ਸਾਰੀ ਧਰਤ ਲੁਕਾਈ
-ਰਘਬੀਰ ਸਿੰਘ ਮਾਨ
ਨਾਨਕ ਜੀ ਅੱਜ ਆ ਕੇ ਵੇਖੋ,
ਮੁੜ ਮਾਨਵਤਾ ਕੁਰਲਾਈ ।
ਫਿਰ ਸੋਧਣ ਦੀ ਲੋੜ ਹੈ ਜਾਪੇ,
ਸਾਰੀ ਧਰਤ ਲੁਕਾਈ।
‘ਦੁਆਰੇ ਪੱਕੇ, ਸਿੱਖ ਨੇ ਕੱਚੇ,
ਕੱਚੀ ਆਖ ਵਖਾਣੇ।
ਪੈਰਾਂ ’ਤੇ ਨੇ ਸੀਸ ਝੁਕਾਉਂਦੇ,
ਉਲਝ ਗਏ ਨੇ ਤਾਣੇ।
ਮਾਨਵ ਦਾ ਹਿੱਤ ਲਾਂਭੇ ਹੋਇਆ,
ਪੱਥਰਾਂ ਨੂੰ ਪ੍ਰਨਾਏ।
ਭੁੱਖੇ ਪਿਆਸੇ ਤਰਲੇ ਕਰਦੇ,
ਰੱਜਿਆਂ ਤਾਈਂ ਖਵਾਏ।
ਨਾਨਕ ਦੇ ਪੈਰਾਂ ਦੀ ਮਿੱਟੀ,
ਕੀ ਸੀ ਆਖ ਸੁਣਾਇਆ
ਖੜ੍ਹਿਆਂ ਨਾਲ, ਨਹੀਂ ਡਿੱਗਿਆਂ ਤਾਈਂ।
ਚੁੱਕ ਕੇ ਗਲ਼ੇ ਲਗਾਇਆ।
ਉਪਦੇਸ਼ ਰਬਾਬ ਦਾ ਫਿਰ ਗੂੰਜੇਗਾ,
ਪੜ੍ਹ ਅੱਖ਼ਰ ਕੋਈ ਜੇ ਜਾਵੇ।
ਮਾਨਵ ਦੀ ਪੀੜਾ ਨੂੰ ਸਮਝੇ,
ਮਾਨਵ ਲਈ ਮਰ ਜਾਵੇ।
ਪੀੜ-ਪਰੁੰਨੇ ਤਰਲੇ ਪਾਵਣ,
ਨਾਨਕ ਜੀ ਅੱਜ ਆਵੋ।
ਟਿੱਚ ਜਾਣ ਕੇ ਡਾਢਿਆਂ ਤਾਈਂ,
ਮੁੜ ਬਾਬਰਾਂ ਨੂੰ ਸਮਝਾਵੋ।
ਮੋਬਾਇਲ: 88728-54500