ਸ਼ਹੀਦ ਊਧਮ ਸਿੰਘ ਦਾ ਸਾਹਸੀ ਜੀਵਨ

0
5157

ਸ਼ਹੀਦ ਊਧਮ ਸਿੰਘ ਦਾ ਸਾਹਸੀ ਜੀਵਨ

ਸਨਦੀਪ ਸਿੰਘ

ਸ਼ਹੀਦ ਊਧਮ ਸਿੰਘ ਇੱਕ ਐਸਾ ਨਾਮ, ਜੋ ਸੁਣਦੇ ਸਾਰ ਹੀ ਇੱਕ ਐਸਾ ਵਿਅਕਤੀ ਅੱਖਾਂ ਅੱਗੇ ਆਉਣ ਲੱਗ ਜਾਂਦਾ ਹੈ, ਜੋ ਇੱਕ ਆਮ ਇਨਸਾਨ ਹੁੰਦੇ ਹੋਏ ਵੀ ਐਸੇ ਖ਼ਾਸ ਕੰਮਾਂ ਨੂੰ ਅੰਜਾਮ ਦੇ ਗਿਆ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾਇਆ ਜਾ ਸਕਦਾ। ਅੱਜ ਦੇ ਇਸ ਲੇਖ ਦਾ ਮੁੱਖ ਵਿਸ਼ਾ ਊਧਮ ਸਿੰਘ ਦੇ ਜੀਵਨ, ਸੰਘਰਸ਼ ਅਤੇ ਕੰਮਾਂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਬਾਰੇ ਇੱਕ ਵੱਖਰੇ ਨਜ਼ਰੀਏ ਨਾਲ ਇਤਿਹਾਸ ਅਤੇ ਹਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਪਹਿਲੂਆਂ ਨੂੰ ਸਾਂਝਾ ਕਰਨਾ ਹੈ, ਜਿਨ੍ਹਾਂ ਨੂੰ ਅਸੀਂ ਜਦ ਕਿਸੇ ਮਹਾਨ ਇਨਸਾਨ ਦਾ ਨਾਂ ਲੈਂਦੇ ਹਾਂ ਤਾਂ ਅਕਸਰ ਵਿਚਾਰਦੇ ਹੀ ਨਹੀਂ, ਇਹੀ ਕਾਰਨ ਹੈ ਕਿ ਗਿਆਨ, ਕੁਰਬਾਨੀ, ਸਾਹਸ, ਉੱਚਾ ਕਿਰਦਾਰ, ਉੱਚੀ ਸੋਚ ਅਤੇ ਜਜ਼ਬਾ ਅਕਸਰ ਤਸਵੀਰਾਂ ਦੇ ਰੂਪ ਵਿੱਚ ਟੰਗਿਆ ਰਹਿ ਜਾਂਦਾ ਹੈ ਅਤੇ ਵਰ੍ਹੀ-ਛਿਮਾਹੀ ਝਾੜ-ਪੂੰਝ ਕਰ ਕੇ ਫੁੱਲਾਂ ਦੇ ਹਾਰ ਬਦਲ ਦਿੱਤੇ ਜਾਂਦੇ ਹਨ ਪਰ ਉਹਨਾਂ ਦੇ ਜੀਵਨ ਅਤੇ ਉਨ੍ਹਾਂ ਦੇ ਫ਼ਲਸਫ਼ੇ ਜ਼ਿਆਦਾਤਰ ਇਤਿਹਾਸ ਦੇ ਪੰਨਿਆਂ ਵਿੱਚ ਪਏ-ਪਏ ਪੀਲੇ ਹੋ ਰਹੇ ਹਨ।

ਅਜੋਕੇ ਸਮੇਂ ਵਿੱਚ ਤਕਨੀਕ ਦੀ ਬਹੁਤ ਜ਼ਿਆਦਾ ਤਰੱਕੀ ਅਤੇ ਵਰਤੋਂ ਦੇ ਕਾਰਨ ਇਹਨਾਂ ਸ਼ਹੀਦਾਂ ਦੀ ਪੁੱਛ-ਪੜਤਾਲ ਕਾਫ਼ੀ ਵੱਧ ਗਈ ਹੈ, ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪ੍ਰੋਫਾਈਲ ਫ਼ੋਟੋ ਲਗਾਉਣ ਤੱਕ ਹੀ ਸੀਮਤ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹਨਾਂ ਸ਼ਹੀਦਾਂ ਦੇ ਫੈਨ ਹਨ ਅਤੇ ਬਹੁਤ ਪਿਆਰ ਅਤੇ ਇੱਜ਼ਤ ਵੀ ਦੇਂਦੇ ਹਨ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਹੀ ਇਤਿਹਾਸ ਦੇ ਪੰਨਿਆਂ ਤੋਂ ਬਿਲਕੁਲ ਅਣਜਾਣ ਹਨ। ਖ਼ੈਰ ਸਾਡਾ ਫ਼ਰਜ਼ ਬਣਦਾ ਹੈ ਕਿ ਇਹ ਕੋਸ਼ਿਸ਼ ਕੀਤੀ ਜਾਵੇ ਕਿ ਸ਼ਹੀਦਾਂ ਨੂੰ ਸਿਰਫ਼ ਤਸਵੀਰ ਤੱਕ ਸੀਮਤ ਨਾ ਕਰ ਕੇ ਉਹਨਾਂ ਦੇ ਜੀਵਨ ਨੂੰ ਘੋਖਿਆ ਜਾਵੇ ਅਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਲੋਕਾਂ ਵਿੱਚ ਅਜਿਹਾ ਕੀ ਅਲੱਗ ਸੀ, ਜੋ ਕਿ ਸਾਡੇ ਵਿੱਚ ਨਹੀਂ ਹੈ, ਹੈ ਤਾਂ ਉਹ ਵੀ ਇਨਸਾਨ ਸਨ ਅਤੇ ਅਸੀਂ ਵੀ ਇਨਸਾਨ ਹਾਂ ਫਿਰ ਫ਼ਰਕ ਕਿੱਥੇ ਹੈ ? ਕੁਝ ਲੋਕ ਇਹ ਵੀ ਮੰਨਦੇ ਹਨ ਕਿ ਇਹਨਾਂ ਲੋਕਾਂ ਨੂੰ ਰੱਬ ਨੇ ਇਹਨਾਂ ਕੰਮਾਂ ਲਈ ਹੀ ਭੇਜਿਆ ਸੀ ਪਰ ਅਜਿਹਾ ਮੰਨ ਕੇ ਅਸੀਂ ਉਹਨਾਂ ਦੀ ਸੋਚ, ਸੰਕਲਪ, ਸੰਘਰਸ਼, ਦੁੱਖ-ਤਕਲੀਫ਼ਾਂ ਅਤੇ ਮੌਤ ਨੂੰ ਐਨਾ ਛੋਟਾ ਨਹੀਂ ਕਰ ਸਕਦੇ। ਅਸੀਂ ਇਤਿਹਾਸ ਉੱਤੇ ਨਜ਼ਰ ਮਾਰਾਂਗੇ ਅਤੇ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਜੀਵਨ ਵਿਚਲੀਆਂ ਮੁਸ਼ਕਲਾਂ ਨੂੰ ਵੀ ਧਿਆਨ ਨਾਲ ਵਾਚਣ ਦੀ ਕੋਸ਼ਿਸ਼ ਕਰਾਂਗੇ।

ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪਿਤਾ ਟਹਿਲ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪੰਜਾਬ ਦੇ ਛੋਟੇ ਜਿਹੇ ਪਿੰਡ ਸੁਨਾਮ ਵਿੱਚ ਹੋਇਆ। ਊਧਮ ਸਿੰਘ ਦਾ ਜਨਮ ਦਾ ਨਾਮ ਸ਼ੇਰ ਸਿੰਘ ਸੀ, ਜੋ ਕਿ ਬਾਅਦ ਵਿੱਚ ਬਦਲਿਆ ਗਿਆ। ਇਤਿਹਾਸਕ ਹਵਾਲਿਆਂ ਤੋਂ ਪਤਾ ਚਲਦਾ ਹੈ ਕਿ ਟਹਿਲ ਸਿੰਘ ਅਤੇ ਉਸ ਦਾ ਪਰਿਵਾਰ ਪੰਜਾਬ ਦਾ ਨਿਵਾਸੀ ਨਹੀਂ ਸੀ, ਉਹ ਉਤਰ ਪ੍ਰਦੇਸ਼ ਤੋਂ ਪੰਜਾਬ ਮਜ਼ਦੂਰੀ ਕਰਨ ਲਈ ਆਏ ਸਨ।  ਟਹਿਲ ਸਿੰਘ ਦਾ ਅਸਲੀ ਨਾ ਚੂਹੜ ਰਾਮ ਅਤੇ ਹਰਨਾਮ ਕੌਰ ਦਾ ਨਾਮ ਨਾਰਾਇਨੀ ਦੇਵੀ ਸੀ।  ਟਹਿਲ ਸਿੰਘ ਅਤੇ ਉਸ ਦਾ ਪਰਿਵਾਰ ਸੁਨਾਮ ਵਿੱਚ ਸਰਦਾਰ ਧੰਨਾ ਸਿੰਘ ਕੋਲ਼ ਕੰਮ ਕਰਨ ਲੱਗ ਪਿਆ, ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਸੀ। ਇੱਥੇ ਹੀ ਸ: ਧੰਨਾ ਸਿੰਘ ਅਤੇ ਸਿੱਖ ਧਰਮ ਤੋਂ ਪ੍ਰਭਾਵਤ ਹੋ ਕੇ ਉਹ ਸਿੱਖ ਧਰਮ ਵਿੱਚ ਆ ਗਏ ਅਤੇ ਉਹਨਾਂ ਨੂੰ ਨਵੇਂ ਨਾਮ ਮਿਲ ਗਏ, ਜਿਨ੍ਹਾਂ ਨਾਵਾਂ ਨਾਲ ਅਸੀਂ ਅੱਜ ਉਹਨਾਂ ਨੂੰ ਜਾਣਦੇ ਹਾਂ। ਬਾਅਦ ਵਿੱਚ ਟਹਿਲ ਸਿੰਘ ਨੂੰ ਉਪਲੀ ਪਿੰਡ ਦੇ ਰੇਲਵੇ ਫਾਟਕ ਦੇ ਚੌਂਕੀਦਾਰ ਦੀ ਨੌਕਰੀ ਮਿਲ ਗਈ ਜੋ ਕਿ ਸੁਨਾਮ ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਸੀ। ਨੌਕਰੀ ਮਿਲਣ ਤੋਂ ਬਾਅਦ ਟਹਿਲ ਸਿੰਘ ਅਤੇ ਉਸ ਦਾ ਪਰਿਵਾਰ ਜਿਸ ਘਰ ਵਿੱਚ ਰਹਿੰਦਾ ਸੀ ਇਹ ਉਹੀ ਘਰ ਸੀ ਜਿਸ ਵਿੱਚ ਊਧਮ ਸਿੰਘ ਦਾ ਜਨਮ ਹੋਇਆ। ਊਧਮ ਸਿੰਘ ਦਾ ਇੱਕ ਵੱਡਾ ਭਰਾ ਸੀ, ਜਿਸ ਦਾ ਨਾਂ ਮੁਕਤਾ ਸਿੰਘ ਸੀ ਜੋ ਬਾਅਦ ਵਿੱਚ ਬਦਲ ਕੇ ਸਾਧੂ ਸਿੰਘ ਹੋ ਗਿਆ।

ਜਦ ਊਧਮ ਸਿੰਘ ਦੀ ਉਮਰ 2 ਸਾਲ ਸੀ ਤਾਂ 1901 ਵਿੱਚ ਮਾਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਕੁਝ ਸਾਲ ਪਿੱਛੋਂ 1907 ਵਿੱਚ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਐਨੀ ਛੋਟੀ ਉਮਰ ਵਿੱਚ ਮਾਂ-ਬਾਪ ਦਾ ਛਾਇਆ ਸਿਰ ਤੋਂ ਉੱਠਣ ਮਗਰੋਂ ਦੋਨਾਂ ਭਰਾਵਾਂ ਨੂੰ 24 ਅਕਤੂਬਰ 1907 ਵਿੱਚ ਖਾਲਸਾ ਸੇਂਟ੍ਰਲ ਯਤੀਮਖ਼ਾਨਾ ਪੁਤਲੀਘਰ ਅੰਮ੍ਰਿਤਸਰ ਵਿੱਚ ਦਾਖ਼ਲ ਕਰਾ ਦਿੱਤਾ ਗਿਆ। ਇਸੇ ਜਗ੍ਹਾ ’ਤੇ ਹੀ ਦਾਖ਼ਲੇ ਦੇ ਸਮੇਂ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਨਾਂ ਦੇ ਦਿੱਤੇ ਗਏ। ਇਸ ਜਗ੍ਹਾ ’ਤੇ ਰਹਿ ਕੇ ਊਧਮ ਸਿੰਘ ਨੇ ਪੜ੍ਹਾਈ ਦੇ ਨਾਲ-ਨਾਲ ਲੱਕੜੀ ਦਾ ਕੰਮ, ਸਾਇਨ ਬੋਰਡ ਲਿਖਣੇ ਅਤੇ ਸੰਗੀਤ ਆਦਿ ਵਿੱਚ ਵੀ ਮੁਹਾਰਤ ਹਾਸਲ ਕੀਤੀ। ਯਤੀਮਖ਼ਾਨੇ ਦੇ ਰਸੋਈਏ ਪੰਡਿਤ ਜੈ ਚੰਦ, ਜੋ ਕਿ ਬਹੁਤ ਕ੍ਰਾਂਤੀਕਾਰੀ ਵਿਚਾਰਾਂ ਦੇ ਸਨ, ਉਹ ਬੱਚਿਆਂ ਨੂੰ ਅਕਸਰ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜਾਣੂ ਕਰਾਉਂਦੇ ਰਹਿੰਦੇ ਸਨ, ਜਿਨ੍ਹਾਂ ਦਾ ਊਧਮ ਸਿੰਘ ਉੱਤੇ ਬਹੁਤ ਪ੍ਰਭਾਵ ਪਿਆ ਸੀ।  ਇਹ ਵੀ ਕਿਹਾ ਜਾ ਸਕਦਾ ਹੈ ਕਿ ਜੈ ਚੰਦ ਨੇ ਹੀ ਕ੍ਰਾਂਤੀ ਦਾ ਬੂਟਾ ਊਧਮ ਸਿੰਘ ਦੇ ਦਿਲ ਵਿੱਚ ਲਾਇਆ ਸੀ। ਸੰਨ 1913 ਦੇ ਆਸ ਪਾਸ ਊਧਮ ਸਿੰਘ ਦਾ ਭਰਾ ਸਾਧੂ ਸਿੰਘ, ਸਾਧੂਆਂ ਦੇ ਇੱਕ ਟੋਲੇ ਨਾਲ ਚਲਾ ਗਿਆ ਅਤੇ ਕਦੇ ਮੁੜ ਕੇ ਨਹੀਂ ਆਇਆ।  ਬਾਅਦ ਵਿੱਚ 1917 ਵਿੱਚ ਉਸ ਦੀ ਮੌਤ ਦੀ ਖ਼ਬਰ ਆਈ। ਸੰਨ 1918 ਵਿੱਚ ਉਸ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਯਤੀਮਖ਼ਾਨਾ ਛੱਡ ਕੇ ਲੱਕੜੀ ਦਾ ਕੰਮ ਕਰਨ ਲੱਗਾ ਅਤੇ ਨਾਲ-ਨਾਲ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲੱਗਾ।

ਇੱਧਰ ਅੰਗਰੇਜ਼ੀ ਸਰਕਾਰ ਵੀ ਦਿਨੋ-ਦਿਨ ਲੋਕਾਂ ਨੂੰ ਤੰਗ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭਣ ਵਿੱਚ ਲੱਗੀ ਹੋਈ ਸੀ, ਸਰਕਾਰ ਨੇ 1914 ਵਿੱਚ ਰੋਲਟ ਐਕਟ ਪਾਸ ਕੀਤਾ, ਜਿਸ ਅਨੁਸਾਰ ਉਹ ਬਿਨਾਂ ਕਿਸੇ ਕਸੂਰ, ਬਿਨਾਂ ਕਿਸੇ ਕਾਰਵਾਈ ਦੇ ਕਿਸੇ ਨੂੰ ਵੀ ਗਰਿਫ਼ਤਾਰ ਕਰ ਸਕਦੀ ਸੀ ਅਤੇ ਗਰਿਫ਼ਤਾਰੀ ਦੇ ਖ਼ਿਲਾਫ਼ ਅਪੀਲ ਕਰਨ ਦਾ ਹੱਕ ਨਹੀਂ ਸੀ। ਇਸ ਗੱਲ ਦਾ ਵਿਰੋਧ ਭਾਰਤੀ ਲੀਡਰ ਅਤੇ ਲੋਕ ਬਹੁਤ ਵੱਡੇ ਪੈਮਾਨੇ ’ਤੇ ਕਰ ਰਹੇ ਸਨ। ਇਸ ਐਕਟ ਦੇ ਵਿਰੋਧ ਵਿੱਚ ਡਾਕਟਰ ਸੈਫ਼ੁਦੀਨ ਕਿਚਲੂ ਅਤੇ ਡਾਕਟਰ ਸਤਿਪਾਲ ਨੂੰ ਗਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਹ ਰੋਲਟ ਐਕਟ ਦੇ ਵਿਰੋਧ ਵਿੱਚ ਸਰਕਾਰ ਸਾਹਮਣੇ ਇਸ ਨੂੰ ਨਾਜਾਇਜ਼ ਠਹਿਰਾ ਰਹੇ ਸਨ ਅਤੇ ਲੋਕ ਬਹੁਤ ਵੱਡੀ ਮਾਤਰਾ ਵਿੱਚ ਉਨ੍ਹਾਂ ਨੂੰ ਸਮਰਥਨ ਦੇ ਰਹੇ ਸਨ।

13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਤਕਰੀਬਨ 20,000 ਦੇ ਕਰੀਬ ਲੋਕ ਜਲਿਆਂਵਾਲੇ ਬਾਗ਼ ਵਿੱਚ ਇਕੱਠੇ ਹੋਏ ਸਨ, ਜਿੱਥੇ ਅਲੱਗ-ਅਲੱਗ ਲੀਡਰ ਰੋਲਟ ਐਕਟ, ਦੇਸ਼ ਦੇ ਹਾਲਾਤਾਂ ਉੱਤੇ ਅਤੇ ਡਾਕਟਰ ਸੈਫ਼ੁਦੀਨ ਕਿਚਲੂ ਅਤੇ ਡਾਕਟਰ ਸਤਿਪਾਲ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਜਲਿਆਂਵਾਲਾ ਬਾਗ਼ ਦਰਬਾਰ ਸਾਹਿਬ ਤੋਂ ਕੁਝ ਕੁ ਦੂਰੀ ’ਤੇ ਹੀ ਹੋਣ ਕਰ ਕੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਲੋਕ ਵੀ ਜਲਿਆਂਵਾਲੇ ਬਾਗ਼ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਸਮੇਂ ਊਧਮ ਸਿੰਘ ਅਤੇ ਉਸ ਦੇ ਸਾਥੀ ਜਲਿਆਂਵਾਲੇ ਬਾਗ਼ ਵਿੱਚ ਆਈ ਸੰਗਤ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਸਭ ਕੁਝ ਸ਼ਾਂਤਮਈ ਤਰੀਕੇ ਨਾਲ ਬਿਲਕੁਲ ਠੀਕ-ਠਾਕ ਚੱਲ ਰਿਹਾ ਸੀ।  ਏਨੇ ਨੂੰ ਸ਼ਾਮ 5:15 ਵਜੇ ਦੇ ਕਰੀਬ ਅੰਗਰੇਜ਼ੀ ਸਿਪਾਹੀਆਂ ਦਾ ਦਸਤਾ ਜਿਸ ਵਿੱਚ 90 ਦੇ ਕਰੀਬ ਸਿਪਾਹੀ ਸਨ ਜਿਨ੍ਹਾਂ ਦੀ ਅਗਵਾਹੀ ਜਰਨਲ ਡਾਇਰ ਕਰ ਰਿਹਾ ਸੀ, ਬਾਗ਼ ਵਿੱਚ ਆ ਗਏ ਅਤੇ ਹਮਲਾ ਕਰਨ ਲਈ ਤਾਇਨਾਤ ਹੋ ਗਏ। ਭੀੜ ਵਿੱਚ ਭਗਦੜ ਮੱਚ ਗਈ, ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਜਰਨਲ ਡਾਇਰ ਨੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ। ਲੋਕਾਂ ਨੇ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ, ਜਲਿਆਂਵਾਲੇ ਬਾਗ਼ ਵਿੱਚ ਦਾਖ਼ਲ ਹੋਣ ਲਈ ਇੱਕ ਹੀ ਰਸਤਾ ਹੈ ਅਤੇ ਉਸ ਵਿੱਚ ਵੀ ਤੋਪ ਲਗਾ ਦਿੱਤੀ ਗਈ ਇਸ ਲਈ ਲੋਕਾਂ ਕੋਲ ਜਾਣ ਬਚਾਉਣ ਦਾ ਕੋਈ ਰਾਹ ਨਹੀਂ ਸੀ, ਲੋਕਾਂ ਨੇ ਜਾਣ ਬਚਾਉਣ ਲਈ ਖੂਹ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਖੂਹ ਲੋਕਾਂ ਨਾਲ ਹੀ ਭਰ ਗਿਆ। ਇਕ ਸਰਕਾਰੀ ਅਨੁਮਾਨ ਮੁਤਾਬਕ 120 ਲਾਸ਼ਾਂ ਖੂਹ ਵਿੱਚੋਂ ਕੱਢੀਆਂ ਗਈਆ ਸਨ।  ਚਾਰੇ ਪਾਸੇ ਗੋਲ਼ੀਆਂ ਅਤੇ ਚੀਕਾਂ ਦੀ ਆਵਾਜ਼ ਗੂੰਜ ਰਹੀ ਸੀ।  10 ਮਿੰਟ ਵਿੱਚ ਲਗਭਗ 1650 ਗੋਲ਼ੀਆਂ ਚਲਾਈਆਂ ਗਈਆਂ ਅਤੇ ਮਰਨ ਵਾਲਿਆਂ ਦੀ ਗਿਣਤੀ 1500 ਤੋਂ ਜ਼ਿਆਦਾ ਸੀ। ਊਧਮ ਸਿੰਘ ਇਸ ਹਾਦਸੇ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ, ਉਸ ਦੇ ਦੇਖਦਿਆਂ ਹੀ ਦੇਖਦਿਆਂ ਹਰ ਪਾਸੇ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਮਾਤਮ ਛਾ ਗਿਆ। ਇਸ ਘਟਨਾ ਨੇ ਊਧਮ ਸਿੰਘ ਦੇ ਮਨ ਉੱਤੇ ਏਨਾ ਅਸਰ ਕੀਤਾ ਕਿ ਜਿਵੇਂ ਉਸ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ ਹੋਵੇ, ਉਸ ਨੇ ਜਲਿਆਂਵਾਲੇ ਬਾਗ਼ ਦੇ ਸ਼ਹੀਦਾਂ ਦੀ ਜਾਨ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਅਤੇ ਸੌਂਹ ਖਾਧੀ ਕਿ ਜਦ ਤੱਕ ਉਹ ਆਪਣੇ ਦੇਸ਼ ਵਾਸੀਆਂ ਦੇ ਖ਼ੂਨ ਅਤੇ ਦੇਸ਼ ਦੀ ਹੋਈ ਬੇਇੱਜ਼ਤੀ ਦਾ ਬਦਲਾ ਨਹੀਂ ਲੈ ਲੈਂਦਾ ਉਸ ਨੂੰ ਚੈਨ ਨਹੀਂ ਮਿਲ ਸਕਦਾ।

ਘਟਨਾ ਤੋਂ ਕੁਝ ਦਿਨ ਮਗਰੋਂ 22 ਅਪ੍ਰੈਲ 1919 ਨੂੰ ਉਹ ਕਸ਼ਮੀਰ ਦੇ ਇਲਾਕੇ ਬਾਰਾਮੂਲਾ ਵਿੱਚ ਰਹਿਣ ਲੱਗ ਗਿਆ ਅਤੇ ਇੱਕ ਫਰਨੀਚਰ ਦੀ ਦੁਕਾਨ ’ਤੇ ਕੰਮ ਕਰਨ ਲੱਗ ਗਿਆ। ਬਾਅਦ ਵਿੱਚ ਨਵੰਬਰ 1919 ਵਿੱਚ ਉਹ ਅੰਮ੍ਰਿਤਸਰ ਆ ਕੇ ਕੰਮ ਕਰਨ ਲੱਗ ਗਿਆ ਅਤੇ ਮਜਦੂਰਾਂ ਦੇ ਇੱਕ ਝੁੰਡ ਵਿੱਚ ਸ਼ਾਮਲ ਹੋ ਕੇ ਕੁਝ ਦਿਨਾਂ ਬਾਅਦ ਦੱਖਣੀ ਅਫਰੀਕਾ ਪਹੁੰਚ ਗਿਆ। ਏਥੇ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਇੱਕ ਸਮੁੰਦਰੀ ਜਹਾਜ਼ ਵਿੱਚ ਕੰਮ ਕਰਦੇ ਹੋਏ ਅਮਰੀਕਾ ਪਹੁੰਚ ਗਿਆ। ਉਹ ਦੁਨੀਆਂ ਦੇ ਜਿਸ ਵੀ ਦੇਸ਼ ਵਿੱਚ ਜਾਂਦਾ ਦੇਸ਼ ਭਗਤੀ ਅਤੇ ਕ੍ਰਾਂਤੀ ਦਾ ਪ੍ਰਚਾਰ ਕਰਦਾ ਹੋਇਆ ਆਪਣੀ ਮੰਜ਼ਲ ਨੂੰ ਹਾਸਲ ਕਰਨ ਲਈ ਹਮੇਸ਼ਾ ਸੋਚਦਾ ਰਹਿੰਦਾ। ਊਧਮ ਸਿੰਘ ਕਈ ਨਾਵਾਂ ਨਾਲ ਜਾਣਿਆ ਜਾਂਦਾ ਸੀ, ਹਰ ਜਗ੍ਹਾ ਨਵਾਂ ਨਾਮ, ਜਿਵੇਂ ਕਿ ਊਧਮ ਸਿੰਘ, ਉਦੈ ਸਿੰਘ, ਸ਼ੇਰ ਸਿੰਘ, ਫਰੈਂਕ ਬ੍ਰਾਜ਼ੀਲ ਆਦਿ। ਅਮਰੀਕਾ ਪਹੁੰਚ ਕੇ ਊਧਮ ਸਿੰਘ ਦੀ ਮੁਲਾਕਾਤ ਲਾਲਾ ਹਰਦਿਆਲ ਨਾਲ ਹੋਈ, ਜੋ ਕਿ ਗ਼ਦਰ ਪਾਰਟੀ ਦੇ ਚੀਫ਼ ਸਨ। ਉਹਨਾਂ ਦੇ ਨਾਲ ਰਹਿ ਕੇ ਹੋਰ ਸਾਥੀਆਂ ਨੂੰ ਮਿਲ ਕੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਦੇ ਰਹੇ। ਹਥਿਆਰਾਂ ਬਾਰੇ ਜਾਣਕਾਰੀ ਲਈ ਅਤੇ ਨਿਸ਼ਾਨੇਬਾਜ਼ੀ ਵਿੱਚ ਮਹਾਰਤ ਹਾਸਲ ਕੀਤੀ। ਲਾਲਾ ਹਰਦਿਆਲ ਨੇ ਸਲਾਹ ਦਿੱਤੀ ਕਿ ਉਸ ਨੂੰ ਇੰਗਲੈਂਡ ਜਾਣਾ ਚਾਹੀਦਾ ਹੈ ਕਿਉਂਕਿ ਉਸ ਦਾ ਸ਼ਿਕਾਰ ਰਿਟਾਇਰ ਹੋਣ ਤੋਂ ਬਾਅਦ ਇੰਗਲੈਂਡ ਵਿੱਚ ਹੀ ਰਹਿ ਰਿਹਾ ਸੀ। ਸੰਨ 1923 ਵਿੱਚ ਊਧਮ ਸਿੰਘ, ਭਗਤ ਸਿੰਘ ਦੇ ਬੁਲਾਉਣ ’ਤੇ ਭਾਰਤ ਵਾਪਸ ਆ ਗਿਆ।  ਭਾਰਤ ਆ ਕੇ ਊਧਮ ਸਿੰਘ ਨੇ ਲਾਲਾ ਲਾਜਪਤ ਰਾਏ ਦੇ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ ਅਤੇ ਆਪਣੀ ਐਫ. ਏ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਬੀ. ਏ ਕਰਨੀ ਸ਼ੁਰੂ ਕਰ ਦਿੱਤੀ। ਨੈਸ਼ਨਲ ਕਾਲਜ ਵਿੱਚ ਉਸ ਸਮੇਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੁਰੀਂ ਵੀ ਪੜ੍ਹ ਰਹੇ ਸਨ, ਇਹ ਜਗ੍ਹਾ ਕ੍ਰਾਂਤੀਕਾਰੀਆਂ ਦਾ ਗੜ੍ਹ ਸੀ। ਸਭ ਮਿਲ ਕੇ ਇੱਥੇ ਆਜ਼ਾਦੀ ਦੇ ਸੁਪਨੇ ਦੇਖਦੇ, ਅੰਗਰੇਜ਼ਾਂ ਖ਼ਿਲਾਫ਼ ਲੜਾਈ ਦੀਆਂ ਸਕੀਮਾਂ ਬਣਾਉਂਦੇ, ਮੁੱਖ ਤੌਰ ’ਤੇ ਆਜ਼ਾਦੀ ਹੀ ਲੜਾਈ ਦਾ ਮੁੱਖ ਸਥਾਨ ਸੀ। ਕੁਝ ਸਮੇਂ ਬਾਅਦ ਊਧਮ ਸਿੰਘ ਵਾਪਸ ਇੰਗਲੈਂਡ ਚਲਾ ਗਿਆ ਅਤੇ ਉੱਥੇ ਜਾ ਕਿ ਗ਼ਦਰ ਪਾਰਟੀ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖਿਆ। ਸੰਨ 1927 ਵਿੱਚ ਭਗਤ ਸਿੰਘ ਦੇ ਬੁਲਾਉਣ ਉੱਤੇ ਉਹ ਫਿਰ ਵਾਪਸ ਲਾਹੌਰ ਆ ਗਿਆ। ਊਧਮ ਸਿੰਘ, ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ਇਸ ਲਈ ਉਸ ਦੀ ਕਹੀ ਕੋਈ ਵੀ ਗੱਲ ਨਹੀਂ ਮੋੜਦਾ ਸੀ। ਸੰਘਰਸ਼ ਜ਼ੋਰਾਂ ’ਤੇ ਸੀ, ਪਿੰਡ ਪਿੰਡ ਜਾ ਕੇ ਆਜ਼ਾਦੀ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਸੀ।  ਸਰਕਾਰ ਖ਼ਿਲਾਫ਼ ਸਿੱਧੇ ਅਸਿਧੇ ਤਰੀਕੇ ਨਾਲ ਹਰ ਮੁਮਕਿਨ ਮੁਹਿੰਮ ਚਲਦੀ ਸੀ। ਇਸੇ ਦੌਰਾਨ ਊਧਮ ਸਿੰਘ ਨੂੰ ਗੈਰ ਕਨੂੰਨੀ ਤੌਰ ’ਤੇ ਗੋਲ਼ਾ-ਬਾਰੂਦ, ਪਿਸਤੌਲ ਅਤੇ ਪਾਬੰਦੀ ਸ਼ੁਦਾ ਸਾਹਿਤ ਰੱਖਣ ਦੇ ਜੁਰਮ ਵਿੱਚ ਗਰਿਫ਼ਤਾਰ ਕਰ ਲਿਆ ਗਿਆ। ਉਸ ਨੂੰ 28 ਸਤੰਬਰ 1928 ਤੋਂ 23 ਸਤੰਬਰ 1932 ਤੱਕ 5 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਸ ਨੂੰ ਸੇਂਟ੍ਰਲ ਜੇਲ੍ਹ ਮੁਲਤਾਨ ਅਤੇ ਰਾਵਲਪਿੰਡੀ ਵਿੱਚ ਰੱਖਿਆ ਗਿਆ। ਜੇਲ੍ਹ ਵਿੱਚ 27 ਦਸੰਬਰ 1928 ਨੂੰ ਉਸ ਨੂੰ ਖ਼ਬਰ ਮਿਲੀ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਾਲਾ ਲਾਜਪਤ ਰਾਏ ਦੇ ਕਾਤਿਲ ਜੇ. ਪੀ. ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ ਹੈ।  ਊਧਮ ਸਿੰਘ ਬਹੁਤ ਖ਼ੁਸ਼ ਹੋਇਆ ਕਿ ਉਸ ਦੇ ਸਾਥੀਆਂ ਨੇ ਜੋ ਕਿਹਾ ਸੀ ਉਹ ਕਰ ਕੇ ਦਿਖਾ ਦਿੱਤਾ, ਪਰ ਉਸ ਦੀ ਵਾਰੀ ਹਾਲੇ ਬਾਕੀ ਸੀ। ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਕੁਝ ਸਮਾਂ ਜੰਮੂ ਕਸ਼ਮੀਰ ਵਿੱਚ ਬਿਤਾਉਣ ਤੋਂ ਬਾਅਦ 1933 ਵਿੱਚ ਵਾਪਸ ਲੰਡਨ ਆ ਗਿਆ। ਇੱਥੇ ਉਹ ਥੋੜ੍ਹਾ ਸਮਾਂ ਸ਼ਿਫਰਡ ਬੁਸ਼ ਗੁਰਦਵਾਰਾ ਵਿੱਚ ਰਿਹਾ ਅਤੇ ਟੈਕਸੀ ਡਰਾਈਵਰ ਦਾ ਕੰਮ ਕਰਨ ਲੱਗ ਪਿਆ। ਕਾਫ਼ੀ ਸੰਘਰਸ਼ ਤੋਂ ਬਾਅਦ ਜਿਵੇਂ-ਕਿਵੇਂ ਉਸ ਨੇ ਮਾਇਕਲ ਉਡਵਾਇਰ ਨੂੰ ਲੱਭ ਲਿਆ। ਊਧਮ ਸਿੰਘ ਨੂੰ ਕੁਝ ਸਾਲ ਪਹਿਲਾਂ ਪਤਾ ਲੱਗਾ ਸੀ ਕਿ ਜਲਿਆਂਵਾਲੇ ਬਾਗ਼ ਦੀ ਘਟਨਾ ਦੇ ਹੁਕਮ ਦੇਣ ਵਾਲਾ ਮਾਇਕਲ ਉਡਵਾਇਰ ਸੀ ਉਹ ਪੰਜਾਬੀਆਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਕੋਈ ਵੀ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨ ਤੋਂ ਡਰੇ ਇਸ ਲਈ ਉਸ ਨੇ ਜਰਨਲ ਡਾਇਰ ਨੂੰ ਜਲਿਆਂਵਾਲੇ ਬਾਗ਼ ਭੇਜਿਆ ਸੀ। ਜਰਨਲ ਡਾਇਰ 1927 ਵਿੱਚ ਬਿਮਾਰੀ ਦੀ ਹਾਲਤ ਵਿੱਚ ਮਰ ਗਿਆ ਸੀ, ਇਸ ਲਈ ਊਧਮ ਸਿੰਘ ਨੇ ਜਰਨਲ ਡਾਇਰ ਦੀ ਜਗ੍ਹਾ ਮਾਇਕਲ ਉਡਵਾਇਰ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਸੀ ਕਿਉਂਕਿ ਉਹ ਜਾਣ ਚੁੱਕਾ ਸੀ ਕਿ ਮੁੱਖ ਦੋਸ਼ੀ ਵੀ ਇਹੀ ਹੈ। ਊਧਮ ਸਿੰਘ ਮਾਇਕਲ ਉਡਵਾਇਰ ਦਾ ਡਰਾਈਵਰ ਬਣਨ ਵਿੱਚ ਕਾਮਯਾਬ ਹੋ ਗਿਆ ਅਤੇ ਕਾਫ਼ੀ ਸਮਾਂ ਉਸ ਲਈ ਕੰਮ ਕਰਦਾ ਰਿਹਾ। ਇਸ ਦੌਰਾਨ ਊਧਮ ਸਿੰਘ ਨੂੰ ਉਡਵਾਇਰ ਨੂੰ ਮਾਰਨ ਦੇ ਕਈ ਮੌਕੇ ਮਿਲੇ ਪਰ ਉਹ ਇਸ ਤਰ੍ਹਾਂ ਉਸ ਨੂੰ ਨਹੀਂ ਮਾਰਨਾ ਚਾਉਂਦਾ ਸੀ, ਉਹ ਸਮਝਦਾ ਸੀ ਕਿ ਅਗਰ ਇੰਜ ਉਸ ਨੂੰ ਮਾਰਿਆ ਤਾਂ ਲੋਕਾਂ ਨੇ ਸਮਝਣਾ ਕਿ ਇੱਕ ਕਾਲੇ ਨੌਕਰ ਨੇ ਗੋਰੇ ਅੰਗਰੇਜ਼ ਨੂੰ ਮਾਰ ਦਿੱਤਾ ਅਤੇ ਇਸ ਗੱਲ ਦਾ ਹੋਰ ਮਤਲਬ ਨਿਕਲ ਆਉਣਾ। ਉਹ ਚਾਹੁੰਦਾ ਸੀ ਕਿ ਉਡਵਾਇਰ ਨੂੰ ਅਜਿਹੀ ਜਗ੍ਹਾ ’ਤੇ ਮਾਰਿਆ ਜਾਵੇ ਜਿੱਥੇ ਪੂਰੀ ਦੁਨੀਆਂ ਨੂੰ ਪਤਾ ਲੱਗੇ ਕਿ ਜਲਿਆਂਵਾਲੇ ਬਾਗ਼ ਦੇ ਕਾਤਲ ਨੂੰ ਉਸ ਦੀ ਸਜ਼ਾ ਦੇ ਦਿੱਤੀ ਗਈ ਹੈ। ਉਹ ਸਹੀ ਮੌਕੇ ਦੀ ਤਲਾਸ਼ ਕਰਨ ਲੱਗਾ ਜੋ ਕਿ ਉਸ ਨੂੰ ਮਿਲਿਆ 12 ਮਾਰਚ 1940 ਨੂੰ, 21 ਸਾਲਾਂ ਦੀ ਸਖ਼ਤ ਮਿਹਨਤ ਅਤੇ ਤਪਸਿਆ ਤੋਂ ਬਾਅਦ ਉਹ ਮੌਕਾ ਹੱਥ ਲੱਗਾ। ਉਸ ਨੇ ਇੰਡਿਯਨ ਰੈਸਟੋਰੈਂਟ ਵਿੱਚ ਜਿੱਥੇ ਕਿ ਕਾਫ਼ੀ ਭਾਰਤੀ ਆਉਂਦੇ ਸਨ ਅਤੇ ਗ਼ਦਰ ਪਾਰਟੀ ਦੀਆਂ ਮੀਟਿੰਗਾਂ ਵੀ ਇੱਥੇ ਹੀ ਹੁੰਦੀਆਂ ਸਨ।  ਖ਼ੁਸ਼ੀ ਜ਼ਾਹਰ ਕਰਦੇ ਹੋਏ ਆਪਣੇ ਸਾਥੀਆਂ ਅਤੇ ਦੂਜੇ ਲੋਕਾਂ ਵਿੱਚ ਲੱਡੂ ਵੰਡੇ। ਸਭ ਦੇ ਪੁੱਛਣ ’ਤੇ ਉਸ ਨੇ ਜਵਾਬ ਦਿੱਤਾ ਕਿ ਕੱਲ੍ਹ ਦੇ ਅਖ਼ਬਾਰ ਵਿੱਚ ਸਭ ਪ੍ਰਕਾਸ਼ਿਤ ਹੋ ਜਾਵੇਗਾ ਅਤੇ ਮੇਰੀ ਖ਼ੁਸ਼ੀ ਦਾ ਕਾਰਨ ਵੀ ਸਭ ਨੂੰ ਪਤਾ ਲੱਗ ਜਾਵੇਗਾ।

13 ਮਾਰਚ 1940, ਊਧਮ ਸਿੰਘ ਪੂਰੀ ਤਿਆਰੀ ਨਾਲ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕਰ ਕੇ ਲੰਡਨ ਦੇ ਕੇਕਸਟਨ ਹਾਲ (caxton hall) ਵੱਲ ਤੁਰ ਪਿਆ ਜਿੱਥੇ ਈਸਟ ਇੰਡੀਆ ਕੰਪਨੀ ਅਤੇ ਰਾਇਲ ਸੇਂਟ੍ਰਲ ਏਸ਼ੀਆ ਸੋਸਾਇਟੀ ਦੀ ਮੀਟਿੰਗ ਹੋ ਰਹੀ ਸੀ। ਊਧਮ ਸਿੰਘ ਨੇ ਇੱਕ ਮੋਟੀ ਕਿਤਾਬ (ਕੁਝ ਹਵਾਲਿਆਂ ਅਨੁਸਾਰ ਵਾਰਿਸ ਸ਼ਾਹ ਦੀ ਹੀਰ) ਦੇ ਵਰਕਿਆਂ ਨੂੰ ਰਿਵਾਲਵਰ ਵਾਂਗੂ ਕੱਟ ਕੇ ਉਸ ਵਿੱਚ ਰਿਵਾਲਵਰ ਲੁਕੋ ਕੇ ਪੂਰੇ ਆਤਮ ਵਿਸ਼ਵਾਸ ਨਾਲ ਹਾਲ ਵਿੱਚ ਦਾਖ਼ਲ ਹੋ ਗਿਆ। ਸਭ ਲੀਡਰਾਂ ਦੇ ਭਾਸ਼ਣ ਤੋਂ ਬਾਅਦ ਮਾਇਕਲ ਉਡਵਾਇਰ ਸਟੇਜ ’ਤੇ ਆਇਆ ਅਤੇ ਬੋਲਣਾ ਸ਼ੁਰੂ ਕੀਤਾ ਐਨੇ ਨੂੰ ਊਧਮ ਸਿੰਘ ਨੇ ਰਿਵਾਲਵਰ ਕੱਢਿਆ ਅਤੇ ਗੋਲ਼ੀ ਚਲਾਉਣੀ ਸ਼ੁਰੂ ਕਰ ਦਿੱਤੀ, 2 ਗੋਲ਼ੀਆਂ ਮਾਇਕਲ ਉਡਵਾਇਰ ਨੂੰ ਲੱਗੀਆਂ ਅਤੇ ਉਹ ਮੌਕੇ ’ਤੇ ਹੀ ਮਰ ਗਿਆ। ਇੱਕ ਗੋਲ਼ੀ ਲਾਰਡ ਜੇਟਲੈਂਡ, ਜੋ ਕਿ ਇੰਡੀਆ ਸਟੇਟ ਦਾ ਸਕੱਤਰ ਸੀ ਅਤੇ ਇੱਕ ਗੋਲ਼ੀ ਲੂਈਸ ਡੇਨ ਨੂੰ ਲੱਗੀ, ਦੋਨੋ ਜਖ਼ਮੀ ਹੋ ਗਏ ਪਰ ਜਾਨ ਬਚ ਗਈ। ਊਧਮ ਸਿੰਘ ਨੇ ਓਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਗਰਿਫ਼ਤਾਰੀ ਦੇ ਦਿੱਤੀ ਅਤੇ ਕਿਹਾ ਕਿ ਅੱਜ ਉਸ ਨੇ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰ ਲਿਆ ਹੈ।  21 ਸਾਲ ਜਿਸ ਪਾਪੀ ਦਾ ਪਿੱਛਾ ਕਰਦੇ ਕਰਦੇ ਪੂਰੀ ਦੁਨੀਆਂ ਫਿਰੀ ਹੈ ਅੱਜ ਉਸ ਨੂੰ ਮਾਰ ਕੇ ਮੈਂ ਆਪਣੇ ਦੇਸ਼ਵਾਸੀਆਂ ਅਤੇ ਦੇਸ਼ ਦੀ ਬੇਇੱਜ਼ਤੀ ਦਾ ਬਦਲਾ ਲੈ ਲਿਆ ਹੈ। ਉਹਨਾਂ ਹਜ਼ਾਰਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ, ਜੋ ਬਿਨਾਂ ਕਿਸੇ ਕਾਰਨ ਮਾਰ ਦਿੱਤੇ ਗਏ ਸਨ।

ਜਦੋਂ ਹੀ ਇਹ ਗੱਲ ਭਾਰਤ ਪਹੁੰਚੀ ਤਾਂ ਹਰ ਪਾਸੇ ਖ਼ੁਸ਼ੀ ਦੀ ਲਹਿਰ ਦੌੜ੍ਹ ਗਈ।  ਊਧਮ ਸਿੰਘ ਦਾ ਨਾਂ ਹਰ ਕਿਸੇ ਦੀ ਜ਼ਬਾਨ ’ਤੇ ਸੀ, ਸਭ ਜਗ੍ਹਾ ਲੱਡੂ ਵੰਡੇ ਗਏ, ਪਰ ਜਿੱਥੇ ਇੱਕ ਪਾਸੇ ਖ਼ੁਸ਼ੀ ਅਤੇ ਦੇਸ਼ ਭਗਤੀ ਨਾਲ ਅਸਮਾਨ ਤੱਕ ਊਧਮ ਸਿੰਘ ਦਾ ਨਾਂ ਗੂੰਜ ਰਿਹਾ ਸੀ, ਦੂਜੇ ਪਾਸੇ ਕਾਂਗਰਸ ਅਤੇ ਮਹਾਤਮਾ ਗਾਂਧੀ ਇਸ ਗੱਲ ਦੀ ਨਿੰਦਾ ਕਰ ਰਹੇ ਸਨ ਕਿ ਕਿਸੇ ਪਾਗਲ ਭਾਰਤੀ ਦੀ ਇਸ ਹਰਕਤ ਦਾ ਉਹਨਾਂ ਨੂੰ ਬਹੁਤ ਅਫ਼ਸੋਸ ਹੈ। ਉਹ ਇਸ ਗੱਲ ਦੀ ਉਮੀਦ ਕਰਦੇ ਹਨ ਕਿ ਇਸ ਘਟਨਾ ਨਾਲ ਉਹਨਾਂ ਦੇ ਰਾਜਨੀਤਿਕ ਰਿਸ਼ਤਿਆਂ ਵਿੱਚ ਕੋਈ ਫ਼ਰਕ ਨਹੀਂ ਪਵੇਗਾ, ਪਰ ਇਨ੍ਹਾਂ ਪ੍ਰਤੀਕਿਰਿਆਵਾਂ ਨਾਲ ਆਮ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ ਉਹ ਸਭ ਊਧਮ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇੱਧਰ ਲੰਡਨ ਵਿੱਚ 1 ਅਪ੍ਰੈਲ 1940 ਵਿੱਚ ਊਧਮ ਸਿੰਘ ਉੱਤੇ ਮਾਇਕਲ ਉਡਵਾਇਰ ਦੇ ਕਤਲ ਦੇ ਜੁਰਮ ਵਿੱਚ ਸੇਂਟ੍ਰਲ ਕ੍ਰਿਮੀਨਲ ਕੋਰਟ ਓਲ੍ਡ ਬੇਇਲੀ ਵਿੱਚ ਜਸਟਿਸ ਐਟਕਿਨਸੋਨ ਦੀ ਅਦਾਲਤ ਵਿੱਚ ਕੇਸ ਚਲਾਇਆ ਗਿਆ। ਜਦ ਅਦਾਲਤ ਨੇ ਊਧਮ ਸਿੰਘ ਕੋਲੋ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੱਸਿਆ, ਅਦਾਲਤ ਨੇ ਇਸ ਨਾਂ ’ਤੇ ਸ਼ੰਕਾ ਪ੍ਰਗਟਾਈ ਤਾਂ ਉਸ ਨੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਤੁਸੀਂ ਹਮੇਸ਼ਾ ਤੋਂ ਲੋਕਾਂ ਨੂੰ ਧਰਮਾਂ, ਜਾਤਾਂ, ਰੰਗ ਆਦਿ ਦਾ ਭੇਦਭਾਵ ਕਰ ਕੇ ਵੰਡਦੇ ਆ ਰਹੇ ਹੋ ਪਰ ਤੁਸੀਂ ਮੈਨੂੰ ਨਹੀਂ ਵੰਡ ਸਕਦੇ। ਉਸ ਨੇ ਬਹੁਤ ਸੂਝ ਬੂਝ ਅਤੇ ਬਹਾਦਰੀ ਦਾ ਪ੍ਰਯੋਗ ਕਰਦੇ ਹੋਏ ਅਦਾਲਤ ਵਿੱਚ ਉਹਨਾਂ ਦੀਆਂ ਹਕੂਮਤਾਂ ਦੇ ਅਸਲੀ ਚਿਹਰੇ ਦਿਖਾਏ ਅਤੇ ਆਪਣੀ ਇਸ ਕਾਰਵਾਈ ਦਾ ਪੂਰਾ ਮਕਸਦ ਦੱਸਿਆ। ਉਹ ਇਹ ਗੱਲ ਜਾਣਦਾ ਸੀ ਕਿ ਅਦਾਲਤ ਦੀ ਇੱਕ-ਇੱਕ ਗੱਲ ਅਖ਼ਬਾਰ ਦੇ ਜਰੀਏ ਲੋਕਾਂ ਤੱਕ ਪਹੁੰਚ ਜਾਵੇਗੀ ਕਿਉਂਕਿ ਅਦਾਲਤ ਵਿੱਚ ਬਹੁਤ ਸਾਰੇ ਪੱਤਰਕਾਰ ਮੌਜੂਦ ਹੁੰਦੇ ਸਨ। ਉਸ ਨੇ ਆਪਣੀ ਸਿਆਣਪ ਨਾਲ ਉਹਨਾਂ ਦੇ ਹਥਿਆਰ ਉਹਨਾਂ ਦੇ ਖ਼ਿਲਾਫ਼ ਹੀ ਵਰਤ ਲਏ। ਅਦਾਲਤ ਇਹਨਾਂ ਗੱਲਾਂ ਤੋਂ ਪ੍ਰੇਸ਼ਾਨ ਸੀ ਅਤੇ ਜਲਦੀ ਇਹ ਕੇਸ ਖ਼ਤਮ ਕਰਨਾ ਚਾਉਂਦੀ ਸੀ।

ਅਖੀਰ ਐਟਕਿਨਸੋਨ ਦੇ ਹੁਕਮ ਅਨੁਸਾਰ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੇਂਟਨਵਿਲੇ ਜੇਲ੍ਹ ਜਿੱਥੇ ਪਹਿਲਾਂ ਵੀ ਇਕ ਭਾਰਤੀ ਮਦਨ ਮੋਹਨ ਮਾਲਵੀਆ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ, ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਇੱਕ ਸੱਚਾ ਦੇਸ਼ ਭਗਤ ਆਪਣੀ ਧਰਤੀ ਨਾਲ ਕੀਤੇ ਵਾਅਦੇ ਨੂੰ ਆਪਣੀ ਜਾਨ ਦੇ ਕੇ ਪੂਰਾ ਕਰ ਗਿਆ।

ਊਧਮ ਸਿੰਘ ਭਾਰਤ ਹੀ ਨਹੀਂ ਦੁਨੀਆਂ ਦੇ ਇਤਿਹਾਸ ਦਾ ਇਕ ਬਹੁਤ ਅਣਮੁੱਲਾ ਅਧਿਆਏ ਹੈ, ਜਿਸ ਨੇ ਪੂਰੀ ਦੁਨੀਆਂ ’ਚ ਇਹ ਸਾਬਤ ਕਰ ਦਿੱਤਾ ਕਿ ਅਗਰ ਇਨਸਾਨ ਦੀ ਲਗਨ ਸੱਚੀ ਹੋਵੇ ਅਤੇ ਹੌਸਲਾ ਬੁਲੰਦ ਹੋਵੇ ਤਾਂ ਵੱਡੇ ਤੋਂ ਵੱਡਾ ਕੰਮ ਵੀ ਹੋ ਸਕਦਾ ਹੈ। ਊਧਮ ਸਿੰਘ ਦੀ ਪੂਰੀ ਜ਼ਿੰਦਗੀ ਉੱਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਜੋ ਦੇਖਣ ਨੂੰ ਮਿਲਦਾ ਹੈ, ਉਹ ਹੈ ਆਪਣੇ ਉਦੇਸ਼ ਪ੍ਰਤੀ ਇਮਾਨਦਾਰੀ, ਹਾਲਾਤ ਚਾਹੇ ਕਿੰਨੇ ਵੀ ਮਾੜੇ ਰਹੇ ਸਨ, ਪਰ ਉਹ ਆਪਣੇ ਮਕਸਦ ਤੋਂ ਕਦੇ ਨਹੀਂ ਡੋਲਿਆ। ਹਰ ਮੁਸ਼ਕਿਲ ਨੂੰ ਪਾਰ ਕਰ ਕੇ ਉਸ ਨੇ ਦਿਖਾ ਦਿੱਤਾ, ਜੋ ਕਿ ਨਾ ਮੁਮਕਿਨ ਕੰਮ ਸੀ। ਸ਼ਹੀਦਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ, ਜਿਸ ਦਾ ਅਗਰ ਕੁਝ ਪ੍ਰਤੀਸ਼ਤ ਹਿੱਸਾ ਹੀ ਜ਼ਿੰਦਗੀ ਵਿੱਚ ਉਤਾਰ ਲਿਆ ਜਾਵੇ ਤਾਂ ਸਭ ਮੁਸ਼ਕਿਲਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਹ ਲੋਕ, ਲੋਕਾਂ ਲਈ ਦੂਜਿਆਂ ਲਈ ਜਿਉਂਦੇ ਮਰਦੇ ਹਨ ਅਸੀਂ ਤਾਂ ਫਿਰ ਆਪਣੀ ਜ਼ਿੰਦਗੀ ਬਣਾਉਣੀ ਹੈ। ਇਹ ਸਭ ਵੀ ਸਾਡੇ ਵਾਂਗ ਹੀ ਸਨ ਜੇ ਕੋਈ ਫ਼ਰਕ ਸੀ ਤਾਂ ਸਿਰਫ਼ ਜਜ਼ਬੇ ਦਾ। ਹਾਲਾਤ ਜਿਵੇਂ ਮਰਜ਼ੀ ਹੋਣ, ਧਿਆਨ ਹਮੇਸ਼ਾ ਮੰਜ਼ਲ ਵਿੱਚ ਹੀ ਰਹਿੰਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਦੀ ਵਿਚਾਰਧਾਰਾ ਅਪਣਾਉਣ ਦੀ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ।