ਆਸਤਿਕ ਹੋ ਜਾਂ ਨਾਸਤਿਕ ਦੋਨੋਂ ਧਰਮ ਦੇ ਨਾਂ ਤੇ ਤਾਕਤ ਤੇ ਹੰਕਾਰ ਵਿਚ ਲੋਕਾਂ ਨਾਲ ਬੇਇਨਸਾਫੀ ਕਰਦੇ ਹਨ।

0
704

ਆਸਤਿਕ ਹੋ ਜਾਂ ਨਾਸਤਿਕ ਦੋਨੋਂ ਧਰਮ ਦੇ ਨਾਂ ਤੇ ਤਾਕਤ ਤੇ ਹੰਕਾਰ ਵਿਚ ਲੋਕਾਂ ਨਾਲ ਬੇਇਨਸਾਫੀ ਕਰਦੇ ਹਨ।

ਗੁਰਦੇਵ ਸਿੰਘ ਸੱਧੇਵਾਲੀਆ 

ਮੋਟੇ ਤੌਰ ਤੇ ਵਿਆਖਿਆ ਇਹ ਹੈ ਕਿ ਆਸਤਿਕ ਰੱਬ ਨੂੰ ਮੰਨਦਾ ਨਾਸਤਿਕ ਰੱਬ ਨੂੰ ਨਹੀਂ ਮੰਨਦਾ !  ਆਮ ਗੱਲ ਕਰੀਏ ਤਾਂ ਆਸਤਿਕ ਰੱਬ ਨੂੰ ਉਪਰ ਦੇਖਦਾ ਹੈ ਜਦ ਕਿ ਨਾਸਤਿਕ ਹੇਠਾਂ ਧਰਤੀ ਤੇ ਹੀ ਕੁਦਰਤ ਨੂੰ ਮਾਨਣ ਦਾ ਦਾਅਵਾ ਕਰਦਾ ਹੈ। ਵੈਸੇ ਰੱਬ ਨੂੰ ਦੋਵੇਂ ਮੰਨਦੇ ਵੀ ਨੇ ਤੇ ਦੋਵੇਂ ਨਹੀਂ ਵੀ ਮੰਨਦੇ ਪਰ ਦਾਅਵਾ ਦੋਵੇਂ ਕਰਦੇ ਹਨ।  ਆਸਤਿਕ ਜੇ ਕਰਮਕਾਂਡ ਤੋਂ ਅਗੇ ਨਹੀਂ ਗਿਆ ਤਾਂ ਨਾਸਤਿਕ ਗੱਲਾਂ ਜਾਂ ਗੱਪਾਂ ਤੋਂ ਅਗੇ ਨਹੀਂ ਜਾਂਦਾ। ਜਿਵੇਂ ਆਸਤਿਕ ਵੀ ਕਹਿੰਦਾ ਹੈ ਕਿ ਉਹ ਰੱਬ ਨੂੰ ਮੰਨਦਾ ਹੈ ਉਵੇਂ ਹੀ ਨਾਸਤਿਕ ਵੀ ਗੱਲਾਂ ਨਾਲ ਹੀ ਕੁਦਰਤ ਨੂੰ ਮੰਨਦਾ ਹੈ।  ਜੇ ਨਾਸਤਿਕ ਸੱਚਮੁਚ ਕੁਦਰਤ ਨਾਲ ਮੁਹੱਬਤ ਕਰਦਾ ਹੋਵੇ ਤਾਂ ਉਹ ਕੁਦਰਤ ਦੇ ਖਿਲਾਫ ਕਿਉਂ ਜਾਵੇ।  ਉਹ ਵੀ ਕੁਦਰਤੀ ਨਿਯਮਾ ਦੇ ਓਨਾ ਹੀ ਖਿਲਾਫ ਹੈ ਜਿੰਨਾ ਆਸਤਿਕ ਰੱਬੀ ਨਿਯਮਾ ਦੇ ਖਿਲਾਫ ਚੱਲਦਾ ਹੈ।  ਜਿਹੜਾ ਆਸਤਿਕ ਐਲਾਨੀਆ ਕਹਿੰਦਾ ਹੈ ਕਿ ਮੈ ਆਸਤਿਕ ਹਾਂ ਉਹ ਸੱਚਮੁਚ ਕਦੇ ਆਸਤਿਕ ਨਹੀ ਹੋਇਆ ਤੇ ਜਿਹੜਾ ਨਾਸਤਿਕ ਹਿੱਕ ਥਾਪੜਾ ਹੈ ਕਿ ‘ਹਮ ਨਾਸਤਿਕ ਹੋਤੇਂ ਹੈਂ’ ਤਾਂ ਉਹ ਵੀ ਝੂਠ ਬੋਲ ਰਿਹਾ ਹੈ ! ਕਦੇ ਕਿਸੇ ਬੰਦੇ ਨੇ ਲੋਕਾਂ ਸਾਹਮਣੇ ਰੌਲਾ ਪਾਇਆ ਕਿ ਦੇਖੋ ਲੋਕੋ ਮੈ ਬੰਦਾ ਹਾਂ ! ਪਰ ਜੇ ਉਹ ਪਾ ਰਿਹਾ ਤਾਂ ਜਰੂਰ ਉਸ ਨੂੰ ਆਪਣੇ ਆਪ ਬਾਰੇ ਭੁਲੇਖਾ ਹੈ।  ਸ੍ਰ ਭਗਤ ਸਿੰਘ ਨੇ ਕਿਤਾਬ ਲਿੱਖੀ ਕਿ ‘ਮੈ ਨਾਸਤਿਕ ਕਿਉਂ ਹਾਂ’ ? ਬੜੀ ਹੈਰਾਨੀ ਹੁੰਦੀ ਹੈ ਕਿ ਇਸ ਪੜੇ ਲਿਖੇ ਨੌਜਵਾਨ ਨੂੰ ਕੀ ਲੋੜ ਪਈ ਦੱਸਣ ਦੀ ਕਿ ਮੈ ਨਾਸਿਤਕ ਹਾਂ !  ਕਦੇ ਕਿਸੇ ਨਿਡਰ ਬੰਦੇ ਨੇ ਕਿਹਾ ਹੈ ਕਿ ‘ਮੈ ਨਹੀਂ ਡਰਦਾ ਕਿਸੇ ਕੋਲੋਂ’ ? ਜੇ ਕੋਈ ਕਹਿੰਦਾ ਹੈ ਤਾਂ ਜਰੂਰ ਕਿਤੇ ਗੜਬੜ ਹੈ।  ਉਸ ਨੂੰ ਵਿਸ਼ਵਾਸ ਨਹੀਂ ਆ ਰਿਹਾ ਆਪਣੇ ਉਤੇ ਕਿ ਲੋਕ ਮੈਨੂੰ ਨਿੱਡਰ ਸਮਝਦੇ ਵੀ ਹਨ ਕਿ ਨਹੀਂ ! 
ਚਾਹੇ ਆਸਤਿਕ, ਚਾਹੇ ਨਾਸਤਿਕ ਜੇ ਉਹ ਆਪਣੇ ਕੁੱਝ ਹੋਣ ਦੀ ਦੁਹਾਈ ਦੇ ਰਿਹਾ ਹੈ ਤਾਂ ਜਰੂਰ ਉਹ ਅੰਦਰੋਂ ਕਮਜੋਰ ਹੈ ।  ਨਾਸਤਿਕ ਕਹਿੰਦਾ ਕਿ ਮੈ ਰੱਬ ਨੂੰ ਨਹੀਂ ਮੰਨਦਾ ਪਰ ਕੁਦਰਤ ਨੂੰ ਮੰਨਦਾ ਹਾਂ। ਪਰ ਕਾਦਰ ਅਤੇ ਕੁਦਰਤ ਨੂੰ ਦੋ ਸਮਝਣ ਵਾਲੇ ਇਥੇ ਭੁਲੇਖਾ ਖਾ ਗਏ। ਨਾਸਤਿਕ ਵੀ ਅਤੇ ਆਸਤਿਕ ਵੀ। ਆਸਤਿਕ ਨੂੰ ਲੱਗਦਾ ਕਿ ਕਾਦਰ ਕੋਈ ਹੋਰ ਹੈ ਤੇ ਕੁਦਰਤ ਹੋਰ ! ਇਹੀ ਭੁਲੇਖਾ ਨਾਸਤਿਕ ਨੂੰ ਹੈ ! ਉਹ ਕਹਿੰਦਾ ਕੋਈ ਰੱਬ ਰੁੱਬ ਨਹੀਂ ਚੰਗੀ ਜਿੰਦਗੀ ਜੀਵੋ ਤੇ ਕੁਦਰਤ ਨੂੰ ਮਾਣੋ !  ਹੁਣ ਤੁਸੀਂ ਦੱਸੋ ਕਿ ਫਰਕ ਕੀ ਹੋਇਆ ? ਜਿੰਦਗੀ ਨੂੰ ਬੰਦਿਆਂ ਵਾਂਗ ਰਹਿੰਦਿਆਂ ਮਾਣੋ, ਧਰਤੀ ਨੂੰ ਧਰਮਸਾਲ ਸਮਝੋ, ਇਸ ਉਪਰ ਅਪਣੇ ਮਾੜੇ ਖਿਆਲਾਂ ਦੀ, ਈਰਖਾ ਨਫਰਤ ਦੀ ਗੰਦੀ ਬਦਬੂ ਨਾ ਖਲਾਰੋ, ਵਿਕਾਰਾਂ ਦੀ ਮੈਲ ਤੋਂ ਬਚ ਕੇ ਰਹੋ ਅਤੇ ਇਸ ਧਰਤੀ ਨੂੰ ਸਵਰਗ ਬਣਾ ਕੇ ਰੱਖੋ, ਹੋਰ ਤਾਂ ਪਤਾ ਨਹੀਂ ਪਰ ਘਟੋ ਘਟ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਇਹੀ ਕਹਿੰਦਾ ਹੈ। 
ਧਰਮ ਹੈ ਕੀ ? ਇੱਕ ਸਿਸਟਮ ਦਾ, ਇੱਕ ਡਿਸਪਲਨ ਦਾ, ਇੱਕ ਨਿਯਮ ਦਾ ਨਾਂ ਧਰਮ ਹੈ। ਅੱਗ ਸੇਕ ਮਾਰਦੀ ਹੈ ਇਹ ਉਸ ਦਾ ਧਰਮ ਹੈ ਜੇ ਅੱਗ ਵਿੱਚ ਸੇਕ ਨਹੀ ਤਾਂ ਉਹ ਧਰਮ ਨਹੀ, ਪਾਣੀ ਪਿਆਸ ਬੁਝਾਉਂਦਾ ਹੈ ਇਹ ਉਸ ਦਾ ਧਰਮ ਹੈ ਜੇ ਨਹੀ ਤਾਂ ਉਹ ਪਾਣੀ ਨਹੀ ਹੋਰ ਕੁੱਝ ਹੋਵੇਗਾ।  ਯਾਨੀ ਹਰੇਕ ਚੀਜ ਕਿਸੇ ਨਿਯਮ ਵਿੱਚ ਹੈ। ਮਨੁੱਖ ਦਾ ਧਰਮ ਇਹ ਹੈ ਉਹ ਵਾਕਿਆ ਹੀ ਮਨੁੱਖ ਹੋਵੇ ਨਾ ਕਿ ‘ਕਰਤੂਤ ਪਸ਼ੂ ਕੀ ਮਾਨਸ ਜਾਤ’ ਹੋਵੇ ਜੇ ਇਦਾਂ ਹੈ ਤਾਂ ਉਹ ਕੋਈ ਧਰਮ ਨਹੀ ਜਿੰਨਾ ਮਰਜੀ ਸੀਸ ਨੀਵਾਈ ਜਾਏ। ਧਰਮ ਕਿਸੇ ਖਾਸ ਪਹਿਰਾਵੇ ਦਾ, ਭੇਖ ਦਾ ਮੁਹਤਾਜ ਨਹੀ, ਜੋ ਉਪਰ ਕਰਮਕਾਂਡ ਦਿੱਸ ਰਹੇ ਹਨ ਇਸ ਦਾ ਨਾਮ ਧਰਮ ਨਹੀ।  ਨਾਸਤਿਕ ਦਾ ਇਹ ਗਿਲਾ ਹੈ ਕਿ ਧਰਮ ਦੇ ਨਾ ਤੇ ਪਖੰਡ ਹੁੰਦਾ ਹੈ ਪਰ ਇਹ ਤਾਂ ਨਾਸਤਿਕਤਾ ਦੇ ਨਾ ਤੇ ਵੀ ਹੁੰਦਾ ਹੈ।  ਬਹੁਤਾ ਦੂਰ ਤਾਂ ਕੀ ਜਾਣਾ ਪੰਜਾਬ ਵਿੱਚ ਸੁਰਜੀਤ ਕਾਮਰੇਡ ਕੀ ਕਰਦਾ ਰਿਹਾ ਬਾਕੀ ਕਾਮਰੇਡ ਲਾਣੇ ਨੂੰ ਕੌਣ ਨਹੀ ਜਾਣਦਾ।  ਪਖੰਡ ਤਾਂ ਪਖੰਡ ਹੀ ਹੈ ਚਾਹੇ ਰੱਬ ਦੇ ਨਾ ਤੇ ਕਰ ਲਓ ਚਾਹੇ ਰੱਬ ਨੂੰ ਨਾ ਮੰਨਣ ਦੇ ਨਾ ਤੇ ਕਰ ਲਓ। ਬੰਦੇ ਦੀ ਮਾਨਸਿਕਤਾ ਪੜੋ। ਧਰਮੀ ਨੂੰ ਜੇ ਮਾਣ ਹੈ ਕਿ ਉਹ ਧਰਮੀ ਹੈ ਤਾਂ ਨਾਸਤਿਕ ਨੂੰ ਵੀ ਉਹੀ ਹੰਕਾਰ ਹੈ ਕਿ ਉਸ ਨੇ ‘ਰੱਬ-ਰੁੱਬ’ ਦਾ ਫਾਹਾ ਵੱਢ ਦਿੱਤਾ ਹੈ।  ਵਧੀਆ ਇਨਸਾਨ ਬਣਨ ਦਾ ਸਭ ਤੋਂ ਵੱਡਾ ਰੋੜਾ ਹੈ ਹੀ ਹੰਕਾਰ ਤੇ ਉਹ ਤੁਸੀਂ ਚਾਹੇ ਰੱਬ ਦੇ ਨਾਂ ਤੇ ਕਰ ਲਓ ਚਾਹੇ ਨਾਸਤਿਕ ਹੋਣ ਦੇ – ਫਰਕ ਕੀ ਹੈ। 
ਮੋਟੇ ਤੌਰ ਤੇ ਰੱਬ ਨੂੰ ਆਸਤਿਕ ਵੀ ਨਹੀ ਮੰਨਦਾ ਇਸ ਦੀ ਮਿਸਾਲ ਧਾਰਮਿਕ ਅਸਥਾਨਾਂ ਉਪਰ ਬੈਠੇ ਪੰਡਤਾਂ, ਮੁਲਾਣਿਆਂ, ਭਾਈਆਂ ਤੋਂ ਲਈ ਜਾ ਸਕਦੀ ਹੈ ਤੇ ਆਮ ਮਨੁੱਖ ਵੀ ਜੇ ਗੁਰਦੁਆਰਾ ਸਾਹਿਬ ਕੇਵਲ ਬਹੁੜੀਆਂ ਪਾਉਂਣ ਅਤੇ ਸੁੱਖਾਂ ਪੂਰੀਆਂ ਹੀ ਕਰਨ ਜਾਂਦਾ ਹੈ ਤਾਂ ਇਵੇਂ ਹੀ ਜਿਵੇਂ ਉਹ ਹੋਰ ਥਾਵਾਂ ਤੇ ਅਪਣੇ ਕੰਮ ਮਤਲਬ ਲਈ ਜਾਂਦਾ ਹੈ ਉਵੇਂ ਹੀ ਉਹ ਧਾਰਮਿਕ ਅਸਥਾਨ ਤੇ ਜਾਂਦਾ ਹੈ। 
ਇਵੇਂ ਹੀ ਕੁਦਰਤ ਨੂੰ ਨਾਸਤਿਕ ਵੀ ਨਹੀ ਮੰਨਦਾ। ਪੰਜਾਬ ਵਿੱਚ ਕਾਮਰੇਡ ਬਣਨ ਲਈ ਇਹ ਪਹਿਲੀ ਸ਼ਰਤ ਵਾਂਗ ਸੀ ਕਿ ਨਵੇਂ ਭਰਤੀ ਹੋਏ ਦੇ ਮੂੰਹ ਵਿੱਚ ਬੀੜੀ ਸਿਗਰਟ ਠੋਕ ਦਿੱਤੀ ਜਾਂਦੀ ਸੀ ਤੇ ਇਸ ਨੂੰ ਫੈਸ਼ਨ ਅਤੇ ਅਗਾਂਹ ਵਧੂ ਸੋਚ ਸਮਝਿਆ ਜਾਂਦਾ ਸੀ, ਜਦ ਕਿ ਬੀੜੀ ਜਿੰਦਗੀ ਦੇ ਸੁਹੱਪਣ ਨੂੰ ਤਾਂ ਨਾਸ ਕਰਦੀ ਹੀ ਕਰਦੀ ਹੈ ਕੁਦਰਤ ਦੇ ਸੁਹੱਪਣ ਨੂੰ ਵੀ ਬਰਬਾਦ ਕਰਦੀ ਹੈ, ਕੁਦਰਤੀ ਹਵਾ ਵਿੱਚ ਜ਼ਹਿਰ ਘੋਲਦੀ ਹੈ। ਕੁਦਰਤ ਨੂੰ ਮੰਨਣ ਵਾਲਾ, ਮਾਨਣ ਵਾਲਾ ਤਾਂ ਕੁਦਰਤ ਦੇ ਹੀ ਨਸ਼ੇ ਵਿੱਚ ਮਸਤ ਰਹਿੰਦਾ ਹੈ ਪਰ ਕਿੰਨੇ ਨਾਸਤਿਕ ਹਨ ਜਿਹੜੇ ਕੁਦਰਤ ਦੇ ਰਸ ਨੂੰ ਤਰਕਾ ਕੇ ਬਣਾਏ ਅੰਗੂਰਾਂ ਤੇ ਹੋਰ ਕਈ ਤਰ੍ਹਾਂ ਦੀ ਸ਼ਰਾਬ ਤੋਂ ਬਿਨਾ ਰਹਿ ਸਕਦੇ ਹਨ ! ! ਬਹੁਤੇ ਨਾਸਤਿਕ ਸਗੋਂ ਅਜਿਹੇ ਨਖਿੱਧ ਨਸ਼ਿਆਂ ਨੂੰ ਵਰਤਣਾ ਅਗਾਂਹ ਵਧੂ ਹੋਣਾ ਤੇ ਮਾਣ ਵਾਲੀ ਗੱਲ ਸਮਝਦੇ ਹਨ। ਨਾਸਤਿਕ ਸਮਝਦਾ ਹੈ ਕਿ ਆਸਤਿਕ ਅਗਿਆਨੀ ਹੈ ਪਰ ਨਾਸਤਿਕ ‘ਗਿਆਨੀ’ ਹੁੰਦਾ ਹੋਇਆ ਵੀ ਸ਼ਰਾਬ ਦਾ ਗੁਲਾਮ ਹੈ, ਤੰਬਾਕੂ ਦਾ ਗੁਲਾਮ ਹੈ, ਬਾਕੀ ਸਭ ਕੁੱਝ ਦਾ ਗੁਲਾਮ ਹੈ ਜਿਵੇਂ ਆਮ ਮਨੁੱਖ ਹੈ।  ਆਸਤਿਕ ਹਾਲੇ ਫਿਰ ਵੀ ਡਰਦਾ ਜਾਂ ਕਿਸੇ ਸ਼ਰਮ ਹਯਾ ਕਰਕੇ ਕੁੱਝ ਬਖੇੜਿਆਂ ਤੋਂ ਬਚਾ ਰਹਿੰਦਾ ਹੈ ਪਰ ਨਾਸਤਿਕ ‘ਨਿਡਰ’ ਹੋਣ ਦੇ ਨਾਂ ਤੇ ਹੀ ਬਹੁਤਾ ਕੂੜਾ ਕੱਰਕਟ ਸਿਰ ਉਪਰ ਲੱਦੀ ਫਿਰਦਾ ਹੈ ਖਾਸ ਕਰ ਨਵੇਂ ਨਵੇਂ ਬਣੇ ਨਾਸਤਿਕ ਦੂਜਿਆਂ ਨੂੰ ਬਹੁਤੇ ਅਗਾਂਹ ਵਧੂ ਜਾਪਣ ਲਈ ਤਾਂ ਵਧੇਰੇ ਹੀ ‘ਅਗਾਂਹ ਵਧੂ’ ਹੋ ਨਿਬੜਦੇ ਹਨ। 
 ਨਾਸਤਿਕ ਦਾ ਕਹਿਣਾ ਹੈ ਕਿ ਮੈ ਕੇਵਲ ਮਨੁੱਖਤਾ ਨੂੰ ਪਿਆਰ ਕਰਦਾ ਹਾਂ ਪਰ ਸਟਾਲਿਨ ਨਾਸਤਿਕ ਸੀ ਉਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ। ਜੇ ਆਸਤਿਕ ਲੋਕਾਂ ਨੇ ਦੂਜੇ ਧਰਮਾਂ ਦੇ ਧਾਰਮਿਕ ਅਸਥਾਨ ਤਬਾਹ ਕਰ ਦਿੱਤੇ ਤਾਂ ਰੂਸ ਨੇ ਉਹੀ ਕੁੱਝ ਨਾਸਤਿਕਤਾ ਦੇ ਨਾਂ ਉਤੇ ਕੀਤਾ।  ਪੰਜਾਬ ਵਿੱਚ 1984 ਸਮੇਂ ਸਾਰੀ ਨਾਸਤਿਕਤਾ ਜੁਲਮ ਕਰਨ ਵਾਲਿਆਂ ਨਾਲ ਖੜੀ ਰਹੀ।  ਮਨੁੱਖਤਾ ਦਾ ਘਾਣ ਹੋ ਗਿਆ, ਲਹੂ ਲੁਹਾਨ ਹੋ ਗਈ ਮਨੁੱਖਤਾ ਪਰ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਕੋਈ ਨਾਸਤਿਕ ਨਹੀਂ ਬੋਲਿਆ।  ਜਾਂ ਤਾਂ ਨਾਸਤਿਕ ਕਹਿ ਦੇਵੇ ਕਿ ਕੇਵਲ ਉਹ ਉਸ ਮਨੁੱਖਤਾ ਨੂੰ ਪਿਆਰ ਕਰਦਾ ਹੈ ਜਿਹੜੀ ਕੇਵਲ ਮੇਰੇ ਪੈਮਾਨੇ ਉਤੇ ਖਰੀ ਉਤਰਦੀ ਹੈ। ਤੇ ਉਸ ਦੇ ਪੈਮਾਨੇ ਤੇ ਕੇਵਲ ਬੱਸਾਂ ਚੋਂ ਕੱਢ ਕੇ ਕਤਲ ਕੀਤੀ ਜਾਣ ਵਾਲੀ ਮੱਨੁਖਤਾ ਹੀ ਉਤਰਦੀ ਸੀ ਜਿਸ ਦਾ ਹਾਲੇ ਤੱਕ ਨਹੀਂ ਪਤਾ ਲੱਗਾ ਕਿ ਉਹ ਕਿਸ ਨੇ ਕੀਤਾ, ਪਰ ਰੋਹੀਆਂ ਵਿਚ ਲਿਜਾ ਕੇ ਝੂਠੇ ਪੁਲਿਸ ਮੁਕਾਬਲਿਆਂ ਨਾਲ ਕੋਹੀ ਜਾਣ ਵਾਲੀ ਮਨੁੱਖਤਾ ਨਾਲ ਉਸ ਦਾ ਕੋਈ ਸਰੋਕਾਰ ਨਹੀਂ ਸੀ।  ਦਿਆਲ ਵਰਗੇ ਕਾਮਰੇਡ ਤਾਂ ਮੋਇਆਂ ਨੂੰ ਇਨਸਾਫ ਦਿਵਾਉਂਣ ਵਾਲੇ ‘ਪੀਪਲਜ ਕਮਿਸ਼ਨ’ ਦੇ ਵੀ ਖਿਲਾਫ ਬਹੁੜੀਆਂ ਪਾ ਉਠੇ !  ਪੰਜਾਬ ਦੀ ਬਹੁਤੀ ਨਾਸਤਿਕਤਾ ਦਿੱਲੀ ਨਾਲ ਖੜੋਤੀ ਸੀ ਜਿਸ ਨੇ ਪੰਜਾਬ ਦੇ ਆਹੂ ਲਾਹ ਛੱਡੇ। ਇਹ ਨਾਸਤਿਕਤਾ ਸਿਵਾਏ ਫੈਸ਼ਨ ਤੋਂ ਕੁੱਝ ਨਹੀਂ ਕਿ ਮਹਿਫਲ ਲਾ ਲਈ, ਇਨਕਲਾਬ ਉਪਰ ਜਾਂ ਇਨਸਾਨੀਅਤ ਉਪਰ ਚਾਰ ਗਜਲਾਂ ਸੁਣਾ ਲਈਆਂ, ਚਾਰ ਸੁਣ ਲਈਆਂ, ਪੈੱਗ-ਛੈੱਗ ਲਾ ਲਏ, ਚੁਟਕਲੇਬਾਜੀ ਕੀਤੀ, ਰੱਬ ਨੂੰ ਚਾਰ ਗ੍ਹਾਲਾਂ ਕੱਢ ਲਈਆਂ ਇਹ ਦੱਸਣ ਲਈ ਕਿ ਦੇਖੋ ਮੈ ਕਿੰਨਾ ਕੁ ਅਗਾਂਹ ਵਧੂ ਹੋ ਗਿਆ ਹਾਂ। ਇਹ ਨਾਸਤਿਕਤਾ ਬਿਲੱਕੁਲ ਉਦਾਂ ਦੀ ਹੀ ਹੈ ਜਿਦਾਂ ਦੀ ਕਿਸੇ ਕਰਮਕਾਂਡੀ ਦੀ ਆਸਤਿਕਤਾ ਹੈ ਕਿ ਪੈਸੇ ਦੇ ਕੇ ਪਾਠ ਕਰਾਇਆ, ਨਾ ਕੁੱਝ ਸੁਣਿਆ, ਨਾ ਪੱਲੇ ਪਿਆ, ਮੇਲਾ ਗੇਲਾ ਜਿਹਾ ਕੀਤਾ ਤੇ ਚਲੋ ਘਰ ਨੂੰ !  ਸੋਚ ਲਿਆ ਕਿ ਮੈ ਧਰਮੀ ਹੋ ਗਿਆ ਹਾਂ ! 
ਧਰਮ ਦੇ ਨਾਂ ਤੇ ਲੜਾਈਆਂ ਬਹੁਤ ਹੋਈਆਂ ਦੁਨੀਆਂ ਤੇ, ਕੋਈ ਸ਼ੱਕ ਨਹੀਂ, ਪਰ ਲੜਾਈਆਂ ਤਾਂ ਨਾਸਤਿਕ ਮੁੱਲਖਾਂ ਵਿੱਚ ਵੀ ਬਹੁਤ ਹੋਈਆਂ।  ਰੂਸ ਨਾਸਤਿਕਤਾ ਦਾ ਵੱਡਾ ਝੰਡਾ  ਬਰਦਾਰ ਸੀ ਉਸ ਦੀ ਅਫਗਾਨਿਸਤਾਨ ਨਾਲ ਕੋਈ ਧਰਮ ਦੀ ਲੜਾਈ ਤਾਂ ਸੀ ਨਹੀਂ।  ਚੀਨ ਨੇ ਨਿਹੱਥੇ ਖੜੇ ਵਿਦਿਆਰਥੀਆਂ ਉਪਰ ਹੀ ਟੈਂਕ ਚੜਾ ਦਿੱਤੇ। ਲੜਾਈਆਂ ਦਰਅਸਲ ਧਰਮ ਦੇ ਨਾਂ ਤੇ ਹੋਈਆਂ, ਪਰ ਧਰਮ ਨੇ ਨਹੀਂ ਕੀਤੀਆਂ।  ਮਸਲਾ ਕੇਵਲ ਤਾਕਤ ਦਾ ਰਿਹਾ ਹੈ ਤੇ ਰਹੇਗਾ।  ਪੰਜਾਬ ਦੀ ਲੈ ਲਓ। ਬਾਦਲ ਨੂੰ ਪਤਾ ਸੀ ‘ਪੰਥ ਨੂੰ ਖਤਰੇ’ ਦੇ ਨਾਂ ਤੇ ਲੋਕ ਛੇਤੀ ਸੜਕਾਂ ਤੇ ਆ ਜਾਂਦੇ ਹਨ ਉਸ ਨੇ ਵਰਤ ਲੱਭ ਲਿਆ। ਹੁਣ ਉਸ ਦਾ ਬਿਨਾਂ ਖਤਰੇ ਤੋਂ ਸਰੀ ਜਾਂਦਾ ਹੈ ਤੇ ਹੁਣ ਕਦੇ ਪੰਥ ਨੂੰ ਖਤਰਾ ਨਹੀਂ ਹੋਇਆ।  ਹੁਣ ਕਦੇ ਪੰਜਾਬ ਨੇ ਮੋਰਚਾ ਨਹੀਂ ਲਾਇਆ ਧਰਮ ਦੇ ਨਾਂ ਤੇ। ਇਸ ਦਾ ਮਤਲਬ ਕੀ ਨਿਕਲਿਆ ?  ਇੰਨੀ ਕੁ ਮਿਸਾਲ ਵਿਚੋਂ ਅਸੀਂ ਸਮੁੱਚੀ ਦੁਨੀਆਂ ਉਪਰ ਧਰਮ ਦੇ ਨਾਂ ਤੇ ਹੋਈਆਂ ਲੜਾਈਆਂ ਦਾ ਤੱਤਸਾਰ ਕੱਢ ਸਕਦੇ ਹਾਂ। ਬਹਾਨੇ ਜਾਂ ਮਹੌਲ ਵੱਖਰੇ ਹੋ ਸਕਦੇ ਹਨ ਪਰ ਬੇਸ ਇਹੀ ਸੀ ਤਾਕਤ !  ਬੇਸ਼ਕ ਕਈਆਂ ਥਾਵਾਂ ਤੇ ਹਲਾਤ ਵੱਖਰੇ ਵੀ ਹੋ ਸਕਦੇ ਹਨ ਔਰੰਗਜੇਬ ਲੁਕਾਈ ਦੇ ਗਲ ਵਿੱਚ ਗੂਠ ਦੇਈ ਹੀ ਤੁਰਿਆ ਆ ਰਿਹਾ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤਲਵਾਰ ਚੁੱਕਣੀ ਪਈ।  ਪੰਜਾਬ ਦੇ ਤਾਜਾ ਹਲਾਤ ਨੇ, ਗੱਲ-ਗੱਲ ਉਪਰ ਧੱਕਾ, ਜਦ ਤੁਹਾਨੂੰ ਕੋਈ ਬੰਦਾ ਹੀ ਨਹੀਂ ਸਮਝੇਗਾ ਤਾਂ ਕੋਈ ਭਿੰਡਰਾ ਵਾਲਾ ਤਾਂ ਉਠੇਗਾ ਹੀ।  ਯਾਦ ਰਹੇ ਕਿ ਧਰਮ ਕੇਵਲ ਟੱਲੀਆਂ ਖੜਕਾਉਂਣ ਦਾ ਵੀ ਨਾਂ ਨਹੀਂ।  ਧੱਕੇ ਨੂੰ ਸਿਰ ਨੀਵਾਂ ਕਰ ਸਹੀ ਜਾਣਾ, ਇਹ ਵੀ ਕੋਈ ਧਰਮ ਨਹੀਂ। 
ਸੋ, ਨਾਸਤਿਕ ਜਦ ਕਹਿੰਦਾ ਹੈ ਕਿ ਉਹ ਕੁਦਰਤ ਨੂੰ ਤਾਂ ਮੰਨਦਾ ਹੈ ਪਰ ਕਾਦਰ ਨੂੰ ਨਹੀਂ ਤਾਂ ਪੁੱਠੇ ਪਾਸਿਓਂ ਕੰਨ ਫੜ ਰਿਹਾ ਹੁੰਦਾ ਹੈ, ਇਹੀ ਹਾਲ ਆਸਤਿਕ ਦਾ ਹੈ ਉਹ ਕੇਵਲ ਰੱਬ ਨੂੰ ਕਿਸੇ ਛੱਤ ਤੇ ਬੈਠਾ ਆਪਣੇ ਵਰਗਾ ਹੀ ਫੁਰਮਾਨ ਜਾਰੀ ਕਰਨ ਵਾਲਾ ਸਮਝੀ ਬੈਠਾ ਹੈ ਤੇ ਇਸ ਧਰਤੀ ਉਪਰ ਚੰਗੀ ਜਿੰਦਗੀ ਜੀਵਣ ਦੀ ਬਜਾਇ, ਦੂਜਿਆਂ ਨੂੰ ਵੀ ਬਰਾਬਰ ਸਮਝ ਅਤੇ ਪਿਆਰ ਕਰਨ ਦੀ ਬਜਾਇ ਇਥੇ ਤਾਂ ਮਨ ਆਈਆਂ ਕਰ ਰਿਹਾ ਹੈ ਪਰ ਕੁੱਝ ਕਰਮਕਾਂਡ ਕਰਕੇ ‘ਅਗੇ’ ਲਈ ਰਸਤਾ ਪੱਧਰਾ ਕਰਨ ਦਾ ਭਰਮ ਪਾਲੀ ਜਾ ਰਿਹਾ ਹੈ। 
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੜੇ ਪਾਵਨ ਬੋਲ ਹਨ ਜਿਹੜੇ ਥਾਂ-ਥਾਂ ਚੇਤਾ ਕਰਾਉਂਦੇ ਹਨ ਕਿ ਕਾਦਰ ਨੂੰ ਕੁਦਰਤ ਨਾਲੋਂ ਅੱਡ ਨਾ ਸਮਝ ਉਹ ਤਾਂ ਹਰੇਕ ਕਣ ਵਿਚ, ਹਰੇਕ ਕੁਦਰਤ ਦੇ ਜ਼ਰਰੇ-ਜ਼ਰਰੇ ਵਿੱਚ ਹੈ ਤੂੰ ਉਸ ਨੂੰ ਕਿਤੇ ਉਪਰ ਬੈਠਾ ਸਮਝ ਕੇ ਹੋਰ ਹੀ ਪਾਸੇ ਤੁਰਿਆ ਫਿਰ ਰਿਹਾ ਹੈਂ ਜਦ ਕਿ ਉਹ ਤੇਰੇ ਅੰਦਰ ਹੈ, ਤੇਰੇ ਆਸ ਪਾਸ ਫੈਲੀ ਕੁਦਰਤ ਵਿੱਚ ਹੈ, ਤੇਰੇ ਦੁਆਲੇ ਫਿਰ ਰਹੀ ਮਨੁੱਖਤਾ ਵਿੱਚ ਹੈ, ਤੂੰ ਨਿਗਾਹ ਤਾਂ ਉੱਚੀ ਕਰਕੇ ਦੇਖ ।  ਜੇ ਤੂੰ ਦੁਹਾਈਆਂ ਨਾ ਪਾ ਉੱਠੇਂ ਕਿ ਰੱਬ ਇਥੇ ਹੀ, ਇਸੇ ਧਰਤੀ ਤੇ, ਮੇਰੇ ਵਿਚ, ਮੇਰੇ ਦੁਆਲੇ ਅਤੇ ਹਰੇਕ ਕਣ ਕਣ ਵਿੱਚ ਵਿਆਪਕ ਹੈ।