ਗੁਰਬਾਣੀ ਲਿਖਤ ਨਿਯਮ ਬਨਾਮ ਆਧੁਨਿਕ ਪੰਜਾਬੀ ਲਿਪੀ
(ਭਾਗ ਪਹਿਲਾ)
ਗਿਆਨੀ ਅਵਤਾਰ ਸਿੰਘ
ਭਾਸ਼ਾ : ਅੱਖਰ, ਲਗ, ਮਾਤਰਾ ਅਤੇ ਲਗਾਖਰ ਦਾ ਉਹ ਸੰਗ੍ਰਹਿ, ਜਿਸ ਰਾਹੀਂ ਮਨੁੱਖ ਆਪਣੇ ਵਿਚਾਰ, ਭਾਵ ਅਤੇ ਇਛਾਵਾਂ; ਹੋਰਾਂ ਨਾਲ਼ ਸਾਂਝੇ ਕਰੇ, ਉਸ ਨੂੰ ਭਾਸ਼ਾ ਆਖਦੇ ਹਨ। ਭਾਸ਼ਾ ਨੂੰ ਬੋਲੀ ਤੇ ਜ਼ਬਾਨ ਵੀ ਕਿਹਾ ਜਾਂਦਾ ਹੈ। ਭਾਸ਼ਾ; ਕਿਸੇ ਸਮੁਦਾਇ ਦੀ ਏਕਤਾ ਦੇ ਪ੍ਰਤੀਕ ਵਜੋਂ ਜਾਣੀ ਜਾਂਦੀ ਹੈ। ਭਾਰਤੀ ਸੰਵਿਧਾਨ ਮੁਤਾਬਕ ਭਾਰਤ ਦੀਆਂ 14 ਪ੍ਰਮੁੱਖ ਬੋਲੀਆਂ ’ਚ ਪੰਜਾਬੀ ਵੀ ਇੱਕ ਹੈ।
ਸਿੱਖਾਂ ਦੀ ਮਾਂ ਬੋਲੀ ਪੰਜਾਬੀ; ਆਪਣੇ 35 ਅੱਖਰਾਂ ’ਚੋਂ ਮਾਤਰ 29 ਅੱਖਰਾਂ ਨਾਲ਼ ਹੀ ਸੰਸਕ੍ਰਿਤ ਦੀਆਂ 52 ਅੱਖਰ-ਧੁਨੀਆਂ ਨੂੰ ਅਤੇ 3 ਸਵਰ (ੳ, ਅ, ੲ) ਨਾਲ਼ ਹੀ ਅੰਗਰੇਜ਼ੀ ਦੇ 5 ਸਵਰ (A,E,I,O,U) ਧੁਨੀਆਂ ਨੂੰ ਪੂਰਾ ਕਰ ਲੈਂਦੀ ਹੈ ਅਤੇ ਇਸ ਦੇ ਬਾਵਜੂਦ 6 ਅੱਖਰ (ਘ, ਝ, ਢ, ਭ, ਧ, ੜ) ਧੁਨੀਆਂ ਕਿਸੇ ਹੋਰ ਭਾਸ਼ਾਵਾਂ ’ਚ ਨਹੀਂ ਮਿਲਦੀਆਂ । ਪੰਜਾਬੀ ਭਾਸ਼ਾ ਬੜੀ ਸਰਲ ਅਤੇ ਸਪਸ਼ਟ ਸੁਭਾਅ ਦੀ ਮਾਲਕ ਹੈ। ਸੰਸਕ੍ਰਿਤ ਦੇ ਨਪੁੰਸਕ ਲਿੰਗ ਨੂੰ ਆਪਣੇ ’ਚ ਪੁਲਿੰਗ ਵਜੋਂ ਲੈਣ ਕਾਰਨ ਪੰਜਾਬੀ ਨੂੰ ਮਰਦਾਊ ਬੋਲੀ ਵੀ ਕਹਿੰਦੇ ਹਨ। ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਅਤੇ ਹਿੰਦੀ ਭਾਸ਼ਾ ਦੀ ਦੇਵਨਾਗਰੀ ਲਿਪੀ ਵਾਙ ਪੰਜਾਬੀ ਭਾਸ਼ਾ ਦੀ ਵੀ ਆਪਣੀ ਵੱਖਰੀ ਗੁਰਮੁਖੀ ਲਿਪੀ ਹੈ, ਜਿਸ ਨੇ ਇੱਕ ਦਰਜਨ ਤੋਂ ਵੱਧ ਬੋਲੀਆਂ ਨੂੰ ਆਪਣੇ ’ਚ ਸਮਾਅ ਰੱਖਿਆ ਹੋਣ ਕਾਰਨ ਇਸ ਦੀ ਪਾਚਨ ਸ਼ਕਤੀ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਪੰਜਾਬੀ ’ਚ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਹਨ ਅਤੇ 3 ਲਗਾਖਰ (ਅੱਧਕ, ਟਿੱਪੀ ਤੇ ਬਿੰਦੀ) ਹਨ।, 2 ਮਾਤਰਾਵਾਂ ਜਾਂ ਲਗਾਂ ਦੀਆਂ 2 ਕਿਸਮਾਂ (ਲਘੂ/ਹ੍ਰਸਵ ਤੇ ਦੀਰਘ) ਹਨ, ਜਿਨ੍ਹਾਂ ਵਿੱਚ 5 ਲਘੂ (ਛੋਟੀਆਂ) ਲਗਾਂ (ਮੁਕਤਾ, ਸਿਹਾਰੀ, ਔਂਕੜ, ਲਾਂ ਅਤੇ ਹੋੜਾ) ਹਨ ਅਤੇ 5 ਦੀਰਘ ਲਗਾਂ (ਕੰਨਾ, ਬਿਹਾਰੀ, ਦੁਲੈਂਕੜ, ਦੁਲਾਵਾਂ ਤੇ ਕਨੌੜਾ) ਹਨ। ਗੁਰਬਾਣੀ ਲਿਖਤ ਨੂੰ ਧਿਆਨ ’ਚ ਰੱਖਦਿਆਂ ਅਕਸਰ 3 ਹੀ ਲਘੂ ਲਗਾਂ (ਮੁਕਤਾ, ਸਿਹਾਰੀ ਅਤੇ ਔਂਕੜ) ਕਹੀਆਂ ਜਾਂਦੀਆਂ ਹਨ ਕਿਉਂਕਿ ਗੁਰਬਾਣੀ ਵਿਆਕਰਨਿਕ ਨਿਯਮਾਂ ਮੁਤਾਬਕ ਕਿਸੇ ਇੱਕ ਵਚਨ ਪੁਲਿੰਗ ਨਾਂਵ ਨਾਲ਼ ਸੰਬੰਧਕੀ ਚਿੰਨ੍ਹ ਆਉਣ ’ਤੇ ਇਨ੍ਹਾਂ ਵਿੱਚੋਂ ਦੋ ਲਗਾਂ (ਔਂਕੜ ਅਤੇ ਸਿਹਾਰੀ) ਵਾਲ਼ੇ ਸ਼ਬਦ ਵੀ ‘ਮੁਕਤਾ ਅੰਤ’ (ਯਾਨੀ ਕਿ ਤੀਸਰੀ ਲਘੂ ਲਗ ‘ਮੁਕਤਾ ਅੰਤ’ ਵਾਙ) ਹੋ ਜਾਂਦੇ ਹਨ ਭਾਵ ਸੰਬੰਧਕੀ ਚਿੰਨ੍ਹਾਂ ਦਾ ਪ੍ਰਭਾਵ ਕਬੂਲਣ ਕਾਰਨ ਹੀ ਇਨ੍ਹਾਂ ਤਿੰਨਾ ਨੂੰ ਲਘੂ ਲਗਾਂ ਮੰਨ ਲਿਆ। ਵੈਸੇ ਹਰ ਭਾਸ਼ਾ ਵਿੱਚ ਲਘੂ ਅਤੇ ਦੀਰਘ ਲਗਾਂ ਦੀ ਗਿਣਤੀ ਬਰਾਬਰ ਹੁੰਦੀ ਹੈ; ਇਉਂ ਪੰਜਾਬੀ ਵਿੱਚ ਵੀ 5 ਲਘੂ ਅਤੇ 5 ਦੀਰਘ ਲਗਾਂ ਬਣ ਗਈਆਂ।
ਗੁਰਬਾਣੀ ਕਾਵਿਮਈ ਰਚਨਾ ਹੈ ਅਤੇ ਕਾਵਿ-ਪਿੰਗਲ ਮੁਤਾਬਕ ਲਘੂ ਲਗਾਂ ਨੂੰ 1-1 ਅੰਕ ਅਤੇ ਦੀਰਘ ਲਗਾਂ ਨੂੰ 2-2 ਅੰਕ ਦਿੱਤੇ ਜਾਂਦੇ ਗਏ ਹਨ ਭਾਵ ਲਗ-ਧੁਨੀ ਉਚਾਰਨ ਕਰਦਿਆਂ ਲਘੂ ਲਗਾਂ ਦੇ ਮੁਕਾਬਲੇ ਦੀਰਘ ਲਗਾਂ ਨੂੰ ਦੁੱਗਣਾ ਸਮਾਂ ਲੱਗਦਾ ਹੈ। ਤਿੰਨ ਸਵਰ (ੳ, ਅ, ੲ) ਅਤੇ 32 ਵਿਅੰਜਨ (ਸ ਤੋਂ ੜ ਤੱਕ) ਹਨ। ‘ੳ, ਅ, ੲ, ਸ, ਹ’ ਨੂੰ ਮੁੱਖ ਵਰਗ; ‘ਕ, ਖ, ਗ, ਘ, ਙ’ ਨੂੰ ਕਵਰਗ; ‘ਚ, ਛ, ਜ, ਝ, ਞ’ ਨੂੰ ਚਵਰਗ; ‘ਟ, ਠ, ਡ, ਢ, ਣ’ ਨੂੰ ਟਵਰਗ; ‘ਤ, ਥ, ਦ, ਧ, ਨ’ ਨੂੰ ਤਵਰਗ; ‘ਪ, ਫ, ਬ, ਭ, ਮ’ ਨੂੰ ਪਵਰਗ; ‘ਯ, ਰ, ਲ, ਵ, ੜ’ ਨੂੰ ਅੰਤਮ ਵਰਗ ਅਤੇ ‘ਸ਼, ਖ਼, ਗ਼, ਜ਼, ਫ਼, ਲ਼’ ਨੂੰ ਨਵੀਨ ਵਰਗ ਵਿੱਚ ਰੱਖਿਆ ਜਾਂਦਾ ਹੈ। ‘ਕਵਰਗ’ ਤੋ ‘ਪਵਰਗ’ ਤੱਕ ਦੀ ਵਿਅੰਜਨ-ਧੁਨੀ ਦਾ ਅੰਤਮ ਅੱਖਰ (ਙ, ਞ, ਣ, ਨ, ਮ); ਅਨੁਨਾਸਕੀ ਧੁਨੀ (ਨੱਕ ਰਾਹੀਂ ਪ੍ਰਗਟ ਹੋਣ ਵਾਲ਼ੀ ਧੁਨਿ) ਵੀ ਪੈਦਾ ਕਰਦਾ ਹੈ।
ਪੰਜਾਬੀ ਭਾਸ਼ਾ ਦੀ ਜਨਨੀ ਭਾਵੇਂ ਕਿ ਗੁਰਮੁਖੀ ਲਿਪੀ ਹੀ ਹੈ ਪਰ ਆਧੁਨਿਕ ਪੰਜਾਬੀ ਅਤੇ ਪੁਰਾਤਨ ਪੰਜਾਬੀ (ਗੁਰਮੁਖੀ) ਦੇ ਲਿਖਣ ਢੰਗ ’ਚ ਕਾਫ਼ੀ ਅੰਤਰ ਆ ਚੁੱਕਾ ਹੈ, ਇਸ ਅੰਤਰ ਨੂੰ ਵਾਚਣਾ ਹੀ ਹਥਲਾ ਲੇਖ ਦਾ ਵਿਸ਼ਾ ਹੈ। ਹਰ ਲਿਖਤ ਨਿਯਮ-ਅੰਤਰ ਦੀ ਵਿਚਾਰ ਨੂੰ ਸੰਖੇਪ ਸ਼ਬਦਾਂ ’ਚ ਰੱਖਣ ਦਾ ਯਤਨ ਕੀਤਾ ਹੈ ਤਾਂ ਜੋ ਥੋੜ੍ਹੀ ਕੁ ਸਾਹਿਤਕ ਰੁਚੀ ਰੱਖਣ ਵਾਲ਼ਾ ਪਾਠਕ ਵੀ ਗੁਰਮੁਖੀ (ਗੁਰਬਾਣੀ) ਨੂੰ ਸਮਝਣ ਲੱਗਿਆਂ ਕੁਤਾਹੀ ਨਾ ਖਾਵੇ।
ਨਾਂਵ : ਵਿਅਕਤੀ, ਵਸਤੂ ਅਤੇ ਸਥਾਨ ਬਾਰੇ ਜਾਣਕਾਰੀ ਦੇਣ ਵਾਲ਼ੇ ਸ਼ਬਦਾਂ ਨੂੰ ਨਾਂਵ ਕਿਹਾ ਜਾਂਦਾ ਹੈ। ਹਰ ਜੀਵ-ਜੰਤ (ਪਸ਼ੂ, ਪੰਛੀ, ਮਨੁੱਖ ਆਦਿ) ਨੂੰ ਵਿਅਕਤੀ ਵਾਚਕ ਨਾਂਵ; ਫ਼ਸਲ/ਬਨਸਪਤੀ, ਦਾਲ਼ਾਂ ਤੇ ਮਸ਼ੀਨਰੀ ਨੂੰ ਵਸਤੂ ਵਾਚਕ ਨਾਂਵ ਅਤੇ ਚਾਰੋਂ ਦਿਸਾਵਾਂ ਦੇ ਹਰ ਸਥਾਨ ਨੂੰ ਸਥਾਨ ਵਾਚਕ ਨਾਂਵ ਕਿਹਾ ਜਾਂਦਾ ਹੈ; ਜਿਵੇਂ ਕਿ ‘ਗੁਰਮੁਖ (ਵਿਅਕਤੀ ਵਾਚਕ ਨਾਂਵ), ਕਣਕ/ਕਾਰ (ਵਸਤੂ ਵਾਚਕ ਨਾਂਵ), ਅੰਮ੍ਰਿਤਸਰ’ (ਸਥਾਨ ਵਾਚਕ ਨਾਂਵ) ਹਨ।
ਗੁਰਬਾਣੀ ਲਿਪੀ ’ਚ ਇੱਕ ਵਚਨ ਪੁਲਿੰਗ ਨਾਂਵ (ਸ਼ਬਦ) ਨੂੰ ਔਂਕੜ ਅੰਤ ਹੁੰਦਾ ਹੈ; ਜਿਵੇਂ ‘ਗੁਰੁ, ਪ੍ਰਭੁ, ਨਾਨਕੁ’ ਪਰ ਬਹੁ ਵਚਨ ਪੁਲਿੰਗ ਨਾਂਵ; ਮੁਕਤਾ ਅੰਤ ਹੁੰਦਾ ਹੈ; ਜਿਵੇਂ ‘ਗੁਣ, ਦੁਖ, ਸੁਖ, ਸਾਧ’। ਇਸਤਰੀ ਲਿੰਗ ਨਾਂਵਾਂ ਦੇ ਦੋ ਰੂਪ ਹਨ (1). ਮੁਕਤਾ ਅੰਤ; ਜਿਵੇਂ ‘ਦੇਹ, ਖੇਹ, ਕਪਾਹ, ਟੇਕ’ ਆਦਿ ਭਾਵ ਬਹੁ ਵਚਨ ਪੁਲਿੰਗ ਨਾਂਵਾਂ ਵਾਙ ‘ਮੁਕਤਾ ਅੰਤ’ ਅਤੇ (2). ਸਿਹਾਰੀ ਅੰਤ; ਜਿਵੇਂ ‘ਮੂਰਤਿ, ਭੂਮਿ, ਕਾਮਣਿ (ਇਸਤਰੀ), ਧਰਤਿ, ਸੰਗਤਿ’ ਆਦਿ। ‘ਸਿਹਾਰੀ ਅੰਤ’ ਵਾਲ਼ੇ ਇਹ ਸ਼ਬਦ ਅਨਭਾਸ਼ਾ ਦੇ ਹਨ, ਜਿਨ੍ਹਾਂ ਨੂੰ ‘ਤਤਸਮ’ ਸ਼ਬਦ ਮੰਨਿਆ ਜਾਂਦਾ ਹੈ। ਕਾਵਿ-ਪਿੰਗਲ ਦੇ ਪ੍ਰਭਾਵ ਕਾਰਨ ਗੁਰਬਾਣੀ ਅੰਦਰ ਇਹ ‘ਤਤਸਮ’ ਸ਼ਬਦ; ‘ਮੂਰਤਿ ਤੋਂ ਮੂਰਤੀ, ਹਰੀ ਤੋਂ ਹਰੀ, ਭਗਤਿ ਤੋਂ ਭਗਤੀ, ਕਾਮਣਿ ਤੋਂ ਕਾਮਣੀ, ਸੰਗਤਿ ਤੋਂ ਸੰਗਤੀ’ ਵੀ ਬਣ ਜਾਂਦੇ ਹਨ ਕਿਉਂਕਿ ‘ਮੂਰਤਿ’ ’ਚ ਤਿੰਨੇ ਲਘੂ-ਧੁਨੀ ਹੋਣ ਕਾਰਨ ਕੁੱਲ ਅੰਕ 1+1+1=3 ਸਨ, ਪਰ ਅੰਤਮ ‘ਤਿ’ (ਮੂਰਤਿ) ਲਘੂ-ਧੁਨੀ ਨੂੰ ‘ਤੀ’ (ਮੂਰਤੀ) ਦੀਰਘ-ਧੁਨੀ ਬਣਾਉਣ ਨਾਲ਼ ਪਿੰਗਲ-ਗਿਣਤੀ 1+1+2=4 ਅੰਕ ਬਣ ਜਾਂਦੀ ਹੈ।
ਪੜਨਾਂਵ : ਨਾਂਵ ਦੀ ਗ਼ੈਰ ਮੌਜੂਦਗੀ ’ਚ ਵਰਤੇ ਜਾਣ ਵਾਲ਼ੇ ਸ਼ਬਦਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ ‘ਉਹ, ਇਹ, ਇਸ, ਉਸ, ਕਿਸ, ਓਥੇ, ਕੌਣ’ ਆਦਿ, ਪਰ ਗੁਰਬਾਣੀ ਲਿਪੀ ’ਚ ਇਨ੍ਹਾਂ ਦੀ ਬਣਤਰ ‘ਤਿਸੁ (999 ਵਾਰ), ਤਿਸ (417 ਵਾਰ), ਜਿਸੁ (785 ਵਾਰ), ਜਿਸ (416 ਵਾਰ), ਕਿਸੁ (115 ਵਾਰ), ਕਿਸ (95 ਵਾਰ), ਇਸੁ (186 ਵਾਰ), ਇਸ (47 ਵਾਰ), ਕਉਨੁ (58 ਵਾਰ), ਕਉਨ (40 ਵਾਰ), ਤਿਤੁ (125 ਵਾਰ), ਜਿਤੁ (356 ਵਾਰ), ਉਤੁ/ਓਤੁ (2 ਵਾਰ), ਕਿਤੁ (59 ਵਾਰ) ਆਦਿ ਮਿਲਦੀ ਹੈ।
ਮਿਸਾਲ ਵਜੋਂ ਇਨ੍ਹਾਂ ਵਾਕਾਂ ਨੂੰ ਸਮਝਣਾ ਜ਼ਰੂਰੀ ਹੈ ‘ਗੁਰਮੁਖ ਪਾਠ ਕਰਦਾ ਹੈ।, ਉਹ ਪੜ੍ਹਦਾ ਹੈ।, ਉਹ ਗੁਰਮੁਖ ਅੰਮ੍ਰਿਤਧਾਰੀ ਹੈ।’ ਪਹਿਲੇ ਵਾਕ ’ਚ ‘ਗੁਰਮੁਖ’; ਨਾਂਵ ਹੈ। ਦੂਸਰੇ ’ਚ ‘ਗੁਰਮੁਖ’ ਦੀ ਥਾਂ ‘ਉਹ’ ਹੈ, ਇਸ ਲਈ ‘ਉਹ’; ਪੜਨਾਂਵ ਹੈ। ਤੀਸਰੇ ਵਾਕ ’ਚ ‘ਉਹ’ ਦੇ ਨਾਲ਼ ‘ਗੁਰਮੁਖ’ ਵੀ ਹੈ, ਇਸ ਲਈ ‘ਉਹ’ ਪੜਨਾਂਵ ਨਹੀਂ, ਪੜਨਾਂਵੀ ਵਿਸ਼ੇਸ਼ਣ ਬਣ ਗਿਆ।
ਸੰਬੰਧਕੀ : ਨਾਂਵ+ਨਾਂਵ ਜਾਂ ਨਾਂਵ+ਪੜਨਾਂਵ ਜਾਂ ਪੜਨਾਂਵ+ਨਾਂਵ (ਦਾ ਆਪਸ ’ਚ ਸੰਬੰਧ ਜੋੜਨ ਵਾਲ਼ੇ) ਜਾਂ ਨਾਂਵ/ਪੜਨਾਂਵ ਦਾ ਕਿਰਿਆ ਨਾਲ਼ ਸੰਬੰਧ ਦੱਸਣ ਵਾਲ਼ੇ ਚਿੰਨ੍ਹ; ਸੰਬੰਧਕੀ ਸ਼ਬਦ ਹੁੰਦੇ ਹਨ; ਜਿਵੇਂ ‘ਦਾ, ਦੇ, ਦੀ, ਦੀਆਂ, ਕਾ, ਕੇ, ਕੀ, ਕੀਆਂ’ ਆਦਿ। ਸੰਬੰਧਕੀ-ਚਿੰਨ੍ਹਾਂ ਨਾਲ਼ ਹੀ ਮਿਲਦੇ ਜੁਲਦੇ ‘8 ਕਾਰਕ’ (ਕਰਤਾ ਕਾਰਕ, ਕਰਮ ਕਾਰਕ, ਕਰਣ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ, ਅਧਿਕਰਣ ਕਾਰਕ, ਸੰਬੋਧਨ ਕਾਰਕ) ਨਿਯਮ ਹੁੰਦੇ ਹਨ।
ਪੰਜਾਬੀ ਲਿਖਤ ਬਨਾਮ ਗੁਰਮੁਖੀ ਲਿਖਤ ਦਾ ਅੰਤਰ
(1). ਅਜੋਕੀ ਪੰਜਾਬੀ ’ਚ ‘ਰਾਮ ਦਾ ਪੈੱਨ’ ਇੱਕ ਵਾਕ ਹੈ, ਜਿਸ ਵਿੱਚ ‘ਰਾਮ’ ਅਤੇ ‘ਪੈੱਨ’; ਦੋਵੇਂ ਇੱਕ ਵਚਨ ਪੁਲਿੰਗ ਨਾਂਵ (ਭਾਵ ਨਾਂਵ+ਨਾਂਵ) ਹਨ, ਇਨ੍ਹਾਂ ਦਾ ਸੰਬੰਧ; ‘ਦਾ’ ਚਿੰਨ੍ਹ ਨੇ ਜੋੜਿਆ ਹੈ। ਸੰਬੰਧਕੀ ਸ਼ਬਦ ਨੂੰ ਚਿੰਨ੍ਹ, ਇਸ ਲਈ ਕਿਹਾ ਹੈ ਕਿਉਂਕਿ ਇਸ ਦਾ ਆਪਣਾ ਕੋਈ ‘ਅਰਥ’ ਨਹੀਂ ਹੁੰਦਾ। ਗੁਰਬਾਣੀ ਵਿਆਕਰਨ ਅਨੁਸਾਰ ਇਹ ਵਾਕ ‘ਰਾਮ ਦਾ ਪੈੱਨੁ’ ਲਿਖਿਆ ਜਾਵੇਗਾ।
ਉਕਤ ਪੰਜਾਬੀ ਲਿਪੀ ਵਾਕ ਬੋਧ ਅਤੇ ਗੁਰਮੁਖੀ ਲਿਪੀ ਵਾਕ ਬੋਧ ’ਚ ਅੰਤਰ :
(ੳ). ਪੰਜਾਬੀ ਲਿਪੀ : ‘ਰਾਮ ਦਾ ਪੈੱਨ’ ਵਾਕ ’ਚ ‘ਦਾ’ ਨੇ ‘ਪੈੱਨ’ ਨੂੰ ਇੱਕ ਵਚਨ ਦੱਸਿਆ। ਜੇਕਰ ‘ਦੇ’ ਹੁੰਦਾ ਤਾਂ ‘ਪੈੱਨ’ ਬਹੁ ਵਚਨ ਹੁੰਦੇ।
(ਅ). ਗੁਰਬਾਣੀ ਲਿਪੀ : ‘ਰਾਮ ਦਾ ਪੈੱਨੁ’ ਵਾਕ ’ਚ ‘ਦਾ’ ਨੇ ‘ਪੈੱਨ’ ਨੂੰ ਇੱਕ ਵਚਨ ਦੱਸਿਆ, ਇਸ ਤੋਂ ਇਲਾਵਾ ‘ਪੈੱਨੁ’ ਦੇ ਅੰਤ ’ਚ ਲੱਗੇ ਔਂਕੜ ਨੇ ਵੀ ‘ਪੈੱਨ’, ਇੱਕ ਹੋਣ ਦਾ ਸੰਕੇਤ ਦਿੱਤਾ ਭਾਵ ਆਧੁਨਿਕ ਪੰਜਾਬੀ ਦੇ ਮੁਕਾਬਲੇ ਪੁਰਾਤਨ ਪੰਜਾਬੀ (ਗੁਰਬਾਣੀ); ਸ਼ਬਦ ਵੰਡ ਜਾਂ ਭਾਵਾਰਥਾਂ ਨੂੰ ਸਪਸ਼ਟ ਕਰਨ ’ਚ ਵਧੇਰੇ ਸਹਾਇਕ ਹੁੰਦੀ ਹੈ।
ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਨੂੰ ‘ਔਂਕੜ ਅੰਤ’ ਆਉਂਦਾ ਹੈ; ਜਿਵੇਂ ‘ਗੁਰੁ, ਪ੍ਰਭੁ, ਨਾਨਕੁ’। ਹੁਣ ਸਵਾਲ ਪੈਦਾ ਹੋਇਆ ਕਿ ਜੇ ‘ਰਾਮ ਦਾ ਪੈੱਨੁ’ ਵਾਕ ’ਚ ‘ਰਾਮ’ ਅਤੇ ‘ਪੈੱਨ’ ਦੋਵੇਂ ਹੀ ਸ਼ਬਦ; ਇੱਕ ਵਚਨ ਪੁਲਿੰਗ ਨਾਂਵ ਹਨ ਤਾਂ ‘ਪੈੱਨੁ’ ਵਾਙ ‘ਰਾਮ’ ਨੂੰ ਔਂਕੜ ਅੰਤ (ਰਾਮੁ) ਕਿਉਂ ਨਹੀਂ ਲਿਖਿਆ ? ਜਵਾਬ ਹੈ ਕਿ ‘ਰਾਮੁ’ ਨੂੰ ਮੁਕਤਾ ਅੰਤ (ਰਾਮ); ‘ਦਾ’ ਸੰਬੰਧਕੀ-ਚਿੰਨ੍ਹ ਨੇ ਕੀਤਾ ਹੈ। ਇਸ ਤੋਂ ਇਹ ਵੀ ਗਿਆਨ ਮਿਲਿਆ ਕਿ ਭਾਵੇਂ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਨੂੰ ਔਂਕੜ ਅੰਤ ਹੁੰਦਾ ਹੈ, ਪਰ ਸੰਬੰਧਕੀ ਚਿੰਨ੍ਹ (ਦਾ, ਦੇ, ਦੀ) ਆਉਣ ਨਾਲ਼ ਇੱਕ ਵਚਨ ਪੁਲਿੰਗ ਨਾਂਵ ਵੀ ‘ਮੁਕਤਾ ਅੰਤ’ ਹੋ ਜਾਂਦਾ ਹੈ। ਹੇਠਾਂ ਬਰੈਕਟ ’ਚ ਬੰਦ ਕੀਤੇ ਸ਼ਬਦ, ਜਿਨ੍ਹਾਂ ਵਿੱਚ ‘ਕੇ, ਕਾ, ਤੇ, ਕਉ’ ਸੰਬੰਧਕੀ ਹਨ, ਉਨ੍ਹਾਂ ਨੇ ਆਪਣੇ ਨਾਲ਼ ਆਏ ਸਾਰੇ ਨਾਂਵ; ਮੁਕਤਾ ਅੰਤ ਕਰ ਦਿੱਤੇ; ਨਹੀਂ ਤਾਂ ਗੁਰਬਾਣੀ ਲਿਖਤ ਮੁਤਾਬਕ ਇਨ੍ਹਾਂ ਸਭ ਦੇ ਅੰਤ ’ਚ ਔਂਕੜ ਹੋਣਾ ਸੀ ਕਿਉਂਕਿ ਸਾਰੇ ਹੀ ਇੱਕ ਵਚਨ ਪੁਲਿੰਗ ਨਾਂਵ ਹਨ :
ਨਾਨਕ ! ਬੇੜੀ ‘ਸਚ ਕੀ’; ਤਰੀਐ ਗੁਰ ਵੀਚਾਰਿ ॥ (ਮਹਲਾ ੧/ਪੰਨਾ ੨੦)
ਆਸ ਭਰੋਸਾ ‘ਖਸਮ ਕਾ’; ‘ਨਾਨਕ ਕੇ’ ਜੀਅਰੇ ॥ (ਮਹਲਾ ੫/ਪੰਨਾ ੩੯੮)
‘ਨਾਨਕ ਕੇ’ ਪ੍ਰਭ ! ਤੁਮ ਹੀ ਦਾਤੇ; ਸੰਤ ਸੰਗਿ ਲੇ ਮੋਹਿ ਉਧਰਹੁ ॥ (ਮਹਲਾ ੫/ਪੰਨਾ ੮੨੮)
‘ਨਾਨਕ ਕੇ’ ਪ੍ਰਭ ! ਸਦ ਹੀ ਸਾਥਿ ॥ (ਮਹਲਾ ੫/ਪੰਨਾ ੧੧੪੪)
ਕਹੁ ਨਾਨਕ ! ਸੰਤਨ ਬਲਿਹਾਰੈ; ਜੋ ‘ਪ੍ਰਭ ਕੇ’ ਸਦ ਸੰਗੀ ॥ (ਮਹਲਾ ੫/ਪੰਨਾ ੧੩੨੨)
ਨਾਨਕ ! ਬਿਰਹੀ ‘ਬ੍ਰਹਮ ਕੇ’; ਆਨ ਨ ਕਤਹੂ ਜਾਹਿ ॥ (ਮਹਲਾ ੫/ਪੰਨਾ ੧੩੬੪)
‘ਦਾਸ ਕੀ’ ਧੂਰਿ; ਨਾਨਕ ਕਉ ਦੀਜੈ ॥ (ਮਹਲਾ ੫/ਪੰਨਾ ੧੯੩)
‘ਨਾਨਕ ਕੀ’ ਬੇਨੰਤੀ ਹਰਿ ਪਹਿ; ਅਪੁਨਾ ਨਾਮੁ ਜਪਾਵਹੁ ॥ (ਮਹਲਾ ੫/ਪੰਨਾ ੨੧੬)
‘ਨਾਨਕ ਕੀ’ ਹਰਿ ਲੋਚਾ ਪੂਰਿ ॥ (ਸੁਖਮਨੀ/ਮਹਲਾ ੫/ਪੰਨਾ ੨੮੩)
‘ਨਾਨਕ ਕੀ’ ਪ੍ਰਭ ! ਬੇਨਤੀ; ਅਪਨੀ ਭਗਤੀ ਲਾਇ ॥ (ਸੁਖਮਨੀ/ਮਹਲਾ ੫/ਪੰਨਾ ੨੮੯)
‘ਜਲ ਤੇ’ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮਹਲਾ ੧/੧੯)
‘ਗੁਰ ਤੇ’ ਬਾਹਰਿ ਕਿਛੁ ਨਹੀ; ਗੁਰੁ ਕੀਤਾ ਲੋੜੇ, ਸੁ ਹੋਇ ॥ (ਮਹਲਾ ੫/੫੨)
ਅੰਮ੍ਰਿਤ ਰਸੁ ਹਰਿ; ‘ਗੁਰ ਤੇ’ ਪੀਆ ॥ (ਮਹਲਾ ੫/੯੯)
ਵੇਮੁਖ ਹੋਏ ‘ਰਾਮ ਤੇ’; ਲਗਨਿ ਜਨਮ ਵਿਜੋਗ ॥ (ਬਾਰਹਮਾਹਾ/ਮਹਲਾ ੫/੧੩੫)
ਜਾ ਕਉ ਆਏ ਸੋਈ ਬਿਹਾਝਹੁ; ਹਰਿ ‘ਗੁਰ ਤੇ’ ਮਨਹਿ ਬਸੇਰਾ ॥ (ਸੋਹਿਲਾ/ਮਹਲਾ ੫/੧੩)
ਤਿਸੁ ‘ਗੁਰ ਕਉ’ ਸਿਮਰਉ; ਸਾਸਿ ਸਾਸਿ ॥ (ਮਹਲਾ ੫/੨੩੯)
‘ਨਾਨਕ ਕਉ’ ਗੁਰ ਭੇਟੇ ਪੂਰੇ ॥ (ਮਹਲਾ ੫/੮੯੦)
ਨਾਨਕ ! ‘ਗੁਰ ਕੀ’ ਚਰਣੀ ਲਾਗੇ ॥ (ਮਹਲਾ ੧/ਪੰਨਾ ੪੧੪)
ਧਿਆਨ ਰਹੇ ਕਿ ‘ਤਤਸਮ’ ਸ਼ਬਦਾਂ ਨਾਲ਼ ਆਏ ਇਹੀ ਸੰਬੰਧਕੀ-ਚਿੰਨ੍ਹ; ਉਨ੍ਹਾਂ ਨੂੰ ਉਕਤ ਨਿਯਮ ਵਾਙ ’‘ਮੁਕਤਾ ਅੰਤ’ ਨਹੀਂ ਕਰਦੇ; ਜਿਵੇਂ ਕਿ
‘ਹਰਿ ਕੇ’ ਜਨ ਸਤਿਗੁਰ ਸਤਪੁਰਖਾ ! ਬਿਨਉ ਕਰਉ ਗੁਰ ਪਾਸਿ ॥ (ਸੋ ਦਰੁ/ਮਹਲਾ ੪/੧੦)
‘ਹਰਿ ਕੇ’ ਨਾਮ ਵਿਟਹੁ; ਬਲਿ ਜਾਉ ॥ (ਮਹਲਾ ੩/੧੫੯)
‘ਬਿਖੁ ਕੀ’ ਕਾਰ ਕਮਾਵਣੀ; ‘ਬਿਖੁ ਹੀ ਮਾਹਿ’ ਸਮਾਹਿ ॥ (ਮਹਲਾ ੩/੩੬)
ਜੋ ਪ੍ਰਭ ਕੀਏ ‘ਭਗਤਿ ਤੇ’ ਬਾਹਜ; ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ (ਭਗਤ ਕਬੀਰ/੩੩੨)
ਕਿਸੁ ‘ਜਾਤਿ ਤੇ’ ਕਿਹ ਪਦਹਿ ਅਮਰਿਓ; ਰਾਮ ਭਗਤਿ ਬਿਸੇਖ ॥੧॥ ਰਹਾਉ ॥ (ਭਗਤ ਰਵਿਦਾਸ/੧੧੨੪)
‘ਵਿਖੁ ਵਿਚਿ’ ਅੰਮ੍ਰਿਤੁ ਪ੍ਰਗਟਿਆ; ਕਰਮਿ (ਮਿਹਰ ਰਾਹੀਂ) ਪੀਆਵਣਹਾਰੁ ॥ (ਮਹਲਾ ੩/੬੪੬)
ਸੋ ਜਿਵੇਂ ਉਕਤ ਸਾਰੀਆਂ ਪੰਕਤੀਆਂ ’ਚ ਪ੍ਰਗਟ ਚਿੰਨ੍ਹ ‘ਕੇ, ਕਾ, ਤੇ, ਕਉ’ (ਸੰਬੰਧਕੀ) ਨੇ ਸਾਰੇ ਹੀ ਇੱਕ ਵਚਨ ਪੁਲਿੰਗ ਨਾਂਵ; ਮੁਕਤਾ ਅੰਤ ਕਰ ਦਿੱਤੇ, ਇਸੇ ਤਰ੍ਹਾਂ ਕੁੱਝ ਲੁਪਤ ਸੰਬੰਧਕੀ ਵੀ ਆਪਣੇ ਤੋਂ ਅਗੇਤਰ ਆਏ ਇੱਕ ਵਚਨ ਪੁਲਿੰਗ ਨਾਂਵ ਨੂੰ ‘ਮੁਕਤਾ ਅੰਤ’ ਕਰ ਦਿੰਦੇ ਹਨ; ਜਿਵੇਂ ‘ਰਾਮ ਦਾ ਪੈੱਨੁ’ ਵਾਕ ’ਚ ਪ੍ਰਗਟ ਸੰਬੰਧਕੀ ‘ਦਾ’ ਹੈ, ਇਸੇ ਤਰ੍ਹਾਂ ‘ਰਾਮ ਪੈੱਨੁ’ ਵਾਕ ’ਚ ਲੁਪਤ ਸੰਬੰਧਕੀ ‘ਦਾ’ ਹੈ; ਦੋਵੇਂ ਵਾਕਾਂ ਦਾ ਅਰਥ ਹੈ : ‘ਰਾਮ ਦਾ ਪੈੱਨ’। ਇਹੀ ਨਿਯਮ ਗੁਰਬਾਣੀ ’ਚ ਹੈ; ਮਿਸਾਲ ਵਜੋਂ ‘ਗੁਰ ਕਾ ਸਬਦੁ’ (82 ਵਾਰ) ਹੈ ਅਤੇ ‘ਗੁਰ ਸਬਦੁ’ (60 ਵਾਰ) ਹੈ। ‘ਰਾਮ ਨਾਮੁ’ (262 ਵਾਰ) ਹੈ ਅਤੇ ‘ਰਾਮ ਕਾ ਨਾਮੁ’ (1 ਵਾਰ) ਹੈ। ਸੰਬੰਧਕੀ ਪ੍ਰਗਟ ਹੋਣ ਜਾਂ ਲੁਪਤ; ਅਰਥਾਂ ’ਚ ਕੋਈ ਫ਼ਰਕ ਨਹੀਂ ਪੈਂਦਾ। ‘ਗੁਰ ਸਬਦੁ’ ਜਾਂ ‘ਗੁਰ ਕਾ ਸਬਦੁ’; ਦੋਵਾਂ ਦਾ ਅਰਥ ਹੈ ‘ਗੁਰੂ ਕਾ ਸਬਦ’।, ‘ਰਾਮ ਨਾਮੁ’ ਜਾਂ ‘ਰਾਮ ਕਾ ਨਾਮੁ’; ਦੋਵਾਂ ਦਾ ਅਰਥ ਹੈ: ‘ਰਾਮ ਦਾ ਨਾਮ’। ਮਿਸਾਲ ਵਜੋਂ ਗੁਰਬਾਣੀ ਦੇ ਵਾਕ ਹਨ :
‘ਗੁਰ ਕਾ ਸਬਦੁ’ ਮਨਿ (’ਚ) ਵਸੈ; ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥ (ਮਹਲਾ ੩/ਪੰਨਾ ੩੨)
‘ਗੁਰ ਕਾ ਸਬਦੁ’; ਕੋ ਵਿਰਲਾ ਬੂਝੈ ॥ (ਮਹਲਾ ੩/ਪੰਨਾ ੧੨੦)
ਜਨਮੇਜੈ (ਨੇ) ‘ਗੁਰ ਸਬਦੁ’ ਨ ਜਾਨਿਆ ॥ (ਮਹਲਾ ੧/ਪੰਨਾ ੨੨੫) (ਭਾਵ ‘ਗੁਰ ਕਾ ਸਬਦੁ’)
‘ਸਬਦੁ ਗੁਰ’ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ॥ (ਮਹਲਾ ੧/ਪੰਨਾ ੬੩੫) (ਭਾਵ ‘ਗੁਰ ਕਾ ਸਬਦੁ’ ਪੀਰਾ)
ਸੋ ਪੰਡਿਤੁ; ‘ਗੁਰ ਸਬਦੁ’ ਕਮਾਇ ॥ (ਮਹਲਾ ੫/ਪੰਨਾ ੮੮੮) (ਭਾਵ ‘ਗੁਰ ਕਾ ਸਬਦੁ’ ਕਮਾਇ)
ਸਭਸੈ ਊਪਰਿ; ‘ਗੁਰ ਸਬਦੁ’ ਬੀਚਾਰੁ ॥ (ਮਹਲਾ ੧/ਪੰਨਾ ੯੦੪) (ਭਾਵ ‘ਗੁਰ ਕਾ ਸਬਦੁ’ (ਰੂਪ) ਬੀਚਾਰੁ)
ਮੇਰੇ ਮੀਤ ਗੁਰਦੇਵ ! ਮੋ ਕਉ ‘ਰਾਮ ਨਾਮੁ’ ਪਰਗਾਸਿ ॥ (ਸੋ ਦਰੁ/ਮਹਲਾ ੪/ਪੰਨਾ ੧੦) ਭਾਵ ਮੇਰੇ ਅੰਦਰ ‘ਰਾਮ ਕਾ ਨਾਮੁ’ ਰੂਪ ਪ੍ਰਕਾਸ਼ ਕਰ। ਇਸ ਦਾ ਅਰਥ ਐਸਾ ਬਿਲਕੁਲ ਨਹੀਂ ਹੋ ਸਕਦਾ ਕਿ (ਮੇਰੇ ਅੰਦਰ ਰਾਮ ਦੇ) ‘ਨਾਮ ਦਾ ਪ੍ਰਕਾਸ਼ ਕਰ’ ਕਿਉਂਕਿ ‘ਨਾਮੁ’ ਨੂੰ ਔਂਕੜ ਅੰਤ ਹੈ, ਜੋ ‘ਦਾ’ ਲੁਪਤ ਸੰਬੰਧਕੀ ਅਰਥ ਨਹੀਂ ਲੈਣ ਦਿੰਦਾ। ਐਸੇ ਅਰਥ ਕਰਨ ਲਈ ਨਾਮ; ‘ਮੁਕਤਾ ਅੰਤ’ ਹੋਣਾ ਚਾਹੀਦਾ ਸੀ।
ਸੰਤਾ ਸੰਗਤਿ ਮਿਲਿ ਰਹੈ; ਜਪਿ ‘ਰਾਮ ਨਾਮੁ’ ਸੁਖੁ ਪਾਇ ॥੧॥ ਰਹਾਉ ॥ (ਮਹਲਾ ੩/ਪੰਨਾ ੩੧) (ਭਾਵ ‘ਰਾਮ ਕਾ ਨਾਮੁ’ ਜਪਿ (ਕੇ) ਸੁਖੁ ਪਾਇ)
‘ਨਾਮੁ’ ਨ ਜਾਨਿਆ ‘ਰਾਮ ਕਾ’ ॥ (ਮਹਲਾ ੧/ਪੰਨਾ ੧੫੬) (ਭਾਵ ‘ਰਾਮ ਕਾ ਨਾਮੁ’ ਨ ਜਾਨਿਆ)
(2). ਅਗਲੇ ਨਿਯਮ ਮੁਤਾਬਕ ਗੁਰਬਾਣੀ ’ਚ ‘ਦਾ, ਦੇ, ਦੀ/ਕਾ, ਕੇ, ਕੀ’ ਸੰਬੰਧਕੀ-ਚਿੰਨ੍ਹ; ਆਪਣੇ ਤੋਂ ਪਹਿਲਾਂ ਆਏ ਇੱਕ ਵਚਨ ਪੁਲਿੰਗ ਨਾਂਵ ਨੂੰ ‘ਮੁਕਤਾ ਅੰਤ’ ਕਰਨ ਦੀ ਬਜਾਇ ਕੁਝ ਕੁ ਜਗ੍ਹਾ ‘ਦੁਲੈਂਕੜ ਅੰਤ’ ਕਰ ਦਿੰਦੇ ਹਨ ਭਾਵ ‘ਰਾਮ ਦਾ ਪੈੱਨੁ’ ਵਾਕ; ‘ਰਾਮੂ ਦਾ ਪੈੱਨੁ’ ਵੀ ਬਣ ਸਕਦਾ ਹੈ; ਜਿਵੇਂ ‘ਗੁਰੁ’ ਤੋਂ ਬਾਅਦ ਆਏ ‘ਕਾ’ ਕਾਰਨ ਸ਼ਬਦ-ਬਣਤਰ ‘ਗੁਰ ਕਾ’ ਜਾਂ ‘ਗੁਰੂ ਕਾ’ ਹੋ ਸਕਦੀ ਹੈ। ਮਿਸਾਲ ਵਜੋਂ ਗੁਰਬਾਣੀ ਦੇ ਹੇਠਲੇ 4 ਕੁ ਵਾਕਾਂ ’ਚ ਸੰਬੰਧਕੀ-ਚਿੰਨ੍ਹ ਆਉਣ ਕਾਰਨ ‘ਗੁਰੂ ਕਾ’ ਬਣਤਰ ਬਣੀ ਹੈ :
ਰਤਨੁ ‘ਗੁਰੂ ਕਾ ਸਬਦੁ’ ਹੈ; ਬੂਝੈ ਬੂਝਣਹਾਰੁ ॥ (ਮਹਲਾ ੩/ਪੰਨਾ ੫੮੯)
ਹਰਿ ਨਾਮੁ ਦੀਆ, ਗੁਰਿ+ਪਰਉਪਕਾਰੀ (ਨੇ); ਧਨੁ ਧੰਨੁ ‘ਗੁਰੂ ਕਾ’ ਪਿਤਾ ਮਾਤਾ ॥ (ਮਹਲਾ ੪/ਪੰਨਾ ੫੯੨)
‘ਸਬਦੁ ਗੁਰੂ ਕਾ’ ਸਦ ਉਚਰਹਿ; ਜੁਗੁ ਜੁਗੁ ਵਰਤਾਵਣਹਾਰਾ ॥ (ਮਹਲਾ ੩/ਪੰਨਾ ੫੯੩) (ਭਾਵ ਗੁਰੂ ਕਾ ਸਬਦੁ)
ਅਬਿਚਲ ਨਗਰੁ ਗੋਬਿੰਦ ‘ਗੁਰੂ ਕਾ’; ਨਾਮੁ ਜਪਤ, ਸੁਖੁ ਪਾਇਆ ਰਾਮ ॥ (ਮਹਲਾ ੫/ਪੰਨਾ ੭੮੩)
ਭਾਵ ਗੋਬਿੰਦ (ਦੇ ਰੂਪ) ਗੁਰੂ ਕਾ ਅਬਿਚਲ ਨਗਰੁ।
ਧਿਆਨ ਰਹੇ ਕਿ ‘ਤਤਸਮ’ ਸ਼ਬਦਾਂ ਨੂੰ ਵੀ ਸੰਬੰਧਕੀ-ਚਿੰਨ੍ਹ; ‘ਔਂਕੜ ਅੰਤ’ ਤੋਂ ‘ਦੁਲੈਂਕੜ ਅੰਤ’ ਕਰ ਦਿੰਦੇ ਹਨ; ਜਿਵੇਂ ਕਿ
ਗ੍ਰਿਹਿ (ਘਰ ’ਚ) ਸਾਕਤ ਛਤੀਹ ਪ੍ਰਕਾਰ; ਤੇ ‘ਬਿਖੂ ਸਮਾਨ’ ॥ (ਮਹਲਾ ੫/੮੧੧) ਬਿਖੁ ਤੋਂ ਬਿਖੂ (ਜ਼ਹਰ)
ਸਤਿਗੁਰੁ ਦਾਤਾ ਸਭਨਾ ‘ਵਥੂ ਕਾ’; ਪੂਰੈ+ਭਾਗਿ (ਨਾਲ਼) ਮਿਲਾਵਣਿਆ ॥ (ਮਹਲਾ ੩/੧੧੬) ‘ਵਸਤੂਆਂ ਕਾ’
ਸੋ ਹੁਣ ਤੱਕ ਕੀਤੀ ਵਿਚਾਰ ਤੋਂ ਬਾਅਦ ਹੇਠਲੇ ਦੋ ਨਿਯਮ ਸਮਝ ਆ ਜਾਣੇ ਚਾਹੀਦੇ ਹਨ :
(ੳ). ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ ॥’’ ਤੁਕ ਦੇ ਔਂਕੜ ਅੰਤ ਵਾਲ਼ੇ ਕਿਸੇ ਵੀ ਸ਼ਬਦ ’ਚੋਂ ਲੁਪਤ ਸੰਬੰਧਕੀ ‘ਦਾ, ਦੇ, ਦੀ’ ਨਹੀਂ ਲਏ ਜਾ ਸਕਦੇ; ਜਿਵੇਂ ਕਿ ‘ਈਸਰ ਦਾ ਗੁਰੁ’ ਜਾਂ ‘ਗੁਰ ਦਾ ਈਸਰੁ’ ਅਰਥ ਕਰਨਾ; ਗੁਰਮਤਿ ਅਨੁਸਾਰ ਮਨਮਤ ਹੈ।
(ਅ). ਪੰਜਾਬੀ ਲਿਖਤ ‘ਰਾਮ ਦਾ ਪੈੱਨ’ ਨੂੰ ਗੁਰਬਾਣੀ ਵਿਆਕਰਨ ਅਨੁਸਾਰ ‘ਰਾਮੁ ਦਾ ਪੈੱਨੁ’ ਨਹੀਂ ਲਿਖ ਸਕਦੇ।
(3). ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੋਣ ਕਾਰਨ ‘ਦੇ’ ਦੀ ਥਾਂ ਅਕਸਰ ‘ਕੇ’ ਲਿਖਿਆ ਮਿਲਦਾ ਹੈ, ਤਾਂ ਤੇ ‘ਰਾਮ ਦੇ ਪੈੱਨ’ ਨੂੰ ਹੀ ‘ਰਾਮ ਕੇ ਪੈੱਨ’ ਲਿਖ ਸਕਦੇ ਹਾਂ। ਗੁਰਬਾਣੀ ’ਚ ‘ਕੇ’ 1271 ਵਾਰ ਹੈ ਜਦਕਿ ‘ਦੇ’ ਮਾਤਰ 208 ਵਾਰ ਹੀ ਹੈ। ਉਹ ਵੀ ਜ਼ਿਆਦਾਤਰ ‘ਦੇ ਕੇ’ (ਕਿਰਿਆ ਵਿਸ਼ੇਸ਼ਣ) ਦੇ ਅਰਥਾਂ ’ਚ ਜਾਂ ‘ਦੇ’ ਦਾ ਅਰਥ ਹੈ : ‘ਦਿੰਦਾ ਹੈ’ (ਇੱਕ ਵਚਨ ਕਿਰਿਆ); ਜਿਵੇਂ ਕਿ
(ੳ). ‘ਦੇ’ ਕਿਰਿਆ ਵਿਸ਼ੇਸ਼ਣ ਵਜੋਂ : ‘ਦੇ’ ਸਾਬੂਣੁ; ਲਈਐ ਓਹੁ ਧੋਇ ॥ (ਜਪੁ) (‘ਦੇ’ ਭਾਵ ਦੇ ਕੇ ਜਾਂ ਲਾ ਕੇ)
ਜਿਸੁ ਤੂੰ ਰਖਹਿ ਹਥ ‘ਦੇ’; ਤਿਸੁ ਮਾਰਿ ਨ ਸਕੈ ਕੋਇ ॥ (ਮਹਲਾ ੫/ਪੰਨਾ ੪੩) (‘ਦੇ’ ਭਾਵ ਦੇ ਕੇ)
ਨਾਨਕ ! ਸਿਰੁ ‘ਦੇ’ ਛੂਟੀਐ; ਦਰਗਹ ਪਤਿ ਪਾਏ ॥ (ਮਹਲਾ ੧/ਪੰਨਾ ੪੨੧) (‘ਦੇ’ ਭਾਵ ਦੇ ਕੇ)
ਚੇਤੇ ਰਹੇ ਕਿ ਜੇਕਰ ਉਕਤ ਪੰਕਤੀ ’ਚ ‘ਦੇ’ ਸੰਬੰਧਕੀ-ਚਿੰਨ੍ਹ ਹੁੰਦਾ ਤਾਂ ਇਸ ਨੇ ‘ਸਿਰੁ’ (ਇੱਕ ਵਚਨ ਪੁਲਿੰਗ ਨਾਂਵ) ਨੂੰ ‘ਮੁਕਤਾ ਅੰਤ’ ਕਰ ਦੇਣਾ ਸੀ।
(ਅ). ‘ਦੇ’ ਇੱਕ ਵਚਨ ਕਿਰਿਆ : ਦੇਦਾ ‘ਦੇ’; ਲੈਦੇ ਥਕਿ ਪਾਹਿ ॥ (ਜਪੁ) (‘ਦੇਂਦਾ ਦੇ’ ਭਾਵ ਦੇਣ ਵਾਲ਼ਾ ‘ਦਿੰਦਾ ਹੈ’।)
ਨਾਨਕ ! ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ‘ਦੇ’ ਵਡਿਆਈ ॥ (ਮਹਲਾ ੩/ਪੰਨਾ ੩੨) (‘ਦੇ’ ਭਾਵ ‘ਦਿੰਦਾ ਹੈ’।)
ਆਪੇ ‘ਦੇ’ (ਦੇਂਦਾ ਹੈ) ਵਡਿਆਈਆ; ‘ਦੇ’ (ਦੇ ਕੇ) ਤੋਟਿ ਨ ਹੋਈ ॥ (ਮਹਲਾ ੧/ਪੰਨਾ ੪੨੦)
ਨੋਟ : ਧਿਆਨ ਰਹੇ ਕਿ ਹੇਠਲੀਆਂ 7 ਕੁ ਤੁਕਾਂ ’ਚ ਹੀ ‘ਦੇ’; ‘ਕੇ’ ਵਾਙ (ਸੰਬੰਧਕੀ-ਚਿੰਨ੍ਹ) ਹੈ, ਨਾ ਕਿ ‘ਕਿਰਿਆ ਵਿਸ਼ੇਸ਼ਣ’ ਜਾਂ ‘ਇੱਕ ਵਚਨ ਕਿਰਿਆ’ :
ਪਰਵਦਗਾਰੁ (ਨੂੰ) ਸਾਲਾਹੀਐ; ਜਿਸ ‘ਦੇ’ ਚਲਤ ਅਨੇਕ ॥ (ਮਹਲਾ ੫/੪੯) ਪੜਨਾਂਵ+ਨਾਂਵ (ਜਿਸ+ਚਲਤ ਨੂੰ ਜੋੜਦਾ ਹੈ)
ਜਨ ਨਾਨਕ ! ਜਿਸ ‘ਦੇ’ ਏਹਿ ਚਲਤ ਹਹਿ; ਸੋ ਜੀਵਉ ਦੇਵਣਹਾਰੁ ॥ (ਮਹਲਾ ੩/੯੫੧)
ਗੁਰਮੁਖਿ ਸਦਾ ਸਲਾਹੀਐ; ਸਭਿ ਤਿਸ ‘ਦੇ’ ਜਚਾ (ਭਾਵ ਉਸ ਦੇ ਕੌਤਕ)॥ (ਮਹਲਾ ੩/੧੦੯੪)
ਆਪਨੜੈ+ਘਰਿ (’ਚ) ਜਾਈਐ; ਪੈਰ ਤਿਨ੍ਹਾ ‘ਦੇ’ ਚੁੰਮਿ (ਕੇ)॥ (ਬਾਬਾ ਫਰੀਦ/੧੩੭੮) ਪੜਨਾਂਵ+ਨਾਂਵ (ਤਿਨ੍ਹਾ+ਪੈਰ ਨੂੰ ਜੋੜਦਾ ਹੈ)
ਬਾਜ ਪਏ ਤਿਸੁ ਰਬ ‘ਦੇ’; ਕੇਲਾਂ ਵਿਸਰੀਆਂ ॥ (ਬਾਬਾ ਫਰੀਦ/੧੩੮੩)
ਅਰਥ : ਜਦ ਉਸ ਨੂੰ ਰੱਬ ਦੇ ਬਾਜ਼ (ਸ਼ਿਕਾਰੀ, ਮੌਤ ਦੇ ਫ਼ਰਿਸ਼ਤੇ) ਆ ਪਏ ਤਾਂ ਦੁਨਿਆਵੀ ਚਸਕੇ (ਇੱਥੇ ਹੀ) ਰਹਿ ਗਏ।
ਓਇ, ਭੁਲਾਏ ਕਿਸੈ ‘ਦੇ’, ਨ ਭੁਲਨ੍ਹੀ; ਸਚੁ ਜਾਣਨਿ ਸੋਈ ॥ (ਮਹਲਾ ੩/੪੨੫) ਕਿਸੈ ਦੇ ਭੁਲਾਏ (ਪੜਨਾਂਵ+ਕਿਰਿਆ ਨੂੰ ਜੋੜਦਾ ਹੈ)
ਨਾਨਕ ! ਜਿਨ ਅੰਦਰਿ ਸਚੁ ਹੈ; ਸੇ ਜਨ ਛਪਹਿ ਨ, ਕਿਸੈ ‘ਦੇ’ ਛਪਾਏ ॥ (ਮਹਲਾ ੩/੮੫੦)
ਉਕਤ 7 ਵਾਕਾਂ ’ਚ ਆਏ ਸੰਬੰਧਕੀ (ਦੇ) ਨੂੰ ਪਹਿਚਾਨਣ ਲਈ ਇਸ ਦੇ ਅਗੇਤਰ ਅਤੇ ਪਿਛੇਤਰ; ‘ਨਾਂਵ+ਨਾਂਵ’ ਜਾਂ ‘ਨਾਂਵ+ਪੜਨਾਂਵ’ ਜਾਂ ‘ਪੜਨਾਂਵ+ਨਾਂਵ’ ਜਾਂ ‘ਨਾਂਵ+ਕਿਰਿਆ’ ਵੱਲ ਧਿਆਨ ਜ਼ਰੂਰ ਦੇਣਾ ਹੈ; ਜਿਵੇਂ ਕਿ ਉਕਤ 1 ਤੋਂ 5 ਤੱਕ ਤਰਤੀਬਵਾਰ ਹੈ ‘ਜਿਸ ਦੇ ਚਲਤ, ਜਿਸ ਦੇ ਏਹਿ ਚਲਤ, ਤਿਸ ਦੇ ਸਭਿ ਜਚਾ (ਕੌਤਕ/ਚੋਜ), ਤਿਨ੍ਹਾ ਦੇ ਪੈਰ, ਤਿਸੁ ਰਬ ਦੇ ਬਾਜ’, ਪਰ ਨੰਬਰ 6 ਅਤੇ 7 ਵਾਕਾਂ ’ਚ ਇਸ ਦੇ ਅਗੇਤਰ ‘ਪੜਨਾਂਵ’ ਅਤੇ ਪਿਛੇਤਰ ‘ਬਹੁ ਵਚਨ ਕਿਰਿਆਵਾਂ’ ਹਨ; ਜਿਵੇਂ ‘ਕਿਸੈ ਦੇ ਭੁਲਾਏ, ਕਿਸੈ ਦੇ ਛਪਾਏ’। ਐਸੇ (ਪੜਨਾਂਵ+ਕਿਰਿਆ) ਵਾਕਾਂ ’ਚ ‘ਦੇ’ ਦੇ ਅਗੇਤਰ ਆਏ ਸ਼ਬਦਾਂ (ਨਾਂਵ ਹੋਣ ਜਾਂ ਪੜਨਾਂਵ) ਨੂੰ ‘ਦੁਲਾਵਾਂ ਅੰਤ’ ਜਾਂ ‘ਦੁਲੈਂਕੜ ਅੰਤ’ ਹੁੰਦੇ ਹਨ ਭਾਵ ਗੁਰਬਾਣੀ ਅੰਦਰ ਸਾਰੇ ਹੀ ਸੰਬੰਧਕੀ-ਚਿੰਨ੍ਹਾਂ ਨੇ ਆਪਣੇ ਤੋਂ ਅਗੇਤਰ ‘ਨਾਂਵ/ਪੜਨਾਂਵ’ ਉੱਤੇ ਆਪਣਾ ਪ੍ਰਭਾਵ ਪਾਉਣਾ ਹੀ ਹੁੰਦਾ ਹੈ; ਜਿਵੇਂ ਕਿ ਇਨ੍ਹਾਂ ਸਾਰੇ ਵਾਕਾਂ ’ਚ ‘ਦੇ’ ਨੇ ਆਪਣੇ ਤੋਂ ਅਗੇਤਰ ‘ਨਾਂਵ/ਪੜਨਾਂਵ’ ਨੂੰ ‘ਮੁਕਤਾ ਅੰਤ’ ਕੀਤਾ ਹੈ ਜਾਂ ‘ਦੁਲਾਵਾਂ ਅੰਤ’ ਯਾਨੀ ਸਾਰਿਆਂ ਨੂੰ ਆਪਣੇ ਅਸਲ ਰੂਪ ‘ਔਂਕੜ ਅੰਤ’ (ਇੱਕ ਵਚਨ ਪੁਲਿੰਗ ਨਾਂਵ) ਵਿੱਚ ਨਹੀਂ ਰਹਿਣ ਦਿੱਤਾ, ਪਰ ‘ਦੇ’ ਤੋਂ ਬਾਅਦ ਵਾਲ਼ੇ ਕਿਰਿਆਵਾਚੀ ਸ਼ਬਦ ਬਹੁ ਵਚਨ ਰੂਪ ਵਿੱਚ ਹੀ ਹਨ; ਇਉਂ ਹੀ ਸੰਬੰਧਕੀ ਤੋਂ ਪਿਛੇਤਰ ਆਉਣ ਵਾਲ਼ੇ ਸਾਰੇ ਨਾਂਵ; ਬਹੁ ਵਚਨ ਬਣਤਰ ਵਿੱਚ ਹੀ ਰਹਿੰਦੇ ਹਨ ਯਾਨੀ ਕਿ ਉਨ੍ਹਾਂ ਦੇ ‘ਮੁਕਤਾ ਅੰਤ’ ਰੂਪ ਨੂੰ ਸੰਬੰਧਕੀ-ਚਿੰਨ੍ਹ ਨਹੀਂ ਬਦਲਦੇ; ਜਿਵੇਂ ਕਿ ਹੇਠਲੇ ਵਾਕਾਂ ’ਚ ‘ਕੇ’ ਸੰਬੰਧਕੀ-ਚਿੰਨ੍ਹ ਤੋਂ ਬਾਅਦ ਵਾਲ਼ੇ ਸਾਰੇ ਨਾਂਵ ਆਪਣੇ ਅਸਲ ਰੂਪ ’ਚ ‘ਮੁਕਤਾ ਅੰਤ’ ਹਨ :
ਤਾ ‘ਕੇ ਅੰਤ’; ਨ ਪਾਏ ਜਾਹਿ ॥ (ਜਪੁ)
ਤਿਨ ‘ਕੇ ਨਾਮ’; ਅਨੇਕ ਅਨੰਤ ॥ (ਜਪੁ)
ਤਾ ‘ਕੇ ਰੂਪ’; ਨ ਕਥਨੇ ਜਾਹਿ ॥ (ਜਪੁ)
(4). ਅਜੋਕੀ ਪੰਜਾਬੀ ’ਚ ‘ਦੈ’ ਨੂੰ ਸੰਬੰਧਕੀ-ਚਿੰਨ੍ਹ ਵਜੋਂ ਨਹੀਂ ਵਰਤਿਆ ਜਾਂਦਾ ਪਰ ਗੁਰਬਾਣੀ ’ਚ ਇਹ 32 ਵਾਰ ਸੰਬੰਧਕੀ-ਚਿੰਨ੍ਹ ਹੈ। ਜਿੱਥੇ ‘ਕੇ’ ਅਤੇ ‘ਦੇ’ ਤੋਂ ਬਾਅਦ ਸਾਰੇ ਬਹੁ ਵਚਨ ਸ਼ਬਦ ਹੁੰਦੇ ਹਨ, ਓਥੇ ‘ਦੈ’ ਤੋਂ ਬਾਅਦ ਸਦਾ ਇੱਕ ਵਚਨ ਪੁਲਿੰਗ ਨਾਂਵ ਹੁੰਦਾ ਹੈ, ਪਰ ਉਸ ਨੂੰ (‘ਔਂਕੜ ਅੰਤ’ ਦੀ ਬਜਾਇ) ‘ਸਿਹਾਰੀ ਅੰਤ’ ਜਾਂ ‘ਦੁਲਾਵਾਂ ਅੰਤ’ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ‘ਨਾਲ਼, ਰਾਹੀਂ, ਦੁਆਰਾ, ਵਿੱਚ, ਉੱਤੇ, ਹੇਠਾਂ, ਤੋਂ, ਨੇ’ ਆਦਿਕ ਲੁਪਤ ਸੰਬੰਧਕੀ-ਚਿੰਨ੍ਹ ਮਿਲਦੇ ਹਨ; ਜਿਵੇਂ ਕਿ
ਤਿਸ ‘ਦੈ ਚਾਨਣਿ’ (ਨਾਲ਼); ਸਭ ਮਹਿ ਚਾਨਣੁ ਹੋਇ ॥ (ਸੋਹਿਲਾ/ਮਹਲਾ ੧/੧੩)
ਸੋ ਸੂਰਾ, ਪਰਧਾਨੁ ਸੋ; ‘ਮਸਤਕਿ ਜਿਸ ਦੈ’, ਭਾਗੁ ਜੀਉ ॥ (ਮਹਲਾ ੫/੧੩੨) (ਜਿਸ ‘ਦੈ ਮਸਤਕਿ’ ਉੱਤੇ)
ਸਚੇ ‘ਦੈ ਦਰਿ’ (’ਤੇ) ਜਾਇ (ਕੇ); ਸਚੁ ਚਵਾਂਈਐ ॥ (ਮਹਲਾ ੧/੧੪੫)
ਸਚੈ ‘ਦੈ ਦੀਬਾਣਿ’ (’ਚ); ਕੂੜਿ (ਨਾਲ਼) ਨ ਜਾਈਐ ॥ (ਮਹਲਾ ੧/੧੪੬)
ਮਨਮੁਖਾ ‘ਦੈ ਸਿਰਿ’ (’ਤੇ), ਜੋਰਾ ਅਮਰੁ ਹੈ; ਨਿਤ ਦੇਵਹਿ ਭਲਾ ॥ (ਮਹਲਾ ੪/੩੦੪) ਭਾਵ ਮਨਮੁਖਾਂ (ਕਾਮੀ ਲੋਕਾਂ) ਦੇ ਸਿਰ ਉੱਤੇ ਔਰਤਾਂ ਦਾ ਹੁਕਮ (ਚੱਲਦਾ ਹੈ, ਇਸ ਲਈ ਔਰਤਾਂ ਨੂੰ ਖ਼ੁਸ਼ ਰੱਖਣ ਲਈ) ਸਦਾ ਚੰਗੀਆਂ ਚੀਜ਼ਾਂ (ਲਿਆ ਲਿਆ) ਦੇਂਦੇ ਹਨ।
ਜਿਸ ‘ਦੈ ਚਿਤਿ’ (’ਚ) ਵਸਿਆ ਮੇਰਾ ਸੁਆਮੀ; ਤਿਸ ਨੋ ਕਿਉ ਅੰਦੇਸਾ, ਕਿਸੈ ਗਲੈ ਦਾ ਲੋੜੀਐ ?॥ (ਮਹਲਾ ੪/੫੫੦)
ਹਉ ਬਲਿਹਾਰੀ ਤਿਨ ਕਉ; ਸਿਫਤਿ ਜਿਨਾ ‘ਦੈ ਵਾਤਿ’ (ਮੂੰਹ ’ਚ) ॥ (ਮਹਲਾ ੧/੭੯੦)
ਤਿਸ ‘ਦੈ ਦਿਤੈ’ (ਨਾਲ਼) ਨਾਨਕਾ ! ਤੇਹੋ ਜੇਹਾ ਧਰਮੁ ॥ (ਮਹਲਾ ੩/੯੪੯)
ਤਿਸ ‘ਦੈ ਸਬਦਿ’ (ਰਾਹੀਂ); ਨਿਸਤਰੈ ਸੰਸਾਰਾ ॥ (ਮਹਲਾ ੩/੧੦੫੫)
ਮਤੁ ਸਰਮਿੰਦਾ ਥੀਵਹੀ; ਸਾਂਈ ‘ਦੈ ਦਰਬਾਰਿ’ (’ਚ) ॥ (ਸਲੋਕ/ਬਾਬਾ ਫਰੀਦ/੧੩੮੧)
ਸਜਣੁ ਸਚਾ ਪਾਤਿਸਾਹੁ; ‘ਸਿਰਿ ਸਾਹਾਂ ਦੈ’, ਸਾਹੁ ॥ (ਮਹਲਾ ੫/੧੪੨੬) (ਸਾਹਾਂ ‘ਦੈ ਸਿਰਿ’ ਉੱਤੇ)
(5). ਗੁਰਬਾਣੀ ’ਚ ‘ਦੈ’ ਸੰਬੰਧਕੀ; ਲੁਪਤ ਰੂਪ ਵਿੱਚ ਵੀ ਆਉਂਦਾ ਹੈ । ਪਛਾਣ ਓਹੀ ਹੈ ਕਿ ਇਸ ਤੋਂ ਬਾਅਦ ਵਾਲੇ ਇੱਕ ਵਚਨ ਪੁਲਿੰਗ ਨਾਂਵ ਨੂੰ ‘ਸਿਹਾਰੀ ਅੰਤ’ ਹੁੰਦੀ ਹੈ, ਜਿਹੜੀ ਕਿ ‘ਨਾਲ, ਵਿੱਚ, ਰਾਹੀਂ, ਤੋਂ, ਨੇ’ ਆਦਿਕ ਲੁਪਤ ਅਰਥ ਦਿੰਦੀ ਹੈ; ਜਿਵੇਂ ਕਿ
(ੳ). ਗੁਰ ਪ੍ਰਸਾਦਿ॥ ਭਾਵ (ਗੁਰ ‘ਦੈ ਪ੍ਰਸਾਦਿ‘) ਗੁਰੂ ਦੀ ਕਿਰਪਾ ਨਾਲ਼।
ਨੋਟ : ਅਕਸਰ ਕਿਹਾ ਜਾਂਦਾ ਹੈ ਕਿ ‘ਗੁਰ’ ਦਾ ਔਂਕੜ; ‘ਦੀ’ ਸੰਬੰਧਕੀ-ਚਿੰਨ੍ਹ ਨੇ ਹਟਾ ਦਿੱਤਾ, ਪਰ ‘ਪ੍ਰਸਾਦਿ’ (ਇੱਕ ਵਚਨ ਪੁਲਿੰਗ ਨਾਂਵ) ਦੀ ਸਿਹਾਰੀ ਅੰਤ; ‘ਗੁਰ’ ਤੋਂ ਬਾਅਦ ਲੁਪਤ ‘ਦੈ’ ਹੋਣ ਦਾ ਸੰਕੇਤ ਕਰਦੀ ਹੈ, ‘ਦੀ’ ਦਾ ਨਹੀਂ। ‘ਦੀ’ ਨਾਲ਼ ‘ਪ੍ਰਸਾਦਿ’ ਇਸਤਰੀ ਲਿੰਗ ਨਾਂਵ ਬਣਦਾ ਹੈ, ਜੋ ਕਿ ਨਹੀਂ ਹੈ। ਗੁਰਬਾਣੀ ਇਹੀ ਸੇਧ ਬਖ਼ਸ਼ਦੀ ਹੈ ਕਿ ‘ਗੁਰ ਦੈ ਪ੍ਰਸਾਦਿ’ ਜਾਂ ‘ਗੁਰ ਕੈ ਪ੍ਰਸਾਦਿ’ ਸਹੀ ਵਾਕ ਹੈ; ਜਿਵੇਂ ਕਿ ‘‘ਸਤਗੁਰ ਕੈ ਪਰਸਾਦਿ; ਸਹਜ ਸੇਤੀ ਰੰਗੁ ਮਾਣਇ ॥’’ (ਭਟ ਕਲੵ/੧੩੯੭)
(ਅ). ਜਿਹ ਪ੍ਰਸਾਦਿ॥ ਭਾਵ (ਜਿਹ ‘ਦੈ ਪ੍ਰਸਾਦਿ‘) ਅਰਥ : ਜਿਸ ਦੀ ਕਿਰਪਾ ਨਾਲ਼।
ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ॥ (ਭਗਤ ਕਬੀਰ ਜੀ/ਪੰਨਾ ੯੨) ਭਾਵ ਗੁਰ ‘ਦੈ ਪ੍ਰਸਾਦਿ‘ ਨਾਲ਼।
ਇਹ ਮਤਿ; ਗੁਰ ਪ੍ਰਸਾਦਿ ਮਨਿ ਧਾਰਉ ॥ (ਮਹਲਾ ੫/ਪੰਨਾ ੧੦੪) ਭਾਵ ਗੁਰ ‘ਦੈ ਪ੍ਰਸਾਦਿ‘ ਨਾਲ਼।
ਗੁਰ ਪ੍ਰਸਾਦਿ; ਕਿਨੈ+ਵਿਰਲੈ (ਨੇ) ਜਾਨਾ ॥ (ਮਹਲਾ ੫/ਪੰਨਾ ੧੮੬) ਭਾਵ ਗੁਰ ‘ਦੈ ਪ੍ਰਸਾਦਿ’ ਨਾਲ਼।
ਗੁਰ ਪ੍ਰਸਾਦਿ; ਵਿਰਲੈ (ਨੇ) ਹੀ ਗਵਿਆ (ਭੋਗਿਆ/ਪਹੁੰਚ ਕੀਤੀ)॥ (ਮਹਲਾ ੫/ਪੰਨਾ ੨੫੯) ਭਾਵ ਗੁਰ ਦੈ ਪ੍ਰਸਾਦਿ।
ਗੁਰ ਪ੍ਰਸਾਦਿ; ਨਾਨਕ ! ਹਉ ਛੂਟੈ ॥ (ਸੁਖਮਨੀ/ਮਹਲਾ ੫/ਪੰਨਾ ੨੭੮) ਭਾਵ ਗੁਰ ਦੈ ਪ੍ਰਸਾਦਿ ਨਾਲ਼ (ਅਹੰਕਾਰ ਦੂਰ ਹੁੰਦਾ ਹੈ)।
ਗੁਰ ਪ੍ਰਸਾਦਿ; ਤਤੁ ਸਭੁ ਬੂਝਿਆ ॥ (ਸੁਖਮਨੀ/ਮਹਲਾ ੫/ਪੰਨਾ ੨੮੧) ਭਾਵ ਗੁਰ ‘ਦੈ ਪ੍ਰਸਾਦਿ‘।
ਗੁਰ ਪ੍ਰਸਾਦਿ; ਕੋ ਵਿਰਲਾ ਜਾਗੇ ॥ (ਮਹਲਾ ੫/ਪੰਨਾ ੩੭੫) ਭਾਵ ਗੁਰ ‘ਦੈ ਪ੍ਰਸਾਦਿ’ ਨਾਲ਼।
ਗੁਰ ਪ੍ਰਸਾਦਿ; ਮੈ ਖੋਟੀ ਡੀਠੀ ॥ (ਮਹਲਾ ੫/ਪੰਨਾ ੩੯੨) ਭਾਵ ਗੁਰ ‘ਦੈ ਪ੍ਰਸਾਦਿ‘। ਅਰਥ : ਗੁਰੂ ਦੀ ਕਿਰਪਾ ਨਾਲ।
ਜਿਹ ਪ੍ਰਸਾਦਿ; ਪੀਵਹਿ ਸੀਤਲ ਜਲਾ ॥.. ਜਿਹ ਪ੍ਰਸਾਦਿ (ਨਾਲ਼); ਪਾਟ ਪਟੰਬਰ ਹਢਾਵਹਿ ॥.. ਜਿਹ ਪ੍ਰਸਾਦਿ; ਸੁਖਿ (ਨਾਲ਼) ਸੇਜ ਸੋਈਜੈ ॥.. ਜਿਹ ਪ੍ਰਸਾਦਿ; ਆਰੋਗ ਕੰਚਨ ਦੇਹੀ ॥ ..ਜਿਹ ਪ੍ਰਸਾਦਿ; ਤੇਰਾ ਓਲਾ ਰਹਤ ॥ (ਸੁਖਮਨੀ/ਮਹਲਾ ੫/ਪੰਨਾ ੨੭੦) ਭਾਵ ਜਿਹ ਦੈ ਪ੍ਰਸਾਦਿ ਜਾਂ ਜਿਸ ਦੀ ਕਿਰਪਾ ਨਾਲ਼।
ਨੋਟ : ਗੁਰਬਾਣੀ ’ਚ ਇੱਕ ਤੋਂ ਵੱਧ ਭਾਸ਼ਾਵਾਂ ਹੋਣ ਕਾਰਨ ‘ਦੈ’ ਅਤੇ ‘ਕੈ’ (ਸੰਬੰਧਕੀ-ਚਿੰਨ੍ਹ ਰੂਪ ’ਚ) ਦੇ ਅਰਥ ਤੇ ਲਿਖਤ ਨਿਯਮ ਇੱਕ ਸਮਾਨ ਹਨ; ਜਿਵੇਂ ਕਿ ‘ਪ੍ਰਭ ਕੈ ਸਿਮਰਨਿ’ ਜਾਂ ‘ਪ੍ਰਭੂ ਦੈ ਸਿਮਰਨਿ’ ਭਾਵ ‘ਪ੍ਰਭੂ ਦੇ ਸਿਮਰਨ ਨਾਲ਼’।
ਪ੍ਰਭ ਕੈ ਸਿਮਰਨਿ; ਗਰਭਿ ਨ ਬਸੈ ॥… ਪ੍ਰਭ ਕੈ ਸਿਮਰਨਿ; ਦੂਖੁ ਜਮੁ ਨਸੈ ॥…ਪ੍ਰਭ ਕੈ ਸਿਮਰਨਿ; ਦੁਸਮਨੁ ਟਰੈ ॥ (ਸੁਖਮਨੀ/ਮਹਲਾ ੫/ਪੰਨਾ ੨੬੨)
ਸੋ ‘ਰਾਮ ਦੇ ਪੈੱਨ’ ਵਾਕ ਨੂੰ ਗੁਰਬਾਣੀ ’ਚ ‘ਰਾਮ ਕੇ ਪੈੱਨ, ਰਾਮ ਦੈ ਪੈੱਨਿ ਜਾਂ ਰਾਮ ਪੈੱਨਿ’ ਲਿਖ ਸਕਦੇ ਹਾਂ, ਪਰ ‘ਰਾਮ ਦੈ ਪੈੱਨ, ਰਾਮ ਦੇ ਪੈੱਨਿ, ਰਾਮੁ ਪੈੱਨੁ ਜਾਂ ਰਾਮੁ ਦੇ ਪੈੱਨੁ’ ਬਿਲਕੁਲ ਨਹੀਂ ਲਿਖ ਸਕਦੇ।
ਸਿੱਟਾ : (ੳ). ਸੰਬੰਧਕੀ ‘ਕੇ’ ਹੋਵੇ ਜਾਂ ‘ਦੈ’, ‘ਕਾ’ ਹੋਵੇ ਜਾਂ ‘ਦਾ’; ਇਨ੍ਹਾਂ ਤੋਂ ਅਗੇਤਰ ਆਏ ਸ਼ਬਦ; ਇੱਕ ਵਚਨ ਪੁਲਿੰਗ ਨਾਂਵ ਹੋਣ ਜਾਂ ਬਹੁ ਵਚਨ ਨਾਂਵ ਜਾਂ ਪੜਨਾਂਵ ਜਾਂ ਇਸਤਰੀ ਲਿੰਗ ਨਾਂਵ ਹੋਵੇ; ਸੰਬੰਧਕੀ-ਚਿੰਨ੍ਹ ਦਾ ਰੂਪ ਇੱਕ ਸਮਾਨ ਰਹਿੰਦਾ ਹੈ; ਜਿਵੇਂ ਕਿ ‘ਭਗਤੀ ਦਾ ਫਲ਼, ਕਰਮ ਦਾ ਫਲ਼, ਕਰਮਾਂ ਦਾ ਫਲ਼, ਇਸ ਦਾ ਫਲ਼’ ਵਾਕਾਂ ’ਚ ‘ਭਗਤੀ’ ਇਸਤਰੀ ਲਿੰਗ ਹੈ, ਕਰਮ; ਇੱਕ ਵਚਨ ਨਾਂਵ ਹੈ, ‘ਕਰਮਾਂ’ ਬਹੁ ਵਚਨ ਨਾਂਵ ਹੈ ਅਤੇ ‘ਇਸ’; ਇੱਕ ਵਚਨ ਪੜਨਾਂਵ ਹੈ, ਫਿਰ ਵੀ ‘ਦਾ’ ਦੀ ਬਣਤਰ ਸਾਰੇ ਵਾਕਾਂ ’ਚ ਇੱਕ ਸਮਾਨ ਹੈ। ਕਿਤੇ ‘ਦੇ’ ਜਾਂ ‘ਦੀ’ ਨਹੀਂ ਹੋਇਆ।
(ਅ). ਵਿਆਕਰਨਿਕ ਨਿਯਮਾਂ ਮੁਤਾਬਕ ਸੰਬੰਧਕੀ-ਚਿੰਨ੍ਹ ਦੇ ਅਗੇਤਰ ਆਇਆ ਇੱਕ ਵਚਨ ਪੁਲਿੰਗ ਨਾਂਵ; ‘ਔਂਕੜ ਅੰਤ’ ਨਹੀਂ ਹੋਏਗਾ ਭਾਵੇਂ ਕਿ ਗੁਰਬਾਣੀ ਵਿੱਚ ਇੱਕ ਵਚਨ ਪੁਲਿੰਗ ਨਾਂਵ ਦਾ ਅਸਲ ਰੂਪ ‘ਔਂਕੜ ਅੰਤ’ ਹੁੰਦਾ ਹੈ, ਪਰ ਚੇਤੇ ਰਹੇ ਕਿ ‘ਸਿਹਾਰੀ ਅੰਤ’ (ਇੱਕ ਵਚਨ ਪੁਲਿੰਗ ਨਾਂਵਾਂ) ਵਿਚੋਂ ਲੁਪਤ ਸੰਬੰਧਕੀ ਮਿਲਦਾ ਹੈ; ਜਿਵੇਂ ਕਿ ‘ਗੁਰ ਪ੍ਰਸਾਦਿ, ਪ੍ਰਭ ਕੈ ਸਿਮਰਨਿ’ ਵਾਕਾਂ ਦੀ ਅੰਤਮ ਸਿਹਾਰੀ ’ਚੋਂ ‘ਨਾਲ਼’ (ਲੁਪਤ ਸੰਬੰਧਕੀ) ਮਿਲਿਆ ਹੈ ਅਤੇ ‘ਦੁਲਾਵਾਂ ਅੰਤ’ ’ਚੋਂ ਪ੍ਰਗਟ ਅਤੇ ਲੁਪਤ ਸੰਬੰਧਕੀ-ਚਿੰਨ੍ਹ ਮਿਲਦਾ ਹੈ; ਜਿਵੇਂ ਕਿ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’ (ਜਪੁ) ਵਾਕ ਦੇ ‘ਹੁਕਮੈ’ (ਇੱਕ ਵਚਨ ਪੁਲਿੰਗ ਨਾਂਵ) ਦੀਆਂ ਅੰਤਮ ਦੁਲਾਵਾਂ ’ਚੋਂ ‘ਅੰਦਰਿ’ (ਪ੍ਰਗਟ ਸੰਬੰਧਕੀ) ਅਤੇ ਅਗਲੇ ਵਾਕਾਂ ’ਚ ‘ਕਰਤੈ’ (ਕਰਤਾਰੈ) ਦੀਆਂ ਦੁਲਾਵਾਂ ਅੰਤ ’ਚੋਂ ‘ਨੇ’ (ਲੁਪਤ ਸੰਬੰਧਕੀ) ਮਿਲਦਾ ਹੈ ‘‘ਨਾਨਕ ! ਜਿਨਿ ਕਰਤੈ (ਨੇ) ਕਾਰਣੁ (ਮਾਇਆ) ਕੀਆ; ਸੋ ਜਾਣੈ ਕਰਤਾਰੁ ॥ (ਆਸਾ ਕੀ ਵਾਰ/ਮਹਲਾ ੧/੪੬੬), ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ (ਕਰਤਾਰ ਨੇ); ਹਰਿ ਕਰਤੈ (ਨੇ) ਸਭ ਕਲ ਧਾਰੀ ॥’’ (ਮਹਲਾ ੪/੫੦੭)
(ੲ). ਪਰ ਅਗਰ ਪ੍ਰਗਟ ਸੰਬੰਧਕੀ-ਚਿੰਨ੍ਹ ਤੋਂ ਪਹਿਲਾਂ ਕਿਸੇ ਸ਼ਬਦ ਨੂੰ ‘ਸਿਹਾਰੀ ਅੰਤ’ ਜਾਂ ‘ਔਂਕੜ ਅੰਤ’ ਹੋਵੇ ਤਾਂ ਉਹ, ਉਸ ਸ਼ਬਦ ਦੀ ਮੂਲਕ ਹੋਵੇਗੀ ਭਾਵ ਸ਼ਬਦ; ਅਨਭਾਸ਼ਾ ਦਾ ਤਤਸਮ ਹੋਵੇਗਾ, ਜਿੱਥੇ ਉਸ ‘ਲਗ’ ਦਾ ਉਚਾਰਨ ਹੁੰਦਾ ਹੈ। ਅਜਿਹੇ ਸ਼ਬਦਾਂ ਨੂੰ ਵਿਆਕਰਨਿਕ ਨਿਯਮਾਂ ’ਚ ਨਹੀਂ ਮੰਨਿਆ ਜਾਂਦਾ; ਜਿਵੇਂ ਕਿ ‘ਕਲਿਜੁਗ’ ਨੂੰ ਸੰਖੇਪ ’ਚ ‘ਕਲਿ’ ਕਰਕੇ ਅਤੇ ਬਿਖੂ (ਜ਼ਹਰ) ਨੂੰ ਸੰਖੇਪ ’ਚ ‘ਬਿਖੁ’ ਕਰਕੇ ਹੇਠਲੇ ਵਾਕਾਂ ਵਿੱਚ ਲਿਖਿਆ ਹੈ, ਜਿਨ੍ਹਾਂ ਨਾਲ਼ ਸੰਬੰਧਕੀ-ਚਿੰਨ੍ਹ ਵੀ ਹਨ। ਫਿਰ ਵੀ ਉਨ੍ਹਾਂ ਨੇ ਇਨ੍ਹਾਂ ਦੀ ਬਣਤਰ ‘ਕਲ’ ਜਾਂ ‘ਬਿਖ’ (ਮੁਕਤਾ ਅੰਤ) ਨਹੀਂ ਕੀਤੀ :
ਜੇ ਕੋ ਨਾਉ ਲਏ ਬਦਨਾਵੀ; ‘ਕਲਿ ਕੇ’ ਲਖਣ ਏਈ ॥ (ਮਹਲਾ ੧/ਪੰਨਾ ੯੦੨) ਇੱਥੇ ‘ਕਲਿ’ ਦੀ ਸਿਹਾਰੀ ਉਚਾਰਨ ਦਾ ਭਾਗ ਹੈ।
ਰਾਮ ਨਾਮੁ ਉਰ ਹਾਰੁ; ‘ਬਿਖੁ ਕੇ’ ਦਿਵਸ ਗਏ ॥ (ਮਹਲਾ ੫/ਪੰਨਾ ੪੫੮) ਇੱਥੇ ‘ਬਿਖੁ’ ਦੀ ਔਂਕੜ ਉਚਾਰਨ ਦਾ ਭਾਗ ਹੈ।
ਬਿਖੁ ਖਾਣਾ ਬਿਖੁ ਪੈਨਣਾ; ‘ਬਿਖੁ ਕੇ’ ਮੁਖਿ (’ਚ) ਗਿਰਾਸ ॥ (ਮਹਲਾ ੩/ਪੰਨਾ ੫੮੬)
ਚੇਤੇ ਰਹੇ ਕਿ ਉਕਤ ਤੁਕਾਂ ’ਚ ਵੀ ਸੰਬੰਧਕੀ ‘ਕੇ’ ਤੋਂ ਬਾਅਦ ਸਾਰੇ ਬਹੁ ਵਚਨ ਪੁਲਿੰਗ ਨਾਂਵ (ਮੁਕਤਾ ਅੰਤ) ਹੀ ਹਨ; ਜਿਵੇਂ ਕਿ ‘ਕਲਿ ਕੇ ਲਖਣ, ਬਿਖੁ ਕੇ ਦਿਵਸ, ਬਿਖੁ ਕੇ ਗਿਰਾਸ’।
ਸੋ ਗੁਰਬਾਣੀ ਦੇ ਲਿਖਣ ਢੰਗ ਤੋਂ ਅਣਜਾਣ ਸਿੱਖ; ਗੁਰਬਾਣੀ ਦੇ ਮਤਮਤੀ ਅਰਥ ਕਰਕੇ ਸਿੱਖ-ਸੰਗਤਾਂ ਵਿੱਚ ਦੁਬਿਧਾ ਪੈਦਾ ਕਰਦੇ ਰਹਿੰਦੇ ਹਨ। ਵਿਆਕਰਨਿਕ ਨਿਯਮਾਂ ਨੂੰ ਸਮਝ ਕੇ ਹੀ ਅਸੀਂ ਸਹੀ ਗੁਰਮਤਿ ਪ੍ਰਚਾਰ ਦੀ ਹਿਮਾਇਤ ਅਤੇ ਗ਼ਲਤ ਦਾ ਵਿਰੋਧ ਕਰਨਯੋਗ ਹੋਵਾਂਗੇ।