ਗੁਰਬਾਣੀ ਲਗਮਾਤ੍ਰੀ ਨਿਯਮ

0
422

ਗੁਰਬਾਣੀ ਲਗਮਾਤ੍ਰੀ ਨਿਯਮ

ਗੁਰਬਾਣੀ ਦਾ ਸ਼ੁੱਧ ਉਚਾਰਣ ਆਪਣੇ ਆਪ ਵਿੱਚ ਇੱਕ ਗੰਭੀਰ ਵਿਸ਼ਾ ਹੈ। ਇਹ ਸਧਾਰਨ ਗੱਲ ਨਹੀਂ, ਜਿਹਾ ਕਿ ਆਮ ਸੋਚਿਆ ਜਾਂਦਾ ਹੈ। ਗੁਰਬਾਣੀ ਵਿੱਚ ਹਿੰਦਵੀ ਸਹਸਕਿ੍ਰਤੀ, ਗਾਥਾ, ਅਪਭ੍ਰੰਸ਼, ਰੇਖਤਾ, ਪੰਜਾਬੀ, ਅਤੇ ਲਹਿੰਦੀ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ਗੁਰਬਾਣੀ ਦੀ ਲਿਖਾਈ ਨੇਮ-ਬੱਧ ਰੂਪ ’ਚ ਕੀਤੀ ਹੋਈ ਹੈ। ਗੁਰਬਾਣੀ ਦੇ ਸ਼ੁਧ ਉਚਾਰਣ ਵਿੱਚ ਭਾਸ਼ਾਵਾਂ ਦਾ ਬੋਧ ਹੋਣਾ ਅਤੇ ਲਿਖਤ ਦੇ ਲਗ-ਮਾਤ੍ਰੀ ਨੇਮਾਂ ਦਾ ਬੋਧ ਹੋਣਾ ਇੱਕ ਲਾਜ਼ਮੀ ਲੋੜ ਹੈ। ਇਸ ਸੰਬੰਧੀ ਦਾਸ ਅਕਾਲ ਪੁਰਖ ਜੀ ਦੀ ਬਖ਼ਸ਼ੀ ਮਤ ਦੁਆਰਾ ਆਪ ਜੀ ਨਾਲ ਸਮੇਂ-ਸਮੇਂ ਨਿਮਾਣਾ ਜਿਹਾ ਯਤਨ ਕਰਦਾ ਰਹਿੰਦਾ ਹੈ।ਇਸੇ ਲੜੀ ਤਹਿਤ ਇਸ ਲੇਖ ’ਚ ਆਪ ਨਾਲ ਉਨ੍ਹਾਂ ਸ਼ਬਦਾਂ ਦੀ ਸਾਂਝ ਪਾਈ ਜਾਵੇਗੀ, ਜੋ ਥੋੜੇ ਕੁ ਲਗ-ਮਾਤ੍ਰੀ ਦੇ ਫ਼ਰਕ ਨਾਲ ਆਉਂਦੇ ਹਨ ਪਰ ਉਨ੍ਹਾਂ ਸ਼ਬਦਾਂ ਦਾ ਉਚਾਰਣ ਰਲ-ਗੱਡ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਅਰਥਾਂ ’ਚ ਭਾਰੀ ਫ਼ਰਕ ਪੈ ਜਾਂਦਾ ਹੈ। ਜਿਵੇਂ ਕਿ ਗੁਰਬਾਣੀ ’ਚ ‘ਜਿ’ ਸ਼ਬਦ 324 ਵਾਰ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫ਼ਜ਼ ਸੰਬੰਧਵਾਚੀ ਪੜਨਾਂਵ ਇਕ ਵਚਨ ਅਤੇ ਬਹੁਵਚਨ ਹੈ। ਇਸ ਦਾ ਅਰਥ ਹੈ ‘ਜਿਹੜਾ ਜਾਂ ਜਿਹੜੇ’। ਜਿਵੇਂ ‘‘ਤੇਹਾ ਕੋਇ ਨ ਸੁਝਈ; ਜਿ, ਤਿਸੁ ਗੁਣੁ ਕੋਇ ਕਰੇ॥’’ (ਜਪੁ ਜੀ) ਜਿ-ਭਾਵ ਸੰਬੰਧਵਾਚੀ ਪੜਨਾਂਵ ਇੱਕ ਵਚਨ ‘ਜਿਹੜਾ’। ਯਾਦ ਰਹੇ ਕਿ ‘ਜਿ’ ਅੱਖਰ ਦਾ ਉਚਾਰਣ ਕਰਦੇ ਸਮੇਂ ਇਸ ਦੀ ਧੁਨੀ ‘ਜੇ’ ਨਾ ਬਣੇ। ‘‘ਨਾਨਕ! ਤਿਨ ਕੀ ਬਾਣੀ ਸਦਾ ਸਚੁ ਹੈ; ਜਿ, ਨਾਮਿ ਰਹੇ ਲਿਵ ਲਾਇ॥’’ (37) ਇੱਥੇ ਜਿ-ਸੰਬੰਧਵਾਚੀ ਪੜਨਾਂਵ ਬਹੁਵਚਨ ਸ਼ਬਦ ਹੈ ਭਾਵ ‘ਜਿਹੜੇ’।

ਸ਼ਬਦ ਨੰ. 2- ਦੂਸਰਾ ਅੱਖਰ ਹੈ ‘ਜੇ’। ਇਹ ਲਫ਼ਜ਼ ਗੁਰਬਾਣੀ ’ਚ 597 ਵਾਰ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ਯੋਜਕ ਹੈ ਜਿਵੇਂ ‘‘ਸੋਚੈ ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥’’ (ਜਪੁ ਜੀ) ਜੇ-ਯੋਜਕਭਾਵ ਜੇਕਰ, ਜੇ। ‘‘ਪੰਖੀ ਹੋਇ ਕੈ ਜੇ ਭਵਾ, ਸੈ ਅਸਮਾਨੀ ਜਾਉ॥’’ (14) ਉਚਾਰਣ ਕਰਦੇ ਸਮੇਂ ਜਿ ਅਤੇ ਜੇ ਦੀ ਧੁਨੀ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ।

ਸ਼ਬਦ ਨੰ. 3 ਤੀਸਰਾ ਸ਼ਬਦ ਹੈ। ‘ਅਹੰਕਾਰੀਆ’, ਗੁਰਬਾਣੀ ਵਿਚ ‘ਅਹੰਕਾਰੀਆ’ ਲਫਜ਼ 6 ਵਾਰ ਆਇਆ ਹੈ। ਆਮ ਤੋਰ ’ਤੇ ਵੇਖਣ ’ਚ ਆਉਂਦਾ ਹੈ ਕਿ ਇਸ ਸ਼ਬਦ ਦਾ ਉਚਾਰਣ ਦਰੁਸੱਤ ਨਹੀਂ ਕੀਤਾ ਜਾਂਦਾ ਹੈ। ਮੇਰੇ ਕਹਿਣ ਦਾ ਭਾਵ ਕਿ ਜਾਂ ਤਾਂ ਇਸ ਸ਼ਬਦ ਨੂੰ ‘ਅਹੰਕਾਰੀਆਂ’ ਜਾਂ ‘ਅਹੰਕਾਰੀਆ’ ਉਚਾਰਣ ਕੀਤਾ ਜਾਂਦਾ ਹੈ ਪਰ ਇਸ ਸ਼ਬਦ ਦਾ ਉਚਾਰਣ ਬੜਾ ਧਿਆਨ ਮੰਗਦਾ ਹੈ। ਗੁਰਬਾਣੀ ਵਿਆਕਰਣ ਵਿੱਚ ਇਕ ਨਿਯਮ ਕੰਮ ਕਰਦਾ ਹੈ ਕਿ ਜਿਹੜੇ ਸ਼ਬਦ ‘ਨਾਂਵ’ ਅਤੇ ‘ਪੜਨਾਂਵ’ ਦੀ ਸ਼੍ਰੇਣੀ ’ਚੋਂ ਆਉਂਦੇ ਹਨ। ਜੇਕਰ ਉਹ ਸ਼ਬਦ ਵਿਚੋਂ ਕੋਈ ਲੁਪਤ ਸੰਬੰਧਕ ਨਿਕਲਦਾ ਹੈ ਅਤੇ ਸ਼ਬਦ ਬਹੁਵਚਨ ਹੈ ਤਾਂ ਉਸ ਉਪਰ ਬਿੰਦੀ ਦਾ ਪ੍ਰਯੋਗ ਹੋਵੇਗਾ। ਜੇਕਰ ਉਸ ਸ਼ਬਦ ਵਿਚੋਂ ਕੋਈ ਭੀ ਸੰਬੰਧਕ ਨਹੀਂ ਨਿਕਲਦਾ ਤਾਂ ਉਸ ਕੰਨੇ ਉਪਰ ਬਿੰਦੀ ਦਾ ਪ੍ਰਯੋਗ ਨਹੀਂ ਹੋਵੇਗਾ; ਭਾਵੇਂ ਉਹ ਸ਼ਬਦ ਬਹੁਵਚਨ ਹੀ ਕਿਉਂ ਨਾ ਹੋਵੇ। ਜਿਵੇਂ ਕਿ: ‘‘ਅਹੰਕਾਰੁ ਕਰਹਿ ਅਹੰਕਾਰੀਆ, ਵਿਆਪਿਆ ਮਨ ਕੀ ਮਤਿ॥’’ (42) ਅਤੇ ‘‘ਜਿਸੁ ਖਸਮੁ ਨ ਆਵੀ ਚਿਤਿ, ਸੁ ਖਰੋ ਅਹੰਕਾਰੀਆ॥’’ (964) ਇਥੇ ਦੋਵੇ ਸ਼ਬਦਾਂ ’ਚ ਅਹੰਕਾਰੀਆ ਸ਼ਬਦ ਭਾਵ ਵਾਚਕ ਨਾਂਵ ਵਿਸ਼ੇਸ਼ਣ ਇੱਕ ਵਚਨ ਹੈ ਕਿਉਂਕਿ ਅਹੰਕਾਰੀ ਸ਼ਬਦ ਤੋਂ ਹੀ ਕਾਵਿਕ ਤੌਰ ’ਤੇ ਅਹੰਕਾਰੀਆ ਸ਼ਬਦ ਬਣਿਆ ਹੈ ਇਸ ਲਈ ਉਚਾਰਣ- ਬਿੰਦੀ ਰਹਿਤ ‘ਅਹੰਕਾਰੀਆ’ ਹੀ ਹੋਵੇਗਾ

ਦੂਸਰਾ ਨੁਕਤਾ ਹੈ ਕਿ ‘‘ਹਰਿ ਅਹੰਕਾਰੀਆ ਮਾਰਿ ਨਿਵਾਏ, ਮਨਮੁਖ ਮੂੜ ਸਾਧਿਆ॥’’ (90) ਇਥੇ ਅਹੰਕਾਰੀਆ ਸ਼ਬਦਭਾਵ ਵਾਚਕ ਨਾਂਵ ਵਿਸ਼ੇਸ਼ਣ ਸੰਪਰਦਾਨ ਕਾਰਕ ਬਹੁਵਚਨ ਹੈ। ਜਿਸ ਦਾ ਅਰਥ ਹੈ ਅਹੰਕਾਰੀ ਮਨੁੱਖਾਂ ਨੂੰ। ਇਸ ਸ਼ਬਦ ਵਿਚੋਂ ‘ਨੂੰ’ ਅੱਖਰ ਲੁਪਤ ਸੰਬੰਧਕ ਨਿਕਲਦਾ ਹੈ ਇਸ ਕਰਕੇ ਉਚਾਰਣ ‘ਅਹੰਕਾਰੀਆਂ’ ਹੋਵੇਗਾ ਪਰ ‘‘ਬਡੇ ਬਡੇ ਅਹੰਕਾਰੀਆ, ਨਾਨਕ! ਗਰਬਿ ਗਲੇ।’’ (ਸੁਖਮਨੀ 278) ’ਚ ਅਹੰਕਾਰੀਆ ਸ਼ਬਦ ਭਾਵ ਵਾਚਕ ਨਾਂਵ ਵਿਸ਼ੇਸ਼ਣ ਬਹੁ ਵਚਨ ਹੈ, ਜਿਸ ਦਾ ਅਰਥ ਹੈ ਅਹੰਕਾਰੀ ਮਨੁੱਖ।

(ਨੋਟ-ਇਸ ਸ਼ਬਦ ਵਿਚੋਂ ਕੋਈ ਭੀ ਸੰਬੰਧਕੀ ਪਦ ਨਹੀਂ ਨਿਕਲ ਰਿਹਾ ਹੈ ਇਸ ਕਰਕੇ ਇਸ ਸ਼ਬਦ ਦਾ ਉਚਾਰਣ ਬਿੰਦੀ ਰਹਿਤ ਹੀ ਹੋਵੇਗਾ। ਇਸ ਸ਼ਬਦ ਉਪਰ ਬਿੰਦੀ ਦਾ ਪ੍ਰਯੋਗ ਕਰਨਾ ਅਸ਼ੁਧ ਹੋਵੇਗਾ।)