ਗੁਰਬਾਣੀ ਸ਼ਬਦਾਰਥਾਂ ’ਚ ਨਾ-ਮਾਤਰ ਅੰਤਰ ਵੀ ਨਾ ਸਮਝ ਲਈ ਵਿਵਾਦ ਦਾ ਕਾਰਨ ਬਣ ਸਕਦਾ ਹੈ।

0
410

ਗੁਰਬਾਣੀ ਸ਼ਬਦਾਰਥਾਂ ’ਚ ਨਾ-ਮਾਤਰ ਅੰਤਰ ਵੀ ਨਾ ਸਮਝ ਲਈ ਵਿਵਾਦ ਦਾ ਕਾਰਨ ਬਣ ਸਕਦਾ ਹੈ।

ਗਿਆਨੀ ਅਵਤਾਰ ਸਿੰਘ

(ੳ). ਸੁਖ ਸੇਵਾ ਅੰਦਰਿ ਰਖਿਐ; ਆਪਣੀ ਨਦਰਿ ਕਰਹਿ, ਨਿਸਤਾਰਿ ਜੀਉ ॥ (ਮ: ੧/੭੨) ਤੁਕ ’ਚੋਂ ‘ਰਖਿਐ’ ਸ਼ਬਦ ਦੇ ਟੀਕਾਕਾਰਾਂ ਨੇ ਇਉਂ ਅਰਥ ਕੀਤੇ ਹਨ :

(1). ਆਪਣੀ ਟਹਿਲ ਸੇਵਾ ਵਿੱਚ ਸਦੀਵੀ ਆਰਾਮ ਟਿਕਾਇਆ ਹੈ, ਆਪਣੀ ਦਇਆ ਧਾਰ ਕੇ ਤੂੰ ਜੀਵਾਂ ਨੂੰ ਬੰਦ ਖਲਾਸ ਕਰ ਦਿੰਦਾ ਹੈਂ। (ਸ. ਮਨਮੋਹਨ ਸਿੰਘ ਟੀਕਾਕਾਰ)

(2). ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਅੰਦਰ ਟਿਕਣ ਕਰਕੇ ਤੂੰ ਉਨ੍ਹਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਨ੍ਹਾਂ ਨੂੰ ਪਾਰ ਲੰਘਾ ਦਿੰਦਾ ਹੈਂ। (ਪ੍ਰਿੰਸੀਪਲ ਸਾਹਿਬ ਸਿੰਘ ਜੀ)

(3). (ਤੇਰੀ ਅੰਮ੍ਰਿਤਮਈ ਬਾਣੀ ਨੂੰ ਹਿਰਦੇ ਅੰਦਰ ਵਸਾਉਣਾ ਇਸ ਸਫਲ ਤੇ ਸਦਾ) ਸੁਖਦਾਈ ਸੇਵਾ ਨੂੰ ਅੰਦਰ ਰੱਖਣ ਨਾਲ (ਤੂੰ) ਆਪਣੀ ਬਖਸ਼ਿਸ਼ ਦੁਆਰਾ (ਭਉਜਲ ਤੋਂ) ਪਾਰ ਉਤਾਰਾ ਕਰ ਦਿੰਦਾ ਹੈਂ। (ਗਿਆਨੀ ਹਰਬੰਸ ਸਿੰਘ ਜੀ)

 ਉਕਤ ਤਿੰਨੇ ਟੀਕਾਕਾਰਾਂ ਚੋਂ ਪਹਿਲੇ ਨੇ ਰਖਿਐ ਦੇ ਅਰਥ ਕੀਤੇ ਹਨ ‘ਟਿਕਾਇਆ ਹੈ’, ਦੂਸਰੇ ਨੇ ‘ਟਿਕਣ ਕਰਕੇ’ ਤੇ ਤੀਜੇ ਨੇ ‘ਰੱਖਣ ਨਾਲ਼’ ਅਰਥ ਕੱਢਣ ਲਈ ਲੰਬੀ-ਚੌੜੀ ਭੂਮਿਕਾ ਬਣਾਉਣੀ ਪਈ।

 ਸੋ, ‘‘ਸੁਖ ਸੇਵਾ ਅੰਦਰਿ ਰਖਿਐ; ਆਪਣੀ ਨਦਰਿ ਕਰਹਿ, ਨਿਸਤਾਰਿ ਜੀਉ ॥’’ ਦੇ ਲਿਖਤ ਮੁਤਾਬਕ ਸਰਲ ਅਰਥ ਇਉਂ ਹੋ ਸਕਦੇ ਹਨ, ‘ਅਨੰਦ ਤੇ ਸੇਵਾ-ਭਗਤੀ ’ਚ ‘ਰੱਖਣ ਕਾਰਨ’ ਤੂੰ ਆਪਣੀ ਮਿਹਰ ਕਰਦਾ ਹੈਂ (ਤਾਂ ਜੋ ਜੀਵ ਸੰਸਾਰ ਤੋਂ) ਪਾਰ ਹੋ ਸਕੇ।’

(ਅ). ਗੁਰਮੁਖਿ ਸ਼ਬਦ ਨੂੰ ਵਾਚਦਿਆਂ ਵੀ ਮਤਭੇਦ ਪ੍ਰਗਟਾਏ ਗਏ ਹਨ; ਜਿਵੇਂ ਕਿ ‘‘ਗੁਰਮੁਖਿ ਰਵਹਿ ਸੋਹਾਗਣੀ; ਸੋ ਪ੍ਰਭੁ ਸੇਜ ਭਤਾਰੁ ॥’’ (ਮ: ੧/੨੧) ਤੁਕ ਦੇ ਟੀਕਾਕਾਰਾਂ ਨੇ ਇਉਂ ਅਰਥ ਕੀਤੇ ਹਨ :

(1). ਗੁਰੂ ਦੇ ਰਾਹੇ ਤੁਰਨ ਵਾਲ਼ੀਆਂ ਜੀਵ ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ। ਉਹ ਪ੍ਰਭੂ ਉਨ੍ਹਾਂ ਦੇ ਹਿਰਦੇ ਸੇਜ ਉੱਤੇ ਬੈਠਦਾ ਹੈ। (ਪ੍ਰਿੰਸੀਪਲ ਸਾਹਿਬ ਸਿੰਘ)

(2). ਉਹ ਸੁਆਮੀ ਕੰਤ, ਆਪਣੇ ਪਲੰਘ ਉੱਤੇ ਪਵਿੱਤਰ ਤੇ ਪਾਕ-ਦਾਮਨ ਪਤਨੀਆਂ ਨੂੰ ਭੋਗਦਾ ਹੈ। (ਸ. ਮਨਮੋਹਨ ਸਿੰਘ)

(3). ਗੁਰੂ ਦੁਆਰਾ ਸੋਹਾਗਣੀਆਂ ਉਸ ਸੇਜ (ਅੰਤਹਕਰਣ) ਦੇ ਮਾਲਕ ਪ੍ਰਭੂ ਨੂੰ ਮਾਣਦੀਆਂ ਹਨ। (ਸ਼ਬਦਾਰਥ)

(4). (ਅਜਿਹੀਆਂ) ਗੁਰਮੁਖ ਸੁਹਾਗਣ (ਜਗਿਆਸੂ) ਇਸਤ੍ਰੀਆਂ (ਆਪਣੇ ਪਤੀ ਪਰਮਾਤਮਾ ਦੇ ਪਿਆਰ ਦਾ ਅਕਹਿ) ਰਸ ਮਾਣਦੀਆਂ ਹਨ (ਕਿਉਂ ਕਿ) ਉਹ ਪ੍ਰਭੂ (ਉਨ੍ਹਾਂ ਦੀ ਹਿਰਦੇ ਰੂਪੀ) ਸੇਜ ਦਾ ਮਾਲਕ, (ਉਨ੍ਹਾਂ ਦੇ ਕੋਲ ਹੁੰਦਾ ਹੈ)। (ਗਿਆਨ ਹਰਬੰਸ ਸਿੰਘ)

 ਉਕਤ ਨੰਬਰ 3 ਤੋਂ ਇਲਾਵਾ ਬਾਕੀ ਸਭ ਵਿਦਵਾਨਾਂ ਨੇ ਗੁਰਮੁਖਿ ਦਾ ਅਰਥ ਬਹੁ ਵਚਨ (ਗੁਰੂ ਦੇ ਰਾਹੇ ਤੁਰਨ ਵਾਲ਼ੀਆਂ ਜੀਵ ਇਸਤ੍ਰੀਆਂ, ਪਵਿੱਤਰ ਤੇ ਪਾਕ-ਦਾਮਨ ਪਤਨੀਆਂ, (ਅਜਿਹੀਆਂ) ਗੁਰਮੁਖ ਸੁਹਾਗਣ (ਜਗਿਆਸੂ) ਇਸਤ੍ਰੀਆਂ) ਮੰਨਿਆ ਹੈ, ਜਦ ਕਿ ਗੁਰਬਾਣੀ ’ਚ ਬਹੁ ਵਚਨ ਅੰਤ ਮੁਕਤਾ ਹੈ; ਜੈਸਾ ਕਿ

ਵਾਹੁ ਵਾਹੁ ਗੁਰਮੁਖ ਸਦਾ ਕਰਹਿ; ਮਨਮੁਖ ਮਰਹਿ ਬਿਖੁ ਖਾਇ (ਕੇ) ॥ (ਮ: ੩/੫੧੫)

ਸੋ, ‘‘ਗੁਰਮੁਖਿ ਰਵਹਿ ਸੋਹਾਗਣੀ; ਸੋ ਪ੍ਰਭੁ ਸੇਜ ਭਤਾਰੁ ॥’’ ਦਾ ਸਰਲ ਅਰਥ ਬਣ ਸਕਦਾ ਹੈ ਕਿ ‘ਗੁਰੂ-ਗੁਰੂ, ਸੁਹਾਗਣਾਂ ਹੀ ਉਚਾਰਦੀਆਂ ਹਨ ਕਿਉਂਕਿ ਉਹ ਪਤੀ ਪ੍ਰਭੂ ਹਿਰਦੇ ਸੇਜ ਉੱਤੇ ਆ ਜਾਂਦਾ ਹੈ।’

ਧਿਆਨ ਰਹੇ ਕਿ ਗੁਰਬਾਣੀ ’ਚ ‘ਗੁਰਮੁਖਿ’ ਦਾ ਅਰਥ ‘ਗੁਰੂ’ ਵੀ ਹੈ; ਜਿਵੇਂ ਕਿ

(1). ਗੁਰਮੁਖਿ ਉਪਦੇਸੁ; ਦੁਖੁ ਸੁਖੁ ਸਮ ਸਹਤਾ ॥ (ਮ: ੫/੧੩੧) ਭਾਵ ਗੁਰੂ ਦਾ ਹੁਕਮ (ਕਮਾ ਕੇ ਮਨੁੱਖ) ਦੁੱਖ-ਸੁੱਖ ਨੂੰ ਬਰਾਬਰ ਜਾਣਦਾ ਹੈ।

(2). ਨਾਮੈ ਕੀ ਸਭ ਸੇਵਾ ਕਰੈ; ਗੁਰਮੁਖਿ ਨਾਮੁ ਬੁਝਾਈ ॥ (ਮ: ੩/੪੨੬) ਭਾਵ (ਰੱਬੀ) ਨਾਮ ਦੀ ਸਾਰੇ ਸੇਵਾ-ਭਗਤੀ ਕਰਦੇ ਹਨ (ਪਰ) ਗੁਰੂ ਹੀ (ਇਹ) ਨਾਮ ਨੂੰ ਸਮਝਾਉਂਦਾ ਹੈ।