ਸ਼ਹੀਦ ਭਾਈ ਮਨੀ ਸਿੰਘ ਜੀ

0
1903

ਗੁਰੂ ਘਰ ਨੂੰ ਸਮਰਪਿਤ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੇ ਵੰਸ਼ਜ

ਗਿਆਨੀ ਅਵਤਾਰ ਸਿੰਘ

ਨੋਟ : ਇਸ ਲੇਖ ’ਚ ਸੰਨ ਦੇ ਨਾਲ਼-ਨਾਲ਼ ਸੰਮਤ ਦਾ ਵੀ ਜ਼ਿਕਰ ਹੈ ਕਿਉਂਕਿ ਭੱਟ ਵਹੀਆਂ ’ਚ ਸੰਮਤ ਦਰਜ ਹੈ, ਜੋ ਸੰਨ ਤੋਂ 57 ਸਾਲ ਅੱਗੇ ਹੁੰਦਾ ਹੈ। ਕਈ ਜਗ੍ਹਾ ਸੰਮਤ ਵੀ ਦੋ ਲਿਖੇ ਹਨ ਕਿਉਂਕਿ ਚੰਦ੍ਰਮਾ ਆਧਾਰਿਤ ਸੰਮਤ ਅਤੇ ਸੂਰਜ ਆਧਾਰਿਤ ਸੰਮਤ ਦੋ ਹੁੰਦੇ ਹਨ।

ਗੁਰੂ ਕਾਲ ਦੇ ਇਤਿਹਾਸ ਨੂੰ ਵਾਚਿਆਂ ਜਾਪਦਾ ਹੈ ਕਿ ਬਹੁਤ ਥੋੜ੍ਹੇ ਗੁਰੂ ਪਿਆਰੇ ਹੋਏ ਹਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਅੰਗ ਸੰਗ ਰਹਿ ਕੇ ਲੰਬੀ ਉਮਰ ਤੱਕ ਗੁਰੂ ਘਰ ਸੇਵਾ ਨਿਭਾਈ ਹੈ। ਉਨ੍ਹਾਂ ਵਿੱਚੋਂ ਪ੍ਰਮੁੱਖ ਨਾਂ ਹਨ ‘ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ’। ਇਹ ਮਹਾਨ ਸ਼ਖ਼ਸੀਅਤਾਂ ਗੁਰੂ ਘਰ ’ਚ ਵਾਪਰਦੀ ਹਰ ਗਤੀਵਿਧੀ ਨਾਲ਼ ਜੁੜੀਆਂ ਰਹੀਆਂ ਹਨ।

ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ/6 ਅਕਤੂਬਰ ਜੂਲੀਅਨ 1506 (ਹੁਣ ਨਾਨਕਸ਼ਾਹੀ ਕੈਲੰਡਰ ਮੁਤਾਬਕ 21 ਅਕਤੂਬਰ 1506 ਕਿਉਂਕਿ ਜੂਲੀਅਨ ਕੈਲੰਡਰ ਤੋਂ ਈਸਵੀ ਕੈਲੰਡਰ ਹੁਣ ਤੱਕ 15 ਦਿਨ ਵਧ ਚੁਕਿਐ) ਨੂੰ ਹੋਇਆ। ਆਪ ਗੁਰੂ ਨਾਨਕ ਜੀ ਤੋਂ 37 ਸਾਲ ਛੋਟੇ ਸਨ ਅਤੇ 12 ਕੁ ਸਾਲ ਦੀ ਉਮਰ (ਸੰਨ 1518) ’ਚ ਗੁਰੂ ਨਾਨਕ ਜੀ ਨਾਲ ਆਪ ਦਾ ਮਿਲਾਪ ਹੋਇਆ, ਜੋ ਅੰਤਮ ਸਮੇਂ 13 ਨਵੰਬਰ ਜੂਲੀਅਨ 1631 (ਸਤਵੇਂ ਜਾਮੇ) ਤੱਕ ਯਾਨਿ 113 ਸਾਲ ਤੱਕ ਨਿਰੰਤਰ ਜਾਰੀ ਰਿਹਾ।

ਭਾਈ ਗੁਰਦਾਸ ਜੀ ਦਾ ਜਨਮ ਸੰਨ 1551 ’ਚ ਹੋਇਆ। ਛੋਟੀ ਉਮਰ ’ਚ ਹੀ ਮਾਤਾ-ਪਿਤਾ ਦਾ ਦੇਹਾਂਤ ਹੋਣ ਕਾਰਨ ਆਪ ਜੀ ਦਾ ਪਾਲਣ ਪੋਸ਼ਣ ਗੁਰੂ ਅਮਰਦਾਸ ਜੀ ਦੀ ਦੇਖ ਰੇਖ ’ਚ ਹੋਇਆ। ਰਿਸ਼ਤੇਦਾਰੀ ਵਜੋਂ ਆਪ; ਗੁਰੂ ਅਮਰਦਾਸ ਜੀ ਦੇ ਭਤੀਜੇ ਸਨ।  3 ਵੈਸਾਖ/29 ਮਾਰਚ ਜੂਲੀਅਨ ਸੰਨ 1552 ’ਚ ਗੁਰੂ ਅਮਰਦਾਸ ਜੀ ਗੁਰੂ ਨਾਨਕ ਜੋਤਿ ਦੇ ਤੀਸਰੇ ਵਾਰਸ ਬਣ ਗਏ ਯਾਨਿ ਭਾਈ ਗੁਰਦਾਸ ਜੀ ਬਚਪਨ ਤੋਂ ਹੀ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੇ ਤੇ ਅੰਤਮ ਸਮੇਂ 25 ਅਗਸਤ 1636 (ਸਤਵੇਂ ਜਾਮੇ) ਤੱਕ ਯਾਨਿ 85 ਸਾਲ ਗੁਰੂ ਘਰ ਨਾਲ ਜੁੜੇ ਰਹੇ।

ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਨੂੰ ਮੁਜ਼ੱਫਰਗੜ੍ਹ (ਪਾਕਿਸਤਾਨ) ’ਚ ਪਿਤਾ ਮਾਈ ਦਾਸ ਜੀ ਅਤੇ ਮਾਤਾ ਮਧਰੀ ਬਾਈ ਜੀ ਦੀ ਕੁੱਖੋਂ ਹੋਇਆ। ਇਸੇ ਸਾਲ ਗੁਰੂ ਹਰਿਰਾਇ ਸਾਹਿਬ ਜੀ 1 ਚੇਤ/27 ਫ਼ਰਵਰੀ ਜੂਲੀਅਨ 1644 ਨੂੰ ਗੁਰੂ ਨਾਨਕ ਜੋਤਿ ਦੇ ਸੱਤਵੇਂ ਵਾਰਸ ਬਣੇ। ਆਪ 13 ਕੁ ਸਾਲ ਦੀ ਉਮਰ ’ਚ ਪਹਿਲੀ ਵਾਰ ਸੰਨ 1657 ’ਚ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਗਏ ਅਤੇ ਸੰਨ 1708 ਤੱਕ (51 ਸਾਲ) ਚਾਰ ਗੁਰੂ ਸਾਹਿਬਾਨ ਦੀ ਗੋਦ ਦਾ ਨਿਘ ਮਾਣਿਆ ਤੇ ਅੰਤਮ ਸਮੇਂ 25 ਹਾੜ/24 ਜੂਨ ਜੂਲੀਅਨ 1734 ਯਾਨਿ 77 ਸਾਲ ਤੱਕ ਸਿੱਖ ਕੌਮ ਦੇ ਸਿਰਮੌਰ ਕਾਰਜਾਂ ’ਚ ਭਾਗੀਦਾਰ ਬਣੇ।

ਉਕਤ ਤਿੰਨੇ ਮਹਾਨ ਸ਼ਖ਼ਸੀਅਤਾਂ ਨੂੰ ਦਰਬਾਰ ਸਾਹਿਬ (ਅੰਮ੍ਰਿਤਸਰ) ਅਤੇ ਅਕਾਲ ਤਖ਼ਤ ਸਾਹਿਬ ਵਿਖੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਮੁੱਖ ਗ੍ਰੰਥੀ ਸਾਹਿਬਾਨ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵਜੋਂ ਸੇਵਾ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੈ। ਇਨ੍ਹਾਂ ਤਿੰਨੇ ਰੂਹਾਂ ਨੇ ਗੁਰੂ ਕਾਲ ’ਚ 1518 ਤੋਂ 1708 ਤੱਕ (190 ਸਾਲ) ਅਤੇ 1708 ਤੋਂ ਬਾਅਦ 26 ਸਾਲ ਯਾਨਿ ਕੁੱਲ 216 ਸਾਲ ਆਦਰਸ਼ ਉਮਰ ਬਤੀਤ ਕੀਤੀ।

ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੇ ਵੰਸ਼ਜ ਦਾ ਗੁਰੂ ਘਰ ’ਚ ਰੋਲ ਬੜਾ ਪ੍ਰੇਰਨਾ ਦਾਇਕ ਹੈ, ਜਿਸ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ :

(1). ਗੁਰੂ ਅਰਜਨ ਸਾਹਿਬ ਜੀ ਦੁਆਰਾ ਸੰਨ 1597 ’ਚ ਪਿੰਡ ਰੁਹੀਲਾ (ਜੋ ਹੁਣ ਹਰਿਗੋਬਿੰਦਪੁਰ ਹੈ) ਨਗਰ ਵਸਾਇਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੰਨ 1613 ’ਚ ਗਵਾਲੀਅਰ ਵਿਖੇ ਬੰਦੀ ਬਣਾਏ ਜਾਣ ਉਪਰੰਤ ਇਸ ਨਗਰ ’ਤੇ ਕਬਜ਼ਾ ਭਗਵਾਨ ਦਾਸ ਘੇਰੜ, ਉਸ ਦੇ ਪੁੱਤਰ ਰਤਨ ਚੰਦ ਤੇ ਚੰਦੂ ਦੇ ਪੁੱਤਰ ਕਰਮ ਚੰਦ ਨੇ ਕਰ ਲਿਆ। ਰਿਹਾਅ ਹੋਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਨਗਰ ਨੂੰ ਵਾਪਸ ਛੁਡਵਾਉਣ ਲਈ 27 ਸਤੰਬਰ ਤੋਂ 3 ਅਕਤੂਬਰ ਜੂਲੀਅਨ 1621 (3 ਕੱਤਕ/ਸੰਮਤ 1678) ਤੱਕ ਇੱਕ ਹਫ਼ਤਾ ਲੜਾਈ ਲੜੀ। ਇਨ੍ਹਾਂ ਤਿੰਨੇ ਦੋਖੀਆਂ ਨੂੰ ਮਾਰ ਕੇ ਮੀਰੀ ਪੀਰੀ ਦੇ ਮਾਲਕ ਨੇ ਪਹਿਲੀ ਜਿੱਤ ਹਾਸਲ ਕੀਤੀ। ਇਸ ਯੁੱਧ ’ਚ ਭੱਟ ਮਥਰਾ ਜੀ, ਭਾਈ ਪਰਾਗਾ ਜੀ (ਭਾਈ ਮਤੀ ਦਾਸ ਤੇ ਸਤੀ ਦਾਸ ਜੀ ਦੇ ਪੜਦਾਦਾ) ਅਤੇ ਭਾਈ ਮਨੀ ਸਿੰਘ ਦੇ ਦਾਦਾ ਜੀ ਦੇ ਭਰਾ ਭਾਈ ਨਾਨੂ ਜੀ, ਇਸ ਵੰਸ਼ ’ਚੋਂ ਪਹਿਲੇ ਸ਼ਹੀਦ ਹੋਏ। ਇਸ ਘਟਨਾ ਦਾ ਜ਼ਿਕਰ ਹੇਠਲੀ ਭੱਟ ਵਹੀ ’ਚ ਦਰਜ ਹੈ :

‘‘ਨਾਨੂ ਬੇਟਾ ਮੂਲੇ ਕਾ, ਪੋਤਾ ਰਾਉ ਕਾ, ਪੜਪੋਤਾ ਚਾਹੜ ਕਾ, ਬੰਸ ਬੀਝੇ ਕਾ, ਬੰਝਰਾਉਂਤ, ਸਾਲ ਸੋਲਾਂ ਸੈ ਅਠੱਤ੍ਰਾ, ਕੱਤਕ ਪ੍ਰਵਿਸ਼ਟੇ ਤੀਜ ਕੇ ਦਿਹੁੰ, ਗਾਮ ਰੁਹੀਲਾ ਪਰਗਣਾ ਬਟਾਲਾ ਕੇ ਮਲ੍ਹਾਨ, ਗੁਰੂ ਕਾ ਬਚਨ ਪਾਇ ਰਤਨਾ ਬੇਟਾ ਭਗਵਾਨੇ ਕਾ, ਕਰਮਾ ਬੇਟਾ ਚੰਦੂ ਕਾ, ਬਾਸੀ ਕਲਾਨੌਰ ਕੋ ਮਾਰ ਕੇ ਮਰਾ ਗੈਲੋਂ ਮਥਰਾ, ਬੇਟਾ ਭਿਖੇ ਕਾ, ਪੋਤਾ ਰਈਏ ਕਾ, ਪੜਪੋਤਾ ਨਰਸੀ ਕਾ, ਬੰਸ ਭਗੀਰਥ ਕਾ, ਕੌਸ਼ਿਸ਼ ਗੋਤ੍ਰ ਗੌੜ ਬ੍ਰਾਹਮਣ, ਪਰਾਗਾ ਬੇਟਾ ਗੋਤਮ ਕਾ, ਭਾਰਗਵ ਗੋਤ੍ਰ, ਛਿੱਬਰ ਬ੍ਰਾਹਮਣ, ਹੋਰ ਰਣ ਜੂਝੰਤੇ ਗੁਰੂ ਕੇ ਜੋਧੇ ਸਾਮ੍ਹਣੇ ਮਾਥੇ ਰਣ ਮੇਂ ਜੂਝ ਕਰ ਮਰੇ ’’ (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬੰਝਰਉਂਤੋ ਕਾ)

(2). ਗੁਰੂ ਹਰਿਰਾਇ ਸਾਹਿਬ ਜੀ ਦੀ ਫ਼ੌਜ ਵਿੱਚ 2200 ਘੋੜ ਸਵਾਰ ਅਤੇ ਬਹੁਤ ਸਾਰੇ ਪੈਦਲ ਫ਼ੌਜੀ ਸਨ। ਇਨ੍ਹਾਂ ਫ਼ੌਜੀਆਂ ’ਚ ਹੋਰਨਾਂ ਤੋਂ ਇਲਾਵਾ ਭਾਈ ਮਨੀ ਰਾਮ (ਭਾਈ ਮਨੀ ਸਿੰਘ), ਉਨ੍ਹਾਂ ਦੇ ਦੋ ਭਰਾ ਭਾਈ ਦਿਆਲਾ ਜੀ (ਸ਼ਹੀਦੀ 11 ਮੱਘਰ ਸੰਮਤ 1732/ 11 ਨਵੰਬਰ ਜੂਲੀਅਨ 1675), ਭਾਈ ਜੇਠਾ ਜੀ ਅਤੇ ਸ਼ਹੀਦ ਭਾਈ ਸੁਖੀਆ ਮਾਂਡਨ ਦੇ ਪੁੱਤਰ ਤੇ ਪੋਤੇ ਵੀ ਸ਼ਾਮਲ ਸਨ। ਸੋ ਇਸ ਸਮੇਂ ਭਾਈ ਮਨੀ ਸਿੰਘ ਜੀ ਮਹਾਨ ਯੋਧੇ ਸਨ, ਜਿਨ੍ਹਾਂ ਨੂੰ ਇੱਕ ਫ਼ੌਜੀ ਟੁਕੜੀ ਦਾ ਮੁਖੀ ਬਣਾ ਰੱਖਿਆ ਸੀ।

(3). 6 ਕੱਤਕ/6 ਅਕਤੂਬਰ ਜੂਲੀਅਨ 1661 ਦੇ ਦਿਨ ਗੁਰੂ ਹਰਿ ਰਾਇ ਸਾਹਿਬ ਜੋਤੀ-ਜੋਤਿ ਸਮਾ ਗਏ। ਤਦ ਬਾਬਾ ਰਾਮਰਾਇ ਦਿੱਲੀ ਵਿੱਚ ਸੀ। ਇਹ ਖ਼ਬਰ ਸੁਣ ਕੇ ਉਹ ਕੀਰਤਪੁਰ ਪੁੱਜਾ ਅਤੇ ਗੁਰਗੱਦੀ ’ਤੇ ਆਪਣਾ ਹੱਕ ਜਿਤਾਉਣ ਲੱਗਾ, ਪਰ ਉਸ ਦੇ ਤਿੰਨ ਨਿਜੀ ਸੇਵਾਦਾਰਾਂ (ਗੁਰਦਾਸ, ਗੁਰਬਖ਼ਸ਼ ਤੇ ਤਾਰਾ) ਤੋਂ ਇਲਾਵਾ ਕਿਸੇ ਨੇ ਉਸ ਦਾ ਸਾਥ ਨਾ ਦਿੱਤਾ। ਅਖ਼ੀਰ ਉਹ ਨਿਰਾਸ਼ ਹੋ ਕੇ ਦਿੱਲੀ ਪਰਤ ਗਿਆ। ਮਾਰਚ 1664 ਨੂੰ ਔਰੰਗਜ਼ੇਬ ਨਾਲ ਮਿਲ ਕੇ ਮਦਦ ਮੰਗੀ। ਔਰੰਗਜ਼ੇਬ ਨੇ ਰਾਮਰਾਇ ਦੀ ਮਦਦ ਕਰਨ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਰਾਜਾ ਜੈ ਸਿੰਹ ਮਿਰਜ਼ਾ ਦੇ ਦੀਵਾਨ ਪਰਸ ਰਾਮ ਰਾਹੀਂ ਦਿੱਲੀ ਬੁਲਾ ਲਿਆ। ਇਸ ਸਮੇਂ ਗੁਰੂ ਜੀ ਨਾਲ਼ ਮਾਤਾ ਸੁਲੱਖਣੀ ਜੀ, ਦੀਵਾਨ ਦਰਗਹ ਮੱਲ ਜੀ, ਭਾਈ ਦਰੀਆ ਪਰਮਾਰ ਜੀ, ਭਾਈ ਮਨੀ ਰਾਮ ਜੀ ਤੇ ਕੁਝ ਹੋਰ ਸਿੱਖ ਵੀ ਸਨ।

25 ਮਾਰਚ ਜੂਲੀਅਨ 1664 (ਚੰਦ੍ਰਮਾ ਆਧਾਰਿਤ ਚੇਤ ਸੁਦੀ 9, ਸੰਮਤ 1721/ਸੂਰਜ ਆਧਾਰਿਤ 29 ਚੇਤ ਸੰਮਤ 1720, ਚੇਤੇ ਰਹੇ ਕਿ ਇੱਥੋਂ ਸਾਲ ਦੀ ਆਰੰਭਤਾ ਹੋਣ ਕਾਰਨ ਦੋ ਸੰਮਤ 1721/1720 ਦਿੱਤੇ ਹਨ) ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਔਰੰਗਜ਼ੇਬ ਨਾਲ਼ ਲਾਲ ਕਿਲ੍ਹੇ ਮੁਲਾਕਾਤ ਹੋਈ। ਤਦ ਗੁਰੂ ਜੀ ਨਾਲ਼ ਕੰਵਰ ਰਾਮ ਸਿੰਹ ਮਿਰਜ਼ਾ, ਦੀਵਾਨ ਦਰਗਹ ਮੱਲ ਜੀ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਜੀ, ਗੁਰਬਖ਼ਸ਼ (ਰਾਮਰਾਇ ਦਾ ਸਾਥੀ ਤੇ ਉਸ ਦਾ ਮਸੰਦ) ਤੇ ਕੁਝ ਹੋਰ ਸਿੱਖ ਵੀ ਸਨ। ਇਸ ਘਟਨਾ ਦਾ ਵੇਰਵਾ ਭੱਟ ਵਹੀ ਤਲਾਉਂਡਾਵਿੱਚ ਇੰਞ ਦਰਜ ਹੈ :

‘‘ਗੁਰੂ ਹਰਕਿਸ਼ਨ ਜੀ ਮਹਲ ਅਠਮਾਂ, ਬੇਟਾ ਗੁਰੂ ਹਰਿ ਰਾਇ ਜੀ ਕਾ ਸਾਲ ਸਤਰਾਂ ਸੈ ਇਕੀਸ ਚੇਤਰ ਮਾਸੇ ਸ਼ੁਕਲਾ ਪੱਖੇ ਥਿਤ ਨਾਮੀ, ਗੁਰੂਵਾਰ ਕੇ ਦਿੰਹ, ਸਵਾ ਪਹਿਰ ਦਿਨ ਚੜ੍ਹੇ ਪਾਲਕੀ ਮੇਂ ਸਵਾਰ ਹੋਏ, ਦਿਹਲੀ ਬਾਦਸ਼ਾਹ ਕੇ ਦਰਬਾਰ ਮੇਂ ਆਏ ਸਾਥ ਦੀਵਾਨ ਦਰਗਹ ਮੱਲ ਆਇਆ ਬੇਟਾ ਦਵਾਰਕਾ ਦਾਸ ਕਾ, ਕੰਵਰ ਰਾਮ ਸਿੰਹ ਆਇਆ ਬੇਟਾ ਜੈ ਸਿੰਹ ਅੰਬੇਰੀ ਕਾ, ਗੁਰਬਖ਼ਸ਼ ਆਇਆ ਬੇਟਾ ਬਾਘੇ ਛੀਪੇ ਕਾ, ਮਨੀ ਰਾਮ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ ਹੋਰ ਸਿੱਖ ਫਕੀਰ ਆਏ’’

(4). 30 ਮਾਰਚ 1664 (3 ਵੈਸਾਖ ਸੰਮਤ 1721) ਵਾਲ਼ੇ ਦਿਨ ਗੁਰੂ ਹਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਉਨ੍ਹਾਂ ਦਾ ਸਸਕਾਰ ਭੋਗਲ ਪਿੰਡ ਵਿੱਚ, ਜਮਨਾ ਦਰਿਆ ਦੇ ਕੰਢੇ ’ਤੇ ਕੀਤਾ ਗਿਆ। ਜੈ ਸਿੰਹ ਮਿਰਜ਼ਾ ਦੇ ਬੰਗਲੇ ਵਿੱਚ (ਗੁਰੂ) ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਭੋਗ ਪਾਇਆ ਗਿਆ। ਭਾਈ ਗੁਰਦਾਸ (ਪੁੱਤਰ ਭਾਈ ਬਹਿਲੋ), ਦੀਵਾਨ ਦਰਗਹ ਮੱਲ, ਮੁਨਸ਼ੀ ਕਲਿਆਣ ਦਾਸ ਅਤੇ ਭਾਈ ਮਨੀ ਰਾਮ ਨੇ ਸਾਰਾ ਪਾਠ ਕੀਤਾ। ਦੋ ਕੁ ਹਫ਼ਤਿਆਂ ’ਚ ਪਾਠ ਦਾ ਭੋਗ ਪਿਆ। ਇਸ ਤੋਂ ਮਗਰੋਂ ਸਾਰੀ ਸੰਗਤ ਕੀਰਤਪੁਰ ਸਾਹਿਬ ਪਹੁੰਚੀ ਅਤੇ ਫਿਰ 11 ਅਗਸਤ ਜੂਲੀਅਨ 1664 (ਭਾਦਉਂ ਵਦੀ ਮੱਸਿਆ/11 ਭਾਦਉਂ ਸੰਮਤ 1721) ਦੇ ਦਿਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਬਕਾਲੇ ਜਾ ਕੇ ਗੁਰਗੱਦੀ ਸੌਂਪਣ ਦੀ ਰਸਮੀ ਅਰਦਾਸ ਕੀਤੀ, ਜਿਸ ਵਿੱਚ ਇਹ ਸਾਰੇ ਤੇ ਕੁਝ ਹੋਰ ਦਰਬਾਰੀ ਸਿੱਖ ਵੀ ਮੌਜੂਦ ਸਨ। ਇਸ ਦਾ ਜ਼ਿਕਰ ਹੇਠਲੀ ਭੱਟ ਵਹੀ ’ਚ ਦਰਜ ਹੈ :

‘‘ਦੀਵਾਨ ਦਰਗਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪਰਾਗ ਦਾਸ ਕਾ, ਚਉਪਤਿ ਰਾਏ ਬੇਟਾ ਪੈਰੇ ਕਾ ਪੋਤਾ ਗੌਤਮ ਕਾ ਛਿਬਰ ਬ੍ਰਾਹਮਣ, ਜੇਠਾ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ ਬਲਉਂਤ ਜਲ੍ਹਾਨੇ, ਜੱਗੂ ਬੇਟਾ ਪਦਮਾ ਕਾ ਪੋਤਾ ਕਉਲੇ ਕਾ ਹਜਾਵਤ ਆਂਬਿਆਨਾ, ਨਾਨੂ ਬੇਟਾ ਬਾਘੇ ਕਾ ਪੋਤਾ ਉਮੈਦੇ ਕਾ, ਦਿੱਲੀ ਸੇ ਗੁਰੂ ਹਰਕਿਸ਼ਨ ਜੀ ਮਹਿਲ ਅਠਮੇ ਕੀ ਮਾਤਾ ਸੁਲੱਖਣੀ ਕੇ ਸਾਥ ਬਕਾਲੇ ਆਏ  ਸਾਲ ਸਤਰਾਂ ਸੈ ਇਕੀਸ ਭਾਦਵਾ ਕੀ ਅਮਾਵਸ ਕੇ ਦਿਨ’’ (ਭੱਟ ਵਹੀ ਤਲਾਉਂਢਾ, ਪਰਗਣਾ ਜੀਂਦ, ਖਾਤਾ ਜਲਾਹਨੋਂ ਕਾ)

ਉਕਤ ਘਟਨਾਵਾਂ ਤੋਂ ਪਹਿਲਾਂ ਵੀ ਭਾਈ ਮਨੀ ਰਾਮ ਜੀ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਨਾਲ਼ ਪ੍ਰਚਾਰਕ ਦੌਰਿਆਂ ਦੌਰਾਨ ਨਾਲ਼ ਜਾਂਦੇ ਰਹੇ ਸਨ; ਜਿਵੇਂ ਕਿ 21 ਜੂਨ ਜੂਲੀਅਨ 1661 (23 ਹਾੜ, ਹਾੜ ਸੁਦੀ 5 ਸੰਮਤ 1718) ’ਚ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਦੇ ਬਨਾਰਸ ਵੱਲ ਜਾਣ ਦਾ ਜ਼ਿਕਰ ਇਸ ਵਹੀ ’ਚ ਦਰਜ ਹੈ :

‘‘ਬੰਝਰਾਊਤ ਜਲਹਾਨੇ : ਮਾਈ ਦਾਸ ਬਲੂ ਕਾ ਜੇਠਾ ਮਾਈ ਦਾਸ ਕਾ ਦਿਆਲ ਦਾਸ ਮਾਈ ਦਾਸ ਕਾ ਮਨੀ ਰਾਮ ਮਾਈ ਦਾਸ ਕਾ ਹਰੀ ਚੰਦ ਜੇਠਾ ਕਾ ਮਥਰਾ ਦਿਆਲ ਦਾਸ ਕਾ ਗੁਰੂ ਤੇਗ਼ ਬਹਾਦਰ ਜੀ ਬੇਟਾ ਗੁਰੂ ਹਰਗੋਬਿੰਦ ਜੀ ਮਹਲ ਛਟੇ ਕਾ ਬਨਾਰਸ ਆਏ, ਸਾਲ ਸਤਰਾਂ ਸੈ ਅਠਾਰਾਂ ਅਸਾਢ ਸੁਦੀ ਪੰਚਮੀ, ਗੈਲੋਂ ਨਾਨਕੀ ਜੀ ਆਈ ਮਾਤਾ ਗੁਰੂ ਤੇਗ਼ ਬਹਾਦਰ ਜੀ ਕੀ, ਮਾਤਾ ਹਰੀ ਜੀ ਆਈ ਇਸਤਰੀ ਗੁਰੂ ਸੂਰਜ ਮਲ ਜੀ ਕੀ, ਭਾਈ ਕਿਰਪਾਲ ਚੰਦ ਆਇਆ ਬੇਟਾ ਲਾਲ ਚੰਦ ਜੀ ਸੁਭਿਖੀ ਕਾ, ਬਾਵਾ ਦਿਆਲ ਦਾਸ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ, ਗਵਾਲ ਦਾਸ ਆਇਆ ਬੇਟਾ ਛੁਟੇ ਮਲ ਛਿਬਰ ਕਾ, ਚਉਪਤ ਰਾਏ ਆਇਆ ਬੇਟਾ ਪੈਰੇ ਛਿਬਰ ਕਾ, ਸੰਗਤ ਆਇਆ ਬੇਟਾ ਬਿੰਨੇ ਉਪਲ ਕਾ, ਸਾਧੂ ਰਾਮ ਆਇਆ ਬੇਟਾ ਧਰਮੇ ਖੋਸਲੇ ਕਾ’’

(5). ਗਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸਾਹਿਬਜ਼ਾਦਾ ਬਾਲਕ ਗੋਬਿੰਦ ਰਾਇ ਨੂੰ ਹਥਿਆਰ ਸਿਖਲਾਈ ਲਈ ਭਾਈ ਬਜਰ ਜੀ ਨੂੰ ਅਤੇ ਵਿਦਿਅਕ ਗਿਆਨ ਦੇਣ ਲਈ ਦੀਵਾਨ ਦਰਗਹ ਮੱਲ ਤੇ ਭਾਈ ਮਨੀ ਰਾਮ ਜੀ ਨੂੰ ਸੇਵਾ ਸੌਂਪੀ।

11 ਨਵੰਬਰ 1675 (11 ਮੱਘਰ ਸੰਮਤ 1732) ’ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਭਾਈ ਮਨੀ ਰਾਮ ਜੀ ਦੇ ਸਹੁਰੇ ਭਾਈ ਲੱਖੀਸ਼ਾਹ ਵਣਜਾਰੇ ਨੇ, ਆਪਣੇ ਪੁੱਤਰਾਂ (ਭਾਈ ਨਿਗਾਹੀਆ, ਹੇਮਾ ਤੇ ਹਾੜੀ) ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁੱਕ ਲਿਆਂਦਾ ਅਤੇ ਆਪਣੇ ਘਰ ਦੇ ਇੱਕ ਹਿੱਸੇ ਨੂੰ ਅੱਗ ਲਾ ਕੇ ਧੜ ਦਾ ਸਸਕਾਰ ਕੀਤਾ, ਜਿੱਥੇ ਹੁਣ ਗੁਰਦੁਆਰਾ ਰਕਾਬ ਗੰਜ ਸੁਭਾਇਮਾਨ ਹੈ।

(6). ਸੰਨ 1678 ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਮੁਕੰਮਲ ਸਰੂਪ ਤਿਆਰ ਕਰਵਾਉਣ ਸਮੇਂ ਭਾਈ ਮਨੀ ਰਾਮ ਜੀ ਨੂੰ ‘ਆਦਿ ਬੀੜ’ ਲੈਣ ਲਈ ਧੀਰਮੱਲੀਆਂ ਕੋਲ ਭੇਜਿਆ। ਧੀਰਮੱਲ ਆਪ ਤਾਂ 16 ਨਵੰਬਰ 1677 ਦੇ ਦਿਨ ਔਰੰਗਜ਼ੇਬ ਦੀ ਕੈਦ ’ਚ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ 24 ਜੁਲਾਈ 1678 ਦੇ ਦਿਨ ਔਰੰਗਜ਼ੇਬ ਨੇ ਚਾਂਦਨੀ ਚੌਕ (ਦਿੱਲੀ) ਵਿਖੇ ਕਤਲ ਕਰਵਾ ਦਿੱਤਾ ਸੀ। ਰਾਮ ਚੰਦ ਮਗਰੋਂ ਉਸ ਦਾ ਛੋਟਾ ਭਰਾ (ਭਾਰਮੱਲ); ਧੀਰਮੱਲ ਦਾ ਵਾਰਸ ਬਣਿਆ।

ਅਗਸਤ 1678 ’ਚ ਰਾਮ ਚੰਦ ਦੀ ਅੰਤਮ ਰਸਮ ’ਤੇ ਭਾਈ ਮਨੀ ਰਾਮ ਜੀ ਬਕਾਲੇ ਗਏ। ਰਸਮ ਪੂਰੀ ਹੋਣ ਮਗਰੋਂ ਭਾਈ ਸਾਹਿਬ ਨੇ ਭਾਰਮੱਲ ਨੂੰ ਆਖਿਆ ਕਿ ਗੁਰੂ ਸਾਹਿਬ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ। ਕੁਝ ਦਿਨਾਂ ਵਾਸਤੇ ‘ਆਦਿ ਬੀੜ’ ਦੇ ਦੇਵੇ। ਭਾਰਮੱਲ ਨੇ ਬੀੜ ਚੱਕ ਨਾਨਕੀ (ਅਨੰਦਪੁਰ ਸਾਹਿਬ) ਭੇਜਣ ਵਾਸਤੇ ਅਸਿੱਧੇ ਤਰੀਕੇ ਨਾਲ ਨਾ ਕਰ ਦਿੱਤੀ ਤੇ ਆਖਿਆ ਕਿ ਮੈਂ ਹੁਣ ਬਕਾਲਾ ਛੱਡ ਕਰਤਾਰਪੁਰ (ਜਲੰਧਰ) ਰਹਿਣ ਲੱਗਣਾ ਹੈ। ਗੁਰੂ ਸਾਹਿਬ ਕਿਸੇ ਨੂੰ ਉੱਥੇ ਭੇਜ ਕੇ ‘ਆਦਿ ਬੀੜ’ ਦਾ ਉਤਾਰਾ ਕਰਵਾ ਲੈਣ। ਇਸ ਮਗਰੋਂ ਗੁਰੂ ਸਾਹਿਬ ਨੇ ਭਾਈ ਮਨੀ ਰਾਮ (ਭਾਈ ਮਨੀ ਸਿੰਘ) ਜੀ ਨੂੰ ਨਾਲ ਲੈ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰ ਦਮਦਮੀ ਸਰੂਪ; ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਮੁਕੰਮਲ ਕੀਤਾ, ਇਸ ਲਈ ‘ਦਮਦਮੀ ਬੀੜ’ ਨਾਂ ਪ੍ਰਚਲਿਤ ਹੋਇਆ।

(7). ਗੁਰੂ ਗੋਬਿੰਦ ਸਾਹਿਬ ਜੀ ਨੇ ਸੰਨ 1691 ਦੀ ਵਿਸਾਖੀ ਨੂੰ ਭਾਈ ਮਨੀ ਰਾਮ ਜੀ ਨੂੰ ਦੀਵਾਨ ਨਿਯੁਕਤ ਕਰ ਦਿੱਤਾ। ਇਸ ਪਦਵੀ ’ਤੇ ਨਵੰਬਰ 1675 ਤੱਕ ਭਾਈ ਮਤੀ ਦਾਸ ਜੀ ਰਹੇ ਸਨ ਅਤੇ ਇਨ੍ਹਾਂ ਤੋਂ ਪਹਿਲਾਂ ਅਤੇ ਬਾਅਦ ’ਚ ਬਜ਼ੁਰਗ ਦਰਗਹ ਮੱਲ ਜੀ ਲੰਬਾ ਸਮਾਂ ਸੇਵਾ ਨਿਭਾਉਂਦੇ ਰਹੇ, ਜਿਨ੍ਹਾਂ ਦਾ 10 ਫ਼ਰਵਰੀ 1695 ਨੂੰ ਅਨੰਦਪੁਰ ਸਾਹਿਬ ਵਿਖੇ ਦੇਹਾਂਤ ਹੋ ਗਿਆ।

ਮਾਰਚ 1691 ’ਚ ਹੀ ਲਾਹੌਰ ਦੇ ਗਵਰਨਰ ਵੱਲੋਂ ਅਲਫ਼ ਖ਼ਾਨ ਦੀ ਅਗਵਾਈ ’ਚ ਭੇਜੀ ਫ਼ੌਜ ਨੇ ਪਹਾੜੀ ਰਾਜਿਆਂ ’ਤੇ ਹਮਲਾ ਕਰ ਦਿੱਤਾ। ਲਾਹੌਰ ਦੀਆਂ ਫ਼ੌਜਾਂ ਕਾਂਗੜੇ ਵੱਲ ਵਧ ਰਹੀਆਂ ਸਨ। ਇਸ ਮੌਕੇ ਪਹਾੜੀ ਰਾਜਿਆਂ ਨੇ ਰਾਜਾ ਭੀਮ ਚੰਦ ਰਾਹੀਂ ਗੁਰੂ ਸਾਹਿਬ ਤੋਂ ਮਦਦ ਮੰਗੀ। ਗੁਰੂ ਸਾਹਿਬ ਨੇ ਨੰਦ ਚੰਦ, ਧਰਮ ਚੰਦ (ਸਿੰਘ) ਛਿਬਰ, ਭਾਈ ਮਨੀ ਰਾਮ (ਸਿੰਘ), ਭਾਈ ਆਲਮ ਚੰਦ (ਸਿੰਘ) ‘ਨੱਚਣਾ’ ਅਤੇ ਹੋਰ ਜਰਨੈਲਾਂ ਦੀ ਅਗਵਾਈ ’ਚ ਫ਼ੌਜ ਨੂੰ ਨਦੌਣ ਵੱਲ ਕੂਚ ਕਰਨ ਦਾ ਹੁਕਮ ਦਿੱਤਾ।  20 ਮਾਰਚ ਜੂਲੀਅਨ 1691 (22 ਚੇਤ, ਸੰਮਤ 1747) ਦੇ ਦਿਨ ਬੜੀ ਜ਼ਬਰਦਸਤ ਲੜਾਈ ਹੋਈ। ਅਲਫ਼ ਖ਼ਾਨ ਦੀ ਫ਼ੌਜ ਦੇ ਸਭ ਤੋਂ ਤਾਕਤਵਰ ਜੱਥੇ ਦੇ ਖ਼ਿਲਾਫ਼, ਸਿੱਖ ਜਰਨੈਲ ਡੱਟ ਕੇ ਲੜੇ। ਦੋਹਾਂ ਪਾਸਿਆਂ ਤੋਂ ਬਹਾਦਰਾਂ ਨੇ ਖ਼ੂਬ ਜੌਹਰ ਦਿਖਾਏ। ਧਰਮ ਚੰਦ, ਮਨੀ ਰਾਮ, ਮੂਲ ਚੰਦ ਕੰਬੋਜ, ਸੋਹਨ ਚੰਦ ਪਰਮਾਰ ਵਰਗੇ ਸਿੱਖ ਜਰਨੈਲਾਂ ਦੇ ਤੀਰਾਂ ਦੀ ਵਾਛੜ ਨੇ ਅਲਫ਼ ਖ਼ਾਨ ਦੀ ਫ਼ੌਜ ਦੇ ਹੌਸਲੇ ਡੇਗ ਦਿੱਤੇ। ਸੂਰਜ ਛਿਪ ਜਾਣ ਮਗਰੋਂ ਅਲਫ਼ ਖ਼ਾਨ ਦੀ ਫ਼ੌਜ ਪਿਛਾਂਹ ਭੱਜ ਗਈ। ਪਹਾੜੀ ਫ਼ੌਜਾਂ ਨੇ ਅਲਫ਼ ਖ਼ਾਨ ਦੀ ਫ਼ੌਜ ਦਾ ਦੂਰ ਤੱਕ ਪਿੱਛਾ ਕੀਤਾ। ਇਸ ਲੜਾਈ ’ਚ ਭਾਈ ਸੋਹਨ ਚੰਦ (ਭਰਾ ਭਾਈ ਮਨੀ ਸਿੰਘ), ਭਾਈ ਮੂਲ ਚੰਦ (ਪੁੱਤਰ ਭਾਈ ਰਘੁਪਤਿ ਰਾਇ ਨਿੱਝਰ) ਅਤੇ ਕੁਝ ਹੋਰ ਸਿੱਖ ਸ਼ਹੀਦ ਹੋ ਗਏ। ਇਸ ਦਾ ਜ਼ਿਕਰ ਭੱਟ ਵਹੀ ਮੁਲਤਾਨੀ ਸਿੰਧੀ ’ਚ ਇਸ ਤਰ੍ਹਾਂ ਦਰਜ ਹੈ :

‘‘ਸੋਹਨ ਚੰਦ ਬੇਟਾ ਮਾਈਦਾਸ ਕਾ ਪੋਤਾ ਬੱਲੂ ਕਾ ਪੜਪੋਤਾ ਮੂਲੇ ਕਾ, ਪੁਆਰ, ਸਾਲ ਸਤਰਾਂ ਸੈ ਸੈਂਤਾਲੀਸ, ਚੇਤ ਪ੍ਰਵਿਸ਼ਟੇ ਬਾਈਸ, ਗੁਰੂਵਾਰ ਕੇ ਦਿਹੁੰ, ਗੁਰੂ ਕਾ ਬਚਨ ਪਾਇ ਨਦਉਨ ਕੇ ਮਲਹਾਨ, ਸਾਮੇ ਮਾਥੇ ਜੂਝ ਕਰ ਮਰਾ ਗੈਲ ਮੂਲਚੰਦ ਬੇਟਾ ਰਘੁਪਤਿ ਰਾਇ ਕਾ, ਨਿੱਝਰ ਗੋਤਰ ਕੰਬੋਜ, ਬਾਸੀ ਖੇਮਕਰਨ, ਪਰਗਨਾ ਕਸੂਰ, ਜੂਝ ਕਰ ਮਰਾ ’’ (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਪੁਆਰ ਬਲਉਂਤੋ ਕਾ)

(8). ਫ਼ਰਵਰੀ 1698 ’ਚ ਸਿੱਖਾਂ ਦੇ ਕਈ ਜੱਥੇ ਅਨੰਦਪੁਰ ਸਾਹਿਬ ਆਉਣ ਲੱਗੇ ਕਿਉਂਕਿ ਗੁਰੂ ਸਾਹਿਬ; ਖੇਡਾਂ, ਕੁਸ਼ਤੀਆਂ, ਗਤਕਾ, ਘੋੜ-ਸਵਾਰੀ, ਨੇਜ਼ਾਬਾਜ਼ੀ ਤੇ ਤਲਵਾਰ-ਅੰਦਾਜ਼ੀ ਦੇ ਮੁਕਾਬਲੇ ਕਰਾ ਰਹੇ ਸਨ। ਕੁਝ ਭੰਡਾਂ ਨੂੰ ਵੀ ਜੌਹਰ ਵਿਖਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਮਸੰਦਾਂ ਨੂੰ ਲੁਟੇਰੇ, ਠੱਗ, ਹੈਂਕੜਬਾਜ਼, ਕੁਰਪਟ, ਬਦਇਖ਼ਲਾਕ ਅਤੇ ਅੱਯਾਸ਼ ਜਿਹੇ ਪੇਸ਼ ਕੀਤਾ।  ਗੁਰੂ ਸਾਹਿਬ ਅੱਗੇ ਭਾਈ ਨਾਨੂ ਰਾਮ ਦਿਲਵਾਲੀ ਜੀ ਨੇ ਵੀ ਮਸੰਦਾਂ ਬਾਰੇ ਵਿਸਥਾਰ ਸਹਿਤ ਦੱਸਿਆ।  ਗੁਰੂ ਸਾਹਿਬ ਨੇ ਦੀਵਾਨ ਮਨੀ ਰਾਮ (ਭਾਈ ਮਨੀ ਸਿੰਘ) ਜੀ ਨੂੰ ਹੁਕਮ ਕੀਤਾ ਕਿ ਸਾਰੇ ਮਸੰਦਾਂ ਨੂੰ ਮੁਸ਼ਕਾਂ ਦੇ ਕੇ ਅਨੰਦਪੁਰ ਸਾਹਿਬ ਲਿਆਂਦਾ ਜਾਏ। ਭਾਈ ਆਲਮ ਚੰਦ (ਆਲਮ ਸਿੰਘ) ‘ਨੱਚਣਾ’ ਸਮੇਤ ਚਾਰ ਹੋਰ ਸਿੰਘ ਵੀ ਭੇਜੇ, ਜਿਨ੍ਹਾਂ ਨੇ ਮਸੰਦਾਂ ਨੂੰ ਬੰਨ੍ਹ ਕੇ ਗੁਰੂ ਸਾਹਿਬ ਅੱਗੇ ਪੇਸ਼ ਕੀਤਾ।

ਗੁਰੂ ਸਾਹਿਬ ਨੇ ਮਸੰਦਾਂ ਦੀ ਪਰਖ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ। ਵੱਧ ਦੋਸ਼ੀਆਂ ਨੂੰ ਸਜ਼ਾਏ-ਮੌਤ ਸੁਣਾਈ। ਇਮਾਨਦਾਰ ਮਸੰਦਾਂ ਨੂੰ ਸਿਰੋਪਾਓ ਭੇਟ ਕੀਤੇ ਗਏ, ਇਨ੍ਹਾਂ ’ਚ ਭਾਈ ਬਖ਼ਤ ਮੱਲ ਸੂਰੀ (ਜਲਾਲਪੁਰ ਜੱਟਾਂ) ਤੇ ਭਾਈ ਸੰਗਤ/ਭਾਈ ਫੇਰੂ (ਮੀਆਂ ਕੀ ਮੌੜ, ਲਾਹੌਰ) ਆਦਿ ਸ਼ਾਮਲ ਸਨ। ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਖ਼ਤਮ ਕਰ ਦਿੱਤੀ ਅਤੇ ਸਾਰੇ ਸਿੱਖਾਂ ਨੂੰ ‘ਖਾਲਸਾ’ ਹੋਣ ਦਾ ਐਲਾਨ ਕਰ ਦਿੱਤਾ। ਅਗਲੇ ਹੀ ਸਾਲ ਦੀ ਵਿਸਾਖੀ (ਸੰਨ 1699) ਨੂੰ ਖ਼ਾਲਸਾ ਪੰਥ ਦੀ ਰੂਪ ਰੇਖਾ ਬਣਾਈ ਗਈ, ਜਿਸ ਦਾ ਪ੍ਰਬੰਧ ਦੀਵਾਨ ਭਾਈ ਮਨੀ ਰਾਮ ਜੀ ਨੂੰ ਸੌਂਪਿਆ ਗਿਆ। ਇਸ ਅਨੋਖੇ ਸਮਾਗਮ ਦੀ ਅਰੰਭਤਾ ਕੀਰਤਨ ਤੋਂ ਬਾਅਦ ਭਾਈ ਮਨੀ ਰਾਮ ਜੀ ਦੁਆਰਾ ਕੀਤੀ ਸ਼ਬਦ ਵਿਚਾਰ ਨਾਲ਼ ਹੋਈ।

ਪੰਜ ਪਿਆਰਿਆਂ (ਭਾਈ ਦਇਆ ਰਾਮ, ਭਾਈ ਮੁਹਕਮ ਚੰਦ, ਭਾਈ ਸਾਹਿਬ ਚੰਦ, ਭਾਈ ਧਰਮ ਚੰਦ, ਭਾਈ ਹਿੰਮਤ ਚੰਦ) ਦੁਆਰਾ ਅੰਮ੍ਰਿਤਪਾਨ ਕਰਨ ਉਪਰੰਤ, ਪੰਜ ਮੁਕਤਿਆਂ (ਦੇਵਾ ਰਾਮ, ਰਾਮ ਚੰਦ, ਟਹਿਲ ਦਾਸ, ਈਸ਼ਰ ਦਾਸ, ਤੇ ਫ਼ਤਹਿ ਚੰਦ) ਨੇ ਪਾਹੁਲ ਗ੍ਰਹਿਣ ਕੀਤੀ ਅਤੇ ਆਪਣੇ ਨਾਵਾਂ ਨਾਲ਼ ‘ਸਿੰਘ’ ਸ਼ਬਦ ਲਗਾਇਆ। ਇਨ੍ਹਾਂ ਦਸਾਂ ਤੋਂ ਬਾਅਦ ਪੰਜ ਪਿਆਰਿਆਂ ਨੇ ਭਾਈ ਮਨੀ ਸਿੰਘ, ਉਨ੍ਹਾਂ ਦੇ ਛੇ ਪੁੱਤਰਾਂ (ਭਾਈ ਚਿਤਰ ਸਿੰਘ, ਬਚਿਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ ਤੇ ਭਾਈ ਅਜਾਇਬ ਸਿੰਘ), ਭਾਈ ਚੌਪਾ ਸਿੰਘ, ਭਾਈ ਧਰਮ ਸਿੰਘ, ਭਾਈ ਆਲਮ ਸਿੰਘ ‘ਨੱਚਣਾ’ ਤੇ ਭਾਈ ਗੁਰਬਖਸ਼ ਸਿੰਘ (ਰਾਮ ਕੰਵਰ); ਕੁੱਲ 11 ਸਿੱਖਾਂ ਨੇ ਖੰਡੇ ਦੀ ਪਾਹੁਲ ਲਈ। ਇਨ੍ਹਾਂ ਵਿੱਚ ਜ਼ਿਆਦਾਤਰ ਉਹ ਸ਼ਖ਼ਸ ਸਨ, ਜੋ ਪ੍ਰਬੰਧਕੀ ਸੇਵਾ ਨਿਭਾ ਰਹੇ ਸਨ।

ਉਕਤ ਵਿਸਾਖੀ ਤੋਂ ਕੁਝ ਸਾਲ ਪਹਿਲਾਂ ਤੋਂ ਹੀ ਵਿਸਾਖੀ ਵਾਲ਼ੇ ਦਿਨ ਗੁਰੂ ਸਾਹਿਬ; ਸਿੱਖ ਸੰਗਤਾਂ ਨੂੰ ਅਨੰਦਪੁਰ ਸਾਹਿਬ ਬੁਲਾਉਣਾ ਸ਼ੁਰੂ ਕਰ ਚੁੱਕੇ ਸਨ। ਗੁਰੂ ਦੇ ਚੱਕ (ਅੰਮ੍ਰਿਤਸਰ) ਤੋਂ ਕਾਫ਼ੀ ਸੰਗਤ ਅਨੰਦਪੁਰ ਸਾਹਿਬ ਆਉਂਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਮੀਣੇ (ਪ੍ਰਿਥੀ ਚੰਦ ਦੇ ਵਾਰਸ) ਗੁਰੂ ਦਾ ਚੱਕ ਛੱਡ ਗਏ ਹਨ। ਉੱਥੋਂ ਦੀ ਸੇਵਾ ਸੰਭਾਲ ਲਈ ਕੁੱਝ ਸਿੱਖਾਂ ਨੂੰ ਭੇਜਿਆ ਜਾਵੇ। ਗੁਰੂ ਸਾਹਿਬ ਨੇ ਭਾਈ ਮਨੀ ਰਾਮ (ਸਿੰਘ) ਨੂੰ ਪੰਜ ਹੋਰ ਸਾਥੀ ਸਮੇਤ ਗੁਰੂ ਦਾ ਚੱਕ ਜਾਣ ਦਾ ਹੁਕਮ ਕੀਤਾ। ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਮਦਮੀ ਸਰੂਪ ਵੀ ਭੇਟ ਕੀਤਾ।

(ਨੋਟ : ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਾ; ਦਮਦਮਾ ਤਲਵੰਡੀ ਸਾਬੋ ਵਿਖੇ ਕੀਤੀ ਮੰਨੀ ਜਾਵੇ ਤਾਂ ਭਾਈ ਮਨੀ ਰਾਮ ਜੀ ਗੁਰੂ ਦੇ ਚੱਕ (ਦਰਬਾਰ ਸਾਹਿਬ, ਅੰਮ੍ਰਿਤਸਰ) ਵਿਖੇ, ਜੋ ਸਿੱਖੀ ਦਾ ਕੇਂਦਰੀ ਸਥਾਨ ਰਿਹਾ ਹੈ, ਓਥੇ ਸਿੱਖ ਸੰਗਤਾਂ ’ਚ ਕਿਵੇਂ ਸੇਵਾ ਨਿਭਾਉਂਦੇ ?)

(9). 30 ਅਗਸਤ ਜੂਲੀਅਨ 1700 (30 ਭਾਦਉਂ, ਸੰਮਤ 1757) ਨੂੰ ਅਜਮੇਰ ਚੰਦ ਤੇ ਉਸ ਦੇ ਸਾਥੀਆਂ ਦੀਆਂ ਫ਼ੌਜਾਂ ਨੇ ਕਿਲ੍ਹਾ ਫ਼ਤਹਿਗੜ੍ਹ ’ਤੇ ਹਮਲਾ ਕਰ ਦਿੱਤਾ। ਇਸ ਕਿਲੇ੍ਹ ਦੀ ਕੇਸਗੜ੍ਹ ਸਾਹਿਬ ਵਾਲੇ ਪਾਸੇ ਵੱਲ ਦੀ ਕੰਧ ਅਜੇ ਅਧੂਰੀ ਸੀ। ਇਸ ਕਿਲੇ੍ਹ ਦਾ ਜਥੇਦਾਰ ਭਾਈ ਭਗਵਾਨ ਸਿੰਘ (ਪੁੱਤਰ ਭਾਈ ਮਨੀ ਸਿੰਘ) ਸੀ। ਭਾਈ ਭਗਵਾਨ ਸਿੰਘ ਜੀ ਦੀ ਜਥੇਦਾਰੀ ਹੇਠ ਗਿਣਤੀ ਦੇ ਸਿੰਘਾਂ ਨੇ ਹੀ ਪਹਾੜੀ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਬਹੁਤ ਸਾਰੇ ਪਹਾੜੀ ਫ਼ੌਜੀ ਮਾਰ ਮੁਕਾਏ। ਸ਼ਾਮ ਹੋਣ ਤੱਕ ਪਹਾੜੀ ਫ਼ੌਜਾਂ ਮੈਦਾਨ ਛੱਡ ਕੇ ਦੌੜ ਗਈਆਂ। ਇਸ ਲੜਾਈ ’ਚ ਭਾਈ ਭਗਵਾਨ ਸਿੰਘ, ਭਾਈ ਜਵਾਹਰ ਸਿੰਘ (ਪੁੱਤਰ ਭਾਈ ਲੱਖੀਸ਼ਾਹ ਵਣਜਾਰਾ), ਭਾਈ ਨੰਦ ਸਿੰਘ (ਪੁੱਤਰ ਭਾਈ ਆਲਮ ਸਿੰਘ, ਪੋਤਾ ਭਾਈ ਦਰੀਆ) ਸ਼ਹੀਦ ਹੋ ਗਏ। ਇਸ ਦਾ ਜ਼ਿਕਰ ‘ਭੱਟ ਵਹੀ ਜਾਦੋਬੰਸੀਆਂ ਕੀ’ ’ਚ ਇਉਂ ਦਰਜ ਹੈ :

‘‘ਭਗਵਾਨ ਸਿੰਘ ਬੇਟਾ ਮਨੀ ਸਿੰਘ ਕਾ, ਪੋਤਾ ਮਾਈਦਾਸ ਕਾ ਪੁਆਰ, ਜਵਾਹਰ ਸਿੰਘ ਬੇਟਾ ਲਖੀਏ ਕਾ, ਪੋਤਾ ਗੋਧੂ ਕਾ ਬੜਤੀਆਂ ਕਨਾਵਤ, ਨੰਦ ਸਿੰਘ ਬੇਟਾ ਆਲਮ ਸਿੰਘ ਕਾ, ਪੋਤਾ ਦਰੀਆ ਕਾ ਪੁਆਰ ਜਲਹਾਨਾ ਆਦਿ ਸਾਲ ਸਤਰਾਂ ਸੈ ਸਤਵੰਜਾ, ਭਾਦਵਾ ਪ੍ਰਵਿਸ਼ਟੇ ਤੀਸ ਗੁਰੂਵਾਰ ਕੇ ਦਿਹੁੰ, ਗੁਰੂ ਕਾ ਬਚਨ ਪਾਇ, ਕਿਲਾ ਫ਼ਤੇਗੜ੍ਹ ਪਰਗਨਾ ਸਹੋਟਾ ਕੇ ਮਲਹਾਨ, ਸਾਮੇ੍ਹ ਮਾਥੇ ਜੂਝ ਕਰ ਮਰੇ, ਆਗੇ ਗੁਰੂ ਭਾਣੇ ਕਾ ਖਾਬਿੰਦ ਹੈ, ਗੁਰੂ ਕੀ ਗਤਿ ਗੁਰੂ ਜਾਨੇ ’’ (ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜ੍ਹਤੀਏ ਕਨਾਉਂਤੋ ਕਾ)।

ਤੀਜੇ ਦਿਨ ਪਹਿਲੀ ਸਤੰਬਰ ਨੂੰ ਜਦੋਂ ਮਦ ਮਸਤ ਹਾਥੀ ਲੋਹਗੜ੍ਹ ਵੱਲ ਆਇਆ ਤਾਂ ਭਾਈ ਮਨੀ ਸਿੰਘ ਦੇ ਸਪੁੱਤਰ ਭਾਈ ਬਚਿਤਰ ਸਿੰਘ ਜੀ ਨੇ ਪੂਰੇ ਜੋਰ ਨਾਲ਼ ਬਰਛਾ ਮਾਰਿਆ, ਜੋ ਹਾਥੀ ਦੇ ਮੱਥੇ ’ਤੇ ਬੰਨ੍ਹੀਆਂ ਤਵੀਆਂ ਵਿੰਨ੍ਹ ਕੇ, ਅੰਦਰ ਜਾ ਧਸਿਆ। ਹਾਥੀ ਦਰਦ ਨਾਲ ਚਿੰਘਾੜਦਾ ਪਿਛਾਂਹ ਭੱਜਿਆ। ਉਸ ਦੇ ਪੈਰਾਂ ਹੇਠ ਆ ਕੇ ਬਹੁਤ ਸਾਰੇ ਪਹਾੜੀ ਫ਼ੌਜੀ ਮਾਰੇ ਗਏ। ਉਧਰ ਭਾਈ ਮਨੀ ਸਿੰਘ ਜੀ ਦਾ ਦੂਸਰਾ ਸਪੁੱਤਰ ਭਾਈ ਉਦੈ ਸਿੰਘ ਜੀ ਤੇਜ਼ੀ ਨਾਲ ਘੋੜਾ ਦੌੜਾ ਕੇ ਕੇਸਰੀ ਚੰਦ ਵੱਲ ਵਧਿਆ, ਜਿਸ ਨੇ ਗੁਰੂ ਸਾਹਿਬ ਦਾ ਸਿਰ ਕੱਟਣ ਦੀ ਕਸਮ ਖਾਧੀ ਸੀ, ਭਾਈ ਉਦੈ ਸਿੰਘ ਨੇ ਕਿਰਪਾਨ ਦੇ ਇੱਕੋ ਵਾਰ ਨਾਲ ਕੇਸਰੀ ਚੰਦ ਦਾ ਸਿਰ ਵੱਢ ਲਿਆ ਤੇ ਨੇਜ਼ੇ ’ਤੇ ਰੱਖ ਅਨੰਦਗੜ੍ਹ ਕਿਲ੍ਹੇ ਅੰਦਰ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ’ਚ ਰੱਖ ਦਿੱਤਾ।

ਰਾਜਾ ਕੇਸਰੀ ਚੰਦ ਦੇ ਮਰਨ ਮਗਰੋਂ ਭਾਈ ਮਨੀ ਸਿੰਘ, ਭਾਈ ਸ਼ੇਰ ਸਿੰਘ ਤੇ ਭਾਈ ਨਾਹਰ ਸਿੰਘ ਦੀ ਅਗਵਾਈ ’ਚ ਸਿੰਘਾਂ ਨੇ ਬਹੁਤ ਸਾਰੇ ਪਹਾੜੀ ਫ਼ੌਜੀ ਮਾਰ ਦਿੱਤੇ। ਲੋਹਗੜ੍ਹ ਕਿਲ੍ਹੇ ਦੇ ਬਾਹਰ ਚਰਨ ਗੰਗਾ ਮੈਦਾਨ ’ਚ ਪਹਾੜੀ ਫ਼ੌਜੀਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ। ਇਸ ਲੜਾਈ ਪਿੱਛੋਂ ਅਜਮੇਰ ਚੰਦ ਤੇ ਸਾਰੇ ਪਹਾੜੀ ਰਾਜੇ ਆਪਣੀਆਂ ਫ਼ੌਜਾਂ ਲੈ ਕੇ ਭੱਜ ਗਏ । ਇਸ ਲੜਾਈ ’ਚ ਭਾਈ ਮਨੀ ਸਿੰਘ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜੋ ਕਿਸੇ ਕੰਮ ਲਈ ਅੰਮ੍ਰਿਤਸਰ ਤੋਂ ਆਏ ਸਨ। ਭਾਈ ਆਲਮ ਸਿੰਘ (ਭਾਈ ਮਨੀ ਸਿੰਘ ਦੇ ਦਾਦੇ ਬੱਲੂ ਦੇ ਭਰਾ ਦਰੀਆ ਦਾ ਪੁੱਤਰ), ਸੁੱਖਾ ਸਿੰਘ (ਭਤੀਜਾ ਭਾਈ ਮਨੀ ਸਿੰਘ), ਖੁਸ਼ਹਾਲ ਸਿੰਘ (ਪੁੱਤਰ ਭਾਈ ਮੱਖਣ ਸ਼ਾਹ ਲੁਬਾਣਾ) ਸ਼ਹੀਦੀਆਂ ਪਾ ਗਏ। ਇਸ ਬਾਰੇ ‘ਭੱਟ ਵਹੀ ਤਲਾਉਂਢਾ’ ’ਚ ਇਉਂ ਜ਼ਿਕਰ ਹੈ :

‘‘ਗੁਰੂ ਕਾ ਬਚਨ ਪਾਇ ਮਨੀ ਸਿੰਘ ਬੇਟਾ ਮਾਈਦਾਸ ਕਾ, ਪੋਤਾ ਬੱਲੂ ਰਾਇ ਕਾ ਬਚਿਤਰ ਸਿੰਘ ਬੇਟਾ ਮਨੀ ਸਿੰਘ ਕਾ, ਉਦੈ ਸਿੰਘ ਬੇਟਾ ਮਨੀ ਸਿੰਘ ਕਾ, ਆਲਮ ਸਿੰਘ ਬੇਟਾ ਦੁਰਗਾ ਦਾਸ ਕਾ, ਪੋਤਾ ਪਦਮੇਂ ਕਾ ਹਜਾਵਤ ਆਂਬਿਆਨਾ ਸਾਲ ਸਤਰਾਂ ਸੈ ਸਤਵੰਜਾ ਅਸੂਜ ਪ੍ਰਵਿਸ਼ਟੇ ਪਹਿਲੀ ਰਵੀਵਾਰ ਕੇ ਦਿਹੁੰ ਕਿਲ੍ਹਾ ਲੋਹਗੜ੍ਹ, ਪਰਗਨਾ ਮਾਖੋਵਾਲ ਸੇ, ਖਾਲਸਾ ਦਲ ਕੋ ਗੈਲ ਲੈ ਚਰਨ ਗੰਗਾ ਨਦੀ ਕੇ ਮਲ੍ਹਾਨ ਸਾਮ੍ਹੇਂ ਮਾਥੇ ਘੋਰ ਜੁਧ ਕੀਆ ਬਚਿਤਰ ਸਿੰਘ ਨੇ ਹਾਥੀ ਕੋ ਮਾਰ ਭਗਾਇਆ ਉਦੈ ਸਿੰਘ ਕੇ ਹਾਥ ਸੇ ਕੇਸਰੀ ਚੰਦ ਜਸਵਾਰੀਆ ਮਾਰਾ ਗਿਆ ਮਨੀ ਸਿੰਘ ਸਖ਼ਤ ਘਾਇਲ ਹੁਏ ਆਲਮ ਸਿੰਘ ਬੇਟਾ ਦਰੀਆ ਦਾ ਪੋਤਾ ਮੂਲੇ ਕਾ ਜਲ੍ਹਾਨਾ, ਸੁਖਾ ਸਿੰਘ ਬੇਟਾ ਰਾਇ ਸਿੰਘ ਕਾ, ਪੋਤਾ ਮਾਈ ਦਾਸ ਕਾ, ਕੁਸ਼ਾਲ ਸਿੰਘ ਬੇਟਾ ਮਖਨਸ਼ਾਹ ਕਾ, ਪੋਤਾ ਦਾਸੇ ਕਾ, ਪੇਲੀਆ ਬਨਜਾਰਾ ਰਣ ਮੇਂ ਜੂਝ ਕਰ ਮਰੇ ਆਗੇ ਗੁਰੂ ਭਾਣੇ ਕਾ ਖਾਬਿੰਦ ਹੈ, ਗੁਰੂ ਕੀ ਗਤਿ ਗੁਰੂ ਜਾਣੇ’’  (ਭੱਟ ਵਹੀ ਤਲਾਉਂਢਾ ਪਰਗਨਾ ਜੀਂਦ, ਖਾਤਾ ਜਲਹਾਨੋਂ ਕਾ)

(10). ਅਜਮੇਰ ਚੰਦ ਨੇ ਆਪਣੇ ਵਜ਼ੀਰ ਪੰਡਿਤ ਪਰਮਾਨੰਦ ਰਾਹੀਂ ਸਰਹੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨਾਲ਼ ਸੰਪਰਕ ਕੀਤਾ ਅਤੇ ਕਿਹਾ ਕਿ ਇਸ ਵਕਤ ਗੁਰੂ ਗੋਬਿੰਦ ਸਿੰਘ ਇੱਕ ਪਹਾੜੀ ’ਤੇ ਤੰਬੂ ਗੱਡ ਕੇ ਬੈਠੇ ਹਨ। ਉਸ ਨਾਲ਼ ਥੋੜ੍ਹੇ ਜਿਹੇ ਸਿੱਖ ਹਨ। ਉਨ੍ਹਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਪੰਡਿਤ ਪਰਮਾਨੰਦ ਨੇ ਅਜਮੇਰ ਚੰਦ ਵੱਲੋਂ ਭੇਜੀ ਕੁਝ ਰਕਮ ਵੀ ਵਜ਼ੀਰ ਖ਼ਾਨ ਨੂੰ ਭੇਂਟ ਕੀਤੀ। ਵਜ਼ੀਰ ਖ਼ਾਨ ਨੇ ਆਪਣੇ ਇੱਕ ਜਰਨੈਲ ਰੁਸਤਮ ਖ਼ਾਨ ਨੂੰ ਫ਼ੌਜ ਦੇ ਕੇ ਨਿਰਮੋਹਗੜ੍ਹ ਵੱਲ ਭੇਜਿਆ। ਉਧਰ ਜਦੋਂ ਭਾਈ ਚਿਤਰ ਸਿੰਘ ਤੇ ਭਾਈ ਬਚਿਤਰ ਸਿੰਘ (ਦੋਵੇਂ ਪੁੱਤਰ ਭਾਈ ਮਨੀ ਸਿੰਘ) ਨੂੰ ਪਤਾ ਲੱਗਾ ਕਿ ਰੁਸਤਮ ਖ਼ਾਨ ਨਿਰਮੋਹਗੜ੍ਹ ਵੱਲ ਚੜ੍ਹਾਈ ਕਰਨ ਤੁਰ ਪਿਆ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਮੂਹਰੇ ਜਾ ਕੇ ਉਸ ਪਠਾਣ ਜਰਨੈਲ ਨਾਲ ਆਹਮੋ-ਸਾਹਮਣੇ ਹੋ ਕੇ ਹੱਥੋ-ਹੱਥ ਲੜਾਈ ਕਰਨਗੇ।  12 ਅਕਤੂਬਰ 1700 (12 ਕੱਤਕ, ਸੰਮਤ 1757) ਦੇ ਦਿਨ ਰੁਸਤਮ ਖ਼ਾਨ ਤੇ ਉਸ ਦਾ ਭਰਾ ਨਾਸਰ ਖ਼ਾਨ ਅਲੀ ਫ਼ੌਜ ਲੈ ਕੇ ਆ ਗਿਆ। ਉਨ੍ਹਾਂ ਨੇ ਆਉਂਦਿਆਂ ਹੀ ਨਿਰਮੋਹਗੜ੍ਹ ਦੀ ਟਿੱਬੀ ਤੋਂ ਥੋੜ੍ਹੀ ਦੂਰ ਸ਼ਾਹੀ ਟਿੱਬੀ ’ਤੇ ਮੋਰਚਾ ਲਾ ਕੇ ਗੁਰੂ ਜੀ ਵੱਲ ਤੋਪ ਦਾ ਗੋਲ਼ਾ ਚਲਾਇਆ, ਜਿਸ ਨਾਲ਼ ਗੁਰੂ ਜੀ ਦਾ ਚੌਰ-ਬਰਦਾਰ ਭਾਈ ਰਾਮ ਸਿੰਘ ਕਸ਼ਮੀਰੀ ਸ਼ਹੀਦੀ ਪਾ ਗਿਆ। ਗੁਰੂ ਸਾਹਿਬ ਨੇ ਤੁਰੰਤ ਤੀਰ ਚਲਾਇਆ ਤੇ ਰੁਸਤਮ ਖ਼ਾਨ ਮਾਰਿਆ ਗਿਆ। ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਭਾਈ ਉਦੈ ਸਿੰਘ ਜੀ ਦੇ ਤੀਰ ਨਾਲ ਨਾਸਰ ਖ਼ਾਨ ਵੀ ਮਾਰਿਆ ਗਿਆ। ਦੋਵੇਂ ਭਰਾਵਾਂ ਦੇ ਮਰਨ ਉਪਰੰਤ ਫ਼ੌਜਾਂ ਬਹੁਤੀ ਦੇਰ ਨਾ ਟਿੱਕ ਸਕੀਆਂ। ਆਖ਼ਿਰ ਸਰਹੰਦ ਵੱਲ ਭੱਜ ਗਈਆਂ। ਇਸ ਲੜਾਈ ’ਚ ਭਾਈ ਰਾਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਰ ਸਿੰਘ ਜੀ ਸ਼ਹੀਦੀਆਂ ਪਾ ਗਏ। ਇਸ ਘਟਨਾ ਦਾ ਜ਼ਿਕਰ ‘ਭੱਟ ਵਹੀ ਤਲਾਉਂਢਾ’ ’ਚ ਇਉਂ ਦਰਜ ਹੈ :

‘‘ਹਿੰਮਤ ਸਿੰਘ ਬੇਟਾ ਜੀਤੇ ਕਾ ਪੋਤਾ ਰਾਮੇ ਕਾ, ਉਦਾਨਾਂ, ਮੋਹਰ ਸਿੰਘ ਬੇਟਾ ਧੂਮੇ ਕਾ ਪੋਤਾ ਕਾਨੇ੍ਹ ਕਾ, ਤੂਮਰ ਬਿੰਜਲਉਤ, ਸਾਲ ਸਤਰਾਂ ਸੈ ਸਤਵੰਜਾ ਕਤਿਕ ਪ੍ਰਵਿਸ਼ਟੇ ਬਾਰਾਂ, ਰਵੀਵਾਰ ਕੇ ਦਿਹੁੰ, ਨਿਰਮੋਹਗੜ੍ਹ ਕੇ ਮਲ੍ਹਾਨ, ਪਰਗਨਾ ਕਹਿਲੂਰ ਸਾਮੇ੍ਹਂ ਜੂਝ ਕਰ ਮਰੇ’’ (ਭੱਟ ਵਹੀ ਤਲਾਉਂਢਾ ਪਰਗਨਾ ਜੀਂਦ, ਖਾਤਾ ਉਦਾਨਿਓਂ ਕਾ)

(11). ਬਸਾਲੀ ਰਹਿੰਦਿਆਂ ਗੁਰੂ ਜੀ 20 ਅਕਤੂਬਰ 1700 ਦੇ ਦਿਨ ਸ਼ਿਕਾਰ ਖੇਡਣ ਨੇੜੇ ਦੀਆਂ ਪਹਾੜੀਆਂ ’ਤੇ ਗਏ। ਇੱਕ ਬਘਿਆੜ ਦਾ ਪਿੱਛਾ ਕਰਦਿਆਂ ਆਪ ਬਸਾਲੀ ਤੋਂ 24 ਕਿਲੋਮੀਟਰ ਦੂਰ ਖੇੜਾ ਅਤੇ ਕਲਮੋਟ ਦੀਆਂ ਪਹਾੜੀਆਂ ਵੱਲ ਨਿਕਲ ਗਏ। ਇੱਥੇ ਕਲਮੋਟ ਦੇ ਰੰਘੜਾਂ ਅਤੇ ਗੁੱਜਰਾਂ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ ਅਤੇ ਭਾਈ ਜੀਵਨ ਸਿੰਘ ਜੀ (ਸਪੁੱਤਰ ਭਾਈ ਪ੍ਰੇਮਾ ਜੀ ਅਤੇ ਪੋਤਾ ਭਾਈ ਮੂਲਾ ਜੀ, ਜੋ ਰਿਸ਼ਤੇ ’ਚ ਭਾਈ ਮਨੀ ਸਿੰਘ ਜੀ ਦਾ ਚਾਚਾ ਸੀ) ਮਾਰੇ ਗਏ। ਇਸ ਘਟਨਾ ਤੋਂ ਬਾਅਦ ਸਿੱਖਾਂ ਨੇ ਰੰਘੜਾਂ ਤੇ ਗੁੱਜਰਾਂ ਨੂੰ ਅਜਿਹਾ ਸੋਧਾ ਲਾਇਆ ਕਿ ਉਨ੍ਹਾਂ ਨੇ ਗੁਰੂ ਜੀ ਤੋਂ ਮੁਆਫ਼ੀ ਮੰਗ ਕੇ ਜਾਨ ਬਚਾਈ।

(12). 6 ਦਸੰਬਰ ਜੂਲੀਅਨ, 1705 (7 ਪੋਹ, ਸੰਮਤ 1762) ’ਚ ਗੁਰੂ ਸਾਹਿਬ ਅਤੇ ਪਹਾੜੀ ਫ਼ੌਜਾਂ ਦੀ ਲੰਬੀ ਲੜਾਈ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਸਮੇਂ ਓਥੇ ਗੁਰੂ ਸਾਹਿਬ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ ਅਤੇੇ ਤਕਰੀਬਨ ਪੰਜ ਕੁ ਸੌ ਸਿੰਘ ਹੀ ਬਚੇ ਸਨ, ਜਿਨ੍ਹਾਂ ਨੂੰ ਜਥਿਆਂ ’ਚ ਵੰਡਿਆ ਗਿਆ। ਇਨ੍ਹਾਂ ਜਥਿਆਂ ਦੀ ਅਗਵਾਈ ਭਾਈ ਮਨੀ ਸਿੰਘ ਜੀ ਦੇ ਦੋ ਸਪੁੱਤਰ ਭਾਈ ਉਦੈ ਸਿੰਘ ਜੀ ਅਤੇ ਭਾਈ ਬਚਿਤਰ ਸਿੰਘ ਜੀ ਕਰ ਰਹੇ ਸਨ ਅਤੇ ਇੱਕ ਹੋਰ ਜਥੇ ਦੀ ਅਗਵਾਈ ਭਾਈ ਜੈਤਾ ਸਿੰਘ ਜੀ ਕਰ ਰਹੇ ਸਨ, ਜੋ ਗੁਰੂ ਜੀ ਦਾ ਸੀਸ ਦਿੱਲੀਓਂ ਲੈ ਕੇ ਆਏ ਸੀ। ਸਭ ਤੋਂ ਬਾਅਦ ’ਚ ਭਾਈ ਜੈਤਾ ਜੀ ਦੇ ਜਥੇ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ, ਜਿਸ ਕਾਰਨ ਪਹਾੜੀ ਰਾਜਿਆਂ ਦੁਆਰਾ ਖਾਧੀਆਂ ਕਸਮਾਂ ਨੂੰ ਭੁਲਾ ਕੇ ਕੀਤੇ ਪਿਛਲੇ ਪਾਸਿਓਂ ਹਮਲੇ ਨਾਲ਼ ਲੜਦਿਆਂ ਸਭ ਤੋਂ ਪਹਿਲਾਂ ਇਨ੍ਹਾਂ ਦੇ ਜਥੇ ਨੇ ਹੀ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਦੂਜੀ ਲੜਾਈ ਸ਼ਾਹੀ ਟਿੱਬੀ ’ਤੇ ਭਾਈ ਉਦੈ ਸਿੰਘ ਜੀ ਦੇ ਜਥੇ ਨਾਲ਼ ਹੋਈ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਵਰਗਾ ਜੋੜਾ ਜਾਮਾ ਪਹਿਨਿਆ ਹੋਇਆ ਸੀ। ਅਜਮੇਰ ਚੰਦ ਨੇ ਭਾਈ ਉਦੈ ਸਿੰਘ ਦੇ ਕੱਪੜਿਆਂ ਨੂੰ ਵੇਖ ਗੁਰੂ ਗੋਬਿੰਦ ਸਿੰਘ ਸਾਹਿਬ ਮੰਨ ਲਿਆ ਤੇ ਸਿਰ ਕੱਟ ਕੇ ਰੋਪੜ ਦੇ ਨਵਾਬ ਵੱਲ ਭੇਜ ਦਿੱਤਾ ਤੇ ਕਹਿਣਾ ਸ਼ੁਰੂ ਕਰ ਦਿੱਤਾ ‘ਅਸੀਂ ਗੁਰੂ ਨੂੰ ਮਾਰ ਲਿਆ ਹੈ।’

ਇਸ ਲੜਾਈ ਦਾ ਵੇਰਵਾ ‘ਭੱਟ ਵਹੀ ਕਰਸਿੰਧੂ’ ’ਚ ਇਉਂ ਦਰਜ ਹੈ ‘‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ ’’

ਭਾਈ ਬਚਿੱਤਰ ਸਿੰਘ ਜੀ ਦਾ ਜਥਾ ਸਭ ਤੋਂ ਅੱਗੇ ਸੀ, ਜੋ ਸਰਸਾ ਨਦੀ ਪਾਰ ਕਰਦਿਆਂ ਰੰਗੜਾਂ ਨਾਲ਼ ਲੜਿਆ। ਇਸ ਵਿੱਚ ਭਾਈ ਸਾਹਿਬ ਬਹੁਤ ਜ਼ਖ਼ਮੀ ਹੋ ਗਏ ਅਤੇ ਪਿੱਛੇ ਆ ਰਹੇ ਗੁਰੂ ਸਾਹਿਬ ਦੇ ਜਥੇ ਨੇ ਆਪ ਨੂੰ ਨਿਹੰਗ ਖਾਨ ਦੇ ਘਰ (ਰੋਪੜ) ਪਹੁੰਚਾਇਆ। ਨਿਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ ਨੇ ਉਨ੍ਹਾਂ ਦੀ ਬੜੀ ਸੇਵਾ ਕੀਤੀ, ਪਰ ਗਹਿਰੇ ਜ਼ਖ਼ਮ ਕਾਰਨ ਭਾਈ ਬਚਿਤਰ ਸਿੰਘ ਜੀ 8 ਦਸੰਬਰ 1705 ਨੂੰ ਸ਼ਹੀਦੀ ਪਾ ਗਏ। ਆਪ ਦਾ ਸਸਕਾਰ ਭਾਈ ਗਰਸਾ ਸਿੰਘ ਗਹੂਣੀਆਂ ਸੈਣੀ ਅਤੇ ਭਾਈ ਬੱਗਾ ਸਿੰਘ ਤਰਖਾਣ ਨੇ ਰਾਤੋ-ਰਾਤ ਕਰ ਦਿੱਤਾ। ਇਸ ਘਟਨਾ ਦਾ ਵੇਰਵਾ ਹੇਠਲੀਆਂ ਦੋ ਭੱਟ ਵਹੀਆਂ ’ਚ ਦਰਜ ਹੈ :

‘‘ਬਚਿਤਰ ਸਿੰਘ ਬੇਟਾ ਮਨੀ ਸਿੰਘ ਕਾ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਕਾ, ਚੰਦਰਬੰਸੀ ਭਾਰਦਵਾਜੀ ਗੋਤਰ ਪੁਆਰ, ਬੰਸ ਬੀਂਝੇ ਕਾ ਬੰਝਰਉਤ, ਜਲ੍ਹਾਨਾ, ਬਲਉਂਤ, ਗੁਰੂ ਕਾ ਬਚਨ ਪਾਇ ਸੰਮਤ 1762 ਪੋਖ ਮਾਸੇ ਸੁਦੀ ਦੂਜ ਕੋ, ਮਲਕਪੁਰਰੰਘੜਾਂਕੇ ਮਲ੍ਹਾਨ ਰੰਘੜਾਂ ਕੇ ਹਾਥ ਸੇ ਘਾਇਲ ਹੋਇ ਪੋਖ ਮਾਸੇ ਸੁਦੀ ਚਉਥ ਸ਼ੁਕਰਵਾਰ ਕੇ ਦਿਹੁੰ ਡੇਢ ਪਹਿਰ ਰਾਤ ਗਈ, ਕੋਟਲਾ ਨਿਹੰਗ ਮੇਂ ਸੁਆਸ ਪੂਰੇ ਹੂਏ ਸੁਦਾਗਰ ਕੀ ਪਤ ਗੁਰੂ ਰਾਖੀ, ਇਸ ਕੀ ਬੇਟੀ ਮੁਮਤਾਜ ਕਾ ਸਤ ਰਹਾ’’ (ਭੱਟ ਵਹੀ ਤਲਉਂਢਾ)

‘‘ਬਚਿਤਰ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ. ਗੁਰੂ ਕਾ ਬਚਨ ਪਾਇ, ਸਾਲ ਸਤਰਾਂ ਸੈ ਬਾਸਠ, ਪੋਖ ਮਾਸੇ ਸੁਦੀ ਦੂਜ, ਵੀਰਵਾਰ ਕੇ ਦਿਹੁੰ, ਮਲਕਪੁਰ ਕੇ ਮਲ੍ਹਾਨ ਪ੍ਰਗਨਾ ਰੋਪਰ, ਰੰਘੜਾਂ ਗੈਲ ਜੁਧ ਮੇਂ ਘਾਇਲ ਹੋਇ, ਗਾਮ ਕੋਟਲਾ ਪ੍ਰਗਨਾ ਨਿਹੰਗ ਖਾਨ ਕੇ ਗ੍ਰਹਿ ਰਹਾ ਪੋਖ ਮਾਸੇ ਸੁਦੀ ਚੌਥ, ਸ਼ਨੀਵਾਰ ਕੇ ਦਿਵਸ, ਡੇਢ ਪਹਿਰ ਰੈਣ ਗਈ, ਸੁਆਸ ਪੂਰੇ ਹੋਏ ਨਿਹੰਗ ਖਾਨ ਕੀ ਪਤ ਗੁਰੂ ਰਾਖੀ, ਏਸ ਕੀ ਬੇਟੀ ਕਾ ਸਤ ਰਹਾ ’’ (ਭੱਟ ਵਹੀ ਤਲਉਂਢਾ, ਪਰਗਨਾ ਜੀਂਦ)

(13). ਚਮਕੌਰ ਸਾਹਿਬ ਵਿਖੇ ਸ਼ਹੀਦ ਹੋਣ ਵਾਲੇ 40 ਸਿੰਘਾਂ ’ਚ ਭਾਈ ਮਨੀ ਸਿੰਘ ਜੀ ਦੇ ਤਿੰਨ ਪੁੱਤਰ ਅਤੇ ਇੱਕ ਭਰਾ ਵੀ ਸੀ।  ਸ਼ਹੀਦ ਹੋਏ 40 ਸਿੰਘਾਂ ਦੇ ਨਾਂ ਹਨ : 1. ਭਾਈ ਹਿੰਮਤ ਸਿੰਘ 2. ਭਾਈ ਮੋਹਕਮ ਸਿੰਘ 3. ਭਾਈ ਸਾਹਿਬ ਸਿੰਘ (ਤਿੰਨੇ ਪਿਆਰੇ) 4. ਭਾਈ ਦੇਵਾ ਸਿੰਘ 5. ਭਾਈ ਰਾਮ ਸਿੰਘ 6. ਭਾਈ ਟਹਿਲ ਸਿੰਘ 7. ਭਾਈ ਈਸ਼ਰ ਸਿੰਘ 8. ਭਾਈ ਫ਼ਤਹਿ ਸਿੰਘ (ਪੰਜੇ ਮੁਕਤੇ) 9. ਭਾਈ ਅਨਕ ਸਿੰਘ 10. ਭਾਈ ਅਜਬ ਸਿੰਘ 11. ਭਾਈ ਅਜਾਇਬ ਸਿੰਘ (ਭਾਈ ਮਨੀ ਸਿੰਘ ਜੀ ਦੇ ਤਿੰਨੇ ਪੁੱਤਰ) 12. ਭਾਈ ਦਾਨ ਸਿੰਘ (ਭਾਈ ਮਨੀ ਸਿੰਘ ਜੀ ਦਾ ਭਰਾ) 13. ਭਾਈ ਆਲਿਮ ਸਿੰਘ ‘ਨੱਚਣਾ’ 14. ਭਾਈ ਵੀਰ ਸਿੰਘ (ਭਾਈ ਆਲਿਮ ਸਿੰਘ ‘ਨੱਚਣਾ’ ਦਾ ਭਰਾ) 15. ਭਾਈ ਮੋਹਰ ਸਿੰਘ 16. ਭਾਈ ਅਮੋਲਕ ਸਿੰਘ (ਭਾਈ ਆਲਿਮ ਸਿੰਘ ‘ਨੱਚਣਾ’ ਦੇ ਦੋਵੇਂ ਪੁੱਤਰ) 17. ਭਾਈ ਮਦਨ ਸਿੰਘ 18. ਭਾਈ ਕਾਠਾ ਸਿੰਘ 19. ਭਾਈ ਨਾਹਰ ਸਿੰਘ 20. ਭਾਈ ਸ਼ੇਰ ਸਿੰਘ 21. ਭਾਈ ਕਿਰਪਾ ਸਿੰਘ ਦੱਤ ਤੇ ਉਸ ਦਾ ਭਰਾ 22. ਭਾਈ ਸਨਮੁਖ ਸਿੰਘ 23. ਭਾਈ ਨਾਨੂੰ ਸਿੰਘ ਦਿਲਵਾਲੀ 24. ਭਾਈ ਬਖਸ਼ਿਸ਼ ਸਿੰਘ 25. ਭਾਈ ਗੁਰਬਖਸ਼ੀਸ਼ ਸਿੰਘ 26. ਭਾਈ ਮੁਕੰਦ ਸਿੰਘ 27. ਭਾਈ ਮੁਕੰਦ ਸਿੰਘ (ਦੂਜਾ) 28. ਭਾਈ ਖ਼ਜ਼ਾਨ ਸਿੰਘ 29. ਭਾਈ ਲਾਲ ਸਿੰਘ 30. ਭਾਈ ਜਵਾਹਰ ਸਿੰਘ 31. ਭਾਈ ਕੀਰਤ ਸਿੰਘ 32. ਭਾਈ ਸ਼ਾਮ ਸਿੰਘ 33. ਭਾਈ ਹੁਕਮ ਸਿੰਘ 34. ਭਾਈ ਕੇਸਰਾ ਸਿੰਘ 35. ਭਾਈ ਧੰਨਾ ਸਿੰਘ 36. ਭਾਈ ਸੁੱਖਾ ਸਿੰਘ 37. ਭਾਈ ਬੁੱਢਾ ਸਿੰਘ 38. ਭਾਈ ਅਨੰਦ ਸਿੰਘ 39. ਭਾਈ ਸੰਤ ਸਿੰਘ ਬੰਗੇਸ਼ਰੀ 40. ਭਾਈ ਸੰਗਤ ਸਿੰਘ ਅਰੋੜਾ (ਆਖ਼ਰੀ ਦੋਵੇਂ 9 ਦਸੰਬਰ ਦੀ ਸਵੇਰ ਨੂੰ ਸ਼ਹੀਦ ਹੋਏ, ਜਦ ਰਾਤ ਨੂੰ ਕੁਝ ਸਿੰਘਾਂ ਸਮੇਤ ਗੁਰੂ ਸਾਹਿਬ ਜੀ ਉੱਥੋਂ ਚਲੇ ਗਏ ਸਨ।

ਭਾਈ ਨਿਹੰਗ ਖਾਨ ਦੀ ਭੈਣ ਬੀਬੀ ਉਮਰੀ ਦੇ ਸਪੁੱਤਰ ‘ਭਾਈ ਨਬੀ ਖਾਨ ਤੇ ਗ਼ਨੀ ਖਾਨ’ ਸਨ, ਜੋ ਰੋਪੜ ਦੇ ਨਵਾਬ ਮਲੇਰੀਏ ਪਠਾਣ ਦੀ ਫ਼ੌਜ ’ਚ ਸਨ। ਇਹ ਦੋਵੇਂ ਮਾਛੀਵਾੜੇ ਦੇ ਰਹਿਣ ਵਾਲੇ ਸੀ। ਡਾ. ਦਲਗੀਰ ਸਿੰਘ ਮੁਤਾਬਕ ਇਹ ਦੋਵੇਂ ਗੁਰੂ ਸਾਹਿਬ ਨੂੰ ਓਥੋਂ ਲੈ ਕੇ ਗਏ ਸਨ।)

7 ਤੋਂ 9 ਦਸੰਬਰ 1705 ਦੀ ਰਾਤ ਤੱਕ ਚਮਕੌਰ ਦੀ ਗੜ੍ਹੀ ’ਚ ਹਾਜ਼ਰ 45 ਸਿੰਘਾਂ ਤੇ ਦੋ ਸਾਹਿਬਜ਼ਾਦਿਆਂ ਵਿੱਚੋਂ, ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਤਿੰਨ ਪਿਆਰੇ (ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ) ਸਮੇਤ 38 ਸਿੰਘ ਸ਼ਹੀਦ ਹੋ ਚੁੱਕੇ ਸਨ। ਬਾਕੀ 7 ਸਿੱਖ ਹੀ ਬਚੇ ਸਨ ‘ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਦਯਾ ਸਿੰਘ ਪੁਰੋਹਤ, ਭਾਈ ਮਾਨ ਸਿੰਘ ਨਿਸ਼ਾਨਚੀ, ਭਾਈ ਰਾਮ ਸਿੰਘ (ਸਪੁੱਤਰ ਭਾਈ ਬਚਿਤਰ ਸਿੰਘ ਤੇ ਪੋਤਾ ਭਾਈ ਮਨੀ ਸਿੰਘ ਜੀ), ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ। ਅੰਤ ’ਚ ਕੇਵਲ ਦੋ ਸਿੱਖ ‘ਭਾਈ ਸੰਤ ਸਿੰਘ ਜੀ ਅਤੇ ਭਾਈ ਸੰਗਤ ਸਿੰਘ ਜੀ ਹੀ ਰਹਿ ਗਏ ਸਨ। ਬਾਕੀ ਸਿੱਖ ਗੁਰੂ ਜੀ ਦੇ ਨਾਲ਼-ਨਾਲ਼ ਚਲੇ ਗਏ ਸਨ।

(14). ਖਿਦਰਾਣੇ ਦੀ ਢਾਬ (ਮੁਕਤਸਰ) ਦੀ ਜੰਗ ਵਿੱਚ ਸ਼ਹੀਦ ਹੋਣ ਵਾਲ਼ੇ 37 ਸਿੰਘਾਂ ਵਿੱਚ ਵੀ ਭਾਈ ਮਨੀ ਸਿੰਘ ਜੀ ਦਾ ਭਰਾ ਭਾਈ ਰਾਏ ਸਿੰਘ ਮੁਲਤਾਨੀ ਅਤੇ ਉਨ੍ਹਾਂ ਦਾ ਸਪੁੱਤਰ ਭਾਈ ਮਹਾਂ ਸਿੰਘ ਜੀ ਸ਼ਾਮਲ ਸੀ।

ਉਕਤ ਵੇਰਵਿਆਂ ਤੋਂ ਸਾਫ਼ ਹੁੰਦਾ ਹੈ ਕਿ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦਾ ਪੂਰਾ ਵੰਸ਼ਜ ਗੁਰੂ ਘਰ ਲਈ ਕੁਰਬਾਨ ਹੋਣ ਨੂੰ ਕਿੰਨਾ ਮਹੱਤਵ ਦਿੰਦਾ ਰਿਹਾ ਹੈ। ਦਸਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾ ਜਾਣ ਉਪਰੰਤ ਵੀ ਭਾਈ ਸਾਹਿਬ ਜੀ ਨੇ 26 ਸਾਲ ਤੱਕ ਸਿੱਖ ਕੌਮ ਦੀ ਅਗਵਾਈ ਕਰਦਿਆਂ ਅਨੇਕਾਂ ਅਹਿਮ ਰੋਲ ਅਦਾ ਕੀਤੇ। ਭਾਈ ਸਾਹਿਬ ਜੀ ਨੇ ਗੁਰੂ ਦੇ ਚੱਕ (ਅੰਮ੍ਰਿਤਸਰ) ਵਿਖੇ ਲੰਬਾ ਸਮਾਂ ਸੇਵਾ ਨਿਭਾਈ ਹੈ।

ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਲੰਬਾ ਸਮਾਂ ਜੰਗਲ਼ਾਂ ਵਿੱਚ ਰਹਿਣਾ ਪਿਆ। ਭਾਈ ਸਾਹਿਬ ਨੇ ਅਜਿਹੇ ਬਿਖੜੇ ਸਮੇਂ ਦੌਰਾਨ ਵੀ ਗੁਰੂ ਦੇ ਚੱਕ ਦੇ ਇਰਦ ਗਿਰਦ ਰਹਿੰਦਿਆਂ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ। ਸਿੱਖ ਸੰਗਤਾਂ ਨੂੰ ਲੋੜ ਪੈਣ ’ਤੇ ਇਕੱਠੇ ਕਰ ਉਨ੍ਹਾਂ ਦੇ ਮਤਭੇਦ ਵੀ ਦੂਰ ਕਰਦੇ ਰਹਿੰਦੇ।

ਸੰਨ 1734 ਦੀ ਵਿਸਾਖੀ ਵਾਲ਼ੇ ਦਿਨ (ਇਤਿਹਾਸ ’ਚ 1733 ਦੀ ਦਿਵਾਲੀ ਵੀ ਲਿਖਿਆ ਹੈ, ਪਰ ਫਿਰ ਗ੍ਰਿਫ਼ਤਾਰੀ 6-7 ਮਹੀਨਿਆਂ ਬਾਅਦ ਕਿਉਂ ?) ਭਾਈ ਸਾਹਿਬ ਨੇ ਗੁਰੂ ਦੇ ਚੱਕ ਵਿਖੇ ਸਰਬੱਤ ਖ਼ਾਲਸਾ ਇਕੱਠ ਬੁਲਾਉਣ ਦਾ ਫ਼ੈਸਲਾ ਕਰ ਲਿਆ। ਸੂਬਾ ਲਾਹੌਰ ਜ਼ਕਰੀਆ ਨੇ ਸਿੱਖਾਂ ਦੁਆਰਾ ਧਾਰਮਿਕ ਸਮਾਗਮ ਕਰਨ ’ਤੇ ਪਾਬੰਦੀ ਲਗਾ ਦਿੱਤੀ। ਇਸ ਪਾਬੰਦੀ ਨੂੰ ਹਟਾਉਣ ਲਈ 10,000 ਰੁਪਏ ਸਰਕਾਰ ਨੂੰ ਦੇਣ ਦੀ ਸ਼ਰਤ ਰੱਖੀ ਗਈ।  ਦੂਸਰੇ ਪਾਸੇ ਆਪਣੇ ਵਜ਼ੀਰ ਲਖਪਤ ਰਾਏ ਨੂੰ ਫ਼ੌਜ ਦੇ ਕੇ ਗੁਰੂ ਦੇ ਚੱਕ ਭੇਜ ਦਿੱਤਾ। ਉਸ ਨੇ ਰਾਮ ਤੀਰਥ ਵਾਲ਼ੀ ਜਗ੍ਹਾ ਫ਼ੌਜ ਜਮਾ ਕਰ ਲਈ। ਉਹ ਅੰਦਰੋਂ ਅੰਦਰੀ ਸਿੱਖਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਭਾਈ ਸਾਹਿਬ ਨੇ ਸਥਿਤੀ ਨੂੰ ਭਾਂਪਦਿਆਂ ਸਿੱਖਾਂ ਨੂੰ ਗੁਰੂ ਦੇ ਚੱਕ ਨਾ ਆਉਣ ਦੇ ਸੁਨੇਹੇ ਭੇਜ ਦਿੱਤੇ।

ਭਾਈ ਸਾਹਿਬ ਜੀ ਨੇ ਸਰਕਾਰ ਨਾਲ਼ ਮਿੱਥੀ ਰਕਮ ਨਾ ਦਿੱਤੀ। ਜ਼ਕਰੀਆ ਖ਼ਾਨ ਨੇ 90 ਸਾਲ ਦੇ ਬਜ਼ੁਰਗ ਭਾਈ ਮਨੀ ਸਿੰਘ ਸਮੇਤ ਉਨ੍ਹਾਂ ਦੇ ਭਰਾ ਜਗਤ ਸਿੰਘ, ਉਨ੍ਹਾਂ ਦੇ ਪੁੱਤਰ ਚਿੱਤਰ ਸਿੰਘ ਤੇ ਗੁਰਬਖ਼ਸ਼ ਸਿੰਘ, ਉਨ੍ਹਾਂ ਦੀ ਸਿੰਘਣੀ ਬਸੰਤ ਕੌਰ, ਗੁਲਜ਼ਾਰ ਸਿੰਘ, ਰਣ ਸਿੰਘ, ਸੰਗਤ ਸਿੰਘ, ਭੂਪਤ ਸਿੰਘ ਆਦਿਕ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਾਹੌਰ ਲਿਜਾਇਆ ਗਿਆ। ਜਿਥੇ ਸਖ਼ਤ ਤਸੀਹੇ ਦਿੰਦਿਆਂ 24 ਜੂਨ ਜੂਲੀਅਨ 1734 (ਹਾੜ ਸੁਦੀ 5, 24 ਹਾੜ ਸੰਮਤ 1791) ਵਿੱਚ ਸਭ ਨੂੰ ਸ਼ਹੀਦ ਕਰ ਦਿੱਤਾ ਗਿਆ ਹਾੜ੍ਹ ਸੁਦੀ ਪੰਚਮ ਥਿਤ ਆਹੀ ਸਤ੍ਰਹ ਸੈ ਇਕਾਨਵੈਂ ਮਾਹੀ ਜਾਇ ਨਿਖਾਸ ਚੌਂਕ ਕੇ ਬੀਚ ਸੂਬੇ ਖ਼ਾਨ ਬਹਾਦਰ ਨੀਚ ਪਹਿਲੋਂ ਮਨੀ ਸਿੰਘ ਕੇ ਤਾਈ ਕਾਜੀ ਫ਼ਤਵਾ ਦੀਯੋ ਸੁਣਾਈ ਤਿਸੈ ਗੈਲ ਜਲਾਦੈ ਆਇ ਬੰਦ ਬੰਦ ਦੀਯੇ ਜੁਦਾ ਕਰਾਇ ਪੀਛੇ ਸਿੰਘ ਗੁਲਜਾਰੇ ਕੇਰੀ ਪੁੱਠੀ ਖੱਲ ਲਾਹੀ ਬਿਨ ਦੇਰੀ ਭੂਪਤ ਸਿੰਘ ਕੀ ਆਂਖ ਕਢਾਇ ਫੇਰ ਚਰਖੜੀ ਦੀਯੋ ਚਢਾਇ ਜਹਾਂ ਭਯੋ ਇਹ ਸਾਕਾ ਭਾਰੀ ਖ਼ਲਤ ਦੇਖਣ ਆਈ ਸਾਰੀ ਸੇਵਾ ਹਰੀ ਜਿਤਕ ਸਿੰਘ ਔਰ ਕਰੈ ਸ਼ਹੀਦ ਦੁਸ਼ਟ ਤਿਹ ਠੌਰ (ਸੇਵਾ ਸਿੰਘ, ਸ਼ਹੀਦ ਬਿਲਾਸ)