ਉੱਤਰੀ ਭਾਰਤ ਦੀ ਭਗਤੀ ਲਹਿਰ ਦੇ ਮੌਢੀ:-ਭਗਤ ਰਾਮਾਨੰਦ ਜੀ

0
657

ਉੱਤਰੀ ਭਾਰਤ ਦੀ ਭਗਤੀ ਲਹਿਰ ਦੇ ਮੌਢੀ:-ਭਗਤ ਰਾਮਾਨੰਦ ਜੀ

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋਬ: 94631-32719

ਮੱਧ ਕਾਲ ਦੇ ਦੌਰਾਨ ਭਾਰਤ ਵਿਚ ਚੱਲੀ ਭਗਤੀ ਲਹਿਰ ਰੂਹਾਨੀਅਤ ਦੀ ਅਮੀਰੀ ਦੇ ਨਾਲ-ਨਾਲ ਇੱਕ ਧਾਰਮਿਕ ਅਤੇ ਸਮਾਜਿਕ ਚੇਤਨਾ ਦੀ ਲਹਿਰ ਵੀ ਸੀ । ਮਨੁੱਖਤਾ ਨੂੰ ਰੂਹਾਨੀ ਰੰਗ ਵਿਚ ਰੰਗਣ ਵਾਲੀ ਇਸ ਭਗਤੀ ਲਹਿਰ ਦਾ ਧਾਰਮਿਕ ਖੇਤਰ ਵਿਚ ਇੱਕ ਅਹਿਮਤਰੀਨ ਯੋਗਦਾਨ ਰਿਹਾ ਹੈ । ਇਸ ਲਹਿਰ ਨਾਲ ਜੁੜੇ ਭਗਤਾਂ ਵੱਲੋਂ ਜਿਹੜੀ ਬਾਣੀ ਉਚਾਰਨ ਕੀਤੀ ਗਈ ਹੈ, ਉਸ ਵਿਚ ਧਰਮ ਦੇ ਕਰਮਕਾਂਡੀ ਰੂਪ ਨੂੰ ਰੱਦ ਕਰ ਕੇ ਸੱਚੇ ਅਚਾਰ ਅਤੇ ਸੁਚੱਜੇ ਵਿਹਾਰ ਨੂੰ ਧਰਮ ਦਾ ਬੁਨਿਆਦੀ ਤੱਤ ਮੰਨਿਆ ਗਿਆ ਹੈ । ਇਹ ਮਾਨਤਾ ਕੇਵਲ ਗੱਲੀਂ-ਬਾਤੀ ਹੀ ਨਹੀਂ ਦਿੱਤੀ ਗਈ ਸਗੋਂ ਭਗਤ-ਜਨਾ ਦਾ ਆਪਣਾ ਸਮੁੱਚਾ ਜੀਵਨ ਵੀ ਇਸ ਮਾਨਤਾ ਦੇ ਅਨੁਸਾਰੀ ਹੀ ਰਿਹਾ ਹੈ । ਅਧਿਆਤਮਿਕ ਖੇਤਰ ਵਿਚ ਰੱਬੀ ਏਕਤਾ ਦਾ ਹੋਕਾ ਦੇਣ ਵਾਲੇ ਇਹ ਭਗਤ ਆਪਣੇ ਸਮੇਂ ਦੇ ਸਮਾਜ ਨੂੰ ਸੁਧਾਰਨ ਅਤੇ ਨਿਖ਼ਾਰਨ ਵਿਚ ਵੀ ਆਪਣਾ ਬਣਦਾ-ਸਰਦਾ ਯੋਗਦਾਨ ਪਾਉਂਦੇ ਰਹੇ ਹਨ । ਇਸ ਯੋਗਦਾਨ ਦੇ ਬਦਲੇ ਇਨ੍ਹਾਂ ਮਹਾਂਪੁਰਖਾਂ ਨੂੰ ਕਈ ਵਾਰ ਕੱਟੜਵਾਦੀਆਂ ਦੀ ਨਫਰਤ ਅਤੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਰਿਹਾ ਹੈ । ਆਪਣੀ ਵਿਸ਼ੇਸ਼ ਤੇ ਵਿਲੱਖਣ ਵਿਚਾਰਧਾਰਾ ਨਾਲ ਜਿੱਥੇ ਇਨ੍ਹਾਂ ਪ੍ਰਭੂ-ਪਿਆਰਿਆਂ ਨੇ ਗ਼ੈਰ-ਮਨੁੱਖੀ ਵਰਤਾਰਿਆਂ ਨੂੰ ਖ਼ਾਰਜ ਕੀਤਾ ਹੈ, ਉਥੇ ਨਵੀਨ ਮੁਹਾਂਦਰੇ ਵਾਲੇ ਸਮਾਜ ਦੀ ਸਿਰਜਣਾ ਹਿੱਤ ਵੀ ਅਣਥੱਕ ਯਤਨ ਕੀਤੇ ਹਨ । ਇਨ੍ਹਾਂ ਯਤਨਾਂ ਸਦਕਾ ਹੀ ਭਗਤਾਂ ਦੀ ਇੱਕ ਅੱਡਰੀ ਪਹਿਚਾਣ ਸਥਾਪਿਤ ਹੁੰਦੀ ਰਹੀ ਹੈ, ਜਿਹੜੀ ਉਨ੍ਹਾਂ ਨੂੰ ਇਲਾਕਾਈ ਅਤੇ ਭਾਸ਼ਾਈ ਹੱਦਾਂ-ਬੰਨਿਆਂ ਤੋਂ ਪਾਰ ਲਿਜਾ ਕੇ ਲੋਕਾਈ ਦੇ ਸਤਿਕਾਰ ਦਾ ਪਾਤਰ ਬਣਾਉਂਦੀ ਰਹੀ ਹੈ । ਇਨ੍ਹਾਂ ਲੋਕ ਸਤਿਕਾਰਤ ਪਾਤਰਾਂ ਵਿਚ ਹੀ ਸ਼ਾਮਲ ਹੈ, ਉਤਰੀ ਭਾਰਤ ਦੀ ਭਗਤੀ ਲਹਿਰ ਦੇ ਮੋਢੀ ‘ਭਗਤ ਰਾਮਾਨੰਦ ਜੀ’ ਦਾ ਨਾਮ ।

ਭਗਤ ਰਾਮਾਨੰਦ ਜੀ (ਜਿਨ੍ਹਾਂ ਨੂੰ ਸਵਾਮੀ ਰਾਮਾਨੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਦਾ ਜਨਮ 15 ਅਗਸਤ 1366 ਈ. (ਸੰਮਤ 1423) ਨੂੰ ਇੱਕ ਗੌੜ ਬ੍ਰਾਹਮਣ ਸ੍ਰੀ ਭੂਰਿਕਰਮਾ ਅਤੇ ਮਾਤਾ ਸੁਸੀਲਾ ਦੇਵੀ ਦੇ ਗ੍ਰਹਿ ਵਿਖੇ ਪ੍ਰਯਾਗ ਰਾਜ (ਅਲਾਹਾਬਾਦ) ਉੱਤਰ ਪ੍ਰਦੇਸ਼ ਵਿਚ ਹੋਇਆ । ਕੁੱਝ ਕੁ ਲੇਖਕਾਂ ਦੀਆਂ ਲਿਖਤਾਂ ਵਿਚ ਭਗਤ ਜੀ ਦੇ ਪਿਤਾ ਦਾ ਨਾਮ ਸਦਨ ਸ਼ਰਮਾ ਅਤੇ ਜਨਮ ਸਥਾਨ ਕਾਂਸ਼ੀ ਵੀ ਲਿਖਿਆ ਗਿਆ ਹੈ । ਬਚਪਨ ਵਿਚ ਉਨ੍ਹਾਂ ਨੂੰ ਰਾਮਾਦੱਤ ਦੇ ਨਾਂਅ ਨਾਲ ਵੀ ਬੁਲਾਇਆ ਜਾਂਦਾ ਸੀ ।

ਭਗਤ ਰਾਮਾਨੰਦ ਜੀ ਅਚਾਰੀਆ ‘ਰਾਮਾਨੁਜ’ ਜੀ ਦੁਆਰਾ ਚਲਾਈ ਗਈ ਸ੍ਰੀ ਸੰਪਰਦਾ ਦੇ ਇੱਕ ਉੱਘੇ ਪ੍ਰਚਾਰਕ ਸਵਾਮੀ ਰਾਘਵਨੰਦ ਦੇ ਚੇਲੇ ਸਨ, ਜਿਹੜੇ ਇਸ ਸੰਪਰਦਾ ਦੇ ਤੇਰਵੇਂ ਮੁੱਖੀ ਸਨ । ਭਗਤ ਜੀ ਦਾ ਜੀਵਨ-ਕਾਲ ਇੱਕ ਸਦੀ ਤੋਂ ਵੀ ਵਧੇਰੇ ਮੰਨਿਆ ਜਾਂਦਾ ਹੈ, ਜਿਸ ਦਾ ਬਹੁਤਾ ਹਿੱਸਾ ਉਨ੍ਹਾਂ ਨੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿ ਕੇ ਹੀ ਗੁਜ਼ਾਰਿਆ । ਭਗਤ ਜੀ ਲੰਮੇ ਸਮੇਂ ਤੱਕ ਸ੍ਰੀ ਸੰਪਰਦਾ ਨਾਲ ਜੁੜ ਕੇ ਆਪਣੀਆਂ ਅਧਿਆਤਮਕ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਦੇ ਰਹੇ ਹਨ ਪਰ ਬਾਅਦ ਵਿਚ ਉਨ੍ਹਾਂ ਨੇ ਰਾਮਾਵਤ/ਰਾਮਾਦਤ ਸੰਪਰਦਾ ਦੀ ਸਥਾਪਨਾ ਕਰ ਲਈ । ਇਸ ਸੰਪਰਦਾ ਦੇ ਸਿਧਾਂਤ ਤਾਂ ਪਹਿਲਾਂ (ਸ੍ਰੀ ਸੰਪਰਦਾ) ਵਾਲੇ ਹੀ ਰਹੇ ਪਰ ਸਾਧਨਾ-ਪਧਤੀ ਵਿਚ ਕੁੱਝ ਉਦਾਰਤਾ ਜ਼ਰੂਰ ਕਾਇਮ ਹੋ ਗਈ । ਇਸ ਲਹਿਰ ਨਾਲ ਭਗਤੀ ਲਹਿਰ ਵਿਚ ਇੱਕ ਨਿਵੇਕਲਾ ਰੰਗ ਅਤੇ ਢੰਗ ਦਿਖਾਈ ਦੇਣ ਲੱਗ ਪਿਆ । ਇਸ ਰੰਗ ਅਤੇ ਢੰਗ ਕਾਰਨ ਹੀ ਉਸ ਵਕਤ ਦੀਆਂ ਕੁੱਝ ਛੁੱਟਿਆਈਆਂ ਜਾਂਦੀਆਂ ਜਾਤਾਂ ਦੇ ਲੋਕ ਵੀ ਇਸ ਕ੍ਰਾਂਤੀਕਾਰੀ ਲਹਿਰ ਨਾਲ ਜੁੜਨ ਲੱਗੇ ਅਤੇ ਪਰਮ ਪਿਤਾ ਦੀ ਭਗਤੀ ਦਾ ਹੱਕ ਹਾਸਲ ਕਰਨ ਲੱਗੇ ।

ਭਗਤ ਰਾਮਾਨੰਦ ਜੀ ਦੇ ਉਚੇਚੇ ਯਤਨਾਂ ਨਾਲ ਰਾਮ-ਨਾਮ ਦੀ ਗੰਗਾ ਝੁੱਗੀਆਂ ਝੋਪੜੀਆਂ ਦੇ ਬਸ਼ਿੰਦਿਆਂ ਤੱਕ ਵੀ ਪਹੁੰਚ ਗਈ ਅਤੇ ਉਨ੍ਹਾਂ ਦਾ ਆਤਮਿਕ ਜੀਵਨ ਵੀ ਆਨੰਦਿਤ ਹੋਣ ਲੱਗਾ । ਉਸ ਵਕਤ ਦੇ ਵਰਣ-ਵੰਡ ਵਾਲੇ ਸਮਾਜ ਵਿਚ ਭਗਤ ਜੀ ਦੁਆਰਾ ਕੀਤਾ ਗਿਆ ਬਰਾਬਰਤਾ ਦਾ ਇਹ ਉਪਰਾਲਾ ਕਿਸੇ ਕ੍ਰਾਂਤੀਕਾਰੀ ਕਦਮ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਵਕਤ ਪੂਜਾ-ਪਾਠ ਦਾ ਅਧਿਕਾਰ ਕੁੱਝ ਰਾਖਵੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਹੀ ਹਿੱਸੇ ਆਉਂਦਾ ਸੀ । ਭਗਤ ਜੀ ਦੀ ਇਸ ਫ਼ਰਾਖਦਿਲੀ ਵਾਲੀ ਸੋਚ-ਸਮਝ ਤੋਂ ਪ੍ਰਭਾਵਤ ਹੋ ਕੇ ਵੈਰਾਗੀ ਸੰਪਰਦਾ ਵਾਲੇ ਵੀ ਉਨ੍ਹਾਂ ਨੂੰ ਆਪਣਾ ਅਚਾਰੀਆ ਮੰਨਣ ਲੱਗ ਪਏ । ਸਮਾਂ ਪਾ ਕੇ ਭਗਤ ਰਾਮਾਨੰਦ ਜੀ ਨੇ ਵੈਸ਼ਨਵ ਮੱਤ ਨੂੰ ਤਿਆਗ ਦਿੱਤਾ ਅਤੇ ਅਕਾਲ-ਪੁਰਖ ਦੇ ਨਿਰਗੁਣ ਸਰੂਪ ਦੇ ਉਪਾਸ਼ਕ ਬਣ ਗਏ । ਭਗਤ ਜੀ ਦੀ ਇਸ ਉਪਾਸ਼ਨਾ ਕਾਰਨ ਹੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦਾ ਬਸੰਤ ਰਾਗ ਵਿਚ ਉਚਾਰਨ ਕੀਤਾ ਹੋਇਆ ਇਹ ਸ਼ਬਦ ‘‘ਕਤ ਜਾਈਐ  ? ਰੇ  ! ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ; ਮਨੁ ਭਇਓ ਪੰਗੁ ॥੧॥ ਰਹਾਉ ॥’’ (ਭਗਤ ਰਾਮਾਨੰਦ/੧੧੯੫), ਗੁਰੂ ਗ੍ਰੰਥ ਸਾਹਿਬ ਦੇ ਅੰਗ 1195 ਉੱਪਰ ਦਰਜ ਕੀਤਾ ਹੈ । ਆਪਣੀ ਮਾਨਸਿਕ ਅਵਸਥਾ ਨੂੰ ਬਿਆਨਦੇ ਹੋਏ ਸਵਾਮੀ ਜੀ ਦੱਸਦੇ ਹਨ ਕਿ ਮੇਰਾ ਮਨ ਪਿੰਗਲਾ ਹੋ ਗਿਆ ਹੈ ਭਾਵ ਹੁਣ ਇਹ ਦਰ-ਦਰ ’ਤੇ ਨਹੀਂ ਭਟਕਦਾ ਸਗੋਂ ਆਪਣੇ ਪਿਆਰੇ ਨੂੰ ਪੂਰਨ ਰੂਪ ਵਿਚ ਸਮਰਪਿਤ ਹੋ ਗਿਆ ਹੈ ।

ਭਗਤ ਰਾਮਾਨੰਦ ਜੀ ਦੇ ਕਈ ਹੋਰ ਵੀ ਪ੍ਰਸਿੱਧ ਚੇਲੇ ਹੋਏ ਹਨ ਜਿਨ੍ਹਾਂ ਨੇ ਆਪਣੇ-ਆਪਣੇ ਸਮੇਂ ਵਿਚ ਮਨੁੱਖਤਾ ਨੂੰ ਸੱਚ ਨਾਲ ਜੋੜਿਆ ਅਤੇ ਕੂੜ ਤੋਂ ਮੋੜਿਆ ਹੈ । ਭਗਤ ਜੀ ਦੇ ਇਨ੍ਹਾਂ ਚੇਲਿਆਂ ਵਿਚ ਕਬੀਰ ਸਾਹਿਬ, ਬਾਬਾ ਰਵਿਦਾਸ ਜੀ, ਭਗਤ ਸੈਣ ਜੀ ਅਤੇ ਭਗਤ ਪੀਪਾ ਜੀ ਦਾ ਨਾਮ ਵਰਣਨ ਯੋਗ ਹੈ । ਇਸ ਸੂਚੀ ਵਿਚ ਕਈ ਲੇਖਕਾਂ ਨੇ ਭਗਤ ਧੰਨਾ ਜੀ ਦੇ ਨਾਂਅ ਨੂੰ ਵੀ ਸ਼ਾਮਲ ਕੀਤਾ ਹੈ ਪਰ ਇਹ ਪੂਰਨ ਰੂਪ ਵਿਚ ਪ੍ਰਮਾਣਿਤ ਨਹੀਂ ਹੈ । ਭਗਤੀ ਲਹਿਰ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਇਨ੍ਹਾਂ ਸਾਰੇ ਭਗਤਾਂ ਨੇ ਕਾਬਲ-ਏ-ਤਾਰੀਫ਼ ਯੋਗਦਾਨ ਪਾਇਆ ਹੈ ਅਤੇ ਰੱਬੀ ਨੇੜਤਾ ਤੇ ਪਿਆਰ ਹਾਸਲ ਕਰਨ ਲਈ ਭਾਉ-ਭਗਤੀ ਦੇ ਮਾਰਗ ਨੂੰ ਇੱਕ ਉੱਤਮ ਮਾਰਗ ਦਰਸਾਇਆ ਹੈ ।

ਆਪਣੀ ਹਯਾਤੀ ਦਾ ਲੰਮਾ ਸਮਾਂ ਗੰਗਾ ਦੇ ਕੰਢੇ (ਕਾਂਸ਼ੀ) ’ਤੇ ਬਤੀਤ ਕਰ ਕੇ ਭਗਤ ਰਾਮਾਨੰਦ ਜੀ 12 ਦਸੰਬਰ 1467 ਈ. ਨੂੰ ਪ੍ਰਲੋਕ ਗਮਨ ਕਰ ਗਏ । ਬੇਸ਼ੱਕ ਭਗਤ ਜੀ ਇੱਕ ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਏ ਪਰ ਉਹ ਬ੍ਰਾਹਮਣਵਾਦੀ (ਵਿਸ਼ੇਸ਼ ਕਰ ਕੇ ਭੁਲੇਖਾ ਪਾਊ) ਪਸਾਰੇ ਤੋਂ ਨਿਰਲੇਪ ਹੀ ਰਹੇ । ਉਨ੍ਹਾਂ ਦੇ ਮੁਤਾਬਕ ਪੂਰੇ ਗੁਰੂ ਦੀ ਸ਼ਰਨ ਹੀ ਜਨਮਾਂ-ਜਨਮਾਤਰਾਂ ਦੇ ਬੰਧਨਾਂ ਨੂੰ ਕੱਟਣ ਦੇ ਸਮਰੱਥ ਬਣਦੀ ਹੈ: ‘‘ਸਤਿਗੁਰ  ! ਮੈ ਬਲਿਹਾਰੀ ਤੋਰ ॥ ਜਿਨਿ, ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ, ਰਮਤ ਬ੍ਰਹਮ ॥ ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥ (ਭਗਤ ਰਾਮਾਨੰਦ/੧੧੯੫)

ਅੱਜ ਵੀ ਭਗਤ ਰਾਮਾਨੰਦ ਜੀ ਦੇ ਕਮਾਏ ਹੋਏ ਉਪਦੇਸ਼ਾਂ ਦੀ ਓਨੀ ਹੀ ਸਾਰਥਿਕਤਾ ਹੈ ਜਿੰਨੀ ਉਨ੍ਹਾਂ ਦੇ ਆਪਣੇ ਸਮਕਾਲ ਵਿਚ ਰਹੀ ਹੈ । ਲੋੜ ਸਿਰਫ਼ ਉਨ੍ਹਾਂ ਨੂੰ ਆਪਣੇ ਅੰਗ-ਸੰਗ ਲਗਾਉਣ ਦੀ ਹੈ, ਪਰ ਅਫਸੋਸ ਕਿ ਅਸੀਂ ਆਪਣੇ ਪੁਰਖਿਆਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚੋਂ ਦਿਨ-ਬ-ਦਿਨ ਮਨਫ਼ੀ ਕਰੀ ਜਾ ਰਹੇ ਹਾਂ ਅਤੇ ਕਈ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਸੰਤਾਪ ਭੋਗੀ ਜਾ ਰਹੇ ਹਾਂ । ਉਨ੍ਹਾਂ ਦੇ ਜਨਮ ਦਿਨ ਅਤੇ ਬਰਸੀਆਂ ਸਾਨੂੰ ਹਮੇਸ਼ਾਂ ਹੀ ਉਨ੍ਹਾਂ ਦੁਆਰਾ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ । ਆਉ ! ਭਗਤ ਰਾਮਾਨੰਦ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅਸੀਂ ਵੀ ਆਪਣੇ ਲੋਕ ਤੇ ਪ੍ਰਲੋਕ ਨੂੰ ਸੰਵਾਰਨ ਅਤੇ ਸ਼ਿੰਗਾਰਨ ਦਾ ਯਤਨ ਕਰੀਏ ।

——-੦—–