ਮਰਣੈ ਤੇ ਜਗਤੁ ਡਰੈ

0
445

ਮਰਣੈ ਤੇ ਜਗਤੁ ਡਰੈ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,

ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

 ਮਰਨ ਤੋਂ ਸਾਰਾ ਸੰਸਾਰ ਡਰਦਾ ਹੈ। ਹਰ ਕੋਈ ਜੀਊਣਾ ਚਾਹੁੰਦਾ ਹੈ। ਭਗਤ ਕਬੀਰ ਜੀ ਅਨੁਸਾਰ ਮਰਦਾ ਤਾਂ ਸੰਸਾਰ ਦਾ ਹਰ ਬੰਦਾ ਹੈ ਪਰ ਕਿਸੇ ਨੇ ‘ਸੱਚੇ’ ਮਰਨ ਦੀ ਜਾਚ ਨਹੀਂ ਸਿੱਖੀ ‘‘ਕਬੀਰਾ ਮਰਤਾ ਮਰਤਾ ਜਗੁ ਮੁਆ; ਮਰਿ ਭਿ ਜਾਨੈ ਕੋਇ   ਐਸੀ ਮਰਨੀ ਜੋ ਮਰੈ; ਬਹੁਰਿ ਮਰਨਾ ਹੋਇ ’’ (ਭਗਤ ਕਬੀਰ ਜੀ/੫੫੫)

ਇਸ ਜਗ ਵਿੱਚ ਭੈਅ ਦਾ ਹੀ ਵਪਾਰ ਚੱਲਦਾ ਹੈ। ਇਹ ਭੈਅ ਰੋਜ਼ੀ ਰੋਟੀ ਖੁੱਸਣ ਦਾ, ਸਿਹਤ ਦੀ ਖ਼ਰਾਬੀ ਦਾ, ਪ੍ਰੋਮੋਸ਼ਨ ਨਾ ਹੋਣ ਦਾ, ਵੱਡਾ ਘਰ ਨਾ ਮਿਲਣ ਦਾ, ਰੁਤਬਾ ਉੱਚਾ ਕਰਨ ਦਾ, ਪੁੱਤਰ ਪੋਤਰੇ ਨਾ ਹੋਣ ਦਾ, ਵਪਾਰ ਵਿੱਚ ਘਾਟੇ ਦਾ ਤੇ ਕਦੇ ਨਾ ਖ਼ਤਮ ਹੋਣ ਵਾਲੀ ਤ੍ਰਿਸ਼ਨਾ ਦਾ ਹੁੰਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਵਿੱਚ ਕੋਈ ਯਾਦ ਹੀ ਨਹੀਂ ਰੱਖਦਾ ਕਿ ਇਹ ਚੀਜ਼ਾਂ ਤਾਂ ਹੀ ਸੰਭਵ ਹਨ ਜੇ ਜ਼ਿੰਦਗੀ ਰਹੀ !

ਜ਼ਿੰਦਗੀ ਜਦੋਂ ਇੱਕਦਮ ਹੱਥੋਂ ਖਿਸਕਣ ਲੱਗਦੀ ਹੈ, ਉਦੋਂ ਹੀ ਸਮਝ ਆਉਂਦੀ ਹੈ ਕਿ ਬੇਲੋੜੀ ਚਿੰਤਾ ਤੇ ਸੰਸਾਰੀ ਚੀਜ਼ਾਂ ਵਿੱਚੋਂ ਕੋਈ ਸ਼ੈਅ ਜ਼ਿੰਦਗੀ ਦਾ ਇਕ ਪਲ ਵੀ ਨਹੀਂ ਵਧਾ ਸਕਦੀ। ਉਸ ਆਖ਼ਰੀ ਮੌਕੇ ਸਮਝ ਆਉਂਦੀ ਹੈ ਕਿ ਬਾਕੀ ਸਭ ਚੀਜ਼ਾਂ ਤੋਂ ਮਹੱਤਵ ਪੂਰਨ ਸੀ ‘ਜ਼ਿੰਦਗੀ ਜਿਊਣੀ’। ਅਫ਼ਸੋਸ ਕਿ ਉਸ ਪਲ ਦੀ ਆਈ ਸਮਝ ਦਾ ਉੱਕਾ ਹੀ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਆਪਣੇ ਕੋਲ ਸਮਾਂ ਨਹੀਂ ਬਚਿਆ ਹੁੰਦਾ ਤੇ ਬਾਕੀ ਜਣੇ ਤ੍ਰਿਸ਼ਨਾ ਦੇ ਚੱਕਰਵਿਊ ਵਿੱਚ ਫਸੇ ਹੋਏ ਸਮਝਣਾ ਨਹੀਂ ਚਾਹੁੰਦੇ ਹੁੰਦੇ !

ਵੱਡੇ-ਵੱਡੇ ਰਾਜਿਆਂ ਤੇ ਸ਼ਕਤੀਸ਼ਾਲੀ ਲੋਕਾਂ ਦੀ ਮੌਤ ਨੇ ਵੀ ਕਦੇ ਕਿਸੇ ਦੀ ਤ੍ਰਿਸ਼ਨਾ ਨਹੀਂ ਘਟਾਈ। ਇਸ ਗੱਲ ਨੂੰ ਕੋਈ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿ ਜੀਵਨ ਵਿੱਚ ਸਭ ਤੋਂ ਜ਼ਰੂਰੀ ਚੀਜ਼; ਸਾਹ ਹਨ ! ਜੇ ਜ਼ਿੰਦਾ ਹਾਂ ਤਾਂ ਸਭ ਚੀਜ਼ਾਂ ਮਾਣੀਆਂ ਜਾ ਸਕਦੀਆਂ ਹਨ। ਜੇ ਜ਼ਿੰਦਾ ਹੀ ਨਹੀਂ ਤਾਂ ਬਾਕੀ ਚੀਜ਼ਾਂ ਤਾਂ ਹੋਰ ਜਣੇ ਹੀ ਵਰਤਣਗੇ।

ਰੱਬ ਦੀ ਹੋਂਦ ਵੀ ਲੋੜ ਵੇਲੇ ਹੀ ਮਹਿਸੂਸ ਹੁੰਦੀ ਹੈ। ਜਦੋਂ ਨੁਕਸਾਨ ਹੁੰਦਾ ਸਾਹਮਣੇ ਦਿਸੇ ਜਾਂ ਮੌਤ ਸਾਹਮਣੇ ਦਿਸੇ, ਉਸ ਵੇਲੇ ਜ਼ਬਾਨ ਉੱਤੇ ਦੋ ਹੀ ਨਾਂ ਆਉਂਦੇ ਹਨ ‘ਹਾਏ ਮਾਂ ਜਾਂ ਹਾਏ ਰੱਬਾ !’

ਉਸ ਤੋਂ ਬਾਅਦ ਸ਼ੁਰੂ ਹੁੰਦੇ ਹਨ ਧਾਰਮਿਕ ਗੇੜੇ, ਆਪਣੇ ਮਨ ਨੂੰ ਸ਼ਾਂਤ ਕਰਨ ਲਈ ! ਕੱਟੜ ਤੋਂ ਕੱਟੜ ਨਾਸਤਿਕ ਵੀ ਮੌਤ ਸਾਹਮਣੇ ਵੇਖ ਇਕ ਵਾਰ ਤਾਂ ਰੱਬ ਨੂੰ ਧਿਆ ਲੈਂਦਾ ਹੈ ਤੇ ਉਸ ਨੂੰ ਲਾਹਣਤਾਂ ਵੀ ਪਾ ਦਿੰਦਾ ਹੈ ਕਿ ਮੈਂ ਹੀ ਕਿਉਂ?

ਗੁਰਬਾਣੀ ਵਿੱਚ ਵਾਰ-ਵਾਰ ਮੌਤ ਬਾਰੇ ਚੇਤੰਨ ਕੀਤਾ ਗਿਆ ਹੈ। ਇਹ ਤਾਂ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਮੌਤ ਕਿਵੇਂ ਹੋਣੀ ਹੈ ਭਾਵੇਂ ਕਿ ਇਹ ਪੱਕਾ ਹੈ ਕਿ ਮਰਨਾ ਸਭ ਨੇ ਹੈ, ਫਿਰ ਵੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ। ਜੇ ਮੌਤ ਸੁਖਾਲੀ ਕਰਨੀ ਹੋਵੇ ਤਾਂ ਚਿੰਤਾ ਲਾਹੁਣੀ ਹੀ ਪੈਂਦੀ ਹੈ। ਦੂਜਾ ਪਾਸਾ ਹੈ, ਜੇ ਅਣਖ ਮਾਰ ਲਈ ਹੋਵੇ ਜਾਂ ਚੁੱਪ ਚੁਪੀਤੇ ਜ਼ੁਲਮ ਸਹਾਰਿਆ ਜਾ ਰਿਹਾ ਹੋਵੇ ਜਾਂ ਜ਼ੁਲਮ ਹੁੰਦਾ ਵੇਖ ਜ਼ਮੀਰ ਮਾਰ ਕੇ ਪਾਸਾ ਮੋੜ ਰਿਹਾ ਹੋਵੇ ਤਾਂ ਅਜਿਹਾ ਇਨਸਾਨ ਮੁਰਦਾ ਹੀ ਗਿਣਿਆ ਜਾਂਦਾ ਹੈ ‘‘ਕਿਆ ਜਾਣਾ ਕਿਵ ਮਰਹਗੇ ? ਕੈਸਾ ਮਰਣਾ ਹੋਇ ?  ਜੇ ਕਰਿ ਸਾਹਿਬੁ ਮਨਹੁ ਵੀਸਰੈ; ਤਾ ਸਹਿਲਾ ਮਰਣਾ ਹੋਇ ’’ (ਮਹਲਾ /੫੫੫)

ਹੁਣ ਸਵਾਲ ਉੱਠਦਾ ਹੈ ਕਿ ਜਦੋਂ ਮੌਤ ਦੇ ਭੈਅ ਉੱਤੇ ਫ਼ਤਿਹ ਪਾ ਲਈ ਜਾਵੇ ਤਾਂ ਕੀ ਵਾਪਰਦਾ ਹੈ ਤੇ ਜੇ ਲਗਾਤਾਰ ਮੌਤ ਤੋਂ ਭੈਅ ਹੀ ਆਉਂਦਾ ਰਹੇ ਤਾਂ ਕੀ ਵਾਪਰਦਾ ਹੈ?

ਕੁੱਝ ਜਣੇ ਮੌਤ ਦੇ ਨਾਂ ਤੋਂ ਹੀ ਸਾਰਾ ਦਿਨ ਤ੍ਰਹਿੰਦੇ ਰਹਿੰਦੇ ਹਨ। ਕੁੱਝ ਨੂੰ ਇਹੋ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਸੁੱਤਿਆਂ-ਸੁੱਤਿਆਂ ਹੀ ਨਾ ਮਰ ਜਾਣ।

ਜੇ ਮੌਤ ਦਾ ਡਰ ਹੱਦੋਂ ਵੱਧ ਜਾਏ ਤਾਂ ਬੀਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਬੀਮਾਰੀ ਵਿੱਚ ਬਿਸਤਰੇ ਵੱਲ ਜਾਂਦਿਆਂ ਹੀ ਘਬਰਾਹਟ ਹੋਣ ਲੱਗ ਪੈਂਦੀ ਹੈ ਕਿ ਕਿਤੇ ਸੁੱਤਿਆਂ ਮੌਤ ਨਾ ਆ ਜਾਏ। ਇੰਜ ਕਈ ਵਾਰ ਸਾਰੀ-ਸਾਰੀ ਰਾਤ ਜਾਗਦਿਆਂ ਲੰਘ ਜਾਂਦੀ ਹੈ। ਸਵੇਰ ਵੇਲੇ ਘਬਰਾਹਟ ਹੋਣ ਅਤੇ ਨੀਂਦਰ ਆਉਣ ਲੱਗ ਪੈਂਦੀ ਹੈ। ‘ਸੋਮਨੀਫੋਬੀਆ’ ਬੀਮਾਰੀ ’ਚ ਤਾਂ ਕਈ ਵਾਰ ਨੀਂਦਰ ਦਾ ਨਾਮ ਲੈਣ ’ਤੇ ਹੀ ਦਿਲ ਦੀ ਧੜਕਣ ਵੱਧ ਜਾਂਦੀ ਹੈ। ਜਿਉਂ ਹੀ ਸ਼ਾਮ ਪੈਣ ਲੱਗੇ, ਅਜਿਹੇ ਮਰੀਜ਼ਾਂ ਨੂੰ ਘਬਰਾਹਟ ਦੇ ਅਟੈਕ ਹੋਣ ਲੱਗ ਪੈਂਦੇ ਹਨ।

ਕੁੱਝ ਦੀ ਯਾਦਦਾਸ਼ਤ ਘੱਟ ਜਾਂਦੀ ਹੈ ਤੇ ਕੁੱਝ ਮਰੀਜ਼ ਚਿੜਚਿੜੇ ਜਾਂ ਲੜਾਕੇ ਬਣ ਜਾਂਦੇ ਹਨ। ਕਈਆਂ ਨੂੰ ਉਲਟੀਆਂ, ਜੀਅ ਕੱਚਾ, ਢਿੱਡ ਪੀੜ, ਅਫਰੇਵਾਂ, ਛਾਤੀ ਵਿੱਚ ਜਕੜਨ, ਪੀੜ, ਧੜਕਣ ਵਧਣੀ, ਪਸੀਨਾ ਵੱਧ ਆਉਣਾ, ਕਾਂਬਾ ਮਹਿਸੂਸ ਹੋਣਾ, ਲੰਮੇ ਸਾਹ ਖਿੱਚਣੇ, ਰੋਣਾ ਆਉਣਾ, ਤ੍ਰਹਿਣ ਲੱਗ ਪੈਣਾ, ਇਕੱਲੇ ਮਹਿਸੂਸ ਹੁੰਦੇ ਸਾਰ ਘਬਰਾਹਟ ਹੋਣ ਲੱਗ ਪੈਣੀ ਆਦਿ ਵਰਗੇ ਲੱਛਣ ਦਿੱਸਣ ਲੱਗ ਪੈਂਦੇ ਹਨ।

ਕੁੱਝ ਮਰੀਜ਼ ਰਾਤ ਭਰ ਲਾਈਟਾਂ ਜਗਾ ਕੇ ਜਾਂ ਟੀ.ਵੀ., ਸੰਗੀਤ ਆਦਿ ਲਾ ਕੇ ਬੈਠੇ ਰਹਿੰਦੇ ਹਨ ਤਾਂ ਜੋ ਨੀਂਦਰ ਨਾ ਆਵੇ। ਕੁੱਝ ਸ਼ਰਾਬ ਪੀ ਕੇ ਜਾਂ ਨਸ਼ਾ ਕਰ ਕੇ ਡਰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇਸ ਤਰ੍ਹਾਂ ਦੇ ਕੁੱਝ ਮਰੀਜ਼ਾਂ ਵਿੱਚ ਨੀਂਦਰ ਸਮੇਂ ਮਰ ਜਾਣ ਦਾ ਡਰ ਇਸ ਲਈ ਪੈਦਾ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਕਈ ਵਾਰ ਰਾਤ ਵੇਲੇ ਅਚਾਨਕ ਜਾਗ ਖੁੱਲ੍ਹ ਜਾਣ ਉੱਤੇ ਜਾਪਦਾ ਹੈ ਕਿ ਉਨ੍ਹਾਂ ਨੂੰ ਲਕਵਾ ਮਾਰ ਗਿਆ ਹੈ। ਕਈਆਂ ਨੂੰ ਡਰਾਵਨੇ ਸੁਫਨੇ ਸੌਣ ਨਹੀਂ ਦਿੰਦੇ ਤੇ ਉਹ ਆਪਣੀ ਹੀ ਮੌਤ ਦਾ ਸੁਫਨਾ ਵੇਖ ਕੇ ਤ੍ਰਭਕ ਕੇ ਜਾਗ ਜਾਂਦੇ ਹਨ ਅਤੇ ਦੁਬਾਰਾ ਸੌਂ ਹੀ ਨਹੀਂ ਸਕਦੇ।

ਕੁੱਝ ਨੇ ਚੋਰ ਜਾਂ ਡਾਕੂਆਂ ਦਾ ਰਾਤ ਵੇਲੇ ਸਾਹਮਣਾ ਕੀਤਾ ਹੁੰਦਾ ਹੈ, ਜੋ ਮਨ ਵਿੱਚ ਸਦੀਵੀ ਡਰ ਜਮਾ ਕਰ ਦਿੰਦਾ ਹੈ। ਕਈਆਂ ਨੇ ਆਪਣੇ ਸਾਹਮਣੇ ਕੋਈ ਕਤਲ ਜਾਂ ਐਕਸੀਡੈਂਟ ਵਿੱਚ ਭਿਆਨਕ ਮੌਤ ਹੁੰਦੀ ਵੇਖਣ ਸਦਕਾ ਘਬਰਾਹਟ ਪਾਲ਼ ਲਈ ਹੁੰਦੀ ਹੈ। ਕੋਈ ਅੱਗ ਜਾਂ ਪਾਣੀ ਦੇ ਹਾਦਸੇ ’ਚੋਂ ਬਚਿਆ ਹੁੰਦਾ ਹੈ।

ਕੁੱਝ ਬੱਚਿਆਂ ਨੂੰ ਮਾਪੇ ਹੀ ਹਨ੍ਹੇਰੇ, ਭੂਤ-ਪ੍ਰੇਤ ਜਾਂ ਵਹਿਮਾਂ-ਭਰਮਾਂ ਨਾਲ ਡਰਾ ਧਮਕਾ ਕੇ ਰੱਖਦੇ ਹਨ। ਇਹ ਡਰ ਵੱਡੇ ਹੋਣ ਤੱਕ ਪੱਕਾ ਹੋ ਜਾਂਦਾ ਹੈ।

ਇਹ ਸਾਰੇ ਕਿਸਮਾਂ ਦੇ ਡਰ ਹੌਲ਼ੀ-ਹੌਲ਼ੀ ਨੀਂਦਰ ਵਿੱਚ ਮਰ ਜਾਣ ਦੇ ਡਰ ਨੂੰ ਪੱਕਾ ਕਰ ਦਿੰਦੇ ਹਨ। ਜੇ ਲਗਾਤਾਰ ਉਨੀਂਦਰਾ ਤੁਰਦਾ ਰਹੇ ਤਾਂ ਦਿਲ ਦੇ ਰੋਗਾਂ ਦੀ ਸ਼ੁਰੂਆਤ ਹੋ ਸਕਦੀ ਹੈ ਤੇ ਹੋਰ ਸਰੀਰਕ ਰੋਗਾਂ ਦੇ ਨਾਲ-ਨਾਲ ਮਾਨਸਿਕ ਰੋਗ ਵੀ ਸ਼ੁਰੂ ਹੋ ਜਾਂਦੇ ਹਨ।

ਬੱਚਿਆਂ ਵਿੱਚ ਕਈ ਵਾਰ ਡਰ ਡੂੰਘਾ ਮਨ ਵਿੱਚ ਬਹਿ ਜਾਏ ਤਾਂ ਉਹ ਸਕੂਲੀ ਪੜ੍ਹਾਈ ਤੋਂ ਵੀ ਪਛੜਨ ਲੱਗ ਪੈਂਦੇ ਹਨ। ਜੇ ਇੰਜ ਹੋ ਜਾਵੇ ਤਾਂ ਬੱਚਿਆਂ ਦਾ ਤੁਰੰਤ ਇਲਾਜ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਰੱਜ ਕੇ ਪਿਆਰ ਕਰਨਾ ਤੇ ਰਾਤ ਨੂੰ ਆਪਣੇ ਨਾਲ ਬਿਠਾ ਕੇ ਵਧੀਆ ਕਹਾਣੀਆਂ ਸੁਣਾ ਕੇ ਜਾਂ ਖ਼ੂਬਸੂਰਤ ਚਿੱਤਰ ਵਿਖਾ ਕੇ ਰਾਤ ਨੂੰ ਸੁਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਵੱਡਿਆਂ ਵਾਸਤੇ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਨਾਲ ਦਵਾਈ ਜ਼ਰੂਰ ਸ਼ੁਰੂ ਕਰ ਲੈਣੀ ਚਾਹੀਦੀ ਹੈ। ਕੁੱਝ ਨੂੰ ਬੀਟਾ ਬਲੌਕਰ ਦਵਾਈਆਂ ਜਾਂ ਹਲਕੀ ਨੀਂਦਰ ਦੀ ਦਵਾਈ ਨਾਲ ਆਰਾਮ ਆ ਜਾਂਦਾ ਹੈ।

ਇਸ ਸਮੇਂ ਵਿਦੇਸ਼ਾਂ ਵਿੱਚ ਇਸ ਬੀਮਾਰੀ ਦਾ 80 ਤੋਂ 100 ਡਾਲਰ ਪ੍ਰਤੀ ਹਫ਼ਤਾ ਅਤੇ 40 ਮਿੰਟ ਹਫ਼ਤੇ ਵਿੱਚ ਇੱਕ ਵਾਰ ਫੋਨ ਉੱਤੇ ਵੀਡੀਓ ਸੈਸ਼ਨ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ।

ਇਲਾਜ ਦੌਰਾਨ ਜੋ ਸਮਝਾਇਆ ਜਾਂਦਾ ਹੈ, ਉਹ ਕੁੱਝ ਇਸ ਤਰ੍ਹਾਂ ਹੈ :

  1. ਮੌਤ ਦਾ ਫ਼ਿਕਰ ਛੱਡੋ। ਇਹ ਸਭ ਰੱਬ ਦੇ ਹੱਥ ਹੈ। ਰੱਬ ਤੁਹਾਡਾ ਦੁਸ਼ਮਣ ਨਹੀਂ ਹੈ। ਰੋਜ਼ ਹੱਸੋ ਖੇਡੋ ਤੇ ਕਸਰਤ ਕਰ ਕੇ ਸੰਤੁਲਿਤ ਭੋਜਨ ਲਵੋ। ਹੁਣ ਵੇਖਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1057 ’ਤੇ ਗੁਰੂ ਅਮਰ ਦਾਸ ਜੀ ਨੇ ਕੀ ਸਮਝਾਇਆ ਹੈ ‘‘ਆਵਣੁ ਜਾਣਾ ਰਖੈ ਕੋਈ ਜੰਮਣੁ ਮਰਣੁ ਤਿਸੈ ਤੇ ਹੋਈ ’’ (ਮਹਲਾ /੧੦੫੭) ਭਾਵ ਜਨਮ ਮਰਨ ਦਾ ਚੱਕਰ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੁੰਦਾ ਹੈ। ਉੱਚੀ ਆਤਮਕ ਅਵਸਥਾ ਅਤੇ ਵਿਕਾਰਾਂ ਤੋਂ ਖ਼ਲਾਸੀ ਦੀ ਲੋੜ ਹੁੰਦੀ ਹੈ।
  2. ਮਨੁੱਖ ਕਿੱਥੋਂ ਆਉਂਦਾ ਹੈ ਤੇ ਮਰ ਕੇ ਕਿੱਥੇ ਜਾਂਦਾ ਹੈ, ਇਸ ਦੀ ਚਿੰਤਾ ਰੱਬ ਉੱਤੇ ਛੱਡ ਕੇ ਸਿਰਫ਼ ਆਪਣੀ ਜ਼ਿੰਦਗੀ ਉੱਤੇ ਕੇਂਦ੍ਰਿਤ ਹੋ ਕੇ ਦੋਸਤੀਆਂ ਗੰਢੋ ਤੇ ਦੂਜਿਆਂ ਦੀ ਮਦਦ ਕਰੋ। ਇੰਜ ਖ਼ੁਸ਼ੀ ਮਹਿਸੂਸ ਹੋਵੇਗੀ। ਹੁਣ ਜ਼ਰਾ ਗੁਰਬਾਣੀ ਦੇ ਅੰਗ 940 ’ਤੇ ਝਾਤ ਮਾਰੀਏ ‘‘ਕਹਾ ਤੇ ਆਵੈ? ਕਹਾ ਇਹੁ ਜਾਵੈ ? ਕਹਾ ਇਹੁ ਰਹੈ ਸਮਾਈ ?’’ (ਮਹਲਾ /੯੪੦) ਭਾਵ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ ਤੇ ਕਿਵੇਂ ਜੀਵਨ ਬਤੀਤ ਕਰਦਾ ਹੈ, ਇਹ ਕੇਵਲ ਪ੍ਰਭੂ ਹੀ ਜਾਣਦਾ ਹੈ।
  3. ਸਵਾਰਥ ਛੱਡ ਕੇ ਦਇਆ ਕਰਨ ਨਾਲ ਮਨ ਵਿੱਚ ਚੰਗੇ ਖ਼ਿਆਲ ਆਉਂਦੇ ਹਨ ਤੇ ਮੌਤ ਦਾ ਭੈਅ ਛੱਡਿਆ ਜਾਂਦਾ ਹੈ। ਕੁੱਝ ਇਹੋ ਜਿਹਾ ਹੀ ਗੁਰਬਾਣੀ ਵਿੱਚ ਲਿਖਿਆ ਮਿਲਦਾ ਹੈ ‘‘ਜੀਵਤੁ ਮਰੈ ਤਾ ਸਭੁ ਕਿਛੁ ਸੂਝੈ; ਅੰਤਰਿ ਜਾਣੈ ਸਰਬ ਦਇਆ ’’ (ਮਹਲਾ /੯੪੦) ਭਾਵ ਹਉਮੈ ਦਾ ਤਿਆਗ ਕਰ ਕੇ, ਸੁਆਰਥ ਮਿਟਾ ਲਿਆ ਜਾਵੇ ਤਾਂ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਸਮਝ ਆ ਜਾਂਦੀ ਹੈ। ਸਾਰੇ ਜੀਵਾਂ ਉੱਤੇ ਦਇਆ ਕਰਨ ਦਾ ਅਸੂਲ ਮਨ ਵਿੱਚ ਪੱਕਾ ਕਰ ਲੈਣਾ ਚਾਹੀਦਾ ਹੈ।
  4. ਮੌਤ ਦਾ ਭੈਅ ਛੱਡਣ ਲਈ ਮੌਤ ਨੂੰ ਭੁਲਾਉਣਾ ਸਿੱਖਣ ਪਵੇਗਾ। ਆਪਣੇ ਆਪ ਨੂੰ ਆਹਰੇ ਲਾ ਕੇ ਮੌਤ ਦਾ ਖ਼ਿਆਲ ਭੁੱਲ ਜਾਂਦਾ ਹੈ। ਇੰਜ ਮੌਤ ਵੀ ਆਨੰਦਮਈ ਹੋ ਨਿਬੜਦੀ ਹੈ ! ਕਦੋਂ ਆਈ ਪਤਾ ਹੀ ਨਹੀਂ ਲੱਗਦਾ ! ‘‘ਕਬੀਰ ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ’’ (ਭਗਤ ਕਬੀਰ/੧੩੬੫) ਭਾਵ ਭਗਤ ਕਬੀਰ ਜੀ ਅਨੁਸਾਰ ਪੂਰਾ ਜਗਤ ਦੁਨੀਆ ਦੇ ਮੋਹ ਨੂੰ ਛੱਡ ਕੇ ਜਾਣ ਤੋਂ ਡਰਦਾ ਹੈ। ਹੋਰਨਾਂ ਮਨੁੱਖਾਂ ਅਤੇ ਧਨ ਪਦਾਰਥਾਂ ਕੋਲੋਂ ਪਰ੍ਹਾਂ ਜਾਣ ਤੋਂ ਤ੍ਰਹਿਦਾ ਹੈ। ਇਸ ਤਰ੍ਹਾਂ ਦੇ ਮੋਹ ਵੱਲੋਂ ਮੂੰਹ ਮੋੜਨਾ ਜਾਂ ਮਰਨਾ ਹੀ ਮੁਕੰਮਲ ਤੌਰ ਉੱਤੇ ਆਨੰਦ ਸਰੂਪ ਹੈ।

ਦੁਨੀਆਭਰ ਦੇ ਮਨੋਵਿਗਿਆਨੀ ਮੌਤ ਦੇ ਡਰ ਨੂੰ ਘਟਾਉਣ ਲਈ, ਜੋ ਰਾਮ ਬਾਣ ਵਰਤਦੇ ਹਨ, ਉਹ ਹੈ ‘ਚੁੱਪ ਚੁਪੀਤੇ ਆਈ ਮੌਤ ਜੇ ਲੈ ਵੀ ਗਈ ਤਾਂ ਕੋਈ ਨਾ, ਅਣਦੇਖੀ ਦੁਨੀਆ ਵਿੱਚ ਰੱਬ ਨਾਲ ਮਿਲਣ ਦਾ ਸਬੱਬ ਹੀ ਬਣਦਾ ਹੈ, ਜਿੱਥੇ ਸਾਡੇ ਵੱਡੇ ਵਡੇਰੇ ਤੇ ਦੋਸਤ ਜਾ ਚੁੱਕੇ ਹਨ, ਪਰ ਜੇ ਕਿਤੇ ਮੌਤ ਨਾਲ ਸਾਹਮਣਾ ਕਰਨਾ ਪੈ ਜਾਏ ਤਾਂ ਗੋਡੇ ਟੇਕ ਕੇ, ਗਿੜਗਿੜਾ ਕੇ ਜਾਂ ਪਿੱਠ ਵਿਖਾ ਕੇ ਭੱਜ ਜਾਣ ਨਾਲੋਂ ਬਹਾਦਰੀ ਨਾਲ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਤੁਰ ਜਾਣ ਬਾਅਦ ਵੀ ਲੋਕ ਸਾਨੂੰ ਭੁਲਾ ਨਾ ਸਕਣ ਅਤੇ ਸਾਡੀ ਮੌਤ ਵੀ ਮਿਸਾਲੀ ਬਣ ਜਾਏ ! ‘‘ਐਸੀ ਮਰਨੀ ਜੋ ਮਰੈ; ਬਹੁਰਿ ਮਰਨਾ ਹੋਇ ’’ (ਭਗਤ ਕਬੀਰ ਜੀ/੫੫੫)

ਸਾਰ :-

ਮੌਤ ਦਾ ਭੈਅ ਦਰਅਸਲ ਹੁੰਦਾ ਹੀ ਉਨ੍ਹਾਂ ਨੂੰ ਹੈ, ਜਿਨ੍ਹਾਂ ਨੂੰ ਆਪਣੇ ਬੇਲੋੜੇ ਇਕੱਠੇ ਕੀਤੇ ਸਮਾਨ ਦੇ ਖੁੱਸ ਜਾਣ ਦਾ ਡਰ ਹੋਵੇ। ਫ਼ਿਕਰ ਫ਼ਾਕੇ ਤੋਂ ਬਗ਼ੈਰ ਸੜਕਾਂ ਕਿਨਾਰੇ ਪਏ ਗ਼ਰੀਬ ਨੂੰ ਇਹ ਚਿੰਤਾ ਨਹੀਂ ਚਿੰਬੜਦੀ। ਇਸੇ ਲਈ ਸਿਆਣੇ ਕਹਿੰਦੇ ਹਨ ‘ਜਿੰਨਾ ਸਮਾਂ ਹੈ ਮਹਿਲ ਮਾੜੀਆਂ ਮਾਣ ਲਵੋ, ਪਰ ਇਨ੍ਹਾਂ ਨਾਲ ਮੋਹ ਨਾ ਪਾਲ਼ੋ’।

ਜੇ ਮੌਤ ਦੇ ਭੈਅ ਤੋਂ ਛੇਤੀ ਛੁਟਕਾਰਾ ਹੋ ਜਾਏ ਅਤੇ ਆਪਣੇ ਮਨ ਨੂੰ ਕਾਬੂ ਕਰਨ ਲਈ ਉੱਪਰ ਦੱਸੇ ਉਪਾਅ ਵਰਤ ਕੇ ਸਹਿਜ ਹੋ ਸਕਦੇ ਹੋਵੋ ਤਾਂ ਭਰਪੂਰ ਜ਼ਿੰਦਗੀ ਜੀਵੀ ਜਾ ਸਕਦੀ ਹੈ। ਜੇ ਨਹੀਂ, ਤਾਂ ਧਾਰਮਿਕ ਅਡੰਬਰਾਂ ਦੇ ਚੱਕਰਵਿਊ ਵਿੱਚ ਫਸ ਜਾਣ ਨਾਲੋਂ ਗੁਰਬਾਣੀ ਵਿੱਚੋਂ ਆਪ ਹੀ ਸੇਧ ਲੈ ਲੈਣੀ ਚਾਹੀਦੀ ਹੈ। ਜੇ ਫਿਰ ਵੀ ਭੈਅ ਰਹਿ ਜਾਵੇ ਤਾਂ ਚੰਗੇ ਮਨੋਵਿਗਿਆਨੀ ਤੋਂ ਇਲਾਜ ਕਰਵਾਇਆ ਜਾ ਸਕਦਾ ਹੈ।

ਇੱਕ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਮੌਤ ਅਟੱਲ ਸੱਚ ਹੈ, ਪਰ ਉਸ ਸਮੇਂ ਤੱਕ ਜਾਣ ਦਾ ਸਫ਼ਰ ਜੇ ਰੱਜ ਕੇ ਜੀਅ ਲਿਆ ਜਾਵੇ ਤੇ ਵਧੀਆ ਯਾਦਾਂ ਨਾਲ ਭਰਪੂਰ ਕਰ ਲਿਆ ਜਾਵੇ ਤਾਂ ਇਹ ਵਧੀਆ ਜ਼ਿੰਦਗੀ ਮੰਨੀ ਜਾਂਦੀ ਹੈ। ਤਿਲ-ਤਿਲ ਕਰ ਕੇ ਮਰਨ ਦੀ ਲੋੜ ਨਹੀਂ ਹੁੰਦੀ।  ਹੱਸੋ, ਖੇਡੋ, ਗੁਣਗੁਣਾਓ, ਦੋਸਤੀਆਂ ਗੰਢੋ, ਪਿਆਰ ਵੰਡੋ ਤਾਂ ਵੇਖੋ ਜ਼ਿੰਦਗੀ ਕਿੰਨੀ ਖ਼ੂਬਸੂਰਤ ਜਾਪਣ ਲੱਗ ਪੈਂਦੀ ਹੈ !

ਇੱਕ ਆਖ਼ਰੀ ਗੱਲ ਜ਼ਰੂਰ ਸਾਂਝੀ ਕਰਨੀ ਹੈ। ਮੌਤ ਨੂੰ ਉੱਕਾ ਹੀ ਭੁਲਾ ਦੇਣਾ ਵੀ ਕਈ ਵਾਰ ਠੀਕ ਨਹੀਂ ਰਹਿੰਦਾ। ਇੰਜ ਬੰਦਾ ਆਪਣੇ ਆਪ ਨੂੰ ਅਮਰ ਮੰਨਦਾ ਦੂਜਿਆਂ ਉੱਤੇ ਜ਼ੁਲਮ ਢਾਹੁਣ ਲੱਗ ਪੈਂਦਾ ਹੈ ‘‘ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ ਜਾਣਾ ’’ (ਮਹਲਾ /੬੬੦)

ਬਸ ਏਨੀ ਕੁ ਅਕਲ ਆ ਜਾਏ ਤਾਂ ਝੱਟ ਸਹਿਜ ਅਵਸਥਾ ਮਾਣੀ ਜਾ ਸਕਦੀ ਹੈ !