ਬਜ਼ੁਰਗਾਂ ਮੁਤਾਬਕ ਨੂੰਹਾਂ ਤੇ ਧੀਆਂ ਦਾ ਫ਼ਰਕ
ਹਰਲਾਜ ਸਿੰਘ ਬਹਾਦਰਪੁਰ, ਪਿੰਡ/ਡਾਕ. ਬਹਾਦਰਪੁਰ, ਤਹਿ. ਬੁਢਲਾਡਾ (ਜ਼ਿਲ੍ਹਾ ਮਾਨਸਾ)-94170-23911
ਇੱਕ ਦਿਨ ਮੈਂ ਅਤੇ ਮੇਰੀ ਸਿੰਘਣੀ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸੀ। ਗੱਡੀ ਦੇ ਜਰਨਲ ਡੱਬਿਆਂ ਵਿੱਚ ਭੀੜ ਜ਼ਿਆਦਾ ਹੋਣ ਕਾਰਨ ਅਸੀਂ ਕਾਹਲੀ ਨਾਲ ਬੁਕਿੰਗ ਵਾਲੇ ਡੱਬੇ ਵਿੱਚ ਚੜ੍ਹ ਗਏ। ਡੱਬੇ ਦੇ ਬਾਰ ਨੇੜਲੀ ਸੀਟ ਉੱਤੇ ਇੱਕ ਬਜ਼ੁਰਗ ਅਤੇ ਛੋਟੀ ਉਮਰ ਦੀ ਇਸਤਰੀ ਬੈਠੇ ਸਨ। ਉਨ੍ਹਾਂ ਨੇ ਸਾਨੂੰ ਕੋਲ ਬੈਠਣ ਲਈ ਥਾਂ ਦੇ ਦਿੱਤੀ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦਿਆਂ, ਬੈਠਦਿਆਂ ਹੀ ਗੱਲਾਂ ਬਾਤਾਂ ਕਰਨ ਲੱਗ ਪਏ ਤਾਂ ਪਤਾ ਲੱਗਿਆ ਕਿ ਉਹ ਬਜ਼ੁਰਗ ਅਤੇ ਇਸਤਰੀ ਪਿਉ ਧੀ ਸਨ। ਉਸ ਇਸਤਰੀ ਨੇ ਦੱਸਿਆ ਕਿ ਮੇਰੇ ਦੋ ਭਰਾ ਹਨ। ਦੋਹੇਂ ਵਿਆਹੇ ਹੋਏ ਹਨ। ਦੋਹੇਂ ਨੂੰਹਾਂ ਇਸ ਦੀ ਸੰਭਾਲ਼ ਨਹੀਂ ਕਰ ਰਹੀਆਂ, ਇਸ ਲਈ ਮੈਂ ਆਪਣੇ ਪਿਉ ਨੂੰ ਸੰਭਾਲਣ ਲਈ ਆਪਣੇ ਸਹੁਰੇ ਘਰ ਲੈ ਕੇ ਜਾ ਰਹੀ ਹਾਂ। ਹੋਰ ਵੀ ਬਹੁਤ ਗੱਲਾਂ ਹੋਈਆਂ। ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਉਸ ਇਸਤਰੀ ਪ੍ਰਤੀ ਮਨ ਵਿੱਚ ਕਾਫ਼ੀ ਹਮਦਰਦੀ ਅਤੇ ਸਤਿਕਾਰ ਵੱਧ ਗਿਆ। ਦੋ ਘੰਟੇ ਦਾ ਸਮਾਂ ਇੰਜ ਲੱਗੇ ਜਿਵੇਂ ਪੰਦਰਾਂ ਵੀਹ ਮਿੰਟ ਹੀ ਹੋਏ ਹੋਣ। ਆਪਣੇ ਆਪ ਨੂੰ ਇਉਂ ਮਹਿਸੂਸ ਹੋਵੇ ਕਿ ਅੱਜ ਤਾਂ ਆਪਣੀ ਯਾਤਰਾ ਸਫਲ ਹੋ ਗਈ ਹੈ। ਇੱਕ ਉੱਤਮ ਸੋਚ ਵਾਲੀ ਭੈਣ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਹੈ। ਮੈਂ ਉਸ ਦੀ ਅਜਿਹੀ ਸੇਵਾ ਭਾਵਨਾ ਵਾਲੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭੈਣ ਜੀ ! ਤਾਂ ਹੀ ਤਾਂ ਕਹਿੰਦੇ ਹਨ ਕਿ ਪੁੱਤ ਵੰਡਾਉਣ ਜਮੀਨਾਂ ਧੀਆਂ ਦਰਦ ਵੰਡਾਉਂਦੀਆਂ ਨੇ। ਅਸੀਂ ਉਸ ਭੈਣ ਨਾਲ ਹੋਏ ਸਾਥ ਅਤੇ ਉਸ ਦੀ ਸੇਵਾ ਸਤਿਕਾਰ ਵਾਲੀ ਸੋਚ ਤੋਂ ਖੁਸ਼ ਸੀ ਅਤੇ ਉਹ ਭੈਣ ਵੀ ਆਪਣੇ ਬਾਰੇ ਦੱਸ ਕੇ ਅਤੇ ਸਾਡੇ ਵੱਲੋਂ ਕੀਤੀ ਆਪਣੀ ਪ੍ਰਸੰਸਾ ਸੁਣ ਕੇ ਖੁਸ਼ ਸੀ, ਪਰ ਉਹ ਬਜ਼ੁਰਗ ਸਾਡੀਆਂ ਗੱਲਾਂ ਤਾਂ ਸੁਣਦਾ ਰਿਹਾ। ਦੋ ਘੰਟਿਆਂ ਦੇ ਸਫ਼ਰ ਦੌਰਾਨ ਬੋਲਿਆ ਕੁੱਝ ਵੀ ਨਹੀਂ ਸੀ। ਉਨ੍ਹਾਂ ਦਾ ਸਟੇਸ਼ਨ ਨੇੜੇ ਆਉਣ ਵਾਲ਼ਾ ਸੀ। ਉਹ ਭੈਣ ਉਠ ਕੇ ਬਾਥਰੂਮ ਵਿੱਚ ਚਲੀ ਗਈ। ਉਸ ਦੇ ਚਲੇ ਜਾਣ ’ਤੇ ਬਜ਼ੁਰਗ ਬੋਲਿਆ ਕਹਿੰਦਾ ਭਾਈ ! ਨਾ ਤਾਂ ਸਾਰੇ ਪੁੱਤ ਜਾਂ ਜਵਾਈ ਮਾੜੇ ਹੁੰਦੇ ਹਨ ਅਤੇ ਨਾ ਸਾਰੀਆਂ ਧੀਆਂ ਜਾਂ ਨੂੰਹਾਂ ਮਾੜੀਆਂ ਹੁੰਦੀਆਂ ਨੇ। ਅਸਲ ਵਿੱਚ ਇਹ ਦਰਦ ਵੰਡਾਉਣ ਵਾਲੀਆਂ ਧੀਆਂ ਹੀ ਦਰਦ ਦਿੰਦੀਆਂ ਹਨ। ਇਹ ਧੀਆਂ ਆਪਣੇ ਮਾਂ ਪਿਉ ਨੂੰ ਤਾਂ ਦਿਲੋਂ ਪਿਆਰ ਕਰਦੀਆਂ ਹਨ ਅਤੇ ਸੱਸ ਸਹੁਰੇ ਨੂੰ ਤਾਂ ਆਪਣੇ ਰਾਹ ਦਾ ਰੋੜਾ ਸਮਝ ਕੇ ਇੰਨੀ ਨਫ਼ਰਤ ਕਰਦੀਆਂ ਹਨ ਕਿ ਉਨ੍ਹਾਂ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੀਆਂ। ਪੁੱਤਾਂ ਵਿੱਚ ਜੁਰਅਤ ਨਹੀਂ ਰਹੀ ਕਿ ਉਹ ਆਪਣੇ ਮਾਂ ਪਿਉ ਦੀ ਸੰਭਾਲ਼ ਲਈ ਆਪਣੀਆਂ ਘਰਵਾਲੀਆਂ ਨੂੰ ਕਹਿ ਸਕਣ ਕਿ ਮੇਰੇ ਮਾਂ ਪਿਉ ਵੀ ਤੇਰੇ ਮਾਂ ਪਿਉ ਜਿੰਨੇ ਸਤਿਕਾਰ ਯੋਗ ਹਨ। ਖ਼ਬਰਦਾਰ ਜੇ ਮੇਰੇ ਮਾਂਂ ਪਿਉ ਦੀ ਸ਼ਾਨ ਦੇ ਖ਼ਿਲਾਫ਼ ਇੱਕ ਵੀ ਸ਼ਬਦ ਬੋਲਿਆ। ਜਿਹੜੀਆਂ ਆਹ ਧੀਆਂ ਆਪਣੇ ਮਾਂ ਪਿਉ ਨੂੰ ਸੰਭਾਲਣ ਦੀਆਂ ਗੱਲਾਂ ਕਰਦੀਆਂ ਹਨ। ਉਹ ਸਹੁਰੇ ਘਰ ਜਾ ਕੇ ਸੱਸ ਸਹੁਰੇ ਨੂੰ ਮਾਂ ਪਿਉ ਸਮਝ ਕੇ ਕਿਉਂ ਨਹੀਂ ਸੰਭਾਲਦੀਆਂ। ਨੂੰਹਾਂ ਵੀ ਤਾਂ ਧੀਆਂ ਹੀ ਹੁੰਦੀਆਂ ਨੇ। ਠੀਕ ਹੈ ਕਿ ਮੇਰੀਆਂ ਨੂੰਹਾਂ ਮੈਨੂੰ ਨਹੀਂ ਸੰਭਾਲਦੀਆਂ ਸਨ, ਪਰ ਆਹ ਜੋ ਮੇਰੀ ਧੀ ਮੈਨੂੰ ਸੰਭਾਲਣ ਲਈ ਲੈ ਕੇ ਜਾ ਰਹੀ ਹੈ। ਇਸ ਦੇ ਦੁੱਖੀ ਕੀਤੇ ਇਸ ਦੇ ਸੱਸ ਸਹੁਰਾ (ਮੇਰੇ ਕੁੜਮ ਤੇ ਕੁੜਮਣੀ) ਵੀ ਆਪਣੀ ਧੀ ਕੋਲ਼ ਬੈਠੇ ਹਨ। ਬੱਸ ਭਾਈ ਚੁੱਪ ਹੀ ਭਲੀ ਹੈ ਖਾਲਸਾ ਜੀ ! ਜਿਸ ਪਿੰਡ ਵਿੱਚ ਸਾਰੀ ਉਮਰ ਬਿਤਾਈ ਹੈ। ਉਸ ਪਿੰਡ ਨੂੰ ਛੱਡ ਕੇ ਬਿਗਾਨੇ ਪਿੰਡ ਧੀ (ਕੁੜਮਾਂ) ਦੇ ਘਰ ਇਹ ਆਖ਼ਰੀ ਬਚਿਆ ਸਮਾਂ ਲੰਘਾਉਣਾ ਮੈਨੂੰ ਤਾਂ ਨਰਕ ਤੋਂ ਵੀ ਮਾੜਾ ਲੱਗਦਾ ਹੈ। ਓਥੇ ਜਾ ਕੇ ਕੀ ਹੁਣ ਮੇਰੀ ਇੱਜ਼ਤ ਵਧੇਗੀ ? ਰੱਬ ਜੇ ਰੋਟੀ ਦੇਵੇ ਤਾਂ ਆਪਣੇ ਘਰ ਵਿੱਚ ਹੀ ਦੇਵੇ, ਨਹੀ ਤਾਂ ਮੌਤ ਦੇ ਦੇਵੇ। ਇੰਨਾ ਕਹਿ ਕੇ ਬਜ਼ੁਰਗ ਚੁੱਪ ਹੋ ਗਿਆ।
ਬਜ਼ੁਰਗ ਦੀਆਂ ਗੱਲਾਂ ਸੁਣ ਕੇ ਅਸੀਂ ਵੀ ਹੈਰਾਨ ਹੁੰਦਿਆਂ ਚੁੱਪ ਹੋ ਗਏ। ਦੋ ਘੰਟਿਆਂ ’ਚ ਕਥਾ ਕੀਰਤਨ ਵਰਗੀਆਂ ਲੱਗਦੀਆਂ ਭੇਣ ਦੀਆਂ ਗੱਲਾਂ ਦੀ ਬਜ਼ੁਰਗ ਨੇ ਦੋ ਮਿੰਟਾਂ ’ਚ ਅਸਲੀਅਤ ਸਾਹਮਣੇ ਲਿਆ ਕੇ ਧਰ ਦਿੱਤੀ। ਉਨ੍ਹਾਂ ਨੇ ਸਮਝਾਇਆ ਕਿ ਨੂੰਹਾਂ ਅਤੇ ਧੀਆਂ ਵਿੱਚ ਕੀ ਫ਼ਰਕ ਹੁੰਦਾ ਹੈ।
ਇੰਨੇ ਨੂੰ ਉਸ ਦੀ ਧੀ ਵੀ ਆ ਗਈ, ਪਰ ਹੁਣ ਉਸ ਨੂੰ ਵੇਖ ਕੇ ਅਸੀਂ ਚੁੱਪ ਸੀ। ਉਸ ਦੇ ਬਾਥਰੂਮ ਜਾਣ ਤੋਂ ਪਹਿਲਾਂ ਵਾਲ਼ਾ ਸਤਿਕਾਰ ਸਾਡੇ ਅੰਦਰੋਂ ਉੱਡ ਚੁੱਕਿਆ ਸੀ। ਸਰਵਣ ਪੁੱਤ ਵਰਗੀ ਲੱਗਦੀ ਧੀ ਵਿੱਚੋਂ ਹੁਣ ਬਜ਼ੁਰਗ ਵੱਲੋਂ ਵਿਖਾਈ ਨੂੰਹ ਦਿਸ ਰਹੀ ਸੀ।