ਕੌਮ ਦਾ ਅਨਮੋਲ ਹੀਰਾ, ਜਿਸ ਨੇ ਬਾਣੀ ਨੂੰ ਆਪ ਪੜ੍ਹਿਆ ਜਾਂ ਪੜ੍ਹਾਇਆ ਹੀ ਨਹੀਂ ਬਲ ਕੇ ਜੀਵਿਆ ਵੀ।
ਬੀਬੀ ਕਮਲਜੀਤ ਕੌਰ (ਗੁਰਮਤਿ ਗਿਆਨ ਮਿਸ਼ਨਰੀ ਕਾਲਜ)
ਗੁਰਬਾਣੀ ਦੇ ਵਾਕ ‘‘ਸਤਿਗੁਰ ਕੀ ਬਾਣੀ, ਸਤਿ ਸਰੂਪੁ ਹੈ; ਗੁਰਬਾਣੀ ਬਣੀਐ ॥’’ (ਮਹਲਾ ੪/੩੦੪) ਨੂੰ ਜਸਪਾਲ ਸਿੰਘ ਵੀਰ ਜੀ ਨੇ ਆਪਣੇ ਜੀਵਨ ਵਿੱਚ ਕਮਾਇਆ ਹੋਇਆ ਸੀ। ਉਨ੍ਹਾਂ ਨਾਲ ਨੇੜਤਾ ਵਿੱਚ ਵਿਚਰਦੇ ਹੋਏ ਮੈਂ ਇਹ ਮਹਿਸੂਸ ਕੀਤਾ ਕਿ ਗੁਰਬਾਣੀ ਦਾ ਇਹ ਕਥਨ ਸੱਚ ਹੈ ਕਿ ਗੁਰੂ ਦਾ ਸਿੱਖ ਬਾਣੀ ਰਾਹੀਂ ਸੱਚ ਸਰੂਪ ਬਣ ਜਾਂਦਾ ਹੈ। ਮੇਰੀ ਉਨ੍ਹਾਂ ਨਾਲ ਪਿੱਛਲੇ ਇਕ ਦਹਾਕੇ ਤੋਂ ਸਾਂਝ ਸੀ, ਜਿੱਥੇ ਉਨ੍ਹਾਂ ਕੋਲ ਬੈਠ ਕੇ ਬਾਣੀ ਦੇ ਅਰਥ ਸਮਝਣ ਦਾ ਸੁਭਾਗਾ ਸਮਾਂ ਹਾਸਲ ਹੋਇਆ ਓਥੇ ਬਾਣੀ ਦੇ ਸਿਧਾਂਤ ਪ੍ਰਤੀ ਦ੍ਰਿੜ੍ਹਤਾ ਅਤੇ ਪਿਆਰ ਵੀ ਸਿੱਖਣ ਨੂੰ ਮਿਲਿਆ। ਉਨ੍ਹਾਂ ਨੇ ਮੈਨੂੰ ਇੱਕ ਬੱਚੇ ਦੀ ਨਿਆਈਂ ਮੇਰੀ ਉਂਗਲ ਫੜ ਕੇ ਜਿੱਥੇ ਮੇਰੇ ਅੰਦਰ ਗੁਰਮਤਿ ਪ੍ਰਤੀ ਦ੍ਰਿੜ੍ਹਤਾ ਭਰੀ ਉੱਥੇ ਨਾਲ਼ ਹੀ ਹੋਰਾਂ ਦੀਆਂ ਕਲਾਸਾਂ ਲੈਣ ਲਈ ਪ੍ਰੇਰਿਤ ਵੀ ਕੀਤਾ ਅਤੇ ਇਹ ਸਮਝਾਇਆ ਕਿ ਇੱਕ ਸਿੱਖ ਦੇ ਜੀਵਨ ਦਾ ਮਨੋਰਥ ਹੈ ਕਿ ਉਸ ਨੇ ਜੋ ਗੁਰੂ ਕੋਲੋਂ ਸਿੱਖਿਆ ਹੈ ਉਸ ਨੂੰ ਬਾਕੀਆਂ ਵਿੱਚ ਵੀ ਵੰਡੇ।
ਆਪਣੀ ਉਮਰ ਦੇ ਇਸ ਅੰਤਲੇ ਪੜਾਅ ਵਿੱਚ ਜਦੋਂ ਵੀ ਮੈਂ ਉਨ੍ਹਾਂ ਵੱਲ ਦੇਖਦੀ ਸੀ ਤੇ ਹੈਰਾਨ ਹੁੰਦੀ ਸੀ ਕਿ ਗੁਰਮਤਿ ਦੇ ਕਾਰਜਾਂ ਨੂੰ ਨਿਭਾਉਣ ਲਈ ਉਨ੍ਹਾਂ ਦੇ ਮਨ ਵਿੱਚ ਜਿੰਨਾ ਉਤਸ਼ਾਹ ਅਤੇ ਦ੍ਰਿੜ੍ਹਤਾ ਨਜ਼ਰ ਆਉਂਦੀ ਸੀ, ਉਹ ਸ਼ਾਇਦ ਕਿਸੇ ਨੌਜਵਾਨ ਵਿੱਚ ਵੀ ਦੇਖਣ ਨੂੰ ਨਾ ਮਿਲੇ। ਆਪਣੀ ਕੌਮ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਨ੍ਹਾਂ ਨੇ ਸਰੀਰਕ ਦੁੱਖ ਤਕਲੀਫ਼ਾਂ ਨੂੰ ਰਸਤਾ ਦਾ ਰੋੜਾ ਨਹੀਂ ਬਣਨ ਦਿੱਤਾ ਬਲਕਿ ਹਰ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਦਾ ਸਹਿਜ ਸੁਭਾਅ ਤੇ ਮਿੱਠੜੇ ਬੋਲ ਹਰ ਕਿਸੇ ਨੂੰ ਆਪਣਾ ਬਣਾ ਲੈਂਦੇ ਸਨ। ਬੱਚਿਆਂ ਨਾਲ਼ ਬੱਚੇ ਅਤੇ ਵੱਡਿਆਂ ਨਾਲ ਵੱਡੇ ਬਣਨ ਦਾ ਤਰੀਕਾ ਉਨ੍ਹਾਂ ਨੂੰ ਬਾਖ਼ੂਬੀ ਆਉਂਦਾ ਸੀ।
ਮੈਨੂੰ ਅੱਜ ਵੀ ਯਾਦ ਹੈ ਕਿ ਜਨਵਰੀ ਮਹੀਨੇ ਦੀ ਉਹ ਠੰਡ ਅਤੇ ਧੁੰਦ ਭਰੀ ਸਵੇਰ ਜਦੋਂ ਵੀਰ ਜੀ ਆਪ ਗੱਡੀ ਚਲਾ ਕੇ ਮੇਰੇ ਨਾਲ ਫਿਰੋਜ਼ਪੁਰ ਪਹੁੰਚੇ ਤੇ ਪ੍ਰਬੰਧਕ ਇਸ ਗੱਲ ’ਤੇ ਹੈਰਾਨ ਸਨ ਕਿ ਉਮਰ ਦੇ ਇਸ ਪੜਾਅ ਵਿੱਚ ਜਦੋਂ ਬੰਦਾ ਸਫ਼ਰ ਕਰਨ ਵਿੱਚ ਵੀ ਗੁਰੇਜ਼ ਕਰਦਾ ਹੈ ਤਦ ਵੀਰ ਜੀ ਆਪ ਗੱਡੀ ਚਲਾ ਕੇ ਪਹੁੰਚ ਗਏ। ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਹੋਰ ਘਟਨਾਵਾਂ ਵੀਰ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ, ਜੋ ਉਨ੍ਹਾਂ ਦੇ ਅੰਦਰ ਕੌਮ ਪ੍ਰਤੀ ਪਿਆਰ ਅਤੇ ਸਮਰਪਣ ਦੀ ਭਾਵਨਾ ਨੂੰ ਪ੍ਰਗਟ ਕਰਦੀਆਂ ਹਨ।
ਜੇ ਮੈਂ ਆਪਣੀ ਗੱਲ ਕਰਾਂ ਤਾਂ ਆਪਣੇ ਜੀਵਨ ਵਿੱਚ ਜਿੰਨੀ ਕੁ ਬਾਣੀ ਪ੍ਰਤੀ ਸਮਝ ਅਤੇ ਪਿਆਰ ਦੀ ਚਿਣਗ ਨੂੰ ਮਹਿਸੂਸ ਕਰਦੀ ਹਾਂ ਉਹ ਇਸ ਪਿਤਾ ਸਮਾਨ ਵੀਰ ਦੀਆਂ ਮਿਹਰਬਾਨੀਆਂ ਸਦਕਾ ਹੈ। ਮੈਂ ਆਖਰੀ ਸਵਾਸਾਂ ਤੱਕ ਇਨ੍ਹਾਂ ਦੇਣੀਆਂ ਦਾ ਕਰਜ਼ ਨਹੀਂ ਉਤਾਰ ਸਕਦੀ। ਅੰਤ ਭਾਈ ਗੁਰਦਾਸ ਜੀ ਦੀਆਂ ਇਹ ਪੰਗਤੀਆਂ, ਜੋ ਮੈਨੂੰ ਇੰਝ ਲੱਗਦੀਆਂ ਹਨ; ਜਿਵੇਂ ਵੀਰ ਜੀ ਦੇ ਜੀਵਨ ’ਤੇ ਇੰਨ ਬਿੰਨ ਢੁੱਕਦੀਆਂ ਹੋਣ ‘‘ਗੁਰਮੁਖਿ ਕਾਰ ਕਮਾਇ, ਭਾਣਾ ਭਾਇਆ। ਗੁਰਮੁਖਿ ਆਪੁ ਗਵਾਇ, ਸਚਿ ਸਮਾਇਆ। ਸਫਲੁ ਜਨਮੁ ਜਗਿ ਆਇ; ਜਗਤੁ ਤਰਾਇਆ ॥’’ (ਭਾਈ ਗੁਰਦਾਸ ਜੀ, ਵਾਰ ੨੦ ਪਉੜੀ ੨੧)