ਅੱਜ ਵੀ ਆਉਂਦੀ ਹੈ ਤਾਏ ਧਰਮ ਚੰਦ ਦੀ ਯਾਦ

0
335

ਅੱਜ ਵੀ ਆਉਂਦੀ ਹੈ ਤਾਏ ਧਰਮ ਚੰਦ ਦੀ ਯਾਦ

-ਰਮੇਸ਼ ਬੱਗਾ ਚੋਹਲਾ 1348/17/, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) 94631-32719

ਤਾਏ ਧਰਮ ਚੰਦ ਨੂੰ ਸੰਸਾਰ ਛੱਡਿਆਂ ਤਕਰੀਬਨ ਦੋ ਦਹਾਕੇ ਹੋਣ ਵਾਲੇ ਹਨ, ਪਰ ਮੇਰੇ ਚੇਤੇ ਦੀ ਚੰਗੇਰ ਵਿਚ ਉਸ ਨਾਲ ਜੁੜੀਆਂ ਹੋਈਆਂ ਯਾਦਾਂ ਅਜੇ ਵੀ ਤਾਜ਼ੀਆਂ ਹਨ। ਬੇਸ਼ੱਕ ਤਾਇਆ ਧਰਮ ਚੰਦ ਸਰੀਰਕ ਅਪੰਗਤਾ ਦਾ ਸ਼ਿਕਾਰ ਸੀ ਪਰ ਆਪਣੇ ਹੱਥਾਂ ਦਾ ਸਚਿਆਰਾ ਸੀ। ਚੋਹਲਾ ਸਾਹਿਬ ਦੇ ਮੁੱਖ ਬਾਜ਼ਾਰ ਵਿਚ ਤਾਏ ਦੀ ਕੱਪੜੇ ਸਿਉਣ ਦੀ ਦੁਕਾਨ ਸੀ, ਜਿਸ ਕਾਰਨ ਉਹ ਕਿਸੇ ਦਾ ਮੁਥਾਜ਼ ਨਹੀਂ ਸੀ। ਕਸਬੇ ਵਿਚ ਤਾਏ ਦਾ ਮਾਣ-ਸਤਿਕਾਰ ਵੀ ਦਰਮਿਆਨੇ ਪੱਧਰ ਦਾ ਹੀ ਸੀ। ਇਲਾਕੇ ਦੇ ਕੁਝ ਲੋਕ ਉਸ ਨੂੰ ਧਰਮ ਚੰਦ ਟੇਲਰ ਮਾਸਟਰ ਆਖ ਕੇ ਬੁਲਾਉਂਦੇ ਅਤੇ ਕੁਝ ਲੋਕ ਧਰਮਾ ਦਰਜ਼ੀ ਕਹਿ ਕੇ ਹੀ ਸਾਰ ਲੈਂਦੇ। ਜਿਸਮਾਨੀ ਅੰਗ ਸਾਵੇਂ ਨਾ ਹੋਣ ਕਰ ਕੇ ਤਾਇਆ ਧਰਮ ਚੰਦ ਭਾਵੇਂ ਵਿਆਹ ਦੇ ਲੱਡੂ ਦਾ ਸੁਆਦ ਤਾਂ ਨਹੀਂ ਚੱਖ ਸਕਿਆ ਪਰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਰਿਹਾ। ਆਪਣੇ ਛੋਟੇ ਭਰਾ (ਮੇਰੇ ਵਾਲਿਦ) ਨੂੰ ਪੜ੍ਹਾਉਣ, ਵਿਆਹੁਣ ਅਤੇ ਕੰਮਕਾਜੀ ਬਣਾਉਣ ਵਿਚ ਤਾਏ ਦੀ ਵੱਡਮੁੱਲੀ ਭੂਮਿਕਾ ਰਹੀ ਹੈ।

ਸਾਰੀ ਹਯਾਤੀ ਦੋਵੇਂ ਭਰਾ ਬਾਬੇ ਵਾਰਿਸ ਦੇ ਬਚਨ ਮੁਤਾਬਕ ਇਕ ਦੂਜੇ ਦੀਆਂ ਬਾਹਾਂ ਬਣੇ ਰਹੇ ਅਤੇ ਜੀਵਨ ਦੇ ਘਾਟੇ-ਵਾਧੇ ਨੂੰ ਖਿੜ੍ਹੇ-ਮੱਥੇ ਸਵੀਕਾਰ ਕਰਦੇ ਰਹੇ। ਇਕ-ਦੂਜੇ ਦੇ ਸੁੱਖ-ਦੁੱਖ ਦਾ ਖਿਆਲ ਰੱਖਣਾ ਵੀ ਦੋਹਾਂ ਦੀ ਹੀ ਫ਼ਿਤਰਤ (ਮਿਜ਼ਾਜ) ਸੀ। ਉਮਰ ਦੇ ਵਡੇਰੇ ਪਾੜ੍ਹੇ ਕਾਰਨ ਤਾਇਆ ਬਾਪੂ ਦਾ ਭਰਾ ਘੱਟ ਅਤੇ ਬਾਪ ਵੱਧ ਲੱਗਦਾ ਸੀ। ਕਈ ਵਾਰ ਮੈਂ ਵੀ ਉਸ ਦੇ ਚੇਹਰੇ ਵਿਚੋਂ ਦਾਦੇ ਦੇ ਨਕਸ਼ ਤਲਾਸ਼ਣ ਲੱਗ ਪੈਂਦਾ ਸੀ।

ਘਰ ਦੀ ਵਿੱਤ-ਵਿਵਸਥਾ ਤਾਏ ਦੇ ਕੰਟਰੋਲ ਵਿਚ ਹੋਣ ਕਰ ਕੇ ਮੇਰੀਆਂ ਬਹੁਤੀਆਂ ਜ਼ਰੂਰਤਾਂ ਦੀ ਪੂਰਤੀ ਵੀ ਤਾਏ ਦੀ ਗੁੱਥਲੀ ਵਿਚੋਂ ਹੀ ਹੁੰਦੀ ਸੀ, ਭਾਵੇਂ ਤਾਇਆ ਥੋੜ੍ਹੀ-ਬਹੁਤੀ ਨਾਂਹ-ਨੁਕਰ ਕਰ ਵੀ ਦਿੰਦਾ ਪਰ ਅਖੀਰ ਗੁੱਥਲੀ ਨੂੰ ਹੱਥ ਪਾ ਹੀ ਲੈਂਦਾ ਸੀ। ਆਪ ਤਾਂ ਤਾਇਆ ਧਰਮ ਚੰਦ ਮਸਾਂ ਦੋ ਕੁ ਜਮਾਤਾਂ ਹੀ ਪਾਸ ਕਰ ਸਕਿਆ ਪਰ ਮੈਨੂੰ ਯੂਨੀਵਰਸਿਟੀ ਤੱਕ ਦਾ ਸਫ਼ਰ ਕਰਾਵਾਉਣ ਅਤੇ ਇਲਮੀ ਤੌਰ ’ਤੇ ਅਮੀਰ ਬਣਾਉਣ ਵਿਚ ਬੜਾ ਸਹਾਈ ਹੁੰਦਾ ਰਿਹਾ। ਉਸ ਵੱਲੋਂ ਪ੍ਰਦਾਨ ਕਰਵਾਈ ਅਮੀਰੀ ਕਾਰਨ ਹੀ ਮੈਂ ਪਿਛਲੇ ਦੋ ਦਹਾਕਿਆਂ ਤੋਂ ਇਕ ਇੱਜ਼ਤਦਾਰ ਅਤੇ ਪਰਉਪਕਾਰੀ ਸਰਕਾਰੀ-ਸੇਵਾ ਨਾਲ ਜੁੜਿਆ ਹੋਇਆ ਹਾਂ। ਤਾਇਆ ਧਰਮ ਚੰਦ ਵਿਦਿਆਰਥੀ ਜੀਵਨ ਵਿਚ ਸਮੇਂ ਦੇ ਮਹੱਤਤਾ ਤੋਂ ਵੀ ਜਾਣੂੰ ਸੀ।

ਤਾਇਆ ਸਮਝਦਾ ਸੀ ਕਿ ਵਿਦਿਆਰਥੀ-ਜੀਵਨ ਦਾ ਬਹੁਤਾ ਸਮਾਂ ਜੇਕਰ ਗੈਰਜ਼ਰੂਰੀ ਮਨੋਰੰਜਨ ਦੀ ਭੇਟ ਚੜ੍ਹ ਗਿਆ ਤਾਂ ਵਿਦਿਆਰਥੀ ਵਡੇਰੀਆਂ ਅਤੇ ਉਚੇਰੀਆਂ ਪ੍ਰਾਪਤੀਆਂ ਦਾ ਹੱਕਦਾਰ ਨਹੀਂ ਬਣ ਸਕਦਾ। ਇਸ ਲਈ ਉਹ ਰੇਡੀਓ ਨੂੰ ਵੀ ਘਰ ਲਿਆਉਣ ਦੇ ਹੱਕ ਵਿਚ ਨਹੀਂ ਸੀ, ਭਾਵੇਂ ਤਾਇਆ ਬੇਲੋੜੇ ਮਨੋਰੰਜਨ ਦੇ ਖਿਲਾਫ ਸੀ ਪਰ ਸਾਉਣ ਦੇ ਮਹੀਨੇ ਵਿਚ ਲੱਗਣ ਵਾਲੇ ਮੇਲਿਆਂ ਵਿਚ ਹਾਜ਼ਰੀ ਭਰਨੀ ਨਹੀਂ ਸੀ ਭੁੱਲਦਾ। ਇਨ੍ਹਾਂ ਮੇਲਿਆਂ ਵਿਚ ਤਾਏ ਦਾ ਵਧੇਰੇ ਸਾਥ ਮੈਨੂੰ ਹੀ ਦੇਣਾ ਪੈਂਦਾ ਸੀ। ਤਾਇਆ ਜਿੰਨਾ ਚਿਰ ਵੀ ਜੀਵਿਆ ਬੜੇ ਰੋਹਬ ਅਤੇ ਅਣਖ ਨਾਲ ਜੀਵਿਆ। ਲੋੜਾਂ-ਥੋੜ੍ਹਾਂ ਦੇ ਬਾਵਜ਼ੂਦ ਉਸ ਨੇ ਕਦੀ ਕਿਸੇ ਦੀ ਟੈਂ ਨਹੀਂ ਮੰਨੀ। ਉਸ ਦੇ ਹੱਥ ਵਿਚ ਫੜ੍ਹੀ ਹੋਈ ਡਾਂਗ ਜਿੱਥੇ ਉਸ ਦੀ ਕਦਮ-ਚਾਲ ਨੂੰ ਰਵਾਨਗੀ ਦਿੰਦੀ ਸੀ ਉੱਥੇ ਸੰਕਟਕਾਲੀਨ ਸਮੇਂ ਵਿਚ ਹਥਿਆਰ ਵੀ ਬਣ ਜਾਂਦੀ ਸੀ। ਜਦੋਂ ਵੀ ਉਸ ਨਾਲ ਕਦੇ ਕੋਈ ਵਧੀਕੀ ਜਾਂ ਹਮਲਾ ਹੁੰਦਾ ਤਾਂ ਉਸ ਦਾ ਢੁੱਕਵਾਂ ਜਵਾਬ ਤਾਇਆ ਉਸ ਡਾਂਗ ਨਾਲ ਹੀ ਦਿੰਦਾ।

ਤਾਏ ਧਰਮ ਚੰਦ ਨਾਲ ਜੁੜਿਆ ਹੋਇਆ ਇਕ ਪੱਖ ਇਹ ਵੀ ਸੀ ਕਿ ਉਹ ਨਿੰਦਿਆ-ਚੁਗ਼ਲੀ ਨੂੰ ਬਹੁਤ ਹੀ ਨਫ਼ਰਤ ਕਰਦਾ ਸੀ।

ਜਦੋਂ ਤਾਇਆ ਘਰ ਹੁੰਦਾ ਸੀ ਤਾਂ ਕੋਈ ਚੁਗ਼ਲ ਸੁਭਾਅ ਦੀ ਤੀਵੀ ਸਾਡੀ ਦਹਲੀਜ਼ ’ਤੇ ਪੈਰ ਨਹੀਂ ਸੀ ਧਰਦੀ। ਜੇ ਗ਼ਲਤੀ ਨਾਲ ਕਿਤੇ ਆ ਵੀ ਜਾਂਦੀ ਤਾਂ ਤਾਏ ਦੇ ਮੱਥੇ ਲੱਗਣ ਸਾਰ ਹੀ ਬੇਰੰਗ ਹੋ ਜਾਂਦੀ। ਪਿਛਲੀ ਉਮਰ ਵਿਚ ਜਾ ਕੇ ਤਾਏ ਨੂੰ ਕਈ ਨਿੱਕੀਆਂ-ਮੋਟੀਆਂ ਬਿਮਾਰੀਆਂ ਨੇ ਘੇਰਾ ਪਾ ਲਿਆ ਸੀ। ਖੰਘ, ਜ਼ੁਕਾਮ ਅਤੇ ਬੁਖਾਰ ਉਸ ਨੂੰ ਅਕਸਰ ਹੀ ਘੇਰੀ ਰੱਖਦੇ ਸਨ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਹਿੱਤ ਤਾਇਆ ਕੁਝ ਓਹੜ-ਪੋਹੜ ਜਿਹੇ ਤਾਂ ਕਰ ਛੱਡਦਾ ਪਰ ਕਿਸੇ ਮਾਹਰ (ਕਸਬੇ ਵਿਚ ਮਾਹਰ ਡਾਕਟਰਾਂ ਦੀ ਘਾਟ ਕਾਰਨ) ਡਾਕਟਰ ਤੱਕ ਪਹੁੰਚ ਨਾ ਕਰਦਾ ਅਤੇ ਇਸ ਨਾ ਪਹੁੰਚ ਕਾਰਨ ਹੀ ਉਹ ਇਕ ਠਰੀ ਰਾਤ ਵਿਚ ਰੱਬ ਨੂੰ ਪਿਆਰਾ ਹੋ ਗਿਆ। ਅੱਜ ਮਹਾਨਗਰ ਵਿਚ ਰਹਿੰਦਿਆਂ ਭਾਵੇਂ ਦੋ ਦਹਾਕੇ ਹੋ ਚੱਲੇ ਹਨ ਪਰ ਇੰਝ ਲੱਗਦਾ ਹੈ ਜਿਵੇਂ ਇਹ ਗੱਲਾਂ ਕੱਲ੍ਹ ਦੀਆਂ ਹੀ ਹੋਣ ਤੇ ਤਾਇਆ ਧਰਮ ਚੰਦ ਮੇਰੇ ਅੰਗ-ਸੰਗ ਹੀ ਹੋਵੇ।

—-0—-