ਭਾਈ ਤਾਰਾ, ਹਵਾਰਾ, ਭਿਊਰਾ, ਲੱਖਾ, ਦਿਲਾਵਰ ਜਿਹੇ ਯੋਧੇ ਸਿੱਖ ਕੌਮ ਦੇ ਹੀਰੋ: ਕੋਆਰਡੀਨੇਸ਼ਨ ਕਮੇਟੀ
ਮਾਂ ਬਿਮਾਰ ਹੋਣ ’ਤੇ ਵੀ ਭਿਓਰਾ ਨੂੰ ਪੈਰੋਲ ਨਾ ਦੇਣਾ ਗੁਲਾਮੀ ਦਾ ਅਹਿਸਾਸ ਕਰਾਉਣਾ
ਭਾਈ ਤਾਰਾ ਦੇ ਕਬੂਲਨਾਮੇ ਨੇ ਸ਼ਹੀਦ ਊਧਮ ਸਿੰਘ ਦਾ ਇਤਿਹਾਸ ਦੁਹਰਾਇਆ: ਹਿੰਮਤ ਸਿੰਘ
ਨਿਊਯਾਰਕ : ਭਾਈ ਜਗਤਾਰ ਸਿੰਘ ਤਾਰਾ ਨੂੰ ਤਾਂ ਉਮਰ ਭਰ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾਉਣ ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਬੈਠੇ ਸਿੱਖਾਂ ਵਿੱਚ ਭਾਰਤੀ ਨਿਆਂ ਪ੍ਰਣਾਲੀ ਪ੍ਰਤੀ ਵਿਆਪਕ ਰੋਸ ਦੀ ਲਹਿਰ ਹੈ, ਇਸੇ ਤਹਿਤ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ. ਐਸ. ਏ.) ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਭਾਈ ਪਰਮਜੀਤ ਸਿੰਘ ਭਿਊਰਾ ਦੀ ਮਾਤਾ ਦੇ ਗੰਭੀਰ ਬਿਮਾਰ ਹੋਣ ’ਤੇ ਵੀ ਉਨ੍ਹਾਂ ਨੂੰ ਪੈਰੋਲ ਨਾ ਦੇ ਕੇ ਅਤੇ ਦੂਜੇ ਪਾਸੇ ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਭਰ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਕਮੇਟੀ ਨੇ ਕਿਹਾ ਹੈ ਕਿ ਹਾਲਾਂ ਕਿ ਜਗਤਾਰ ਸਿੰਘ ਤਾਰਾ ਨੇ ਬਿਅੰਤੇ ਪਾਪੀ ਨੂੰ ਸਜ਼ਾ ਯਾਫ਼ਤਾ ਕਰਨਾ ਖ਼ੁਦ ਕਬੂਲ ਕੇ ਸ਼ਹੀਦ ਊਧਮ ਸਿੰਘ ਦੇ ਇਤਿਹਾਸ ਨੂੰ ਦੁਹਰਾਇਆ ਹੈ।
ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਤੇ ਹੋਰ ਆਗੂਆਂ ਵਿੱਚ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਸ਼ਮਸ਼ੇਰ ਸਿੰਘ ਸ਼ੇਰਾ, ਭਾਈ ਗੁਰਮੀਤ ਸਿੰਘ, ਆਦਿ ਸਿੱਖ ਯੋਧੇ ਸਿੱਖ ਕੌਮ ਦੇ ਹੀਰੋ ਹਨ। ਜਦੋਂ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀਆਂ ਵਿਉਂਤਾਂ ਬੇਅੰਤ ਸਿੰਹੁ ਤੇ ਕੇ. ਪੀ. ਐਸ. ਗਿੱਲ ਨੇ ਗੁੰਦੀਆਂ ਸਨ ਤਾਂ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਬਣ ਕੇ ਇਨ੍ਹਾਂ ਸਿੱਖ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਕੌਮ ਦੇ ਨਾਮ ’ਤੇ ਕਰ ਦਿੱਤੀਆਂ ਸਨ। ਜਿਸ ਦਾ ਕਬੂਲ ਨਾਮਾ ਜਗਤਾਰ ਸਿੰਘ ਤਾਰਾ ਨੇ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਹਿੰਦੁਸਤਾਨੀ ਸਰਕਾਰਾਂ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਲਈ ਕੁੱਝ ਵੀ ਕਰ ਸਕਦੀਆਂ ਹਨ ਤੇ ਘੱਟ ਗਿਣਤੀਆਂ ਦੇ ਪੱਖ ਵਿੱਚ ਹੋਣ ਦਾ ਪਾਖੰਡ ਵੀ ਕਰਦੀਆਂ ਹਨ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਸਿੱਖ ਜੇਲ੍ਹਾਂ ਵਿੱਚ ਡੱਕੇ ਜਵਾਨੀਆਂ ਦਾਅ ’ਤੇ ਲਾ ਰਹੇ ਹਨ, ਪਰ ਕਦੇ ਵੀ ਭਾਰਤੀ ਹਕੂਮਤ ਨੇ ਸਿੱਖਾਂ ਦੇ ਮਸਲਿਆਂ ’ਤੇ ਗੰਭੀਰਤਾ ਨਾਲ ਗ਼ੌਰ ਨਹੀਂ ਕੀਤਾ, ਇਸ ਲਈ ਜੇਕਰ ਸਿੱਖ ਆਪਣਾ ਵੱਖਰਾ ਰਾਜ ਸਥਾਪਤ ਕਰਨ ਦੀ ਮੰਗ ਕਰ ਰਹੇ ਹਨ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜਦੋਂ ਵੀ ਸਿੱਖ ਹੋਮਲੈਂਡ ਹੋਂਦ ਵਿੱਚ ਆਊ ਤਾਂ ਇਨ੍ਹਾਂ ਕੌਮ ਦੇ ਹੀਰਿਆਂ ਅਤੇ ਇਨ੍ਹਾਂ ਦੇ ਵਾਰਸਾਂ ਨੂੰ ਅੱਖਾਂ ’ਤੇ ਬਿਠਾਇਆ ਜਾਵੇਗਾ।
ਜਾਰੀ ਕਰਤਾ:
ਹਿੰਮਤ ਸਿੰਘ, ਕੋਆਰਡੀਨੇਟਰ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ