ਅਉਧ ਘਟੈ; ਦਿਨਸੁ ਰੈਣਾਰੇ ॥

0
75

ਅਉਧ ਘਟੈ; ਦਿਨਸੁ ਰੈਣਾਰੇ ॥

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਰਾਗੁ ਗਉੜੀ ਪੂਰਬੀ ਮਹਲਾ ੫ ॥

ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥ 

ਈਹਾ ਖਾਟਿ ਚਲਹੁ ਹਰਿ ਲਾਹਾ; ਆਗੈ ਬਸਨੁ ਸੁਹੇਲਾ ॥੧॥

ਅਉਧ ਘਟੈ; ਦਿਨਸੁ ਰੈਣਾਰੇ ॥  ਮਨ  ! ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ; ਤਰਿਓ ਬ੍ਰਹਮ ਗਿਆਨੀ ॥ 

ਜਿਸਹਿ ਜਗਾਇ ਪੀਆਵੈ ਇਹੁ ਰਸੁ; ਅਕਥ ਕਥਾ ਤਿਨਿ ਜਾਨੀ ॥੨॥

ਜਾ ਕਉ ਆਏ ਸੋਈ ਬਿਹਾਝਹੁ; ਹਰਿ ਗੁਰ ਤੇ ਮਨਹਿ ਬਸੇਰਾ ॥ 

ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ; ਬਹੁਰਿ ਨ ਹੋਇਗੋ ਫੇਰਾ ॥੩॥

ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ ॥ 

ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥

(ਸੋਹਿਲਾ ਗਉੜੀ/ਮਹਲਾ ੫/੧੩)

ਉਚਾਰਨ ਸੇਧ : ਕਰਉਂ, ਈਹਾਂ, ਇਹ, ਤਿਨ, ਸ਼ਰਧਾ, ਮਾਂਗੈ।

ਪਦ ਅਰਥ : ਕਰਉ- ਕਰਦਾ ਹਾਂ। ਬੇਲਾ- ਸਮਾਂ, ਵੇਲ਼ਾ। ਈਹਾ- ਇਸ (ਜਗਤ) ਵਿੱਚ) ਖਾਟਿ- ਖੱਟ ਕੇ, ਕਮਾ ਕੇ। ਆਗੈ- ਪ੍ਰਲੋਕ ਵਿੱਚ। ਸੁਹੇਲਾ- ਸੌਖਾ, ਸੁਖਾਲਾ। ਦਿਨਸੁ ਰੈਣਾਰੇ- ਦਿਨ ਤੇ ਰਾਤ। ਮਨ- ਹੇ ਮਨ ! ਬਿਕਾਰੁ ਸੰਸੇ ਮਹਿ- ਵਿਕਾਰ ਰੂਪ ਸ਼ੰਕਿਆਂ ਵਿੱਚ, ਵਹਿਮਾ-ਭਰਮਾਂ ਵਿੱਚ। ਜਿਸਹਿ- ਜਿਸ (ਮਨੁੱਖ) ਨੂੰ।

ਵਿਚਾਰ : ‘ਸੋਹਿਲਾ’ ਬਾਣੀ ਅੰਦਰ ਇਹ ਪੰਜਵਾਂ ਤੇ ਅੰਤਮ ਸ਼ਬਦ ਹੈ। ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ’ਚ ਉਚਾਰਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 13 ’ਤੇ ਸੁਭਾਇਮਾਨ ਹੈ। ਇਸ ਸ਼ਬਦ ਦਾ ਵਿਸ਼ਾ ‘ਸੋ ਪੁਰਖੁ’ ਦੇ ਸਿਰਲੇਖ ਹੇਠ ਅੰਕਿਤ ਪੰਜਵੇਂ ਸ਼ਬਦ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ..’’ (ਸੋ ਪੁਰਖੁ/ਮਹਲਾ /੧੨) ਨਾਲ ਮੇਲ ਖਾਂਦਾ ਹੈ ਕਿਉਂਕਿ ਦੋਵੇਂ ਹੀ ਸ਼ਬਦ ਵਿੱਚ ਮਨੁੱਖ ਨੂੰ ਸੰਬੋਧਨ ਕਰ ਜੀਵਨ ਲੀਲ੍ਹਾ ਜਲਦੀ ਖ਼ਤਮ ਹੋਣ ਦਾ ਚੇਤਾ ਕਰਾ ਨਾਮ-ਧਨ ਇਕੱਠਾ ਕਰਨ ਵੱਲ ਪ੍ਰੇਰਿਆ ਗਿਆ ਹੈ।

ਇਸ ਸ਼ਬਦ ਵਿੱਚ 4 ਪਦੇ ਅਤੇ ਇੱਕ ਰਹਾਉ ਬੰਦ ਹੈ। ‘ਰਹਾਉ’ ਬੰਦ ਵਿੱਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਦਰਜ ਹੁੰਦਾ ਹੈ। ਜਿਸ ਰਾਹੀਂ ਗੁਰੂ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਹੇ ਮਨ ! ਤੇਰੀ ਉਮਰ; ਦਿਨ ਤੇ ਰਾਤ ਘਟ ਰਹੀ ਹੈ। ਜਲਦੀ ਗੁਰੂ ਨੂੰ ਮਿਲ ਕੇ ਆਪਣੇ ਅਸਲ ਕਾਰਜ ਮੁਕੰਮਲ ਕਰ ਲੈ, ‘‘ਅਉਧ ਘਟੈ; ਦਿਨਸੁ ਰੈਣਾਰੇ   ਮਨ  ! ਗੁਰ ਮਿਲਿ ਕਾਜ ਸਵਾਰੇ ’’ ਰਹਾਉ , ਇਸੇ ਤਰ੍ਹਾਂ ਗੁਰੂ ਪਾਤਿਸ਼ਾਹ ਜੀ ਨੇ ਆਪਣੇ ‘ਸੋ ਪੁਰਖੁ’ ਸ਼ਬਦ ਸੰਗ੍ਰਹਿ ਦੇ ਅੰਤਮ ਸ਼ਬਦ ਵਾਲ਼ੇ ਰਹਾਉ ਬੰਦ ’ਚ ਮਨੁੱਖ ਨੂੰ ਮਾਇਆਵੀ ਕੰਮਾਂ ਤੋਂ ਉੱਪਰ ਉੱਠ ਸੰਸਾਰ-ਸਮੁੰਦਰ ਤੋਂ ਪਾਰ ਹੋਣ ਵਾਲ਼ੇ ਕਾਰਜ ਕਰਨ ਲਈ ਪ੍ਰੇਰਿਆ ਹੈ; ਜਿਵੇਂ ਕਿ ਬਚਨ ਹਨ, ‘‘ਸਰੰਜਾਮਿ ਲਾਗੁ; ਭਵਜਲ ਤਰਨ ਕੈ   ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ਰਹਾਉ ’’ (ਸੋ ਪੁਰਖੁ/ਆਸਾ/ਮਹਲਾ /੧੨)

ਸ਼ਬਦ ਦੇ ਪਹਿਲੇ ਪਦੇ ਵਿੱਚ ਗੁਰੂ ਜੀ ਆਪਣੇ ਪਿਆਰੇ ਸਨੇਹੀਆਂ ਨੂੰ ਸੰਬੋਧਨ ਕਰਕੇ ਬੇਨਤੀ ਕਰ ਰਹੇ ਹਨ ਕਿ ਹੇ ਮੇਰੇ ਮਿੱਤਰੋ ! ਸੁਣੋ; ਇਹ ਵੇਲਾ ਸੰਤ ਜਨਾਂ ਦੀ ਸੇਵਾ-ਬੰਦਗੀ ਕਰਨ ਦਾ ਹੈ। ਮਾਲਕ ਨੇ ਸੋਹਣੀ ਮਨੁੱਖਾ ਦੇਹੀ ਬਖ਼ਸ਼ਸ਼ ਕੀਤੀ ਹੈ, ਹੁਣ ਇਸ ਨੂੰ ਸਫਲ ਬਣਾਉਣ ਦਾ ਸਮਾਂ ਹੈ। ਇਸੇ ਜਨਮ ਵਿੱਚ ਹੀ ਹਰੀ ਦੇ ਨਾਮ ਦਾ ਲਾਹਾ ਖੱਟ ਲਓ ਤਾਂ ਕਿ ਮੌਤ ਉਪਰੰਤ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਏ। ਦੁਨੀਆਵੀ ਕਾਰਜ ਅੰਤ ਨੂੰ ਤੇਰਾ ਸਾਥ ਨਹੀਂ ਦੇਣਗੇ, ਇਸ ਲਈ ਗੁਰੂ ਦੀ ਸੰਗਤ ਵਿੱਚ ਮਿਲਕੇ ਪ੍ਰਭੂ-ਪਤੀ ਦਾ ਨਾਮ ਜਪ ਲੈ, ‘‘ਭਈ ਪਰਾਪਤਿ ਮਾਨੁਖ ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ   ਅਵਰਿ ਕਾਜ; ਤੇਰੈ ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ’’

ਸੋ ਇਹੀ ਮਨੁੱਖਾ ਜੀਵਨ ਹੈ, ਜਿਸ ਰਾਹੀਂ ਪਰਮਾਤਮਾ ਦੀ ਬੰਦਗੀ ਕਰਕੇ ਉਸ ਨਾਲ ਮਿਲਾਪ ਹਾਸਲ ਕੀਤਾ ਜਾ ਸਕਦਾ ਹੈ। ਕਬੀਰ ਜੀ ਭੀ ਇਹੀ ਸਮਝਾਉਂਦੇ ਹਨ ਕਿ ਹੇ ਸੰਤ ਜਨੋ ! ਇਹੀ ਤੁਹਾਡਾ ਅਵਸਰ ਹੈ, ਇਸੇ ਹੀ ਜਨਮ ਵਿੱਚ ਕਰਮਾਂ ਦਾ ਸਾਰਾ ਲੇਖਾ-ਜੋਖਾ ਖ਼ਤਮ ਕਰ ਲਵੋ, ‘‘ਕਹੈ ਕਬੀਰੁ ਸੁਨਹੁ ਰੇ ਸੰਤਹੁ ! ਖੇਤ ਹੀ ਕਰਹੁ ਨਿਬੇਰਾ ’’ (ਭਗਤ ਕਬੀਰ/੧੧੦੪) ਅਰਥ : ਹੇ ਸੰਤ ਜਨੋ ਭਾਵ ਆਤਮ ਚਿੰਤਨ ਕਰਨ ਵਾਲ਼ਿਓ ! ਅਸਲ ਪਤੇ ਦੀ ਗੱਲ ਸੁਣੋ। ਉਹ ਇਹ ਹੈ ਕਿ ਇਸੇ ਜਨਮ ’ਚ ਹੀ ਜੀਵਨ ਮਨੋਰਥ ਨੂੰ ਪ੍ਰਾਪਤ ਕਰ ਲਓ (ਕਿਉਂਕਿ ਐਸਾ ਮੌਕਾ ਵਾਰ-ਵਾਰ ਨਹੀਂ ਮਿਲਣਾ ਭਾਵ ਰੱਬੀ ਸਿਫ਼ਤ ਸਲਾਹ ਕਰਨ ਲਈ ਮੁੜ ਮਨੁੱਖਾ ਸਰੀਰ ਅਤੇ ਯੋਗ ਗੁਰੂ ਦੀ ਅਗਵਾਈ ਨਹੀਂ ਮਿਲਣ ਵਾਲ਼ੀ)।

ਗੁਰੂ ਅਰਜਨ ਸਾਹਿਬ ਜੀ ਭੀ ਆਪਣੀ ਬਾਣੀ ਅੰਦਰ ਵਾਰ-ਵਾਰ ਇਹੀ ਗੱਲ ਸਮਝਾਉਂਦੇ ਹਨ ਕਿ ਹੇ ਪ੍ਰਾਣੀ ! ਤੂੰ ਇਸ ਜਗ ਵਿੱਚ ਨਾਮ ਰੂਪ ਲਾਹਾ ਲੈਣ ਆਇਆ ਹੈ, ਪਰ ਇੱਥੇ ਆ ਕੇ ਤੂੰ ਆਪਣਾ ਇਹ ਮਕਸਦ ਭੁੱਲਾ ਦਿੱਤਾ ਤੇ ਹੋਰ ਹੋਰ ਖ਼ੁਆਰੀ ਵਾਲੇ ਕੰਮਾਂ ’ਚ ਉਲਝ ਗਿਆ ਹੈਂ। ਤੂੰ ਭੁੱਲ ਗਿਆ ਹੈ ਕਿ ਉਮਰ ਦੀ ਜਿੰਨੀ ਮੋਹਲਤ ਤੂੰ ਲੈ ਕੇ ਆਇਆ ਹੈਂ। ਜਿੰਨੀ ਸਵਾਸਾਂ ਦੀ ਪੂੰਜੀ ਤੇਰੇ ਹਿੱਸੇ ਆਈ ਹੈ। ਉਹ ਹਰ ਰੋਜ਼ ਘਟਦੀ ਜਾ ਰਹੀ ਹੈ। ਜ਼ਿੰਦਗੀ ਰੂਪੀ ਰਾਤ ਮੁੱਕਦੀ ਜਾ ਰਹੀ ਹੈ। ਇਸ ਸੁਆਸ-ਪੂੰਜੀ ਨੂੰ ਐਵੇਂ ਵਿਅਰਥ ਨਾ ਗਵਾ, ‘‘ਪ੍ਰਾਣੀ  ! ਤੂੰ ਆਇਆ ਲਾਹਾ ਲੈਣਿ   ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ ਰਹਾਉ ’’ (ਮਹਲਾ /੪੩) ਜਦਕਿ ਮਨੁੱਖ ਬਿਲਕੁਲ ਭੁੱਲ ਚੁੱਕਾ ਹੈ ਕਿ ਪਰਮਾਤਮਾ ਨੇ ਉਸ ਨੂੰ ਦੁਨੀਆਂ ਵਿੱਚ ਨਾਮ-ਲਾਹਾ ਖੱਟਣ ਲਈ ਭੇਜਿਆ ਹੈ। ਜੀਵਨ ਦਾ ਅਸਲ ਮਨੋਰਥ ਪਰਮਾਤਮਾ ਦੀ ਸਿਫ਼ਤ-ਸਲਾਹ ਨੂੰ ਸੁਣਨਾ ਅਤੇ ਪੜ੍ਹਨਾ ਹੈ ਤਾਂ ਜੋ ਰੱਬ ਦੀ ਭੈ-ਭਾਵਨੀ ’ਚ ਰਹਿ ਕੇ ਜੀਵਨ ਬਸਰ ਕੀਤਾ ਜਾ ਸਕੇ। ਜਿਹੜੇ ਜੀਵ ਆਪਣੇ ਜੀਵਨ ਦੇ ਇਸ ਮਨੋਰਥ ਨੂੰ ਭੁੱਲਾ ਕੇ ਹੋਰ ਹੋਰ ਲਾਲਚਾਂ ਵੱਲ ਆਪਣੇ ਆਪ ਨੂੰ ਉਲਝਾਈ ਰੱਖਦੇ ਹਨ, ਉਨ੍ਹਾਂ ਦਾ ਇਹ ਕੀਮਤੀ ਜਨਮ; ਵਿਅਰਥ ਚਲਾ ਜਾਂਦਾ ਹੈ, ‘‘ਆਇਓ ਸੁਨਨ ਪੜਨ ਕਉ ਬਾਣੀ   ਨਾਮੁ ਵਿਸਾਰਿ ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ ਰਹਾਉ ’’ (ਮਹਲਾ /੧੨੧੯) ਅਰਥ : ਹੇ ਮਨੁੱਖ ! ਤੂੰ ਗੁਰੂ ਦੀ ਬਾਣੀ ਪੜ੍ਹਨ ਤੇ ਸੁਣਨ ਆਇਆ ਸੀ, ਪਰ ਤੂੰ ਇਹ ਨਾਮ-ਬਾਣੀ ਨੂੰ ਭੁਲਾ ਕੇ ਹੋਰ ਹੋਰ ਲਾਲਚ ’ਚ ਮਗਨ ਹੈਂ, ਇਸ ਲਈ ਜਨਮ ਅਜਾਈਂ ਜਾ ਰਿਹਾ ਹੈ।

ਮਨੁੱਖ ਅੰਦਰ ਇੱਕ ਬਹੁਤ ਵੱਡਾ ਭੁਲੇਖਾ ਹੈ ਕਿ ਉਹ ਦਿਨ ਬਦਿਨ ਵੱਡਾ ਹੋ ਰਿਹਾ ਹੈ, ਪਰ ਉਹ ਭੁੱਲ ਬੈਠਾ ਕਿ ਉਸ ਦੀ ਉਮਰ ਹਰ ਰੋਜ਼ ਘਟ ਰਹੀ ਹੈ। ਮਾਂ ਭੀ ਆਪਣੇ ਬੱਚੇ ਨੂੰ ਵੱਡਾ ਹੁੰਦਿਆਂ ਦੇਖ ਕੇ ਪ੍ਰਸੰਨ ਹੁੰਦੀ ਹੈ, ਪਰ ਯਮਰਾਜ ਉਸ ਦੇ ਇਸ ਭੋਲ਼ੇਪਨ ’ਤੇ ਹੱਸਦਾ ਹੈ ਕਿ ਇਸ ਨੂੰ ਇਹ ਭੀ ਨਹੀਂ ਪਤਾ ਕਿ ਬੱਚੇ ਦੀ ਉਮਰ ਵਧ ਨਹੀ ਬਲਕਿ ਘਟ ਰਹੀ ਹੈ, ‘‘ਜਨਨੀ ਜਾਨਤ ਸੁਤੁ ਬਡਾ ਹੋਤੁ ਹੈ; ਇਤਨਾ ਕੁ ਜਾਨੈ, ਜਿ ਦਿਨ ਦਿਨ ਅਵਧ ਘਟਤੁ ਹੈ ’’ (ਭਗਤ ਕਬੀਰ/੯੧)

ਪਰਮਾਤਮਾ ਨੇ ਖ਼ੁਦ ਹੀ ਇਸ ਜਗਤ ਨੂੰ ਇਸ ਭੁਲੇਖੇ ’ਚ ਰੱਖਿਆ ਹੋਇਆ ਹੈ।, ਇਸ ਲਈ ਮਾਇਆ ਗ੍ਰਸਤ ਪ੍ਰਾਣੀ ਨੂੰ ਉਮਰ ਦੇ ਦਿਨ-ਬਦਿਨ ਘਟਨ ਦਾ ਕੋਈ ਅੰਦਾਜ਼ਾ ਤੱਕ ਨਹੀਂ ਹੈ, ‘‘ਐਸਾ; ਤੈਂ ਜਗੁ ਭਰਮਿ ਲਾਇਆ   ਕੈਸੇ ਬੂਝੈ  ? ਜਬ ਮੋਹਿਆ ਹੈ ਮਾਇਆ ਰਹਾਉ ’’ (ਭਗਤ ਕਬੀਰ/੯੨)

ਨਾਵੇਂ ਪਾਤਿਸ਼ਾਹ ਦੱਸਦੇ ਹਨ ਕਿ ਦਿਨ-ਰਾਤ ਤਾਂ ਬਹੁਤ ਵੱਡੇ ਹੁੰਦੇ ਹਨ, ਹੇ ਪ੍ਰਾਣੀ ! ਤੇਰੀ ਉਮਰ ਤਾਂ ਹਰ ਪਲ, ਹਰ ਘੜੀ; ਛਿਨ-ਛਿਨ ਕਰ ਘਟਦੀ ਜਾ ਰਹੀ ਹੈ; ਜਿਸ ਤਰ੍ਹਾਂ ਤਿੜਕੇ ਹੋਏ ਘੜੇ ਵਿੱਚੋਂ ਪਾਣੀ ਚੋਂਦਾ ਰਹਿੰਦਾ ਹੈ, ‘‘ਛਿਨੁ ਛਿਨੁ ਅਉਧ ਬਿਹਾਤੁ ਹੈ; ਫੂਟੈ ਘਟ ਜਿਉ ਪਾਨੀ ਰਹਾਉ ’’ (ਮਹਲਾ /੭੨੬)

ਤਾਂ ਤੇ ਹੇ ਪ੍ਰਾਣੀ !  ਰਾਮ ਦੇ ਨਾਮ ਦਾ ਜਾਪ ਕਰ, ਇਹੀ ਅਟੱਲ ਜੀਵਨ ਦੇਣ ਵਾਲੀ ਯੁਕਤੀ ਹੈ। ਇਸ ਨੂੰ ਅਪਣਾਅ ਕੇ ਸੰਸਾਰ ਸਮੁੰਦਰ ਤਰ ਜਾਈਦਾ ਹੈ। ਵੈਸੇ ਇਹ ਭੀ ਤਦੋਂ ਸੰਭਵ ਹੁੰਦਾ ਹੈ, ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤੇ ਉਹ ਆਪਣੇ ਪਿਆਰੇ ’ਤੇ ਤਰਸ ਕਰਦਾ ਹੈ। ਉਸੇ ਦੀ ਕਿਰਪਾ ਨਾਲ਼ ਮਨ ਵਿੱਚੋਂ ਸਾਰੇ ਮਾਇਆਵੀ ਭੁਲੇਖੇ ਨਿਕਲਦੇ ਹਨ। ਨਾਮ ਸਿਮਰਨ ਨਾਲ ਸਰੀਰ ਅੰਦਰ ਅਡੋਲ ਅਵਸਥਾ ਬਣਦੀ ਹੈ ਤੇ ਗਿਆਨ-ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਭਾਵ ਅੰਦਰਲੇ ਆਤਮ-ਪ੍ਰਕਾਸ਼ (ਰੱਬੀ ਜੋਤਿ) ਦਾ ਦਿਮਾਗ਼ ਨੂੰ ਅਹਿਸਾਸ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹਿਰਦੇ ਅੰਦਰੋਂ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਇਕਮਿਕਤਾ ਹੋ ਜਾਂਦੀ ਹੈ। ਪ੍ਰਭੂ ਨਾਲ ਮਨ ਜੁੜਨ ਉਪਰੰਤ ਮੁੜ ਆਤਮਕ ਮੌਤ ਨਹੀਂ ਹੁੰਦੀ। ਜਿਉਂ ਜਿਉਂ ਮਨੁੱਖ ਕਾਦਰ ਦੀ ਬਣਾਈ ਕੁਦਰਤ ਰਾਹੀਂ ਉਸ ਦੇ ਹੁਕਮ ਨੂੰ ਪਛਾਣਦਾ ਹੈ; ਤਿਉਂ ਤਿਉਂ ਪ੍ਰਭੂ ਨਾਲ ਨੇੜਤਾ ਵਧਦੀ ਜਾਂਦੀ ਹੈ, ‘‘ਰਮਈਆ ਜਪਹੁ ਪ੍ਰਾਣੀ ! ਅਨਤ ਜੀਵਣ ਬਾਣੀ; ਇਨ ਬਿਧਿ ਭਵ ਸਾਗਰੁ ਤਰਣਾ (ਭਗਤ ਕਬੀਰ/੯੨) ਅਰਥ : ਹੇ ਮਨੁੱਖੋ ! ਸੁੰਦਰ ਗੁਣਾਂ ਵਾਲ਼ੇ ਪ੍ਰਭੂ ਨੂੰ ਜਪਿਆ ਕਰੋ। ਗੁਰੂ ਦੀ ਬਾਣੀ ਹੀ ਅਟੱਲ/ਅਡੋਲ ਪਦਵੀ ਬਖ਼ਸ਼ਦੀ ਹੈ। ਇਸੇ ਤਰੀਕੇ ਨਾਲ਼ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ। ਇੱਥੇ ‘ਅਨਤ’ ਦਾ ਉਚਾਰਨ ‘ਅਨੰਤ’ ਹੈ। ਸੋ ਪ੍ਰਭੂ ਤੋਂ ਵਿਛੁੜਿਆਂ ਨੂੰ ਗੁਰੂ ਦੀ ਬਾਣੀ ਹੀ ਮਾਲਕ ਨਾਲ਼ ਮਿਲਾਣ ਕਰਾਉਂਦੀ ਹੈ। ਗੁਰੂ ਹੀ ਮਾਲਕ ਦੀ ਦਰਗਾਹ ’ਚ ਸਬੰਧ ਸਥਾਪਿਤ ਕਰਨ ਵਾਲ਼ਾ ਵਿਚੋਲਾ ਹੈ, ‘‘ਵਿਛੁੜਿਆ ਮੇਲੇ ਪ੍ਰਭੂ; ਹਰਿ ਦਰਗਹ ਕਾ ਬਸੀਠੁ (ਵਿਚੋਲਾ)’’ (ਮਹਲਾ /੯੫੭)

ਗੁਰੂ ਜੀ ਮਨੁੱਖ ਨੂੰ ਇਸ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਸੱਚੇ ਗੁਰੂ ਨਾਲ ਮਿਲਾਪ ਕਰਕੇ ਆਪਣੇ ਜੀਵਨ ਮਨੋਰਥ ਨੂੰ ਪੂਰਾ ਕਰਨਾ ਹੈ। ਆਪਣੀ ਜ਼ਿੰਦਗੀ ਨੂੰ ਸਫਲ ਕਰਨ ਵਾਲ਼ੇ ਅਸਲ ਕਾਰਜ ਸਵਾਰਨੇ ਹਨ। ਗੁਰੂ ਦੇ ਗਿਆਨ ਰਾਹੀਂ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਗੁਰੂ ਦੀ ਕਿਰਪਾ ਸਦਕਾ ਹਿਰਦੇ ਵਿੱਚ ਪਰਮਾਤਮਾ ਨਾਲ ਸਬੰਧ ਸਥਾਪਿਤ ਹੁੰਦਾ ਹੈ, ‘‘ਉਪਜੈ ਸਹਜੁ; ਗਿਆਨ ਮਤਿ ਜਾਗੈ   ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ’’ (ਭਗਤ ਕਬੀਰ/੯੨) ਅਰਥ : ਜਦ ਸਹਿਜ ਅਵਸਥਾ ਉਪਜਦੀ ਹੈ ਤਾਂ ਆਤਮ-ਪ੍ਰਕਾਸ਼ ਪ੍ਰਬਲ ਹੋ ਜਾਂਦਾ ਹੈ। ਸਤਿਗੁਰੂ ਦੀ ਕਿਰਪਾ ਨਾਲ਼ ਦਿਲੋਂ ਪਰਮਾਤਮਾ ਨਾਲ਼ ਲਿਵ ਜੁੜੀ ਰਹਿੰਦੀ ਹੈ।

ਵਿਕਾਰਾਂ ’ਚ ਮਗਨ ਰਹਿ ਆਪਣਾ ਸਮਾਂ ਅਜਾਈਂ ਗਵਾਉਣ ਵਾਲੇ ਕੰਮ ਕਰਨ ਨਾਲ਼ ਮਨੁੱਖ ਨੂੰ ਕੋਈ ਰੂਹਾਨੀਅਤ ਲਾਭ ਨਹੀਂ ਮਿਲਣ ਵਾਲ਼ਾ। ਜ਼ਿੰਦਗੀ ਦਾ ਅਸਲ ਮਨੋਰਥ ਸਾਧਸੰਗਤ ’ਚ ਬੈਠ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਹੀ ਹੈ, ਇਸ ਲਈ ਭਵਜਲ ਨੂੰ ਪਾਰ ਕਰਨ ਦੇ ਆਹਰ ਵਿੱਚ ਲੱਗ ਜਾਣਾ ਚਾਹੀਦਾ ਹੈ। ਇਹੀ ਉਪਦੇਸ਼ ਗੁਰੂ ਸਾਹਿਬ ਨੇ ਆਪਣੇ ਪਹਿਲੇ ਬੰਦ ਰਾਹੀਂ ਦਿੱਤਾ ਹੈ, ‘‘ਅਵਰਿ ਕਾਜ; ਤੇਰੈ ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ’’

ਦੂਸਰੇ ਪਦੇ ’ਚ ਗੁਰੂ ਜੀ ਸਮਝਾਉਂਦੇ ਹਨ ਕਿ ‘‘ਇਹੁ ਸੰਸਾਰੁ ਬਿਕਾਰੁ ਸੰਸੇ ਮਹਿ; ਤਰਿਓ ਬ੍ਰਹਮ ਗਿਆਨੀ   ਜਿਸਹਿ ਜਗਾਇ ਪੀਆਵੈ ਇਹੁ ਰਸੁ; ਅਕਥ ਕਥਾ ਤਿਨਿ ਜਾਨੀ ’’ ਅਰਥ : ਇਹ ਸਾਰਾ ਸੰਸਾਰ ਵਿਕਾਰ ਸੰਸਿਆਂ ਵਿੱਚ ਡੁੱਬਾ ਹੋਇਆ ਹੈ।  ਜਿਸ ਨੂੰ (ਗੁਰੂ) ਜਗਾ ਕੇ ਇਹ ਅੰਮ੍ਰਿਤ ਨਾਮ-ਰਸ ਪਿਲਾਉਂਦਾ ਹੈ; ਉਸ ਨੇ ਹੀ ਪ੍ਰਭੂ ਦੀ ਬਿਆਨ ਨਾ ਹੋਣ ਵਾਲ਼ੀ ਮਹਿਮਾ ਨੂੰ ਜਾਣਿਆ ਹੈ। ਉਹੀ ਬ੍ਰਹਮ ਗਿਆਨੀ ਬਣ ਸੰਸਾਰ-ਸਮੁੰਦਰ ਤੋਂ ਤਰਦਾ ਹੈ। ਗੁਰੂ ਅਮਰਦਾਸ ਜੀ ਭੀ ਸਮਝਾ ਰਹੇ ਹਨ ਕਿ ਇਹ ਸੰਸਾਰ; ਸੰਦੇਹ-ਭਰਮ ’ਚ ਜਕੜਿਆ ਹੋਇਆ ਹੈ। ਇਸੇ ਭਰਮ-ਭੁਲੇਖੇ ’ਚ ਹੀ ਸਾਰੀ ਜੀਵਨ-ਰਾਤ ਬਿਤਾ ਲੈਂਦਾ ਹੈ, ‘‘ਸੰਸਾ ਇਹੁ ਸੰਸਾਰੁ ਹੈ; ਸੁਤਿਆ ਰੈਣਿ ਵਿਹਾਇ ’’ (ਮਹਲਾ /੩੬)

ਜਦੋਂ ਮਨੁੱਖ ਇਸ ਸੰਸੇ-ਭਰਮਾਂ ਵਿੱਚੋਂ ਨਿਕਲ ਜਾਂਦਾ ਹੈ ਤਾਂ ਉਸ ਦਾ ਪਿਆਰ ਪਰਮਾਤਮਾ ਨਾਲ ਪੈ ਜਾਂਦਾ ਹੈ। ਉਸ ਨੂੰ ਆਪਣੇ ਗੁਰੂ ਦੀ ਅਸਲ ਪਹਿਚਾਣ ਹੋ ਜਾਂਦੀ ਹੈ। ਐਸੀ ਬ੍ਰਹਮ ਗਿਆਨੀ ਅਵਸਥਾ ਵਾਲੇ ਮਨੁੱਖ ਦਾ ਜ਼ਿਕਰ ਸੁਖਮਨੀ ਸਾਹਿਬ ਅੰਦਰ ਇਸ ਤਰ੍ਹਾਂ ਕੀਤਾ ਹੈ, ‘‘ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ   ਬ੍ਰਹਮ ਗਿਆਨੀ ਏਕ ਸੰਗਿ ਹੇਤਾ   ਬ੍ਰਹਮ ਗਿਆਨੀ ਕੈ, ਹੋਇ ਅਚਿੰਤ   ਬ੍ਰਹਮ ਗਿਆਨੀ ਕਾ ਨਿਰਮਲ ਮੰਤ   ਬ੍ਰਹਮ ਗਿਆਨੀ ਜਿਸੁ ਕਰੈ; ਪ੍ਰਭੁ ਆਪਿ   ਬ੍ਰਹਮ ਗਿਆਨੀ ਕਾ ਬਡ ਪਰਤਾਪ ’’ (ਮਹਲਾ /੨੭੩)

ਪਰਮਾਤਮਾ; ਜਿਸ ਨੂੰ ਆਪਣਾ ਨਾਮ ਰੂਪੀ ਰਸ ਪਿਆ ਦਿੰਦਾ ਹੈ, ਉਹੀ ਪ੍ਰਭੂ ਦੀ ਅਕਥ (ਨਾ ਕਹੀ ਜਾ ਸਕਣ ਵਾਲੀ) ਕਥਾ ਨੂੰ ਜਾਣ ਪਾਉਂਦੇ ਹਨ। ਗੁਰੂ ਰਾਮਦਾਸ ਜੀ ਦੇ ਰਹਰਾਸਿ ਅੰਤਰ ਦਰਜ ਬਚਨ ਭੀ ਇਹੀ ਸੁਨੇਹਾ ਦਿੰਦੇ ਹਨ, ‘‘ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ   ਗੁਰਮੁਖਿ ਲਾਧਾ; ਮਨਮੁਖਿ ਗਵਾਇਆ   ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ (ਸੋ ਪੁਰਖੁ/ਮਹਲਾ /੧੧)

ਸ਼ਬਦ ਦੇ ਤੀਜੇ ਪਦੇ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਜੀਵ ਨੂੰ ਸੰਸਾਰ ਵਿੱਚ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਦਾ ਵਪਾਰ ਕਰਨ ਲਈ ਭੇਜਿਆ ਗਿਆ ਹੈ, ਪਰ ਇਹ ਕਾਰਜ ਗੁਰੂ ਦੀ ਕ੍ਰਿਪਾ ਨਾਲ ਪਰਮਾਤਮਾ ਨੂੰ ਮਨ ’ਚ ਵਸਾਉਣ ਨਾਲ਼ ਸਫਲ ਹੁੰਦਾ ਹੈ।

ਜਦੋਂ ਜੀਵ ਇਹ ਅਵਸਥਾ ਮਾਣਦਾ ਹੈ ਤਾਂ ਆਤਮਕ ਅਨੰਦ ਅਤੇ ਅਡੋਲਤਾ ’ਚ ਟਿਕ ਕੇ ਆਪਣੇ ਅੰਦਰੋਂ ਹੀ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ, ਜਿਸ ਨਾਲ਼ ਜੀਵਨ ’ਚ ਖੁਸ਼ੀ-ਖੇੜਾ ਬਣਿਆ ਰਹਿੰਦਾ ਹੈ ਤੇ ਮਰਨ ਉਪਰੰਤ ਭੀ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ; ਜਿਵੇਂ ਕਿ ਬਚਨ ਹਨ, ‘‘ਜਾ ਕਉ ਆਏ ਸੋਈ ਬਿਹਾਝਹੁ; ਹਰਿ ਗੁਰ ਤੇ ਮਨਹਿ ਬਸੇਰਾ   ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ; ਬਹੁਰਿ ਹੋਇਗੋ ਫੇਰਾ ’’ ਇਸੇ ਲਈ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ ਹੈ ਕਿ ਇਹ ਮਨੁੱਖਾ ਦੇਹੀ; ਤੈਨੂੰ ਪ੍ਰਭੂ ਦੀ ਪ੍ਰਾਪਤੀ ਕਰਨ ਲਈ ਮਿਲੀ ਹੈ, ‘‘ਭਈ ਪਰਾਪਤਿ ਮਾਨੁਖ ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ’’ (ਮਹਲਾ /੧੨), ਭਗਤ ਕਬੀਰ ਜੀ ਭੀ ਫ਼ੁਰਮਾਉਂਦੇ ਹਨ ਕਿ ਜਦ ਗੁਰੂ ਦੀ ਕਿਰਪਾ ਨਾਲ਼ ਆਤਮ-ਪ੍ਰਕਾਸ਼ ਪ੍ਰਗਟ ਹੁੰਦਾ ਹੈ ਤਾਂ ਅਡੋਲਤਾ ਉਪਜਦੀ ਹੈ। ਮੱਤ ਵਿੱਚ ਗਿਆਨ-ਬਿਬੇਕ ਆ ਜਾਂਦਾ ਹੈ, ਜੋ ਹਰ ਤਰ੍ਹਾਂ ਦੇ ਭਰਮ-ਭੁਲੇਖੇ ਦਾ ਨਾਸ ਕਰਦਾ ਹੈ, ‘‘ਭਰਮੁ ਭੁਲਾਵਾ; ਵਿਚਹੁ ਜਾਇ   ਉਪਜੈ ਸਹਜੁ; ਗਿਆਨ ਮਤਿ ਜਾਗੈ   ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ’’ (ਭਗਤ ਕਬੀਰ/੯੨)

ਇਸ਼ ਸ਼ਬਦ ਦੇ ਅਖੀਰਲੇ ਪਦੇ ਵਿੱਚ ਗੁਰੂ ਜੀ; ਅਕਾਲ ਪੁਰਖ ਅੱਗੇ ਅਰਦਾਸ ਕਰਨ ਦਾ ਢੰਗ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਹੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਣਹਾਰ ! ਮੇਰੇ ਮਨ ਦੀ ਸ਼ਰਧਾ ਪੂਰੀ ਕਰ। ਨਾਨਕ ਤੇਰੇ ਦਰ-ਘਰ ਦਾ ਸੇਵਕ ਹੈ, ਮੇਰੀ ਦਿਲੀ ਇੱਛਾ ਹੈ ਕਿ ਮੈਨੂੰ ਆਪਣੇ ਚਰਣਾਂ ਦੀ ਧੂੜ ਬਖ਼ਸ਼। ਮੈਨੂੰ ਗੁਰਮੁਖ ਪਿਆਰਿਆਂ ਦੀ ਧੂੜ ਬਣਾ ਦੇਹ ਤਾਂ ਜੋ ਮੈਂ ਹਰ ਵੇਲ਼ੇ ਤੇਰੇ ਨਾਮ ਦਾ ਸਿਮਰਨ ਕਰਦਾ ਰਹਾਂ, ‘‘ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ   ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’

ਗੁਰੂ ਅਰਜਨ ਸਾਹਿਬ ਨੇ ਇਸ ਪੂਰੇ ਸ਼ਬਦ ਵਿੱਚ ਮਨੁੱਖ ਨੂੰ ਇਹੀ ਸਮਝਾਇਆ ਹੈ ਕਿ ਇਹ ਵੇਲ਼ਾ ਪਰਮਾਤਮਾ ਨੂੰ ਯਾਦ ਕਰਨ ਦਾ ਹੈ। ਜੀਵ ਦੀ ਉਮਰ ਹਰ ਰੋਜ਼ ਘਟਦੀ ਜਾ ਰਹੀ ਹੈ, ਇਸ ਲਈ ਗੁਰੂ ਨਾਲ਼ ਮੇਲ ਕਰਨਾ ਬਹੁਤ ਜ਼ਰੂਰੀ ਹੈ। ਸੰਸਾਰ ਕਦੇ ਵੀ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ। ਜੀਵਾਂ ਦਾ ਆਉਣ ਜਾਣ ਲੱਗਾ ਰਹਿੰਦਾ ਹੈ, ਪਰ ਜੋ ਪਰਮਾਤਮਾ ਨੂੰ ਪਹਿਚਾਣ ਲੈਂਦਾ ਹੈ, ਉਸ ਦੀ ਯਾਦ ਨੂੰ ਦਿਲ ’ਚ ਵਸਾ ਲੈਂਦਾ ਹੈ, ਉਹ ਭਵਜਲ ਤਰ ਜਾਂਦਾ ਹੈ ਤੇ ਫਿਰ ਕਦੇ ਜੂਨਾਂ ਵਿੱਚ ਨਹੀਂ ਪੈਂਦਾ। ਜੇਕਰ ਅਸੀਂ ਗੁਰਸਿੱਖਾਂ ਦੀ ਧੂੜ ਮਾਤਰ ਬਣ ਜਾਈਏ ਤਾਂ ਇਸ ਵਰਗਾ ਕੋਈ ਹੋਰ ਸੁੱਖ ਨਹੀਂ। ਮਨੁੱਖ ਕੇਵਲ ਇੱਕ ਦਮ ਦਾ ਹੀ ਮਾਲਕ ਹੈ। ਇਸ ਨੂੰ ਇਹ ਵੀ ਗਿਆਤ ਨਹੀਂ ਕਿ ਇਹ ਇੱਕ ਦਮ ਵੀ ਕਦੋਂ ਆਉਣਾ ਬੰਦ ਹੋ ਜਾਣਾ ਹੈ, ‘‘ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ ਜਾਣਾ ’’ (ਮਹਲਾ /੬੬੦), ਇਸ ਲਈ ਮਨੁੱਖ ਕੇਵਲ ਦੁਨਿਆਵੀ ਕੰਮਾਂ ਵਿੱਚ ਰੁੱਝ ਕੇ ਖੱਜਲ-ਖੁਆਰ ਹੁੰਦਾ ਰਹਿੰਦਾ ਹੈ। ਚਾਰ ਪਹਿਰ ਭਟਕਣਾ ਵਿੱਚ ਲੰਘਾ ਦਿੰਦਾ ਹੈ ਤੇ ਬਾਕੀ ਦੇ ਚਾਰ ਪਹਿਰ ਸੌਂ ਕੇ ਲੰਘਾ ਦਿੰਦਾ ਹੈ, ‘‘ਫਰੀਦਾ ! ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ   ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ ’’ (ਬਾਬਾ ਫਰੀਦ/੧੩੭੯) ਕੁਝ ਲੋਕ ਐਸੇ ਵੀ ਹੁੰਦੇ ਹਨ, ਜੋ ਉੱਠ ਕੇ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਦੇ ਹਨ (ਪਾਠ ਕਰਦੇ ਹਨ, ਧਾਰਮਿਕ ਸਥਾਨਾਂ ’ਤੇ ਜਾਂਦੇ ਹਨ, ਆਦਿ)। ਫਿਰ ਸਾਰਾ ਦਿਨ ਠੱਗੀਆਂ ਭੀ ਮਾਰਦੇ ਹਨ ਭਾਵੇਂ ਕਿ ਉਹ ਇਸ ਗੱਲ ਤੋਂ ਅਣਜਾਣ ਨਹੀਂ ਹੁੰਦੇ ਕਿ ਇਹ ਗ਼ਲਤ ਕੰਮ ਹਨ। ਐਸੇ ਲੋਕਾਂ ਦੀ ਸੋਚ ਬਾਰੇ ਕਬੀਰ ਜੀ ਦੇ ਇਹ ਬਚਨ ਬੜੇ ਢੁਕਵੇਂ ਹਨ, ‘‘ਕਬੀਰ  ! ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ   ਕਾਹੇ ਕੀ ਕੁਸਲਾਤ; ਹਾਥਿ ਦੀਪੁ ਕੂਏ ਪਰੈ ’’ (ਭਗਤ ਕਬੀਰ/੧੩੭੬) ਅਰਥ : ਹੇ ਕਬੀਰ ! ਮਨ ਸਭ ਕੁੱਝ ਜਾਣਦਾ ਹੈ, ਫਿਰ ਭੀ ਬੰਦਾ ਪਾਪ ਕਰਦਾ ਹੈ। ਜੇਕਰ ਹੱਥ ’ਚ ਚਾਣਨ ਦੇਣ ਵਾਲ਼ਾ ਦੀਵਾ (ਗਿਆਨ) ਹੋਵੇ ਫਿਰ ਭੀ ਖੂਹ ਵਿੱਚ ਡਿੱਗਦਾ ਫਿਰੇ ਤਾਂ ਇਹ ਕਾਹਦੀ ਸਮਝਦਾਰੀ ਹੋਈ ?

ਸੋ ਜਿਸ ਤਰ੍ਹਾਂ ਕੋਈ ਦੁਕਾਨਦਾਰ; ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਨ ਸਮੇਂ ਪੂਰੇ ਦਿਨ ਦਾ ਲੇਖਾ-ਜੋਖਾ ਕਰਦਾ ਹੈ; ਉਸੇ ਤਰ੍ਹਾਂ ਸਿੱਖ ਨੇ ਰਾਤ ਨੂੰ ਸੋਹਿਲਾ ਸਾਹਿਬ ਦੇ ਇਹ ਪੰਜ ਸ਼ਬਦ ਪੜ੍ਹਦਿਆਂ ਹਰ ਦਿਨ ਆਪਣੀ ਕੁੱਲ ਉਮਰ ਵਿਚੋਂ ਘਟਦੀ ਸੁਆਸ-ਪੂੰਜੀ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ; ਜਿਵੇਂ ਕਿ ਬਚਨ ਹਨ, ‘‘ਕਿਆ ਤੈ ਖਟਿਆ ? ਕਹਾ ਗਵਾਇਆ  ?’’ (ਭਗਤ ਕਬੀਰ/੭੯੨) ਤਾਂ ਜੋ ਬਾਕੀ ਬਚੀ ਜ਼ਿੰਦਗੀ ਨੂੰ ਗੁਰੂ ਦੇ ਉਪਦੇਸ਼ ਰਾਹੀਂ ਸਾਰਥਿਕ ਕਾਰਜਾਂ ’ਚ ਲਗਾ ਕੇ ਜੀਵਨ ਸਫਲਾ ਕੀਤਾ ਜਾ ਸਕੇ। ਅਕਸਰ ਕਿਹਾ ਜਾਂਦਾ ਹੈ ਕਿ ਨਾਮ ਜਪਣ ਦੀ ਅਜੇ ਸਾਡੀ ਉਮਰ ਨਹੀਂ ਭਾਵ ਨਾਮ ਜਪਣ ਲਈ ਬਜ਼ੁਰਗ ਹੋਣਾ ਜ਼ਰੂਰੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੁਢੇਪੇ ’ਚ ਸਰੀਰਕ ਇੰਦ੍ਰੇ ਸਾਥ ਦੇਣਾ ਬੰਦ ਕਰ ਦਿੰਦੇ ਹਨ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਸਤਰਿ ਕਾ ਮਤਿਹੀਣੁ; ਅਸੀਹਾਂ ਕਾ ਵਿਉਹਾਰੁ ਪਾਵੈ ਨਵੈ ਕਾ ਸਿਹਜਾਸਣੀ; ਮੂਲਿ ਜਾਣੈ ਅਪ ਬਲੁ ’’ (ਮਹਲਾ /੧੩੮) ਅਰਥ : 70 ਸਾਲ ’ਚ ਅਕਲ ਜਵਾਬ ਦੇ ਜਾਂਦੀ ਹੈ। 80 ਸਾਲਾਂ ’ਚ ਲੈਣ-ਦੇਣ ਕਰਨਯੋਗ ਨਹੀਂ ਰਹਿੰਦਾ। 90 ਸਾਲ ’ਚ ਆਪਣੇ ਆਪ ਨੂੰ ਸੰਭਾਲਣਯੋਗ ਨਹੀਂ ਹੁੰਦਾ। ਮੰਜੇ ’ਤੇ ਹੀ ਆਸਣ ਲਗਾ ਸਕਦਾ ਹੈ। ਇਸ ਲਈ ਜਿੰਨਾ ਜਲਦੀ ਹੋ ਸਕੇ, ਮਨੁੱਖਾ ਜੀਵਨ ਦਾ ਲਾਹਾ ਲੈਣਾ ਚਾਹੀਦਾ ਹੈ ਵਰਨਾ ਵਿਕਾਰਾਂ ਨਾਲ਼ ਭਰਿਆ ਜੀਵਨ ਨਿਰਮਲ ਕਰਨ ’ਚ ਬੜੀ ਕਠਿਨਾਈ ਹੋ ਜਾਂਦੀ ਹੈ; ਜਿਵੇਂ ਕਿ ਬਾਬਾ ਫ਼ਰੀਦ ਜੀ ਦੇ ਬਚਨ ਹਨ, ‘‘ਬੇੜਾ ਬੰਧਿ ਸਕਿਓ; ਬੰਧਨ ਕੀ ਵੇਲਾ   ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ’’ (ਬਾਬਾ ਫਰੀਦ/੭੯੪)