ਦੋ ਅੱਖਰਾਂ ਦਾ ਸ਼ਬਦ ਹੈ ‘ਨਸ਼ਾ’ ਮਿੱਤਰਾ !
ਮਸਤੀ ਸਰੂਰ ਦਾ ਇਹ ਇਜ਼ਹਾਰ ਕਰਦਾ ।
ਨਾਲ ਨਸ਼ੇ ਦੇ ਬੰਦਾ ਮਦਹੋਸ਼ ਹੋ ਜਾਏ,
ਕਈਆਂ ਨਾਲ ਫਿਰ ਝੂਠੇ ਇਕਰਾਰ ਕਰਦਾ।
ਚਾਹੇ ਕਿੰਨੇ ਵੀ ਨਸ਼ਿਆਂ ਦੇ ਗੁਣ ਗਾਵੋ,
ਹਰ ਨਸ਼ਾ ਹੀ ਸਾਨੂੰ ਖ਼ੁਆਰ ਕਰਦਾ।
ਪਾਉਣ ਲਾਹਨਤਾਂ ਨਸ਼ਈ ਨੂੰ ਲੋਕ ਸਾਰੇ,
ਨਹੀਂ ਘਰ ਵਿੱਚ ਕੋਈ ਸਤਿਕਾਰ ਕਰਦਾ ।
ਅੰਮ੍ਰਿਤ ਪੀਵੇਂ ਤਾਂ ਸਦਾ ਚਿਰ ਜੀਵੇਂ,
ਕਾਹਨੂੰ ਚਰਸਾਂ ਸਮੈਕਾਂ ਵਿੱਚ ਰੁਲ਼ੀ ਜਾਨੈ।
ਗੁਰਾਂ ਸਾਲਾਹੇ ਸੀ ਮੱਲ, ਅਖਾੜਿਆਂ ਦੇ,
ਤੂੰ ਤਾਂ ਚਿੱਟਿਆਂ ਨਾਲ ਹੀ ਘੁਲ਼ੀ ਜਾਨੈ।
ਅਫ਼ੀਮ, ਸ਼ਰਾਬ ਨੇ ਤੈਨੂੰ ਮਸਤ ਕੀਤਾ,
ਨਸ਼ਾ ਨਾਮ ਦਾ ਮੁੱਢੋਂ ਹੀ ਭੁੱਲੀ ਜਾਨੈ।
ਤੁੱਲ ਹੀਰਿਆਂ ਦੇ ਜਨਮ ਮਨੁੱਖਤਾ ਦਾ,
ਪਰ ਤੂੰ ਕੌਡੀਆਂ ਦੇ ਭਾਅ ਹੀ ਤੁਲੀ ਜਾਨੈ।
ਨਸ਼ਾ ਘਾਤਕ ਹੈ ਸਾਰੀ ਮਨੁੱਖਤਾ ਲਈ,
ਤਨ ਮਨ ਤੇ ਧੰਨ ਦਾ ਨਾਸ ਕਰਦਾ।
ਘੇਰ ਲੈਣ ਬੀਮਾਰੀਆਂ ਕਈ ਆ ਕੇ,
ਜਿਊਂਦੇ ਜੀਅ ਨਰਕ ਵਿੱਚ ਵਾਸ ਕਰਦਾ।
ਬੀਵੀ, ਬੱਚੇ ਘਰ ਵਿੱਚ ਰਹਿਣ ਸਹਿਮੇ,
ਜਦੋਂ ਪੀ ਕੇ ਬੰਦਾ ਬਕਵਾਸ ਕਰਦਾ।
ਗੱਲਾਂ ਚਿਕਨੀਆਂ-ਚੋਪੜੀਆਂ ਕਰੇ ਭਾਵੇਂ,
ਪਰ ਨਹੀਂ ਉਸ ’ਤੇ ਕੋਈ ਵਿਸ਼ਵਾਸ ਕਰਦਾ।
ਜੰਗ ਅੰਮ੍ਰਿਤ ਤੇ ਨਸ਼ੇ ਦਾ ਖ਼ੂਬ ਹੋਇਆ,
ਨਸ਼ਿਆ ਕੇ ਹਾਥੀ ਜੰਗ ਵਿੱਚ ਝੋਕ ਦਿੱਤਾ।
ਬੂਹਾ ਕਿਲ੍ਹੇ ਦਾ ਭੰਨਣ ਲਈ ਘੱਲਿਆ ਜੋ,
ਬਚਿੱਤਰ ਸਿੰਘ ਨੇ ਹਾਥੀ ਉਹ ਰੋਕ ਦਿੱਤਾ।
ਸ਼ਕਤੀ ਅੰਮ੍ਰਿਤ ਦੀ ਭਰੀ ਸੀ ਪਾਤਸ਼ਾਹ ਨੇ,
ਬਰਛਾ-ਨਾਗਣੀ ਤਿੱਖੀ ਨੋਕ ਦਿੱਤਾ।
ਉਦੋਂ ਅੰਮ੍ਰਿਤ ਦੀ ਨਸ਼ੇ ’ਤੇ ਜਿੱਤ ਹੋਈ,
ਬਰਛਾ ਹਾਥੀ ਦੇ ਮੱਥੇ ਵਿੱਚ ਠੋਕ ਦਿੱਤਾ।
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਮੇਰਾ,
ਹੁਣ ਤਾਂ ਢਾਈ ਹੀ ਇਸ ਵਿੱਚ ਵੱਗਦੇ ਨੇ।
ਜਿਹੜੀ ਸਮੇਂ ਨੇ ਹੁਣ ਤੱਕ ਲਈ ਕਰਵਟ,
ਮੈਨੂੰ ਇਹ ਵੀ ਹੁਣ ਸੁੱਕਦੇ ਹੀ ਲੱਗਦੇ ਨੇ।
ਛੇਵੇਂ ਦਰਿਆ ’ਚ ਨਸ਼ੇ ਦਾ ਹੜ ਆਇਆ,
ਘਰ ਡੁੱਬਦੇ ਜਾਪਣ ਸਾਰੇ ਜੱਗ ਦੇ ਨੇ।
ਕਰੇ ਬੇਨਤੀ ‘ਰਿਆੜ’ ਪੰਜਾਬੀਆਂ ਨੂੰ,
ਸੋਹਣੇ ਇਸ ਤਰ੍ਹਾਂ ਪੰਜਾਬੀ ਨਹੀਂ ਲੱਗਦੇ ਨੇ।
ਦਲਬੀਰ ਸਿੰਘ ‘ਰਿਆੜ’ ਲੈਕਚਰਾਰ (ਗਣਿਤ), ਸ. ਕੰ. ਸ. ਸ. ਸਕੂਲ, ਅਬਾਦਪੁਰਾ (ਜਲੰਧਰ)-98763-77855