ਬਾਬਾ ਗੁਰਦੀਪ ਓਮ ਅਲੀ ਸਿੰਘ ਡੇਰਾ ਸੂਏ ਵਾਲੇ
ਪ੍ਰੋ: ਹਮਦਰਦਵੀਰ ਨੌਸ਼ਹਿਰਵੀ, ਕਵਿਤਾ ਭਵਨ ਮਾਛੀਵਾੜਾ ਰੋਡ, ਸਮਰਾਲਾ, 141114, ਮੋਬਾ: 94638-08697
ਸਵਾਮੀ ਬਾਬਾ ਜੀ ਕੀ ਜੈ ਹੋ।
ਮੈਂ ਇਕ ਦਮ ਸੰਭਲਿਆ-ਜੀਤੇ ਰਹੋ ਬੇਟਾ। ਕਹਾਂ ਸੇ ਆਏ ਹੋ। ਹਮਾਰੀ ਕੁਟੀਆਂ ਮੇਂ ਕੈਸੇ ਆਨਾ ਹੂਆ। ਓਮ ਸ਼ਾਂਤੀ। ਬਾਬਾ ਅਭੀ ਕੰਨਿਆਉਂ ਕੇ ਸਾਥ ਗੁਫ਼ਾ ਮੇ ਹੈਂ।
ਮੈਂ ਪਟਿਆਲਾ ਤੋਂ ਆਇਆ ਹਾਂ ਪ੍ਰੋ: ਨੌਸ਼ਹਿਰਵੀ ਨੂੰ ਮਿਲਣਾ ਸੀ।
ਆਈਏ, ਸ਼ਾਂਤੀ ਕੁੰਜ ਮੇਂ ਬੈਠੀਏ। ਬਾਬਾ ਜੀ ਆਤੇ ਹੀ ਹੋਂਗੇ।
ਡਾ. ਬਲ ਮੈਨੂੰ ਕਦੀ ਨਹੀਂ ਸੀ ਮਿਲਿਆ। ਸਰਕਾਰੀ ਮੈਡੀਕਲ ਕਾਲਜ ਹਸਪਤਾਲ ਤੋਂ ਰੀਟਾਇਰ ਹੋ ਕੇ, ਪੰਜਾਬੀ ਵਿਚ ਸਿਹਤ ਸਬੰਧੀ ਲਿਖਣਾ ਸ਼ੁਰੂ ਕੀਤਾ ਸੀ। ਮੈਨੂੰ ਡਾ. ਬਲ ਨੇ ਕਿਤੇ ਪੜ੍ਹਿਆ ਜ਼ਰੂਰ ਸੀ, ਪਰ ਦੇਖਿਆ ਨਹੀਂ ਸੀ। ਸ਼ਾਇਦ ਕਿਸੇ ਅਖ਼ਬਾਰ-ਰਸਾਲੇ ਵਿਚ ਮੇਰੀ ਤਸਵੀਰ ਵੀ ਨਹੀਂ ਸੀ ਵੇਖੀ।
ਹਫਤਾ ਕੁ ਪਹਿਲਾਂ ਮੈਂ ਆਪਣੇ ਵਾਸ਼ਰੂਮ ਦੇ ਦਰਵਾਜ਼ੇ ਵਿਚ ਡਿੱਗ ਪਿਆ ਸਾਂ। ਪੈਰ ਤਿਲਕ ਗਿਆ ਸੀ। ਦੋਹਾਂ ਅੱਖਾਂ ਦੇ ਵਿਚਾਲੇ ਮੇਰੇ ਮੱਥੇ ਉੱਤੇ ਸੱਟ ਲੱਗ ਗਈ ਸੀ। ਕਾਫ਼ੀ ਖੂਨ ਨਿਕਲਿਆ ਸੀ। ਮੱਥੇ ਵਿਚ ਡੂੰਘ ਪੈ ਗਿਆ ਸੀ, ਪਰ ਮੇਰੀਆਂ ਅੱਖਾਂ ਦਾ ਬਚਾ ਹੋ ਗਿਆ ਸੀ।
ਸਮਾਂ ਪੈਣ ਨਾਲ ਜ਼ਖਮ ਠੀਕ ਹੋ ਗਿਆ ਸੀ, ਪਰ ਮੱਥੇ ਦੇ ਐਨ ਵਿਚਾਲੇ ਡੂੰਘ ਨਾ ਭਰ ਸਕਿਆ। ਓਨਾ ਥਾਂ ਕਾਲਾ ਹੋ ਗਿਆ।
ਅਕਸਰ ਲੇਖਕ ਮਿਤਰ, ਪੁਰਾਣੇ ਵਿਦਿਆਰਥੀ ਮੇਰੇ ਨਿਵਾਸ ਵਿਖੇ ਆਇਆ ਕਰਦੇ ਸਨ।
– ਪ੍ਰੋਫੈਸਰ ਸਾਹਿਬ ਮੱਥੇ ਵਿਚਾਲੇ ਤਿਲਕ ਤਾਂ ਚੰਦਨ ਦਾ ਹੁੰਦਾ ਹੈ ਜਾਂ ਸੰਧੂਰ ਦਾ, ਪਰ ਤੁਸੀਂ ਕਾਲਾ ਟਿੱਕਾ ਲਾਇਆ ਹੋਇਆ ਹੈ।
ਗਰਮੀ ਬਹੁਤ ਸੀ। ਮੈਂ ਕਛਹਿਰਾ ਪਾਇਆ ਹੋਇਆ ਸੀ। ਉਪਰੋਂ ਦੀ ਚੋਲਾ-ਨੁਮਾ ਖੁੱਲ੍ਹਾ ਚਿੱਟਾ ਕਮੀਜ਼ ਪਹਿਨਿਆ ਹੋਇਆ ਸੀ। ਪੈਰੀ ਭੂਰੀਆਂ ਚਪਲਾਂ ਸਨ। ਲੱਤਾਂ ਨੰਗੀਆਂ ਸਨ। ਵਕਤ ਬੀਤਣ ਨਾਲ ਮੇਰੇ ਸਿਰ ਦੇ ਵਾਲ ਝੜ ਗਏ ਸਨ। ਗਿੱਚੀ ਨੇੜੇ ਕੁਝ ਸਫੈਦ ਵਾਲ ਬਾਕੀ ਸਨ। ਖੋਪਰੀ ਬਿਲਕੁਲ ਗੰਜੀ ਸੀ। ਸਾਬਤ ਸਫੈਦ ਦਾਹੜੀ ਮੇਰੀ ਖੁੱਲ੍ਹੀ ਸੀ। ਚਿਹਰੇ ਉੱਤੇ ਸੂਰਜ ਦਾ ਪ੍ਰਕਾਸ਼ ਸੀ- ਪਰ ਮੱਥੇ ਵਿਚਾਲੇ ਕਾਲਾ ਦਾਗ ਸੀ।
ਮਿਲਣ ਆਏ ਕਿਸੇ ਮਨਚਲੇ ਸੱਜਣ ਨੇ ਆਪਣੇ ਮੋਬਾਇਲ ਉੱਤੇ ਮੇਰੀ ਤਸਵੀਰ ਖਿੱਚ ਲਈ ਸੀ। ਆਪਣੇ ਵਟਸਐਪ ਅਤੇ ਫੇਸਬੁੱਕ ਉੱਤੇ ਮੇਰੀ ਤਸਵੀਰ ਪੋਸਟ ਕਰ ਦਿੱਤੀ ਸੀ-ਬਾਬਾ ਗੁਰਦੀਪ ਓਮ ਅਲੀ ਸਿੰਘ ਡੇਰਾ ਸੂਏ ਵਾਲੇ। ਉਸ ਸੱਜਣ ਦੀ ਸੂਚੀ ਵਿਚ ਸ਼ਾਮਲ ਮਿੱਤਰਾਂ ਨੇ ਅੱਗੇ ਆਪਣੇ ਵਟਸਐਪ ਅਤੇ ਫੇਸਬੁੱਕ ਉੱਤੇ ਮੇਰੀ ਤਸਵੀਰ ਪਾ ਦਿੱਤੀ ਸੀ। ਸੋਸ਼ਲ ਮੀਡੀਆ ਵਿੱਚ ਬਾਬਾ ਗੁਰਦੀਪ ਓਮ ਅਲੀ ਸਿੰਘ ਡੇਰਾ ਸੂਏ ਵਾਲੇ ਦੀ ਤਸਵੀਰ ਦੂਰ ਤੱਕ ਵਾਇਰਲ ਹੋ ਗਈ ਸੀ।
ਪਾਣੀਆਂ ਉੱਤੇ ਸਫਰ ਕਰਦੀ ਹੋਈ ਬਾਬੇ ਦੀ ਇਹ ਤਸਵੀਰ ਕੈਨੇਡਾ ਵਿਖੇ ਮੇਰੇ ਬੇਟੇ ਸਫਰ ਪਾਸ ਵੀ ਪਹੁੰਚ ਗਈ ਸੀ। ਪਿਤਾ ਜੀ-ਤੁਸੀਂ ਤਾ ਡੇਰਿਆਂ ਨੂੰ ਬਦਫੈਲੀ ਤੇ ਜਹਾਲਤ ਦੇ ਅੱਡੇ ਕਹਿੰਦੇ ਸੋ। ਤਸਕਰੀ, ਮਨੀ, ਮਜ਼ਲ, ਬਲਾਤਕਾਰ ਤੇ ਸੈਕਸ ਦੀਆਂ ਕਾਲੀਆਂ ਗੁਫਾਵਾਂ ਤੇ ਹੁਣ ਤੁਸੀਂ ਵੀ ਡੇਰਾ ਖੋਲ੍ਹ ਕੇ ਬਹਿ ਗਏ ਹੋ।
ਬਾਬਾ ਓਮ ਅਲੀ ਸਿੰਘ ਦੀ ਤਸਵੀਰ ਨੂੰ ਸੈਂਕੜੇ ਵਿਅਕਤੀਆਂ ਨੇ ਲਾਈਕ ਕੀਤਾ-ਟਿੱਪਣੀਆਂ ਲਿਖੀਆਂ। ਬਾਬੇ ਦੇ ਸੈਂਕੜੇ ਚੇਲੇ ਬਣ ਗਏ।
ਮੈਂ ਸੋਚ ਰਿਹਾ ਸਾਂ, ਬਨਾਵਟੀ, ਪਾਖੰਡੀ, ਢੌਂਗੀ, ਫਰੇਬੀ, ਅਖੌਤੀ ਬਾਬੇ ਦੀ ਏਨੀ ਛੇਤੀ ਮਾਨਤਾ ! ਲੱਗਦਾ ਹੈ ਵੱਡੀ ਬਹੁਮਤ ਲੋਕਾਈ ਪਾਸੋਂ ਤਰਕ, ਦਲੀਲ, ਗਿਆਨ, ਸੋਚ, ਬੌਧਿਕਤਾ, ਜਵਾਬ ਦੇ ਗਈ ਸੀ। ਬਾਬਾ ਗੁਰਮੁਖ ਗਿਆਨੀ, ਭਾਈ, ਬਾਬਾ ਦੇ ਬਹੁਤ ਸਤਿਕਾਰੀ ਤੇ ਪਵਿੱਤਰ ਸ਼ਬਦ ਬਹੁਤ ਹੀ ਸਤਿਕਾਰਯੋਗ ਮਾਣਯੋਗ ਹਸਤੀ ਦੇ ਨਾਮ ਨਾਲ ਬਾਬਾ ਲੱਗਦਾ ਹੈ-ਬਾਬਾ ਬੁੱਢਾ ਜੀ, ਬਾਬਾ ਲਹਿਣਾ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਬਾਬਾ ਗੁਰਦਿੱਤ ਸਿੰਘ ਕਾਮਗਾਟਾਮਾਰੂ, ਬਾਬਾ ਸੋਹਣ ਸਿੰਘ ਭਕਨਾ ਅਤੇ ਬਹਾਦਰ ਗਦਰੀ ਬਾਬੇ, ਬਾਬਾ ਬੂਝਾ ਸਿੰਘ, ਆਦਿ।
ਪ੍ਰਥਮ ਗੁਰੂ ਸਾਹਿਬ ਫ਼ੁਰਮਾਉਂਦੇ ਹਨ-
ਆਦੇਸੁ, ਬਾਬਾ ! ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ; ਕਰਿ ਕਰਿ ਦੇਖਹਿ ਵੇਸ ॥ (ਮ: ੧/੪੧੭)
ਅਜੋਕੇ ਮਾਇਆਧਾਰੀ, ਅੰਧਵਿਸ਼ਵਾਸੀ ਬਥੇਰੇ ਅੰਧ-ਬਾਬੇ ਤੇ ਜਹਾਲਤ ਵੰਡ ਰਹੇ ਹਨ। ਗੈਬੀ ਆਤਮਾਵਾਂ ਵਾਲੇ ਬਾਬੇ, ਧਾਗੇ ਤਵੀਤਾਂ ਵਾਲੇ ਬਾਬੇ, ਰੁੱਖਾਂ, ਮੱਠਾਂ, ਸਮਾਧਾਂ, ਪੱਕੀਆਂ ਥਾਵਾਂ ਵਾਲੇ ਬਾਬੇ, ਅਖਾੜੇ, ਭੰਡਾਰੇ, ਕੁੰਭਾਂ, ਸਤਿਸੰਗਾਂ, ਸੰਸਥਾਵਾਂ, ਆਸ਼ਰਮਾਂ ਵਾਲੇ ਬਾਬੇ, ਦੇਹਧਾਰੀ, ਦੁੱਧਾਧਾਰੀ, ਮੌਨਧਾਰੀ, ਜਟਾਜੂਟ ਬਾਬੇ, ਮਿੱਥਾਂ, ਮਨੌਤਾਂ, ਤਾਂਤਰਿਕ ਬਾਬੇ, ਸੁੱਚਾਂ-ਭਿੱਟਾਂ ਵਾਲੇ ਬਾਬੇ, ਨਾਂਗੇ ਬਾਬੇ, ਆਸਾ ਰਾਮ, ਨਰਾਇਣ ਸਾਈਂ, ਰਾਧੇ ਮਾਂ, ਸ੍ਰੀ ਸ੍ਰੀ, ਰਾਮਪਾਲ, ਸਾਈਂ ਬਾਬਾ, ਬਰਫ ਬਾਬਾ, ਜੋਤੀ ਬਾਬਾ, ਰਾਮ ਪ੍ਰਸ਼ਾਦ ਯਾਦਵ, ਬਾਬਾ ਭਨਿਆਰਾ ਵਾਲਾ, ਪ੍ਰਮਾਨੰਦ, ਭੀਮਾ ਨੰਦ, ਨਤਿਆ ਨੰਦ, ਬੱਲਾਂ ਵਾਲੇ, ਮਹਿਲਾਂ ਵਾਲੇ ਬਾਬੇ, ਕੂਕਾਂ ਵਾਲੇ, ਬੰਦੂਕਾਂ ਬਾਬੇ, ਸੱਪਾਂ ਵਾਲੇ ਬਾਬੇ, ਚੂਹਿਆਂ ਵਾਲੇ ਬਾਬੇ, ਰਾਮ ਰਹੀਮ ਆਦਿ ਬਾਬਿਆਂ ਦੀ ਲੰਮੀ ਹੇੜ ਹੈ। ਪੂਰਾ ਵੱਗ ਹੈ। ਟਿੱਡੀ ਦਲ ਹੈ।
ਇਨ੍ਹਾਂ ਦੁਨੀਆਵੀ ਬਾਬਿਆਂ ’ਚ ਇੱਕ ਨਿਰਾਕਾਰੀ ਬਾਬਾ ਗੁਰੂ ਨਾਨਕ ਸਾਹਿਬ ਜੀ ਸਨ, ਜਿਨ੍ਹਾਂ ਬਾਬਤ ਭਾਈ ਗੁਰਦਾਸ ਜੀ ਬੜਾ ਵਾਜਬ ਲਿਖਦੇ ਹਨ-
ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝਹੁ ਗੁਰੂ, ਗੁਬਾਰ ਹੈ; ਹੈ ਹੈ ਕਰਦੀ ਸੁਣੀ ਲੁਕਾਈ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪)
ਹਜ਼ਾਰਾ ਡੇਰਿਆਂ ਵਿੱਚੋਂ ਬਹੁਤੇ ਡੇਰਿਆਂ ਵਿੱਚ ਕਪਟੀ ਤੇ ਢੌਂਗੀ ਬਾਬਿਆਂ ਨੇ ਕੁਫਰ ਤੇ ਅਨੈਤਿਕਤਾ ਦੀਆਂ ਦੁਕਾਨਾਂ ਚਲਾ ਰੱਖੀਆਂ ਹਨ। ਜਿੱਥੇ ਹਰ ਤਰ੍ਹਾਂ ਦਾ ਵਿਭਚਾਰ ਅਤੇ ਦੁਰਾਚਾਰੀ ਹੁੰਦੀ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਅਫਸਰਾਂ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ-ਇਹ ਬਾਬੇ। ਇਨ੍ਹਾਂ ਕਰੋੜਪਤੀ ਬਾਬਿਆਂ ਨੂੰ ਸਰਕਾਰੀ ਕਮਾਂਡੋਜ਼ ਤੇ ਜ਼ੈਡ ਸੁਰੱਖਿਆ ਛੱਤਰੀ ਮਿਲੀ ਹੋਈ ਹੁੰਦੀ ਹੈ। ਇਨ੍ਹਾਂ ਨੂੰ ਸਰਕਾਰ ਵੱਲੋਂ ਬੁਲਟ ਪਰੂਫ ਤੇ ਸਾਊਂਡ ਪਰੂਫ ਗੱਡੀਆਂ ਮਿਲੀਆਂ ਹੁੰਦੀਆਂ ਹਨ। ਸਿਆਸੀ ਆਗੂ ਇੱਥੇ ਆ ਕੇ ਮੱਥੇ ਰਗੜਦੇ ਹਨ, ਵੋਟਾਂ ਦੀ ਭੀਖ ਮੰਗਦੇ ਹਨ।
ਡੇਰਿਆਂ ਵਿੱਚ ਲੱਖਾਂ ਦੀਆਂ ਅੰਨੀਆਂ ਬੇਵੱਸ ਭੀੜਾਂ ਦੇ ਹਜ਼ੂਮ ਦਾ ਵੱਡਾ ਕਾਰਨ ਹੈ- ਅਨਪੜ੍ਹਤਾ, ਤਰਕਹੀਣਤਾ, ਸ਼ਬਦ ਗੁਰੂ ਤੋਂ ਦੂਰੀ, ਕਿਤਾਬ ਨਾਲੋਂ ਸ਼ਰਾਬ, ਬੁੱਕ ਨਾਲੋਂ ਬੋਤਲ ਦੀ ਪ੍ਰਧਾਨਵਤਾ, ਖੁਦਗਰਜ ਮੁਨਾਫਾਖੋਰ, ਪਰਿਵਾਰ ਪ੍ਰਸਤ ਧਾਰਮਿਕ ਤੇ ਸਿਆਸੀ ਲੀਡਰਸ਼ਿਪ, ਜਿੱਥੇ ਰਾਜ ਦੀ ਸਿੱਖਿਆ ਮੰਤਰੀ ਹਿੰਦੀ ਵਿੱਚ ਸਹੁੰ ਚੁੱਕਦੀ ਹੈ, ਕਹਿੰਦੀ ਹੈ ਕਿ ਪੰਜਾਬੀ ਉਸ ਨੂੰ ਆਉਂਦੀ ਨਹੀਂ, ਰਾਜ ਦਾ ਮੁੱਖ ਮੰਤਰੀ ਅੰਗਰੇਜ਼ੀ ਵਿੱਚ ਬਜਟ ਭਾਸ਼ਣ ਦਿੰਦਾ ਹੈ, ਭਾਸ਼ਾ ਵਿਭਾਗ ਮੰਗਵੇਂ ਸਾਹਾਂ ’ਤੇ ਜਿਉਂਦਾ ਹੈ। ਬੱਚਿਆਂ ਪਾਸੋਂ ਬਚਪਨ ਖੋਹ ਲਿਆ ਗਿਆ ਹੈ, ਕੰਜਕਾਂ ਦਾ ਨਿੱਤ ਬਲਾਤਕਾਰ ਹੁੰਦਾ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਕਿਸੇ ਦੇ ਧਿਆਨ ਵਿੱਚ ਹੀ ਨਹੀਂ। ਬਿਮਾਰ ਪ੍ਰਾਂਤ ਦੇ ਲੋਕ ਬਿਮਾਰ ਲੋਕ ਡੇਰਿਆਂ ਦੀਆਂ ਸਵਾਹ ਦੀਆਂ ਪੂੜੀਆਂ ਵਿੱਚ ਰਾਹਤ ਭਾਲਣਗੇ ਹੀ ।
ਗੁਫਾ ਨੁਮਾਂ ਨੀਵੀਂ ਜਿਹੀ ਬੈਠਕ ਵਿੱਚ ਬੈਠਾ ਡਾ. ਬਲ ਟੇਬਲ ਉੱਤੇ ਪਈ ਅੰਗੇ੍ਰਜ਼ੀ ਦੀ ਕਿਤਾਬ ‘ਮਹਾਰਾਜਾ’ ਪੜ੍ਹ ਰਿਹਾ ਸੀ। ਸਾਹਮਣੇ ਵੱਗਦੇ ਸੂਏ ਦੀ ਪੱਟੜੀ, ਉੱਚੀ ਕਰ ਦਿੱਤੀ ਗਈ। ਕਮਰਿਆਂ ਦੀਆਂ ਫਰਸ਼ਾਂ ਨੀਵੀਆਂ ਹੋ ਗਈਆਂ ਸਨ। ਦਸਤਾਰ ਸਜਾਉਂਦਿਆਂ ਤੇ ਕੱਪੜੇ ਬਦਲਦਿਆਂ ਮੈਨੂੰ ਕੁਝ ਜ਼ਿਆਦਾ ਹੀ ਸਮਾਂ ਲੱਗ ਗਿਆ ਸੀ।
– ਨੌਸ਼ਹਿਰਵੀ ਸਾਹਿਬ ਹਾਲੀ ਤੱਕ ਆਏ ਹੀ ਨਹੀਂ।
– ਮੈਂ ਹਾਜ਼ਰ ਹਾਂ।
– ਤੁਸੀਂ ਹੀ ਹੋ ਪ੍ਰੋ. ਨੌਸ਼ਹਿਰਵੀ ?
– ਹਾਂ ਜੀ।
– ਤੇ ਤਿਲਕਧਾਰੀ ਬਾਬਾ ਜੀ ?
– ਉਹ ਵੀ ਮੈਂ ਹੀਂ ਹਾਂ।
– ਤੇ ਸੋਸ਼ਲ ਮੀਡੀਆ ਵਿੱਚ ਆ ਰਹੇ ਗੁਰਦੀਪ ਓਮ ਅਲੀ ਸਿੰਘ ਡੇਰਾ ਸੂਏ ਵਾਲੇ ?
– ਉਹ ਮੈਂ ਨਹੀਂ ਹਾਂ, ਜੀ।