ਬੋਹੜ ਦੇ ਥੱਲੇ ਇਕ ਹੋਰ ਬੋਹੜ – ਖੁੱਡੀਆਂ ਪਰਿਵਾਰ

0
84

ਬੋਹੜ ਦੇ ਥੱਲੇ ਇਕ ਹੋਰ ਬੋਹੜ – ਖੁੱਡੀਆਂ ਪਰਿਵਾਰ

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ  0175-2216783

ਖ਼ਾਲਸਾ ਕਾਲਜ ਅੰਮ੍ਰਿਤਸਰ ਨਾਲ ਮੇਰਾ ਬੜਾ ਗੂੜ੍ਹਾ ਸੰਬੰਧ ਹੈ। ਮੇਰੇ ਨਾਨਾ ਜੀ, ਪ੍ਰੋ. ਸਾਹਿਬ ਸਿੰਘ, ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਅਤੇ ਮੈਂ ਵੀ ਉਸੇ ਕਾਲਜ ਨਾਲ ਜੁੜੀ ਰਹੀ ਹਾਂ। ਪ੍ਰੀ. ਮੈਡੀਕਲ ਦੀ ਪੜ੍ਹਾਈ ਮੈਂ ਉਸੇ ਕਾਲਜ ਵਿੱਚੋਂ ਕੀਤੀ ਸੀ। ਅਨੇਕ ਵਾਰ ਮੈਂ ਖ਼ਾਲਸਾ ਕਾਲਜ ਵਿਚਲਾ ਉਹ ਘਰ ਵੇਖਿਆ, ਜਿੱਥੇ ਮੇਰੇ ਮੰਮੀ, ਮੇਰੇ ਨਾਨਾ ਜੀ ਦੇ ਘਰ ਬਚਪਨ ਵਿੱਚ ਖੇਡਿਆ ਕਰਦੇ ਸਨ। ਇਸੇ ਲਈ ਖ਼ਾਲਸਾ ਕਾਲਜ ਨਾਲ ਜੁੜੇ ਹਰ ਬੰਦੇ ਨਾਲ ਮੈਨੂੰ ਅਪਣਤ ਮਹਿਸੂਸ ਹੁੰਦੀ ਹੈ।

ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਵੀ ਖ਼ਾਲਸਾ ਕਾਲਜ ਹੀ ਪੜ੍ਹੇ ਸਨ। ਸਰਲ ਸੁਭਾਅ ਅਤੇ ਚਿਹਰੇ ਉੱਤੇ ਹਲਕੀ ਮੁਸਕਾਨ ਵਾਲੀ ਪਛਾਣ ਪਿੱਛੇ ਗਹਿਰ ਗੰਭੀਰ ਸੋਚ ਦੇ ਮਾਲਕ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਦੀ ਹਰਮਨ ਪਿਆਰਤਾ ਇੱਥੋਂ ਸਿੱਧ ਹੋ ਜਾਂਦੀ ਹੈ ਕਿ ਹਰਚਰਨ ਸਿੰਘ ਬਰਾੜ ਜੀ ਨੂੰ 1,57,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਲੋਕਾਂ ਨੇ ਇਨ੍ਹਾਂ ਨੂੰ ਜਿਤਾਇਆ ਸੀ। ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਇੱਕ ਦਰਵੇਸ਼ ਸਿਆਸਤਦਾਨ ਹੀ ਆਖਦੇ ਹਨ।

ਸ੍ਰ. ਫੁੰਮਣ ਸਿੰਘ ਤੇ ਮਾਤਾ ਪੰਜਾਬ ਕੌਰ ਦੇ ਸਪੁੱਤਰ ਜਗਦੇਵ ਸਿੰਘ ਜੀ ਨੂੰ ਕਿਤਾਬੀ ਕੀੜਾ ਵੀ ਕਿਹਾ ਜਾਂਦਾ ਸੀ ਕਿਉਂਕਿ ਕਿਤਾਬਾਂ ਪੜ੍ਹਨ ਦੀ ਉਨ੍ਹਾਂ ਨੂੰ ਏਨੀ ਚੇਟਕ ਸੀ ਕਿ ਸੜਕ ਕਿਨਾਰੇ ਵੀ ਉਨ੍ਹਾਂ ਦੀ ਨਜ਼ਰੀਂ ਚੰਗੀਆਂ ਕਿਤਾਬਾਂ ਪੈ ਜਾਂਦੀਆਂ ਤਾਂ ਉੱਥੇ ਹੀ ਗੋਡੀਂ ਭਾਰ ਬਹਿ ਕੇ ਪੜ੍ਹਨਾ ਸ਼ੁਰੂ ਕਰ ਦਿੰਦੇ। ਉਨ੍ਹਾਂ ਦੀ ਸਾਦਗੀ ਦੀ ਸਿਖ਼ਰ ਇਹ ਸੀ ਕਿ ਕਿਤਾਬਾਂ ਦੇ ਖ਼ਰੀਦੇ ਢੇਰ ਨੂੰ ਦੋਹਾਂ ਹੱਥਾਂ ਨਾਲ ਚੁੱਕ ਤੇ ਕੁੱਝ ਕੱਛ ਵਿਚ ਫਸਾ ਕੇ ਪੈਦਲ ਹੀ ਬਸ ਫੜਨ ਲਈ ਤੁਰ ਪੈਂਦੇ।

ਅੱਜ ਦੇ ਦਿਨ ਸੋਚ ਕੇ ਅਜੀਬ ਲੱਗਦਾ ਹੈ ਕਿ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤ ਹੋਏ ਜਗਦੇਵ ਜੀ ਆਪਣੀ ਸਰਕਾਰੀ ਕਾਰ ਛੱਡ ਕਿਤਾਬਾਂ ਚੁੱਕ ਸਰਕਾਰੀ ਬਸ ਉੱਤੇ ਸਫਰ ਕਰਦੇ ਰਹਿੰਦੇ ਸਨ।

ਅਕਾਲੀ ਸਰਕਾਰ ਵਿਚ ਉਨ੍ਹਾਂ ਦਾ ਅਕਸ ਬਹੁਤ ਨਿਖਰ ਕੇ ਲੋਕਾਂ ਵਿਚ ਗਿਆ ਤੇ ਲੋਕ ਉਨ੍ਹਾਂ ਨੂੰ ਵੇਖ ਕੇ ਇੱਜ਼ਤ ਨਾਲ ਸਿਰ ਝੁਕਾ ਲੈਂਦੇ ਸਨ। ਕਾਰ ਵਿਚ ਵੀ ਜਾਣਾ ਹੁੰਦਾ ਤਾਂ ਗੰਨਮੈਨ ਨੂੰ ਜ਼ਿਆਦਾਤਰ ਨਾਲ ਨਹੀਂ ਸਨ ਲੈ ਕੇ ਜਾਂਦੇ।

ਬਚਪਨ ਵਿਚ ਸ੍ਰ. ਜਗਦੇਵ ਜੀ ਮਾ. ਤਾਰਾ ਸਿੰਘ ਜੀ ਤੋਂ ਬਹੁਤ ਪ੍ਰਭਾਵਤ ਸਨ ਪਰ ਆਪਣੇ ਪਿਤਾ ਤੋਂ ਗੁਰਬਾਣੀ ਦੀ ਲੱਗੀ ਚੇਟਕ ਨੂੰ ਉਨ੍ਹਾਂ ਕਈ ਵਾਰ ਦੁਹਰਾਇਆ। ਜਦੋਂ ਸ਼ਾਮ ਪੈਣੀ ਤਾਂ ਪਿਤਾ ਸ੍ਰ. ਫੁੰਮਣ ਸਿੰਘ ਬੱਚਿਆਂ ਨੂੰ ‘ਵਾਹਿਗੁਰੂ’ ਚੇਤੇ ਕਰਦੇ ਰਹਿਣ ਲਈ ਇੱਕ ਆਨਾ ਦੇ ਦਿੰਦੇ। ਜਿਸ ਬੱਚੇ ਨੇ ਦੇਰ ਰਾਤ ਤੱਕ ਇਹ ਜਾਰੀ ਰੱਖਣਾ ਤਾਂ ਉਸ ਨੂੰ ਚੁਆਨੀ ਮਿਲ ਜਾਣੀ।

ਮਾਂ ਪੰਜਾਬ ਕੌਰ ਭਾਵੇਂ ਅਨਪੜ੍ਹ ਸਨ, ਪਰ ਰੋਜ਼ ਤਿੰਨ ਵਾਰ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਦੇ ਅਤੇ ਗੁਰਬਾਣੀ ਨਾਲ ਪੁੱਤਰਾਂ ਨੂੰ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ।

ਅਜਿਹੇ ਮਾਹੌਲ ਵਿੱਚੋਂ ਅੰਮ੍ਰਿਤ ਛੱਕ ਸੱਚੇ ਸੁੱਚੇ ਸਿੱਖ ਸਜੇ ਜਗਦੇਵ ਸਿੰਘ ਜੀ ਨੂੰ ਝੂਠ ਤੋਂ ਸਖ਼ਤ ਨਫ਼ਰਤ ਸੀ। ਵਿਖਾਵੇ ਵਿਚ ਉਹ ਉੱਕਾ ਹੀ ਵਿਸ਼ਵਾਸ ਨਹੀਂ ਸਨ ਰੱਖਦੇ ਅਤੇ ਹੱਕ ਦਾ ਹੀ ਖਾਣਾ ਪਸੰਦ ਕਰਦੇ ਸਨ ਭਾਵੇਂ ਕਿੰਨੀ ਹੀ ਔਖ ਕੱਟਣੀ ਪਵੇ। ਇਹੀ ਕਾਰਨ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਜਦੋਂ ਲੋਕ ਉਨ੍ਹਾਂ ਦੇ ਘਰ ਅਫ਼ਸੋਸ ਕਰਨ ਗਏ ਤਾਂ ਉਨ੍ਹਾਂ ਦਾ ਘਰ ਹੀ ਮੂੰਹੋਂ ਆਪ ਮੁਹਾਰੇ ਬੋਲ ਕੇ ਦੱਸਦਾ ਸੀ ਕਿ ਸਰਪੰਚ ਤੋਂ ਲੈ ਕੇ ਮੰਡੀਕਰਨ ਬੋਰਡ ਦੇ ਚੇਅਰਮੈਨ ਤੱਕ ਪਹੁੰਚੀ ਇਹ ਮਹਾਨ ਸ਼ਖ਼ਸੀਅਤ ਕਿੰਨੀ ਉੱਚੀ ਸੁੱਚੀ ਸੀ। ਘਰ ਕੱਚਾ, ਚੁਬਾਰੇ ਦੀਆਂ ਕੰਧਾਂ ’ਚੋਂ ਵਗੀਆਂ ਮੀਂਹ ਦੀਆਂ ਧਾਰਾਂ ਅਤੇ ਨੀਵੀ ਬਾਲਿਆਂ ਦੀ ਛੱਤ ਦੇ ਨਾਲ ਬਿਨਾਂ ਤਾਕੀ ਦਾ ਕਮਰਾ ਜਿਸ ਦੇ ਰੌਸ਼ਨਦਾਨ ਕਿਤਾਬਾਂ ਨਾਲ ਤੂਸੇ ਹੋਏ ਸਨ ! ਸਿਆਸਤ ਦੇ ਲੇਖੇ ਲਾਈ ਸਾਰੀ ਜ਼ਮੀਨ ਅਤੇ ਲੋੜਵੰਦਾਂ ਲਈ ਵਰਤਿਆ ਸਾਰਾ ਪੈਸਾ ਹੀ ਉਨ੍ਹਾਂ ਵਾਸਤੇ ਲੋਕਾਂ ਦੇ ਮਨਾਂ ਉੱਤੇ ਰਾਜ ਕਰਨ ਦਾ ਰਾਹ ਪਧਰਾ ਕਰਦਾ ਰਿਹਾ ਸੀ।

ਹਰ ਵੇਲੇ ਉਨ੍ਹਾਂ ਨਾਲ ਇੱਕ ਬ੍ਰੀਫਕੇਸ ਜ਼ਰੂਰ ਹੁੰਦਾ ਸੀ ਜਿਸ ਬਾਰੇ ਲੋਕ ਬਹੁਤ ਕਿਆਸ ਲਾਉਂਦੇ ਕਿ ਇਸ ਵਿਚ ਕੀ ਕੁੱਝ ਭਰਿਆ ਹੋ ਸਕਦਾ ਹੈ ! ਉਨ੍ਹਾਂ ਦੇ ਤੁਰ ਜਾਣ ਬਾਅਦ ਜਦੋਂ ਬ੍ਰੀਫਕੇਸ ਖੋਲ੍ਹਿਆ ਗਿਆ ਤਾਂ ਉਸ ਵਿਚ ਨਿਤਨੇਮ ਦਾ ਗੁਟਕਾ ਸਾਹਿਬ ਲੱਭਿਆ। ਸਾਰੇ ਪਿੰਡ ਦੇ ਬੱਚੇ ਵੀ ਉਨ੍ਹਾਂ ਦੀ ਮੌਤ ਬਾਰੇ ਸੁਣ ਕੇ ਜ਼ਾਰੋ-ਜ਼ਾਰ ਰੋਏ ਸਨ ਕਿਉਂਕਿ ਉਹ ਸਾਰੇ ਬੱਚਿਆਂ ਦੇ ਖ਼ਾਸ ਆੜੀ ਸਨ ਅਤੇ ਸਾਰੇ ਉਨ੍ਹਾਂ ਨੂੰ ਪਿਆਰ ਨਾਲ ‘ਆੜੀ ਬਾਪੂ’ ਸਦਦੇ ਸਨ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਨਾਲ ਉਨ੍ਹਾਂ ਦੇ ਬਹੁਤ ਨੇੜਲੇ ਸੰਬੰਧ ਸਨ ਕਿਉਂਕਿ ਉਨ੍ਹਾਂ ਨੂੰ ਪੰਜਾਬ ਅਤੇ ਸਿੱਖੀ ਲਈ ਦ੍ਰਿੜ੍ਹ ਇਰਾਦਾ ਰੱਖਣ ਵਾਲੇ ਲੋਕ ਚੰਗੇ ਲੱਗਦੇ ਸਨ। ਜੱਥੇਦਾਰ ਜੀ ਦੇ ਪੜਦਾਦਾ ਜੀ ਦਾ ਨਾਂ ਬਾਬਾ ਗੁਲਾਬ ਸਿੰਘ ਸੀ ਤੇ ਉਨ੍ਹਾਂ ਦੇ ਨਾਂ ਉੱਤੇ ਹੀ ਖੁੱਡੀਆਂ ਗੁਲਾਬ ਸਿੰਘ ਪਿੰਡ ਦਾ ਨਾਂ ਹੈ। ਅਪਰੇਸ਼ਨ ਬਲੂ ਸਟਾਰ ਨੇ ਜੱਥੇਦਾਰ ਜੀ ਦੇ ਮਨ ਉੱਤੇ ਡੂੰਘੀ ਛਾਪ ਛੱਡੀ ਅਤੇ ਉਹ ਅੰਦਰੋਂ ਕਿਤੇ ਟੁੱਟ ਹੀ ਗਏ ਸਨ।

ਅੱਤ ਦੀ ਖ਼ੂਬਸੂਰਤ ਲਿਖਾਈ ਦੇ ਮਾਲਕ ਜਗਦੇਵ ਸਿੰਘ ਜੀ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਧੀਆ ਤਰੀਕੇ ਨਾਲ਼ ਜਾਣਦੇ ਸਨ। ਉੱਚ ਕੋਟੀ ਦਾ ਸਾਹਿਤ ਪੜ੍ਹਨਾ ਜਿਸ ਵਿਚ ਟਾਈਮ, ਨਿਊਜ਼ਵੀਕ, ਇੰਡੀਆ ਟੂਡੇ, ਬੇਸਿਕ ਸਾਈਕੌਲੋਜੀ, ਫਾਦਰ ਐਂਡ ਸਨਜ਼ ਸਮੇਤ ਉਰਦੂ ਅਤੇ ਪੰਜਾਬੀ ਦੀਆਂ ਬੇਸ਼ੁਮਾਰ ਕਿਤਾਬਾਂ ਉਨ੍ਹਾਂ ਦੇ ਚੰਡੀਗੜ੍ਹ ਵਾਲੇ ਕਿਰਾਏ ਉੱਤੇ ਲਏ ਘਰ ਵਿਚ ਤੂਸੋ ਤੂਸ ਭਰੀਆਂ ਪਈਆਂ ਸਨ। ਅਣਗਿਣਤ ਕੈਸਟਾਂ ਦੇ ਡੱਬੇ ਭਰੇ ਪਏ ਸਨ, ਜਿਨ੍ਹਾਂ ਨੂੰ ਤੁਰਦੇ ਫਿਰਦੇ ਈਅਰਫੋਨ ਲਾ ਕੇ ਸੁਣਦੇ ਰਹਿਣਾ ਉਨ੍ਹਾਂ ਦੀ ਆਦਤ ਸੀ। ਫਜ਼ੂਲ ਗੱਲਾਂ ਸੁਣਨ ਜਾਂ ਕਿਸੇ ਦੀ ਬਦਖੋਈ ਕਰਨ ਨਾਲੋਂ ਚੰਗੀ ਗੱਲ ਕੰਨੀਂ ਪੈਣੀ ਬਿਹਤਰ ਹੈ। ਵਕਤ ਦੇ ਪਾਬੰਦ ਅਤੇ ਹੱਦੋਂ ਵੱਧ ਈਮਾਨਦਾਰ ਹੋਣ ਸਦਕਾ ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਵਾਧੂ ਅਤੇ ਬੇਲੋੜੀਆਂ ਮੰਗਾਂ ਤੋਂ ਬਚਾਈ ਰੱਖਿਆ।

ਇੱਕ ਵਾਰ ਵੱਡੇ ਪੁੱਤਰ ਗੁਰਮੀਤ ਸਿੰਘ ਨੇ ਕਬੱਡੀ ਦੀ ਖੇਡ ਦੌਰਾਨ ਕੇਸ ਕਤਲ ਕਰਵਾ ਲਏ ਤਾਂ ਜਗਦੇਵ ਸਿੰਘ ਜੀ ਨੂੰ ਸਖ਼ਤ ਧੱਕਾ ਲੱਗਿਆ ਪਰ ਮੂੰਹੋਂ ਇੱਕ ਹਰਫ਼ ਵੀ ਮਾੜਾ ਨਾ ਕੱਢਿਆ। ਸਿਰਫ਼ ਪੁੱਤਰ ਵੱਲ ਝਾਕ ਕੇ ਚੰਡੀਗੜ੍ਹ ਕਾਰ ਉੱਤੇ ਲੰਘ ਗਏ। ਤਿੰਨ ਮਹੀਨਿਆਂ ਬਾਅਦ ਵਾਪਸ ਮੁੜੇ ਤਾਂ ਉਦੋਂ ਤੱਕ ਪੁੱਤਰ ਗੁਰਮੀਤ ਨੇ ਪਿਤਾ ਦੀ ਨਜ਼ਰ ਵਿੱਚੋਂ ਹੀ ਸੁਨੇਹਾ ਫੜ ਕੇ ਵਾਪਸ ਕੇਸ ਰੱਖ ਲਏ ਸਨ। ਜਿਸ ਕਾਰਨ ਘੁੱਟ ਕੇ ਜੱਫੀ ਨਾਲ ਜੱਥੇਦਾਰ ਜੀ ਨੇ ਪੁੱਤਰ ਨੂੰ ਗਲ ਨਾਲ਼ ਲਾਇਆ, ਨੈਣਾਂ ਵਿੱਚੋਂ ਨਿਕਲੇ ਨੀਰ ਰਾਹੀਂ ਸਭ ਗਿਲੇ ਸ਼ਿਕਵੇ ਧੋਤੇ ਗਏ।

ਸੰਨ 1960 ਵਿਚ ਆਪ ਪੰਜਾਬੀ ਸੂਬੇ ਦੇ ਮੋਰਚੇ ਵਿਚ ਲਗਾਤਾਰ ਕੰਮ ਵਿਚ ਜੁਟ ਗਏ ਜਿਸ ਸਦਕਾ ਅਕਾਲੀ ਰਾਜਨੀਤੀ ਵਿਚ ਉਨ੍ਹਾਂ ਨੂੰ ਲੰਬੀ ਇਲਾਕੇ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ ਤੇ ਫਿਰ ਮੁਕਤਸਰ ਵਿਚ ਪ੍ਰਧਾਨ ਵਜੋਂ ਸਥਾਪਤ ਹੋ ਗਏ। ਦਿੱਲੀ ਗੁਰਦੁਆਰਿਆਂ ਸੰਬੰਧੀ ਲੱਗੇ ਮੋਰਚਿਆਂ ਵਿਚ ਤਿੰਨ ਮਹੀਨੇ ਜੇਲ ਵਿਚ ਵੀ ਰਹੇ।  15 ਸਤੰਬਰ 1936 ਨੂੰ ਜੰਮੇ ਜੱਥੇਦਾਰ ਜੀ ਸਿਰਫ਼ 53 ਵਰ੍ਹੇ ਦੀ ਉਮਰ ਭੋਗ ਕੇ ਤੁਰ ਗਏ ਤੇ ਉਨ੍ਹਾਂ ਦੀ ਮੌਤ ਵੀ ਰਾਜਨੀਤਕ ਗੰਦਗੀ ਦੀ ਸਿਖ਼ਰ ਉਜਾਗਰ ਕਰ ਗਈ ਕਿ ਕਿਵੇਂ ਇਸ ਦਲਦਲ ਵਿਚ ਸਾਫ਼ ਅਕਸ ਵਾਲੀ ਸ਼ਖ਼ਸੀਅਤ ਨੂੰ 35 ਸਾਲ ਦੇ ਰਾਜਨੀਤਕ ਕਿਰਦਾਰ ਤੋਂ ਦਰ ਕਿਨਾਰ ਕਰ ਦਿੱਤਾ ਜਾਂਦਾ ਹੈ। ਉਹ ਮੌਤ ਸੁਭਾਵਕ ਨਹੀਂ ਸੀ। ਪੋਸਟ ਮਾਰਟਮ ਰਾਹੀਂ ਵੀ ਸਪਸ਼ਟ ਹੋ ਗਿਆ ਕਿ ਉਨ੍ਹਾਂ ਨੂੰ ਮਾਰ ਕੇ ਪਾਣੀ ਵਿਚ ਸੁੱਟਿਆ ਗਿਆ ਪਰ ਹਾਲੇ ਤੱਕ ਉਨ੍ਹਾਂ ਨਾਲ ਹੋਏ ਧੱਕੇ ਦਾ ਨਿਆਂ ਨਹੀਂ ਮਿਲਿਆ।

ਉਸ ਬੇਦਾਗ਼ ਤੇ ਪਾਕ ਪਵਿੱਤਰ ਰੂਹ ਦੇ ਵੱਡੇ ਸਪੁੱਤਰ ਗੁਰਮੀਤ ਸਿੰਘ ਵੀ ਹੁਣ 32 ਸਾਲਾਂ ਤੋਂ ਸਿਆਸਤ ਵਿਚ ਹਨ। ਆਮ ਧਾਰਨਾ ਹੈ ਕਿ ਬੋਹੜ ਦੇ ਹੇਠਾਂ ਕੋਈ ਹੋਰ ਬੋਹੜ ਪਨਪ ਨਹੀਂ ਸਕਦਾ, ਪਰ ਸਿਆਸਤ ਦੇ ਇਸ ਬਾਬਾ ਬੋਹੜ ਦੇ ਹੇਠਾਂ ਇਕ ਹੋਰ ਬੋਹੜ ਉੱਗ ਚੁੱਕਿਆ ਹੈ। ਜਿਸ ਸਿਆਸਤ ਨੇ ਜੱਥੇਦਾਰ ਜਗਦੇਵ ਸਿੰਘ ਜੀ ਨੂੰ ਚੱਬ ਲਿਆ, ਉਸੇ ਸਿਆਸਤ ਦੇ ਇੱਕ ਸਿਆਸੀ ਘਾਗ ਨੂੰ ਢਾਹੁਣਾ ਕੋਈ ਖਾਲਾ ਜੀ ਦਾ ਘਰ ਨਹੀਂ ਸੀ।

ਦੁਨੀਆ ਨੇ ਵੇਖਿਆ ਕਿ ਇੱਕ ਪਾਸੇ ਪੈਸੇ ਦਾ ਦਰਿਆ ਵਗਿਆ ਅਤੇ ਦੂਜੇ ਪਾਸੇ ਨਿਰੋਲ ਦਿਆਨਤਦਾਰੀ। ਬਜ਼ੁਰਗਾਂ ਦੀਆਂ ਦੁਆਵਾਂ ਅਤੇ ਲੋਕਾਂ ਦਾ ਪਿਆਰ ਇੱਕ ਅਜਿਹੀ ਮਿਸਾਲ ਕਾਇਮ ਕਰ ਗਿਆ ਜਿਸ ਬਾਰੇ ਰਹਿੰਦੀ ਦੁਨੀਆ ਤੱਕ ਗੱਲ ਚੱਲਦੀ ਰਹਿਣੀ ਹੈ। ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਵੱਡੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਵਰਗੇ ਸਿਆਸੀ ਥੰਮ ਨੂੰ ਢਾਹ ਕੇ ਸਾਬਤ ਕਰ ਦਿੱਤਾ ਹੈ ਕਿ ਬੋਹੜ ਹੇਠਾਂ ਇੱਕ ਹੋਰ ਬੋਹੜ ਜ਼ਰੂਰ ਪਨਪ ਸਕਦਾ ਹੈ, ਬਸ਼ਰਤੇ ਕਿ ਨੀਅਤ ਸਾਫ਼ ਹੋਵੇ ਅਤੇ ਲਗਨ ਪੱਕੀ ਹੋਵੇ। ਆਉਣ ਵਾਲੇ ਸਮੇਂ ਬਾਰੇ ਤਾਂ ਪਤਾ ਨਹੀਂ ਪਰ ਅੱਜ ਦੇ ਦਿਨ ਜ਼ਰੂਰ ਇਸ ਇਤਿਹਾਸਕ ਜਿੱਤ ਬਾਰੇ ਦੁਨੀਆ ਭਰ ਵਿਚ ਚਰਚਾ ਹੈ। ਸ਼ਾਲਾ ਉਮੀਦ ਕਰਦੇ ਹਾਂ ਕਿ ਗੁਰਮੀਤ ਜੀ ਆਪਣੇ ਪਿਤਾ ਦੇ ਦੱਸੇ ਰਾਹ ਉੱਤੇ ਤੁਰ ਕੇ ਨਵੀਂ ਮਿਸਾਲ ਕਾਇਮ ਕਰਨਗੇ।