ਅਪੁਨੇ ਸਤਿਗੁਰ ਕੈ ਬਲਿਹਾਰੈ ॥

0
481

ਅਪੁਨੇ ਸਤਿਗੁਰ ਕੈ ਬਲਿਹਾਰੈ ॥

ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ ਜੀ (ਰੋਪੜ)

ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥

ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥

ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥

ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ; ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥

ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥ (ਮ : ੫/੬੧੦)

ਵਿਚਾਰ ਅਧੀਨ ਸ਼ਬਦ ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 609-610 ’ਤੇ ਸੁਭਾਇਮਾਨ ਹੈ। ਇਸ ਸ਼ਬਦ ਦਾ ਕੇਂਦਰੀ ਭਾਵ ‘ਰਹਾਉ’ ਵਾਲੀਆਂ ਪੰਕਤੀਆਂ ਵਿੱਚ ਦਰਜ ਹੈ। ਸ਼ਬਦ ਦੇ ਬਾਕੀ 4 ਪਦੇ, ‘ਰਹਾਉ’ ਵਾਲੀਆਂ ਪੰਕਤੀਆਂ ਦੀ ਹੀ ਵਿਆਖਿਆ ਕਰ ਰਹੇ ਹਨ। ਗੁਰੂ ਅਰਜਨ ਸਾਹਿਬ ਜੀ ‘ਰਹਾਉ ਬੰਦ ਵਿੱਚ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹੋਏ ਫ਼ੁਰਮਾਉਂਦੇ ਹਨ ਕਿ ਹੇ ਭਾਈ ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਕਿਉਂਕਿ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ ਅਨੰਦ ਬਣਿਆ ਰਹਿੰਦਾ ਹੈ। ਇਸ ਲੋਕ ਵਿੱਚ ਵੀ ਆਤਮਿਕ ਅਡੋਲਤਾ ਦਾ ਸੁੱਖ ਮੈਨੂੰ ਪ੍ਰਾਪਤ ਹੋ ਗਿਆ ਹੈ ਤੇ ਪਰਲੋਕ ਵਿੱਚ ਵੀ ਇਹ ਸੁੱਖ ਟਿਕਿਆ ਰਹਿਣ ਵਾਲਾ ਹੈ ; ਜਿਵੇਂ ਕਿ ‘‘ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥’’

ਅਧਿਆਤਮਕਵਾਦ ਵਿੱਚ ਗੁਰੂ ਦੀ ਵਿਸ਼ੇਸ਼ਤਾ ਖ਼ਾਸ ਸਥਾਨ ਰੱਖਦੀ ਹੈ, ਇਸ ਲਈ ਅਧਿਆਤਮਕ ਵਾਦੀਆਂ ਨੇ ਗੁਰੂ ਸ਼ਬਦ ਦੇ ਬੜੇ ਭਾਵ ਪੂਰਨ ਅਰਥ ਕੀਤੇ ਹੋਏ ਹਨ ਭਾਵ ਜੋ ਹਨ੍ਹੇਰੇ ਦਾ ਨਾਸ ਕਰ ਕੇ ਉਸ ਦੀ ਥਾਂ ਪ੍ਰਕਾਸ਼ ਕਰ ਦੇਵੇ ਉਹੀ ਗੁਰੂ ਕਹਿਲਾਉਣ ਦਾ ਹੱਕਦਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸੱਚ ਨੂੰ ਆਪਣੀ ਕਲਮ ਰਾਹੀਂ ਇਸ ਤਰ੍ਹਾਂ ਬਿਆਨ ਕੀਤਾ ਹੈ, ‘‘ਬਾਝਹੁ ਗੁਰੂ ਗੁਬਾਰ ਹੈ; ਹੈ ਹੈ ਕਰਦੀ ਸੁਣੀ ਲੁਕਾਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪) ਗੁਰੂ ਅੰਗਦ ਦੇਵ ਜੀ ਨੇ ਵੀ ਇਸ ਸਚਾਈ ਨੂੰ ਆਪਣੇ ਤਨ ’ਤੇ ਹੰਢਾਉਂਦਿਆਂ ਹੋਇਆਂ ਪਵਿੱਤਰ ਉਪਦੇਸ਼ ਬਖ਼ਸ਼ਸ਼ ਕੀਤਾ ਕਿ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ॥’’ (ਮ : ੨/੪੬੩)

ਗੁਰਬਾਣੀ ਵਿੱਚ ਅਗਿਆਨਤਾ ਦੀ ਹਨ੍ਹੇਰੇ ਨਾਲ ਅਤੇ ਗਿਆਨ ਦੀ ਚਾਨਣ ਨਾਲ ਤੁਲਨਾ ਕੀਤੀ ਗਈ ਹੈ। ਅਗਿਆਨਤਾ ਦੁੱਖਾਂ ਦਾ ਮੂਲ ਹੈ ਅਤੇ ਗਿਆਨ ਸੁੱਖਾਂ ਦਾ ਆਧਾਰ ਹੈ। ਗਿਆਨ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਕਦੇ ਵੀ ਨਹੀਂ ਹੋ ਸਕਦੀ। ਜ਼ਾਹਰ ਪੀਰ ਜਗਤ ਗੁਰੂ ਬਾਬਾ ‘ਗੁਰੂ ਨਾਨਕ ਸਾਹਿਬ ਜੀ’ ਦੇ ਪਾਵਨ ਬਚਨਾਂ ਤੋਂ ਇਹ ਸੇਧ ਮਿਲਦੀ ਹੈ ਕਿ ਜਿਸ ਤਰ੍ਹਾਂ ਪਾਣੀ ਨੂੰ ਮਿੱਟੀ ਦਾ ਘੜਾ ਇਕੱਠਾ ਕਰ ਕੇ ਰੱਖਦਾ ਹੈ ਅਤੇ ਆਪ ਘੜਾ, ਪਾਣੀ ਤੋਂ ਬਿਨਾਂ ਨਹੀਂ ਬਣ ਸਕਦਾ, ਇਸੇ ਤਰ੍ਹਾਂ ਮਨ ਦੀ ਖ਼ਿਆਲਾਂ ਦੀ ਡੋਰੀ ਨੂੰ ਗਿਆਨ ਸੰਕੋਚਦਾ ਹੈ, ਪਰ ਇਹ ਗਿਆਨ, ਗੁਰੂ ਦੀ ਕਿਰਪਾ ਤੋਂ ਬਿਨਾਂ ਮਿਲਣਾ ਅਸੰਭਵ ਹੈ, ‘‘ਕੁੰਭੇ ਬਧਾ ਜਲੁ ਰਹੈ; ਜਲ ਬਿਨੁ, ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ; ਗੁਰ ਬਿਨੁ, ਗਿਆਨੁ ਨ ਹੋਇ ॥’’ (ਮ : ੧/੪੬੯)

ਜਿਸ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਸਦਕਾ ਜੀਵਨ ਅਨੰਦਮਈ ਬਣ ਗਿਆ, ਐਸਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ। ਇਹੀ ਯੁਕਤੀ ਗੁਰੂ ਅਰਜਨ ਸਾਹਿਬ ਜੀ, ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਰਾਹੀਂ ਸਮਝਾਉਂਦੇ ਹਨ ਕਿ ਹੇ ਭਾਈ  ! ਵੱਡੀ ਕਿਸਮਤ ਨਾਲ ਮੈਨੂੰ ਪੂਰਾ ਗੁਰੂ ਮਿਲ ਗਿਆ ਹੈ। ਮੇਰੇ ਮਨ ਵਿੱਚ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ। ਕੋਈ ਵੀ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ, ‘‘ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ॥ ਕੋਇ ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥’’

ਮਨ ਵਿੱਚ ਪ੍ਰਕਾਸ਼, ਗੁਰੂ ਦੇ ਗਿਆਨ ਰਾਹੀਂ ਹੀ ਹੋ ਸਕਦਾ ਹੈ; ਜਿਵੇਂ ਪੰਜਵੇਂ ਪਤਿਸ਼ਾਹ ਜੀ ਦੇ ਹੀ ਬਚਨ ਹਨ, ‘‘ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥’’ (ਮ : ੫/੨੯੩) ਜਾਂ ‘‘ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ; ਤਾ ਕਉ ਸਰਬ ਪ੍ਰਗਾਸਾ॥’’ (ਮ : ੫/੬੧੦) ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਥਨ ਕਰਦੇ ਹਨ ਕਿ ‘‘ਅਨਿਕ ਪ੍ਰਕਾਰ ਭੇਖ ਧਾਰਿ ਪ੍ਰਾਨੀ ਭ੍ਰਮੇ ਭੂਮ; ਬਿਨ ਗੁਰ ਉਰਿ ਗ੍ਯਾਨ ਦੀਪ ਨ ਜਗਾਇ ਹੈ ॥’’ (ਭਾਈ ਗੁਰਦਾਸ ਜੀ/ਕਬਿੱਤ ੬੩੫)

ਜਗਿਆਸੂ ਗਿਆਨ ਦੇ ਦੀਵੇ ਨੂੰ ਆਪਣੇ ਅੰਦਰ ਸਦਾ ਜਗਦਾ ਰੱਖਣ ਵਾਸਤੇ ‘ਸੋ ਦਰੁ’ (ਰਹਰਾਸਿ) ਬਾਣੀ ਵਿੱਚ ਗੁਰੂ ਰਾਮਦਾਸ ਜੀ ਦੀ ਇੱਕ ਪੰਕਤੀ ਪੜ੍ਹਦਾ ਹੋਇਆ ਬੇਨਤੀ ਕਰਦਾ ਹੈ ਕਿ ‘‘ਮੇਰੇ ਮੀਤ ਗੁਰਦੇਵ  ! ਮੋ ਕਉ, ਰਾਮ ਨਾਮੁ ਪਰਗਾਸਿ ॥’’ (ਮ : ੪)

ਪ੍ਰਕਾਸ਼ ਹੋਣ ’ਤੇ ਹੀ ਇਹ ਨਿਸ਼ਚਾ ਬੱਝ ਜਾਂਦਾ ਹੈ, ਜਿਸੇ ਬਾਰੇ ਹੀ ਵਿਚਾਰ ਅਧੀਨ ਸ਼ਬਦ ਦਾ ਦੂਸਰਾ ਬੰਦ ਉਪਦੇਸ਼ ਕਰਦਾ ਹੈ ਕਿ ਹੇ ਭਾਈ  ! ਜਦੋਂ ਦਾ ਮੈਂ ਗੁਰੂ ਚਰਨੀਂ ਲੱਗਾਂ ਹਾਂ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ। ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ। ਮੈਨੂੰ ਨਿਸ਼ਚਾ ਹੋ ਗਿਆ ਕਿ ਜਿਹੜਾ ਸਿਰਜਣਹਾਰ ਸਭ ਦੇ ਦਿਲਾਂ ਦਾ ਜਾਣਨਹਾਰ ਹੈ, ਉਹ ਮੇਰੇ ਵੀ ਸਿਰ ਉੱਤੇ ਰਾਖਾ ਹੈ, ‘‘ ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥’’

ਜੋ ਜੋ ਕੀਨੋ ਆਪਨੋ; ਤਿਸੁ ਅਭੈ ਦਾਨੁ ਦੀਤਾ ॥ (ਮ : ੫/੮੦੯) ਦੇ ਮਹਾਂਵਾਕ ਅਨੁਸਾਰ ਜੋ ਵੀ ਉਸ ਦਾ ਸੇਵਕ ਬਣ ਗਿਆ ਉਸ ਨੂੰ ਨਿਰਭੈਤਾ ਦੀ ਦਾਤ ਪ੍ਰਾਪਤ ਹੋ ਗਈ ਅਤੇ ਉਸ ਨੇ ਗੁਰੂ ਦੇ ਬਚਨਾਂ ਨੂੰ ਇਸ ਤਰ੍ਹਾਂ ਗਾਉਣਾ ਸ਼ੁਰੂ ਕਰ ਦਿੱਤਾ, ‘‘ਨਿਰਭਉ ਭਏ ਸਗਲ ਭਉ ਮਿਟਿਆ; ਰਾਖੇ ਰਾਖਨਹਾਰੇ ॥ ਐਸੀ ਦਾਤਿ ਤੇਰੀ ਪ੍ਰਭ ਮੇਰੇ  ! ਕਾਰਜ ਸਗਲ ਸਵਾਰੇ ॥’’ (ਮ : ੫/੩੮੩) ਜਿਨ੍ਹਾਂ ਨੇ ਇਸ ਤਰ੍ਹਾਂ ‘‘ਗਾਵੀਐ, ਸੁਣੀਐ; ਮਨਿ ਰਖੀਐ ਭਾਉ ॥’’ ਵਾਲੀ ਅਵਸਥਾ ਬਣਾ ਲਈ, ਉਨ੍ਹਾਂ ਉੱਤੇ ਪ੍ਰਸੰਨ ਹੋ ਕੇ ਪ੍ਰਭੂ ਨੇ ਉਨ੍ਹਾਂ ਨੂੰ ਆਪਣੀ ਪ੍ਰੀਤ ਬਖ਼ਸ਼ਸ਼ ਕਰ ਦਿੱਤੀ। ਵਿਚਾਰ ਅਧੀਨ ਸ਼ਬਦ ਦੇ ਤੀਸਰੇ ਬੰਦ ਰਾਹੀਂ ਗੁਰੂ ਜੀ ਇਹੀ ਸਮਝਾ ਰਹੇ ਹਨ ਕਿ ਹੇ ਭਾਈ ! ਜਿਸ ਪ੍ਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਲਈ ਫਲ਼ ਦੇਣ ਵਾਲਾ ਹੈ, ਜਿਸ ਪ੍ਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਅਗਾਂਹ ਲਈ ਵੀ ਸਦਾ ਕਾਇਮ ਰਹਿਣ ਵਾਲਾ ਹੈ। ਉਹ ਮਾਲਕ ਆਪਣੀ ਪ੍ਰੀਤ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਸਦਾ ਆਪਣੇ ਗਲ ਨਾਲ ਲਗਾ ਕੇ ਰੱਖਦਾ ਹੈ, ‘‘ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ; ਹੈ ਭੀ ਹੋਵਨਹਾਰਾ॥ ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥’’

ਐਸੇ ਪ੍ਰਮਾਤਮਾ ਦੀ ਸਦੀਵੀ ਗਲਵਕੜੀ ਪ੍ਰਾਪਤ ਕਰਨ ਵਾਸਤੇ ਪੂਰੇ ਸਤਿਗੁਰੂ ਦੀ ਸਹਾਇਤਾ ਦੀ ਸਦੀਵੀ ਲੋੜ ਹੈ ਤਾਂ ਹੀ ਸਤਿਗੁਰੂ ਜੀ ਆਪਣੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਰਾਹੀਂ ਪੂਰੇ ਗੁਰੂ ਦੀ ਵਡਿਆਈ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ ਹੇ ਭਾਈ  ! ਮੈਨੂੰ (ਨਾਨਕ ਨੂੰ) ਪੂਰਾ ਗੁਰੂ ਮਿਲ ਗਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਉਹ ਗੁਰੂ ਬੜੀ ਵਡਿਆਈ ਵਾਲਾ ਹੈ। ਅਸਚਰਜ ਸ਼ੋਭਾ ਵਾਲਾ ਹੈ। ਉਸ ਦੀ ਸ਼ਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ, ‘‘ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥’’

ਗੁਰਬਾਣੀ ਵਿੱਚ ਗੁਰੂ ਦੀ ਮਹਿਮਾ ਸਬੰਧੀ ਅਨੇਕ ਪੰਕਤੀਆਂ ਮੌਜੂਦ ਹਨ; ਜਿਵੇਂ ਕਿ ‘‘ਗੁਰੁ ਪੂਰਾ, ਮੇਰਾ ਗੁਰੁ ਪੂਰਾ ॥ ਰਾਮ ਨਾਮੁ ਜਪਿ ਸਦਾ ਸੁਹੇਲੇ; ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥’’ (ਮ : ੫/੯੦੧), ਗੁਰੂ ਗੁਰੂ; ਗੁਰੁ, ਕਰਿ ਮਨ ਮੋਰ  ! ॥ ਗੁਰੂ ਬਿਨਾ; ਮੈ ਨਾਹੀ ਹੋਰ ॥ ਗੁਰ ਕੀ ਟੇਕ, ਰਹਹੁ ਦਿਨੁ ਰਾਤਿ॥ ਜਾ ਕੀ; ਕੋਇ ਨ ਮੇਟੈ ਦਾਤਿ ॥ (ਮ : ੫/੮੬੪), ਆਦਿ।