ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-6)
ਪ੍ਰੀਤਮ ਸਿੰਘ (ਕਰਨਾਲ)-94164-05173
ਬਿਹਾਰੀ ( ੀ)-ਅੰਤ ਪੁਲਿੰਗ ਨਾਂਵ
ਅਜਿਹੇ ਨਾਂਵ ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਰੂਪ ਵਿਚ ਬਿਹਾਰੀ ਲੱਗੀ ਹੁੰਦੀ ਹੈ, ਬਿਹਾਰੀ-ਅੰਤ ਨਾਂਵ ਕਹੇ ਜਾਂਦੇ ਹਨ; ਜਿਵੇਂ:
ਭਾਈ, ਜੁਆਈ, ਹਸਤੀ, ਪਾਣੀ, ਸੁਆਮੀ ਆਦਿ।
ਉਪਰੋਕਤ ਸ਼ਬਦਾਂ ਦਾ ਬਿਹਾਰੀ ਮੂਲਕ ਅੰਗ ਹੈ। ਇਹ ਬਿਹਾਰੀ-ਅੰਤ ਸ਼ਬਦ ਕਿਸੇ ਵਿਸ਼ੇਸ਼ਣ ਜਾਂ ਕਿਰਿਆ ਤੋਂ ਘੜੇ ਹੋਏ ਬਨਾਉਟੀ ਨਾਂਵ ਨਹੀਂ।
ਬਿਹਾਰੀ-ਅੰਤ ਨਾਂਵਾਂ ਦੀ ਇਕ ਹੋਰ ਕਿਸਮ ਵੀ ਗੁਰਬਾਣੀ ਵਿਚ ਮਿਲਦੀ ਹੈ; ਜਿਵੇਂ:
ਪਾਪੀ, ਧਰਮੀ, ਸਤੀ, ਦਾਨੀ, ਵਡਭਾਗੀ ਆਦਿ।
ਇਹ ਬਨਾਉਟੀ ਬਿਹਾਰੀ-ਅੰਤ ਨਾਂਵ ਹਨ ਕਿਉਕਿ ਅਸਲ ਵਿਚ ਇਹ ਵਿਸ਼ੇਸ਼ਣ ਸ਼ਬਦ ਹਨ, ਜੋ ਪਾਪ, ਧਰਮ, ਸਤ, ਦਾਨ, ਵਡਭਾਗ, ਮੁਕਤਾ-ਅੰਤ ਨਾਂਵ ਸ਼ਬਦਾਂ ਦੇ ਅੰਤ ਵਿਚ ਬਿਹਾਰੀ ਲਾਉਣ ਨਾਲ ਬਣੇ ਹਨ। ਇਹ ਸ਼ਬਦ ਜਦੋਂ ਕਿਸੇ ਨਾਂਵ ਜਾਂ ਪੜਨਾਂਵ ਨਾਲ ਵਰਤੇ ਜਾਣ ਤਦੋਂ ਇਹ ਵਿਸ਼ੇਸ਼ਣ ਹੁੰਦੇ ਹਨ, ਪਰ ਜਦੋਂ ਕਿਸੇਪੰਕਤੀ ਵਿਚ ਨਾਂਵ ਜਾਂ ਪੜਨਾਂਵ ਕੋਈ ਨਾ ਹੋਵੇ ਇਹ ਸ਼ਬਦ ਆਪਣੇ ਆਪ ਵਿਚ ਨਾਂਵ ਦਾ ਕੰਮ ਕਰਦੇ ਹਨ। ਸਪੱਸ਼ਟ ਕਰਨ ਲਈ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਜਾਂਦੀਆਂ ਹਨ।
ਮੁਕਤਾ-ਅੰਤ ਨਾਂਵ ੀ-ਲਾਇਆਂ ਬਣਿਆ ਸ਼ਬਦ ਵਿਸ਼ੇਸ਼ਣ ਦੇ ਤੌਰ ’ਤੇ ਨਾਂਵ ਦੇ ਤੌਰ ਤੇ
ਵਾਪਾਰ ਵਾਪਾਰੀ ਵਾਪਾਰੀ ਮਨੁੱਖ ਵਾਪਾਰੀ
ਰੋਗ ਰੋਗੀ ਰੋਗੀ ਮਨੁੱਖ ਰੋਗੀ
ਹਠ ਹਠੀ ਹਠੀ ਸਾਧ ਹਠੀ
ਦੁਖ ਦੁਖੀ ਦੁਖੀ ਪਰਜਾ ਦੁਖੀ
ਸੰਤੋਖ ਸੰਤੋਖੀ ਸੰਤੋਖੀ ਬੱਚਾ ਸੰਤੋਖੀ
ਅਜਿਹੇ ਬਨਾਵਟੀ ਸ਼ਬਦਾਂ ਦੇ ਬਹੁ ਵਚਨ ਜਦੋਂ ਕਿਸੇ ਪਰਗਟ ਜਾਂ ਲੁਪਤ ਸੰਬੰਧਕੀ ਪਦ ਤੋਂ ਬਗ਼ੈਰ ਆਉਣ ਤਾਂ ਸਗਵੇਂ ਏਵੇਂ ਹੀ ਰਹਿੰਦੇ ਹਨ ਅਤੇ ਉਨ੍ਹਾਂ ਦੀ ਅੰਤਲੀਬਿਹਾਰੀ ਬਿੰਦੇ ਰਹਿਤ ਬੋਲਦੀ ਹੈ; ਜਿਵੇਂ:
ਸੋ ‘ਵਡਭਾਗੀ’, ਜਿਸੁ ਨਾਮਿ ਪਿਆਰੁ॥ (ਅੰਕ ੧੧੫੦) ਵਡਭਾਗੀ – ਇਕ ਵਚਨ ਵਿਸ਼ੇਸ਼ਣ
ਸੋ ‘ਵਡਭਾਗੀ’, ਜਿਨ ਨਾਮੁ ਧਿਆਇਆ॥ (ਅੰਕ ੩੬੧) ਵਡਭਾਗੀ – ਬਹੁ ਵਚਨ ਵਿਸ਼ੇਸ਼ਣ
ਮਨੁ ਤਨੁ ਸੀਤਲੁ ਸਭੁ ਹਰਿਆ ਹੋਆ, ‘ਵਡਭਾਗੀ’ ਹਰਿ ਨਾਮੁ ਧਿਆਵੈ॥ (ਅੰਕ ੪੯੪) ਵਡਭਾਗੀ – ਨਾਂਵ, ਇਕ ਵਚਨ
‘ਵਡਭਾਗੀ’, ਹਰਿ ਸੰਗਤਿ ਪਾਵਹਿ॥ (ਅੰਕ ੯) ਵਡਭਾਗੀ – ਨਾਂਵ, ਬਹੁ ਵਚਨ
‘ਲੋਭੀ’ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ॥ (ਅੰਕ ੫੦) ਲੋਭੀ – ਨਾਂਵ, ਇਕ ਵਚਨ
‘ਲੋਭੀ’ ਅਨ ਕਉ ਸੇਵਦੇ, ਪੜਿ ਵੇਦਾ ਕਰਹਿ ਪੁਕਾਰ॥ (ਅੰਕ ੩੦) ਲੋਭੀ – ਨਾਂਵ ਬਹੁ ਵਚਨ
ਕਈ ਵਾਰੀ ਬਿਹਾਰੀ-ਅੰਤ ਨਾਂਵਾਂ ਦੇ ਬਹੁ ਵਚਨ ਬਣਾਉਣ ਲਈ ਇਹਨਾਂ ਦੇ ਅੰਤ ਵਿਚ ‘ਏ’ ਚਿੰਨ੍ਹ ਲਾਇਆ ਜਾਂਦਾ ਹੈ, ਜੋ ਬਿੰਦੇ ਰਹਿਤ ਬੋਲਦਾ ਹੈ; ਜਿਵੇਂ:
ਹੋਰੁ ਵਣਜੁ ਕਰਹਿ ‘ਵਾਪਾਰੀਏ’, ਅਨੰਤ ਤਰੰਗੀ ਦੁਖੁ ਮਾਇਆ॥ (ਅੰਕ ੧੬੫)
‘ਦੁਖੀਏ’ ਦਰਦਵੰਦ ਦਰਿ ਤੇਰੈ, ਨਾਮਿ ਰਤੇ ਦਰਵੇਸ ਭਏ॥ (ਅੰਕ ੩੫੮)
ਬਿਹਾਰੀ-ਅੰਤ ਪੁਲਿੰਗ ਨਾਂਵਾਂ ਦੇ ਬਹੁ ਵਚਨ ਬਣਾਉਣ ਲਈ ਹੇਠ ਲਿਖੇ ਤਰੀਕੇ ਵਰਤੇ ਜਾਂਦੇ ਹਨ:
(1). ਬਿਹਾਰੀ-ਅੰਤ ਨਾਂਵ ਸ਼ਬਦਾਂ ਦੀ ਅੰਤਲੀ ਬਿਹਾਰੀ ਨਾਸਕੀ ਕਰ ਦਿੱਤੀ ਜਾਂਦੀ ਹੈ।
(2). ਬਿਹਾਰੀ-ਅੰਤ ਨਾਂਵ ਸ਼ਬਦਾਂ ਦੇ ਅੰਤ ਵਿਚ ਨਾਸਕੀ ਚਿੰਨ੍ਹ (ਈਂ) ਲਾ ਦਿੱਤਾ ਜਾਂਦਾ ਹੈ।
(3). ਬਿਹਾਰੀ-ਅੰਤ ਨਾਂਵ ਸ਼ਬਦਾਂ ਦੇ ਅੰਤ ਵਿਚ ਨਾਸਕੀ ਚਿੰਨ੍ਹ (ਆਂ) ਲਾ ਦਿੱਤਾ ਜਾਂਦਾ ਹੈ।
ਨੋਟ: ਉਪਰੋਕਤ ਤਿੰਨੇ ਤਰੀਕੇ ਉਦੋਂ ਵਰਤੇ ਜਾਂਦੇ ਹਨ ਜਦੋਂ ਬਿਹਾਰੀ-ਅੰਤ ਨਾਂਵਾਂ ਦੇ ਬਹੁ ਵਚਨ ਸ਼ਬਦਾਂ ਨਾਲ ਕੋਈ ਪਰਗਟ ਜਾਂ ਲੁਪਤ ਸੰਬੰਧਕੀ ਪਦ ਹੋਵੇ।
ਛਾਪੇ ਦੀ ਬੀੜ ਵਿਚ ਬਿਹਾਰੀ-ਅੰਤ ਨਾਂਵਾਂ ਦੇ ਬਿੰਦੇ ਸਹਿਤ ਬਹੁ ਵਚਨਾਂ ਵਾਲੀਆਂ ਪੰਗਤੀਆਂ ਹੇਠਾਂ ਦਿੱਤੀਆਂ ਜਾਂਦੀਆਂ ਹਨ:
(1) ਤਿਨ੍ਾ ਪਿਆਰਿਆ ‘ਭਾਈਆਂ’, ਅਗੈ ਦਿਤਾ ਬੰਨਿ॥ (ਅੰਕ ੧੩੮੩) (ਭਾਈਆਂ – ਭਾਈਆਂ ਨੇ, ਕਰਤਾ ਕਾਰਕ)
(2) ਸੇਵ ਕੀਤੀ ‘ਸੰਤੋਖੀੲਂ ੀ’, ਜਿਨ੍ੀ ਸਚੋ ਸਚੁ ਧਿਆਇਆ॥ (ਅੰਕ ੪੬੬) (ਸੰਤੋਖੀੲਂ ੀ – ਸੰਤੋਖੀਆਂ ਨੇ, ਕਰਤਾ ਕਾਰਕ।
(3) ਪਤਿਤ ਪਾਵਨੁ ਨਾਮੁ ਨਰਹਰਿ, ‘ਮੰਦ ਭਾਗੀਆਂ’ ਨਹੀ ਭਾਇਓ॥ (ਅੰਕ ੯੮੫) (ਮੰਦ ਭਾਗੀਆਂ-ਮੰਦ ਭਾਗੀ ਪੁਰਸ਼ਾਂ ਨੂੰ, ਸੰਪਰਦਾਨ ਕਾਰਕ)
(4) ਏਕ ਘੜੀ ਮਹਿ ਥਾਪਿ ਉਥਾਪੇ, ਜਰੁ ਵੰਡਿ ਦੇਵੈ ‘ਭਾੲਂ ੀ’॥ (ਅੰਕ ੪੧੭) (ਭਾੲਂ ੀ – ਭਾਈਆਂ ਵਿਚ, ਅਧਿਕਰਣ ਕਾਰਕ)
(5) ਮੁੰਹ ਕਾਲੇ ਤਿਨ੍ ‘ਲੋਭੀਆਂ’, ਜਾਸਨਿ ਜਨਮੇ ਗਵਾਇ॥ (ਅੰਕ ੧੪੧੭) (ਲੋਭੀਆਂ-ਲੋਭੀ ਪੁਰਸ਼ਾਂ ਦੇ, ਸੰਬੰਧ ਕਾਰਕ)
ਸੇਧ:
ਉੱਪਰ ਦਿੱਤੀਆਂ ਗੁਰਬਾਣੀ ਦੀਆਂ ਪੰਗਤੀਆਂ ਅਤੇ ਉਹਨਾਂ ਦੇ ਆਧਾਰ ’ਤੇ ਕੀਤੀ ਹੋਈ ਵਿਚਾਰ ਤੋਂ ਇਹ ਸੇਧ ਮਿਲਦੀ ਹੈ ਕਿ ਬਿਹਾਰੀ-ਅੰਤ, ਬਹੁ ਵਚਨ, ਪੁਲਿੰਗ ਨਾਂਵਾਂ ਦੇ ਨਾਲ ਜਦੋਂ ਕੋਈ ਸੰਬੰਧਕੀ ਪਦ (ਲੁਪਤ ਜਾਂ ਪ੍ਰਗਟ) ਹੋਵੇ ਤਾਂ ਉਹਨਾਂ ਦੀ ਅੰਤਲੀ ਬਿਹਾਰੀ ਜਾਂ ਉਹਨਾਂ ਦੇ ਅੱਗੇ ਲਾਏ ਕਾਰਕ ਚਿੰਨ੍ਹ (ਈ) ਜਾਂ (ਆ) ਸਦਾ ਨਾਸਕੀ (ਬਿੰਦੇ ਸਹਿਤ) ਬੋਲਦੇ ਹਨ।
ਸਾਵਧਾਨੀ:
ਜਦੋਂ ਬਿਹਾਰੀ-ਅੰਤ, ਬਹੁ ਵਚਨ ਪੁਲਿੰਗ ਨਾਂਵ ਨਾਲ ਕੋਈ ਸੰਬੰਧਕੀ ਪਦ (ਲੁਪਤ ਜਾਂ ਪ੍ਰਗਟ) ਨਹੀਂ ਆਉਂਦਾ ਤਾਂ ਉਹ ਆਪਣੇ ਸਗਵੇਂ ਰੂਪ ਵਿਚ ਹੀ ਰਹਿੰਦੇ ਹਨਜਾਂ ਅੰਤ ਵਿਚ ਚਿੰਨ੍ਹ ‘ਏ’ ਆਉਂਦਾ ਹੈ, ਜੋ ਬਿੰਦੇ ਰਹਿਤ ਹੁੰਦਾ ਹੈ; ਜਿਵੇਂ:
ਸਗਵੇਂ ਰੂਪ ਵਿਚ:
(1). ‘ਵਡਭਾਗੀ’, ਹਰਿ ਸੰਗਤਿ ਪਾਵਹਿ॥ (ਅੰਕ ੯੫)
(2). ‘ਪਾਪੀ’ ਕਰਮ ਕਮਾਵਦੇ, ਕਰਦੇ ਹਾਇ ਹਾਇ॥ (ਅੰਕ ੧੪੨੫)
(3). ‘ਲੋਭੀ’ ਅਨ ਕਉ ਸੇਵਦੇ, ਪੜ੍ਹਿ ਵੇਦਾ ਕਰਹਿ ਪੁਕਾਰ॥ (ਅੰਕ ੩੦) ਆਦਿ।
ਕਾਰਕ-ਚਿੰਨ੍ਹ ‘ਏ’ ਸਹਿਤ:
ਹੋਰ ਵਣਜੁ ਕਰਹਿ ‘ਵਾਪਾਰੀਏ’, ਅਨਤ ਤਰੰਗੀ ਦੁਖੁ ਮਾਇਆ॥ (ਅੰਕ੭੬੫)
‘ਦੁਖੀਏ’ ਦਰਦਵੰਦ ਦਰਿ ਤੇਰੈ, ਨਾਮਿ ਰਤੇ ਦਰਵੇਸ ਭਏ॥ (ਅੰਕ ੩੫੮) ਆਦਿ।