ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ

0
262

ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ

ਹਰਪ੍ਰੀਤ ਸਿੰਘ ਸਰਹੰਦ, ਸ਼ਬਦ ਗੁਰੂ ਵੀਚਾਰ ਮੰਚ ਸੋਸਾਇਟੀ (ਰਜਿ) ਸਰਹੰਦ 88475-46903, 98147-02271 

ਮਰਦ ਅੰਗਮੜੇ ਦੇ ਸ਼ੇਰ ਦਿੱਲ ਪੁਤਰਾਂ ਨੇ (ਪੱਗ ਵਾਲੇ ਸਰਦਾਰਾਂ) ਨੇ ਜਬਰ ਦਾ ਟਾਕਰਾ ਸਬਰ ਨਾਲ ਕਰਦਿਆਂ ਹੋਇਆਂ ਦਿੱਲੀ ਨੂੰ ਫਤਿਹ ਕਰ ਲਿਆ ਹੈ। ਮੈ ਪੱਗ ਵਾਲੇ ਸਰਦਾਰ ਇਸ ਕਰ ਕੇ ਲਿਖਿਆ ਹੈ ਕਿਉਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸ ਅੰਦੋਲਨ ਵਿੱਚ ਭਾਵੇਂ ਕਿਸੇ ਵੀ ਧਰਮ ਦਾ ਬੰਦਾ ਹਿਸਾ ਲੈਦਾ, ਉਹ ਪੱਗ ਬੰਨ ਕੇ ਜ਼ਰੂਰ ਆਉਂਦਾ। ਕਈ ਹਿੰਦੂ ਵੀਰ ਅਤੇ ਸਿਰ-ਕੱਢ ਆਗੂ ਵੀ ਇਸ ਅੰਦੋਲਨ ਵਿੱਚ ਦਸਤਾਰ ਸਜਾ ਕੇ ਅੰਦੋਲਨ ਵਿੱਚ ਆਉਦੇ, ਇਸ ਅੰਦੋਲਨ ਵਿੱਚ ਉਹਨਾਂ ਨੇ ਵੀ ਆਪਣੇ ਸਿਰਾਂ ’ਤੇ ਦਸਤਾਰਾਂ ਸਜਾ ਲਈਆਂ ਸਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਦਸਤਾਰ ਨਹੀਂ ਸਜਾਈ ਸੀ। ਮੈਨੂੰ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਇਹ ਅੰਦੋਲਨ ’ਚ ਨਹੀਂ ਕਿਸੇ ਵਿਆਹ ’ਚ ਚੱਲੇ ਹੋਣ। ਭਾਵੇਂ ਉਹ 9 ਸਾਲ ਦਾ ਬੱਚਾ ਸੀ ਜਾਂ 90 ਸਾਲ ਦਾ ਬਜ਼ੁਰਗ, ਇਸ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਦੇ ਚਿਹਰੇ ’ਤੇ ਇੱਕ ਵੱਖਰਾ ਹੀ ਨੂਰ ਅਤੇ ਇੱਕ ਵੱਖਰਾ ਹੀ ਜੋਸ਼ ਝਲਕ ਰਿਹਾ ਸੀ। ਜਿਹੜੇ ਹੰਕਾਰੀ ਕਹਿੰਦੇ ਸੀ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ, ਉਹਨਾਂ ਖੁਦ ਪੱਗ ਵਾਲੇ ਸਰਦਾਰਾਂ ਕੋਲ਼ੋ ਮਾਫ਼ੀ ਮੰਗ ਕੇ ਤਿੰਨੇ ਕਾਲੇ ਕਾਨੂੰਨ ਲਿਖਤੀ ਰੂਪ ਵਿੱਚ ਵਾਪਸ ਵੀ ਲਏ ਅਤੇ ਕਿਸਾਨ ਜੱਥੇਬੰਦੀਆ ਤੋ ਮਾਫ਼ੀ ਵੀ ਮੰਗੀ। ਇਹ ਤਿੰਨੇ ਕਾਲ਼ੇ ਕਾਨੂੰਨ ਕਿਹੜੇ ਸਨ ਤੇ ਇਹਨਾਂ ਦਾ ਪੰਜਾਬ ਅਤੇ ਭਾਰਤ ਦੇ ਸਾਰੇ ਹੀ ਕਿਸਾਨਾਂ ’ਤੇ ਕੀ ਮਾੜਾ ਅਸਰ ਪੈਣਾ ਸੀ ਇਸ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ। ਅਸੀਂ ਇਸ ਲੇਖ ਵਿੱਚ ਸਿਰਫ਼ ਇਸ ਬਾਰੇ ਚਰਚਾ ਕਰਾਂਗੇ ਕਿ ਇਹ ਕਿਸਾਨੀ ਅੰਦੋਲਨ ਕਾਮਯਾਬ ਕਿਵੇਂ ਹੋਇਆ ਜਾਂ ਕਿਸਾਨੀ ਅੰਦੋਲਨ ਦੇ ਕਾਮਯਾਬੀ ਦੇ ਕਾਰਨ ਕੀ ਸਨ। ਇਸ ਸੰਘਰਸ਼ ਦੀ ਸ਼ੁਰੂਆਤ ਗੁਰੂ ਨਾਨਕ ਜੀ ਦੇ ਵਾਰਸਾਂ ਨੇ ਕੀਤੀ ਸੀ ਤੇ ਸਮੁੱਚਾ ਹੀ ਭਾਰਤ ਇਸ ਅੰਦੋਲਨ ਵਿੱਚ ਆ ਰਲ਼ਿਆ। ਹੋਲ਼ੀ ਹੋਲ਼ੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਇਸ ਸੰਘਰਸ਼ ਵਿੱਚ ਆ ਰਲ਼ੀਆਂ।

ਪਹਿਰੇਦਾਰ ਕੁੱਤੀ (ਭਾਰਤੀ ਸਰਕਾਰ) ਚੋਰ (ਕਾਰਪੋਰੇਟਰ) ਨਾਲ ਰਲ਼ ਗਈ ਸੀ। ਦੇਸ਼ ਦੇ ਰਾਖੇ ਹੀ ਦੇਸ਼ ਦਾ ਬੇੜਾ ਗਰਕ ਕਰਨ ’ਤੇ ਲੱਗੇ ਹੋਏ ਸਨ, ਪਰ ਇਸ ਹੋ ਰਹੇ ਧੱਕੇ ਨੂੰ ਪੰਜਾਬ ਦੇ ਪੁੱਤਰ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਉਹਨਾਂ ਦਿੱਲੀ ਵੱਲ ਸ਼ਾਤ ਮਈ ਤਰੀਕੇ ਨਾਲ ਚਾਲੇ ਪਾ ਦਿੱਤੇ। ਜਾਲਮ ਤੇ ਨਿਰਦਈ ਸਰਕਾਰ ਨੇ ਅਨੇਕਾਂ ਯਤਨ ਕੀਤੇ ਕਿ ਇਹਨਾਂ ਯੋਧਿਆ ਨੂੰ ਦਿੱਲੀ ਨਾ ਪਹੁੰਚਣ ਦਿੱਤਾ ਜਾਵੇ। ਰਸਤੇ ਵਿੱਚ ਟੋਏ ਪੁਟੇ ਗਏ। ਕਡਿਆਲੀਆਂ ਤਾਰਾਂ ਲਗਾਈਆ ਗਈਆਂ। ਪਾਣੀ ਦੀਆਂ ਬੋਛਾਰਾਂ ਕੀਤੀਆਂ ਗਈਆਂ। ਵੱਡੇ ਵੱਡੇ ਪੱਥਰ ਰਸਤਿਆਂ ਵਿੱਚ ਰੱਖੇ ਗਏ। ਵੱਡੇ ਵੱਡੇ ਬੇਰੀਗੇਟ ਲਗਾਏ ਗਏ। ਅਥਰੂ ਗੈਸ ਦੇ ਗੋਲੇ ਛੱਡੇ ਗਏ। ਪੁਲਿਸ ਵਾਲੇ ਨਰਦਈਆਂ ਤੋ ਬਜ਼ੁਰਗਾਂ ’ਤੇ ਡਾਂਗਾਂ ਨਾਲ ਹਮਲੇ ਕਰਵਾਏ ਗਏ, ਪਰ ਪੰਜਾਬ ਦੀ ਜਵਾਨੀ ਅਤੇ ਬਜ਼ੁਰਗੀ ਨੇ ਆਖ਼ਿਰ ਦਿੱਲੀ ਦੀ ਧੋਣ ਨੂੰ ਹੱਥ ਪਾ ਹੀ ਲਿਆ।

ਇਸ ਅੰਦੋਲਨ ਦੇ ਕਾਮਯਾਬ ਹੋਣ ਦੇ ਕਈ ਕਾਰਨ ਸਨ, ਪਰ ਜੋ ਮੁੱਖ ਕਾਰਨ ਸੀ ਉਹ ਸੀ ‘ਸਭ ਦਾ ਏਕਾ’। ਸਾਰੇ ਪੰਜਾਬ ਦਾ ਏਕਾ। ਸਾਰੇ ਕਿਰਤੀਆਂ ਦਾ ਸਿਰ ਜੋੜ ਕੇ ਬੈਠ ਜਾਣਾ। ਇਸ ਅੰਦੋਲਨ ਦੀ ਸਫਲਤਾ ਦਾ ਮੁੱਖ ਕਾਰਨ ਸੀ। ਇੱਕ ਗੱਲ ਮੈ ਹੋਰ ਪਾਠਕਾਂ ਨੂੰ ਦੱਸ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਇਸ ਪੂਰੇ ਲੇਖ ਵਿੱਚ ਮੈ ਕਿਸੇ ਵੀ ਜੱਥੇਬੰਦੀ ਜਾਂ ਕਿਸੇ ਵੀ ਵਿਅਕਤੀ ਦਾ ਨਾਂ ਲੈ ਕੇ ਵਡਿਆਈ ਨਹੀਂ ਕਰਾਂਗਾ। ਮੇਰੇ ਲਈ ਅਤੇ ਸਾਡੇ ਸਾਰਿਆ ਲਈ, ਉਹ ਸਾਰੇ ਹੀ ਸਤਿਕਾਰਯੋਗ ਹਨ ਜਿਨ੍ਹਾਂ ਨੇ ਇਸ ਮੋਰਚੇ ਨੂੰ ਫਤਿਹ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਅੰਦੋਲਨ ਵਿੱਚ ਸਾਡੇ ਸਾਰਿਆਂ ਦਾ ਨਿਸ਼ਾਨਾਂ ਇੱਕ ਸੀ ਭਾਵੇਂ ਕੋਈ ਪੰਜਾਬ ਤੋਂ ਆਇਆ ਸੀ, ਭਾਵੇਂ ਹਰਿਆਣੇ ਤੋ ਆਇਆ ਸੀ, ਭਾਵੇਂ ਯੂਪੀ, ਬਿਹਾਰ ਜਾਂ ਭਾਰਤ ਦੇ ਕਿਸੇ ਵੀ ਰਾਜ ਤੋਂ ਆਇਆ ਸੀ। ਸਭ ਦਾ ਇੱਕੋ ਨਿਸ਼ਾਨਾ ਅਤੇ ਇੱਕ ਹੀ ਰਸਤਾ ਸੀ ਕਿ ਜਾਲਮ ਸਰਕਾਰ ਦੀ ਆਕੜ ਭੰਨਣੀ ਹੀ ਭੰਨਣੀ ਹੈ। ‘ਨਿਸ਼ਚੇ ਕਰ ਆਪਣੀ ਜੀਤ ਕਰੌ’ ਨੂੰ ਮਨ ਵਿੱਚ ਪੂਰੀ ਤਰ੍ਹਾਂ ਵਸਾ ਕੇ ਇੱਕ ਸਾਲ ਪਹਿਲਾਂ ਇਹ ਸੰਘਰਸ਼ ਦਿੱਲੀ ਦੇ ਬਾਡਰਾਂ ’ਤੇ ਸ਼ਾਤਮਈ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਗਿਆ ਸੀ। ਸਰਕਾਰਾਂ ਸੋਚਦੀਆਂ ਸਨ, ਕੋਈ ਗੱਲ ਨੀ ਆਪੇ ਦੋ ਚਾਰ ਦਿਨਾਂ ਬਾਅਦ ਵਾਪਸ ਚਲੇ ਜਾਣਗੇ। ਇਹਨਾਂ ਦੇ ਕਹਿਣ ਨਾਲ ਅਸੀਂ ਕਿਹੜਾ ਆਪਣੇ ਕਾਨੂੰਨ ਵਾਪਸ ਲੈਣ ਲੱਗੇ ਹਾਂ, ਪਰ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਬਾਬਾ ਬਘੇਲ ਸਿੰਘ ਦੇ ਵਾਰਸ ਹਨ। ਉਹ ਨਹੀਂ ਜਾਣਦੇ ਸੀ ਕਿ ਇਹਨਾਂ ਦੀਆਂ ਰਗਾਂ ਵਿੱਚ ਹਰੀ ਸਿੰਘ ਨਲੂਏ ਦਾ ਖ਼ੂਨ ਦੋੜ ਰਿਹਾ ਹੈ। ਉਹ ਨਹੀਂ ਜਾਣਦੇ ਸਨ ਕਿ ਇਹ ਵੀ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਅੰਸ ਵਿੱਚੋ ਹਨ। ਜਦੋਂ ਸਾਰਿਆਂ ਦਾ ਇੱਕ ਹੀ ਨਿਸ਼ਾਨਾ, ਇੱਕ ਹੀ ਉਦੇਸ਼ ਤੇ ਇੱਕ ਹੀ ਮੰਜ਼ਲ ਹੋਵੇ ਫਿਰ ਸਰਕਾਰਾਂ ਨੂੰ ਤਾਂ ਝੁਕਣਾ ਪੈਣਾ ਹੀ ਸੀ। ਇਸ ਏਕੇ ਨੇ ਹੀ ਨਾਮੁਨਕਿਨ ਨੂੰ ਮੁਨਕਿਨ ਕਰ ਵਿੱਖਾ ਦਿੱਤਾ। ਗਿਆਰਾਂ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਸਰਕਾਰ ਨਾ ਮੰਨੀ, ਅੜੀ ਰਹੀ। ਜਿਉਂ ਜਿਉਂ ਸਮਾਂ ਬੀਤਦਾ ਗਿਆ ਇਹ ਖ਼ਬਰ ਸਾਰੀ ਦੁਨੀਆਂ, ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਗਈ ਕਿ ਭਾਰਤੀ ਸਰਕਾਰ ਆਪਣੇ ਅੰਨਦਾਤਿਆਂ ਨੂੰ ਹੀ ਮਾਰ ਮੁਕਾਉਣਾ ਚਾਹੁੰਦੀ ਹੈ। ਇਸ ਏਕੇ ਦੀ ਬਦੌਲਤ ਪੁਰੀ ਦੁਨੀਆ ਵਿੱਚ ਮੋਦੀ ਸਰਕਾਰ ਦੀ ਥੂ-ਥੂ ਹੋ ਰਹੀ ਸੀ। ਇਸ ਏਕੇ ਦੀ ਹੀ ਬਦੌਲਤ ਭਾਰਤ ਦੇ ਕਈ ਸੁਬਿਆਂ ’ਚ ਭਾਜਪਾ ਬੁਰੀ ਤਰ੍ਹਾਂ ਹਾਰ ਰਹੀ ਸੀ। ਇਸ ਏਕੇ ਦੀ ਹੀ ਬਦੌਲਤ ਕਈ ਥਾਂਵਾਂ ’ਤੇ ਭਾਜਪਾ ਦੇ ਵਰਕਰਾਂ ਦੀ, ਇਨ੍ਹਾਂ ਦੇ ਐਮ ਐਲ ਏ ਦੀ ਛਿੱਤਰ ਪਰੇਡ ਵੀ ਹੋ ਰਹੀ ਸੀ। ਕਹਿਣ ਤੋ ਭਾਵ ਇਸ ਏਕੇ ਵਿੱਚ ਏਨੀ ਵੱਡੀ ਤਾਕਤ ਸੀ ਕਿ ਇਸ ਨੇ ਮੋਰਚੇ ਦੀ ਸਫਲਤਾ ਦਾ ਰਾਹ ਪੱਧਰਾ ਕਰ ਦਿੱਤਾ।

ਦੁਸਰਾ ਕਾਰਨ ਸੀ ‘ਦ੍ਰਿੜ੍ਹ ਨਿਸ਼ਚਾ’। ਸਾਰੇ ਹੀ ਆਪਣੇ ਆਪਣੇ ਘਰਾਂ ਤੋ ਇਹ ਸੋਚ ਕੇ ਚੱਲੇ ਸਨ ਕਿ ਅਸੀਂ ਇਸ ਮੋਰਚੇ ਵਿੱਚੋ ਖ਼ਾਲੀ ਹੱਥ ਵਾਪਸ ਨਹੀਂ ਜਾਵਾਂਗੇ। ਸਾਰੇ ਹੀ ਇਹ ਠਾਣ ਕੇ ਆਏ ਸਨ ਕਿ ਅਸੀਂ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਸੀ ਕਰਾਂਗੇ ਇਸ ਦੇ ਬਦਲੇ ਭਾਵੇਂ ਉਹਨਾਂ ਨੂੰ ਜਾਨ ਹੀ ਕਿਉਂ ਨਾ ਦੇਣੀ ਪਵੇ ਤੇ ਹੋਇਆ ਵੀ ਇੰਝ ਹੀ। ਇਸ ਮੋਰਚੇ ਵਿੱਚ ਤਕਰੀਬਨ 700 ਮਾਈ, ਭਾਈ, ਬੱਚੇ ਤੇ ਨੌਜਵਾਨ ਸ਼ਹੀਦ ਹੋ ਗਏ। ਇਹ ਸਭ ਕੁੱਝ ਸਰਕਾਰ ਦੀ ਨਲਾਇਕੀ ਕਾਰਨ ਵਾਪਰਿਆ, ਪਰ ਧੰਨ ਹਨ ਉਹ ਮਾਵਾਂ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣੇ ਪੁੱਤ ਸ਼ਹੀਦ ਕਰਵਾ ਲਏ। ਕਈਆਂ ਨੇ ਆਪਣੇ ਪਤੀ ਇਸ ਸੰਘਰਸ਼ ਵਿੱਚ ਕੁਰਬਾਨ ਕਰ ਦਿੱਤੇ। ਕਿਸੇ ਦੀ ਮਾਂ, ਕਿਸੇ ਦਾ ਬਾਪ, ਕਿਸੇ ਦਾ ਵੀਰ, ਕਿਸੇ ਦੀ ਭੈਣ, ਕਿਸੇ ਦਾ ਪਤੀ, ਇਸ ਅੰਦੋਲਨ ਵਿੱਚ ਸ਼ਹੀਦੀ ਪਾ ਗਿਆ, ਪਰ ਯੋਧਿਆਂ ਨੇ ਦ੍ਰਿੜ੍ਹ ਨਿਸ਼ਚਾ ਨਹੀਂ ਛੱਡਿਆ। ਉਹ ਸੋਚ ਕੇ ਹੀ ਘਰੋ ਆਏ ਸਨ ਕਿ ਸਰਕਾਰ ਦੀ ਆਕੜ ਭੰਨਣੀ ਹੀ ਭੰਨਣੀ ਹੈ। ਸ਼ੁਰੂ ਸ਼ੁਰੂ ਵਿੱਚ ਤਾਂ ਸਰਕਾਰ ਨੇ ਬਥੇਰੀਆਂ ਚਾਲਾਂ ਚੱਲੀਆਂ ਕਿ ਇਹ ਅੰਦੋਲਨ ਅਸਫਲ ਹੋ ਜਾਵੇ, ਪਰ ਸਰਕਾਰ ਦੀਆਂ ਸਾਰੀਆਂ ਹੀ ਚਾਲਾਂ ਫੇਲ ਹੋ ਗਈਆ।

ਇਸ ਅੰਦੋਲਨ ਦੀ ਸਫਲਤਾ ਦਾ ਤੀਸਰਾ ਮੁੱਖ ਕਾਰਨ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਚਲਾਈ ਗਈ ਲੰਗਰ ਦੀ ਰੀਤ। ਪੂਰੀ ਦੁਨੀਆਂ ਨੂੰ ਰੋਟੀ ਖਵਾਉਣ ਵਾਲਾ ਇਸ ਅੰਦੋਲਨ ਵਿੱਚ ਭੁੱਖਾ ਰਹੇ, ਇਹ ਕਿਵੇਂ ਹੋ ਸਕਦਾ ਸੀ। ਦੇਸ਼ ਵਿਦੇਸ਼ ਦੀਆਂ ਸਾਰੀਆਂ ਹੀ ਸੰਗਤਾਂ ਨੇ ਇਸ ਅੰਦੋਲਨ ਵਿੱਚ ਰੱਜ ਕੇ ਆਰਥਿਕ ਸਹਾਇਤਾ ਕੀਤੀ। ਇਹ ਦਾਨ ਨਹੀਂ ਸੀ, ਮੈ ਇਸ ਨੂੰ ਦਾਨ ਨਹੀਂ ਮੰਨਦਾ ਕਿਉਕਿ ਸਿੱਖ ਕਦੇ ਵੀ ਕਿਸੇ ਨੂੰ ਦਾਨ ਨਹੀਂ ਦਿੰਦਾ। ਇਹ ਤਾਂ ਇੱਕ ਭਰਾ ਦੁਆਰਾ ਦੂਜੇ ਭਰਾ ਦੀ ਕੀਤੀ ਗਈ ਮਦਦ ਸੀ। ਇਸ ਸੰਘਰਸ਼ ਵਿੱਚ ਤਾਂ ਉਹਨਾਂ ਨੂੰ ਵੀ ਲੰਗਰ ਛਕਾਇਆ ਗਿਆ ਜਿਨ੍ਹਾਂ ਨੇ ਇਸ ਸੰਘਰਸ਼ੀ ਯੋਧਿਆਂ ਨੂੰ ਡਾਂਗਾਂ ਨਾਲ ਕੁਟਿਆ ਸੀ। ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬ ਦੇ ਪੁੱਤਰਾਂ ਨੇ ਵੀ ਆਪਣੇ ਭਰਾਵਾਂ, ਆਪਣੇ ਬਜ਼ੁਰਗਾਂ ਦੀ ਰੱਜ ਕੇ ਮਾਇਕ ਮਦਦ ਕੀਤੀ। ਸਰਕਾਰਾਂ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਰਿਹਾ ਹੈ। ਉਹ ਵਿਚਾਰੇ ਅੰਦਰੋਂ ਅੰਦਰੀ ਸੋਚ ਰਹੇ ਸਨ ਕਿ ਇਹਨਾਂ ਦੇ ਲੰਗਰਾਂ ਵਿੱਚ ਰਸਦ ਕਿੱਥੋ ਆਈ ਜਾ ਰਹੀ ਹੈ। ਕਿਸੇ ਪਾਸੇ ਤੋਂ ਕਾਜੂ, ਬਦਾਮ ਆ ਰਹੇ ਸਨ। ਕਿਸੇ ਪਾਸੇ ਤੋਂ ਲੱਸੀ, ਦੁੱਧ, ਘੀ ਆ ਰਿਹਾ ਸੀ। ਲੰਗਰ ਪਕਾਉਣ ਵਾਲੀਆਂ ਬੀਬੀਆਂ ਨੇ ਵੀ ਇਸ ਸੰਘਰਸ਼ ਵਿੱਚ ਡੱਟ ਕੇ ਸਾਥ ਦਿੱਤਾ ਤੇ ਪੂਰੀ ਮਿਹਨਤ ਅਤੇ ਲਗਨ ਨਾਲ ਪ੍ਰਸ਼ਾਦਾ ਪਕਾਇਆ ਅਤੇ ਖੁਆਇਆ। ਕਈ ਧਾਰਮਿਕ ਜੱਥੇਬੰਦੀਆਂ ਨੇ ਵੀ ਇਸ ਸੰਘਰਸ਼ ਵਿੱਚ ਲੰਗਰ ਆਦਿ ਦੀ ਸੇਵਾ ਤਨੋਂ ਮਨੋਂ ਨਿਭਾਈ ਹੈ। ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

ਇਸ ਅੰਦੋਲਨ ਦੀ ਸਫਲਤਾ ਦਾ ਚੋਥਾ ਕਾਰਨ ਸੀ ‘ਸਬਰ ਤੇ ਸੰਤੋਖ’। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹ ਅੰਦੋਲਨ ਇੱਕ ਸਾਲ ਤੋਂ ਵੀ ਉੱਪਰ ਸਮੇਂ ਲਈ ਚੱਲਿਆ। ਸਰਕਾਰਾਂ ਨੂੰ ਭੁਲੇਖਾ ਸੀ ਕਿ ਕਿਸਾਨ ਦਿੱਲੀ ਦੇ ਬਾਡਰ ’ਤੇ ਇੱਕ ਹਫਤਾ ਵੀ ਨਹੀਂ ਕੱਟ ਸਕਣਗੇ, ਪਰ ਇਹਨਾਂ ਸੰਘਰਸ਼ੀ ਯੋਧਿਆਂ ਨੇ ਮੀਹ ਹਨ੍ਹੇਰੀ, ਧੁੱਪ, ਛਾਂ, ਗ਼ਰਮੀ, ਸਰਦੀ ਦਾ ਮੁਕਾਬਲਾ ਬੜੇ ਹੀ ਸਬਰ ਤੇ ਸੰਤੋਖ ਨਾਲ ਕੀਤਾ। ਕਿਸਾਨ ਆਗੂਆਂ ਨੇ ਵੀ ਬੜੇ ਹੀ ਸਬਰ ਨਾਲ ਸਰਕਾਰ ਦੀ ਰਣਨੀਤੀ ਨੂੰ ਸਮਝਿਆ ਤੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ। ਹਰ ਗੱਲ ਨੂੰ ਬੜੀ ਹੀ ਬਰੀਕੀ ਨਾਲ ਸਮਝਿਆ ਗਿਆ ਅਤੇ ਹਰ ਨੁਕਤੇ ’ਤੇ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਕੋਈ ਫ਼ੈਸਲਾ ਲਿਆ ਜਾਂਦਾ ਸੀ। ਸਰਕਾਰ ਨਾਲ ਸ਼ੁਰੂ ਵਿੱਚ ਜਿੰਨੀਆਂ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਵਿੱਚ ਕੋਈ ਵੀ ਫ਼ੈਸਲਾਂ ਜਲਦਬਾਜ਼ੀ ਵਿੱਚ ਆ ਕੇ ਨਹੀਂ ਕੀਤਾ ਗਿਆ। ਸਾਰੇ ਹੀ ਸੰਘਰਸ਼ੀ ਯੋਧਿਆਂ ਨੇ ਜਲਦਬਾਜ਼ੀ ਵਿੱਚ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਜਾਂ ਕੋਈ ਵੀ ਅਜਿਹੀ ਹਰਕਤ ਨਹੀਂ ਕੀਤੀ, ਜਿਸ ਨਾਲ ਉਨ੍ਹਾਂ ਦਾ ਸਿਰ ਨੀਵਾਂ ਹੂੰਦਾ ਭਾਵੇਂ ਕਿ ਸਰਕਾਰ ਨੇ ਕਈ ਤਰ੍ਹਾਂ ਦੀਆਂ ਚਾਲਾਂ ਵੀ ਚੱਲੀਆਂ। ਆਪਣੇ ਸੁਹੀਏ ਵੀ ਇਸ ਸੰਘਰਸ਼ ਵਿੱਚ ਭੇਜੇ, ਪਰ ਉਹ ਵੀ ਕਿਸਾਨਾਂ ਦੇ ਸਬਰ ਤੇ ਸੰਤੋਖ ਨੂੰ ਡੁਲਾ ਨਾ ਸਕੇ। ਇਸ ਸੰਘਰਸ਼ ’ਤੇ ਪੁਰੀ ਦੁਨੀਆਂ, ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਦੀ ਨਜ਼ਰ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਵੀ ਜਿੰਨਾ ਕੁ ਕਿਸੇ ਕੋਲੋਂ ਸਰਿਆ, ਜਿਸ ਤਰ੍ਹਾਂ ਵੀ ਸਰਿਆ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਇਸ ਅੰਦੋਲਨ ਦੀ ਜਿੱਤ ਨੇ ਸਿੱਖਾਂ ਦੀ ਸ਼ਾਨ ਨੂੰ ਪੂਰੀ ਦੁਨੀਆ ਵਿੱਚ ਦੁਗਣਾ-ਚੋਗਣਾ ਕਰ ਦਿੱਤਾ। ਸਾਰੀ ਦੁਨੀਆ ਵਿੱਚ ਸਿੱਖ ਸਮਾਜ ਦੀ ਬਹੁਤ ਹੀ ਚੰਗੀ ਪਛਾਣ ਕਾਇਮ ਹੋ ਗਈ। ਇਸ ਸੰਘਰਸ਼ ਵਿੱਚ ਕਿਰਤੀਆਂ ਦੀ ਇੱਜ਼ਤ ਵੀ ਦਾਅ ’ਤੇ ਲੱਗੀ ਹੋਈ ਸੀ। ਜਿਸ ਨੂੰ ਕਿਰਤੀਆਂ ਨੇ ਆਪਣੇ ਦ੍ਰਿੜ੍ਹ ਵਿਸ਼ਵਾਸ ਅਤੇ ਹੋਂਸਲੇ ਨਾਲ ਬਚਾ ਲਿਆ। ਇਸ ਸੰਘਰਸ਼ ਦੀ ਜਿੱਤ ਨੇ ਪੰਜਾਬ ਦੀ ਪੱਗ ਦੀ ਸ਼ਾਨ ਨੂੰ ਦੋਗਣਾ ਕਰ ਦਿੱਤਾ।

ਇਸ ਅੰਦੋਲਨ ਦੀ ਜਿੱਤ ਦਾ ਪੰਜਵਾਂ ਕਾਰਨ ਸੀ ਚੰਗੇ ਬੁਲਾਰੇ, ਚੰਗੇ ਪੱਤਰਕਾਰ ਤੇ ਸੋਸ਼ਲ ਮੀਡੀਆ। ਕਿਸੇ ਲਿਖਣ ਵਾਲੇ ਨੇ ਕਿਆ ਖੂਬ ਲਿਖਿਆ ਹੈ ਕਿ ‘ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲੇ ਆਂ, ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ’ ਦਿੱਲੀ ਦੇ ਬਾਡਰਾਂ ’ਤੇ ਕਿਸਾਨਾਂ ਦੁਆਰਾ ਸੰਘਰਸ਼ ਸ਼ੁਰੂ ਹੁੰਦੇ ਸਾਰ ਹੀ ਸਟੇਜ ਲਗਾ ਦਿੱਤੀ ਗਈ ਸੀ। ਜਿੱਥੇ ਕਿਸੇ ਵੀ ਪਾਰਟੀ ਦੇ ਲੀਡਰ ਦਾ ਆਉਣਾ ਮਨ੍ਹਾ ਸੀ ਜਦਕਿ ਬਾਕੀ ਹਰ ਬੁਲਾਰਾ ਆਪਣੇ ਵਿਚਾਰ ਉੱਥੇ ਖੁੱਲ੍ਹ ਕੇ ਰੱਖ ਸਕਦਾ ਸੀ। ਸੰਘਰਸ਼ਸ਼ੀਲ ਯੋਧਿਆਂ ਦੇ ਵਿੱਚ ਹੀ ਕਈ ਬਾ-ਕਮਾਲ ਦੇ ਬੁਲਾਰੇ ਸਨ, ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣੇ ਬਹੁਮੁੱਲੇ ਵਿਚਾਰਾਂ ਰਾਹੀਂ ਜਾਨ ਪਾ ਰੱਖੀ। ਉਹਨਾਂ ਦਾ ਭਾਸ਼ਣ ਹਰ ਮਾਈ-ਭਾਈ ਵਿੱਚ ਜੋਸ਼ ਭਰ ਰਿਹਾ ਸੀ ਤੇ ਉਹਨਾਂ ਦੇ ਹੋਂਸਲੇ ਨੂੰ ਹੋਰ ਵੀ ਬੁਲੰਦ ਕਰ ਰਿਹਾ ਸੀ। ਕੋਈ ਕਵਿਤਾ ਗਾ ਰਿਹਾ ਸੀ ਤੇ ਕੋਈ ਆਪਣੇ ਗੀਤਾਂ ਰਾਹੀਂ ਇਸ ਅੰਦੋਲਨ ਵਿੱਚ ਜਾਨ ਭਰ ਰਿਹਾ ਸੀ। ਕਈ ਗੀਤਕਾਰਾਂ ਨੇ ਬਹੁਤ ਹੀ ਵਧੀਆਂ ਗੀਤ ਗਾ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਵੀਰ, ਭੈਣ, ਬੱਚਿਆਂ ਤੇ ਬਜ਼ੁਰਗਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਚੰਗੇ ਬੁਲਾਰਿਆ ਨੇ ਆਪਣੇ ਬਹੁਮੁੱਲੇ ਵਿਚਾਰਾਂ ਰਾਹੀਂ ਅੰਦੋਲਨ ਨੂੰ ਚੰਗੀ ਸੇਧ ਦਿੱਤੀ। ਚੰਗੇ ਪੱਤਰਕਾਰਾਂ ਨੇ ਆਪਣੀ ਚੰਗੀ ਸੋਚ ਰਾਹੀਂ ਪੂਰੇ ਵਿਸ਼ਵ ਨੂੰ ਇਸ ਸੰਘਰਸ਼ ਬਾਰੇ ਜਾਣੂ ਕਰਵਾਇਆ। ਇਹਨਾਂ ਪੱਤਰਕਾਰਾਂ ਨੇ ਮੋਦੀ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਮਾਰੂ ਨੀਤੀਆਂ ਨੂੰ ਜੱਗ ਜਾਹਰ ਕਰ ਦਿੱਤਾ। ਉਹਨਾਂ ਨੇ ਇਸ ਸੰਘਰਸ਼ ਦੀ ਸਹੀ ਤਸਵੀਰ ਪੂਰੀ ਦੁਨੀਆ ਸਾਹਮਣੇ ਲਿਆਂਦੀ ਤੇ ਵਿਕਾਉ ਸਰਕਾਰੀ ਪੱਤਰਕਾਰਾਂ ਦਾ ਵੀ ਪਰਦਾ ਫਾਸ਼ ਕੀਤਾ। ਇਸ ਸੰਘਰਸ਼ ਵਿੱਚ ਕਿਸੇ ਨੇ ਵੀ ਆਪਣੇ ਜਾਨੀ-ਮਾਲੀ ਨੁਕਸਾਨ ਦੀ ਪਰਵਾਹ ਨਾ ਕੀਤੀ। ਇਸੇ ਕਾਰਨ ਸਾਰੇ ਹੀ ਕਿਰਤੀਆਂ ਨੂੰ ਵੱਡੀ ਜਿੱਤ ਹਾਸਲ ਹੋਈ। ਕਿਸਾਨ ਜੱਥੇਬੰਦੀਆਂ ਦੇ ਆਗੁਆਂ ਨੇ ਵੀ ਇਸ ਜਿੱਤ ਵਿੱਚ ਪੁਰਾ ਯੋਗਦਾਨ ਪਾਇਆ। ਉਹਨਾਂ ਬਹੁਤ ਜੀ ਵਧੀਆ ਰਣਨੀਤੀ ਵਰਤਦੇ ਹੋਏ ਮੋਦੀ ਸਰਕਾਰ ਦਾ ਮੂੰਹ ਭੰਨ ਦਿੱਤਾ। ਇੱਕ ਚੰਗੇ ਆਗੂ ਦੀ ਤਰ੍ਹਾਂ ਉਨ੍ਹਾਂ ਆਪਣੇ ਆਪਣੇ ਜੱਥੇ ਦੀ ਬੜੀ ਦੁਰਦ੍ਰਿਸ਼ਟਤਾ ਨਾਲ ਅਗਵਾਈ ਕੀਤੀ ਤੇ ੳਨ੍ਹਾਂ ਨੂੰ ਇੱਕ ਹੀ ਨਿਸ਼ਾਨ ਸਾਹਿਬ ਹੇਠ ਇਕੱਠੇ ਕੀਤਾ। ਸੋ ਇਹਨਾਂ ਕਾਰਨਾ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ, ਜਿਨ੍ਹਾਂ ਕਰਕੇ ਅਸੀਂ ਇਹ ਵੱਡੀ ਜਿੱਤ ਹਾਸਲ ਕਰਨ ’ਚ ਕਾਮਯਾਬ ਹੋਏ; ਜਿਵੇ ਕਿ ਸਥਾਨਕ ਲੋਕਾਂ ਦਾ ਸਾਥ ਆਦਿ।

ਹੁਣ ਸਾਨੂੰ ਅੱਗੇ ਕੀ ਕਰਨਾਂ ਚਾਹੀਦਾ ਹੈ। ਇਹ ਕਿਸਾਨੀ ਅੰਦੋਲਨ ਸਾਨੂੰ ਬਹੁਤ ਕੁੱਝ ਸਿੱਖਾ ਕੇ ਗਿਆ ਹੈ। ਖ਼ਾਸਕਰ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪਣਾ ਆਉਣ ਵਾਲਾ ਸਮਾਂ ਕਿਵੇਂ ਬਤੀਤ ਕਰਨਾ ਹੈ। ਸਾਨੂੰ ਇਸ ਅੰਦੋਲਨ ਨੂੰ ਜਿੱਤ ਕੇ ਇੱਥੇ ਹੀ ਸਮਾਪਤ ਨਹੀਂ ਕਰਨਾ ਚਾਹੀਦਾ। ਇਸ ਅੰਦੋਲਨ ਦੀ ਜਿੱਤ ਨੂੰ ਸਾਨੂੰ ਆਪਣੇ ਮਨਾਂ ਵਿੱਚ ਵਸਾ ਕੇ ਅੱਗੇ ਦੀ ਰਣਨੀਤੀ ਘੜ੍ਹ ਲੈਣੀ ਚਾਹੀਦੀ ਹੈ। ਜਿਸ ਜਗ੍ਹਾ ’ਤੇ, ਜਿਸ ਕਿਸੇ ਇਲਾਕੇ ਵਿੱਚ, ਕੋਈ ਕਿਸੇ ਨਾਲ ਧੱਕਾ ਕਰ ਰਿਹਾ ਹੈ; ਸਾਨੂੰ ਸਾਰਿਆਂ ਨੂੰ ਤੁਰੰਤ ਇਕੱਠੇ ਹੋ ਕੇ ਉਸ ਵਿਅਕਤੀ ਜਾਂ ਸੰਗਠਨ ਨੂੰ ਇਨਸਾਫ਼ ਦਵਾਉਣਾ ਚਾਹੀਦਾ ਹੈ। ਝੂਠੇ ਲੀਡਰਾਂ ਨੂੰ ਆਪਣੇ ਪਿੰਡ ਵਿੱਚ ਵੜਨ ਵੀ ਨਹੀਂ ਦੇਣਾ ਚਾਹੀਦਾ। ਆਪਣੀ ਸਿਆਣਪ ਦਾ ਸਬਤ ਦਿੰਦੇ ਹੋਏ ਇਸ ਸੰਘਰਸ਼ ਨੂੰ ਕਿਸੇ ਚੰਗੇ ਲਿਖਾਰੀ ਪਾਸੋ ਕਲਮਬੰਦ ਕਰਵਾ ਕੇ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਲੈਣਾ ਚਾਹੀਦਾ ਹੈ ਜਾਂ ਇਸ ਸੰਘਰਸ਼ ਦੀ ਇੱਕ ਕਿਤਾਬ ਤਿਆਰ ਕਰਵਾ ਕੇ ਵੱਖ ਵੱਖ ਭਾਸ਼ਾਵਾਂ ਵਿੱਚ ਵੰਡਣੀ ਚਾਹੀਦੀ ਹੈ। ਇਸ ਸੰਘਰਸ਼ ਵਿੱਚ ਜਿਹੜੇ ਵੀ ਵੀਰ, ਭੈਣਾਂ ਨੇ ਸ਼ਹਾਦਤ ਦਿੱਤੀ ਹੈ, ਉਹਨਾਂ ਦੇ ਪਰਿਵਾਰ ਨਾਲ ਰਾਬਤਾ ਬਣਾ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ। ਮਹਿੰਗਾਈ ਅਜੇ ਵੀ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੈ। ਪੈਟਰੋਲ, ਡੀਜਲ ਦੇ ਰੇਟ ਵੀ ਸਰਕਾਰਾਂ ਨੇ ਆਉਣ ਵਾਲੀਆਂ ਵੋਟਾਂ ਨੂੰ ਵੇਖਦੇ ਹੋਏ ਹੀ ਥੋੜ੍ਹੇ ਜਿਹੇ ਘਟਾਏ ਹਨ। ਵੋਟ ਪਾਉਣ ਤੋ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਕਿਸ ਨੂੰ ਵੋਟ ਪਾ ਰਹੇ ਹਾਂ। ਅਸੀਂ ਆਪਣੇ ਲੀਡਰਾਂ ਦੀ ਨਲਾਇਕੀ ਨੂੰ ਵੀ ਚੰਗੀ ਤਰ੍ਹਾਂ ਵੇਖ ਹੀ ਲਿਆ ਹੈ। ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਣ ਸਾਡਾ ਦੋਸਤ ਹੈ ਤੇ ਕੌਣ ਦੁਸ਼ਮਣ। ਹਲੇ ਤਾਂ ਬਹੁਤ ਸਾਰੇ ਮਸਲੇ ਸਾਡੇ ਸਾਹਮਣੇ ਹੱਲ ਕਰਨ ਵਾਲੇ ਪਏ ਹਨ। ਸਾਡੀ ਨੌਜਵਾਨ ਪੀੜੀ ਸਾਡੇ ਦੇਸ਼ ਦਾ ਭਵਿੱਖ ਲਗਾਤਾਰ ਪੰਜਾਬ ਨੂੰ ਛੱਡ ਕਿ ਬਾਹਰਲੇ ਮੁਲਖਾਂ ਵਿੱਚ ਵਸ ਰਹੀ ਹੈ। ਬੇਰੋਜ਼ਗਾਰੀ ਕਾਰਨ ਅਨੇਕਾਂ ਹੀ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਚੰਗੇ ਚੰਗੇ ਖਿਡਾਰੀ ਵੀ ਸਰਕਾਰ ਦੀ ਬੇਰੁਖੀ ਕਾਰਨ ਮਾਨਸਿਕ ਤੋਰ ’ਤੇ ਪਰੇਸ਼ਾਨ ਹੋ ਕੇ ਮੌਤ ਦੇ ਰਾਹ ਪਏ ਹੋਏ ਹਨ। ਸਾਨੂੰ ਅਜਿਹੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ, ਜਿਸ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੋਵੇ। ਲਿਖਣ ਨੂੰ ਤਾਂ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ। ਹੁਣ ਤਾਂ ਲਿਖਣ ਲਈ ਕਲਮ ਤੇ ਕਾਗਜ਼ ਦੀ ਵੀ ਲੋੜ ਨਹੀਂ ਪੈਦੀ। ਬੱਸ ਆਪਣਾ ਲੈਪਟੋਪ ਚੱਕੋ ਤੇ ਆਪਣੇ ਅੰਦਰੂਨੀ ਭਾਵਾਂ ਨੂੰ ਲੈਪਟੋਪ ਦੇ ਬਟਣਾ ਰਾਹੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਲਵੋ। ਸੋ ਮੇਰੇ ਵੀਰੋ ਭੈਣੋ! ਅੰਤ ਵਿੱਚ ਮੈ ਫਿਰ ਤੋ ਸਾਰਿਆਂ ਨੂੰ ਇਸ ਕਿਸਾਨੀ ਅੰਦੋਲਨ ਦੀ ਜਿੱਤ ਦੀ ਵਧਾਈ ਦਿੰਦਾ ਹੋਇਆ ਇਹੀ ਆਖਾਂਗਾ ਕਿ ਇਸ ਜਿੱਤ ਦੀ ਮਸ਼ਾਲ ਨੂੰ ਹਮੇਸ਼ਾ-ਹਮੇਸ਼ਾ ਲਈ ਆਪਣੇ ਮਨਾਂ ਵਿੱਚ ਜਗਾ ਕੇ ਰੱਖੋ ਤੇ ਆਉਣ ਵਾਲੇ ਸਮੇਂ ਵਿੱਚ ਹਰ ਬੁਰਿਆਈ ਦਾ ਟਾਕਰਾ ਇਕਜੁਟ ਹੋ ਕੇ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।