ਉਦੋਂ 30 ਮਾਰਚ ਸੀ, ਜਦ ਪੂਰਨ ਮਨੁੱਖ (ਖ਼ਾਲਸੇ) ਦੀ ਸਿਰਜਣਾ ਹੋਈ

0
341

ਉਦੋਂ 30 ਮਾਰਚ ਸੀ, ਜਦ ਪੂਰਨ ਮਨੁੱਖ (ਖ਼ਾਲਸੇ) ਦੀ ਸਿਰਜਣਾ ਹੋਈ

ਰਣਜੀਤ ਸਿੰਘ B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ਅੱਜ ਕੱਲ੍ਹ ਵਿਸਾਖੀ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ, ਪਰ ਜਿਸ ਦਿਨ ਸਿੱਖ ਕੌਮ ਦੀ ਸੰਪੂਰਨਤਾ ਦੀ ਮੋਹਰ ਦਸਮੇਸ਼ ਪਿਤਾ ਵੱਲੋਂ ਲਗਾਈ ਗਈ, ਉਸ ਦਿਨ ਵਿਸਾਖੀ; ਮਾਰਚ ਮਹੀਨੇ ਦੀ 30 ਤਰੀਕ ਨੂੰ ਸੀ ਅਤੇ ਸੰਨ 1699 ਸੀ। ਇਸ ਦਾ ਕਾਰਨ ਇਹ ਹੈ ਕਿ ਅੰਗਰੇਜ਼ਾਂ ਨੇ ਸੰਨ 1752 ’ਚ 2 ਸਤੰਬਰ ਤੋਂ ਅਗਲਾ ਦਿਨ 14 ਸਤੰਬਰ ਕਰ ਲਿਆ ਭਾਵ ਬੁੱਧਵਾਰ ਨੂੰ 2 ਸਤੰਬਰ 1752 ਸੀ, ਜੋ ਅਗਲੇ ਹੀ ਦਿਨ ਮੰਗਲਵਾਰ ਨੂੰ 14 ਸਤੰਬਰ 1752 ਹੋ ਗਿਆ। ਇਨ੍ਹਾਂ 11 ਦਿਨਾਂ ਦੀ ਤਬਦੀਲੀ ਕਰਨ ਸਮੇਂ ਇਗਲੈਂਡ ਵਾਲ਼ਿਆਂ ਨੇ ਆਪਣੇ ਪ੍ਰਚਲਿਤ ਯੂਲੀਅਨ ਕੈਲੰਡਰ ਦਾ ਨਾਂ ਵੀ ਗਰੈਗੋਰੀਅਨ ਕੈਲੰਡਰ ਰੱਖ ਲਿਆ, ਜਿਸ ਨੂੰ ਹੁਣ ਈਸਵੀ ਕੈਲੰਡਰ ਵਜੋਂ ਵੀ ਜਾਣਿਆ ਜਾਂਦਾ ਹੈ। ਅੰਗਰੇਜ਼ਾਂ ਦਾ ਭਾਰਤ ’ਚ ਰਾਜ ਹੋਣ ਕਾਰਨ ਇਸ ਨੂੰ ਭਾਰਤ ਵਿੱਚ ਵੀ ਲਾਗੂ ਕੀਤਾ ਗਿਆ।

ਸੋ ਸੰਨ 1752 ਤੋਂ ਬਾਅਦ ਸੰਨ 1753 ਦੀ ਵਿਸਾਖੀ 30 ਮਾਰਚ ਦੀ ਬਜਾਇ 9 ਅਪ੍ਰੈਲ ਨੂੰ ਆਈ ਅਤੇ ਫਿਰ ਆਮ ਕਰਕੇ 10 ਅਪੈ੍ਰਲ ਨੂੰ ਆਉਣੀ ਸ਼ੁਰੂ ਹੋ ਗਈ। ਸੰਨ 1800 ਦੀ ਵਿਸਾਖੀ 11 ਅਪ੍ਰੈਲ ਨੂੰ ਸੀ। ਫਿਰ ਵਿਸਾਖੀ ਕਦੇ 11 ਅਤੇ ਕਦੀ 12 ਅਪ੍ਰੈਲ ਨੂੰ ਆਉਣੀ ਸ਼ੁਰੂ ਹੋ ਗਈ। ਸੰਨ 1902 ਦੀ ਵਿਸਾਖੀ 13 ਅਪ੍ਰੈਲ ਨੂੰ ਸੀ। ਇਸ ਤੋਂ ਬਾਅਦ ਅੱਜ ਕੱਲ੍ਹ ਵਿਸਾਖੀ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ।

ਸੰਨ 1699 ਨੂੰ ਕੇਸਗੜ੍ਹ ਦੇ ਅਸਥਾਨ ਤੋਂ ਗੁਰੂ ਪਾਤਿਸ਼ਾਹ ਕੀਰਤਨ ਦੀ ਸਮਾਪਤੀ ਉਪਰੰਤ ਹੱਥ ਵਿੱਚ ਨੰਗੀ ਕਿਰਪਾਨ ਲੈ ਕੇ ਸਟੇਜ਼ ’ਤੇ ਆਏ ਅਤੇ ਉੱਚੀ ਅਵਾਜ਼ ਵਿੱਚ ਇੱਕ ਸਿਰ ਦੀ ਮੰਗ ਕੀਤੀ। ਇਹ ਆਪਣੇ ਆਪ ਵਿੱਚ ਇੱਕ ਨਿਵੇਕਲਾ ਹੁਕਮ ਸੀ। ਭਾਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ ਗਲੀ ਮੇਰੀ ਆਉ ’’ (ਮਹਲਾ /੧੪੧੨) ਗੁਰਸਿੱਖ ਸੁਣਦੇ ਤੇ ਪੜ੍ਹਦੇ ਆ ਰਹੇ ਸਨ, ਪਰ ਪ੍ਰਤੱਖ ਰੂਪ ਵਿੱਚ ਦਸਮੇਸ਼ ਪਾਤਿਸ਼ਾਹ ਵੱਲੋਂ ਸਿਰ ਦੀ ਮੰਗ ਕਰਨ ’ਤੇ ਕੁੱਝ ਸਮੇਂ ਲਈ ਦੀਵਾਨ ਵਿੱਚ ਸਨਾਟਾ ਛਾ ਗਿਆ ਫਿਰ ਦੋ ਵਾਰ ਹੋਰ ਆਪਣੀ ਮੰਗ ਦੁਹਰਾਉਣ ’ਤੇ ਲਾਹੌਰ ਦੇ ਰਹਿਣ ਵਾਲਾ ਭਾਈ ਦਇਆ ਰਾਮ (ਖੱਤਰੀ) ਉੱਠਿਆ ਤੇ ਆਪਣਾ ਸੀਸ ਗੁਰੂ ਸਾਹਿਬ ਅੱਗੇ ਭੇਟ ਕੀਤਾ। ਗੁਰੂ ਸਾਹਿਬ ਉਸ ਨੂੰ ਨੇੜੇ ਲਗਾ ਰੱਖੇ ਤੰਬੂ ਵਿੱਚ ਲੈ ਗਏ ਅਤੇ ਲਹੂ ਭਿੱਜੀ ਤਲਵਾਰ ਲੈ ਕੇ ਜਦੋਂ ਵਾਪਸ ਮੰਚ ’ਤੇ ਆਏ ਤਾਂ ਇੱਕ ਹੋਰ ਸਿਰ ਦੀ ਮੰਗ ਕੀਤੀ। ਦੂਜੀ ਵਾਰ ਹਸਤਨਾਪੁਰ (ਦਿੱਲੀ) ਦੇ ਰਹਿਣ ਵਾਲੇ ਭਾਈ ਧਰਮ ਦਾਸ (ਜੱਟ) ਨੇ ਆਪਣਾ ਸੀਸ ਅਰਪਣ ਕੀਤਾ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਵਾਰੀ ਵਾਰੀ ਤਿੰਨ ਹੋਰ ਸਿਰਾਂ ਦੀ ਮੰਗ ਕੀਤੀ ਤਾਂ ਦੁਆਰਕਾ ਦੇ ਰਹਿਣ ਵਾਲੇ ਭਾਈ ਮੋਹਕਮ ਚੰਦ (ਛੀਂਬਾ), ਭਾਈ ਹਿੰਮਤ ਰਾਏ (ਲਾਂਗਰੀ) ਵਾਸੀ ਜਗਨਨਾਥ ਪੁਰੀ ਅਤੇ ਬਿਦਰ ਨਿਵਾਸੀ ਭਾਈ ਸਾਹਿਬ ਚੰਦ (ਨਾਈ) ਨੇ ਆਪਣੇ ਸੀਸ ਅਰਪਣ ਕੀਤੇ ਅਤੇ ਗੁਰੂ ਜੀ ਸਭ ਨੂੰ ਵਾਰੀ ਵਾਰੀ ਤੰਬੂ ’ਚ ਲੈ ਜਾਂਦੇ ਰਹੇ।

ਗੁਰੂ ਸਾਹਿਬ ਕਾਫ਼ੀ ਸਮੇਂ ਤੋਂ ਬਾਅਦ ਜਦੋਂ ਤੰਬੂ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਨਾਲ ਉਹੀ ਪੰਜ ਸਿੱਖ ਸਨ, ਜਿਨ੍ਹਾਂ ਨੇ ਸੀਸ ਅਰਪਣ ਕੀਤਾ ਸੀ। ਇੱਕੋ ਜਿਹੇ ਪ੍ਰਭਾਵਸ਼ਾਲੀ ਬਸਤਰ ਅਤੇ ਕਕਾਰ ਸਜਾ ਕੇ ਸਟੇਜ ’ਤੇ ਆ ਗਏ। ਜਿਨ੍ਹਾਂ ਨੂੰ ਵੇਖ ਕੇ ਸਿੱਖ ਸੰਗਤਾਂ ਦੰਗ ਰਹਿ ਗਈਆਂ ਤੇ ਮਨ ਵਿੱਚ ਪਛਤਾਵਾ ਵੀ ਕਰਨ ਲੱਗੀਆਂ ਕਿ ਅਸੀਂ ਸੀਸ ਭੇਟ ਕਿਉਂ ਨਾ ਕੀਤਾ। ਉਨ੍ਹਾਂ ਪੰਜਾਂ ਨਾਲ ਤੰਬੂ ਦੇ ਅੰਦਰ ਕੀ ਵਾਪਰਿਆ ਇਹ ਜਾਣਨ ਦੀ ਸਿੱਖ ਨੂੰ ਲੋੜ ਨਹੀਂ ਕਿਉਂਕਿ ਜੋ ਕੰਮ; ਸਤਿਗੁਰੂ ਨੇ ਸੰਗਤਾਂ ਤੋਂ ਓਹਲੇ ਹੋ ਕੇ ਪਰਦੇ ਵਿੱਚ ਕੀਤਾ ਹੈ, ਸਿੱਖਾਂ ਦਾ ਵੀ ਫ਼ਰਜ਼ ਹੈ ਕਿ ਉਸ ਵੱਲ ਝਾਕਣ ਦਾ ਯਤਨ ਨਾ ਕਰਨ।

ਗੁਰੂ ਸਾਹਿਬ ਨੇ ਪੰਜਾਂ ਸਿੰਘਾਂ ਲਈ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਉਨ੍ਹਾਂ ਨੂੰ ਛਕਾਇਆ ਅਤੇ ਉਨ੍ਹਾਂ ਦੇ ਨਾਂ ਦੇ ਪਿੱਛੇ ‘ਸਿੰਘ’ ਲਾਇਆ। ਪੰਜ ਕਕਾਰੀ ਵਰਦੀ ਲਾਜ਼ਮੀ ਕਰ ਦਿੱਤੀ। ਇਹ ਪੰਜ ਕਕਾਰ ਹਨ ‘ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਿਹਰਾ’, ਜਿਨ੍ਹਾਂ ਨੂੰ ਹਮੇਸ਼ਾਂ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਇਹ ਕਕਾਰ ਕੇਵਲ ਚਿੰਨ੍ਹ ਹੀ ਨਹੀਂ ਸਗੋਂ ਇਨ੍ਹਾਂ ਪਿੱਛੇ ਬੜੀ ਗਹਿਰੀ ਤੇ ਉੱਚੀ ਸੁੱਚੀ ਧਾਰਨ ਛੁਪੀ ਹੈ, ਸਿਧਾਂਤ ਹੈ। ਕਿਰਪਾਨ; ਸਿੱਖ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਹੈ ਕਿ ਸਿੱਖ ਕਦੇ ਗੁਲਾਮ ਨਹੀਂ ਰਹਿ ਸਕਦਾ ਭਾਵੇਂ ਇਹ ਗੁਲਾਮ ਰਾਜਸੀ ਹੋਵੇ, ਸਮਾਜਕ ਹੋਵੇ ਜਾਂ ਆਰਥਿਕ। ਕੇਸ ਵੀ ਪ੍ਰਮਾਤਮਾ ਵੱਲੋਂ ਬਖ਼ਸ਼ਿਆ ਹੋਇਆ ਇੱਕ ਤੋਹਫ਼ਾ ਹੈ, ਜਿਸ ਦੀ ਸੰਭਾਲ਼ ਲਈ ਕੰਘਾ ਸਦਾ ਕੇਸਾਂ ਵਿੱਚ ਹੋਣਾ ਲਾਜ਼ਮੀ ਹੈ। ਸਿੱਖ ਦੀ ਬਾਂਹ ਵਿੱਚ ਪਹਿਨਿਆ ਹੋਇਆ ਕੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਵਹਿਮੀ ਜਾਂ ਭਰਮੀ ਨਹੀਂ ਅਤੇ ਉਹ ਕਰਮਕਾਂਡਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ। ਕਛਿਹਰਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਨੇ ਆਪਣਾ ਆਚਰਣ ਜੀਵਨਭਰ ਉੱਚਾ ਤੇ ਸੁੱਚਾ ਰੱਖਣਾ ਹੈ।

ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੱਥੇ ਦਵਾਈ ਅਤੇ ਚੰਗੀ ਖ਼ੁਰਾਕ ਦੀ ਲੋੜ ਹੈ; ਉੱਥੇ ਪ੍ਰਹੇਜ਼ ਕਰਨਾ ਵੀ ਅਤੀ ਜ਼ਰੂਰੀ ਹੈ। ਸਤਿਗੁਰੂ ਸਾਹਿਬ ਨੇ ਜਿੱਥੇ ਸਿੱਖਾਂ ਨੂੰ ਪੰਜ ਕਕਾਰ ਧਾਰਨ ਕਰਨ ਲਈ ਕਿਹਾ ਉੱਥੇ ਚਾਰ ਪ੍ਰਹੇਜ਼ ਵੀ ਦੱਸੇ, ਜਿਨ੍ਹਾਂ ਨੂੰ ਚਾਰ ਕੁਰਹਿਤਾਂ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਾ ਮੰਨਣ ਵਾਲਾ ਸਿੱਖੀ ਵਿੱਚੋਂ ਖਾਰਜ ਸਮਝਿਆ ਜਾਂਦਾ ਹੈ। ਇਹ ਚਾਰ ਕੁਰਹਿਤਾਂ ਕੀ ਹਨ ਇਹ ਸਿੱਖ ਦਾ ਆਪਣੇ ਸਤਿਗੁਰੂ ਅੱਗੇ ਇੱਕ ਪ੍ਰਣ ਹੈ।  ਇਸ ਪ੍ਰਣ ਦੀ ਕਿੰਨੀ ਮਹਾਨਤਾ ਹੈ, ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਆਪ ਵੀ ਇਹ ਪ੍ਰਣ ਪੰਜਾਂ ਪਿਆਰਿਆਂ ਦੇ ਸਾਹਮਣੇ ਕੀਤਾ। ਇਹ ਪ੍ਰਣ ਕੀ ਸੀ ? ਇਹ ਗੁਰੂ ਦੇ ਸਾਹਮਣੇ ਸਿੱਖ ਦਾ ਇਕਰਾਰਨਾਮਾ ਹੈ ਕਿ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਪਰ ਇਸਤ੍ਰੀ ਜਾਂ ਪੁਰਸ਼ ਦਾ ਸੰਗ ਨਹੀਂ ਕਰਨਾ, ਤਮਾਕੂ ਜਾਂ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਵਰਤਣਾ ਅਤੇ ਕੁੱਠਾ ਕੀਤਾ ਮਾਸ ਨਹੀਂ ਖਾਣਾ।  ਇਸ ਵਿਸਾਖੀ ਵਾਲੇ ਦਿਨ ਗੁਰੂ ਪਾਤਿਸ਼ਾਹ ਨੇ ਆਪ ਪੰਜਾਂ ਪਿਆਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖ਼ਸ਼ੋ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾਓ। ਭਾਈ ਗੁਰਦਾਸ (ਦੂਜੇ) ਨੇ ਲਿਖਿਆ ਹੈ ‘‘ਵਹ ਪ੍ਰਗਟਿਓ ਮਰਦ ਅਗੰਮੜਾ; ਵਰੀਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ; ਆਪੇ ਗੁਰ ਚੇਲਾ ’’ ਭਾਈ ਗੁਰਦਾਸ ਜੀ (ਵਾਰ ੪੧ ਪਉੜੀ ੧੭)

ਗੁਲਾਮ ਮੁਹੱਈਉਦੀਨ ਮੁਤਾਬਕ ਇਸ ਵਿਸਾਖੀ ’ਤੇ ਲਗਭਗ 20 ਹਜ਼ਾਰ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਏ ਗਏ ਨਿਰਮਲ ਪੰਥ ਨੂੰ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨਤਾ ਬਖ਼ਸ਼ਦੇ ਹੋਏ ‘ਖਾਲਸਾ ਪੰਥ’ ਨਾਂ ਦਿੱਤਾ। ਗੁਰੂ ਸਾਹਿਬ ਨੇ ਵਿਸਾਖੀ ਦਾ ਦਿਨ ਕਿਉਂ ਚੁਣਿਆ। ਇਸ ਲਈ ਸਿੱਖ ਇਤਿਹਾਸ ਦੇ ਪਿਛੋਕੜ ਵੱਲ ਝਾਤ ਮਾਰਨ ਦੀ ਲੋੜ ਹੈ। ਭਾਈ ਪਾਰੋ ਜੀ ਨਾਲ ਸਲਾਹ ਕਰਨ ਉਪਰੰਤ ਗੁਰੂ ਅਮਰਦਾਸ ਜੀ ਨੇ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਦੂਰ ਦੁਰਾਡੇ ਇਲਾਕਿਆਂ ਤੋਂ ਸਿੱਖਾਂ ਨੂੰ ਗੋਇੰਦਵਾਲ ਇਕੱਠੇ ਹੋ ਕੇ ਮਿਲ ਬੈਠਣ ਦਾ ਹੁਕਮ ਜਾਰੀ ਕੀਤਾ ਸੀ। ਇਹ ਇੱਕ ਤਰ੍ਹਾਂ ਦਾ ਜੋੜ ਮੇਲਾ ਹੀ ਸੀ। ਸਿੱਖ ਆਪਣੇ ਆਪਣੇ ਇਲਾਕਿਆਂ ਵਿੱਚ ਕੀਤੇ ਗੁਰਮਤਿ ਪ੍ਰਚਾਰ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਂਦੇ ਅਤੇ ਇੱਕ ਦੂਜੇ ਦੁਆਰਾ ਕੀਤੀ ਸੇਵਾ ਤੋਂ ਪ੍ਰੇਰਨਾ ਲੈਂਦੇ।

ਗੁਰੂ ਰਾਮਦਾਸ ਜੀ ਨੇ ਜਦੋਂ ਮਸੰਦ ਪ੍ਰਣਾਲੀ ਸ਼ੁਰੂ ਕੀਤੀ ਤਾਂ ਸਾਰੇ ਮਸੰਦ ਆਪਣੇ-ਆਪਣੇ ਇਲਾਕਿਆਂ ਦੀ ਭੇਟਾ ਲੈ ਕੇ ਵਿਸਾਖੀ ਵਾਲੇ ਦਿਨ ਗੁਰੂ ਦਰਬਾਰ ਵਿੱਚ ਪਹੁੰਚਦੇ ਅਤੇ ਗੁਰੂ ਸਾਹਿਬ; ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ। ਇਸੇ ਤਰ੍ਹਾਂ ਦਸਮ ਪਾਤਿਸ਼ਾਹ ਨੇ ਸੰਨ 1699 ਦੀ ਵਿਸਾਖੀ ਤੋਂ ਕਾਫ਼ੀ ਸਮਾਂ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਇਕੱਠ ਕਰਨ ਲਈ ਵੀ ਦੇਸ਼-ਵਿਦੇਸ਼ ਭਾਵ ਦੂਰ-ਦੁਰਾਡੇ ਹੁਕਮਨਾਮੇ ਭੇਜੇ। ਵਿਸਾਖੀ ਦੇ ਮੌਕੇ ਇਕੱਠ ਕਰਨ ਦਾ ਇੱਕ ਕਾਰਨ ਇਹ ਵੀ ਸੀ ਕਿ ਕਿਸਾਨ ਆਪਣੀ ਕਿਸਾਨੀ ਦੇ ਧੰਦਿਆਂ ਤੋਂ ਵਿਹਲੇ ਹੁੰਦੇ ਹਨ ਅਤੇ ਸਫਰ ਕਰਨ ਲਈ ਮੌਸਮ ਵੀ ਅਨੁਕੂਲ ਹੁੰਦਾ ਹੈ। ਕੁਦਰਤੀ ਨਜ਼ਾਰਿਆਂ ਦਾ ਅਨੰਦ ਵੀ ਇਸ ਮੌਸਮ ਵਿੱਚ ਮਾਨਿਆ ਜਾ ਸਕਦਾ ਸੀ।

ਗੁਰੂ ਨਾਨਕ ਜੀ ਬਾਰ੍ਹਾਂ ਮਾਹ ਦੀ ਬਾਣੀ ਵਿੱਚ ਵਿਸਾਖ ਮਹੀਨੇ ਰਾਹੀਂ ਉਪਦੇਸ਼ ਦਿੰਦਿਆਂ ਕੁਦਰਤੀ ਵਾਤਾਵਰਣ ਨੂੰ ਇਉਂ ਚਿਤਰਦੇ ਹਨ : ‘‘ਵੈਸਾਖੁ ਭਲਾ; ਸਾਖਾ ਵੇਸ ਕਰੇ   ਧਨ ਦੇਖੈ ਹਰਿ ਦੁਆਰਿ; ਆਵਹੁ ਦਇਆ ਕਰੇ ’’ (ਮਹਲਾ /੧੧੦੮)

ਭਾਵ ਵੈਸਾਖ ਦਾ ਮਹੀਨਾ ਕਿੰਨਾ ਚੰਗਾ ਤੇ ਸੁਹਾਵਣਾ ਹੁੰਦਾ ਹੈ। ਰੁੱਖਾਂ ਦੀਆਂ ਲਗਰਾਂ ਸਜ ਵਿਆਹੀਆਂ ਮੁਟਿਆਰਾਂ ਵਾਂਗ ਕੂਲੇ ਪਤਰਾਂ ਵਿੱਚ ਹਾਰ-ਸ਼ਿੰਗਾਰ ਕਰਦੀਆਂ ਹਨ। ਇਨ੍ਹਾਂ ਲਗਰਾਂ ਦਾ ਹਾਰ ਸ਼ਿੰਗਾਰ ਵੇਖ ਕੇ ਪਤੀ ਤੋਂ ਵਿਛੜੀ ਨਾਰ ਦੇ ਹਿਰਦੇ ਵੀ ਪਤੀ ਨੂੰ ਮਿਲਣ ਲਈ ਤੜਫ ਉੱਠਦੀ ਹੈ। ਇਸੇ ਤਰ੍ਹਾਂ ਕੁਦਰਤ ਦਾ ਸੁਹਜ ਸ਼ਿੰਗਾਰ ਵੇਖ ਕੇ ਉਮਾਹ ਭਰੀ ਜੀਵ ਇਸਤ੍ਰੀ ਆਪਣੇ ਹਿਰਦੇ ’ਚੋਂ ਪ੍ਰਭੂ ਪਤੀ ਦੀ ਉਡੀਕ ਕਰਦੀ ਹੈ, ਪੁਕਾਰ ਉੱਠਦੀ ਹੈ ਕਿ ਮੇਰੇ ਹਿਰਦੇ-ਘਰ ਵਿੱਚ ਆਓ ਜੀ। ਅਖੀਰ ਵਿੱਚ ਆਤਮ ਮਿਲਾਪ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਫ਼ੁਰਮਾਉਂਦੇ ਹਨ, ਪਰ ਵੈਸਾਖ ਦਾ ਮਹੀਨਾ ਵੀ ਉਨ੍ਹਾਂ ਜੀਵ ਇਸਤ੍ਰੀਆਂ ਨੂੰ ਭਾਉਂਦਾ ਹੈ ਜਿਨ੍ਹਾਂ ਦਾ ਮਨ ਪ੍ਰਭੂ ਦੀ ਸਿਫਤ ਸਲਾਹ ਵਿੱਚ ਰਿਝ ਜਾਂਦਾ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ  ‘‘ਨਾਨਕ  ! ਵੈਸਾਖੀਂ ਪ੍ਰਭੁ ਪਾਵੈ; ਸੁਰਤਿ ਸਬਦਿ ਮਨੁ ਮਾਨਾ ’’ (ਮਹਲਾ /੧੧੦੮)

ਗੁਰੂ ਅਰਜਨ ਦੇਵ ਜੀ ਵੀ ਬਾਰ੍ਹਾਂ ਮਾਹ ਰਾਗ ਮਾਝ ਵਿੱਚ ਵੈਸਾਖ ਦੇ ਮਹੀਨੇ ਦਾ ਵਰਣਨ ਕਰਦੇ ਹੋਏ ਫ਼ੁਰਮਾਉਂਦੇ ਹਨ ਕਿ ਸਮਾਂ ਗੁਰਮੁਖ ਜੀਵ-ਇਸਤਰੀ ਵਾਸਤੇ ਰੀਝਾਂ ਭਰਿਆ ਹੁੰਦਾ ਹੈ, ਪਰ ਜੋ ਇਸਤ੍ਰੀਆਂ, ਪਹਿਲਾਂ ਹੀ ਪਤੀ ਤੋਂ ਵਿਛੜੀਆਂ ਹੋਈਆਂ ਹਨ, ਉਨ੍ਹਾਂ ਦਾ ਮਨ ਇਸ ਸੁਹਾਵੇ ਮੌਸਮ ’ਚ ਵੀ ਕਿਵੇਂ ਟਿਕਾਅ ਵਿੱਚ ਆ ਸਕਦਾ ਹੈ ਭਾਵ ਉਸ ਜੀਵ-ਇਸਟਰੀ ਨੂੰ ਕਿਵੇਂ ਧੀਰਜ ਆਵੇ ਜੋ ਪ੍ਰਭੂ ਨੂੰ ਵਿਸਾਰ ਕੇ ਮਾਇਕ ਪਦਾਰਥਾਂ ਵਿੱਚ ਗਲਤਾਨ ਹੈ। ਗੁਰੂ ਸਾਹਿਬ ਦੇ ਬਚਨ ਹਨ ‘‘ਵੈਸਾਖਿ ਧੀਰਨਿ ਕਿਉ ਵਾਢੀਆ ? ਜਿਨਾ ਪ੍ਰੇਮ ਬਿਛੋਹੁ   ਹਰਿ ਸਾਜਨੁ ਪੁਰਖੁ ਵਿਸਾਰਿ ਕੈ; ਲਗੀ ਮਾਇਆ ਧੋਹੁ ’’ (ਮਹਲਾ /੧੩੪)

ਸੋ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਕੁਦਰਤੀ ਨਜ਼ਾਰੇ ਵੀ ਓਹੀ ਮਾਨ ਸਕਦੇ ਹਨ ਜਿਨ੍ਹਾਂ ਦੀ ਸੁਰਤ ਪ੍ਰਭੂ ਚਰਨਾਂ ਨਾਲ ਜੁੜੀ ਰਹਿੰਦੀ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ ’’ (ਮਹਲਾ /੧੩੪)

ਗੁਰੂ ਗੋਬਿੰਦ ਸਿੰਘ ਸਾਹਿਬ ਨੇ 30 ਮਾਰਚ 1699 ਨੂੰ ਕੇਵਲ ਖਾਲਸੇ ਦੀ ਨੁਹਾਰ ਹੀ ਨਹੀਂ ਬਦਲੀ ਸਗੋਂ ਵਿਚਾਰਾਂ ਨੂੰ ਵੀ ਸੰਪੂਰਨਤਾ ਬਖ਼ਸ਼ਿਸ਼ ਕੀਤੀ ਹੈ। ਹਰ ਇੱਕ ‘ਸਿੱਖ’ ਦੇ ਨਾਂ ਨਾਲ ‘ਸਿੰਘ’ ਤੇ ‘ਕੌਰ’ ਜ਼ਰੂਰੀ ਕੀਤਾ। ਇਸ ਤਰ੍ਹਾਂ ਸਾਰੇ ਸਿੱਖ ਇੱਕ ਰਿਸ਼ਤੇ ਵਿੱਚ ਬੰਨ੍ਹੇ ਗਏ, ਜਿਨ੍ਹਾਂ ਦਾ ਮਾਤਾ ਪਿਤਾ, ਜਨਮ ਅਸਥਾਨ, ਵਾਸੀ, ਸਰੂਪ, ਪੁਸ਼ਾਕ ਅਤੇ ਜੀਵਨ ਸੰਸਕਾਰ ਇੱਕੋ ਜਿਹੇ ਹੋ ਗਏ। ਪਹਿਲਾਂ ਹਰੇਕ ‘ਸਿੱਖ’ ਇਕੱਲਾ ਸੀ, ਪਰ ਹੁਣ ਉਹ ਪੰਥ ਦਾ ਅੰਗ ਬਣ ਗਿਆ। ਜਾਤ ਗੋਤ ਦੇ ਵਿਤਕਰੇ ਖ਼ਤਮ ਹੋ ਗਏ ਅਤੇ ਸਾਰੇ ਸਿੱਖ ‘‘ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ’’ (ਅਕਾਲ ਉਸਤਤਿ) ’ਤੇ ਪਹਿਰਾ ਦੇਣ ਲੱਗੇ।

ਸੋ ਖਾਲਸਾ ਪੰਥ ਦੀ ਸਿਰਜਣਾ ਕਰਨਾ ਇੱਕ ਬਹੁਤ ਹੀ ਮਹੱਤਵ ਪੂਰਨ ਕਾਰਜ ਹੈ। ਇਸ ਦਿਨ ਪ੍ਰਗਟ ਹੋਈ ਅਕਾਲ ਪੁਰਖੀ ਦੀ ਫ਼ੌਜ ਨੇ ਦੁਨੀਆ ਦੇ ਇਤਿਹਾਸ ਨੂੰ ਬਦਵਿਆ। ਸਦੀਆਂ ਤੋਂ ਵਿਦੇਸ਼ੀ ਲੁਟੇਰਿਆਂ ਹਾਕਮਾਂ ਦੇ ਜ਼ੁਲਮ ਸਿਤਮ ਸਹਿਣ ਵਾਲੇ ਲੋਕ ਆਪਣੀ ਜਨਮ ਭੂਮੀ ਦੇ ਮਾਲਕ ਬਣ ਗਏ ਅਤੇ ਹਮਲਾਵਰਾਂ ਦੇ ਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਅਤੇ ਉੱਥੇ ਆਪਣਾ ਰਾਜਸੀ ਪ੍ਰਭਾਵ ਕਾਇਮ ਕਰਨ ਵਿੱਚ ਸਫਲ ਹੋ ਗਏ।

30 ਮਾਰਚ 1699 ਦੀ ਵਿਸਾਖੀ ਨੂੰ ਨਵਾਂ ਇਨਕਲਾਬ ਆਇਆ ਜਿਸ ਦੀ ਮਨੁੱਖਤਾ ਨੇ ਕਲਪਨਾ ਨਹੀਂ ਕੀਤੀ ਸੀ। ਪ੍ਰੇਮ ਦੀ ਇਸ ਅਲੌਕਿਕ ਖੇਡ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਚਮਕੌਰ ਦੀ ਕੱਚੀ ਗੜ੍ਹੀ ਵਿੱਚ 49 ਭੁੱਖਣ ਭਾਣੇ ਸਿੰਘਾਂ ਨੇ 10 ਲੱਖ ਦੀ ਮੁਗਲ ਫ਼ੌਜ ਨਾਲ ਟਾਕਰਾ ਕੀਤਾ। ਸਮਾਂ ਆਪਣੀ ਚਾਲ ਚੱਲਦਾ ਗਿਆ। ਗੁਰੂ ਪਾਤਿਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲੱਗਭੱਗ 70 ਸਾਲ ਦਾ ਸਮਾਂ ਸਿੱਖਾਂ ਲਈ ਵਿਸਾਖੀ ਵਾਲੇ ਦਿਨ ਕੀਤੇ ਹੋਏ ਪ੍ਰਣ ਨੂੰ ਪੂਰਾ ਕਰਨ ਲਈ ਵੱਡੀ ਪਰਖ ਦਾ ਸਮਾਂ ਸੀ। ਵਿਸਾਖੀ ਵਾਲੇ ਦਿਨ ਕਲਗੀਧਰ ਪਾਤਿਸ਼ਾਹ ਵੱਲੋਂ ਪ੍ਰਾਪਤ ਕੀਤੀ ਅੰਮ੍ਰਿਤ ਦੀ ਦਾਤ ਦੀ ਕਰਾਮਾਤ ਉਸ ਸਮੇਂ ਵੀ ਪ੍ਰਗਟ ਹੋਈ, ਜਦੋਂ ਸਿੰਘਾਂ ਤੇ ਸਿੰਘਣੀਆਂ ਨੇ ਖੋਪਰੀਆਂ ਲੁਹਾ ਲਈਆਂ, ਤਨ ਨੂੰ ਆਰਿਆਂ ਨਾਲ ਚਿਰਵਾ ਲਿਆ, ਬੰਦ ਬੰਦ ਕਟਵਾ ਲਏ, ਚਰਖੜੀਆਂ ਉੱਤੇ ਚੜ੍ਹ ਕੇ ਮਾਸ ਦਾ ਤੂੰਬਾ ਤੂੰਬਾ ਉਡਣਾ ਪ੍ਰਵਾਨ ਕਰ ਲਿਆ ਅਤੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਤਾਂ ਪੁਆ ਲਏ ਪਰ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ।

ਸਿੱਖੀ ਦੇ ਬ੍ਰਿਛ ਨੂੰ ਸਿਦਕ ਦੇ ਲੱਗੇ ਫਲ਼ ਦੇ ਸਿਖਰ ਦਾ ਇੱਕ ਅਲੌਕਿਕ ਦ੍ਰਿਸ਼ ਉਸ ਵੇਲੇ ਵੀ ਵੇਖਣ ਨੂੰ ਮਿਲਦਾ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ 700 ਤੋਂ ਵੱਧ ਸਿੰਘ ਦੇ 100-100 ਜੱਥੇ ਬਣਾ ਕੇ ਦਿੱਲੀ ਵਿੱਚ ਰੋਜ਼ ਕਤਲ ਕੀਤੇ ਜਾਂਦੇ ਰਹੇ। ਜਦੋਂ ਕਾਜੀ ਹਰ ਇੱਕ ਸਿੱਖ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਚੁਣਨ ਲਈ ਕਹਿੰਦਾ ਤਾਂ ਕਿਸੇ ਇੱਕ ਵੀ ਸਿੱਖ ਨੇ ਮੌਤ ਦਾ ਡਰ ਨਾ ਮੰਨਿਆ। ਉਹ ਖ਼ੁਸ਼ੀ ਖ਼ੁਸ਼ੀ ਮੌਤ ਨੂੰ ਕਬੂਲ ਕਰਦਾ। ਇੱਥੋਂ ਤੱਕ ਕਿ ਇੱਕ ਨੌਜਵਾਨ ਗੱਭਰੂ ਦੀ ਮਾਂ ਬਾਦਸ਼ਾਹ ਫਰਖਸ਼ੀਅਰ ਕੋਲੋਂ ਰਿਹਾਈ ਦੇ ਹੁਕਮ ਲੈ ਕੇ ਆਈ ਤੇ ਕਿਹਾ ਕਿ ਮੇਰਾ ਬੱਚਾ ਸਿੱਖ ਨਹੀਂ ਹੈ ਤਾਂ ਉਸ ਬੱਚੇ ਨੇ ਜ਼ੋਰ ਨਾਲ ਕਿਹਾ ਕਿ ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਗੁਰੂ ਦਾ ਸਿੱਖ ਹਾਂ। ਉਸ ਨੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਮੌਤ ਨੂੰ ਪ੍ਰਵਾਨ ਕਰ ਲਿਆ। ਇਹ ਸੀ ਸਿੱਖੀ ਸਿਦਕ ਅਤੇ ਸਤਿਗੁਰਾਂ ਲਈ ਸਿੱਖਾਂ ਦੇ ਮਨਾਂ ਵਿੱਚ ਪਿਆਰ, ਜੋ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਬਖ਼ਸ਼ੀ ਅੰਮ੍ਰਿਤ ਦੀ ਅਦੁੱਤੀ ਕਰਾਮਾਤ ਸੀ।

ਸੋ ਮਨੁੱਖਤਾ ਦੇ ਇਤਿਹਾਸ ਵਿੱਚ ਸੰਮਤ 1756 (ਸੰਨ 1699) ਦੀ ਵਿਸਾਖੀ (30 ਮਾਰਚ) ਇੱਕ ਅਦੁੱਤੀ ਤੇ ਅਲੌਕਿਕ ਘਟਨਾ ਸੀ, ਜਦ ਪੂਰਨ ਮਨੁੱਖ (ਖਾਲਸੇ) ਦੀ ਸਿਰਜਣਾ ਹੋਈ, ਜਿਸ ਦੇ ਦੈਵੀ ਕਰਤੱਵ (ਸੇਵਾ, ਸਿਮਰਨ ਤੇ ਕੁਰਬਾਨੀ) ਉੱਤੇ ਜਿੰਨਾ ਵੀ ਨਾਜ਼ ਕੀਤਾ ਜਾਵੇ ਥੋੜ੍ਹਾ ਹੈ।