ਗੁਰਸਿਖਾਂ ਕੀ ਹਰਿ ! ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ ॥

0
1203

ਗੁਰਸਿਖਾਂ ਕੀ ਹਰਿ  !  ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ ॥

              -ਗੁਰਪ੍ਰੀਤ ਸਿੰਘ  (USA)

ਗੁਰਸਿਖਾਂ ਕੀ ਹਰਿ  !  ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ ॥ (ਸਲੋਕ ਵਾਰਾਂ ਤੇ ਵਧੀਕ, ਮ: ੪, ਪੰਨਾ ੧੪੨੪)

ਉਪਰੋਕਤ ਤੁਕ ’ਚ ਧੂੜ ਦਾ ਮਤਲਬ ਮਿੱਟੀ ਜਾਂ ਚਰਨ ਧੂੜੀ ਨਹੀਂ ਹੈ ਬਲਕਿ ਧੂੜ ਤੋਂ ਮੁਰਾਦ ਗੁਰਸਿੱਖਾਂ ਦੀ ਸੰਗਤ ਹੈ ਤਾਂ ਕਿ ਉਹਨਾਂ ਵੱਲੋਂ ਅਪਣਾਏ ਗਏ ਮਾਰਗ ’ਤੇ ਤੁਰ ਕੇ ਸਾਡਾ ਵੀ ਉਧਾਰ ਹੋ ਸਕੇ; ਜਿਵੇਂ ਕਿ ਹੋਰ ਵੀ ਕੁਝ ਗੁਰ ਵਾਕ ਹਨ : ਧੁਰਿ ਆਪੇ ਜਿਨ੍ਾ ਨੋ ਬਖਸਿਓਨੁ ਭਾਈ  !  ਸਬਦੇ ਲਇਅਨੁ ਮਿਲਾਇ ॥ ਧੂੜਿ ਤਿਨ੍ਾ ਕੀ ਅਘੁਲੀਐ ਭਾਈ  !  ਸਤਸੰਗਤਿ ਮੇਲਿ ਮਿਲਾਇ ॥ (ਬਸੰਤੁ, ਮ: ੩, ਪੰਨਾ ੧੧੭੭), ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥ (ਗਉੜੀ ਕੀ ਵਾਰ, ਮ: ੪, ਪੰਨਾ ੩੦੬), ਆਦਿ।

ਅਗਾਂਹ ਇਹ ਅਰਥ ਹੋਰ ਵੀ ਸਪਸ਼ਟ ਹੋ ਜਾਂਦੇ ਹਨ ਕਿਉਂਕਿ ਇੱਕ ਗੁਰਸਿੱਖ ਦੂਜੇ ਦੇ ਪੈਰਾਂ ਦੀ ਮਿੱਟੀ, ਕਦੀ ਵੀ ਆਪਣੇ ਮੱਥੇ ’ਤੇ ਮਲਨ ਲਈ ਉਤਾਵਲਾ ਨਹੀਂ ਹੁੰਦਾ ਬਲਕਿ ਉਸ ਦੇ ਮਨ ਦੀ ਮੁਰਾਦ ਤਾਂ ਅੰਦਰਲੀ ਖੇਡ ਖੇਡਣ ਤੋਂ ਹੁੰਦੀ ਹੈ :  ਤਿਨ ਕੀ ਧੂੜਿ (ਸੰਗਤ) ਮਾਂਗੈ; ਮਨੁ ਮੇਰਾ ॥ ਜਿਨ ਵਿਸਰਹਿ ਨਾਹੀ; ਕਾਹੂ ਬੇਰਾ ॥ ਤਿਨ ਕੈ ਸੰਗਿ ਪਰਮ ਪਦੁ ਪਾਈ; ਸਦਾ ਸੰਗੀ ਹਰਿ ਨਾਲਕਾ (ਭਾਵ ਨਾਲ਼) ॥ (ਮਾਰੂ ਸੋਲਹੇ, ਮ: ੫, ਪੰਨਾ ੧੦੮੫)

ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦੀ ਧੂੜੀ ਨਾਲ ਇਸ਼ਨਾਨ ਕਰਨ ਦਾ ਮਤਲਬ ਵੀ, ਗੁਰੂ ਦੀ ਸਿੱਖਿਆ (ਬਚਨਾਂ) ਨਾਲ ਆਪਣਾ ਜੀਵਨ ਸੰਵਾਰਨਾ ਹੁੰਦਾ ਹੈ।  ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ’ਚ ਵਸਾਇਆਂ (ਅੰਦਰਲਾ ਇਸ਼ਨਾਨ) ਹੀ ਮਨੁੱਖਾ ਜੀਵਨ ਮਨੋਰਥ ਪੂਰਾ ਕੀਤਾ ਜਾ ਸਕਦਾ ਹੈ; ਜਿਵੇਂ ਕਿ ਪੰਚਮ ਪਿਤਾ ਜੀ ਫ਼ੁਰਮਾਉਂਦੇ ਹਨ : ਗੁਰ ਕੀ ਧੂੜਿ; ਕਰਉ ਇਸਨਾਨੁ ॥ ਸਾਚੀ ਦਰਗਹ; ਪਾਈਐ ਮਾਨੁ ॥ (ਮਲਾਰ, ਮ: ੫, ਪੰਨਾ ੧੨੭੦)

ਉਪਰੋਕਤ ਮੁੱਢਲੇ ਗਿਆਨ ਨੂੰ ਸਮਝ ਕੇ, ਅਪਣਾਉਣ ਦੀ ਬਜਾਏ ਅੱਜ ਅਸੀਂ ਬਾਹਰਮੁਖੀ ਤੇ ਅਵੇਸਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਕ ਬੇਅਦਬੀ ਕਰਨ ਦੇ ਆਦੀ ਹੋ ਗਏ ਹਾਂ।  ਸਬਦ ਗੁਰੂ ਦੇ ਗਿਆਨ ਨਾਲ ਮਨ ਨੂੰ ਰੁਸ਼ਨਾਉਣ ਦੀ ਬਜਾਇ ਸਰੋਵਰਾਂ ਦੀ ਗਾਰ ਨੂੰ ਗੁਰੂ ਦੀ ਧੂੜੀ ਸਮਝ ਕੇ ਵਰਤਣਾ ਤੇ ਫਿਰ ਸਰੀਰਕ ਅਰੋਗਤਾ ਜਾਂ ਕਿਸੇ ਚਮਤਕਾਰ ਜਾਂ ਰੱਬੀ ਬਖ਼ਸ਼ਸ਼ ਦੀ ਆਸ ਰੱਖਣਾ ਕਿਹੜੀ ਅਕਲਮੰਦੀ ਹੈ  ? ਸਾਰਾ ਮਸਲਾ ਤਾਂ ਅੰਦਰ ਦਾ ਹੈ, ਨਹੀਂ !  ਸਰੋਵਰ ਦੀ ਗਾਰ ਜਾਂ ਅਜਿਹੀਆਂ ਹੋਰ ਧੂੜਾਂ, ਸਰੀਰ ’ਤੇ ਮਲ਼ ਕੇ ਭਾਵੇਂ ਭੂਰੇ ਜੋਗੀਆਂ ਦੇ ਸਰਦਾਰ ਦਾ ਦੁਨਿਆਵੀ ਖ਼ਿਤਾਬ ਤਾਂ ਮਿਲ ਸਕਦਾ ਹੈ ਪਰ ਅਸਲ ਗੱਲ ਕੇਵਲ ਗੁਰੂ ਦੇ ਸ਼ਬਦ ਵਿੱਚ ਚਿੱਤ ਜੋੜ ਕੇ ਹੀ ਬਣਨੀ ਹੈ, ਯਥਾ : ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥  ਨ ਭੀਜੈ ਕੇਤੇ ਹੋਵਹਿ ਧੂੜ ॥  ਲੇਖਾ ਲਿਖੀਐ ਮਨ ਕੈ ਭਾਇ ॥  ਨਾਨਕ ਭੀਜੈ ਸਾਚੈ ਨਾਇ ॥ (ਸਾਰੰਗ ਕੀ ਵਾਰ, ਮ: ੧, ਪੰਨਾ ੧੨੩੭)

ਕਿਸੇ ਬੰਦੇ ਦੀ ਚਰਨ ਧੂੜੀ ਚੱਟਦੇ ਹੋਏ ਆਪ ਤਾਂ ਪਹਿਲਾਂ ਹੀ ਅਸੀਂ ਚਰਨਾਂ ਚ ਡਿੱਗੇ ਹੁੰਦੇ ਹਾਂ ਪਰ ਦੂਜੇ ਨੂੰ ਵੀ ਥੱਲੇ ਸੁੱਟਣ ਦਾ ਕਾਰਨ ਬਣਦੇ ਹਾਂ।  ਮੋਢੇ ਨਾਲ ਮੋਢਾ ਜੋੜ ਕੇ ਤਾਂ ਕੀ ਖੜ੍ਹਨਾ ਹੁੰਦਾ ਹੈ !  ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬੇਮੁੱਖ ਹੋਏ ਅਜਿਹੇ ਡਿੱਗੇ ਢੱਠੇ ਭਾਵੇਂ ਲੱਖ ਵਾਰੀ ‘ਰਾਜ ਕਰੇਗਾ ਖਾਲਸਾ’ ਉਚਾਰੀ ਜਾਣ, ਪਰ ਰੂਹਾਨੀਅਤ ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ।

ਗੁਰੂ ਪਿਆਰਿਉ  ! ਅਜੋਕੇ ਸਮੇਂ ’ਚ ਦਿਖਾਵੇ ਦੀ (ਫ਼ਰਜ਼ੀ) ਨਿਮ੍ਰਤਾ ਨਾਲ਼ੋਂ ਅੰਦਰੂਨੀ ਦ੍ਰਿੜ੍ਹਤਾ (ਅਡੋਲਤਾ) ਦੀ ਲੋੜ ਜ਼ਿਆਦਾ ਹੈ। ਸਹਿਨਸ਼ੀਲਤਾ ਤੇ ਸੰਤੋਖ ਹੋਵੇਗਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਸਿਧਾਂਤ ਦਾ ਪਿਆਰਾ ਲੱਗਣਾ ਯਕੀਨੀ ਹੈ। ਫਿਰ ਬਾਹਰ ਕਿਧਰੋਂ, ਕੋਈ ਵੀ ਧੂੜ ਫੱਕਣ ਦੀ ਜ਼ਰੂਰਤ ਨਹੀਂ ਪਵੇਗੀ; ਜੇ ਧੂੜ ਉੱਡੇਗੀ ਵੀ ਤਾਂ ਕੇਵਲ ਮਨ ਦੇ ਵਿਹੜੇ ਚ ਹੀ ਉੱਡਦੀ ਮਹਿਸੂਸ ਹੋਵੇਗੀ : ਚੜਿ ਚੇਤੁ ਬਸੰਤੁ ਮੇਰੇ ਪਿਆਰੇ !  ਭਲੀਅ ਰੁਤੇ ॥ ਪਿਰ ਬਾਝੜਿਅਹੁ ਮੇਰੇ ਪਿਆਰੇ  ! ਆਂਗਣਿ ਧੂੜਿ ਲੁਤੇ ॥ ਮਨਿ ਆਸ ਉਡੀਣੀ ਮੇਰੇ ਪਿਆਰੇ !  ਦੁਇ ਨੈਨ ਜੁਤੇ (ਜੁੜੇ) ॥ (ਆਸਾ, ਮ: ੪, ਪੰਨਾ ੪੫੨)