ਵਿਕਸਿਤ ਸੋਚ ਬਨਾਮ ਵਿਕਾਸਸ਼ੀਲ ਸੋਚ

0
308

ਵਿਕਸਿਤ ਸੋਚ ਬਨਾਮ ਵਿਕਾਸਸ਼ੀਲ ਸੋਚ

ਵਿਕਸਿਤ (Developed) ਸ਼ਬਦ ਦਾ ਅਰਥ ਹੁੰਦਾ ਹੈ ਕਿ ਪੂਰਨ ਤੌਰ ’ਤੇ ਵਿਕਾਸ ਹੋ ਚੁੱਕਿਆ ਹੈ ਭਾਵ ਹੁਣ ਹੋਰ ਵਧੀਕ ਵਿਕਾਸ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਅਤੇ ਵਿਕਾਸਸ਼ੀਲ (Developing) ਸ਼ਬਦ ਦਾ ਅਰਥ ਹੁੰਦਾ ਹੈ ਕਿ ਵਿਕਾਸ ਜਾਰੀ ਹੈ ਭਾਵ ਅਜੇ ਪੂਰਨ ਤੌਰ ’ਤੇ ਸਫਲਤਾ ਨਹੀਂ ਮਿਲੀ।

ਅਜੌਕੇ ਵਿਗਿਆਨਕ ਯੁੱਗ ਵਿੱਚ ਤਮਾਮ ਦੇਸ ਹੀ ਅਗਾਂਹ ਵਧਣ ਲਈ ਗਤੀਸ਼ੀਲ (Dynamic) ਹਨ ਪਰ ਫਿਰ ਵੀ ਕੁਝ ਵਿਕਾਸਸ਼ੀਲ ਦੇਸ਼ਾਂ ਦੀਆਂ ਨਜ਼ਰ ਵਿੱਚ ਕੁਝ ਅਜਿਹੇ ਦੇਸ਼ ਵੀ ਹਨ ਜਿਨ੍ਹਾਂ ਨੂੰ ਵਿਕਸਿਤ ਕਿਹਾ ਜਾ ਸਕਦਾ ਹੈ ਜਿਵੇਂ ਕਿ ਅਮਰੀਕਾ, ਰੂਸ, ਜਾਪਾਨ, ਇੰਗਲੈਂਡ, ਫਰਾਂਸ, ਚੀਨ ਆਦਿ।

ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਦੀਆਂ ਨਜ਼ਰਾਂ ’ਚ ਆਪਣੇ ਅਧਿਆਪਕ ਦੀ ਬੁਧੀ ਵਿਕਸਿਤ ਮੰਨੀ ਜਾ ਸਕਦੀ ਹੈ ਕਿਉਂਕਿ ਬੱਚਾ ਆਪ ਅਜੇ ਵਿਕਾਸਸ਼ੀਲ ਬੁਧੀ ਦਾ ਮਾਲਕ ਹੁੰਦਾ ਹੈ ਪਰ ਜਦ ਉਹ ਬੱਚਾ ਆਪ ਇੱਕ ਅਧਿਆਪਕ ਬਣ ਜਾਂਦਾ ਹੈ ਤਾਂ ਉਸ ਨੂੰ ਆਪਣੇ ਪੁਰਾਣੇ (ਅਤੀਤ ਵਾਲੇ) ਅਧਿਆਪਕ ਦੀ ਬੁਧੀ ਵਿਕਸਿਤ ਨਹੀਂ ਲਗਦੀ।

ਜਦ ਤੱਕ ਕੋਈ ਵੀ ਦੇਸ਼ ਜਾਂ ਕੋਈ ਵੀ ਵਿਦਿਆਰਥੀ ਆਪਣੀ ਬੁਧੀ ਨੂੰ ਵਿਕਾਸਸ਼ੀਲ ਮੰਨਦਾ ਰਹੇਗਾ ਤਦ ਤੱਕ ਉਸ ਦਾ (ਹਰ ਤਰਫ ਤੋਂ) ਵਿਕਾਸ ਹੋਣਾ ਸੰਭਵ ਹੁੰਦਾ ਹੈ ਪਰ ਜਦ ਕੋਈ ਆਪਣੀ ਬੁਧੀ ਨੂੰ ਵਿਕਸਿਤ ਮੰਨਣ ਦੀ ਗ਼ਲਤੀ ਕਰ ਬੈਠਦਾ ਹੈ ਤਾਂ ਉਸ ਦੀ ਬੁਧੀ ਵਿਕਾਸ ਕਰਨਾ ਬੰਦ ਕਰ ਦਿੰਦੀ ਹੈ। ਲਗਾਤਾਰ ਵਧ ਰਹੇ ਵਿਕਾਸ ਦੇ ਮੁਕਾਬਲੇ ਜਦ ਕੋਈ ਬੁਧੀ ਲੰਮੇ ਸਮੇਂ ਤੋਂ ਅਗਤੀਸ਼ੀਲ ਰਹਿਣ ਦੀ ਆਦੀ ਬਣ ਜਾਂਦੀ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸ ਬੁਧੀ ਨੂੰ ਦੁਆਰਾ ਗਤੀਸ਼ੀਲ ਨਹੀਂ ਕਰ ਸਕਦੀ।

ਅਧਿਆਤਮਕ ਮਾਰਗ ਵਿੱਚ ਇੱਕ ਅਸਲ ਜਗਿਆਸੂ ਸੋਚ, ਆਪਣੇ ਗੁਰੂ ਦੀ ਬੁਧੀ ਨੂੰ ਪੂਰਨ ਤੌਰ ’ਤੇ ਵਿਕਸਿਤ (ਸੋਚ) ਮੰਨੇਗੀ ਭਾਵ ਜਿਸ ਤਰ੍ਹਾਂ ਇੱਕ ਸਕੂਲ ਦੇ ਵਿਦਿਆਰਥੀ ਦੀ ਸਮਝ ਵਿੱਚ ਅੰਤਰ (ਵਧੇਰੇ ਗਿਆਨ) ਆਉਣ ਤੋਂ ਉਪਰੰਤ ਉਸ ਦਾ ਨਜ਼ਰੀਆ ਆਪਣੇ ਪੁਰਾਣੇ ਅਧਿਆਪਕ ਦੀ ਸੋਚ ਪ੍ਰਤੀ ਬਦਲ ਜਾਂਦਾ ਹੈ ਉਸ ਤਰ੍ਹਾਂ ਅਧਿਆਤਮਕ ਮਾਰਗ ’ਚ ਕੋਈ ਵੀ ਅਸਲ ਜਗਿਆਸੂ ਸੋਚ, ਆਪਣੇ ਗੁਰੂ (ਦੀ ਸੋਚ) ਪ੍ਰਤੀ ਨਜ਼ਰੀਆ ਕਦੇ ਭੀ ਨਹੀਂ ਬਦਲ ਸਕਦੀ ਕਿਉਂਕਿ ਅਧਿਆਤਮਕ ਮਾਰਗ ’ਚ ਗੁਰੂ ਦੀ ਬੁਧੀ, ਆਪਣੇ ਸਿੱਖ ਦੀ ਬੁਧੀ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਅੰਤਰ ਨਾਲ ਵਿਕਸਿਤ ਹੋਈ ਹੁੰਦੀ ਹੈ ਜਿਸ ਨੂੰ ਉਸ ਗੁਰੂ ਦਾ ਅਨੁਆਈ ਕਦੇ ਭੀ ਪੂਰਨ ਤੌਰ ’ਤੇ ਪਾਰ (Cover) ਨਹੀਂ ਕਰ ਸਕਦਾ ਪਰ ਅਗਰ ਕੋਈ ਕਿਸੇ ਗੁਰੂ ਦਾ ਅਨੁਆਈ ਅਖਵਾਉਣ ਵਾਲਾ ਸਿੱਖ, ਆਪਣੀ ਬੁਧੀ ਨੂੰ ਪੂਰਨ ਤੌਰ ’ਤੇ ਵਿਕਸਿਤ ਹੋਣ ਦਾ ਭਰਮ ਪਾਲ ਲੈਂਦਾ ਹੈ ਤਾਂ ਉਸ ਨੂੰ ਜਗਿਆਸੂ ਸੋਚ ਕਹਿਣ ਦੀ ਬਜਾਏ ਮੂਰਖ ਕਹਿਣਾ ਜ਼ਿਆਦਾ ਉਚਿਤ ਹੋਵੇਗਾ। ਦੁਨਿਆਵੀ ਸੋਚ ਅਤੇ ਅਧਿਆਤਮਕ ਸੋਚ ਵਿੱਚ ਇਹੀ ਮੂਲ ਬੁਨਿਆਦੀ ਅੰਤਰ ਹੁੰਦਾ ਹੈ।

ਵੇਦ ਅਤੇ ਕਤੇਬ ’ਚ ਫਸੀ ਅਗਤੀਸ਼ੀਲ ਬੁਧੀ ਨੂੰ ਗਤੀਸ਼ੀਲ ਕਰਨ ਲਈ, ਭਗਤ ਕਬੀਰ ਜੀ ਬਹੁਤ ਹੀ ਵਧੀਆ ਉਦਾਹਰਣ ਦਿੰਦਿਆਂ ਸਮਝਾਉਂਦੇ ਹਨ ਕਿ ਹੇ (ਹਿੰਦੂ ਤੇ ਮੁਸਲਿਮ) ਭਾਈ! ਵੇਦ-ਕਤੇਬ ਦੀਆਂ ਗੱਲਾਂ ਅਸਲੀਅਤ ਤੋਂ ਵਧਾ-ਚੜ੍ਹਾ ਕੇ ਦੱਸੀਆਂ ਗਈਆਂ ਹਨ ਜਿਨ੍ਹਾਂ ਦੇ ਵਾਦ-ਵਿਵਾਦ ਨਾਲ ਮਨ ’ਚ ਸ਼ਾਂਤੀ ਨਹੀਂ ਆ ਸਕਦੀ ‘‘ਬੇਦ ਕਤੇਬ ਇਫਤਰਾ ਭਾਈ! ਦਿਲ ਕਾ ਫਿਕਰੁ ਨ ਜਾਇ ॥’’ ਇਸ ਲਈ ਆਪਣੀ ਵਿਕਸਿਤ ਮੰਨ ਰੱਖੀ ਬੁਧੀ ਨੂੰ ਵਿਕਾਸਸ਼ੀਲ ਕਰਨ ਦਾ ਯਤਨ ਕਰੋ ਤਾਂ ਜੋ ਫਿਰ ਦੁਆਰਾ ਪ੍ਰੇਸ਼ਾਨੀ ਹੀ ਨਾ ਰਹੇ ‘‘ਬੰਦੇ! ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ ॥’’ (ਭ. ਕਬੀਰ/੭੨੭)

ਗੁਰੂ ਅਰਜੁਨ ਸਾਹਿਬ ਜੀ ਦੀ ਪੂਰਨ ਤੌਰ ’ਤੇ ਵਿਕਸਿਤ ਹੋਈ ਬੁਧੀ, ਆਪਣੇ ਅਨੁਆਈਆਂ ਨੂੰ ਵਿਕਾਸਸ਼ੀਲ (ਅਗਾਂਹ ਵਧਣ) ਵੱਲ ਪ੍ਰੇਰਿਤ ਕਰਦੀ ਹੋਈ ਆਖਦੀ ਹੈ ਕਿ ਇਹ ਮਨੁੱਖਾ ਜਨਮ ਹੀ ਵਿਕਾਸਸ਼ੀਲ ਸੋਚ ਦਾ ਸਮਾ ਹੈ ਕਿਉਂਕਿ ਬਾਕੀ ਤਮਾਮ ਜੂਨੀਆਂ ’ਚ ਤਾਂ ਫਿਰ ਦੁਆਰਾ ਬੁਧੀ ਸਦਾ ਅਵਿਕਾਸਸ਼ੀਲ ਹੀ ਰਹੇਗੀ। ਇਸ ਲਈ ਕੇਵਲ ਵਿਕਾਸ ਵੱਲ ਵੱਧਣ ਦਾ ਇਹੀ ਢੁੱਕਵਾਂ ਸਮਾ ਹੈ। ਪਾਵਨ ਵਾਕ ਹੈ ‘‘ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ॥ ਨਾਨਕ! ਸਿਝਿ ਇਵੇਹਾ ਵਾਰ, ਬਹੁੜਿ ਨ ਹੋਵੀ ਜਨਮੜਾ॥’’ (ਮ:੫/੧੦੯੬) ਭਾਵ ਹੇ ਭਾਈ! ਅਗਾਂਹ (ਵਿਕਸਿਤ ਹੋਣ ਵੱਲ) ਵਧਣ ਲਈ ਤਾਂਘ ਕਰ, ਪਿਛਲੀ ਸੋਚ ’ਚ ਨਾ ਫਸਿਆ ਰਹਿ। ਇਹੀ ਸਮਾ ਹੈ ਕੁਝ ਸਫਲਤਾ ਪ੍ਰਾਪਤ ਕਰਨ ਦਾ ਕਿਉਂਕਿ ਫਿਰ ਇਹ ਸੁਭਾਗਾ ਸਮਾ ਨਹੀਂ ਮਿਲਣ ਵਾਲਾ।

ਉਪਰੋਕਤ ਗੁਰੂ ਫ਼ਿਲਾਸਫ਼ੀ (ਭਾਵ ਵਿਕਾਸਸ਼ੀਲ ਹੋਣ ਵੱਲ ਪ੍ਰੇਰਤ ਕਰਨ ਵਾਲੀ ਭਾਵਨਾ) ਨੂੰ ਸਮੂਹ ਮਾਨਵਤਾ ਦੀ ਭਲਾਈ ਲਈ ਪਹੁੰਚਾਉਣ ਵਾਲੇ ਸਿੱਖ ਦੀ ਸੋਚ ਹੀ, ਅਗਰ ਵਿਕਾਸਸ਼ੀਲ ਹੋਣ ਦੀ ਬਜਾਏ ਆਪਣੇ ਆਪ ਨੂੰ (ਗੁਰੂ ਵਾਂਗ) ਵਿਕਸਿਤ ਸੋਚ ਹੋਣ ਦਾ ਭਰਮ ਪਾਲ ਲਵੇ ਅਤੇ ਕੁਝ ਉਪਰੋਕਤ ਗੁਰੂ ਉਪਦੇਸਾਂ ਨੂੰ ਕਮਾਉਣ ਵਾਲੇ (ਭਾਵ ਵਿਕਾਸਸ਼ੀਲ ਹੋਣ ਵੱਲ ਵੱਧਣ ਦਾ ਯਤਨ ਕਰ ਰਹੇ) ਗੁਰੂ ਪਿਆਰਿਆਂ ਦੇ ਰਸਤੇ ਵਿੱਚ ਰੁਕਾਵਟ ਬਣਨ ਦਾ ਯਤਨ ਕਰੇ, ਤਾਂ ਕੀ ਇਹ ਸੋਚ, ਪੂਰਨ ਤੌਰ ’ਤੇ ਵਿਕਸਿਤ ਗੁਰੂ ਦੇ ਸਿੱਖ ਦੀ ਸੋਚ ਹੋ ਸਕਦੀ ਹੈ?

ਸਿੱਖ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਆਪਣੇ ਆਪ ਨੂੰ ਵਿਕਸਿਤ (ਗੁਰੂ ਸੋਚ ਦੇ ਬਰਾਬਰ ਪੂਰਨ ਸਥਿਰਤਾ ਵਾਲੀ) ਸੋਚ ਮੰਨ ਚੁੱਕੇ ਕੁਝ ਲੋਕਾਂ ਦੁਆਰਾ ਹੀ ਖੜ੍ਹੀਆਂ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਦੀਆਂ ਉਦਾਹਰਣਾਂ ਮੈਂ ਹੇਠਾਂ ਦੇ ਰਿਹਾ ਹਾਂ:

(1). ਵਿਕਾਸਸ਼ੀਲ (ਸਿੱਖ) ਸੋਚ ਨਾਨਕਸ਼ਾਹੀ ਨਾਮ ਹੇਠ, ਨਵਾਂ ਕੈਲੰਡਰ ਬਣਾਉਣ ਦੇ ਹੱਕ ਵਿੱਚ ਹੈ ਤਾਂ ਜੋ ਪੁਰਾਤਨਤਾ (ਬਿਕ੍ਰਮੀ ਸੋਚ) ਨੂੰ ਤਿਆਗ ਕੇ ਨਵੀਨਤਾ ਅਪਣਾਈ ਜਾਵੇ ਪਰ ਆਪਣੇ ਆਪ ਨੂੰ ਵਿਕਸਿਤ ਮੰਨ ਰੱਖੀ (ਸਿੱਖ) ਸੋਚ ਇਸ ਦਾ ਵਿਰੋਧ ਕਰਦੀ ਹੈ।

(2). ਵਿਕਾਸਸ਼ੀਲ (ਸਿੱਖ) ਸੋਚ ਸਮੇਂ ਅਨੁਸਾਰ ਜ਼ਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਪੁਰਾਤਨ ਮਰਿਆਦਾ ’ਚ ਕੁਝ ਸੁਧਾਰ ਦੇ ਹੱਕ ਵਿੱਚ ਹੈ, ਜਿਸ ਤਰ੍ਹਾਂ ਹਰ ਕੋਈ ਦੇਸ਼ ਆਪਣੇ ਪੁਰਾਣੇ ਕੁਝ ਸਵਿਧਾਨ ਨੂੰ ਸਮੇਂ ਦਾ ਹਾਣੀ ਨਾ ਹੋਣ ਕਾਰਨ, ਬਦਲ ਰਿਹਾ ਹੈ ਪਰ ਆਪਣੇ ਆਪ ਨੂੰ ਵਿਕਸਿਤ ਮੰਨ ਰੱਖੀ (ਸਿੱਖ) ਸੋਚ ਇਸ ਦਾ ਵਿਰੋਧ ਕਰਦੀ ਹੈ।

(ਨੋਟ: ਕੁਝ ਸੱਜਣਾਂ ਨੂੰ ਸ਼ਾਇਦ ਇੱਥੇ ਇਹ ਆਪਣੇ ਆਪ ਨੂੰ ਵਿਕਸਿਤ ਮੰਨ ਚੁੱਕੀ ਸਿੱਖ ਸੋਚ, ਕਿਸੇ ਕੌਮੀ ਮਰਿਆਦਾ ਦਾ ਵਧੇਰੇ ਪਾਲਣ ਕਰਦੀ ਪ੍ਰਤੀਤ ਹੁੰਦੀ, ਮਹਿਸੂਸ ਹੋਵੇਗੀ ਪਰ ਯਾਦ ਰਹੇ ਕਿ ਅਜਿਹੀ ਵਿਕਸਿਤ ਸੋਚ ਹੀ ਸੀ, ਜਿਸ ਨੇ ਇਹੀ ਕੌਮੀ ਮਰਿਆਦਾ ਬਣਾਉਣ ਦਾ ਤਤਕਾਲ ’ਚ ਸਭ ਤੋਂ ਵਧੇਰੇ ਵਿਰੋਧ ਕੀਤਾ ਸੀ ਅਤੇ ਇਹੀ ਵਿਕਸਿਤ ਸੋਚ ਹੋਵੇਗੀ ਜੋ ਨਵੀਂ ਮਰਿਆਦਾ ਬਣਨ ਤੋਂ ਉਪਰੰਤ ਦੁਬਾਰਾ ਫਿਰ ਨਵੀਨਤਾ ਦੇ ਰਸਤੇ ’ਚ ਰੁਕਾਵਟ ਬਣੀ ਹੋਵੇਗੀ।)

(3). ਗੁਰਬਾਣੀ ਦੀ ਲਿਖਤ ਨੂੰ ਆਮ ਸਾਧਾਰਨ ਗੁਰਸਿੱਖ ਦੀ ਸਮਝ ਵਿੱਚ ਆਸਾਨੀ ਨਾਲ ਲਿਆਉਣ ਲਈ ਵਿਕਾਸਸ਼ੀਲ ਸੋਚ, ਗੁਰਬਾਣੀ ਦੀ ਲੜੀਵਾਰ (ਬਿਨਾ ਪਦ ਸੇਧ) ਛਪਾਈ ਤੋਂ ਲੈ ਕੇ ਅੱਜ ਤੱਕ ਅਤੇ ਅਗਾਂਹ ਆਉਣ ਵਾਲੇ ਸਮੇਂ ਤੱਕ ਭੀ ਯਤਨ ਕਰਦੀ ਰਹੇਗੀ ਜਦਕਿ ਵਿਕਸਿਤ ਸੋਚ ਇਸ ਸਰਲਤਾ ਦਾ ਹਮੇਸ਼ਾ ਵਿਰੋਧ ਕਰਦੀ ਰਹੇਗੀ।

(4). ਸਿੱਖ ਸਮਾਜ ਵਿੱਚ ਵਿਵਾਦਿਤ ਮੁੱਦੇ ਜਿਵੇਂ ਕਿ ਰਾਗਮਾਲਾ, ਦਸਮ ਗ੍ਰੰਥ, ਪੁਰਾਤਨ ਇਤਿਹਾਸ ਸਬੰਧੀ, ਨਿਤਨੇਮ ਦੀਆਂ ਬਾਣੀਆਂ ਦੀ ਤਰਤੀਬ, ਰਹਿਰਾਸ ਦੀ ਬਣਤਰ, ਮੀਟ ਖਾਣ ਜਾ ਨਾ ਖਾਣ ਆਦਿ ਤਮਾਮ ਮੁੱਦੇ ਸੁਲਝਾਉਣ ਲਈ ਵਿਕਾਸਸ਼ੀਲ ਸੋਚ ਕੌਮੀ ਏਕਤਾ ਪ੍ਰਤੀ ਯਤਨ ਕਰਦੀ ਰਹੇਗੀ ਤਾਂ ਜੋ ਇਕੱਠੇ ਬੈਠ ਕੇ ਇਨ੍ਹਾਂ ਮੁੱਦਿਆਂ ’ਤੇ ਏਕਤਾ ਬਣਾਈ ਜਾ ਸਕੇ ਪਰ ਆਪਣੇ ਆਪ ਨੂੰ ਵਿਕਸਿਤ ਸੋਚ ਮੰਨ ਚੁੱਕਿਆਂ ਲਈ ਇਹ ਕੋਈ ਮੁੱਦੇ ਹੀ ਨਹੀਂ, ਕਹਿ ਕੇ ਆਪਣੀ ਵਿਕਸਿਤ ਸੋਚ ਦੀ ਧਾਰਨਾ ਅਨੁਸਾਰ ਜਵਾਬ ਦਿੰਦੇ ਹੀ ਰਹਿਣਗੇ। ਆਦਿ।

(ਨੋਟ: ਯਾਦ ਰਹੇ ਕਿ ਉਪਰੋਕਤ ਇੱਕ ਸਿੱਖ ਦੀ ਵਿਕਸਿਤ ਸੋਚ ਨੂੰ ਗਲਤ ਅਤੇ ਇੱਕ ਵਿਕਾਸਸ਼ੀਲ ਸਿੱਖ ਦੀ ਸੋਚ ਨੂੰ ਉੱਚਿਤ ਠਹਿਰਾਉਣ ਦਾ ਮੇਰਾ ਇਹ ਮਕਸਦ ਕਦੇ ਭੀ ਨਹੀਂ, ਨਾ ਰਹੇਗਾ ਕਿ ਗੁਰਬਾਣੀ (ਪੂਰਨ ਵਿਕਸਿਤ ਸੋਚ) ਦੁਆਰਾ ਅਦ੍ਰਿਸ਼ ਵਿਸ਼ਿਆਂ ਪ੍ਰਤੀ ਦਿੱਤੇ ਗਏ ਉਪਦੇਸਾਂ (ਨਿਰਣਿਆਂ) ਨੂੰ ਵਿਗਿਆਨ (ਵਿਕਾਸਸ਼ੀਲ ਸੋਚ) ਦੀ ਟੇਕ ਲੈ ਕਿ ਰੱਦ ਕਰ ਦਿੱਤਾ ਜਾਵੇ।)

ਜਦ ਇਹ ਸਾਫ਼ ਤੇ ਸਪੱਸ਼ਟ ਹੋ ਰਿਹਾ ਹੈ ਕਿ ਵਿਕਾਸਸ਼ੀਲ ਸੋਚ ਦਾ ਧਾਰਨੀ ਵਿਅਕਤੀ ਹਮੇਸ਼ਾ ਸਮਾਜ ਵਿੱਚ ਹਰ ਪੱਖੋਂ ਸੁਖੀ ਤੇ ਖੁਸ਼ਹਾਲ ਜਿੰਦਗੀ ਬਤੀਤ ਕਰਦਾ ਹੈ ਤਾਂ ਇਹ ਭੀ ਮੰਨਣਾ ਪਵੇਗਾ ਕਿ ਆਪਣੇ ਆਪ ਨੂੰ ਵਿਕਸਿਤ ਸੋਚ ਮੰਨ ਲੈਣ ਵਾਲਾ ਵਿਅਕਤੀ ਖੜ੍ਹੇ ਪਾਣੀ ਵਾਂਗ ਹਮੇਸ਼ਾ ਸੜਨ, ਈਰਖਾਲੂ ਅਤੇ ਮਨਹਠ ਔਗੁਣਾਂ ਕਾਰਨ ਦੁਖੀ ਤੇ ਨਿੰਦਕ ਹੀ ਬਣਿਆ ਰਹੇਗਾ ਕਿਉਂਕਿ ਅਜਿਹੇ ਔਗੁਣ, ਬੰਦੇ ਦੇ ਜੀਵਨ ਨੂੰ ਵਿਕਾਸ ਵੱਲ ਵਧਣ ਵਾਲੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਹੁੰਦੇ ਹਨ। ਇਹ ਲੋਕ ਆਪਣੇ ਔਗੁਣਾਂ ਨੂੰ ਕਦੇ ਭੀ ਨਾ ਵੇਖ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਤੋਂ ਬਦਲਾਵ ਦੀ ਕੋਈ ਉਮੀਦ ਹੁੰਦੀ ਹੈ। ਹਰ ਕੌਮ ਨੂੰ ਅਗਾਂਹ (ਵਿਕਾਸਸ਼ੀਲ ਵੱਲ) ਵਧਣ ਲਈ ਅਜਿਹੇ ਬੰਦਿਆਂ ਦੀ ਸੋਚ ਨਾਲ ਮੁਕਾਬਲਾ ਕਰਨਾ ਹੀ ਵਿਕਾਸਸ਼ੀਲ ਵੱਲ ਵਧਣ ਵਾਲਾ ਪਹਿਲਾ ਕਦਮ ਹੁੰਦਾ ਹੈ। ਜਿਨ੍ਹਾਂ ਬੰਦਿਆਂ ਨੇ ਇਸ ਪਹਿਲੇ ਕਦਮ ਨੂੰ ਹੀ ਵੱਡੀ ਚਨੌਤੀ ਮੰਨ ਲਿਆ ਉਹ ਕੌਮਾਂ ਕਦੇ ਭੀ ਅਗਾਂਹ ਨਹੀਂ ਵਧ ਸਕਦੀਆਂ।

ਇਹ ਨਾ-ਪੱਖੀ (ਵਿਕਸਿਤ) ਸੋਚ, ਨਾ ਹੀ ਕਿਸੇ ਇੱਕ ਸਿੱਖ ਦੀ ਹੈ, ਨਾ ਹੀ ਕਿਸੇ ਇੱਕ ਗੁਰਦੁਆਰਾ ਪ੍ਰਬੰਧਕ ਦੀ ਹੈ, ਨਾ ਹੀ ਕਿਸੇ ਇੱਕ ਲੇਖਕ ਦੀ ਹੈ, ਨਾ ਹੀ ਕਿਸੇ ਇੱਕ ਪ੍ਰਚਾਰਕ ਦੀ ਹੈ, ਨਾ ਹੀ ਕਿਸੇ ਇੱਕ ਸੰਪਾਦਕ ਦੀ ਹੈ, ਨਾ ਹੀ ਕਿਸੇ ਇੱਕ ਵੈੱਬ ਸਾਇਟ ਦੇ ਮਾਲਕ ਦੀ ਹੈ ਆਦਿ। ਭਾਵ ਅਜਿਹੇ ਬੰਦੇ ਤੁਹਾਨੂੰ ਹਰ ਮੋੜ ’ਤੇ, ਹਰ ਕਦਮ ’ਤੇ, ਹਰ ਚੌਰਾਹੇ ’ਚ ਖੜ੍ਹੇ ਮਿਲਣਗੇ। ਅਗਰ ਆਪ ਇਨ੍ਹਾਂ ਨੂੰ ਜਲਦੀ ਵੇਖਣਾ ਚਾਹੁੰਦੇ ਹੋ ਤਾਂ ਮੇਰੇ ਇਸ ਲੇਖ ਲਿਖਣ ਤੋਂ ਤੁਰੰਤ ਬਾਅਦ ਵਾਲੀ ਪ੍ਰਤੀਕਿਰਿਆ ’ਚ ਵੇਖ ਸਕਦੇ ਹੋ।