ਆਲੂ

0
330

ਆਲੂ

 ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਦੁਨੀਆ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਖਾਣਿਆਂ ਵਿੱਚ ਚੌਲ, ਕਣਕ, ਮੱਕੀ ਤੇ ਆਲੂ ਹੀ ਆਉਂਦੇ ਹਨ। ਈਸਾ ਮਸੀਹ ਤੋਂ ਲਗਭਗ 8000 ਸਾਲ ਪਹਿਲਾਂ ਪੀਰੂ ਵਿਖੇ ਆਲੂ ਬੀਜੇ ਜਾਂਦੇ ਸਨ। ਸੰਨ 1536 ਵਿੱਚ ਪੀਰੂ ਉੱਤੇ ਸਪੇਨ ਤੋਂ ਲੋਕ ਹੱਲਾ ਬੋਲਣ ਆਏ ਤਾਂ ਉਨ੍ਹਾਂ ਨੇ ਪਹਿਲੀ ਵਾਰ ਆਲੂ ਦਾ ਸਵਾਦ ਚੱਖਿਆ। ਉਨ੍ਹਾਂ ਨੂੰ ਆਲੂ ਏਨੇ ਪਸੰਦ ਆਏ ਕਿ ਉਹ ਯੂਰਪ ਵਿੱਚ ਵਾਪਸ ਹੋਰ ਲੁੱਟ ਦੇ ਸਮਾਨ ਨਾਲ ਆਲੂ ਵੀ ਲੈ ਗਏ।

ਆਇਰਲੈਂਡ ਦੀ ਕਹਾਣੀ ਕੁੱਝ ਵੱਖ ਹੈ। ਸਰ ਵਾਲਟਰ ਜਦੋਂ ਪਹਿਲੀ ਵਾਰ ਸੰਨ 1589 ਵਿਚ ਆਇਰਲੈਂਡ ਵਿਖੇ ਆਪਣੇ ਮਨਪਸੰਦ ਆਲੂ ਲੈ ਕੇ ਗਏ ਤਾਂ ਕੌਰਕ ਕੇ ਨੇੜੇ 40,000 ਏਕੜ ਵਿੱਚ ਨਿਰੇ ਆਲੂ ਹੀ ਬੀਜ ਦਿੱਤੇ ਗਏ। ਉਸ ਤੋਂ 40 ਸਾਲ ਬਾਅਦ ਸਾਰੇ ਯੂਰਪ ਵਿੱਚ ਆਲੂ ਹੀ ਆਲੂ ਦਿਸਣ ਲੱਗ ਪਏ। ਹੌਲੀ-ਹੌਲੀ ਯੂਰਪ ਦੇ ਕਿਸਾਨਾਂ ਨੂੰ ਕਣਕ ਅਤੇ ਸੱਤੂਆਂ ਨਾਲੋਂ ਆਲੂ ਜ਼ਿਆਦਾ ਸਵਾਦੀ ਲੱਗਣ ਲੱਗੇ ਅਤੇ ਬੀਜਣੇ ਤੇ ਵੇਚਣੇ ਵੀ ਸੌਖੇ ਲੱਗੇ। ਬਾਅਦ ਵਿੱਚ ਪਤਾ ਲੱਗਿਆ ਕਿ ਲੋੜੀਂਦੇ ਵਿਟਾਮਿਨ ਆਲੂਆਂ ਵਿੱਚ ਭਰੇ ਪਏ ਹਨ ਅਤੇ ਇੱਕ ਏਕੜ ਜ਼ਮੀਨ ਵਿੱਚ ਬੀਜੇ ਆਲੂ ਦਸ ਬੰਦਿਆਂ ਦਾ ਢਿੱਡ ਭਰ ਸਕਦੇ ਹਨ। ਹਾਲਾਂਕਿ ਸੰਨ 1621 ਵਿੱਚ ਬਰਮੂਦਾ ਦਾ ਗਵਰਨਰ ਆਲੂਆਂ ਦੇ ਭਰੇ ਟਰੱਕ ਵਰਜੀਨੀਆ ਵਿਖੇ ਲੈ ਕੇ ਗਿਆ, ਪਰ ਬਿਜਾਈ ਸੰਨ 1719 ਵਿੱਚ ਸਕਾਟਲੈਂਡ ਤੋਂ ਆਏ ਲੋਕਾਂ ਨੇ ਹੀ ਅਮਰੀਕਾ ਵਿੱਚ ਸ਼ੁਰੂ ਕੀਤੀ।

ਫਰਾਂਸ ਵਿੱਚ ਅਠਾਹਰਵੀਂ ਸਦੀ ਵਿੱਚ ਰਾਜਾ ਲੂਈ ਨੇ ਆਲੂਆਂ ਦੀ ਬਿਜਾਈ ਸ਼ੁਰੂ ਕਰਵਾਈ। ਅੱਜ ਦੇ ਦਿਨ ਇਡਾਹੋ ਦੁਨੀਆ ਭਰ ਵਿੱਚ ਸਭ ਤੋਂ ਵੱਧ ਆਲੂ ਬੀਜ ਰਿਹਾ ਹੈ। ਇਸ ਥਾਂ ਉੱਤੇ ਪਹਿਲੀ ਵਾਰ ਸੰਨ 1836 ਵਿੱਚ ਆਲੂ ਪਹੁੰਚੇ ਸਨ। ਉਦੋਂ ਮਿਸ਼ਨਰੀ ਲੋਕਾਂ ਨੇ ਰੋਜ਼ ਜੰਗਲਾਂ ਵਿੱਚ ਧੱਕੇ ਖਾ ਕੇ ਸ਼ਿਕਾਰ ਕਰਨ ਦੀ ਥਾਂ ਆਲੂ ਬੀਜਣੇ ਸ਼ੁਰੂ ਕਰ ਦਿੱਤੇ। ਸੰਨ 1872 ਵਿੱਚ ਇੱਥੇ ਆਲੂਆਂ ਦੀ ਸਬਜ਼ੀ ਤੋਂ ਇਲਾਵਾ ਹੋਰ ਚੀਜ਼ਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।

ਕਮਾਲ ਤਾਂ ਇਹ ਹੈ ਕਿ ਸੰਨ 1995 ਅਕਤੂਬਰ ਵਿੱਚ ਆਲੂ ਪਹਿਲੀ ਸਬਜ਼ੀ ਬਣ ਗਏ, ਜੋ ਨਾਸਾ ਨੇ ਪੁਲਾੜ ਦੇ ਸਪੇਸ ਸੈਂਟਰ ਵਿੱਚ ਬੀਜੇ। ਉੱਥੇ ਪੁਲਾੜ ਯਾਤਰੀਆਂ ਨੂੰ ਖ਼ੁਰਾਕ ਵਜੋਂ ਲੰਮੇ ਸਮੇਂ ਤੱਕ ਆਲੂ ਹੀ ਖੁਆਏ ਗਏ। ਹੁਣ ਵੀ ਪੁਲਾੜ ਵਿੱਚ ਬਣ ਚੱਲੀਆਂ ਕਲੋਨੀਆਂ ਵਿੱਚ ਸਿਰਫ਼ ਆਲੂ ਹੀ ਬੀਜੇ ਜਾਣ ਦੀ ਖੋਜ ਜਾਰੀ ਹੈ।

ਫਰੈਂਚ ਫਰਾਈਜ਼ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਪਤਲੇ ਤਲੇ ਆਲੂ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ। ਪਹਿਲੀ ਵਾਰ ਪ੍ਰੈਜ਼ੀਡੈਂਟ ਥੌਮਸ ਜੈੱਫਰਸਨ ਨੂੰ ਅਮਰੀਕਾ ਦੇ ਵਾਈਟ ਹਾਊਸ ਵਿੱਚ ਸੰਨ 1801 ਤੋਂ 1809 ਤੱਕ ਦੇ ਰਾਜ ਵਿੱਚ ਉੱਥੇ ਇਹ ਖਾਣ ਨੂੰ ਮਿਲੇ। ਇਨ੍ਹਾਂ ਨੂੰ ਬਣਾਉਣ ਦੀ ਕਹਾਣੀ ਵੀ ਬੜੀ ਮਜ਼ੇਦਾਰ ਹੈ।

ਕੁੱਝ ਚਿਰ ਪਹਿਲਾਂ ਦੇ ਤਲੇ ਹੋਏ ਆਲੂ ਰਸੋਈ ਵਿੱਚ ਪਏ ਸਨ ਜਦੋਂ ਅਚਾਨਕ ਰਾਜਾ, ਰਾਤ ਦੀ ਰੋਟੀ ਲਈ ਪਹੁੰਚ ਗਿਆ। ਵਕਤ ਘੱਟ ਹੋਣ ਸਦਕਾ ਰਸੋਈਏ ਕੌਲੀਨੈੱਟ (ਜੋ ਫਰਾਂਸੀਸੀ ਰਾਜੇ ਲੂਈ ਫਿਲਿੱਪ ਦਾ ਰਸੋਈਆ ਵੀ ਰਿਹਾ ਸੀ) ਨੇ ਫਟਾਫਟ ਪਹਿਲਾਂ ਦੇ ਤਲੇ ਆਲੂਆਂ ਨੂੰ ਖ਼ੌਲਦੇ ਤੇਲ ਵਿੱਚੋਂ ਝਟਪਟ ਦੁਬਾਰਾ ਕੱਢ ਦਿੱਤਾ। ਉਸ ਨੇ ਵੇਖਿਆ ਕਿ ਆਲੂ ਹਲਕੇ ਜਿਹੇ ਫੁੱਲ ਗਏ ਸਨ ਤੇ ਕੜਕ ਵੀ ਹੋ ਗਏ ਸਨ। ਉਸ ਨੇ ਉਨ੍ਹਾਂ ਉੱਤੇ ਲੂਣ ਛਿੜਕ ਕੇ ਖਾਣ ਨੂੰ ਦੇ ਦਿੱਤੇ, ਜੋ ਰਾਜੇ ਨੂੰ ਬੇਹੱਦ ਪਸੰਦ ਆਏ।

ਇੰਜ ਹੀ ਇੱਕ ਵਾਰ ਸੰਨ 1853 ਵਿੱਚ ਇੱਕ ਕਮਾਂਡਰ ਨੇ ਨਿਊਯਾਰਕ ਵਿਖੇ ਸਾਰਾਤੋਗਾ ਸਪਰਿੰਗ ਰਿਜ਼ੌਰਟ ਵਿਖੇ ਰੋਟੀ ਨਾਲ ਮਿਲੇ ਮੋਟੇ ਆਲੂਆਂ ਦੀ ਸ਼ਿਕਾਇਤ ਕੀਤੀ ਤਾਂ ਉੱਥੋਂ ਦੇ ਰਸੋਈਏ ਨੇ ਝਟਪਟ ਉਨ੍ਹਾਂ ਹੀ ਆਲੂਆਂ ਨੂੰ ਉੱਕਾ ਹੀ ਪਤਲੇ ਕੱਟ ਕੇ ਦੁਬਾਰਾ ਤਲ ਦਿੱਤਾ, ਜਿੱਥੋਂ ‘ਸਾਰਾਤੋਗਾ ਚਿੱਪਸ’ ਨਾਂ ਮਸ਼ਹੂਰ ਹੋ ਗਿਆ ਤੇ ਹੁਣ ਦੁਨੀਆ ਭਰ ਵਿੱਚ ਇਹ ਆਲੂਆਂ ਦੇ ਚਿੱਪਸ ਵਿਕ ਰਹੇ ਹਨ।

ਬਿਲਕੁਲ ਏਸੇ ਹੀ ਤਰ੍ਹਾਂ ਵੋਦਕਾ ਸ਼ਰਾਬ ਵੀ ਫਲ਼ਾਂ, ਬਾਜਰਾ, ਚੌਲ, ਰਾਈ, ਮੱਕੀ ਆਦਿ ਤੋਂ ਬਣਾਉਂਦਿਆਂ ਜਦੋਂ ਆਲੂ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਾਕੀ ਕਿਸਮਾਂ ਵਾਂਗ ਹੀ ਮਕਬੂਲ ਹੋ ਗਈ। ਹੁਣ ਤੱਕ ਵੀ ਅੰਨ ਦੇ ਨਾਲ ਅੰਗੂਰ, ਦੁੱਧ ਤੇ ਆਲੂ, ਵੋਦਕਾ ਸ਼ਰਾਬ ਬਣਾਉਣ ਲਈ ਵਰਤੇ ਜਾ ਰਹੇ ਹਨ।

ਮੌਜੂਦਾ ਤੱਥਾਂ ਅਨੁਸਾਰ ਦੁਨੀਆ ਭਰ ਵਿੱਚ ਸਭ ਤੋਂ ਵੱਧ ਆਲੂ ਅਮਰੀਕਨ ਲੋਕ ਖਾ ਰਹੇ ਹਨ। ਸੰਨ 1950 ਤੋਂ ਆਲੂਆਂ ਨੂੰ ਫੇਹ ਕੇ, ਟਿੱਕੀ ਬਣਾ ਕੇ (ਹੈਸ਼ ਬਰਾਊਨ), ਫਰੈਂਚ ਫਰਾਈਜ਼, ਚਿੱਪਸ ਆਦਿ ਬੇਅੰਤ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ। ਅਮਰੀਕਨ ਲੋਕ ਆਲੂਆਂ ਨੂੰ ਏਨਾ ਪਸੰਦ ਕਰਦੇ ਸਨ ਕਿ ਸੰਨ 1960 ਵਿੱਚ 35 ਫੀਸਦੀ ਅਮਰੀਕਨ ਖ਼ੁਰਾਕ ਆਲੂਆਂ ਤੋਂ ਸੀ ਜਿਹੜੀ ਸੰਨ 2000 ਵਿੱਚ 64 ਫੀਸਦੀ ਤੱਕ ਪਹੁੰਚ ਗਈ। ਇਸ ਦਾ ਮਤਲਬ ਇਹ ਹੈ ਕਿ ਔਸਤਨ ਅਮਰੀਕਨ ਹਰ ਸਾਲ 35 ਕਿਲੋ ਬਰਫ਼ ਵਿੱਚ ਜਮਾਏ ਆਲੂ, 19 ਕਿੱਲੋ ਤਾਜ਼ੇ ਆਲੂ, 8 ਕਿੱਲੋ ਆਲੂ ਦੇ ਚਿੱਪਸ ਅਤੇ 6 ਕਿੱਲੋ ਸੁੱਕੇ ਆਲੂ ਖਾ ਲੈਂਦੇ ਹਨ। ਉਬਲ਼ੇ ਆਲੂਆਂ ਨੂੰ ਫੇਹ ਕੇ, ਉਸ ਵਿੱਚ ਮੱਖਣ ਜਾਂ ਕਰੀਮ ਮਿਲਾ ਕੇ ਖਾਣਾ ਅਮਰੀਕਨਾਂ ਨੂੰ ਬੇਹੱਦ ਪਸੰਦ ਹੈ, ਜੋ ਉਨ੍ਹਾਂ ਵਿੱਚ ਮੋਟਾਪਾ, ਸ਼ੱਕਰ ਰੋਗ ਤੇ ਦਿਲ ਦੇ ਰੋਗਾਂ ਦਾ ਆਧਾਰ ਬਣ ਰਿਹਾ ਹੈ।

ਅਮਰੀਕਨ ਜਰਨਲ ਔਫ਼ ਕਲਿਨਿਕਲ ਨਿਊਟਰੀਸ਼ਨ ਵਿੱਚ ਸੰਨ 2017 ਵਿੱਚ ਛਪੀ ਖੋਜ ਅਨੁਸਾਰ ਜਿਹੜੇ ਲੋਕ ਹਫ਼ਤੇ ਵਿੱਚ ਦੋ ਵਾਰ ਤਲੇ ਹੋਏ ਆਲੂ ਖਾਂਦੇ ਹੋਣ, ਉਨ੍ਹਾਂ ਵਿੱਚ ਮੌਤ ਦਾ ਖ਼ਤਰਾ ਦੁਗਣਾ ਹੋ ਜਾਂਦਾ ਹੈ। ਇਸ ਖੋਜ ਵਿੱਚ 45 ਤੋਂ 79 ਸਾਲਾਂ ਦੇ 4400 ਲੋਕ ਸ਼ਾਮਲ ਕੀਤੇ ਗਏ। ਇਹ ਖੋਜ ਲਗਾਤਾਰ 8 ਸਾਲ ਚੱਲੀ। ਇਸ ਦੌਰਾਨ ਖੋਜ ਵਿਚਲੇ 236 ਲੋਕ ਮਰ ਗਏ। ਇਨ੍ਹਾਂ ਮਰ ਗਏ ਲੋਕਾਂ ਵਿੱਚੋਂ 208 ਲੋਕ ਤਲੇ ਆਲੂ, ਟਿੱਕੀਆਂ ਅਤੇ ਫਰੈਂਚ ਫਰਾਈਜ਼ ਹਫ਼ਤੇ ਵਿੱਚ ਦੋ ਵਾਰ ਖਾ ਰਹੇ ਸਨ।

ਇਸ ਖੋਜ ਤੋਂ ਬਾਅਦ ਟੈਕਸਾਸ ਯੂਨੀਵਰਸਿਟੀ ਵਿੱਚ ਡਾ. ਵਿਕਟੋਰੀਆ ਨੇ ਸਪਸ਼ਟ ਕੀਤਾ ਕਿ ਆਲੂ ਓਨੇ ਮਾੜੇ ਨਹੀਂ ਜਿੰਨਾ ਉਸ ਵਿੱਚ ਪੈ ਰਿਹਾ ਘਿਓ, ਤੇਲ, ਮੱਖਣ, ਪਨੀਰ ਅਤੇ ਕਰੀਮ ਉਨ੍ਹਾਂ ਨੂੰ ਮਾੜਾ ਸਾਬਤ ਕਰ ਰਹੇ ਹਨ।

ਆਪਣੇ ਆਪ ਵਿੱਚ ਆਲੂਆਂ ਅੰਦਰ ਓਨੀਆਂ ਕੈਲਰੀਆਂ ਨਹੀਂ ਹੁੰਦੀਆਂ ਜੋ ਨੁਕਸਾਨਦੇਹ ਹੋਣ। ਇੱਕ ਆਮ ਵਿਚਕਾਰਲੇ ਮੇਲ ਦੇ ਬਿਨਾਂ ਤੇਲ ਦੇ ਭੁੰਨੇ ਜਾਂ ਉਬਾਲੇ ਹੋਏ ਆਲੂ ਵਿੱਚ 110 ਕੈਲਰੀਆਂ ਹੁੰਦੀਆਂ ਹਨ ਤੇ ਢੇਰ ਸਾਰਾ ਵਿਟਾਮਿਨ ਸੀ ਅਤੇ ਬੀ-6 ਵੀ ਹੁੰਦਾ ਹੈ। ਆਲੂਆਂ ਵਿੱਚ ਮੈਂਗਨੀਜ਼, ਫਾਸਫੋਰਸ, ਨਾਇਆਸਿਨ ਅਤੇ ਪੈਂਟੋਥੀਨਿਕ ਏਸਿਡ ਵੀ ਹੁੰਦਾ ਹੈ। ਕੋਲੈਸਟਰੋਲ ਅਤੇ ਥਿੰਦਾ ਨਾ ਬਰਾਬਰ ਹੁੰਦਾ ਹੈ, ਸੋਡੀਅਮ 8 ਮਿਲੀਗ੍ਰਾਮ ਅਤੇ ਤਿੰਨ ਗ੍ਰਾਮ ਪ੍ਰੋਟੀਨ ਭਰੇ ਪਏ ਹਨ। ਇਨ੍ਹਾਂ ਤੋਂ ਇਲਾਵਾ ਕੈਲਸ਼ੀਅਮ, ਲੋਹ ਕਣ, ਕਾਰਬੋਹਾਈਡ੍ਰੇਟ 26 ਗ੍ਰਾਮ, ਫਾਈਬਰ ਦੋ ਗ੍ਰਾਮ ਅਤੇ ਮਿੱਠਾ ਇੱਕ ਗ੍ਰਾਮ ਹੁੰਦਾ ਹੈ। ਇਸ ਵਿਚਲੇ ਫਾਈਟੋ ਨਿਊਟਰੀਐਂਟ-ਕੈਰੋਟੀਨਾਇਡ, ਫਲੇਵੋਨਾਇਡ ਅਤੇ ਕੈਫਿਕ ਏਸਿਡ ਸਰੀਰ ਉੱਤੇ ਵਧੀਆ ਅਸਰ ਵਿਖਾਉਂਦੇ ਹਨ।

ਨੈਸ਼ਨਲ ਇੰਸਟੀਚਿਊਟ ਔਫ਼ ਹੈੱਲਥ ਅਨੁਸਾਰ ਆਲੂਆਂ ਵਿਚਲਾ ਵਿਟਾਮਿਨ ਸੀ ਬਹੁਤ ਵਧੀਆ ਐਂਟੀਆਕਸੀਡੈਂਟ ਹੈ। ਕੈਂਸਰ ਦੇ ਸੈੱਲਾਂ ਦਾ ਵਧਣਾ ਰੋਕਣਾ ਤੇ ਦਿਲ ਸਿਹਤਮੰਦ ਰੱਖਣਾ ਐਂਟੀਆਕਸੀਡੈਂਟ ਦਾ ਹੀ ਕੰਮ ਹੁੰਦਾ ਹੈ। ਜਾਮਨੀ ਰੰਗ ਵਾਲੇ ਆਲੂਆਂ ਵਿੱਚ ਫਾਈਟੋ ਨਿਊਟੀਐਂਟ ਤੇ ਐਂਟੀਆਕਸੀਡੈਂਟ ਕਾਫ਼ੀ ਜ਼ਿਆਦਾ ਹੁੰਦੇ ਹਨ।

ਇਨ੍ਹਾਂ ਜਾਮਨੀ ਆਲੂਆਂ ਉੱਤੇ ਹੋਈ ਖੋਜ ਜਰਨਲ ਔਫ਼ ਐਗਰੀਕਲਚਰ ਅਤੇ ਫੂਡ ਕੈਮਿਸਟਰੀ ਵਿੱਚ ਛਪੀ ਹੈ, ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰੋਜ਼ ਸਿਰਫ਼ 6 ਤੋਂ 8 ਬਹੁਤ ਨਿੱਕੇ ਜਾਮਨੀ ਉਬਲੇ ਹੋਏ ਆਲੂ, ਜੇ ਦਿਨ ਵਿੱਚ 2 ਵਾਰ ਵੰਡ ਕੇ ਖਾਧੇ ਜਾਣ ਤਾਂ ਬਲੱਡ ਪ੍ਰੈੱਸ਼ਰ ਨੂੰ ਕਾਬੂ ਵਿੱਚ ਰੱਖਦੇ ਹਨ ਜਿਸ ਨਾਲ ਪਾਸਾ ਮਾਰੇ ਜਾਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਾਮਨੀ ਆਲੂਆਂ ਵਿਚਲੇ ਕਾਰਬੋਹਾਈਡ੍ਰੇਟ ਸਦਕਾ ਕਿਸੇ ਖਾਣ ਵਾਲੇ ਨੂੰ ਮੋਟਾਪਾ ਨਹੀਂ ਹੋਇਆ।

ਜਾਮਨੀ ਆਲੂ ਫਾਈਬਰ ਭਰਪੂਰ ਹੋਣ ਸਦਕਾ ਕੈਲੇਸਟਰੋਲ ਨੂੰ ਆਪਣੇ ਨਾਲ ਚਿਪਕਾ ਕੇ ਸਰੀਰ ਅੰਦਰੋਂ ਬਾਹਰ ਕੱਢ ਦਿੰਦਾ ਹੈ। ਹਰ ਰੰਗ ਦਾ ਆਲੂ ਪੋਟਾਸ਼ੀਅਮ ਭਰਪੂਰ ਹੁੰਦਾ ਹੈ। ਇਹ ਸਾਬਤ ਹੋ ਚੁੱਕਿਆ ਹੈ ਕਿ ਕੇਲੇ ਨਾਲੋਂ ਵੱਧ ਪੋਟਾਸ਼ੀਅਮ ਆਲੂ ਵਿੱਚ ਹੁੰਦਾ ਹੈ। ਪੋਟਾਸ਼ੀਅਮ ਦਾ ਕਾਫ਼ੀ ਹਿੱਸਾ ਆਲੂ ਦੀ ਛਿੱਲੜ ਵਿੱਚ ਹੁੰਦਾ ਹੈ। ਛਿੱਲੜ ਵਿੱਚ ਫਾਈਬਰ ਵੀ ਕਾਫ਼ੀ ਹੁੰਦਾ ਹੈ। ਪੋਟਾਸ਼ੀਅਮ ਜਿੱਥੇ ਬਲੱਡ ਪ੍ਰੈੱਸ਼ਰ ਘਟਾਉਂਦਾ ਹੈ। ਉੱਥੇ ਨਸਾਂ ਵੀ ਖੋਲ੍ਹਦਾ ਹੈ। ਇੰਸਟੀਚਿਊਟ ਔਫ਼ ਫੂਡ ਰਿਸਰਚ ਵਿੱਚ ਹੋਈ ਖੋਜ ਦੌਰਾਨ ਆਲੂ ਵਿੱਚ ‘ਕੁਕੋਆਮੀਨ’ ਲੱਭੇ ਹਨ, ਜੋ ਬਲੱਡ ਪ੍ਰੈੱਸ਼ਰ ਘਟਾਉਣ ਵਿੱਚ ਕਾਫ਼ੀ ਮਦਦ ਕਰਦੇ ਹਨ ਬਸ਼ਰਤੇ ਕਿ ਆਲੂ ਤਲੇ ਨਾ ਜਾਣ।

ਆਲੂਆਂ ਵਿਚਲਾ ਵਿਟਾਮਿਨ ਬੀ-ਛੇ, ਦਿਮਾਗ਼ ਲਈ ਬਿਹਤਰੀਨ ਹੈ। ਯੂਨੀਵਰਸਿਟੀ ਔਫ਼ ਮੈਰੀਲੈਂਡ ਮੈਡੀਕਲ ਸੈਂਟਰ ਨੇ ਸਪਸ਼ਟ ਕੀਤਾ ਹੈ ਕਿ ਤਣਾਓ, ਢਹਿੰਦੀ ਕਲਾ ਅਤੇ ਏ. ਡੀ. ਐੱਚ. ਡੀ. ਬੀਮਾਰੀ ਵਿੱਚ ਆਲੂ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ ਕਿਉਂਕਿ ਇਨ੍ਹਾਂ ਵਿਚਲੇ ਵਿਟਾਮਿਨ ਬੀ-ਸਿਰੌਟੋਨਿਨ, ਡੋਪਾਮੀਨ ਤੇ ਨੌਰਐਪੀਨੈਫਰੀਨ ਰਸ ਬਣਾਉਂਦੇ ਹਨ। ਆਲੂਆਂ ਵਿਚਲਾ ਕਾਰਬੋਹਾਈਡ੍ਰੇਟ ਦਿਮਾਗ਼ ਦੇ ਸਹੀ ਕੰਮਕਾਰ ਲਈ ਵਧੀਆ ਹੈ ਅਤੇ ਦਿਮਾਗ਼ ਨੂੰ ਲੋੜੀਂਦੀ ਗਲੂਕੋਜ਼ ਪਹੁੰਚਾ ਦਿੰਦਾ ਹੈ।

ਸੰਨ 1995 ਵਿੱਚ ਅਮਰੀਕਨ ਜਰਨਲ ਔਫ਼ ਕਲੀਨੀਕਲ ਨਿਊਟਰੀਸ਼ਨ ਵਿੱਚ ਛਪਿਆ ਸੀ ਕਿ ਯਾਦਦਾਸ਼ਤ ਤੇਜ਼ ਕਰਨ ਵਿੱਚ ਆਲੂਆਂ ਵਿਚਲਾ ਕਾਰਬੋਹਾਈਡ੍ਰੇਟ (ਗਲੂਕੋਜ਼ ਤਬਦੀਲ ਹੋ ਕੇ) ਅਤੇ ਪੋਟਾਸ਼ੀਅਮ (ਨਸਾਂ ਖੋਲ੍ਹ ਕੇ ਲਹੂ ਦੀ ਰਵਾਨੀ ਵਧਾ ਕੇ) ਵਧੀਆ ਸਾਬਤ ਹੋ ਚੁੱਕੇ ਹਨ।

ਇਮਿਊਨਿਟੀ ਵਧਾਉਣ ਲਈ :-

ਇੱਕ ਉੱਬਲੇ ਆਲੂ ਵਿੱਚ (ਵਿਚਕਾਰਲਾ ਮੇਲ) ਹਰ ਰੋਜ਼ ਦੀ ਲੋੜੀਂਦੀ ਵਿਟਾਮਿਨ ਸੀ ਦਾ 45 ਫੀਸਦੀ ਹਿੱਸਾ ਹੁੰਦਾ ਹੈ। ਸੋ ਵਾਇਰਲ ਕੀਟਾਣੂ, ਖੰਘ ਜ਼ੁਕਾਮ ਅਤੇ ਵਿਟਾਮਿਨ ਸੀ ਦੀ ਕਮੀ ਨਾਲ ਕਮਜ਼ੋਰ ਹੋ ਰਹੀਆਂ ਹੱਡੀਆਂ ਨੂੰ ਆਲੂ ਖਾਣ ਨਾਲ ਫ਼ਾਇਦਾ ਮਿਲਦਾ ਹੈ।

ਆਰਥਰਾਈਟਿਸ :-

ਆਮ ਧਾਰਨਾ ਬਣ ਚੁੱਕੀ ਹੈ ਕਿ ਆਲੂ, ਬੈਂਗਣ ਤੇ ਮਿਰਚਾਂ ਜੋੜਾਂ ਦਾ ਦਰਦ ਵਧਾਉਂਦੇ ਹਨ। ਇਹ ਸੋਚ ਉਕਾ ਹੀ ਬੇਬੁਨਿਆਦ ਹੈ। ਖੋਜਾਂ ਅਨੁਸਾਰ ਆਲੂ ਸਗੋਂ ਸੋਜ਼ਿਸ਼ ਘਟਾਉਣ ਵਿੱਚ ਮਦਦ ਕਰਦੇ ਹਨ।

ਹਾਜ਼ਮੇ ਲਈ :- ਵੱਧ ਕਾਰਬੋਹਾਈਡ੍ਰੇਟ ਸਦਕਾ ਅਤੇ ਬਾਹਰੀ ਪਰਤ ਵਿਚਲੇ ਫਾਈਬਰ ਸਦਕਾ ਇਹ ਸੌਖੇ ਹਜ਼ਮ ਹੋ ਜਾਂਦੇ ਹਨ।

ਦਿਲ ਵਾਸਤੇ :- ਫਾਈਬਰ, ਵਿਟਾਮਿਨ ਸੀ ਤੇ ਵਿਟਾਮਿਨ ਬੀ 6 ਹੋਣ ਕਾਰਨ ਮਾੜੇ ਫਰੀ ਰੈਡੀਕਲ ਅੰਸ਼ ਘਟਾ ਕੇ ਆਲੂ ਦਿਲ ਨੂੰ ਸਿਹਤਮੰਦ ਰੱਖਦੇ ਹਨ। ਸਰੀਰ ਵਿਚਲੇ ਖ਼ਤਰਨਾਕ ਹੋਮੋਸਿਸਟੀਨ ਨੂੰ ਮਿਥਾਇਓਨੀਨ ਬਣਾ ਕੇ ਆਲੂ ਵਿਚਲਾ ਵਿਟਾਮਿਨ ਬੀ-6 ਲਹੂ ਦੀਆਂ ਨਾੜੀਆਂ ਨੂੰ ਖ਼ਰਾਬ ਨਹੀਂ ਹੋਣ ਦਿੰਦਾ ਤੇ ਹਾਵਰਡ ਯੂਨੀਵਰਸਿਟੀ ਅਨੁਸਾਰ ਹਾਰਟ ਅਟੈਕ ਅਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਘਟਾ ਦਿੰਦਾ ਹੈ।

ਕਸਰਤ ਕਰਨ ਵਾਲਿਆਂ ਲਈ :- ਆਲੂ ਦੀਆਂ ਛਿੱਲੜਾਂ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ। ਕਸਰਤ ਕਰਨ ਵਾਲਿਆਂ ਦੇ ਪਸੀਨੇ ਰਾਹੀਂ ਇਹ ਕਣ ਬਾਹਰ ਨਿਕਲ ਜਾਂਦੇ ਹਨ ਅਤੇ ਲੱਤਾਂ ਵਿੱਚ ਕੜਵੱਲ (ਨਾੜ ’ਤੇ ਨਾੜ ਚੜਨਾ) ਪੈ ਜਾਂਦੇ ਹਨ। ਆਲੂ ਖਾਣ ਨਾਲ ਇਹ ਕੜਵੱਲ ਠੀਕ ਹੋ ਜਾਂਦੇ ਹਨ।

ਚਮੜੀ ਲਈ :- ਉਬਾਲੇ ਹੋਏ ਆਲੂਆਂ ਵਿਚਲੇ ਵਿਟਾਮਿਨ ਬੀ-6, ਸੀ, ਪੋਟਾਸ਼ੀਅਮ, ਮੈਂਗਨੀਜ਼, ਜ਼ਿੰਕ ਅਤੇ ਫਾਸਫੋਰਸ ਚਮੜੀ ਨੂੰ ਤਰੋਤਾਜ਼ਾ ਤੇ ਚਮਕਦਾਰ ਰੱਖਦੇ ਹਨ।

ਕੈਂਸਰ :-ਸੰਨ 2017 ਵਿੱਚ ਜਰਨਲ ਔਫ ਨਿਊਟਰੀਸ਼ਨਲ ਬਾਇਓਕੈਮਿਸਟਰੀ ਵਿੱਚ ਛਪੀ ਖੋਜ ਅਨੁਸਾਰ ਜਾਮਨੀ ਆਲੂ ਅੰਤੜੀਆਂ (ਕੋਲਨ) ਦਾ ਕੈਂਸਰ ਹੋਣ ਤੋਂ ਰੋਕਦੇ ਹਨ ਕਿਉਂਕਿ ਉਨ੍ਹਾਂ ਵਿਚਲੇ ਤੱਤ, ਇੰਟਰਲਿਊਕਿਨ 6 ਨੂੰ ਘਟਾ ਦਿੰਦੇ ਹਨ, ਜੋ ਕੈਂਸਰ ਕਰਦੇ ਹਨ। ਇਹ ਖੋਜ ਸੂਰਾਂ ਉੱਤੇ ਕੀਤੀ ਗਈ ਸੀ। ਜਿਨ੍ਹਾਂ ਸੂਰਾਂ ਨੂੰ ਜਾਮਨੀ ਆਲੂ ਖੁਆਏ ਗਏ, ਉਨ੍ਹਾਂ ਦੇ ਸਰੀਰ ਅੰਦਰਲੇ ਇੰਟਰਲਿਊਕਿਨ 6, ਦੂਜਿਆਂ ਨਾਲੋਂ ਛੇ ਗੁਣਾਂ ਘਟ ਗਏ। ਸੂਰਾਂ ਦੀ ਅੰਤੜੀ ਮਨੁੱਖੀ ਅੰਤੜੀਆਂ ਨਾਲ ਕਾਫ਼ੀ ਰਲਦੀ ਹੈ, ਸੋ ਉਹੀ ਅਸਰ ਬੰਦਿਆਂ ਵਿੱਚ ਵੀ ਦਿਸਣ ਦੀ ਉਮੀਦ ਹੈ।

ਭਾਰ :- ਸੰਨ 2017 ਵਿੱਚ ਇੱਕ ਅਸਟ੍ਰੇਲੀਅਨ ਬੰਦੇ ਨੇ ਕਾਫ਼ੀ ਰੌਲਾ ਪਾਇਆ ਕਿ ਉਸ ਨੇ ਇੱਕ ਸਾਲ ਸਿਰਫ ਉਬਲੇ ਆਲੂ ਖਾ ਕੇ 110 ਪੌਂਡ ਭਾਰ ਘਟਾ ਲਿਆ ਹੈ। ਇਸ ਖ਼ਬਰ ਤੋਂ ਬਾਅਦ ਦੁਨੀਆ ਭਰ ਵਿੱਚ ਆਲੂ ਖਾਣ ਦਾ ਰੁਝਾਨ ਵੱਧ ਗਿਆ। ਇਸ ਖ਼ਬਰ ਦਾ ਖੰਡਨ ਡਾਕਟਰਾਂ ਵੱਲੋਂ ਕੀਤਾ ਗਿਆ ਕਿਉਂਕਿ ਸਾਰੇ 20 ਜ਼ਰੂਰੀ ਅਮਾਈਨੋ ਏਸਿਡ, ਵਿਟਾਮਿਨ ਤੇ ਤੱਤ; ਸਿਰਫ਼ ਆਲੂਆਂ ਰਾਹੀਂ ਪੂਰੇ ਨਹੀਂ ਕੀਤੇ ਜਾ ਸਕਦੇ। ਇਸੇ ਲਈ ਸੰਪੂਰਨ ਖ਼ੁਰਾਕ ਬਣਾਉਣ ਵਾਸਤੇ ਰੋਜ਼ਾਨਾ ਖ਼ੁਰਾਕ ਵਿੱਚ ਉਬਲੇ ਆਲੂਆਂ ਨੂੰ ਸ਼ਾਮਲ ਕਰਨ ਦੀ ਲੋੜ ਸਮਝੀ ਗਈ ਹੈ।

ਸ਼ੱਕਰ ਰੋਗ :- ਆਲੂਆਂ ਵਿੱਚ ਥਿੰਦਾ ਨਹੀਂ ਹੁੰਦਾ ਪਰ ਵਾਧੂ ਕਾਰਬੋਹਾਈਡ੍ਰੇਟ ਸਦਕਾ ਖਾਣੇ ਤੋਂ ਬਾਅਦ ਇਕਦਮ ਸ਼ੱਕਰ ਦੀ ਮਾਤਰਾ ਵਧਾ ਦਿੰਦੇ ਹਨ ਤੇ ਝਟਪਟ ਹਜ਼ਮ ਹੋਣ ਬਾਅਦ ਹੋਰ ਭੁੱਖ ਲਾ ਦਿੰਦੇ ਹਨ। ਇਸ ਵਾਸਤੇ ਸ਼ੱਕਰ ਰੋਗੀਆਂ ਨੂੰ ਆਲੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਵੀ ਆਲੂਆਂ ਤੋਂ ਪਰਹੇਜ਼ ਰੱਖਣ ਦੀ ਲੋੜ ਹੈ। ਸਿਰਫ਼ ਆਲੂ ਹੀ ਨਹੀਂ, ਚਿੱਟੀ ਬਰੈੱਡ ਅਤੇ ਮੈਦੇ ਤੋਂ ਵੀ ਬਚਣ ਦੀ ਲੋੜ ਹੈ।

ਸੰਨ 2016 ਵਿੱਚ ਬਰਿਟਿਸ਼ ਮੈਡੀਕਲ ਜਰਨਲ ਵਿੱਚ ਇੱਕ ਖੋਜ ਛਪੀ, ਜਿਸ ਵਿੱਚ ਕੁੱਝ ਨੂੰ ਉਬਲੇ ਅਤੇ ਕੁੱਝ ਨੂੰ ਤਲੇ ਆਲੂ ਖੁਆ ਕੇ ਵੱਖੋ-ਵੱਖ ਲੋਕਾਂ ਉੱਤੇ ਅਸਰ ਵੇਖਿਆ ਗਿਆ ਸੀ। ਉਸ ਵਿੱਚ ਪਤਾ ਲੱਗਿਆ ਕਿ ਔਰਤਾਂ ਉੱਤੇ ਤਲੇ ਆਲੂਆਂ ਦੇ ਮਾੜੇ ਅਸਰ ਪੁਰਸ਼ਾਂ ਨਾਲੋਂ ਵੱਧ ਹੁੰਦੇ ਹਨ। ਔਰਤਾਂ ਵਿੱਚ ਬਲੱਡ ਪ੍ਰੈੱਸ਼ਰ ਬੰਦਿਆਂ ਨਾਲੋਂ ਜ਼ਿਆਦਾ ਵਧਿਆ ਹੋਇਆ ਮਿਲਿਆ। ਇਸੇ ਲਈ ਮਾਈਕਰੋਵੇਵ ਜਾਂ ਕੁੱਕਰ ਵਿੱਚ ਬਿਨਾਂ ਘਿਓ ਜਾਂ ਤੇਲ ਦੇ, ਉਬਲੇ ਹੋਏ ਆਲੂ ਹੀ ਖਾਣੇ ਚਾਹੀਦੇ ਹਨ, ਜਿਸ ਨਾਲ ਉਨ੍ਹਾਂ ਵਿਚਲੇ ਤੱਤ ਕਾਇਮ ਰਹਿ ਜਾਂਦੇ ਹਨ। ਬਹੁਤੇ ਤੱਤ ਛਿੱਲੜ ਵਿੱਚ ਜਾਂ ਉਸ ਦੇ ਇਕਦਮ ਹੇਠਾਂ ਹੁੰਦੇ ਹਨ ਸੋ ਬਹੁਤ ਪਤਲੇ ਛਿੱਲੜ ਲਾਹੁਣੇ ਚਾਹੀਦੇ ਹਨ ਜਾਂ ਚੰਗੀ ਤਰ੍ਹਾਂ ਸਾਫ਼ ਕਰ ਕੇ ਨਿੱਕੇ ਆਲੂ ਛਿੱਲੜਾਂ ਸਮੇਤ ਹੀ ਖਾਧੇ ਜਾ ਸਕਦੇ ਹਨ। ਛਿੱਲੜ ਲਾਹ ਕੇ ਆਲੂ ਉਬਾਲਣ ਨਾਲ ਆਲੂਆਂ ਵਿਚਲੇ ਸਾਰੇ ਹੀ ਤੱਤ ਪਾਣੀ ਵਿੱਚ ਨਿਕਲ ਜਾਂਦੇ ਹਨ। ਵਿਟਾਮਿਨ ਸੀ ਤਾਂ 80 ਫੀਸਦੀ ਬਾਹਰ ਨਿਕਲ ਜਾਂਦਾ ਹੈ। ਜੇ ਉਬਾਲਣ ਤੋਂ ਬਾਅਦ ਆਲੂ ਛਿੱਲ ਕੇ ਪਾਣੀ ਵਿੱਚ ਰੱਖ ਦਿੱਤੇ ਜਾਣ, ਤਾਂ ਵੀ ਤੱਤ ਬਾਹਰ ਨਿਕਲ ਕੇ ਪਾਣੀ ਵਿੱਚ ਰਲ਼ ਜਾਂਦੇ ਹਨ।

ਜੇ ਆਲੂ ਪੁੰਗਰ ਚੁੱਕੇ ਹੋਣ :- ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਅਨੁਸਾਰ ਪੁੰਗਰ ਰਹੇ ਆਲੂ (ਆਲੂ ਦੀਆਂ ਅੱਖਾਂ) ਯਾਨੀ ਪੁੰਗਰ ਰਹੀਆਂ ਚਿੱਟੀਆਂ ਚੋਭਾਂ ਉੱਕਾ ਹੀ ਨਹੀਂ ਖਾਣੀਆਂ ਚਾਹੀਦੀਆਂ। ਇਸੇ ਤਰ੍ਹਾਂ ਆਲੂਆਂ ਦੀਆਂ ਟਾਹਣੀਆਂ ਜਾਂ ਪੱਤੇ ਵੀ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਸਾਰਿਆਂ ਵਿੱਚ ਆਰਸੈਨਿਕ, ਚਾਕੋਨੀਨ ਅਤੇ ਸੋਲਾਨੀਨ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ, ਜੋ ਥੋੜ੍ਹੀ ਮਾਤਰਾ ਵਿੱਚ ਵੀ ਭਾਰੀ ਨੁਕਸਾਨ ਕਰ ਸਕਦੇ ਹਨ। ਹਰੇ ਆਲੂ ਤਾਂ ਜ਼ਹਿਰੀਲੇ ਵੀ ਹੁੰਦੇ ਹਨ। ਜਦੋਂ ਆਲੂਆਂ ਨੂੰ ਬਹੁਤੀ ਧੁੱਪ ਲੱਗਦੀ ਰਹੇ ਤਾਂ ਉਹ ਹਰੇ ਰੰਗ ਦੇ ਹੋ ਜਾਂਦੇ ਹਨ। ਛਿੱਲੜ ਹੇਠਾਂ ਵੀ ਜੇ ਹਰਾ ਰੰਗ ਦਿਸੇ ਤਾਂ ਆਲੂ ਸੁੱਟ ਦੇਣਾ ਚਾਹੀਦਾ ਹੈ।

ਕੁੱਝ ਮਜ਼ੇਦਾਰ ਤੱਥ :- 1. ਆਲੂ ਸਪੈਨਿਸ਼ ਲਫਜ਼ ‘ਪਟਾਟਾ’ ਤੋਂ ਅੰਗਰੇਜ਼ੀ ਵਿੱਚ ‘ਪੋਟੈਟੋ’ ਸ਼ਬਦ ਬਣਿਆ। ਖੋਦਣ ਵਾਲੇ ਔਜ਼ਾਰ ਤੋਂ ਕੁੱਝ ਨੇ ਇਸ ਦਾ ਨਾ ‘ਸਪੱਡ’ ਰੱਖ ਦਿੱਤਾ, ਡੁੱਚ ਵਿੱਚ ‘ਸਪਿੱਡ’ ਤੇ ਬਥੇਰੇ ਅੰਗਰੇਜ਼ ‘ਸਪੇਡ’ ਵੀ ਕਹਿੰਦੇ ਹਨ।

  1. ਆਲੂਆਂ ਦੀਆਂ ਕਿਸਮਾਂ ਜਿਹੜੀਆਂ ਹੁਣ ਮਿਲ ਰਹੀਆਂ ਹਨ, ਉਹ ਹਨ-ਜਾਮਨੀ, ਲਾਲ, ਚਿੱਟੇ, ਪੀਲੇ, ਫਿੰਗਰਿਗ, ਰਸੱਟ, ਪੈਟੀਟ।
  2. ਅਮਰੀਕਾ ਵਿੱਚ ਸੰਨ 2013 ਵਿੱਚ ਇੱਕ ਮਿਲੀਅਨ ਏਕੜ ਤੋਂ ਵੱਧ ਵਿੱਚ ਆਲੂ ਉਗਾਏ ਗਏ ਅਤੇ ਉਸ ਵਿੱਚੋਂ 20 ਬਿਲੀਅਨ ਕਿੱਲੋ ਆਲੂਆਂ ਦੀ ਉਪਜ ਹੋਈ।
  3. ਇਸ ਸਾਲ ਦੀ ਰਿਪੋਰਟ ਅਨੁਸਾਰ ਔਸਤਨ ਇਕ ਅਮਰੀਕਨ 56 ਕਿਲੋ ਆਲੂ ਪੂਰੇ ਸਾਲ ਵਿੱਚ ਖਾ ਲੈਂਦਾ ਹੈ ਤੇ ਇੱਕ ਜਰਮਨ 112 ਕਿੱਲੋ।
  4. ਗਿੰਨੀਜ਼ ਵਰਲਡ ਰਿਕਾਰਡ ਅਨੁਸਾਰ ਹੁਣ ਤੱਕ ਦਾ ਸਭ ਤੋਂ ਵੱਡਾ ਆਲੂ 3.2 ਕਿੱਲੋ ਦਾ ਸੀ।
  5. ਬਾਈਬਲ ਵਿੱਚ ਆਲੂਆਂ ਦਾ ਜ਼ਿਕਰ ਨਹੀਂ ਮਿਲਦਾ, ਇਸ ਲਈ ਕਈ ਸਦੀਆਂ ਤੱਕ ਆਲੂ ਨੂੰ ਮਾੜਾ ਮੰਨਿਆ ਜਾਂਦਾ ਰਿਹਾ ਤੇ ਇਹ ਮੰਨ ਲਿਆ ਗਿਆ ਕਿ ਆਲੂ ਕੋਹੜ ਦੀ ਬੀਮਾਰੀ ਕਰਦੇ ਹਨ।
  6. ਮੈਰੀ ਐਂਟੋਨਿਓ ਨੇ ਫਰਾਂਸ ਵਿੱਚ ਆਪਣੇ ਵਾਲਾਂ ਉੱਤੇ ਆਲੂਆਂ ਦੇ ਹਿੱਸੇ ਸਜਾਏ ਤਾਂ ਪੂਰੇ ਫਰਾਂਸ ਵਿੱਚ ਆਲੂ ਫੈਸ਼ਨ ਸ਼ੁਰੂ ਹੋ ਗਿਆ ਸੀ।
  7. ਆਇਰਲੈਂਡ ਵਿੱਚ ਸੰਨ 1840 ਵਿੱਚ ਆਲੂਆਂ ਦੀ ਫ਼ਸਲ ਮਾਰ ਜਾਣ ਤੋਂ ਬਾਅਦ ਉਹ ਗ਼ਰੀਬ ਲੋਕ, ਜੋ ਸਿਰਫ਼ ਆਲੂ ਖਾ ਕੇ ਗੁਜ਼ਾਰਾ ਕਰ ਰਹੇ ਸਨ, ਦੀ ਭਾਰੀ ਮਾਤਰਾ ਵਿੱਚ ਮੌਤ ਹੋ ਗਈ। ਉਦੋਂ ਲਗਭਗ 10 ਲੱਖ ਗ਼ਰੀਬ ਲੋਕ ਭੁੱਖ ਨਾਲ ਮਰ ਗਏ ਅਤੇ ਏਨੇ ਹੀ ਕੰਮ ਕਾਰ ਦੀ ਖੋਜ ਵਿੱਚ ਭੁੱਖ ਮਿਟਾਉਣ ਖ਼ਾਤਰ ਅਮਰੀਕਾ ਜਾਂ ਕੈਨੇਡਾ ਵੱਲ ਤੁਰ ਗਏ।

ਸਾਰ :- ਹਰ ਖਾਣ ਵਾਲੀ ਚੀਜ਼ ਦੇ ਫ਼ਾਇਦੇ ਵੀ ਹੁੰਦੇ ਹਨ ਅਤੇ ਨੁਕਸਾਨ ਵੀ। ਇਸੇ ਲਈ ਸਹੀ ਮਿਕਦਾਰ ਵਿੱਚ ਅਤੇ ਸਹੀ ਢੰਗ ਨਾਲ ਬਣਾਉਣ ਅਤੇ ਖਾਣ ਦੀ ਲੋੜ ਹੁੰਦੀ ਹੈ।