ਸ. ਭਗਤ ਸਿੰਘ ਹੋਰਾਂ ਨੂੰ ਬਿਨਾਂ ਸਬੂਤਾਂ ਤੋਂ ਦਿੱਤੀ ਸੀ ਫਾਂਸੀ..!

0
343

ਸ. ਭਗਤ ਸਿੰਘ ਹੋਰਾਂ ਨੂੰ ਬਿਨਾਂ ਸਬੂਤਾਂ ਤੋਂ ਦਿੱਤੀ ਸੀ ਫਾਂਸੀ..!

ਡਾ. ਪਰਗਟ ਸਿੰਘ ਬੱਗਾ (ਕੈਨੇਡਾ) – ਫੋਨ: 905 531 8901

ਸਰ-ਫ਼ਰੋਸ਼ੀ ਦੀ ਤਮੰਨਾ ਤੋਂ ਬਿਨਾਂ ਆਜ਼ਾਦੀ ਦੀਆਂ ਜੰਗਾਂ ਲੜੀਆਂ ਨਹੀਂ ਜਾ ਸਕਦੀਆਂ। ਇਰਾਦਾ ਹੋਵੇ ਦ੍ਰਿੜ੍ਹ ਤਾਂ ਪਰਬਤ ਵੀ ਹਿਲਾਇਆ ਜਾ ਸਕਦਾ ਹੈ। ਜਿਹੜੇ ਲੋਕ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਇਤਿਹਾਸ ਸਿਰਜਦੇ ਹਨ, ਉਹ ਆਪਣੇ ਲਕਸ਼ ਦੀ ਪ੍ਰਾਪਤੀ ਨੂੰ ਸਮਰਪਿਤ ਹੁੰਦੇ ਸਨ। ਦਿਲਾਂ ਵਿੱਚ ਜਿੱਤ ਦੀ ਸਿੱਕ ਰੱਖਣ ਵਾਲੇ ਆਜ਼ਾਦੀ ਦੇ ਨਾਇਕ ਹਾਲਾਤਾਂ ਨਾਲ ਸਮਝੌਤਾ ਨਹੀਂ ਕਰਦੇ ਬਲਕਿ ਹਾਲਾਤਾਂ ਨੂੰ ਹਿੰਮਤ ਨਾਲ ਬਦਲਣ ਦਾ ਦਮ-ਖ਼ਮ ਰੱਖਦੇ ਹਨ। ਜਿਨ੍ਹਾਂ ਦੇ ਹਿਰਦੇ ’ਚ ਪ੍ਰਤਿਭਾ, ਸਮਰਪਣ ਅਤੇ ਜੋਸ਼ ਦੇ ਨਾਲ ਨਾਲ ਹੋਸ਼ ਦੇ ਗੁਣ ਭਰੇ ਹੋਣ; ਸਫਲਤਾਵਾਂ ਉਨ੍ਹਾਂ ਦੇ ਉਦਮੀ ਪੈਰਾਂ ਨੂੰ ਚੁੰਮ ਕੇ ਧੰਨ ਹੁੰਦੀਆਂ ਹਨ। ਅਜਿਹੇ ਲੋਕ ਆਪਣੇ ਬਲਬੂਤੇ ’ਤੇ ਵੱਡੀਆਂ-ਵੱਡੀਆਂ ਪ੍ਰਾਪਤੀਆਂ ਆਪਣੇ ਨਾਂ ’ਤੇ ਕਰ ਲੈਂਦੇ ਹਨ। ਮੱਥਾ ਨੂਰੋ-ਨੂਰ ਹੋ ਜਾਂਦਾ ਹੈ, ਐਸੇ ਬਹਾਦਰਾਂ ਦੇ ਕਰਤੱਵਾ ਨੂੰ ਵੇਖ ਕੇ। ਤੱਕਣ ਵਾਲੇ ਦੀ ਸ਼ਖ਼ਸੀਅਤ ਵਿੱਚ ਨਿਖ਼ਾਰ, ਦ੍ਰਿਸ਼ਟੀ ਡੂੰਘੇਰੀ, ਵਫ਼ਾ ਬਲਿਹਾਰੀ ਅਤੇ ਖੁੱਲ੍ਹ-ਖੁਲਾਸੀ ਹੋ ਜਾਂਦੀ ਹੈ। ਕੁੱਝ ਅਜਿਹੇ ਹੀ ਗੁਣਾਂ ਦੇ ਮਾਲਕ ਸਨ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ, ਜਿਨ੍ਹਾਂ ਹੱਸਦੇ-ਹੱਸਦੇ 23 ਮਾਰਚ 1931 ਨੂੰ ਭਾਰਤ ਦੀ ਆਜ਼ਾਦੀ ਦੇ ਹਵਨ-ਕੁੰਡ ਵਿੱਚ ਆਪਣੀਆਂ ਜਾਨਾਂ ਦੀ ਆਹੂਤੀ ਦਿੱਤੀ।  

ਦਰਅਸਲ ਬ੍ਰਿਟਿਸ਼ ਸਰਕਾਰ ਨੇ, ਜਿਸ ਅੰਗਰੇਜ਼ ਅਫ਼ਸਰ ਡਿਪਟੀ ਪੁਲਿਸ ਸੁਪਰਡੈਂਟ ਜੌਹਨ. ਪੌਇਨਜ ਸਾਂਡਰਸ ਦੇ ਕਤਲ ਦੇ ਦੋਸ਼ ਤਹਿਤ ਸ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਤਖਤੇ ’ਤੇ ਲਟਕਾਇਆ ਸੀ, ਉਸ ਅਫ਼ਸਰ ਦੇ ਕਤਲ ਕੇਸ ਦੀ FIR ਦੀ ਫਾਈਲ ਨਾਲ ਨੱਥੀ ਸਾਰੇ ਦਸਤਾਵੇਜ਼ਾਂ ਵਿੱਚ ਸ. ਭਗਤ ਸਿੰਘ ਦਾ ਨਾਂ ਤਾਂ ਬੜੀ ਦੂਰ ਦੀ ਗੱਲ ਹੈ ਬਲਕਿ ਉਨ੍ਹਾਂ ਦੇ ਸੰਬੰਧ ਵਿੱਚ ਕਿਤੇ ਕੋਈ ਜ਼ਿਕਰ ਤੱਕ ਵੀ ਦਰਜ ਨਹੀਂ ਹੈ। ਪਾਰਖੂ ਨਜ਼ਰ ਵਾਲੇ ਖੋਜੀਆਂ ਦਾ ਦਾਹਵਾ ਹੈ ਕਿ 17 ਦਸੰਬਰ 1928 ਦੀ ਸ਼ਾਮ ਨੂੰ 4:30 ਵਜੇ ਸਾਂਡਰਸ ਕਤਲ ਕੇਸ ਨਾਲ ਸੰਬੰਧਿਤ ਇਕ FIR No.164/28 ਲਾਹੌਰ ਦੇ ਅਨਾਰਕਲੀ ਪੁਲਿਸ ਥਾਣੇ ਵਿੱਚ ਦਰਜ ਹੋਈ ਸੀ, ਜਿਸ ਦੇ ਆਧਾਰ ’ਤੇ ਸ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਗ੍ਰਿਫ਼ਤਾਰ ਕਰ ਫਾਂਸੀ ਦੇ ਤਖ਼ਤੇ ’ਤੇ ਲਟਕਾਇਆ ਗਿਆ।

ਜੇਕਰ ਉਪਰੋਕਤ ਦਸਤਾਵੇਜ਼ਾਂ ਦੀ ਗੰਭੀਰਤਾ ਨਾਲ ਪੜਚੋਲ ਕਰੀਏ ਤਾਂ ਉਰਦੂ ਭਾਸ਼ਾ ਵਿੱਚ ਦਰਜ ਕੀਤੀ ਗਈ ਇਸ FIR ਵਿੱਚ ਸਿਰਫ ਇੰਨਾ ਹੀ ਲਿਖਿਆ ਗਿਆ ਹੈ ਕਿ ਏ. ਐਸ. ਪੀ. ਜੌਹਨ ਪੌਇਨਜ ਸਾਂਡਰਸ ਦਾ ਕਤਲ ਦੋ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕੀਤਾ ਗਿਆ ਹੈ। ਉਪਰੋਕਤ FIR ਸਾਂਡਰਸ ਕਤਲਕਾਂਡ ਦੇ ਚਸ਼ਮਦੀਦ ਗਵਾਹ ਹੈਡ ਕਾਂਸਟੇਬਲ ਚੰਨਣ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ। ਆਪਣੇ ਬਿਆਨਾਂ ਵਿੱਚ ਚੰਨਣ ਸਿੰਘ ਨੇ ਦਰਜ ਕਰਵਾਇਆ ਹੈ ਕਿ ਸਾਂਡਰਸ ’ਤੇ ਗੋਲ਼ੀ ਚਲਾਉਣ ਵਾਲੇ ਜਿਸ ਨੌਜਵਾਨ ਦਾ ਉਹ ਪਿੱਛਾ ਕਰ ਰਿਹਾ ਸੀ, ਉਸ ਦਾ ਕੱਦ ਕਰੀਬ ਸਾਢੇ ਪੰਜ ਫੁੱਟ, ਸਰੀਰ ਪਤਲਾ ਅਤੇ ਉਸ ਦੇ ਮੂੰਹ ’ਤੇ ਛੋਟੀਆਂ ਛੋਟੀਆਂ ਮੁੱਛਾਂ ਹਨ। ਕਾਤਲਾਂ ਦੇ ਹੁਲੀਏ ਦਾ ਹਵਾਲਾ ਦਿੰਦਿਆਂ ਚੰਨਣ ਸਿੰਘ ਨੇ ਆਪਣੇ ਬਿਆਨਾਂ ’ਚ ਲਿਖਵਾਇਆ ਹੈ ਕਿ ਗੋਲ਼ੀ ਮਾਰਨ ਵਾਲੇ ਸ਼ਖ਼ਸ ਨੇ ਸਲੇਟੀ ਰੰਗ ਦਾ ਕੁਰਤਾ, ਸਫ਼ੈਦ ਪਜਾਮਾ ਅਤੇ ਸਿਰ ’ਤੇ ਕਾਲ਼ੇ ਰੰਗ ਦੇ ਟੋਪ-ਨੁਮਾ ਕੁੱਝ ਪਹਿਨਿਆ ਹੋਇਆ ਸੀ।

ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਚੰਨਣ ਸਿੰਘ ਨਾਂ ਦਾ ਕੋਈ ਵਿਅਕਤੀ, ਜੋ ਅੰਗਰੇਜ਼ਾਂ ਦੇ ਪੁਲਿਸ ਮਹਿਕਮੇ ਵਿੱਚ ਬਤੌਰ ਹਵਾਲਦਾਰ ਕੰਮ ਕਰਦਾ ਸੀ। ਐਸੇ ਗੋਰਿਆਂ ਦੇ ਨੌਕਰ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਤੇ ਹੁਲੀਏ ਦੀ ਸ਼ਨਾਖ਼ਤ ਦੇ ਆਧਾਰ ’ਤੇ ਸਾਂਡਰਸ ਨੂੰ ਮਾਰਨ ਵਾਲਾ ਵਿਅਕਤੀ; ਕੀ ਵਾਕਿਆ ਹੀ ਸ. ਭਗਤ ਸਿੰਘ ਹੋ ਸਕਦਾ ਹੈ? ਕੀ ਬ੍ਰਿਟਿਸ਼ ਸਰਕਾਰ ਦੀ ਇਹ ਵੱਡੀ ਭੁੱਲ ਨਹੀਂ ਕਿ ਇੱਕ ਸਾਧਾਰਨ ਹਵਾਲਦਾਰ ਦੇ ਬਿਆਨਾਂ ’ਤੇ ਬਿਨਾਂ ਛਾਣਬੀਨ ਕੀਤਿਆਂ, ਮਨੁੱਖੀ-ਅਧਿਕਾਰਾਂ ਨੂੰ ਛਿੱਕੇ ਟੰਗ ਕੇ, ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਦੇਸ਼ ਦੀ ਆਜ਼ਾਦੀ ਦੇ ਇਨਕਲਾਬੀ ਨਾਇਕਾਂ ਨੂੰ ਫਾਂਸੀ ਦੇ ਤਖ਼ਤੇ ’ਤੇ ਲਟਕਾਇਆ ਗਿਆ?

ਅੰਗਰੇਜ਼ ਸਾਮਰਾਜ ਵਿਰੁੱਧ ਜੰਗ-ਏ-ਆਜ਼ਾਦੀ ਦੇ ਮੈਦਾਨ ਵਿੱਚ ਕੁੱਦੇ ਇਹ ਨੌਜਵਾਨ ਮਹਿਜ਼ ਜਜ਼ਬਾਤੀ ਨਹੀਂ ਸਨ ਸਗੋਂ ਗੰਭੀਰ ਚਿੰਤਕ ਅਤੇ ਇਨਕਲਾਬ ਦੇ ਫ਼ਲਸਫ਼ੇ ਦੀ ਜੜ੍ਹ ਨੂੰ ਫੜਨ ਵਾਲੇ ‘ਇਨਕਲਾਬੀ’ ਹੀਰੋ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਨਕਲਾਬ; ਕਤਲਾਂ ਅਤੇ ਸਾੜਫੂਕ ਦੀ ਦਰਿੰਦਾ-ਮੁਹਿੰਮ ਦਾ ਨਾਂ ਨਹੀਂ ਸਗੋਂ ਇਨਕਲਾਬ ਤਾਂ ਇਕ ਪੁਖਤਾ ਸੱਚ ਹੈ, ਜੋ ਗੁਲਾਮੀ ਅਤੇ ਆਜ਼ਾਦੀ ਦੇ ਅੰਤਰੀਵ ਟਕਰਾਅ ਦਾ ਇਜ਼ਹਾਰ ਕਰਦਾ ਹੈ। ਬ੍ਰਿਟਿਸ਼ ਅਸੈਂਬਲੀ ਦੀ ਦਰਸ਼ਕ ਗੈਲਰੀ ਵਿੱਚ 8 ਅਪ੍ਰੈਲ 1929 ਨੂੰ ਸ. ਭਗਤ ਸਿੰਘ ਅਤੇ ਦੱਤ ਦੋਵੇਂ ਬੰਬ ਸੁੱਟਣ ਲਈ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਗਏ। ਫ਼ੈਸਲਾ ਪਹਿਲਾਂ ਹੀ ਕਰ ਲਿਆ ਗਿਆ ਸੀ ਕਿ ਬੰਬ ਨਾਲ ਕੋਈ ਜਾਨੀ ਨੁਕਸਾਨ ਨਹੀਂ ਕਰਨਾ ਬਲਕਿ ਬੰਬ ਸੁੱਟ ਕੇ ਉੱਥੇ ਖੜੋ੍ਹ ਕੇ ਹੀ ਆਵਾਜ਼ ਬੁਲੰਦ ਕਰ ਅੰਗਰੇਜ਼ ਸਾਮਰਾਜ ਨੂੰ ਕਰਾਰੀ ਚੋਟ ਦੇ ਕੇ ਦੱਸਣਾ ਹੈ ਕਿ ਇਨਕਲਾਬ ਦਾ ਮਤਲਵ ਖ਼ੂਨ-ਖ਼ਰਾਬਾ ਨਹੀਂ ਬਲਕਿ ਇਨਕਲਾਬ ਦਾ ਮਕਸਦ ਆਪਣੇ ਹੱਕ ਤੇ ਸੱਚ ਲਈ ਸੰਘਰਸ਼ ਕਰਨਾ ਹੈ।  ਅਸੈਂਬਲੀ-ਬੰਬ ਕੇਸ ਵਿੱਚ ਸ. ਭਗਤ ਸਿੰਘ ਅਤੇ ਦੱਤ ਦੋਵਾਂ ਨੂੰ 12 ਜੂਨ 1929 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਸ. ਭਗਤ ਸਿੰਘ ਨੂੰ ਲਾਹੌਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।

ਇੱਕ ਮਹੀਨੇ ਤੋਂ ਬਾਅਦ 10 ਜੁਲਾਈ 1929 ਨੂੰ ਸਾਂਡਰਸ ਕਤਲ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਗਈ। ਸਾਰੇ ਗਦਰੀ ਦੇਸ਼ ਭਗਤਾਂ ਦੇ ਕੇਸ ਵਿਸ਼ੇਸ਼ ਅਦਾਲਤਾਂ ਨੂੰ ਸੌਂਪ ਦਿੱਤੇ ਗਏ। ਸਾਂਡਰਸ ਕੇਸ ਵਿੱਚ ਅਦਾਲਤ ਨੇ ਹਵਾਲਦਾਰ ਚੰਨਣ ਸਿੰਘ ਦੀ ਅਰਥਹੀਣ ਗਵਾਹੀ ਦੇ ਆਧਾਰ ’ਤੇ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦੋਸ਼ੀ ਮੰਨਦੇ ਹੋਏ ਫਾਂਸੀ ਦਾ ਹੁਕਮ ਸਣਾ ਦਿੱਤਾ। ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਬੜੀ ਤੀਬਰਤਾ ਨਾਲ ਫਾਂਸੀ ਲਗਾਉਣ ਦੀ ਨਿਸ਼ਚਿਤ ਤਾਰੀਖ ਤੋਂ ਇਕ ਦਿਨ ਪਹਿਲਾਂ ਹੀ 23 ਮਾਰਚ 1931 ਦੀ ਸ਼ਾਮ ਨੂੰ 7:00 ਵਜੇ ਭਾਰਤ ਮਾਂ ਦੇ ਤਿੰਨੇ ਸਪੂਤਾਂ ਨੂੰ ਫਾਂਸੀ ਦੇ ਤਖਤੇ ’ਤੇ ਲਟਕਾ ਕੇ ਅੰਗਰੇਜ਼ ਹੁਕਮਰਾਨਾਂ ਨੇ ਉਨ੍ਹਾਂ ਦੀਆਂ ਅੱਧ-ਜਲੀਆਂ ਲਾਸ਼ਾਂ ਨੂੰ ਦਰਿਆ ਵਿੱਚ ਰੋੜ ਕੇ ਇਕ ਯੁੱਗ ਦਾ ਅੰਤ ਕਰ ਦਿੱਤਾ ਗਿਆ। ਭਾਰਤ ਸਰਕਾਰ ਨੂੰ ਪੁਰ-ਜ਼ੋਰ ਅਪੀਲ ਹੈ ਕਿ FIR ਨੰਬਰ 164/28 ਮਿਤੀ 17. 12. 1928 ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਮਾਣਯੋਗ ਹਾਈ ਕੋਰਟ ਦੁਆਰਾ ਤਤਕਾਲੀਨ ਬ੍ਰਿਟਿਸ਼ ਹੁਕਮਰਾਨਾਂ ਵੱਲੋਂ ਕਾਹਲੀ ਕਾਹਲੀ ਵਿੱਚ ਲਏ ਗਏ ਗਲਤ ਫ਼ੈਸਲਿਆਂ ਵਿਰੁੱਧ ਇਕ ਕੋਰਟ ਕੇਸ ਦਰਜ ਕਰ ਅਜੋਕੀ ਬ੍ਰਿਟਿਸ਼ ਸਰਕਾਰ ਤੋਂ ਇਸ ਬਜਰ ਭੁੱਲ ਦੀ ਮੁਆਫ਼ੀ ਮੰਗਵਾਈ ਜਾਵੇ।