ਸਰਸਾ ਨਦੀ ਦੀ ਜੰਗ

0
1012

ਸਰਸਾ ਨਦੀ ਦੀ ਜੰਗ

ਸੁਖਜੀਤ ਸਿੰਘ ਕਪੂਰਥਲਾ  ਗੁਰਮਤਿ ਪ੍ਰਚਾਰਕ/ ਕਥਾਵਾਚਕ 201/6 ਮੁਹੱਲਾ ਸੰਤਪੁਰਾ, ਕਪੂਰਥਲਾ  98720-76876

ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਜਥਿਆਂ ਦੇ ਰੂਪ ’ਚ ਸਰਸਾ ਨਦੀ ਦੇ ਕੰਢੇ ’ਤੇ ਪਹੁੰਚੇ ਤਾਂ ਪਿੱਛਾ ਕਰਦੀ ਆ ਰਹੀ ਪਹਾੜੀ ਤੇ ਮੁਗ਼ਲ ਫ਼ੌਜ ਨੇ ਅਚਾਨਕ ਹਮਲਾ ਕਰ ਦਿੱਤਾ, ਭਾਵੇਂ ਕਿ ਉਸ ਸਮੇਂ ਦਾ ਹਾਲ ਕਵੀ ਆਪਣੀ ਕਲਪਨਾ ਰਾਹੀਂ ਬੰਦਗੀ ਦਾ ਸਮਾਂ ਦਰਸਾਉਦਾ ਹੈ, ‘ਜਬ ਮਹਿਵ ਬੰਦਗੀ ਹੂਏ ਨਾਨਕ ਕੇ ਜਾਨਹੀਂਨ।  ਆ ਟੂਟੇ ਖਾਲਸਾ ਪ: ਅਚਾਨਕ ਕਈ ਲਈਨ।’ (ਅਰਥ: ਮਹਿਵ-ਲੀਨ)

ਗੁਰੂ ਸਾਹਿਬ ਨੇ ਆਪਣੇ ਯੋਧਿਆਂ ਨੂੰ ਯੁੱਧ ਅਭਿਆਸਾਂ ਵਿੱਚ ਪਹਿਲਾਂ ਹੀ ਨਿਪੁੰਨ ਕੀਤਾ ਹੋਇਆ ਸੀ, ਜੋ ਹਰ ਹਾਲਤ ਦਾ ਮੁਕਾਬਲਾ ਕਰਨ ਵਿੱਚ ਸਦਾ ਮਾਹਰ ਰਹੇ ਸਨ :

ਗੋਬਿੰਦ ਸਿੰਘ ਕੇ ਸ਼ੇਰ ਭੀ ਫੌਰਨ ਬਿਫਰ ਗਏ।

ਤਲਵਾਰੇ ਸੂਤ ਸੂਤ ਕੇ ਰਨ ਮੇ ਉਤਰ ਗਏ। (ਅੱਲ੍ਹਾ ਯਾਰ ਖ਼ਾਂ ਯੋਗੀ)

ਹੁਣ ਜਦੋਂ ਸਿੰਘਾਂ ਨੇ ਦੇਖਿਆ ਕਿ ਵੈਰੀ ਆਪਣੇ ਸਾਰੇ ਵਾਅਦੇ ਤੇ ਕਸਮਾਂ ਤੋੜ ਕੇ ਟੁੱਟ ਪਿਆ ਹੈ ਤਾਂ ਸਿੰਘਾਂ ਨੇ ਜੰਗ ਦੇ ਮੈਦਾਨ ਦੀ ਕਮਾਨ ਸੰਭਾਲ ਲਈ, ‘ਮੈਦਾ ਕੋ ਏਕ ਆਨ ਮੇ ਚੌਰੰਗ ਕਰ ਦਿਯਾ। ਰੁਸਤਮ ਭੀ ਆਯਾ ਸਾਮਨੇ ਤੋਂ ਦੰਗ ਕਰ ਦਿਯਾ।’

ਯੋਧਿਆਂ ਨੇ ਜੰਗ ਦਾ ਐਸਾ ਮੈਦਾਨ ਭਖਾ ਦਿੱਤਾ, ਮਾਨੋ ਉਹ ਸਰਸਾ ਨਦੀ ਦੇ ਕੰਢੇ ਦਾ ਮੈਦਾਨ ਲਹੂ ਨਾਲ ਹੀ ਰੰਗਿਆ ਗਿਆ ਹੋਵੇ। ਜੰਗ ਵੀ ਇੰਨੀ ਜਬਰਦਸਤ ਕਿ:-ਰੁਸਤਮ ਭੀ ਆਯਾ ਸਾਮਨੇ ਤੋਂ ਦੰਗ ਕਰ ਦਿਆ। ‘ਰੁਸਤਮ’ ਇਰਾਨ ਦਾ ਮੰਨਿਆ ਪ੍ਰਮੰਨਿਆ ਪਹਿਲਵਾਨ ਸੀ।  ਮਾਨੋ ਰੁਸਤਮ ਵਰਗੇ ਬਹਾਦਰ ਵੀ ਕਲਗੀਧਰ ਪਾਤਸ਼ਾਹ ਦੇ ਸੂਰਬੀਰਾਂ ਦੇ ਅੱਗੇ ਟਿਕ ਨਹੀਂ ਸਕੇ, ‘ਸਤਗੁਰੂ ਕੇ ਗਿਰਦ ਸੀਨੋ ਕੀ ਦੀਵਾਰ ਖੇਂਚ ਲੀ। ਸੌ ਬਾਰ ਗਿਰ ਗਈ ਭੀ ਤੋ ਸੌ ਬਾਰ ਖੇਂਚ ਲੀ।’

ਹੁਣ ਵੈਰੀ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਜੋ ਘੇਰਾ ਸਿੰਘਾਂ ਨੇ ਕਲਗੀਧਰ ਦੇ ਦੁਆਲੇ ਬਣਾਇਆ ਸੀ (ਕਿਉਂਕਿ ਉਸ ਸਮੇਂ ਕਲਗੀਧਰ ਪਾਤਸ਼ਾਹ ਅਤੇ ਸਿੰਘ ਸੂਰਬੀਰ ‘ਆਸਾ ਕੀ ਵਾਰ’ ਦਾ ਕੀਰਤਨ ਕਰ ਰਹੇ ਸਨ) ਉਹ ਘੇਰਾ ਦੁਸ਼ਮਣਾਂ ਨੇ ਤੋੜ ਦਿੱਤਾ, ਪਰ ਸਿੰਘ ਸੂਰਬੀਰਾਂ ਨੇ ਉਹ ਘੇਰਾ ਕਲਗੀਧਰ ਪਾਤਸ਼ਾਹ ਦੇ ਦੁਆਲੇ ਫਿਰ ਕਸ ਲਿਆ, ‘ਖੰਜਰ ਉਦੂ ਕਾ ਦੇਖ ਕੇ ਤਲਵਾਰ ਖੇਂਚ ਲੀ। ਜ਼ਖ਼ਮੀ ਹੁਏ ਤੋ ਲਜੱਤੇ ਸੋ ਫਾਰ ਖੇਂਚ ਲੀ।’ ਭਾਵ ਜਦੋਂ ਵੈਰੀਆਂ ਨੇ ਖੰਜਰ ਕੱਢ ਕੇ ਮਾਰਨਾ ਚਾਹਿਆ ਤਾਂ ਸਿੰਘ ਸੂਰਬੀਰਾਂ ਨੇ ਤਲਵਾਰਾਂ ਸੂਤ ਲਈਆਂ। ਕਲਗੀਧਰ ਦੇ ਸੂਰਬੀਰ ਜ਼ਖ਼ਮੀ ਵੀ ਹੁੰਦੇ ਗਏ, ਪਰ ਨਾਲ ਦੇ ਨਾਲ ਸੂਰਬੀਰ ਯੋਧੇ ਕਮਾਨ ਰਾਹੀਂ ਤੀਰ ਵੀ ਚਲਾਉਂਦੇ ਰਹੇ।

ਵੈਰੀਆਂ ਨੇ ਘੇਰਾ ਪਾਇਆ ਹੋਇਆ ਹੈ, ਉਸ ਜਗ੍ਹਾ ਸਿੰਘਾਂ ਦੀ ਕਮਾਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਸੰਭਾਲ ਰਹੇ ਹਨ, ਜੋ ਕਿ ਵੈਰੀਆਂ ਦੇ ਆਹੂ ਲਾਹੁੰਦੇ ਜਾ ਰਹੇ ਨੇ, ਪਰ ਇੱਕ ਸਮਾਂ ਆ ਗਿਆ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਵੈਰੀਆ ਦੇ ਐਨ ਵਿਚਕਾਰ ਪੂਰੀ ਤਰ੍ਹਾਂ ਘਿਰ ਗਏ ।  ਐਨ ਮੌਕੇ ’ਤੇ ਭਾਈ ਉਦੈ ਸਿੰਘ (ਜੋ ਕਿ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਅਤੇ ਭਾਈ ਬਚਿਤਰ ਸਿੰਘ ਜੀ ਦੇ ਭਰਾਤਾ ਨੇ) ਬਿਜਲੀ ਦੀ ਫੁਰਤੀ ਵਾਂਗ ਆਏ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਇਸ ਘੇਰੇ ’ਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੇ।

ਉਹ ਭਾਈ ਜੈਤਾ ਜੀ ਜੋ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਲੈ ਕੇ ਅਨੰਦਪੁਰ ਦੀ ਧਰਤੀ ’ਤੇ ਪਹੁੰਚੇ ਸਨ ਤੇ ਬਾਲ ਗੁਰੂ ਗੋਬਿੰਦ ਰਾਏ ਜੀ ਨੇ ਇਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਕੇ ਪਿਆਰ ਦਿੱਤਾ, ‘ਰੰਘਰੇਟੇ ਗੁਰੂ ਕੇ ਬੇਟੇ’ ਦੀ ਅਸੀਂਸ ਨਾਲ ਨਿਵਾਜਿਆਂ। 1699 ਈ: ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣੇ ਸਨ, ਅੱਜ ਸਰਸਾ ਨਦੀ ਦੇ ਕੰਢੇ ’ਤੇ ਜੰਗ-ਏ-ਮੈਦਾਨ ਵਿੱਚ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ।

ਸਤਿਗੁਰੂ ਜੀ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਮੈਦਾਨ-ਏ-ਜੰਗ-ਵਿੱਚ ਆ ਗਏ।  ਜੋਗੀ ਅੱਲ੍ਹਾ ਯਾਰ ਖ਼ਾਂ ਇਸ ਕਿੱਸੇ ਨੂੰ ਹੋਰ ਅੱਗੇ ਵਧਾਉਂਦਿਆਂ ਹੋਇਆ ਲਿਖ ਰਹੇ ਨੇ:-

ਸਤਿਗੁਰੂ ਕੋ ਦੇਖ ਪੜ ਗਈ ਦੁਸ਼ਮਨ ਮੇ ਖਲਬਲੀ।

ਨਾਜਿਮ ਕੋ ਇਜਤਿਰਾਬ ਥਾ, ਰਾਜੋ ਕੋ ਬੇਕਲੀ।

ਜਦੋਂ ਹੁਣ ਵੈਰੀਆਂ ਨੇ ਤੱਕਿਆ ਕਿ ਕਲਗੀਧਰ ਪਾਤਸ਼ਾਹ ਆਪ ਤਲਵਾਰ ਲੈ ਕੇ ਮੈਦਾਨ-ਏ-ਜੰਗ ਵਿੱਚ ਆ ਗਏ ਨੇ। ਉਹਨਾਂ ਨੂੰ ਇਤਬਾਰ ਨਹੀਂ ਸੀ ਆ ਰਿਹਾ ਕਿ ਕਲਗੀਧਰ ਪਾਤਸ਼ਾਹ ਵੀ ਆਪ ਮੈਦਾਨ-ਏ-ਜੰਗ ਵਿੱਚ ਆ ਸਕਦੇ ਨੇ।

ਗੁਰੂ ਦਾ ਸਵਾਂਗ ਰਚਨਾ ਬੜੀ ਸੌਖੀ ਗੱਲ ਹੈ, ਪਰ ਗੁਰੂ ਬਣਨਾ ਬੜਾ ਔਖਾ। ਹੁਣ ਜਦੋਂ ਕਲਗੀਧਰ ਪਾਤਸ਼ਾਹ ਹੱਥ ਵਿੱਚ ਤਲਵਾਰ ਲੈ ਕੇ ਮੈਦਾਨ-ਏ-ਜੰਗ ਵਿੱਚ ਆਏ ਤਾਂ:-

ਕਹਥੇ ਥੇ ਇਨ ਕੀ ਜਬ ਕਬੀ ਤਲਵਾਰ ਹੈ ਚਲੀ।

ਸਰ ਲੇ ਕੇ ਫਿਰ ਹਜਾਰੋ ਕੇ ਹੀ ਹੈ ਬਲਾ ਟਲੀ।

ਵੈਰੀਆਂ ਨੂੰ ਪਤਾ ਲੱਗ ਗਿਆ ਕਿ ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਜੋ ਤਲਵਾਰ ਹੈ ਇਹ ਵੈਸੇ ਤਾਂ ਮਿਆਨ ਵਿੱਚੋਂ ਬਾਹਰ ਨਹੀਂ ਆਉਂਦੀ ਤੇ ਜੇਕਰ ਇਹ ਮਿਆਨ ’ਚੋਂ ਬਾਹਰ ਆ ਗਈ ਹੈ ਤਾਂ ਫਿਰ ਇਹ ਖ਼ਾਲੀ ਮਿਆਨ ਵਿੱਚ ਵਾਪਸ ਨਹੀਂ ਜਾਂਦੀ, ਇਹ ਤਲਵਾਰ ਸੈਂਕੜੇ ਸਿਰ ਲੈ ਕੇ ਹੀ ਮਿਆਨ ਵਿੱਚ ਵਾਪਸ ਜਾਏਗੀ।  ਸਰਸਾ ਨਦੀ ਦੇ ਕੰਢੇ ਉੱਪਰ ਵੈਰੀ ਇਕ ਦੂਜੇ ਨੂੰ ਕਹਿ ਰਹੇ ਨੇ:-

ਜਾਨੋ ਕੀ ਖੈਰ ਚਾਹਤੇ ਹੋ, ਮਿਲ ਕੇ ਘੇਰ ਲੋ।

ਕਿਸਮਤ ਚਲੀ ਹੈ ਹਾਥ ਸੇ, ਫਿਰ ਇਸ ਕੋ ਫੇਰ ਲੋ।

ਭਾਵ ਜੇਕਰ ਜਾਨ ਬਚਾਉਣੀ ਹੈ ਤਾਂ ਸਾਰੇ ਇਕੱਠੇ ਹੋ ਕੇ ਇੱਕੋ ਵਾਰੀ ਟੁੱਟ ਕੇ ਪੈ ਜਾਓ, ਇਸ ਤਰ੍ਹਾਂ ਕਲਗੀਧਰ ਦਾ ਅਸੀਂ ਮੁਕਾਬਲਾ ਕਰ ਸਕਾਂਗੇ।

ਸਤਗੁਰੂ ਨੇ ਰਾਜਪੂਤੋ ਕੇ ਛੱਕੇ ਛੁੜਾ ਦਿਏ।

ਮੁਗਲੋ ਕੇ ਵਲਵਲੇ ਭੀ ਜੋ ਥੇ ਸਬ ਮਿਟਾ ਦਿਏ।

ਸਤਿਗੁਰੂ ਜੀ ਤੇ ਸਿੰਘਾਂ ਨੇ ਮਿਲ ਕੇ ਬਾਈਧਾਰ ਦੇ ਪਹਾੜੀ ਰਾਜਿਆਂ ਦੀਆ ਫ਼ੌਜਾਂ ਅਤੇ ਮੁਗਲਾਂ ਦੇ ਛੱਕੇ ਛੁਡਾ ਦਿੱਤੇ ਤੇ ਵੈਰੀ ਫ਼ੌਜਾਂ ਨੂੰ ਲਿਤਾੜ ਕੇ ਰੱਖ ਦਿੱਤਾ।

ਦੁਸ਼ਮਨ ਕੋ ਅਪਣੀ ਤੇਗ ਕੇ ਜੌਹਰ ਦਿਖਾ ਦਿਏ।

ਕੁਸ਼ਤੋ ਕੇ ਏਕ ਆਨ ਮੇ ਪੁਸ਼ਤੇ ਲਗਾ ਦਿਏ।

ਕਲਗੀਧਰ ਅਤੇ ਸਿੰਘਾਂ ਨੇ ਆਪਣੀਆ ਤਲਵਾਰਾਂ ਦੇ ਐਸੇ ਜੌਹਰ ਵਿਖਾਏ ਕਿ ਸਰਸਾ ਨਦੀ ਦੇ ਕੰਢੇ ’ਤੇ ਦੁਸ਼ਮਣ ਫ਼ੌਜਾਂ ਦੀਆ ਲਾਸ਼ਾਂ ਦੇ ਢੇਰ ਲੱਗ ਗਏ।

ਰਾਜਾ ਜੋ ਚੜ ਕੇ ਆਏ ਥੇ ਬਾਰਹ ਪਹਾੜ ਸੇ।

ਪਛਤਾ ਰਹੇ ਥੇ ਜੀ ਮੇ, ਗੁਰੂ ਕੀ ਲਤਾੜ ਸੇ।

ਹੁਣ ਉਨ੍ਹਾਂ ਸਿਪਾਹੀਆਂ ਦੇ ਹੱਥ ਸਿਰਫ਼ ਪਛਤਾਵਾ ਹੀ ਰਹਿ ਗਿਆ ਕਿਉਂਕਿ ਉਨ੍ਹਾਂ ਵਾਅਦਾ ਖਿਲਾਫੀ ਕੀਤੀ, ਕਸਮਾਂ ਖਾ ਕੇ ਆਪਣੀ ਜ਼ਬਾਨ ਤੋਂ ਫਿਰ ਗਏ ਕਿ ਬਸ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫ਼ਤਾਰ ਕਰ ਲਈਏ ਜਾਂ ਮਾਰ ਕੇ ਸਿਰ ਵੱਢ ਲਿਆਈਏ, ਪਰ ਇੱਥੇ ਤਾਂ ਆਪਣੀ ਜਾਨ ਬਚਾਉਣੀ ਵੀ ਔਖੀ ਹੋ ਗਈ ਹੈ।

ਦੇਖਾ ਜੁਹੀ ਹੁਜੂਰ ਨੇ, ਦੁਸ਼ਮਨ ਸਿਮਟ ਗਏ।

ਬੜਨੇ ਕੀ ਜਗਹ ਖ਼ੌਫ ਸੇ ਨਾਮਰਦ ਹਟ ਗਏ।

ਜਦ ਵੈਰੀ, ਕਲਗੀਧਰ ਪਾਤਸ਼ਾਹ ਨੇ ਚਿਹਰੇ ’ਤੇ ਸ਼ਾਹੀ ਜਲਾਲ ਦੇਖਦੇ ਨੇ, ਤਾਂ ਉਨ੍ਹਾਂ ਕੋਲੋਂ ਕਲਗੀਧਰ ਪਾਤਸ਼ਾਹ ਦਾ ਚਿਹਰਾ ਤੱਕਿਆ ਨਹੀਂ ਜਾਦਾ। ਸਤਿਗੁਰੂ ਦੇ ਜੋਸ਼ ਅੱਗੇ ਕੋਈ ਵੈਰੀ ਖੜ੍ਹਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ ਤੇ ਵੈਰੀ ਫ਼ੌਜਾਂ ਪਿਛਾਂਹ ਹਟਣੀਆਂ ਸ਼ੁਰੂ ਹੋ ਗਈਆਂ।

ਘੋੜੇ ਕੋ ਏੜ ਦੇ ਕੇ ਗੁਰੂ ਰਨ ਮੇ ਡਟ ਗਏ।

ਫੁਰਮਾਏ ਬੁਜਦਿਲੋ ਸੇ ਕਿ ਤੁਮ ਕਯੋ ਪਲਟ ਗਏ।

ਕਲਗੀਧਰ ਪਾਤਸ਼ਾਹ ਵੈਰੀਆਂ ਨੂੰ ਸੰਬੋਧਨ ਹੋ ਕੇ ਕਹਿਣ ਲਗੇ ‘ਬੁਝਲਿਓ ! ਕਸਮਾਂ ਤੋੜਨ ਵਾਲਿਓ ! ਹੁਣ ਪਿਛਾਂਹ ਨੂੰ ਕਿਉਂ ਹਟ ਗਏ, ਪਿਛਾਂਹ ਨੂੰ ਨਾ ਹਟੋ।

ਅਬ ਆਉ ਰਨ ਮੇ, ਜੰਗ ਕੇ ਅਰਮਾਂ ਨਿਕਾਲ ਲੋ।

ਤੁਮ ਕਰ ਚੁਕੇ ਹੋ, ਵਾਰ ਹਮਾਰਾ ਸੰਭਾਲ ਲੋ।

ਤੁਸੀਂ ਜੋ ਅਰਮਾਨ ਦਿਲਾਂ ਵਿੱਚ ਲੈ ਕੇ ਆਏ ਹੋ, ਆਓ ਜੰਗ ਦੇ ਮੈਦਾਨ ਵਿੱਚ ਆਪਣੇ ਦਿਲਾਂ ਦੇ ਅਰਮਾਨ ਪੂਰੇ ਕਰ ਲਓ। ਤੁਸੀਂ ਤਾਂ ਆਪਣੀਆ ਕਸਮਾਂ ਤੋੜ ਕੇ ਸਾਡੇ ਉੱਪਰ ਵਾਰ ਕਰ ਲਿਆ ਹੈ, ਹੁਣ ਸਾਡਾ ਵੀ ਵਾਰ ਸਹਾਰ ਲਓ।

ਆਏ ਹੋ ਤੁਮ ਪਹਾੜ ਸੇ ਮੈਦਾਨਿ-ਜੰਗ ਮੇਂ।

ਬੱਟਾ ਲਗਾ ਕੇ ਜਾਤੇ ਹੋ ਕਯੋ ਨਾਮੋ-ਨੰਗ ਮੇਂ।

ਉਏ ! ਤੁਸੀਂ ਤਾਂ ਪਹਾੜਾ ਤੋਂ ਉਤਰ ਕੇ ਇੱਥੇ ਜੰਗ ਕਰਨ ਲਈ ਆਏ ਸੀ। ਹੁਣ ਆਪਣੇ ਵਡੇਰੇ ਰਾਜਪੂਤਾਂ ਦੇ ਨਾਮ ਨੂੰ ਵੱਟਾ ਕਿਉਂ ਲਗਾ ਰਹੇ ਹੋ, ਰਾਜਪੂਤਾਂ ਦੀ ਆਨ ਸ਼ਾਨ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਮੈਦਾਨ-ਏ-ਜੰਗ ਵਿੱਚੋਂ ਪਿੱਠ ਦਿਖਾ ਕੇ ਭੱਜ ਜਾਓ।

ਸੁਨਤੇ ਹੈ ਤੁਮ ਕੋ ਨਾਜ਼ ਹੈਂ ਤੀਰੋ ਤੁਫੰਗ ਮੇਂ।

ਹੁਸ਼ਯਾਰ ਸ਼ਹਸਵਾਰ ਹੋ ਮਾਹਿਰ ਖਦੰਗ ਮੇਂ।

ਮੈ ਤਾਂ ਸੁਣਿਆ ਸੀ ਕਿ ਤੁਹਾਡੇ ਪਾਸ ਤੀਰ-ਅੰਦਾਜ਼ੀ ਦੀ ਬਹੁਤ ਵਧੀਆ ਕਲਾ ਹੈ, ਮੈਨੂੰ ਨਹੀਂ ਲਗਦਾ ਕਿ ਤੁਹਾਡੇ ਪਾਸ ਕੋਈ ਐਸੀ ਕਲਾ ਹੈ।

ਦਸ ਬਾਰਹ ਤੁਮ ਮੇ ਰਾਜੇ ਹੈ ਦੋ ਇਕ ਨਵਾਬ ਹੈ।

ਫਿਰ ਹਮ ਸੇ ਜੰਗ ਕਰਨੇ ਮੇ ਕਯੋ ਇਜਤਿਨਾਬ ਹੈ।

ਪਾਤਸ਼ਾਹ ਕਹਿ ਰਹੇ ਨੇ ਤੁਸੀਂ ਦਸ ਬਾਰ੍ਹਾਂ ਰਾਜੇ ਇਕੱਠੇ ਹੋ ਕੇ ਆਪਣੀਆਂ ਫ਼ੌਜਾਂ ਲੈ ਕੇ ਆਏ ਹੋ ਤੇ ਇੱਕ-ਦੋ ਨਵਾਬ (ਲਾਹੌਰ ਤੇ ਸਰਹੰਦ ਦੇ) ਵੀ ਤੁਹਾਡੇ ਨਾਲ ਹਨ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਦਾਨ-ਏ-ਜੰਗ ਵਿੱਚ ਤੁਸੀਂ ਮੇਰੇ ਨਾਲ ਜੂਝਦੇ ਕਿਉਂ ਨਹੀਂ ? ਪਿਛਾਂਹ ਨੂੰ ਕਿਉਂ ਜਾ ਰਹੇ ਹੋ  ?

ਪਾਤਸ਼ਾਹ ਜਿੱਧਰ ਨੂੰ ਵੀ ਜਾਂਦੇ ਨੇ ਵੈਰੀਆਂ ਦੇ ਸੱਥਰ ਵਿਛਾਈ ਜਾ ਰਹੇ ਨੇ, ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਜੋ ਤਲਵਾਰ ਹੈ ਉਸ ਉੱਪਰ ਕਿਸੇ ਦੀ ਵੀ ਨਿਗਾਹ ਨਹੀਂ ਟਿਕ ਰਹੀ, ਮਾਨੋ ਤਲਵਾਰ ਚਮਕਾਂ ਮਾਰ ਰਹੀ ਹੋਵੇ।

ਜਮਤੀ ਨ: ਥੀ ਹੁਜੂਰ ਕੀ ਤਲਵਾਰ ਪਰ ਨਿਗਾਹ।

ਤੇਗੇ-ਗੁਰੂ ਪ: ਹੋਤਾ ਥਾ ਬਿਜਲੀ ਕਾ ਸ਼ਾਇਬਾਹ।

ਇਕ ਹਮਲੇ ਮੇ ਥਾ ਫ਼ੌਜ ਕਾ ਤਖਤਾ ਉਲਟ ਗਯਾ।

ਗੁਰੂ ਕੀ ਹਵਾਏ ਤੇਗ ਸੇ ਬਾਦਲ ਥਾ ਛਟ ਗਯਾ।

ਗੁਰੂ ਪਾਤਸ਼ਾਹ ਦੀ ਕਮਾਨ ਨੇ ਵੈਰੀਆਂ ਦੇ ਛੱਕੇ ਛੁਡਾ ਦਿੱਤੇ ਤੇ ਵੈਰੀਆਂ ਨੂੰ ਭਾਜੜਾਂ ਪੈ ਗਈਆ। ਜਿੱਧਰ ਨੂੰ ਵੀ ਉਨ੍ਹਾਂ ਨੂੰ ਰਾਹ ਮਿਲਿਆ ਉੱਧਰ-ਉੱਧਰ ਨੂੰ ਭੱਜਣ ਲਗੇ ਤਾਂ ਜੋ ਜਾਨ ਬਚਾਈ ਜਾ ਸਕੇ ਕਿਉਂਕਿ ਮੈਦਾਨ-ਏ-ਜੰਗ ਦੀ ਕਮਾਨ ਕਲਗੀਧਰ ਪਾਤਸ਼ਾਹ ਦੇ ਹੱਥ ਹੈ।  ਹੁਣ ਜੋ ਬਚ ਗਏ ਉਨ੍ਹਾਂ ਨੇ ਆਪਣੇ ਆਪਣੇ ਘਰਾਂ ਦਾ ਰਸਤਾ ਨਾਪ ਲਿਆ।

ਜੋ ਬਚ ਗਏ ਵੁਹ ਭਾਗ ਗਏ ਮੂੰਹ ਕੋ ਮੋੜ ਕਰ।

ਰਸਤਾ ਘਰੋ ਕਾ ਲੇ ਲਿਆ ਮੈਦਾ ਕੋ ਛੋੜ ਕਰ।

ਸਿੰਘੋ ਨੇ ਭੁਸ ਨਿਕਾਲ ਦਿਆ ਥਾ ਝੰਝੋੜ ਕਰ।

ਪਛਤਾਵੇ ਆਖਿਰਸ ਕੋ ਬਹੁਤ ਕੌਲ ਤੋੜ ਕਰ।

ਜੋਗੀ ਅੱਲ੍ਹਾ ਯਾਰ ਖ਼ਾਂ ਆਪਣੇ ਕਿੱਸੇ ਨੂੰ ਅੱਗੇ ਤੋਰਦਾ ਹੋਇਆ ਲਿਖਦਾ ਹੈ ਕਿ ਸਿੰਘਾਂ ਨੇ ਸ਼ਸਤ੍ਰਾਂ ਨਾਲ ਵੈਰੀਆਂ ਦੀਆਂ ਆਂਦਰਾਂ ਬਾਹਰ ਕੱਢ ਲਈਆਂ। ਵੈਰੀਆ ਦੇ ਪਾਸ ਹੁਣ ਪਛਤਾਵਾ ਹੀ ਰਹਿ ਗਿਆ ਸੀ ਕਿਉਂਕਿ ਧਰਮ ਖਿਲਾਫੀ ਕੀਤੀ, ਝੂਠੀਆਂ ਕਸਮਾਂ ਖਾਧੀਆਂ, ਜ਼ਬਾਨ ’ਤੇ ਵੀ ਨਾ ਰਹੇ ਤੇ ਪੱਲੇ ਵੀ ਕੁਝ ਨਾ ਪਿਆ, ਉਲਟਾ ਕਿੰਨਾ ਨੁਕਸਾਨ ਕਰਵਾ ਲਿਆ। ਵੈਰੀਆਂ ਦਾ ਝੁੰਡ ਜੋ ਚੁਪ-ਚਾਪ ਚੜ੍ਹਾਈ ਕਰ ਕੇ ਆਇਆ ਸੀ, ਸਿੰਘਾਂ-ਸੂਰਬੀਰਾਂ ਨੇ ਮਿਲ ਕੇ ਅੱਧੇ ਤੋਂ ਜ਼ਿਆਦਾ ਵੈਰੀਆਂ ਦੇ ਸੱਥਰ ਵਿਛਾ ਦਿੱਤੇ।

ਲਾਸ਼ੋ ਸੇ ਔਰ ਸਰੋ ਸੇ ਥਾ ਮੈਦਾਨ ਪਟ ਗਯਾ।

ਆਧੇ ਸੇ ਬੇਸ਼ ਲਸ਼ਕਰੇ-ਆਦਾ ਥਾ ਕਟ ਗਯਾ।

ਜਦ ਸਰਸਾ ਨਦੀ ਦੇ ਕੰਢੇ ’ਤੇ ਜੰਗ ਦਾ ਮੈਦਾਨ ਭੱਖਿਆ ਤਦ ਸਰਸਾ ਨਦੀ ਵਿੱਚ ਹੜ੍ਹ ਦਾ ਪਾਣੀ ਆਇਆ ਹੋਇਆ ਸੀ, ਕਈ ਸਿੰਘ ਸੂਰਬੀਰ ਜੂਝਦਿਆਂ ਹੋਇਆਂ ਸ਼ਹਾਦਤਾਂ ਦਾ ਜਾਮ ਵੀ ਪੀ ਗਏ ਸਨ।

‘ਤਵਾਰੀਖ ਗੁਰੂ ਖਾਲਸਾ’ ਵਿੱਚ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਸਰਸਾ ਨਦੀ ਤੱਕ ਪਹੁੰਚਣ ਵੇਲੇ ਸਿੰਘ-ਸੂਰਬੀਰ ਤੇ ਪਰਿਵਾਰਕ ਮੈਬਰਾਂ ਦੀ ਗਿਣਤੀ ਲਗਭਗ 1500 ਸੀ, ਪਰ ਸਰਸਾ ਨਦੀ ਨੂੰ ਪਾਰ ਕੇਵਲ 150 ਸਰੀਰਾਂ ਨੇ ਕੀਤਾ। ਇੱਥੇ ਸਰਸਾ ਦੇ ਪਾਣੀ ਵਿੱਚ ਕੀਮਤੀ ਖ਼ਜ਼ਾਨਾ ਵੀ ਭੇਂਟ ਚੜ੍ਹ ਗਿਆ। ਸਰਸਾ ਨਦੀ ਨੂੰ ਪਾਰ ਕਰਨ ਉਪਰੰਤ ਗੁਰੂ ਪਰਿਵਾਰ ਤਿੰਨ ਹਿਸਿਆਂ ਵਿੱਚ ਵੰਡਿਆ ਗਿਆ।  ‘ਤਵਾਰੀਖ ਗੁਰੂ ਖਾਲਸਾ’ ਅਨੁਸਾਰ ਸਰਸਾ ਨਦੀ ਦੇ ਠੰਡੇ ਪਾਣੀ ਬਾਰੇ ਗੁਰੂ ਪਾਤਸ਼ਾਹ ਨੇ ਬਚਨ ਕੀਤੇ । 

ਸਰਸਾ ਨਾਲੇ, ਕਾਲੇ ਦਿਲ ਵਾਲੇ, ਤੂੰ ਫੇਰ ਕਦੇ ਨਾ ਚੜੇਗਾ।  (ਤਵਾਰੀਖ ਗੁਰੂ ਖਾਲਸਾ-ਗਿਆਨੀ ਗਿਆਨ ਸਿੰਘ)

ਅੰਗਰੇਜ਼ ਇਤਿਹਾਸਕਾਰ ਕਨਿੰਘਮ, ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਨੂੰ ਸਮਝਣ ਲਈ ਸਾਨੂੰ ਇਕ ਤੇਜ਼ ਰਫ਼ਤਾਰ ਘੋੜੇ ’ਤੇ ਸਵਾਰ ਹੋਣਾ ਪਵੇਗਾ ਤੇ ਅਸੀਂ ਓਨੀ ਰਫ਼ਤਾਰ ਨਾਲ ਸਮਝਣ ਦੀ ਕੋਸ਼ਸ਼ ਕਰੀਏ, ਜਿੰਦਗੀ ਖ਼ਤਮ ਹੋ ਜਾਵੇਗੀ, ਪਰ ਕਲਗੀਧਰ ਨੂੰ ਪੂਰਾ ਨਹੀਂ ਸਮਝ ਪਾਵਾਂਗੇ। 

ਉਹ ਮਹਾਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੋ ‘ਖਾਲਸਾ ਪੰਥ’ ਦੇ ਸਿਰਜਣਹਾਰੇ ਨੇ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਪੂਜਨ ਯੋਗ ਬਣਾਇਆ, ਜੋ ਪਾਉਂਟੇ ਦੀ ਧਰਤੀ ਨੂੰ ਪਾਉਂਟਾ ਸਾਹਿਬ ਬਣਾ ਗਏ, ਉਨ੍ਹਾਂ ਤੋਂ ਜਦ ਵਜ਼ੀਰ ਖ਼ਾਂ ਨੇ ਆਪਣੀ ਹਾਰ ਹੁੰਦੀ ਵੇਖੀ ਤਾਂ ਉਹ ਦ੍ਰਿਸ਼ ਅੱਲ੍ਹਾ ਯਾਰ ਖ਼ਾਂ ਯੋਗੀ ਇਉਂ ਬਿਆਨ ਕਰਦੇ ਹਨ:-

ਸਰਹਿੰਦ ਕੇ ਨਵਾਬ ਕਾ ਫਕ ਰੰਗ ਹੋ ਗਯਾ।

ਲਸ਼ਕਰ ਕਾ ਹਾਲ ਦੇਖ ਕੇ ਵੁਹ ਦੰਗ ਹੋ ਗਿਆ।

 ਜਦ ਉਸ ਨੇ ਆਪਣੀਆ ਫ਼ੌਜਾਂ ਅਤੇ ਆਮ ਲਸ਼ਕਰ ਦੀ ਹਾਲਤ ਨੂੰ ਤੱਕਿਆ ਕਿ ਫ਼ੌਜਾਂ ਦੀ ਇੰਨੀ ਵਡੀ ਤਾਦਾਦ ਵਿੱਚ ਕੱਟ-ਵੱਢ ਹੋਈ ਪਈ ਹੈ ਤਾਂ ਉਸ ਦਾ ਰੰਗ ਉੱਡ ਗਿਆ ਕਿ ਇਹ ਕੀ ਹੋ ਗਿਆ ਹੈ ?

ਸਤਗੁਰੂ ਕੀ ਤੇਗੇ ਤੇਜ ਸੇ ਜਬ ਤੰਗ ਹੋ ਗਯਾ।

ਜਾਲਿਮ ਕਾ ਦਿਲ ਜੁ ਸਖਤ ਥਾ ਅਬ ਸੰਗ ਹੋ ਗਯਾ।

ਸਤਿਗੁਰੂ ਜੀ ਤੇ ਸਿੱਖ-ਸੂਰਬੀਰਾਂ ਨੇ ਮੈਦਾਨ-ਏ-ਜੰਗ ਵਿੱਚ ਜਦੋਂ ਆਪਣੇ ਸ਼ਸਤਰਾਂ ਦੇ ਜੌਹਰ ਦਿਖਾਏ, ਇਹ ਦੇਖ ਕੇ ਵਜ਼ੀਰ ਖ਼ਾਂ ਜੋ ਕਿ ਪਹਿਲਾਂ ਪੱਥਰ ਦਿਲ ਸੀ ਹੁਣ ਹੋਰ ਵੀ ਸਖ਼ਤ ਹੋ ਗਿਆ।  ਇਹ ਸਭ ਕਤਲੋਗਾਰਤ ਵੇਖ ਕੇ ਉਸ ਨੇ ਆਪਣੇ ਨਾਲ ਇੱਕ ਵਾਅਦਾ ਕੀਤਾ।

ਠਹਿਰਾਈ ਦਿਲ ਮੇ ਸਿੰਘੋ ਸੇ ਮੈਂ ਇੰਤਿਕਾਮ ਲੂੰ।

ਧੋਕੇ ਫਰੇਬ ਸੇ ਮੈ ਸਹਰ ਲੂੰ ਯਾ ਸ਼ਾਮ ਲੂੰ।

ਵਜ਼ੀਰ ਖ਼ਾਂ ਆਪਣੇ ਅੰਦਰ ਸੋਚ ਰਿਹਾ ਹੈ ਕਿ ਮੈਨੂੰ ਹੁਣ ਕੋਈ ਵੀ ਤਰੀਕਾ ਵਰਤਣਾ ਪਵੇ, ਜਿਨ੍ਹਾਂ ਮਰਜ਼ੀ ਧੋਖਾ ਫਰੇਬ ਕਰਨਾ ਪਵੇ ਮੈ ਸਿੰਘਾਂ ਤੋਂ ਇਸ ਕਤਲੋਗਾਰਤ ਦਾ ਬਦਲਾ ਜ਼ਰੂਰ ਲਵਾਂਗਾ। ਮੈ ਗੁਰੂ ਗੋਬਿੰਦ ਸਿੰਘ ਤੇ ਇਸ ਦੇ ਸਿੰਘਾਂ ਨੂੰ ਛੱਡਾਂਗਾ ਨਹੀਂ। ਵਜ਼ੀਰ ਖ਼ਾਂ ਨੇ ਇਹ ਜੋ ਕਸਮ ਖਾਧੀ, ਇਹ ਕਸਮ ਸਰਹੰਦ ਦੀਆਂ ਖ਼ੂਨੀ ਦੀਵਾਰਾਂ ਦੇ ਇਤਿਹਾਸ ਤੱਕ ਜਾਂਦੀ ਹੈ।