ਸਾਈਕਲ ਚਲਾਉਣ ਦੇ ਫ਼ਾਇਦੇ

0
680

ਸਾਈਕਲ ਚਲਾਉਣ ਦੇ ਫ਼ਾਇਦੇ

ਡਾ. ਹਰਸ਼ਿੰਦਰ ਕੌਰ, ਐਮ.ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ- 0175-2216783

ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਹੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ’ਚੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ’ਚ ਹਰ ਸ਼ਹਿਰ ਵਿੱਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉੱਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ।

ਕੋਰੋਨਾ ਤੋਂ ਪਹਿਲਾਂ ਲੋਕ ਕਾਰਾਂ, ਸਕੂਟਰਾਂ ਦੀ ਰੇਸ ਵਿੱਚ ਸਾਈਕਲ ਨੂੰ ਭੁਲਾ ਹੀ ਚੁੱਕੇ ਸਨ। ਕੋਰੋਨਾ ਨੇ ਕਸਰਤ ਅਤੇ ਸਿਹਤਮੰਦ ਖ਼ੁਰਾਕ ਵੱਲ ਸਭ ਨੂੰ ਮੋੜਿਆ ਲਿਆ।

ਸਾਈਕਲ ਚਲਾਉਣ ਵਾਲੇ ਲੰਮੀ ਜ਼ਿੰਦਗੀ ਭੋਗਦੇ ਹਨ। ਇਹ ਨੁਕਤਾ ਤਾਂ ਬਹੁਤ ਪੁਰਾਣਾ ਪ੍ਰਚਲਿਤ ਹੈ ਕਿ ਕਾਰਾਂ ਜਾਂ ਸਕੂਟਰਾਂ ਨਾਲ ਜਿੱਥੇ ਐਕਸੀਡੈਂਟ ਰਾਹੀਂ ਜਾਨਾਂ ਜਾ ਰਹੀਆਂ ਹਨ, ਉੱਥੇ ਕਸਰਤ ਘਟਣ ਨਾਲ ਇਨਸਾਨੀ ਸਰੀਰ ਬੀਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ।

ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਔਰਤਾਂ ਜੇ ਲਗਾਤਾਰ ਦੋ ਸਾਲ, ਹਫ਼ਤੇ ਵਿੱਚ ਤਿੰਨ ਵਾਰ ਤੋਂ ਵੱਧ ਅਤੇ ਰੋਜ਼ 25 ਮੀਲ ਤਕ ਸਾਈਕਲ ਚਲਾਉਂਦੀਆਂ ਰਹਿਣ ਤਾਂ ਉਨ੍ਹਾਂ ਵਿੱਚ ਗੱਦੀ ਉੱਤੇ ਛੁੰਹਦੇ ਹਿੱਸੇ ਦਾ ਸੁੰਨ ਹੋਣਾ ਅਤੇ ਸਖ਼ਤ ਗੱਦੀ ਸਦਕਾ ਚਮੜੀ ਦਾ ਸਖ਼ਤ ਹੋਣਾ ਜਾਂ ਜ਼ਖ਼ਮ ਬਣਨ ਦਾ ਖ਼ਤਰਾ ਹੁੰਦਾ ਹੈ। ਇੰਜ ਹੀ ਬਹੁ-ਗਿਣਤੀ ਸਾਈਕਲ ਚਲਾਉਂਦੀਆਂ ਔਰਤਾਂ ਵਿੱਚ ਪਿਸ਼ਾਬ ਦੇ ਰਾਹ ਵਿੱਚ ਕੀਟਾਣੂਆਂ ਦੇ ਹੱਲੇ ਦਾ ਖ਼ਤਰਾ ਵੀ ਹੁੰਦਾ ਹੈ।

ਇਕ ਹੋਰ ਖੋਜ ਨੇ ਪੁਰਸ਼ਾਂ ਦੇ ਦੋ ਸਾਲ ਲਗਾਤਾਰ ਬਹੁਤ ਜ਼ਿਆਦਾ ਸਾਈਕਲ ਚਲਾਉਣ ਬਾਅਦ ਉਨ੍ਹਾਂ ਵਿੱਚ ਮਰਦਾਨਾ ਕਮਜ਼ੋਰੀ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਤੇ ਸ਼ੁਕਰਾਣੂਆਂ ਵਿੱਚ ਕਮੀ ਬਾਰੇ ਵੀ ਦੱਸਿਆ ਹੈ।

ਇਨ੍ਹਾਂ ਦੋਨਾਂ ਖੋਜਾਂ ਬਾਰੇ ਅਮਰੀਕਨ ਯੂਰੌਲੋਜੀਕਲ ਐਸੋਸੀਏਸ਼ਨ ਵਿਚਲੇ 21,000 ਡਾਕਟਰਾਂ ਨੇ ਨਕਾਰਿਆ ਕਿ ਜੇ ਸਾਈਕਲ ਚਲਾਉਣ ਲੱਗਿਆਂ ਕੁੱਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਨ੍ਹਾਂ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ। ਸਾਈਕਲ ਚਲਾਉਣ ਦੇ ਫ਼ਾਇਦੇ ਜ਼ਿਆਦਾ ਹਨ, ਇਸ ਲਈ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ।

ਦਰਅਸਲ ਸਖ਼ਤ ਸੀਟ ਨਾਲ ਹੇਠਲੀਆਂ ਨਸਾਂ ਤੇ ਲਹੂ ਦੀਆਂ ਨਾੜੀਆਂ ਦੱਬ ਜਾਂਦੀਆਂ ਹਨ। ਅਜਿਹਾ ਉਨ੍ਹਾਂ ਪੁਲਿਸ ਅਫ਼ਸਰਾਂ ਵਿੱਚ ਲੱਭਿਆ ਗਿਆ ਜਿਹੜੇ ਸਾਰਾ ਦਿਨ ਸਾਈਕਲਾਂ ਉੱਤੇ ਡਿਊਟੀ ਨਿਭਾ ਰਹੇ ਸਨ, ਇਸੇ ਲਈ ਸਾਈਕਲ ਦੀ ਸੀਟ ਨਰਮ ਹੋਣੀ ਚਾਹੀਦੀ ਹੈ ਅਤੇ ਸਾਈਕਲ ਚਲਾਉਂਦੇ ਹੋਏ ਰਤਾ ਮਾਸਾ ਹਿਲਜੁਲ ਕਰ ਕੇ ਅਗਾਂਹ ਪਿਛਾਂਹ ਹੋ ਜਾਣਾ ਚਾਹੀਦਾ ਹੈ ਤਾਂ ਜੋ ਇੱਕੋ ਥਾਂ ਸਰੀਰ ਦਾ ਭਾਰ ਨਾ ਪੈਂਦਾ ਰਹੇ।

ਸਾਈਕਲ ਚਲਾਉਣ ਦੇ ਫ਼ਾਇਦੇ :-

  1. ਔਰਤਾਂ ਲਈ ਬਰਿਟਿਸ਼ ਹਾਰਟ ਫਾਉਂਡੇਸ਼ਨ ਨੇ ਸੰਨ 2017 ਵਿੱਚ ਰਿਪੋਰਟ ਛਾਪੀ ਕਿ ਹਰ ਹਫ਼ਤੇ 150 ਮਿੰਟ ਸਾਈਕਲ ਚਲਾਉਣਾ ਅਤੇ ਹਫ਼ਤੇ ਵਿੱਚ ਦੋ ਦਿਨ ਪੱਠੇ ਤਗੜੇ ਕਰਨ ਵਾਲੀਆਂ ਕਸਰਤਾਂ ਔਰਤਾਂ ਲਈ ਬੇਹੱਦ ਜ਼ਰੂਰੀ ਹਨ। ਇਸ ਵੇਲੇ ਇੱਕ ਕਰੋੜ 18 ਲੱਖ ਔਰਤਾਂ ਅਤੇ 83 ਲੱਖ ਮਰਦ ਸਿਰਫ਼ ਇੰਗਲੈਂਡ ਵਿੱਚ ਹੀ ਕਸਰਤ ਨਾ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸੇ ਲਈ 26.8 ਫੀਸਦੀ ਇੰਗਲੈਂਡ ਦੀਆਂ ਔਰਤਾਂ ਮੋਟਾਪੇ ਦਾ ਸ਼ਿਕਾਰ ਹੋ ਚੁੱਕੀਆਂ ਹਨ।

ਰੈਗੂਲਰ ਸਾਈਕਲ ਚਲਾਉਣ ਵਾਲੀਆਂ ਔਰਤਾਂ ਵਿੱਚ ਕੈਂਸਰ ਹੋਣ ਦੇ ਆਸਾਰ ਘੱਟ ਦਿਸੇ, ਹਾਰਟ ਅਟੈਕ ਘੱਟ ਹੋਏ ਤੇ ਸ਼ੱਕਰ ਰੋਗ ਵੀ ਕਾਫ਼ੀ ਘੱਟ ਹੋਇਆ।

  1. ਔਰਤਾਂ ਵਿੱਚ ਹਾਰਮੋਨ, ਜੀਨ, ਕੰਮ-ਕਾਰ ਤੇ ਸਰੀਰਕ ਬਣਤਰ ਸਦਕਾ ਜੋੜ ਛੇਤੀ ਨੁਕਸਾਨੇ ਜਾਂਦੇ ਹਨ ਤੇ ਤਿੰਨ ਚੌਥਾਈ ਇੰਗਲੈਂਡ ਦੀਆਂ ਔਰਤਾਂ 45 ਸਾਲ ਦੀ ਉਮਰ ਤੋਂ ਬਾਅਦ ਮੋਟਾਪਾ ਸਹੇੜ ਲੈਂਦੀਆਂ ਹਨ। ਇਸੇ ਲਈ ਉਨ੍ਹਾਂ ਨੂੰ ਆਰਥਰਾਈਟਿਸ ਰੋਗ ਕਾਫ਼ੀ ਵੱਧ ਹੁੰਦਾ ਹੈ। ਸਾਈਕਲ ਚਲਾਉਣ ਨਾਲ ਇੱਕ ਘੰਟੇ ਵਿਚ 300 ਕੈਲਰੀਆਂ ਤੱਕ ਖਰਚ ਹੋ ਜਾਂਦੀਆਂ ਹਨ ਤੇ ਭਾਰ ਘਟਣ ਨਾਲ ਜੋੜਾਂ ਦਾ ਦਰਦ ਵੀ ਘੱਟ ਜਾਂਦਾ ਹੈ। ਸਾਈਕਲ ਚਲਾਉਣ ਵੇਲੇ ਜੋੜ ਸਰੀਰ ਦਾ ਵਾਧੂ ਦਾ ਭਾਰ ਵੀ ਨਹੀਂ ਚੁੱਕਦੇ, ਜਿਸ ਨਾਲ ਜੋੜਾਂ ਦੀ ਟੁੱਟ-ਫੁੱਟ ਵੀ ਘੱਟ ਜਾਂਦੀ ਹੈ। ਬਹੁਤਿਆਂ ਦੇ ਕਾਰਟੀਲੇਜ ਵੀ ਵਾਧੂ ਖਿੱਚੇ ਜਾਣ ਤੋਂ ਬਚ ਜਾਂਦੇ ਹਨ। ਸਾਈਕਲ ਨਾਲ ਪੈਰਾਂ ਦੇ ਜੋੜ, ਗੋਡੇ ਤੇ ਪਿੱਠ, ਸਾਰੇ ਹੀ ਜੋੜਾਂ ਦੀ ਕਸਰਤ ਹੋ ਜਾਂਦੀ ਹੈ ਤੇ ਵਾਧੂ ਭਾਰ ਵੀ ਨਹੀਂ ਝੱਲਣਾ ਪੈਂਦਾ।

ਇੱਕ 90 ਸਾਲਾ ਔਰਤ ਲੈਨ ਯਿਨ, ਜੋ ਹਰ ਸਾਲ 160 ਮੀਲ ਸਾਈਕਲ ਚਲਾਉਣ ਦੀ ਦੌੜ ’ਚ ਸ਼ਾਮਲ ਹੁੰਦੀ ਹੈ ਤੇ ਪਿਛਲੇ 50 ਸਾਲਾਂ ਤੋਂ ਸਾਈਕਲ ਚਲਾ ਰਹੀ ਹੈ। ਉਸ ਦਾ ਇਹੀ ਕਹਿਣਾ ਹੈ ਕਿ ਸਰੀਰ ਉਦੋਂ ਹੀ ਖੜ੍ਹ ਜਾਂਦਾ ਹੈ ਜਦੋਂ ਇਸ ਨੂੰ ਵਰਤਣਾ ਛੱਡ ਦਿੱਤਾ ਜਾਵੇ।

  1. ਰੈਗੂਲਰ ਸਾਈਕਲ ਚਲਾਉਂਦੀਆਂ ਔਰਤਾਂ ’ਚ ਮਾਹਵਾਰੀ ਦੌਰਾਨ ਘੱਟ ਤਕਲੀਫ਼ਾਂ ਹੁੰਦੀਆਂ ਹਨ ਤੇ ਉਹ ਜੰਮਣ ਪੀੜਾਂ ਵੀ ਸੌਖੀਆਂ ਜਰ ਜਾਂਦੀਆਂ ਹਨ।
  2. ਗਰਭਵਤੀ ਔਰਤਾਂ ਵੀ ਡਾਕਟਰ ਦੀ ਸਲਾਹ ਨਾਲ ਰੈਗੂਲਰ ਸਾਈਕਲ ਚਲਾ ਸਕਦੀਆਂ ਹਨ।
  3. ਇੰਗਲੈਂਡ ਦੇ ‘ਮੈਂਟਲ ਹੈਲਥ ਫਾਉਂਡੇਸ਼ਨ’ ਅਨੁਸਾਰ ਔਰਤਾਂ ਵਿੱਚ ਮਰਦਾਂ ਨਾਲੋਂ ਵੱਧ ਢਹਿੰਦੀ ਕਲਾ ਤੇ ਘਬਰਾਹਟ ਹੁੰਦੀ ਹੈ। ਇਸੇ ਲਈ ਘਰੋਂ ਬਾਹਰ ਤਾਜ਼ੀ ਹਵਾ ਵਿੱਚ ਸਾਈਕਲ ਚਲਾਉਣ ਨਾਲ ਔਰਤਾਂ ਦੀ ਮਾਨਸਿਕ ਦਸ਼ਾ ਵਿੱਚ ਵੀ ਸੁਧਾਰ ਹੁੰਦਾ ਦਿੱਸਿਆ। ਸਾਈਕਲ ਚਲਾਉਣ ਨਾਲ ਔਰਤ ਅਤੇ ਮਰਦ, ਦੁਹਾਂ ਦੇ ਸਰੀਰ ਅੰਦਰ ਐਡਰੀਨਾਲੀਨ ਤੇ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਤਣਾਅ ਘਟਾ ਕੇ ਚੜ੍ਹਦੀ ਕਲਾ ਦਾ ਇਹਸਾਸ ਕਰਵਾ ਦਿੰਦੇ ਹਨ।
  4. ਲਗਾਤਾਰ ਸਾਈਕਲ ਚਲਾਉਣ ਵਾਲਿਆਂ ਵਿੱਚ ਹੌਲ਼ੀ-ਹੌਲ਼ੀ ਸਵੈ-ਵਿਸ਼ਵਾਸ ਵੀ ਵਧਿਆ ਮਿਲਿਆ; ਜਿਵੇਂ-ਜਿਵੇਂ ਸਰੀਰਕ ਤੰਦਰੁਸਤੀ ਹੋਈ, ਸਭਨਾਂ ਦਾ ਮਨੋਬਲ ਵੀ ਵਧ ਗਿਆ।
  5. ਸਾਈਕਲ ਚਲਾਉਣਾ ਲੱਤਾਂ ਦੇ ਪੱਠਿਆਂ ਦੀ ਬਹੁਤ ਵਧੀਆ ਕਸਰਤ ਮੰਨੀ ਗਈ ਹੈ।
  6. ਜੋੜਾਂ ਵਿੱਚ ਲਚਕ ਵੱਧ ਜਾਂਦੀ ਹੈ ਤੇ ਜੋੜ ਬਦਲਣ ਦੀ ਨੌਬਤ ਨਹੀਂ ਆਉਂਦੀ।
  7. ਤਣਾਅ ਘਟਾਉਣ ਵਿੱਚ ਸਹਾਈ ਹੁੰਦਾ ਹੈ।
  8. ਰੀੜ੍ਹ ਦੀ ਹੱਡੀ ਤਕੜੀ ਹੋ ਜਾਂਦੀ ਹੈ।
  9. ਲੱਤਾਂ ਦੀਆਂ ਹੱਡੀਆਂ ਤਕੜੀਆਂ ਹੋ ਜਾਂਦੀਆਂ ਹਨ।
  10. ਸਰੀਰ ਅੰਦਰ ਥਿੰਦੇ ਦੀ ਮਾਤਰਾ ਘੱਟ ਜਾਂਦੀ ਹੈ।
  11. ਢਿੱਡ ਤੇ ਪਿੱਠ ਦੇ ਪੱਠਿਆਂ ਦੀ ਕਸਰਤ ਵੀ ਹੋ ਜਾਂਦੀ ਹੈ।
  12. ਇਸ ਖੋਜ ਰਾਹੀਂ ਸਾਹਮਣੇ ਆ ਚੁੱਕੇ ਤੱਥ ਹਨ ਕਿ ਸੁਸਤੀ ਅਤੇ ਨਿਤਾਣਾਪਣ ਸਾਈਕਲ ਚਲਾਉਣ ਦੇ ਦਸ ਮਿੰਟ ਦੇ ਅੰਦਰ-ਅੰਦਰ ਖ਼ਤਮ ਹੋਣ ਲੱਗ ਪੈਂਦੇ ਹਨ ਕਿਉਂਕਿ ਸਰੀਰ ਅੰਦਰ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਤਣਾਅ ਘਟਾ ਦਿੰਦੇ ਹਨ। ਰੈਗੂਲਰ ਤੌਰ ਉੱਤੇ ਸਾਈਕਲ ਚਲਾਉਣ ਵਾਲੇ ਜ਼ਿਆਦਾ ਆਤਮ ਨਿਰਭਰ ਅਤੇ ਸਵੈ ਵਿਸ਼ਵਾਸ ਨਾਲ ਭਰ ਜਾਂਦੇ ਹਨ।
  13. ਦਿਲ ਵਾਸਤੇ ਬਹੁਤ ਵਧੀਆ ਕਸਰਤ ਹੈ।
  14. ਕੁੱਝ ਕਿਸਮਾਂ ਦੇ ਕੈਂਸਰ, ਖ਼ਾਸ ਤੌਰ ਉੱਤੇ ਛਾਤੀ ਦਾ ਕੈਂਸਰ ਅਤੇ ਕੈਂਸਰ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਦੇ ਮਾੜੇ ਅਸਰਾਂ ਨੂੰ ਘਟਾਉਣ ਵਿੱਚ ਲਗਾਤਾਰ ਕੀਤੀ ਕਸਰਤ ਫ਼ਾਇਦਾ ਦਿੰਦੀ ਹੇ।
  15. ਸਵੇਰੇ ਨਿਰਨੇ ਕਾਲਜੇ ਚਲਾਇਆ ਸਾਈਕਲ ਵੱਧ ਥਿੰਦਾ ਖੋਰਦਾ ਹੈ ਅਤੇ ਸਾਰਾ ਦਿਨ ਚੁਸਤੀ ਨਾਲ ਭਰ ਦਿੰਦਾ ਹੈ।

 ਸੰਨ 2019 ਵਿੱਚ ਕੀਤੀ ਖੋਜ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਨੇ 6 ਹਫ਼ਤੇ ਰੋਜ਼ ਸਵੇਰੇ ਨਾਸ਼ਤੇ ਤੋਂ ਪਹਿਲਾਂ ਕਸਰਤ ਕੀਤੀ, ਉਨ੍ਹਾਂ ਦੇ ਸਰੀਰ ਅੰਦਰ ਵੱਧ ਇਨਸੂਲਿਨ ਨਿਕਲੀ ਅਤੇ ਭਾਰ ਵੀ ਉਨ੍ਹਾਂ ਨਾਲੋਂ ਦੁਗਣਾ ਘਟਿਆ, ਜਿਨ੍ਹਾਂ ਨੇ ਨਾਸ਼ਤੇ ਤੋਂ ਬਾਅਦ ਕਸਰਤ ਕੀਤੀ।

  1. ਬਲੱਡ ਪ੍ਰੈੱਸ਼ਰ ਘਟਾਉਣ ਤੇ ਹਾਰਟ ਅਟੈਕ ਅਤੇ ਸ਼ੱਕਰ ਰੋਗ ਹੋਣ ਦਾ ਖ਼ਤਰਾ ਘਟਾਉਣ ਵਿੱਚ ਸਾਈਕਲ ਚਲਾਉਣਾ ਬੇਹੱਦ ਅਸਰਦਾਰ ਸਾਬਤ ਹੋਇਆ ਹੈ।

ਸਾਈਕਲ ਚਲਾਉਣ ਵੇਲੇ ਸਰੀਰ ਅੰਦਰਲਾ ਗਲੂਕੋਜ਼ ਕਾਫ਼ੀ ਵਰਤਿਆ ਜਾਂਦਾ ਹੈ। ਜਿਗਰ ਵਿਚਲਾ ਗਲਾਈਕੋਜਨ ਇਹ ਗਲੂਕੋਜ਼ ਮੁਹੱਈਆ ਕਰਵਾਉਂਦਾ ਹੈ। ਇਸੇ ਦੌਰਾਨ ਨਾਲੋ-ਨਾਲ ਸਾਹ ਰਾਹੀਂ ਅੰਦਰ ਖਿੱਚੀ ਆਕਸੀਜਨ ਨਾਲ ਪੂਰਾ ਸਰੀਰ ਚੁਸਤ ਹੋ ਜਾਂਦਾ ਹੈ, ਪਰ ਜਦੋਂ ਹੱਦੋਂ ਵੱਧ ਸਾਈਕਲ ਚਲਾਇਆ ਜਾਵੇ ਤਾਂ ਪੱਠਿਆਂ ਦੀ ਟੁੱਟ-ਫੁੱਟ ਹੋਣ ਲੱਗ ਪੈਂਦੀ ਹੈ। ਇਨ੍ਹਾਂ ਸੈੱਲਾਂ ਦੀ ਟੁੱਟ-ਫੁੱਟ ਸਦਕਾ ਦਰਦ ਹੋਣ ਲੱਗ ਪੈਂਦਾ ਹੈ।

ਪੱਠਿਆਂ ਵਿਚਲਾ ਗਲਾਈਕੋਜਨ 10 ਮਿੰਟ ਤੱਕ ਦੇ ਬਹੁਤ ਤੇਜ਼ ਸਾਈਕਲ ਚਲਾਉਣ ਲਈ ਬਥੇਰਾ ਹੁੰਦਾ ਹੈ। ਉਸ ਤੋਂ ਬਾਅਦ ਜਿਗਰ ਵੱਲੋਂ ਮੁਹੱਈਆ ਹੋਣ ਲੱਗ ਪੈਂਦਾ ਹੈ। ਲਹੂ ਰਾਹੀਂ ਲਗਾਤਾਰ ਕਸਰਤ ਕਰ ਰਹੇ ਪੱਠਿਆਂ ਨੂੰ ਆਕਸੀਜਨ ਪਹੁੰਚਦੀ ਰਹਿੰਦੀ ਹੈ ਤੇ ਇੰਜ 18 ਗੁਣਾਂ ਵੱਧ ਤਾਕਤ ਸਰੀਰ ਅੰਦਰਲੇ ਗਲੂਕੋਜ਼ ਤੇ ਫੈੱਟੀ ਏਸਿਡ ਦੇ ਦਿੰਦੇ ਹਨ, ਜਿਸ ਨਾਲ ਖਿਡਾਰੀ ਜਾਂ ਸਾਈਕਲ ਚਲਾਉਣ ਵਾਲਾ ਤਕੜੀ ਕਸਰਤ ਕਰ ਸਕਦਾ ਹੈ। ਧਿਆਨ ਰਹੇ ਕਿ ਥਕਾਵਟ ਤੋਂ ਬਚਣ ਲਈ ਤੇ ਪੱਠਿਆਂ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਖ਼ੁਰਾਕ ਲੈਣੀ ਵੀ ਜ਼ਰੂਰੀ ਹੁੰਦੀ ਹੈ।

ਜੇ ਸੰਤੁਲਿਤ ਖ਼ੁਰਾਕ ਨਾ ਹੋਵੇ ਤਾਂ ਪੱਠਿਆਂ ਅਤੇ ਜਿਗਰ ਅੰਦਰਲੇ ਗਲੂਕੋਜ਼ ਦੇ ਮੁੱਕਦੇ ਹੀ ਪੱਠਿਆਂ ਵਿਚਲੀ ਪ੍ਰੋਟੀਨ ਤਾਕਤ ਦੇਣ ਲਈ ਟੁੱਟਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਪੀੜ, ਕਮਜ਼ੋਰੀ ਤੇ ਥਕਾਵਟ ਮਹਿਸੂਸ ਹੁੰਦੀ ਹੈ, ਜੋ ਕਈ ਦਿਨਾਂ ਤੱਕ ਹੁੰਦੀ ਰਹਿ ਸਕਦੀ ਹੈ।

ਇਹੀ ਕਾਰਨ ਹੈ ਕਿ ਡਾਕਟਰ ਹਰ ਖਿਡਾਰੀ ਨੂੰ ਸਹਿਜੇ-ਸਹਿਜੇ ਕਸਰਤ ਵਧਾਉਣ ਅਤੇ ਸੰਤੁਲਿਤ ਖ਼ੁਰਾਕ ਦੀ ਮਹੱਤਾ ਬਾਰੇ ਜਾਣਕਾਰੀ ਦਿੰਦੇ ਹਨ। ਜਦੋਂ ਇੱਕ ਪੱਧਰ ਤੱਕ ਪਹੁੰਚ ਚੁੱਕੇ ਹੋਵੋ ਤਾਂ ਸਾਈਕਲ ਹੋਰ ਕੁੱਝ ਕਿਲੋਮੀਟਰ ਚਲਾਇਆ ਜਾ ਸਕਦਾ ਹੈ। ਇੰਜ ਕਰਦਿਆਂ ਭਾਵੇਂ ਸਾਈਕਲ ਰੇਸ ਦੇ 200 ਕਿਲੋਮੀਟਰ ਤੱਕ ਵੀ ਪਹੁੰਚ ਜਾਓ ਤਾਂ ਕੋਈ ਨੁਕਸਾਨ ਨਹੀਂ ਹੰਦਾ, ਪਰ ਜੇ ਇੱਕੋ ਦਿਨ ਹੱਦੋਂ ਵੱਧ ਕਸਰਤ ਕੀਤੀ ਜਾਵੇ ਜਾਂ ਫਿਰ ਕਸਰਤ ਉੱਕਾ ਹੀ ਛੱਡ ਦਿੱਤੀ ਜਾਵੇ ਤਾਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ।