ਗੁਰਬਾਣੀ ਹੀ ਗੁਰਦੁਆਰੇ ਹਨ

0
427

ਗੁਰਬਾਣੀ ਹੀ ਗੁਰਦੁਆਰੇ ਹਨ

ਰਘਬੀਰ ਸਿੰਘ ਮਾਨ

ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ।

ਨਿਸ਼ਾਨ ਸਾਹਿਬ ਗੁਰਦੁਆਰੇ ਦਾ ਪ੍ਰਤੀਕ ਹੁੰਦਾ ਹੈ। ਦੂਰੋਂ ਹੀ ਕਿਸੇ ਪਿੰਡ ਵਿੱਚੋਂ ਨਿਸ਼ਾਨ ਸਾਹਿਬ ਵੇਖ ਕੇ ਗੁਰਦੁਆਰੇ ਬਾਰੇ ਪਤਾ ਚੱਲ ਜਾਂਦਾ ਹੈ ਕਿ ਗੁਰਦੁਆਰਾ ਇੱਥੇ ਹੈ ? ਨਿਸ਼ਾਨ ਸਾਹਿਬ ਦਾ ਅਰਥ ਇਹ ਵੀ ਹੈ ਕਿ ਇਸ ਥਾਂ ’ਤੇ ਗੁਰੂ ਘਰ ਹੈ, ਇੱਥੇ ਨਿਆਸਰਿਆਂ ਲਈ ਆਸਰਾ, ਨਿਤਾਣਿਆਂ ਲਈ ਤਾਣ, ਨਿਮਾਣਿਆਂ ਲਈ ਮਾਣ ਅਤੇ ਲੋੜਵੰਦਾਂ ਲਈ ਮਦਦ ਮਿਲ ਸਕਦੀ ਹੈ। ਨਿਸ਼ਾਨ ਸਾਹਿਬ ਸਿੱਖ ਧਰਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਵੀ ਹੈ। ਹਮੇਸ਼ਾ ਸਿੱਖ ਨੂੰ ਸਿਰ ਉੱਚਾ ਅਤੇ ਇਰਾਦਾ ਬੁਲੰਦ ਰੱਖਣ ਦੀ ਸਿੱਖਿਆ ਦਿੰਦਾ ਹੈ। ਇਸ ਲਈ ਇਹ ਸਿੱਖ ਲਈ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿਣ ਦਾ ਪ੍ਰਤੀਕ ਹੈ। ਇਸ ਦੇ ਥੜ੍ਹੇ ’ਤੇ ਸਿਰ ਸੁੱਟ ਲੈਣਾ, ਢਹਿੰਦੀ ਕਲਾ ਦੀ ਨਿਸ਼ਾਨੀ ਹੈ, ਜੋ ਅੱਜ ਕੱਲ੍ਹ ਬਹੁਤ ਸਾਰੇ ਸਿੱਖ ਕਰ ਰਹੇ ਹਨ। ਇਸ ਨੂੰ ਅਤੇ ਇਸ ਦੇ ਥੜ੍ਹੇ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਸਗੋਂ ਨਿਸ਼ਾਨ ਸਾਹਿਬ ਦੀ ਉਚਾਈ ਵੱਲ ਵੇਖ ਕੇ ਆਪਣੇ ਇਰਾਦੇ, ਗਿਆਨ, ਸੋਚ, ਆਚਰਨ, ਹੌਂਸਲਾ, ਦ੍ਰਿੜ੍ਹਤਾ ਅਤੇ ਗੁਰੂ ਪ੍ਰਤੀ ਪਰਪੱਕਤਾ ਇਸ ਦੀ ਉਚਾਈ ਜਿੰਨੀ ਬੁਲੰਦ ਅਤੇ ਉੱਚੀ ਰੱਖਣ ਦਾ ਪ੍ਰਣ ਕਰਨਾ ਚਾਹੀਦਾ ਹੈ।

ਕੀ ਗੁਰਦੁਆਰੇ ਪੈਸਿਆਂ ਨਾਲ ਹੀ ਮੱਥਾ ਟੇਕਣਾ ਚਾਹੀਦਾ ਹੈ ?

ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਇਆ ਨਾਲ ਮੱਥਾ ਟੇਕਣਾ ਕੋਈ ਗੁਰਮਤਿ ਸਿਧਾਂਤ ਨਹੀਂ ਹੈ। ਹੁਣ ਤੱਕ ਇਹ ਸਿੱਧ ਹੋਇਆ ਹੈ ਕਿ ਗੋਲਕਾਂ ਭਰਨ ਨਾਲ ਅਲਸੇਟਾਂ (ਉਲਝਣਾਂ) ਹੀ ਪੈਦਾ ਹੋਈਆਂ ਹਨ। ਮਨ ਦੀ ਮਲ਼ੀਨਤਾ ਹੀ ਵਧੀ ਹੈ। ਬੁਰਾਈਆਂ ਹੀ ਪੈਦਾ ਹੋਈਆਂ ਹਨ। ਗੁਰਦੁਆਰਾ ਕਮੇਟੀਆਂ ਵਿੱਚ ਝਗੜੇ ਹੀ ਪੈਦਾ ਹੋਏ ਹਨ। ਗੁਰਦੁਆਰਿਆਂ ਦੀ ਹਾਸੋ-ਹੀਣੀ ਹੀ ਹੋਈ ਹੈ। ਕਿਸੇ ਲੋੜਵੰਦ ਦੀ ਸਮੇਂ ਸਿਰ ਕੀਤੀ ਮਦਦ ਗੁਰੂ ਸਾਹਿਬ ਪ੍ਰਤੀ ਸਾਡੇ ਅਥਾਹ ਅਤੇ ਦਿਲੀ ਪਿਆਰ ਦੀ ਨਿਸ਼ਾਨੀ ਹੈ। ਲੋੜਵੰਦਾਂ ਲਈ ਸਾਡੇ ਦੁਆਰਾ ਕੀਤਾ ਹਰ ਕੰਮ ਗੁਰੂ ਸਾਹਿਬ ਨੂੰ ਪ੍ਰਵਾਨ ਹੈ। ਇਸ ਲਈ ਗੁਰਦੁਆਰੇ ਖ਼ਾਲੀ ਹੱਥ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣਾ ਕੋਈ ਬੁਰਾਈ ਨਹੀਂ ਹੈ। ਗੁਰਦੁਆਰੇ ਵਿੱਚ ਜਿਸ ਚੀਜ਼ ਦੀ ਜ਼ਰੂਰਤ ਹੋਵੇ ਉਸ ਵਿੱਚ ਆਪਣੀ ਵਿੱਤ ਅਨੁਸਾਰ ਹਿੱਸਾ ਪਾਇਆ ਜਾ ਸਕਦਾ ਹੈ।

ਗੁਰਦੁਆਰਿਆਂ ਵਿੱਚ ਜੋਤਾਂ ਜਗਾਉਣੀਆਂ

ਬਹੁਤ ਸਾਰੇ ਸਿੱਖ ਭਾਈ ਅਤੇ ਬੀਬੀਆਂ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਜਾ ਕੇ ਦੇਸੀ ਘਿਓ ਦੀ ਜੋਤ ਜਗਾਉਂਦੇ ਹਨ। ਗੁਰਦੁਆਰਿਆਂ ਵਿੱਚ ਜੋਤਾਂ ਜਗਾਉਣ ਲਈ ਇੱਕ ਖ਼ਾਸ ਥਾਂ ਵੀ ਨਿਸ਼ਚਿਤ ਕੀਤੀ ਗਈ ਹੁੰਦੀ ਹੈ। ਇਹ ਜੋਤ ਕਿਉਂ ਜਗਾਈ ਜਾਂਦੀ ਹੈ ? ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ, ਪਰ ਦੇਖਾ-ਦੇਖੀ ਸਭ ਜਗਾਈ ਜਾਂਦੇ ਹਨ। ਜੋਤ ਤਾਂ ਗੁਰਬਾਣੀ ਰਾਹੀਂ ਦਿੱਤਾ ਗੁਰੂ ਦਾ ਗਿਆਨ ਹੈ ਜੋ ਹਰੇਕ ਸਿੱਖ ਦੇ ਮਨ ਵਿੱਚ ਜਗਣਾ ਚਾਹੀਦਾ ਹੈ। ਜਦੋਂ ਵੀ ਕਿਤੇ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤ (ਰੱਬੀ ਗਿਆਨ) ਐਲਾਨਿਆ ਜਾਂਦਾ ਹੈ। ਗੁਰਬਾਣੀ ਵਿੱਚ ਫ਼ੁਰਮਾਨ ਕੀਤਾ ਗਿਆ ਹੈ ਕਿ, ‘‘ਮਨ  ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥ (ਮ: ੩/੪੪੧), ਸਭ ਮਹਿ ਜੋਤਿ; ਜੋਤਿ ਹੈ ਸੋਇ ॥  ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥’’ (ਮ: ੧/੧੩) ਭਾਵ ਸਾਰੇ ਜੀਵਾਂ ਵਿੱਚ ਇੱਕੋ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ। ਉਸ ਦੀ ਜੋਤ ਨਾਲ ਹੀ ਸਭ ਜੀਵਾਂ ਨੂੰ ਚਾਨਣ (ਸੂਝ-ਬੂਝ) ਹੁੰਦਾ ਹੈ, ਪਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ।

ਗੁਰਬਾਣੀ ਵਿੱਚ ਜੋਤਿ ਤੋਂ ਭਾਵ ‘ਗੁਰੂ ਦਾ ਗਿਆਨ, ਗੁਰੂ ਸ਼ਕਤੀ, ਰੱਬੀ ਨੂਰ’ ਹੈ। ਬਾਹਰਲੀਆਂ ਜੋਤਾਂ ਤਾਂ ਹਿੰਦੂ ਮੰਦਰਾਂ ਵਿੱਚ ਹੀ ਜਗਦੀਆਂ ਵੇਖੀਦੀਆਂ ਹਨ।  ਇਹ ਅਗਨੀ ਦੇਵਤੇ ਦੀ ਪੂਜਾ ਵੀ ਮੰਨੀ ਜਾਂਦੀ ਹੈ। ਫਿਰ ਗੁਰਬਾਣੀ ਤਾਂ ਕਿਸੇ ਦੇਵਤੇ ਨੂੰ ਮਾਨਤਾ ਹੀ ਨਹੀਂ ਦਿੰਦੀ। ਸਿੱਖ ਧਰਮ ਤਾਂ ਹਿੰਦੂ ਧਰਮ ਤੋਂ ਇਕਦਮ ਅਲੱਗ ਹੈ। ਫਿਰ ਗੁਰਦੁਆਰਿਆਂ ਵਿੱਚ ਜੋਤਾਂ ਕਿਉਂ… ?

ਗੁਰੂ ਸਾਹਿਬ ਨੂੰ ਵਿਆਹ ਦਾ ਸੱਦਾ-ਪੱਤਰ ਦੇਣਾ

ਇਹ ਵੀ ਇੱਕ ਰਿਵਾਜ ਪੈ ਗਿਆ ਹੈ ਕਿ ਜਦੋਂ ਪਰਿਵਾਰ ਵਿੱਚ ਕਿਸੇ ਬੱਚੇ ਦੀ ਸ਼ਾਦੀ ਤਹਿ ਹੋਈ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਦਾ ਦੇਣ ਲਈ ਕਾਰਡ ਅਤੇ ਨਕਲੀ ਦੁੱਧ ਤੋਂ ਬਣੀ ਮਠਿਆਈ ਦਾ ਡੱਬਾ ਗੁਰਦੁਆਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰੱਖ ਕੇ ਮੱਥਾ ਟੇਕਿਆ ਜਾਂਦਾ ਹੈ। ਇਸ ਦਾ ਅਰਥ ਹੈ ਕਿ ਗੁਰੂ ਸਾਹਿਬ ਨੂੰ ਦੁਨੀਆਵੀ ਵਿਅਕਤੀ ਸਮਝਿਆ ਜਾਂਦਾ ਹੈ ਅਤੇ ਵਿਆਹ ਵਿੱਚ ਬਾਕੀ ਲੋਕਾਂ ਵਾਂਗ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਦੂਸਰੀ ਗੱਲ ਜਿਸ ਵਿਆਹ ਵਿੱਚ ਗੁਰੂ ਸਾਹਿਬ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ ਉਸ ਵਿਆਹ ਵਿੱਚ ਕਈ ਕਿਸਮ ਦੀ ਮਹਿੰਗੀ ਅਤੇ ਵਿਦੇਸ਼ੀ ਸ਼ਰਾਬ ਅਤੇ ਕਈ ਕਿਸਮ ਦਾ ਮੀਟ ਪ੍ਰੋਸਿਆ ਜਾਂਦਾ ਹੈ। ਉਸ ਵਿਆਹ ਸਮਾਗਮ ਸਮੇਂ ਡੀ. ਜੇ. ’ਤੇ ਲੱਚਰ ਗੀਤ ਬਜਾਏ ਜਾਂਦੇ ਹਨ। ਕੀ ਅਜਿਹੇ ਵਿਆਹ ਸਮਾਗਮਾਂ ਸਮੇਂ ਗੁਰੂ ਸਾਹਿਬ ਨੂੰ ਸੱਦਾ ਦੇ ਕੇ ਉਹਨਾਂ ਦਾ ਨਿਰਾਦਰ ਕਰਨਾ ਨਹੀਂ ? ਕੀ ਗੁਰੂ ਸਾਹਿਬ ਕਿਸੇ ਵੀ ਵਿਆਹ ਵਿੱਚ ਸ਼ਾਮਲ ਹੁੰਦੇ ਹਨ ? ਕੀ ਇਹ ਵੀ ਇੱਕ ਮਤਮਤ ਨਹੀਂ ? ਸਿੱਖ ਦਾ ਫਰਜ਼ ਹੈ ਕਿ ਹਰ ਨਵੇਂ ਕਾਰਜ ਦੀ ਅਰੰਭਤਾ ਸਮੇਂ ਗੁਰੂ ਸਾਹਿਬ ਦਾ ਓਟ-ਆਸਰਾ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਜਾਂ ਕਰਾਈ ਜਾਵੇ, ਨਾ ਕਿ ਗੁਰੂ ਸਾਹਿਬ ਨੂੰ ਦੁਨੀਆਵੀ ਸਮਾਗਮਾਂ ਵਿੱਚ ਸੱਦਾ ਪੱਤਰ ਦਿੱਤੇ ਜਾਣ ਦਾ ਅਡੰਬਰ ਰਚਿਆ ਜਾਵੇ।

ਗੁਰਦੁਆਰਿਆਂ ਵਿੱਚ ਸੰਗਮਰਮਰ ਅਤੇ ਸੋਨਾ

ਗੁਰੂ ਗ੍ਰੰਥ ਸਾਹਿਬ ਅਤੇ ਸਮੁੱਚੇ ਸਿੱਖ ਅਸੂਲਾਂ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਸੋਨਾ ਚੜਾਉਣ, ਸੰਗਮਰਮਰ ਲਗਾਉਣ, ਵਿਸ਼ਾਲ ਬਿਲਡਿੰਗਾਂ ਬਣਾਉਣ, ਅਸਮਾਨ ਛੂਹਦੇ ਮਹਿਲ ਮੁਨਾਰੇ ਬਣਾਉਣ, ਹੀਰੇ ਮੋਤੀਆਂ ਨਾਲ ਜੜੇ ਚੰਦੋਏ ਲਾਉਣ, ਮਹਿੰਗੇ ਰੁਮਾਲੇ ਅਤੇ  ਚੌਰਾਂ ਵਰਤਣ ਦੀ ਕਿਤੇ ਵੀ ਸ਼ਲਾਘਾ ਨਹੀਂ ਕੀਤੀ ਗਈ। ਫਿਰ ਗੁਰਦੁਆਰਿਆਂ ਵਿੱਚ ਸਾਦਗੀ ਕਿਉਂ ਨਹੀਂ ਰੱਖੀ ਜਾਂਦੀ ? ਸਿੱਖ ਇਤਿਹਾਸਕ ਸਥਾਨਾਂ ਨੂੰ ਮਲ਼ੀਆਮੇਟ ਕਰ ਸੰਗਮਰਮਰ ਅਤੇ ਸੋਨਾ ਚੜ੍ਹਾਇਆ ਜਾ ਰਿਹਾ ਹੈ। ਲੋੜਵੰਦ ਸਿੱਖਾਂ ਲਈ ਗੁਰਦੁਆਰਿਆਂ ਵੱਲੋਂ ਹੱਥ ਪਿੱਛੇ ਖਿੱਚਿਆ ਜਾਂਦਾ ਹੈ। ਅਜਿਹੇ ਕੰਮਾਂ ਲਈ ‘ਕਾਰ ਸੇਵਾ’ ਦਾ ਸਿਸਟਮ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਸਮਝ ਦੀ ਘਾਟ ਕਾਰਨ ਬਹੁਤੇ ਪੁਰਾਤਨ ਯਾਦਗਰੀ ਨਿਸ਼ਾਨ ਮਿਟਾ ਦਿੱਤੇ ਗਏ ਹਨ।