ਕੀ ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783
ਇਜ਼ਰਾਈਲ ਵਿਚਲਾ ਜੈਰੂਸਲਮ (ਟੈਂਪਲ ਮਾਊਂਟ) ਤਿੰਨ ਧਰਮਾਂ ਲਈ ਬਹੁਤ ਪਵਿੱਤਰ ਥਾਂ ਹੈ-ਯਹੂਦੀ, ਇਸਲਾਮ ਅਤੇ ਈਸਾਈ। ਇਸੇ ਲਈ ਕੋਈ ਮੁਸਲਮਾਨ, ਈਸਾਈ ਔਰਤ ਨਾਲ ਵਿਆਹ ਕਰਵਾ ਸਕਦਾ ਹੈ ਪਰ ਹਿੰਦੂ ਔਰਤ ਨਾਲ ਬਿਨਾਂ ਉਸ ਦੇ ਧਰਮ ਤਬਦੀਲੀ ਦੇ ਨਹੀਂ ਕਰਵਾ ਸਕਦਾ। ਇਤਿਹਾਸ ਵਿੱਚ ਦਰਜ ਹੈ ਕਿ ਸਦੀਆਂ ਤੋਂ ਯਹੂਦੀਆਂ ਉੱਤੇ ਅਤਿ ਦੇ ਜ਼ੁਲਮ ਢਾਹੇ ਗਏ। ਹਿਟਲਰ; ਇਹ ਜ਼ੁਲਮ ਸਿਖਰ ਉੱਤੇ ਲੈ ਗਿਆ। ਸਿਰਫ਼ ਏਥੇ ਹੀ ਬਸ ਨਹੀਂ। ਸ਼ੇਕਸਪੀਅਰ ਨੇ ਯਹੂਦੀਆਂ ਨੂੰ ਬਹੁਤ ਭੰਡਿਆ ਹੈ ਤੇ ਲੋਕਾਂ ਦੇ ਮਨਾਂ ਵਿੱਚ ਜਿੰਨੀ ਔਰਤਾਂ ਪ੍ਰਤੀ ਨਫ਼ਰਤ ਬੀਜੀ ਹੈ, ਓਨਾ ਹੀ ਯਹੂਦੀਆਂ ਖ਼ਿਲਾਫ਼ ਜ਼ਹਰ ਉਗਲਿਆ ਹੈ। ਆਖ਼ਰੀ ਢਾਅ ਲਾਉਣ ਲਈ ਯਹੂਦੀਆਂ ਦੀ ਜ਼ਬਾਨ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਜ਼ਬਾਨ ਸਿੱਖਣ ਵੱਲ ਪ੍ਰੇਰ ਦਿੱਤਾ ਗਿਆ। ਧਿਆਨ ਕਰੀਏ ਤਾਂ ਪੰਜਾਬੀ ਜ਼ਬਾਨ ਉੱਤੇ ਵੀ ਅਜਿਹਾ ਹੀ ਕੁੱਝ ਲਾਗੂ ਹੋ ਚੁੱਕਿਆ ਹੈ।
ਜਦੋਂ ਬਜ਼ੁਰਗ ਯਹੂਦੀਆਂ ਨੂੰ ਆਪਣੀ ਹੋਂਦ ਉੱਤੇ ਖ਼ਤਰਾ ਦਿਸਿਆ ਤਾਂ ਉਨ੍ਹਾਂ ਨੇ ਕਮਾਨ ਸੰਭਾਲ ਲਈ ਅਤੇ ਆਪਣੇ ਪੋਤਰੇ ਦੋਹਤਰਿਆਂ ਨੂੰ ਇਤਿਹਾਸ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਜੋ ਕੌਮ ਦੇ ਸ਼ਹੀਦਾਂ ਦੇ ਪਿੰਡੇ ਉੱਤੇ ਹੰਢਾਏ ਜ਼ੁਲਮਾਂ ਨੂੰ ਕਿਤੇ ਭੁੱਲ ਨਾ ਜਾਣ। ਇਹ ਦੱਸਣ ਲਈ ਬਜ਼ਰਗਾਂ ਨੇ ਆਪਣੀ ਜ਼ਬਾਨ ਹਿਬਰਿਊ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਨਤੀਜਾ ਇਹ ਨਿਕਲਿਆ ਕਿ ਹੌਲੀ-ਹੌਲੀ ਹਿਬਰਿਊ ਜ਼ਬਾਨ ਬੋਲਣ ਵਾਲਿਆਂ ਵਿੱਚ ਜਿੱਥੇ ਵਾਧਾ ਹੋ ਗਿਆ, ਉੱਥੇ ਹੀ ਮਾਣਮੱਤੇ ਇਤਿਹਾਸ ਨੂੰ ਜ਼ਿੰਦਾ ਰੱਖਣ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਦੀ ਜਾਚ ਅਗਲੀ ਪੁਸ਼ਤ ਨੇ ਸਿੱਖ ਲਈ।
ਸਿਰਫ਼ ਏਥੇ ਹੀ ਬਸ ਨਹੀਂ, ਬਜ਼ੁਰਗਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਤ-ਭੂਮੀ ਸਾਂਭਣ ਲਈ ਵੀ ਪ੍ਰੇਰਿਤ ਕੀਤਾ। ਈਸਾ ਮਸੀਹ ਤੋਂ 500 ਸਾਲ ਪਹਿਲਾਂ ਇਜ਼ਰਾਈਲ ਵਿੱਚੋਂ ਯਹੂਦੀਆਂ ਨੂੰ ਕੋਹ-ਕੋਹ ਕੇ ਬਾਹਰ ਕੱਢ ਦਿੱਤਾ ਗਿਆ ਸੀ। ਇਜ਼ਰਾਈਲ ਨੂੰ ਆਪਣੇ ਰੱਬ ਦੀ ਪਵਿੱਤਰ ਧਰਤੀ ਮੰਨ ਕੇ, ਜਾਨ ਦੀ ਬਾਜ਼ੀ ਲਾ ਕੇ ਅਖ਼ੀਰ ਸੰਨ 1948 ਵਿੱਚ ਆਜ਼ਾਦੀ ਲੈ ਕੇ ਯਹੂਦੀ ਇੱਥੇ ਆ ਵੱਸੇ। ਉਸ ਸਮੇਂ ਹਰ ਯਹੂਦੀ ਨੇ ਫ਼ੈਸਲਾ ਲੈ ਲਿਆ ਕਿ ਜਿੱਥੇ ਆਪਣੇ ਰੱਬ ਦੀ ਧਰਤੀ ਉਪਜਾਊ ਅਤੇ ਉਸਾਰੂ ਬਣਾ ਕੇ ਦੁਨੀਆ ਵਿੱਚ ਸਭ ਤੋਂ ਅਗਾਂਹ ਲੈ ਕੇ ਜਾਣੀ ਹੈ, ਉੱਥੇ ਅਗਲੀ ਪੀੜੀ ਨੂੰ ਇਸ ਨਾਲ ਜੋੜੀ ਰੱਖਣਾ ਹੈ। ਹੁਣ ਤੱਕ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਯਹੂਦੀ ਵੱਸਦਾ ਹੋਵੇ ਤਾਂ ਉਹ ਕਦੇ ਵੀ ਬਿਨਾਂ ਵੀਜ਼ੇ ਦੇ ਆਪਣੀ ਇਸ ਮਾਤ-ਭੂਮੀ ਵਿੱਚ ਜਾ ਕੇ ਰਹਿ ਸਕਦਾ ਹੈ। ਇਸ ਧਰਤੀ ਦੀ ਜ਼ਮੀਨ ਤੁਰਕਾਂ ਤੇ ਫਲਸਤੀਨੀਆਂ ਤੋਂ ਯਹੂਦੀਆਂ ਨੇ ਆਪਣੀ ਉਮਰਭਰ ਦੀ ਕਮਾਈ ਦੇ ਕੇ ਖ਼ਰੀਦੀ ਸੀ। ਹਰ ਬੱਚੇ ਨੂੰ ਇਤਿਹਾਸ ਬਾਰੇ ਜਾਣੂੰ ਕਰਵਾ ਕੇ ਉਸ ਦੇ ਦਿਮਾਗ਼ ਨੂੰ ਦੇਸ ਪ੍ਰੇਮ ਨਾਲ ਭਰ ਦਿੱਤਾ ਗਿਆ। ਹਰ ਬੱਚੇ ਲਈ ਫ਼ੌਜ ਵਿੱਚ ਕੰਮ ਕਰਨਾ ਹੁਣ ਤੱਕ ਲਾਜ਼ਮੀ ਹੈ, ਭਾਵੇਂ ਪ੍ਰਧਾਨ ਮੰਤਰੀ ਦਾ ਮੁੰਡਾ ਹੀ ਕਿਉਂ ਨਾ ਹੋਵੇ।
ਚੁਫ਼ੇਰੇ ਦੁਸ਼ਮਨ ਮੁਲਕ ਹੋਣ ਸਦਕਾ ਇਹ ਕਦਮ ਪੁੱਟਣਾ ਜ਼ਰੂਰੀ ਸੀ। ਨਾਲੋ ਨਾਲ ਮਾਤ-ਭੂਮੀ ਨੂੰ ਮਜ਼ਬੂਤ ਕਰਨ ਲਈ ਵੀ ਕੁੱਝ ਕਰਨਾ ਪੈਣਾ ਸੀ। ਸੋ ਜਿੱਥੇ ਇੱਕ ਪਾਸੇ ਪੜ੍ਹਾਈ ਉੱਤੇ ਜ਼ੋਰ ਪਾਇਆ ਗਿਆ, ਉੱਥੇ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਬੂੰਦ-ਬੂੰਦ ਪਾਣੀ ਨੂੰ ਬਚਾਉਣ ਦੇ ਯਤਨ ਆਰੰਭੇ ਗਏ। ਕੰਪਿਊਟਰ ਜ਼ਰੀਏ ਬੂੰਦ-ਬੂੰਦ ਪਾਣੀ ਬੂਟੇ ਦੇ ਜੜ੍ਹਾਂ ਵਿੱਚ ਪਾਉਂਦਿਆਂ ਇਜ਼ਰਾਈਲ ਦੀ ਪੂਰੀ ਧਰਤੀ ਹਰੀ ਭਰੀ ਕਰ ਦਿੱਤੀ ਗਈ। ਫੁੱਲਾਂ ਤੇ ਫਲ਼ਾਂ ਨਾਲ ਭਰਪੂਰ ! ਫਿਰ ਕੋਆਪਰੇਟਿਵ ਫਾਰਮਿੰਗ ਯਾਨੀ ‘ਕਿੱਬੂਜ਼’ ਰਾਹੀਂ ਕਿਸਾਨਾਂ ਨੂੰ ਵਧੀਆ ਰੋਜ਼ੀ ਰੋਟੀ ਕਮਾਉਣ ਜੋਗੇ ਬਣਾ ਦਿੱਤਾ।
ਆਪਣੀ ਧਰਤੀ ਲਈ ਲੜ ਮਰਨ ਦਾ ਜਜ਼ਬਾ ਏਨਾ ਪ੍ਰਬਲ ਹੈ ਕਿ ਜੇ ਅੱਜ ਵੀ ਕਿਸੇ ਇਜ਼ਰਾਈਲੀ ਦੇ ਘਰ ਜਾਓ ਤਾਂ ਦੋ ਤਿੰਨ ਬੰਦੂਕਾਂ ਪਿਸਤੌਲਾਂ ਹਰ ਘਰ ਵਿੱਚ ਲੱਭ ਜਾਣਗੀਆਂ, ਜੋ ਦੁਸ਼ਮਨਾਂ ਨੂੰ ਮਾਰਨ ਲਈ ਤਿਆਰ-ਬਰ-ਤਿਆਰ ਰੱਖੀਆਂ ਹੋਣਗੀਆਂ ਜੋ ਇੱਕ ਸੁਣੇਹਾ ਹੈ ਕਿ ਹਰ ਘਰ ਦੁਸ਼ਮਨਾਂ ਦੇ ਹੱਲੇ ਨੂੰ ਰੋਕਣ ਲਈ ਮਰ ਮਿਟਣ ਨੂੰ ਤਿਆਰ ਹੈ।
ਫਲਸਤੀਨ ਤੇ ਇਜ਼ਰਾਈਲ ਦੀ ਸਰਹੱਦ ਸਾਂਝੀ ਹੈ। ਉੱਥੇ ਖਲ੍ਹੋ ਕੇ ਇਜ਼ਰਾਈਲੀਆਂ ਦੀ ਆਪਣੇ ਵਤਨ ਨਾਲ ਮੁਹੱਬਤ ਮੂੰਹੋਂ ਬੋਲਦੀ ਦਿਸਦੀ ਹੈ। ਫਲਸਤੀਨ ਵਿੱਚ ਗ਼ਰੀਬੀ ਤੇ ਬੰਜਰ ਇਲਾਕਾ ਦਿਸਦਾ ਹੈ ਜਦ ਕਿ ਸਰਹੱਦ ਪਾਰ ਉਸੇ ਬੰਜਰ ਜ਼ਮੀਨ ਨੂੰ ਸਮੁੰਦਰ ਵਿੱਚੋਂ ਪਾਣੀ ਕੱਢ ਕੇ, ਸਾਫ਼ ਕਰ ਕੇ, ਬੂੰਦ-ਬੂੰਦ ਸੰਭਾਲ ਕਰ ਵਰਤ ਕੇ, ਲਹਿਲਹਾਉਂਦੇ ਖੇਤ, ਫੈਕਟਰੀਆਂ, ਫਲਾਈਓਵਰ ਤੇ ਵਧੀਆ ਈਮਾਰਤਾਂ ਬਣੀਆਂ ਦਿਸਦੀਆਂ ਹਨ।
ਇਤਿਹਾਸ ਗਵਾਹ ਹੈ ਕਿ ਆਪਣੇ ਵੱਡੇ-ਵਡੇਰਿਆਂ ਉੱਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਇਜ਼ਰਾਈਲੀਆਂ ਨੇ ਕਦੇ ਨਹੀਂ ਬਖ਼ਸ਼ਿਆ। ਭਾਵੇਂ ਜ਼ਾਲਮ ਕਿਸੇ ਹੋਰ ਮੁਲਕ ਵਿੱਚ ਵੀ ਰਹਿ ਰਹੇ ਹੋਣ, ਉੱਥੇ ਜਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਜਾਂ ਅਗਵਾ ਕਰ ਕੇ ਵਾਪਸ ਇਜ਼ਰਾਈਲ ਲਿਆ ਕੇ ਕੈਦ ਰੱਖਿਆ ਅਤੇ ਮੁਕੱਦਮਾ ਚਲਾ ਕੇ, ਜੁਰਮ ਸਾਬਤ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਜ਼ਰਾਈਲ ਵਿੱਚ ਉੱਗੇ ਫੁੱਲਾਂ ਦੀ ਪੂਰੀ ਦੁਨੀਆ ਵਿੱਚ ਮੰਗ ਹੈ। ਨਵੀਆਂ ਖੋਜਾਂ ਅਤੇ ਪੜ੍ਹਾਈ ਉੱਤੇ ਪੂਰਾ ਜ਼ੋਰ ਪਾਇਆ ਜਾਂਦਾ ਹੈ। ਸਰੀਰਕ ਪੱਖੋਂ ਹਰ ਕਿਸੇ ਨੂੰ ਤਕੜਾ ਕੀਤਾ ਜਾਂਦਾ ਹੈ ਤੇ ਮੁਲਕ ਪ੍ਰਤੀ ਪਿਆਰ ਹਰ ਕਿਸੇ ਦੇ ਮਨ ਵਿੱਚ ਬਚਪਨ ਤੋਂ ਹੀ ਕੁੱਟ-ਕੁੱਟ ਕੇ ਭਰ ਦਿੱਤਾ ਜਾਂਦਾ ਹੈ। ਉੱਥੋਂ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਇਹ ਧਰਤੀ ਸਿਰਫ਼ ਉਨ੍ਹਾਂ ਦੀ ਜਨਮ ਭੂਮੀ ਹੀ ਨਹੀਂ ਬਲਕਿ ਰੱਬ ਦੀ ਪਵਿੱਤਰ ਧਰਤੀ ਹੈ ਜੋ ਜਾਨ ਉੱਤੇ ਖੇਡ ਕੇ ਹਰ ਹਾਲ ਬਚਾਉਣੀ ਹੈ। ਇਸੇ ਲਈ ਕਿਸੇ ਵੀ ਬਾਹਰੀ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਲਈ ਚੌਵੀ ਘੰਟੇ ਪੂਰੇ ਮੁਲਕ ਦਾ ਹਰ ਬਾਸ਼ਿੰਦਾ ਤਿਆਰ-ਬਰ-ਤਿਆਰ ਰਹਿੰਦਾ ਹੈ।
ਸ਼ਹੀਦਾਂ ਪ੍ਰਤੀ ਸ਼ਰਧਾ ਦਾ ਇਹ ਹਾਲ ਹੈ ਕਿ ਸਾਲ ਵਿੱਚ ਇੱਕ ਵਾਰ ਦੋ ਮਿੰਟ ਲਈ ਪੂਰਾ ਮੁਲਕ ਖੜ੍ਹਾ ਹੋ ਜਾਂਦਾ ਹੈ। ਚੱਲਦੀਆਂ ਬੱਸਾਂ, ਗੱਡੀਆਂ, ਕਾਰਾਂ, ਐਂਬੂਲੈਂਸ ਸਭ ਖਲੋ ਜਾਂਦੇ ਹਨ। ਇੱਥੋਂ ਤੱਕ ਕਿ ਭੱਜਦਾ ਹੋਇਆ ਚੋਰ ਤੇ ਪੁਲਿਸ ਵੀ ਉਸ ਸਮੇਂ ਪੱਥਰ ਦੀ ਸਿੱਲ ਵਾਂਗ ਸੁੰਨ ਹੋ ਕੇ ਖੜ੍ਹੇ ਦਿਸਦੇ ਹਨ। ਜੇ ਇਜ਼ਰਾਈਲ ਦਾ ਹਿੱਸਾ ਮਿਨਣਾ ਹੋਵੇ ਤਾਂ ਪੂਰੇ ਭਾਰਤ ਵਿੱਚ 146 ਇਜ਼ਰਾਈਲ ਟਿਕ ਸਕਦੇ ਹਨ ਤੇ ਇਕੱਲੇ ਮੌਜੂਦਾ ਭਾਰਤੀ ਪੰਜਾਬ ਵਿੱਚ ਦੋ ਇਜ਼ਰਾਈਲ ਸਮੋ ਸਕਦੇ ਹਨ।
ਪੰਜਾਬ ਦੀ ਇੱਕ ਬੰਦੇ ਦੀ ਔਸਤਨ ਜੀ.ਡੀ.ਪੀ. ਵੇਖਣੀ ਹੋਵੇ ਤਾਂ ਦੋ ਲੱਖ 14 ਹਜ਼ਾਰ 600 ਰੁਪੈ ਹੈ ਪਰ ਇਜ਼ਰਾਈਲ, ਜੋ ਪੰਜਾਬ ਤੋਂ ਅੱਧੇ ਇਲਾਕੇ ਵਿੱਚ ਵੱਸਿਆ ਹੈ, ਓਥੇ ਹਰ ਬੰਦੇ ਦੀ ਔਸਤਨ ਜੀ.ਡੀ.ਪੀ. 31 ਕਰੋੜ 38 ਲੱਖ ਰੁਪੈ ਦੇ ਨੇੜੇ ਤੇੜੇ ਹੈ। ਇਸੇ ਤੋਂ ਸਮਝ ਆ ਜਾਂਦੀ ਹੈ ਕਿ ਕਿਵੇਂ ਉਹ ਮੁਲਕ ਤਰੱਕੀ ਕਰ ਰਿਹਾ ਹੈ ਤੇ ਆਪਣੇ ਹਰ ਬੰਦੇ ਦਾ ਕਿੰਨਾ ਖ਼ਿਆਲ ਰੱਖ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਦੁਨੀਆ ਦੇ ਕਈ ਵੱਡੇ ਮੁਲਕਾਂ ਵਿੱਚ ਯਹੂਦੀ ਚੋਟੀ ਦੇ ਵਪਾਰੀ ਤੇ ਸਿਆਸਤਦਾਨ ਬਣੇ ਹੋਏ ਹਨ ਪਰ ਇਜ਼ਰਾਈਲ ਪ੍ਰਤੀ ਉਨ੍ਹਾਂ ਦਾ ਮੋਹ ਲੁਕਾਏ ਨਹੀਂ ਲੁਕਦਾ। ਅਮਰੀਕਾ; ਆਪਣੇ ਯਹੂਦੀ ਸਿਆਸਤਦਾਨਾਂ ਸਦਕਾ ਇਜ਼ਰਾਈਲ ਦੀ ਮਦਦ ਕਰਦਾ ਰਹਿੰਦਾ ਹੈ।
ਧਿਆਨ ਕਰੀਏ ਤਾਂ ਹਜ਼ਾਰਾਂ ਸਾਲਾਂ ਦੀ ਲਗਾਤਾਰ ਮਿਹਨਤ ਸਦਕਾ ਹੀ ਇਜ਼ਰਾਈਲ ਵਸ ਸਕਿਆ ਕਿਉਂਕਿ ਦੁਨੀਆਭਰ ਵਿੱਚ ਖਿਲਰੇ ਇਜ਼ਰਾਈਲੀਆਂ ਨੇ ਆਪਣੇ ਮਨਾਂ ਅੰਦਰ ਲੱਗੀ ਅੱਗ ਨੂੰ ਬੁਝਣ ਨਹੀਂ ਦਿੱਤਾ। ਇਹ ਨਹੀਂ ਹੈ ਕਿ ਉੱਥੇ ਬੇਈਮਾਨ, ਰਿਸ਼ਵਤਖੋਰ ਜਾਂ ਭ੍ਰਿਸ਼ਟ ਲੋਕ ਨਹੀਂ ਹਨ ਪਰ ਗੱਲ ਇਹ ਹੈ ਕਿ ਆਪਣੇ ਮੁਲਕ ਲਈ ਸਭ ਮਰ ਮਿਟਣ ਨੂੰ ਤਿਆਰ ਹਨ। ਯੂਨਾਈਟਿਡ ਨੇਸ਼ਨਜ਼ ਅਨੁਸਾਰ ਇਜ਼ਰਾਈਲੀ ਲੋਕਾਂ ਦੀ ਹਿਊਮਨ ਡਿਵੈਲਪਮੈਂਟ ਇੰਡੈਕਸ ਦੁਨੀਆਭਰ ਵਿੱਚੋਂ 19ਵੇਂ ਨੰਬਰ (0.906) ਉੱਤੇ ਹੈ ਜੋ ਉੱਥੇ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਦੂਜੇ ਪਾਸੇ ਪੰਜਾਬ ਦੀ ਸਿਰਫ਼ 0.569 ਹੈ !
ਏਨਾ ਕੁੱਝ ਜਾਣ ਲੈਣ ਤੋਂ ਬਾਅਦ ਥੋੜ੍ਹਾ ਪੰਜਾਬ ਬਾਰੇ ਝਾਤ ਮਾਰੀਏ। ਪਾਣੀ ਦਾ ਡਿੱਗਦਾ ਪੱਧਰ ਏਥੋਂ ਦੀ ਧਰਤੀ ਨੂੰ ਬੰਜਰ ਕਰਨ ਵੱਲ ਤੁਲਿਆ ਹੈ। ਪੂਰੀ ਦੁਨੀਆ ਸਮੇਤ ਭਾਰਤ ਦੇ ਬਥੇਰੇ ਹਿੱਸਿਆਂ ਜਿਵੇਂ ਹਰਿਆਣਾ, ਕਸ਼ਮੀਰ, ਰਾਜਸਥਾਨ ਹੌਲੀ-ਹੌਲੀ ਸਪਰਿੰਕਲਰ ਸਿਸਟਮ ਜਾਂ ਡਰਿੱਪ ਇਰੀਗੇਸ਼ਨ (ਛਿੜਕਾਓ ਪ੍ਰਣਾਲੀ ਜਾਂ ਫੁਹਾਰਾ ਸਿੰਚਾਈ) ਵੱਲ ਮੁੜ ਚੁੱਕਿਆ ਹੈ ਤਾਂ ਜੋ ਧਰਤੀ ਹੇਠਲਾ ਪਾਣੀ ਅਗਲੀਆਂ ਪੁਸ਼ਤਾਂ ਲਈ ਬਚਾਇਆ ਜਾ ਸਕੇ ਅਤੇ ਆਪਣੀ ਮਾਤ ਭੂਮੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪੰਜਾਬ ਵਿੱਚ ਬੋਰ ਲਾ-ਲਾ ਕੇ ਪੂਰੀ ਧਰਤੀ ਦਾ ਸੀਨਾ ਛਲਣੀ ਕੀਤਾ ਜਾ ਚੁੱਕਿਆ ਹੈ ਪਰ ਅਸੀਂ ਅਗਾਊਂ ਖ਼ਤਰੇ ਭਾਂਪ ਸਕਣ ਤੋਂ ਅਸਮਰੱਥ ਹੋ ਚੁੱਕੇ ਹਾਂ।
ਇਜ਼ਰਾਈਲ ਨੇ ਸਮਝਾ ਦਿੱਤਾ ਹੈ ਕਿ ਆਪਣੀ ਧਰਤੀ ਪ੍ਰਤੀ ਮੋਹ ਹੀ ਸਭ ਕੁੱਝ ਕਰਨ ਨੂੰ ਮਜਬੂਰ ਕਰਦਾ ਹੈ। ਉਨ੍ਹਾਂ ਫ਼ੈਸਲਾ ਲੈ ਲਿਆ ਹੈ ਕਿ ਉਹ ਫ਼ਸਲਾਂ ਬੀਜੀਆਂ ਜਾਣ ਜੋ ਘੱਟ ਪਾਣੀ ਮੰਗਦੀਆਂ ਹਨ ਤੇ ਜੇ ਪਾਣੀ ਚਾਹੀਦਾ ਹੈ ਤਾਂ ਜੜ੍ਹਾਂ ਵਿੱਚ ਬੂੰਦ-ਬੂੰਦ ਪਾ ਕੇ ਬੰਜਰ ਧਰਤੀ ਨੂੰ ਹਰਿਆ ਭਰਿਆ ਕੀਤਾ ਜਾਵੇ।
ਕਿਸਾਨੀ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਕੋਆਪਰੇਟਿਵ ਦੀਆਂ ਉਦਾਹਰਣਾਂ ਪੂਰੀ ਦੁਨੀਆ ਵਿੱਚ ਦਿੱਤੀਆਂ ਜਾ ਰਹੀਆਂ ਹਨ ਪਰ ਅਸੀਂ ਕਿਸਾਨਾਂ ਦਾ ਹੱਕ ਖੋਹ ਕੇ ਖ਼ੁਦਕੁਸ਼ੀਆਂ ਵੱਲ ਤੋਰ ਰਹੇ ਹਾਂ। ਹਰ ਘਰ ਰੁਜ਼ਗਾਰ ਨੇ ਇਜ਼ਰਾਈਲ ਨੂੰ ਦੁਨੀਆ ਦੇ ਨਕਸ਼ੇ ਉੱਤੇ ਵੱਖ ਚਮਕਾ ਦਿੱਤਾ ਹੈ ਪਰ ਅਸੀਂ ਫੈਕਟਰੀਆਂ ਬੰਦ ਕਰਨ ਉੱਤੇ ਤੁਲੇ ਪਏ ਹਾਂ।
ਪੰਜਾਬ ਵਿਚਲੇ ਆਖ਼ਿਰ ਕਿੰਨੇ ਕੁ ਸਿਆਸਤਦਾਨਾਂ ਤੇ ਬਾਬੂਆਂ ਦੇ ਬੱਚੇ ਫ਼ੌਜ ਵਿੱਚ ਕੰਮ ਕਰ ਰਹੇ ਹਨ ? ਕਿੰਨੇ ਅਫ਼ਸਰਾਂ ਅਤੇ ਸਿਆਸਤਦਾਨਾਂ ਦੇ ਬੱਚੇ ਹਮੇਸ਼ਾ ਲਈ ਇਹ ਧਰਤੀ ਛੱਡ ਕੇ ਦੂਜੇ ਮੁਲਕਾਂ ਦਾ ਹਿੱਸਾ ਬਣ ਚੁੱਕੇ ਹਨ ? ਪੰਜਾਬ ਲਈ ਮਰ ਮਿਟਣ ਵਾਲੇ ਕਿੰਨੇ ਕੁ ਪੰਜਾਬੀ ਬਚੇ ਹਨ ? ਕਿੰਨੇ ਘਰ ਨਸ਼ਿਆਂ ਕਾਰਨ ਖ਼ਤਮ ਹੋ ਚੁੱਕੇ ਹਨ ?
ਪੰਜਾਬ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਮੰਨਦਿਆਂ ਕਿੰਨੇ ਕੁ ਜਣੇ ਇਸ ਦੀ ਹਵਾ ਪ੍ਰਦੂਸ਼ਣ ਰਹਿਤ ਰੱਖਣ ਵਿੱਚ ਯਤਨਸ਼ੀਲ ਹਨ ? ਕਿੰਨੇ ਜਣੇ ਇਸ ਧਰਤੀ ਦੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਚਿੰਤਿਤ ਹਨ ? ਇਸ ਥਾਂ ਵੱਸਦੇ ਨੌਜਵਾਨਾਂ ਵਿੱਚੋਂ ਕਿੰਨਿਆਂ ਨੂੰ ਆਪਣੇ ਮਾਣ ਮੱਤੇ ਇਹਿਤਾਸ ਬਾਰੇ ਪੂਰੀ ਜਾਣਕਾਰੀ ਹੈ ਤੇ ਕਿੰਨਿਆਂ ਦੇ ਮਨਾਂ ਅੰਦਰ ਇਸ ਧਰਤੀ ਦੀ ਸੇਵਾ ਕਰਨ ਲਈ ਉਬਾਲ ਉੱਠਿਆ ਹੈ ਕਿ ਉਹ ਆਈਲੈਟਸ ਪਾਸ ਕਰਨ ਦੀ ਥਾਂ ਪੰਜਾਬ ਨੂੰ ਬਿਹਤਰ ਬਣਾਉਣ ਦਾ ਜ਼ਰੀਆ ਬਣਨਾ ਚਾਹੁੰਦੇ ਹੋਣ ?
ਦੇਸ ਪ੍ਰੇਮ ਦਾ ਜਜ਼ਬਾ ਜਾਂ ਪੰਜਾਬ ਲਈ ਮਰ ਮਿਟਣ ਦਾ ਸੁਫ਼ਨਾ ਕਿੰਨੇ ਨੌਜਵਾਨਾਂ ਵਿੱਚ ਹੈ ? ਕੀ ਮਾਂ-ਬੋਲੀ ਪੰਜਾਬੀ ਪੜ੍ਹਾਉਣ ਲਈ ਮਾਪੇ ਸਕੂਲ ਵਾਲਿਆਂ ਉੱਤੇ ਜ਼ੋਰ ਪਾ ਰਹੇ ਹਨ ਜਾਂ ਅੰਗਰੇਜ਼ੀ ਮੀਡੀਅਮ ਪਿੱਛੇ ਝੱਲੇ ਹੋਏ ਪਏ ਹਨ ? ਜੇ ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਠੋਕ ਕੇ ‘ਹਾਂ’ ਕਹਿਣ ਵੱਲ ਨਹੀਂ ਹਨ ਤਾਂ ਪੰਜਾਬ ਕਦੇ ਵੀ ਤਰੱਕੀ ਵੱਲ ਮੋੜਾ ਨਹੀਂ ਪਾ ਸਕਦਾ। ਪੰਜਾਬ ਨੂੰ ਇਜ਼ਰਾਈਲ ਵਾਂਗ ਬਣਾਉਣ ਲਈ ਸਭ ਤੋਂ ਪਹਿਲਾਂ ਘਰ ਦੇ ਬਜ਼ੁਰਗਾਂ ਨੂੰ ਆਪਣਾ ਰੋਲ ਸਮਝ ਕੇ ਪੋਤਰੇ, ਦੋਹਤਰਿਆਂ ਨੂੰ ਮਾਂ-ਬੋਲੀ ਵਿੱਚ ਸਾਰਾ ਮਾਣਮੱਤਾ ਇਤਿਹਾਸ ਪੜ੍ਹਾਉਣਾ ਸ਼ੁਰੂ ਕਰਨਾ ਪੈਣਾ ਹੈ। ਮਾਂ-ਬੋਲੀ ਰਾਹੀਂ ਸ਼ਹੀਦਾਂ ਦੀ ਪੀੜ ਸਮਝ ਕੇ ਨੌਜਵਾਨਾਂ ਦਾ ਇਸ ਧਰਤੀ ਨਾਲ ਮੋਹ ਜਾਗੇਗਾ।
ਇਜ਼ਰਾਈਲ ਵਿੱਚ ਸਮੁੰਦਰੀ ਪਾਣੀ ਵਿੱਚੋਂ ਲੂਣ ਕੱਢ ਕੇ ਵਰਤਣ ਯੋਗ ਬਣਾ ਕੇ ਦੁਬਾਰਾ ਵਰਤੋਂ ਵਿੱਚ ਲਿਆਇਆ ਜਾ ਰਿਹਾ ਹੈ। ਘਰਾਂ ਵਿਚਲਾ 80 ਫੀਸਦੀ ਪਾਣੀ ਦੁਬਾਰਾ ਫੈਕਟਰੀਆਂ ਤੇ ਖੇਤਾਂ ਵਿੱਚ ਵਰਤਿਆ ਜਾ ਰਿਹਾ ਹੈ। ਜ਼ਿਆਦਾਤਰ ਇਜ਼ਰਾਈਲ ਵਿੱਚ ਕਣਕ, ਫੁੱਲ, ਮੂੰਗਫਲੀ, ਹਰ ਤਰ੍ਹਾਂ ਦੇ ਫਲ਼, ਨਿੰਬੂ, ਆਲੂ, ਗਾਜਰਾਂ, ਮਿਰਚਾਂ ਆਦਿ ਹੀ ਉਗਾਏ ਜਾ ਰਹੇ ਹਨ।
ਕੁਦਰਤੀ ਖੇਤੀ ਦੇ ਨਾਲ ਉਹ ਸਾਰੀਆਂ ਫ਼ਸਲਾਂ ਦੀ ਅਦਲਾ ਬਦਲੀ ਕਰਦੇ ਰਹਿੰਦੇ ਹਨ ਤਾਂ ਜੋ ਧਰਤੀ ਵਿਚਲੇ ਜ਼ਰੂਰੀ ਕਣਾਂ ਦੀ ਘਾਟ ਨਾ ਹੋ ਜਾਵੇ। ਫ਼ਸਲਾਂ ਦਾ ਬਚਿਆ ਖੁਚਿਆ ਹਿੱਸਾ ਜਾਨਵਰਾਂ ਨੂੰ ਪਾ ਦਿੰਦੇ ਹਨ। ਇੰਜ ਸਭ ਕੁੱਝ ਕੁਦਰਤ ਵਿੱਚ ਹੀ ਰਚ ਮਿਚ ਜਾਂਦਾ ਹੈ।
ਇਜ਼ਰਾਈਲ ਦੇ ਅੰਗੂਰ, ਖਜੂਰਾਂ, ਬਾਜਰਾ, ਅੰਜੀਰ, ਓਲਿਵ ਤੇ ਅਨਾਰ ਅੱਜ ਦੁਨੀਆਭਰ ਵਿੱਚ ਮਸ਼ਹੂਰ ਹਨ। ਇਸ ਵੇਲੇ ਉਹ ਹਾਈਬਰਿਡ ਬੀਜ ਵਰਤ ਰਹੇ ਹਨ, ਜਿਨ੍ਹਾਂ ਨਾਲ ਕਿਸਾਨਾਂ ਦੀ ਫ਼ਸਲ ਭਰਪੂਰ ਹੋ ਰਹੀ ਹੈ। ਕੀਟਨਾਸ਼ਕਾਂ ਦੀ ਵਰਤੋਂ, ਨਾ ਬਰਾਬਰ ਹੈ। ਹੁਣ ਉੱਥੇ ਖੇਤਾਂ ਵਿੱਚ ਰੋਬੋਟ ਜ਼ਿਆਦਾ ਕੰਮ ਕਰ ਰਹੇ ਹਨ, ਜਿਹੜੇ ਫ਼ਸਲ ਦਾ ਤਾਪਮਾਨ ਤੇ ਨਮੀ ਚੈੱਕ ਕਰ ਕੇ ਹਿਸਾਬ ਸਿਰ ਪਾਣੀ ਲਾਉਂਦੇ ਹਨ। ਤਕਨੀਕੀ ਗਿਆਨ ਨੂੰ ਖੇਤੀ ਵਿਗਿਆਨ ਨਾਲ ਜੋੜ ਕੇ ਇਜ਼ਰਾਈਲ ਨੇ ਖੇਤੀ ਕ੍ਰਾਂਤੀ ਲਿਆ ਦਿੱਤੀ ਹੈ। ਇਹੀ ਕਾਰਨ ਹੈ ਕਿ ਅੱਧੇ ਤੋਂ ਵੱਧ ਮੁਲਕ ਦੇ ਰੇਗਿਸਤਾਨ ਹੋਣ ਦੇ ਬਾਵਜੂਦ ਇਜ਼ਰਾਈਲ ਹੁਣ ਦੁਨੀਆਭਰ ਵਿੱਚ ਆਪਣੇ ਮੁਲਕ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਵਾਧੂ ਚੀਜ਼ਾਂ ਐਕਸਪੋਰਟ ਕਰਨ (ਵੇਚਣ) ਲੱਗ ਪਿਆ ਹੈ।
ਪੰਜਾਬ ਵਿੱਚ ਖੇਤੀਬਾੜੀ ’ਚ ਤਬਦੀਲੀ ਲਿਆਉਣ ਬਾਰੇ ਕੋਈ ਗੰਭੀਰ ਨਹੀਂ ਜਾਪਦਾ। ਇਹੀ ਕਾਰਨ ਹੈ ਕਿ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਪੰਜਾਬੋਂ ਬਾਹਰ ਜਾਣ ਨੂੰ ਕਾਹਲੇ ਪਏ ਹੋਏ ਹਨ। ਸਰਕਾਰਾਂ ਵੱਲੋਂ ਵੀ ਪਰਵਾਸ ਨੂੰ ਉਤਸਾਹਿਤ ਕਰਨ ਦਾ ਮਤਲਬ ਹੈ ਕਿ ਪੰਜਾਬ ਦੇ ਸਿੱਖਿਅਤ, ਹੁਨਰਮੰਦ, ਮਿਹਨਤੀ ਤੇ ਸਿਹਤਮੰਦ ਨੌਜਵਾਨ ਸਸਤੀ ਕਿਰਤ ਕਰਨ ਲਈ ਵਿਦੇਸਾਂ ਵਿੱਚ ਜਜ਼ਬ ਹੋ ਜਾਣਗੇ ਅਤੇ ਪੰਜਾਬ ਦਾ ਬੌਧਿਕ ਵਿਕਾਸ ਰੁਕ ਜਾਵੇਗਾ। ਇਸ ਦੇ ਨਾਲ ਅੰਤਾਂ ਦਾ ਪੰਜਾਬ ਦਾ ਧਨ ਵਿਦੇਸਾਂ ਵੱਲ ਰੁੜ੍ਹਦਾ ਜਾ ਰਿਹਾ ਹੈ ਜੋ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ। ਕੀ ਇਸ ਨਾਲ ਨੌਜਵਾਨ ਪੰਜਾਬੀਆਂ ਦਾ ਪੂਰਾ ਧਿਆਨ ਵਿਦੇਸਾਂ ਵਿੱਚ ਨਿਜ ਕੇ ਵਿਕਾਸ ਵੱਲ ਨਹੀਂ ਹੋ ਜਾਵੇਗਾ ? ਭਲਾ ਫਿਰ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਸਾਂਭਣ ਜਾਂ ਅਣਖ ਭਰਪੂਰ ਜ਼ਿੰਦਗੀ ਜੀਊਣ ਦੇ ਸੁਫਨੇ ਕਿਵੇਂ ਜਿਊਂਦੇ ਰੱਖੇ ਜਾ ਸਕਦੇ ਹਨ ?
ਨਾ ਖੇਤੀਬਾੜੀ, ਨਾ ਫੈਕਟਰੀਆਂ, ਨਾ ਨੌਕਰੀਆਂ, ਨਾ ਪੜ੍ਹਾਈ, ਨਾ ਦੇਸ਼ ਪ੍ਰੇਮ ਦਾ ਜਜ਼ਬਾ, ਨਾ ਜ਼ਬਾਨ ਨਾਲ ਸਾਂਝ ਤੇ ਨਾ ਹੀ ਇਤਿਹਾਸ ਨਾਲ ਡੂੰਘੀ ਜਾਣ ਪਛਾਣ, ਤਾਂ ਫਿਰ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਕੀ ਬਣੇਗਾ ? ਜੇ ਚੇਤੇ ਹੋਵੇ ਤਾਂ ਇਹੋ ਕੁੱਝ ਪਾਰਸੀਆਂ ਨਾਲ ਹੋਇਆ ਸੀ। ਈਰਾਨ ’ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਕੋਲ ਆਪਣੀ ਕੋਈ ਥਾਂ ਨਹੀਂ ਸੀ ਬਚੀ। ਸਮੁੰਦਰ ਵਿੱਚ ਧੱਕੇ ਖਾਂਦਿਆਂ ਨੂੰ ਭਾਰਤ ਨੇ ਰਹਿਣ ਲਈ ਥਾਂ ਦਿੱਤੀ। ਇਨ੍ਹਾਂ ਵਿੱਚ ਰਤਨ ਟਾਟਾ ਅਤੇ ਸੈਮ ਮਾਨਿਕ ਸ਼ਾਅ ਵਰਗੇ ਦਿੱਗਜਾਂ ਦਾ ਨਾਂ ਸ਼ਾਮਲ ਹੈ। ਜਿਨ੍ਹਾਂ ਨੇ ਭਾਰਤ ਦਾ ਕਰਜ਼ਾ ਲਾਹ ਦਿੱਤਾ ਪਰ ਹੌਲੀ-ਹੌਲੀ ਆਪ ਖ਼ਤਮ ਹੋਣ ਦੇ ਕਗਾਰ ਉੱਤੇ ਪਹੁੰਚ ਚੁੱਕੇ ਹਨ। ਹੁਣ ਪੰਜਾਬੀ ਆਪ ਹੀ ਫ਼ੈਸਲਾ ਕਰਨ ਕਿ ਉਨ੍ਹਾਂ ਨੇ ਹੋਰਨਾਂ ਮੁਲਕਾਂ ਵਿੱਚ ਗੁੰਮ ਹੋ ਕੇ ਇੰਜ ਹੀ ਖ਼ਤਮ ਹੋ ਜਾਣਾ ਹੈ ਜਾਂ ਪੰਜਾਬ ਦੀ ਧਰਤੀ ਨੂੰ ਖ਼ੁਸ਼ਹਾਲ ਬਣਾ ਕੇ, ਪੰਜਾਬੀ ਜ਼ਬਾਨ ਦਾ ਰਹਿਬਰ ਬਣ ਪੰਜਾਬ ਨੂੰ ਮੁੜ ਲੀਹਾਂ ਉੱਤੇ ਲੈ ਕੇ ਆਉਣਾ ਹੈ ?
ਸਭ ਤੋਂ ਪਹਿਲਾ ਕੰਮ ਹੈ ਪੰਜਾਬੀ ਜ਼ਬਾਨ ਵਿੱਚ ਜਾਨ ਪਾਉਣੀ। ਇਸ ਵਾਸਤੇ ਮਾਪਿਆਂ ਵੱਲੋਂ ਪੰਜਾਬੀ ਜ਼ਬਾਨ ਪੜ੍ਹਾਉਣ ਉੱਤੇ ਜ਼ੋਰ ਦੇਣਾ ਪਵੇਗਾ ! ਫਿਰ ਪੰਜਾਬ ਦਾ ਇਤਿਹਾਸ ਸਾਂਭ ਕੇ ਉਜਾਗਰ ਕਰਨਾ ਪੈਣਾ ਹੈ। ਖੇਤੀਬਾੜੀ ਵਿੱਚ ਤਬਦੀਲੀ, ਸਿਆਸੀ ਖੋਰਾ ਘਟਾਉਣਾ, ਪੰਜਾਬੀਪੁਣਾ ਸਾਂਭਣਾ ਅਤੇ ਵਿਦਿਆ ਉੱਤੇ ਜ਼ੋਰ ਪਾ ਕੇ ਸਵੈ-ਰੁਜ਼ਗਾਰ ਪੈਦਾ ਕਰਨ ਦੇ ਢੰਗ ਸਿਖਾਉਣ ਦੀ ਲੋੜ ਹੈ, ਪਰ ਇਹ ਸਭ ਤਾਂ ਹੀ ਸੰਭਵ ਹੋਵੇਗਾ ਜੇ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਇਆ ਜਾਵੇ, ਨਸ਼ੇ ਦੇ ਵਪਾਰੀਆਂ ਉੱਤੇ ਤਕੜੀ ਰੋਕ ਲੱਗੇ, ਪੰਜਾਬੀ ਗਭਰੂ ਸਿਹਤਮੰਦ ਹੋਣ ਵਾਲੇ ਰਾਹ ਤੁਰਨ ਅਤੇ ਪੰਜਾਬ ਲਈ ਮਰ ਮਿਟਣ ਵਾਸਤੇ ਤਿਆਰ-ਬਰ-ਤਿਆਰ ਰਹਿਣ।