ਡਾ. ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ ।
ਡਾ. ਹਰਸ਼ ਚੈਰੀਟੇਬਲ ਟਰੱਸਟ ਪਿਛਲੇ ਗਿਆਰਾਂ ਸਾਲਾਂ ਤੋਂ ਲਗਾਤਾਰ ਪੰਜਾਬ ਦੀਆਂ ਗਰੀਬ ਬੇਸਹਾਰਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਿਹਾ ਹੈ । ਇਸ ਦੇ ਬਾਨੀ ਡਾ. ਹਰਸ਼ਿੰਦਰ ਕੌਰ ਅਤੇ ਡਾ. ਗੁਰਪਾਲ ਸਿੰਘ ਵੱਲੋਂ ਅੱਜ ਇੱਕ ਸੌ ਬਾਈ ਬੇਸਹਾਰਾ ਗਰੀਬ ਬੇਟੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਸਤੇ ਚੈੱਕ ਵੰਡੇ ਗਏ । ਇਹ ਟਰੱਸਟ ਦੋ ਹਜ਼ਾਰ ਅੱਠ ਤੋਂ ਗਰੀਬ ਬੱਚਿਆਂ ਨੂੰ ਸਕੂਲ ਦੀ ਫੀਸ ਦੇ ਚੈੱਕ ਦੇ ਰਹੀ ਹੈ ਅਤੇ ਇਸ ਵਿੱਚ ਹੁਣ ਤੱਕ ਤਿੰਨ ਸੌ ਚੁਹੱਤਰ ਬੇਟੀਆਂ ਮਦਦ ਲੈ ਚੁੱਕੀਆਂ ਹਨ। ਇਸ ਵਾਰ ਚਾਲੀ ਹੋਰ ਨਵੀਆਂ ਲੋੜਵੰਦ ਬੇਟੀਆਂ ਨੂੰ ਇਸ ਟਰੱਸਟ ਵਿੱਚ ਸ਼ਾਮਲ ਕੀਤਾ ਗਿਆ ਹੈ । ਇਸ ਟਰੱਸਟ ਰਾਹੀਂ ਉਨ੍ਹਾਂ ਗਰੀਬ ਬੇਟੀਆਂ ਦੀ ਮਦਦ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਤੇ ਉਨ੍ਹਾਂ ਕੋਲ ਕੋਈ ਕਮਾਈ ਦਾ ਸਾਧਨ ਨਾ ਹੋਵੇ । ਕੁੱਝ ਉਹ ਕਿਸਾਨ ਜੋ ਖ਼ੁਦਕੁਸ਼ੀ ਕਰ ਚੁੱਕੇ ਹਨ ਉਨ੍ਹਾਂ ਦੀਆਂ ਧੀਆਂ ਵੀ ਇਸ ਟਰੱਸਟ ਰਾਹੀਂ ਮਦਦ ਲੈ ਰਹੀਆਂ ਹਨ । ਇਹ ਬੇਟੀਆਂ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਕਰ ਰਹੀਆਂ ਹਨ। ਡਾਕਟਰ ਹਰਸ਼ਿੰਦਰ ਕੌਰ, ਜੋ ਇਸ ਟਰੱਸਟ ਦੇ ਪ੍ਰਧਾਨ ਹਨ, ਨੇ ਦੱਸਿਆ ਕਿ ਇਸ ਟਰੱਸਟ ਦਾ ਮਕਸਦ ਗਰੀਬ ਬੇਟੀਆਂ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰ ਕੇ ਮਾਦਾ ਭਰੂਣ ਹੱਤਿਆ ਵਿਰੁਧ ਆਵਾਜ਼ ਬੁਲੰਦ ਕਰ ਸਕਣ ਲਈ ਮਾਨਸਿਕ ਪੱਖੋਂ ਤਿਆਰ ਵੀ ਕਰਨਾ ਹੈ । ਡਾ. ਗੁਰਪਾਲ ਸਿੰਘ, ਜੋ ਇਸ ਟਰੱਸਟ ਦੇ ਜਨਰਲ ਸਕੱਤਰ ਹਨ, ਨੇ ਦੱਸਿਆ ਕਿ ਅੱਜ ਦੋ ਲੱਖ ਰੁਪਏ ਦੇ ਚੈੱਕ ਦੀ ਰਾਸ਼ੀ ਵੰਡ ਕੇ ਇਨ੍ਹਾਂ ਬੇਟੀਆਂ ਦੀ ਪੜ੍ਹਾਈ ਉੱਤੇ ਖਰਚ ਕੀਤੇ ਗਏ। ਇਸ ਮੌਕੇ ਜਗਰਾਉਂ , ਗੁਰਦਾਸਪੁਰ, ਤਰਨਤਾਰਨ , ਨਵਾਂ ਸ਼ਹਿਰ , ਬਟਾਲਾ, ਲੁਧਿਆਣਾ, ਜਲੰਧਰ, ਰੋਪੜ, ਪਟਿਆਲਾ, ਮਲੇਰਕੋਟਲਾ, ਅੰਮ੍ਰਿਤਸਰ , ਆਨੰਦਪੁਰ ਸਾਹਿਬ, ਸੰਗਰੂਰ ਅਤੇ ਕੁਰਾਲੀ ਆਦਿ ਤੋਂ ਅਨੇਕ ਬੇਟੀਆਂ ਆਪਣੀ ਫੀਸ ਦੇ ਚੈੱਕ ਲੈਣ ਇੱਥੇ ਪਹੁੰਚੀਆਂ ।
ਇਸ ਵਾਰ ਇੱਕ ਨਾਮਵਰ ਪੰਜਾਬੀ ਸਾਹਿਤਕਾਰ, ਜੋ ਮਾਲੀ ਪੱਖੋਂ ਕਾਫੀ ਤੰਗ ਹੋ ਚੁੱਕੇ ਸਨ, ਦੀਆਂ ਪੋਤਰੀਆਂ ਵੀ ਟਰੱਸਟ ਵਿੱਚ ਸ਼ਾਮਲ ਕੀਤੀਆਂ ਗਈਆਂ ਅਤੇ ਦੋ ਬੇਟੀਆਂ, ਜਿਨ੍ਹਾਂ ਦੇ ਮਾਂ ਅਤੇ ਪਿਓ ਦੋਵੇਂ ਖੁਦਕੁਸ਼ੀ ਕਰ ਚੁੱਕੇ ਸਨ, ਵੀ ਸ਼ਾਮਲ ਕੀਤੀਆਂ ਗਈਆਂ ! ਇਨ੍ਹਾਂ ਤੋਂ ਇਲਾਵਾ ਅਠੱਤੀ ਹੋਰ ਨਵੀਆਂ ਬੱਚੀਆਂ ਸ਼ਾਮਲ ਕੀਤੀਆਂ ਗਈਆਂ, ਜਿਨ੍ਹਾਂ ਦੇ ਮਾਲੀ ਹਾਲਾਤ ਕਾਫੀ ਖਰਾਬ ਸਨ । ਇਸ ਮੌਕੇ ਟਰੱਸਟ ਦੇ ਹੋਰ ਮੈਂਬਰ ਡਾ. ਸੁਖਮਨੀ ਕੌਰ, ਨਾਨਕ ਜੋਤ ਸਿੰਘ, ਦੀਪਕ ਵਰਮਾ, ਰੌਬਿਨ ਗਰਗ, ਲਖਵਿੰਦਰ ਸਿੰਘ, ਰਵੀ, ਰਾਜੂ ,ਲੀਬੀਆ, ਆਦਿ ਹਾਜ਼ਰ ਸਨ । ਇਸ ਮੌਕੇ ਸਾਰੀਆਂ ਬੱਚੀਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ, ਕਾਪੀਆਂ, ਪੈਨ, ਰਬੜ, ਪੈਨਸਲਾਂ ਵੰਡੀਆਂ ਗਈਆਂ ।
ਗੁਰਦਾਸਪੁਰ ਤੋਂ ਪਹੁੰਚੀ ਬੱਚੀ ਮਹਿਕ ਅਤੇ ਬਟਾਲੇ ਦੀ ਸਿਮਰਨਜੀਤ ਕੌਰ , ਜੋ ਇਸ ਟਰੱਸਟ ਰਾਹੀਂ ਮਦਦ ਲੈ ਰਹੀਆਂ ਹਨ, ਨੇ ਖਾਸ ਤੌਰ ਉੱਤੇ ਡਾ. ਹਰਸ਼ਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਇਸ ਟਰੱਸਟ ਰਾਹੀਂ ਮਦਦ ਨਾ ਮਿਲਦੀ ਤਾਂ ਸ਼ਾਇਦ ਉਹ ਕਦੇ ਨਾ ਪੜ੍ਹ ਸਕਦੀਆਂ। ਕੁਝ ਬੱਚਿਆਂ ਨੇ ਆਪਣੇ ਹੱਥੀਂ ਬਣਾ ਕੇ ਪੇਂਟਿੰਗਜ਼ ਅਤੇ ਸ਼ੁਕਰਾਨੇ ਦੇ ਕਾਰਡ ਵੀ ਡਾਕਟਰ ਹਰਸ਼ਿੰਦਰ ਕੌਰ ਨੂੰ ਭੇਂਟ ਕੀਤੇ ।
ਇਸਰੋ ਤੋਂ ਪ੍ਰਭਜੋਤ ਕੌਰ, ਜੋ ਜਸਜੀਤ ਕੌਰ ਦੀ ਬੇਟੀ ਹੈ , ਦੀ ਵੀ ਪੜ੍ਹਾਈ ਵਿੱਚ ਹੀ ਛੁੱਟ ਗਈ ਜਦੋਂ ਉਸ ਦੇ ਪਿਤਾ ਦੀ ਮੌਤ ਹੋਈ। ਉਹ ਵੀ ਆਪਣੀ ਪੜ੍ਹਾਈ ਦੁਬਾਰਾ ਸਿਰਫ ਡਾਕਟਰ ਹਰਸ਼ ਚੈਰੀਟੇਬਲ ਟਰੱਸਟ ਤੋਂ ਮਿਲੀ ਮਦਦ ਸਦਕਾ ਹੀ ਚਾਲੂ ਕਰ ਸਕੀ । ਪ੍ਰਨੀਤ ਕੌਰ ਬੇਟੀ ਸਰਦਾਰ ਵਿਕਰਮਜੀਤ ਸਿੰਘ ਦੀ ਪੜ੍ਹਾਈ ਵੀ ਪਿਤਾ ਦੇ ਗੁਰਦੇ ਦੀ ਬਿਮਾਰੀ ਕਰ ਕੇ ਛੁੱਟ ਗਈ ਸੀ। ਹੁਣ ਨੌਵੀਂ ਜਮਾਤ ਵਿੱਚ ਪੜ੍ਹ ਰਹੀ ਬੱਚੀ ਨੇ ਡਾ. ਗੁਰਪਾਲ ਸਿੰਘ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਪੈਸੇ ਦੀ ਕਮੀ ਖੁਣੋਂ ਉਹ ਸਕੂਲ ਨਹੀਂ ਸੀ ਜਾ ਰਹੀ ਪਰ ਡਾਕਟਰ ਹਰਸ਼ ਚੈਰੀਟੇਬਲ ਟਰੱਸਟ ਰਾਹੀਂ ਫੀਸ ਦੇ ਪੈਸੇ ਮਿਲਣ ਨਾਲ ਹੁਣ ਉਹ ਦੋ ਸਾਲਾਂ ਤੋਂ ਸਕੂਲ ਵਾਪਸ ਜਾ ਰਹੀ ਹੈ ।
ਡਾਕਟਰ ਗੁਰਪਾਲ ਸਿੰਘ ਅਤੇ ਡਾਕਟਰ ਹਰਸ਼ਿੰਦਰ ਕੌਰ ਨੇ ਇਸ ਮੌਕੇ ਸਾਰਿਆਂ ਦਾ ਉੱਥੇ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਹ ਟਰੱਸਟ ਐਨ.ਆਰ.ਆਈ. ਵੀਰਾਂ ਭੈਣਾਂ ਦੀ ਮਦਦ ਸਦਕਾ ਹੀ ਏਨੀਆਂ ਬੱਚੀਆਂ ਸ਼ਾਮਲ ਕਰ ਸਕੀ ਹੈ ।
ਡਾ. ਗੁਰਪਾਲ ਸਿੰਘ, ਸਕੱਤਰ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਟਰੱਸਟ ਵੱਲੋਂ ਪੜ੍ਹ ਰਹੀਆਂ ਇਸ ਸਾਲ ਦਸਵੀਂ ਪਾਸ ਕਰ ਚੁੱਕੀਆਂ ਪੈਂਤੀ ਬੱਚਿਆਂ ਨੇ ਪਚਾਸੀ ਫ਼ੀਸਦੀ ਤੋਂ ਵੱਧ ਨੰਬਰ ਲਏ ਹਨ । ਡਾ. ਹਰਸ਼ਿੰਦਰ ਕੌਰ, ਪ੍ਰਧਾਨ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਜਿਹੜੀਆਂ ਗਰੀਬ ਬੇਟੀਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਅਤੇ ਘਰ ਵਿੱਚ ਕਮਾਈ ਦਾ ਸਾਧਨ ਨਾ ਹੋਵੇ ਜਾਂ ਮਾਪੇ ਗੰਭੀਰ ਬੀਮਾਰੀ ਦੇ ਸ਼ਿਕਾਰ ਹੋਣ, ਉਹ ਬੱਚੀਆਂ ਦੱਸਵੀਂ ਤੱਕ ਦੀ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਲਈ ਡਾ. ਹਰਸ਼ ਚੈਰੀਟੇਬਲ ਟਰੱਸਟ ਵਿਖੇ ਸੰਪਰਕ ਕਰ ਸਕਦੀਆਂ ਹਨ ਅਤੇ ਪੜ੍ਹਨ ਲਈ ਮਦਦ ਲੈ ਸਕਦੀਆਂ ਹਨ। ਉਨ੍ਹਾਂ ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂਰਪ ਤੇ ਅਮਰੀਕਾ ਦੇ ਐਨ.ਆਰ.ਆਈ. ਵੀਰਾਂ ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਹੁਣ ਤੱਕ ਇਹ ਕੰਮ ਲਗਾਤਾਰ ਜਾਰੀ ਰਹਿ ਸਕਿਆ ਹੈ ।
ਡਾ. ਕੌਰ ਨੇ ਦੱਸਿਆ ਕਿ ਇਸ ਵਾਰ ਦੀਆਂ ਚਾਲੀ ਹੋਰ ਨਵੀਆਂ ਬੱਚਿਆਂ ਉੱਤੇ ਲੱਗਭੱਗ ਇੱਕ ਲੱਖ ਰੁਪਏ ਫਾਲਤੂ ਖਰਚਾ ਆਉਣ ਵਾਲਾ ਹੈ, ਜਿਸ ਲਈ ਉਨ੍ਹਾਂ ਨੇ ਲੋਕਾਂ ਨੂੰ ਮਦਦ ਵਾਸਤੇ ਅਗਾਂਹ ਆਉਣ ਲਈ ਬੇਨਤੀ ਕੀਤੀ ।