਾਂ ਕੰਢੇ ਪੰਜਾਬ ’ਚ ਘੁੱਗ ਵਸਦੀ ਸਿੰਧ ਘਾਟੀ ਦੀ ਸਭਿਅਤਾ ਸ਼ੁਰੂ ਹੋਈ ਸੀ। ਰਾਵੀ ਦਰਿਆ ’ਤੇ ਵਸਿਆ ਮਹਿੰਦਜੋਦੜੋ ਸ਼ਹਰ 1930 ਵਿੱਚ ਲੱਭਿਆ ਅਤੇ ਪਤਾ ਲੱਗਾ ਕਿ ਜਦੋਂ ਇਹ ਸ਼ਹਰ ਵੱਸਿਆ ਸੀ ਤਾਂ ਇਹ ਦਰਿਆ ਤੋਂ 6-7 ਫੁੱਟ ਉੱਚਾ ਸੀ, ਪਰ 1300 ਸਾਲ ਬਾਅਦ ਜਦੋਂ ਇਸ ਸਭਿਆਤਾ ਦਾ ਖਾਤਮਾ ਹੋਇਆ ਤਾਂ ਖੁਦਾਈ ਤੋਂ ਪਤਾ ਲੱਗਿਆ ਕਿ ਘਰਾਂ ਦੀਆਂ ਨੀਹਾਂ ਲਗਭਗ 7 ਵਾਰੀ ਨਵੇਂ ਸਿਰੇ ਤੋਂ ਉੱਚੇ ਚੁੱਕ ਕੇ ਸਥਾਪਤ ਕੀਤੀਆਂ ਗਈਆਂ ਸਨ।  ਸੰਨ 1930 ’ਚ ਖੁਦਾਈ ਸਮੇਂ ਪਤਾ ਲੱਗਿਆ ਕਿ ਮੌਜੂਦਾ ਸਮੇਂ ਰਾਵੀ ਦਰਿਆ ਇਸ ਸ਼ਹਰ ਤੋਂ 50 ਫੁੱਟ ਉੱਚਾ ਵਗ ਰਿਹਾ ਸੀ। ਇਸ ਦਾ ਮਤਲਬ ਹੈ ਕਿ ਪਿਛਲੇ 5000 ਸਾਲਾਂ ’ਚ ਦਰਿਆ ਰਾਵੀ ’ਚ ਪਹਾੜਾਂ ਤੋਂ ਆਇਆ 50 ਫੁੱਟ ਤੱਕ ਰੇਤਾ ਵਿਛਣ ਕਾਰਨ ਇਹ ਇੰਨਾ ਉੱਚਾ ਹੋ ਗਿਆ। ਭਾਵੇਂ ਕਿ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਦਰਿਆ ਕੰਢੇ ਘੁੱਗ ਵਸਦੀ ਇਹ ਸਭਿਅਤਾ ਹੋਰ ਕਿਹੜੇ ਕਿਹੜੇ ਕਾਰਨਾਂ ਕਰਕੇ ਖਤਮ ਹੋਈ ਸੀ, ਪਰ ਇੱਕ ਗੱਲ ਸਾਫ਼ ਹੈ ਕਿ ਦਰਿਆਵਾਂ ’ਚ ਮਿੱਟੀ ਚੜ੍ਹਨ ਕਾਰਨ ਇਸ ਸਭਿਅਤਾ ਨੂੰ ਹੜ੍ਹਾਂ ਦੀ ਬਹੁਤ ਵੱਡੀ ਮਾਰ ਸਹਿਣੀ ਪਈ ਸੀ।

ਹੜ੍ਹਾਂ ਤੋਂ ਬਚਣ ਲਈ ਲੋੜ ਹੈ ਕਿ ਪੰਜਾਬ ਦੇ ਘੱਗਰ ਸਣੇ ਚਾਰੇ ਦਰਿਆਵਾਂ ਦੀ ਲਗਾਤਾਰ ਸਾਫ਼ ਸਫਾਈ ਅਤੇ ਸਾਂਭ ਸੰਭਾਲ ਦਾ ਪ੍ਰੋਜੈਕਟ ਬਣਾ ਕੇ ਕੰਮ ਕੀਤਾ ਜਾਵੇ। ਇਨ੍ਹਾਂ ਵਿੱਚੋਂ ਸਾਲਾਂ ਦੀ ਇਕੱਠੀ ਹੋਈ ਗਾਰ/ਮਿੱਟੀ ਕੱਢ ਕੇ ਇਨ੍ਹਾਂ ਦੀ ਕੁਦਰਤੀ ਸਤਹ ਅਤੇ ਵਹਾਅ ਨੂੰ ਬਹਾਲ ਕੀਤਾ ਜਾਵੇ ਅਤੇ ਇਹ ਕਾਰਜ ਨਿਰੰਤਰ ਹੁੰਦਾ ਰਹਿਣਾ ਚਾਹੀਦਾ ਹੈ।

ਇਨ੍ਹਾਂ ਕੰਮਾਂ ਲਈ ਬਹੁਤ ਵੱਡੀ ਰਕਮ ਦੀ ਲੋੜ ਪਵੇਗੀ, ਜੋ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਹਰ ਸਾਲ ਸਹੀ ਸਮੇਂ ਉਪਲਬਧ ਕਰਾਉਣੀ ਬਣਦੀ ਹੈ। ਰਾਇਪੇਰੀਅਨ ਸਟੇਟ ਹੋਣ ਦੇ ਨਾਤੇ ਹੜ੍ਹਾਂ ਦੀ ਮਾਰ ਕੇਵਲ ਪੰਜਾਬ ਨੂੰ ਝੱਲਣੀ ਪੈਂਦੀ ਹੈ, ਇਸ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਅਤੇ ਇੱਕ ਮੈਂਬਰ; ਪੰਜਾਬ ਨਾਲ ਸਬੰਧਿਤ ਹੀ ਹੋਵੇ। ਭਾਖੜਾ ਅਤੇ ਪੌਂਗ ਡੈਮ ਦੇ ਰੱਖ ਰਖਾਉ ਦਾ ਜ਼ਿੰਮੇਵਾਰ ਬੀਬੀਐੱਮਬੀ ਹੈ, ਜੋ ਮੈਂਬਰ ਸਟੇਟਾਂ (ਪੰਜਾਬ, ਹਰਿਆਣਾ ਅਤੇ ਰਾਜਸਥਾਨ) ਨੂੰ ਮੁਫਤ ਪਾਣੀ ਅਤੇ ਬਿਜਲੀ ਦਿੰਦਾ ਹੈ ਤੇ ਡੈਮਾਂ ਦੇ ਰੱਖ ਰਖਾਅ ’ਤੇ ਹੁੰਦੇ ਖਰਚੇ ਲਈ, ਉਨ੍ਹਾਂ ਤੋਂ ਹਿੱਸੇ ਮੁਤਾਬਕ ਰਕਮ ਲੈਂਦਾ ਹੈ। ਡੈਮਾਂ ਤੋਂ ਹੇਠਾਂ ਵਗਦੇ ਦਰਿਆਵਾਂ ਦਾ ਰੱਖ ਰਖਾਅ ਵੀ ਡੈਮਾਂ ਦੇ ਰੱਖ ਰਖਾਅ ਦਾ ਹੀ ਇੱਕ ਅਟੁੱਟ ਹਿੱਸਾ ਹੈ, ਇਸ ਲਈ ਦਰਿਆਵਾਂ ਦੇ ਪਾਣੀ ਦਾ ਕਬਜ਼ਾ; ਸਿਰਫ ਡੈਮਾਂ ਉੱਤੇ ਕਰਨ ਕਾਰਨ ਹੀ ਜ਼ਿੰਮੇਵਾਰੀ ਖ਼ਤਮ ਨਹੀ ਹੋ ਜਾਂਦੀ ਸਗੋਂ ਡੈਮਾਂ ਤੋਂ ਛੱਡੇ ਜਾਂਦੇ ਪਾਣੀ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਮੱਸਿਆ ਨੂੰ ਵੀ ਨਿਯੰਤਰਣ ਕਰਨਾ, ਇਸੇ ਜ਼ਿੰਮੇਵਾਰੀ ਦਾ ਅਨਿੱਖੜਵਾਂ ਹਿੱਸਾ ਹੈ। ਜੇਕਰ ਦੂਜੀਆਂ ਸਟੇਟਾਂ ਹਰ ਸਾਲ ਮੁਫਤ ਪਾਣੀ ਅਤੇ ਬਿਜਲੀ ਲੈਂਦੀਆਂ ਹਨ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਡੈਮਾਂ ਕਾਰਨ ਪੈਦਾ ਹੁੰਦੇ ਹੜ੍ਹਾਂ ਨੂੰ ਨਿਯੰਤਰਣ ਕਰਨ ਲਈ ਵੀ ਜ਼ਿੰਮੇਵਾਰੀ ਨਿਭਾਉਣ। ਇਸ ਲਈ ਸਤਲੁਜ ਅਤੇ ਬਿਆਸ ਦਰਿਆ ਦੇ ਮੁਕੰਮਲ ਰੱਖ ਰਖਾਅ ਲਈ ਹਰਿਆਣਾ ਅਤੇ ਰਾਜਸਥਾਨ ਤੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਬਿਜਲੀ ’ਤੇ ਸੈੱਸ ਅਤੇ ਪਾਣੀ ’ਤੇ ਰੋਇਲਟੀ ਲਗਾ ਕੇ ਰਕਮ ਪ੍ਰਾਪਤ ਕੀਤੀ ਜਾ ਸਕਦੀ ਹੈ, ਜੋ ਦਰਿਆਵਾਂ ਦੀ ਸਾਂਭ ਸੰਭਾਲ ਅਤੇ ਗਾਰ ਕੱਢਣ ਲਈ ਪੰਜਾਬ ਨੂੰ ਦੇਣੀ ਚਾਹੀਦੀ ਹੈ।

ਡੈਮਾਂ ਦੇ ਪਾਣੀ ਛੱਡਣ ਦੇ ਪਰੋਟੋਕੋਲ ਦਾ ਮੁੜ ਮੁਲਾਂਕਣ ਹੋਣਾ ਚਾਹੀਦਾ ਹੈ :- ਪੰਜਾਬ ਦੇ ਡੈਮਾਂ ਨੂੰ ਭਰਨ, ਸਿੰਚਾਈ ਅਤੇ ਬਿਜਲੀ ਲੋੜਾਂ ਦੀ ਪੂਰਤੀ ਲਈ ਪਾਣੀ ਛੱਡਣ ਅਤੇ ਹੜ੍ਹਾਂ ਸਮੇਂ ਪਾਣੀ ਨੂੰ ਨਿਯੰਤਰਣ ਕਰਨ ਦਾ ਇੱਕ ਪਰੋਟੋਕੋਲ ਬਣਿਆ ਹੈ, ਜੋ ਕਿ ਕਾਫ਼ੀ ਪੁਰਾਣਾ ਹੈ। ਮੌਜੂਦਾ ਸਮੇਂ ’ਚ ਆਲਮੀ ਤਪਸ਼ ਵਧਣ ਕਾਰਨ ਵਾਤਾਵਰਣ ’ਚ ਆ ਰਹੀਆਂ ਤਬਦੀਲੀਆਂ ਕਾਰਨ ਦਰਿਆਵਾਂ ’ਚ ਅਚਾਨਕ ਆਉਂਦੇ ਪਾਣੀ ਦੀ ਮਿਕਦਾਰ ਅਤੇ ਵੇਗ ਕਾਰਨ ਪਰੋਟੋਕੋਲ ਦਾ ਮੁੜ ਮੁਲਾਂਕਣ ਕਰਨਾ ਬਣਦਾ ਹੈ।

ਤੱਤ ਸਾਰ :- ਹੜ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ, ਪਰ ਇਸ ਲਈ ਮਜ਼ਬੂਤ ਰਾਜਨੀਤਿਕ ਇਰਾਦੇ ਅਤੇ ਵੱਡੇ ਫੰਡਾਂ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਆਉਣ ਵਾਲੇ ਸਾਲਾਂ ’ਚ ਭੀ ਪੰਜਾਬੀਆਂ ਨੂੰ ਇਸੇ ਤਰ੍ਹਾਂ ਦੇ ਹੜ੍ਹਾਂ ਦੇ ਹਾਲਾਤਾਂ ਨਾਲ ਸਿੱਝਣਾ ਪਵੇਗਾ ਅਤੇ ਲੋਕਾਂ ਦਾ ਅਰਬਾਂ ਰੁਪਏ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਰਹੇਗਾ।