ਗੁਰਮੀਤ ਰਾਮ ਰਹੀਮ ਦਾ ਅਸਲ ਸੱਚ

0
463

ਗੁਰਪ੍ਰੀਤ ਸਿੰਘ ਨਿੱਝਰ

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੇ ਦਾਮਾਦ ਸ੍ਰੀ ਵਿਸ਼ਵਾਸ ਗੁਪਤਾ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ ਲਗਾਇਆ ਹੈ ਕਿ ਬਾਬਾ ਰਾਮ ਰਹੀਮ ਆਪਣੀ ਹੀ ਬੇਟੀ ਅਤੇ ਉਸ ਦੀ ਪਤਨੀ ਹਨੀਪ੍ਰੀਤ ਇੰਸਾਂ ਉਰਫ਼ ਪ੍ਰਿਅੰਕਾ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਹਵਸ ਪੂਰੀ ਕਰ ਰਿਹਾ ਹੈ ਜਿਸ ਕਾਰਨ ਉਸ ਨੂੰ ਡੇਰਾ ਛੱਡਣ ਲਈ ਮਜਬੂਰ ਹੋਣਾ ਪਿਆ ਹੈ, ਜਦਕਿ ਪੌਣੇ 2 ਸਾਲਾਂ ਤੋਂ ਉਸ ਪਤਨੀ ਬਾਬੇ ਦੇ ਕਬਜ਼ੇ ਵਿਚ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਆਪਣੇ ਪਿਤਾ ਸੇਵਾ-ਮੁਕਤ ਐਕਸੀਅਨ ਐਮ.ਪੀ. ਗੁਪਤਾ ਨਾਲ ਆਏ ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਉਹ ਡੇਰੇ ਦੇ ਬਹੁਤ ਪੁਰਾਣੇ ਸ਼ਰਧਾਲੂ ਹਨ ਅਤੇ ਬਾਬਾ ਰਾਮ ਰਹੀਮ ਤੋਂ ਵੀ ਪਹਿਲਾਂ ਸ਼ਾਹ ਸਤਨਾਮ ਦੇ ਸਮੇਂ ਤੋਂ ਡੇਰੇ ਨਾਲ ਜੁੜੇ ਹੋਏ ਹਨ। ਉਸ ਦੇ ਦਾਦਾ ਰੁਲੀਆਂ ਰਾਮ ਗੁਪਤਾ ਸਾਂਝੇ ਪੰਜਾਬ ਵੇਲੇ ਘਰੌਂਦਾ ਹਲਕੇ ਤੋਂ ਵਿਧਾਇਕ ਹੁੰਦੇ ਸਨ। 1997 ਵਿਚ ਉਨ੍ਹਾਂ ਦੇ ਪਿਤਾ ਜੀ ਆਪਣੀ ਸਾਰੀ ਜ਼ਮੀਨ-ਜਾਇਦਾਦ ਵੇਚ ਕੇ ਪਰਿਵਾਰ ਸਮੇਤ ਡੇਰਾ ਸੱਚਾ ਸੌਦਾ ਵਿਚ ਹੀ ਆ ਗਏ ਸਨ ਅਤੇ ਜੋ ਵੀ ਉਨ੍ਹਾਂ ਕੋਲ ਪੈਸਾ-ਧੇਲਾ ਸੀ, ਉਨ੍ਹਾਂ ਨੇ ਡੇਰਾ ਮੁਖੀ ਨੂੰ ਸੌਂਪ ਦਿੱਤਾ ਸੀ। ਸ੍ਰੀ ਵਿਸ਼ਵਾਸ ਨੇ ਦੱਸਿਆ ਕਿ 1999 ਵਿਚ ਡੇਰਾ ਮੁਖੀ ਨੇ ਡੇਰੇ ਵਿਚ ਰਹਿੰਦੇ ਰਾਮਾ ਨੰਦ ਤਨੇਜਾ ਦੀ ਲੜਕੀ ਪ੍ਰਿਅੰਕਾ ਨਾਲ ਬਿਨਾਂ ਉਸ ਦੀ ਮਰਜ਼ੀ ਪੁੱਛੇ ਹੀ ਵਿਆਹ ਕਰਵਾ ਦਿੱਤਾ ਅਤੇ ਉਸ ਦੀ ਪਤਨੀ ਦਾ ਨਾਂਅ ਵੀ ਡੇਰਾ ਮੁਖੀ ਨੇ ਹੀ ਪ੍ਰਿਅੰਕਾ ਤੋਂ ਬਦਲ ਕੇ ਹਨੀਪ੍ਰੀਤ ਇੰਸਾਂ ਰੱਖ ਦਿੱਤਾ। ਸਾਲ 2003 ਵਿਚ ਉਸ ਨੇ ਮੈਨੂੰ ਆਪਣਾ ਪੁੱਤਰ ਬਣਾ ਲਿਆ ਅਤੇ ਦਸੰਬਰ 2009 ਵਿਚ ਮੇਰੀ ਪਤਨੀ ਹਨੀਪ੍ਰੀਤ ਨੂੰ ਆਪਣੀ ਬੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਵਿਸ਼ਵਾਸ ਅਨੁਸਾਰ ਉਸ ਪਿੱਛੋਂ ਉਸ ਦੀ ਪਤਨੀ ਪੱਕੇ ਤੌਰ ‘ਤੇ ਹੀ ਡੇਰਾ ਮੁਖੀ ਨਾਲ ਰਹਿਣ ਲੱਗ ਪਈ ਅਤੇ ਇਕ ਦਿਨ ਵੀ ਉਸ ਨੂੰ ਉਸ ਨਾਲ ਨਹੀਂ ਰਹਿਣ ਦਿੱਤਾ। ਜਦੋਂ ਉਹ ਆਪਣੀ ਪਤਨੀ ਨੂੰ ਪੁੱਛਦਾ ਤਾਂ ਉਹ ਇਹ ਕਹਿ ਦਿੰਦੀ ਕਿ ਉਹ 24 ਘੰਟੇ ਆਪਣੇ ਪਿਤਾ ਦੀ ਸੇਵਾ ਵਿਚ ਰਹਿੰਦੀ ਹੈ। ਉਸ ਨੇ ਦੱਸਿਆ ਕਿ ਮਈ 2011 ਵਿਚ ਡੇਰਾ ਮੁਖੀ ਉਨ੍ਹਾਂ ਨੂੰ ਨਾਲ ਲੈ ਕੇ ਕੋਡਾਈ ਕਨਾਲ ਵਿਖੇ ਘੁੰਮਣ ਗਿਆ ਤਾਂ ਉੱਥੇ ਉਹ ਇਕ 5 ਸਿਤਾਰਾ ਹੋਟਲ ਵਿਚ ਠਹਿਰੇ, ਉੱਥੇ ਵੀ ਡੇਰਾ ਮੁਖੀ ਨੇ ਉਸ ਦੀ ਪਤਨੀ ਨੂੰ ਆਪਣੇ ਕਮਰੇ ਵਿਚ ਹੀ ਰੱਖਿਆ, ਜਿਸ ‘ਤੇ ਉਸ ਨੂੰ ਬਾਪ ਬੇਟੀ ਦੇ ਰਿਸ਼ਤੇ ‘ਤੇ ਸ਼ੱਕ ਹੋ ਗਿਆ। ਵਾਪਸ ਡੇਰੇ ਆਉਣ ‘ਤੇ ਇਕ ਰਾਤ ਉਹ ਜਦੋਂ ਬਿਨਾਂ ਸੂਚਨਾ ਦਿੱਤੇ ਸਿੱਧਾ ਹੀ ਡੇਰਾ ਮੁਖੀ ਦੀ ਗੁਫ਼ਾ ਵਿਚ ਗਿਆ ਤਾਂ ਉਸ ਨੇ ਆਪਣੀਆਂ ਅੱਖਾਂ ਨਾਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੀ ਮੂੰਹ ਬੋਲੀ ਬੇਟੀ ਨਾਲ ਹਮਬਿਸਤਰ ਹੁੰਦਿਆਂ ਦੇਖ ਲਿਆ। ਦੋਵਾਂ ਨੂੰ ਨਿਰਵਸਤਰ ਹਾਲਤ ਵਿਚ ਉਸ ਵੱਲੋਂ ਫੜ ਲਏ ਜਾਣ ‘ਤੇ ਡੇਰਾ ਮੁਖੀ ਨੇ ਉਸ ਨੂੰ ਕਮਰੇ ਅੰਦਰ ਬਿਠਾ ਕੇ ਬੁਰੀ ਤਰ੍ਹਾਂ ਡਰਾਇਆ-ਧਮਕਾਇਆ ਕਿ ਜੇਕਰ ਇਸ ਬਾਰੇ ਇਕ ਸ਼ਬਦ ਵੀ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪੂਰੇ ਪਰਿਵਾਰ ਨੂੰ ਖ਼ਤਮ ਕਰਵਾ ਦੇਵੇਗਾ। ਉਸ ਨੇ ਸਾਰੀ ਘਟਨਾ ਆਪਣੇ ਪਿਤਾ ਨੂੰ ਦੱਸੀ ਤਾਂ ਸਾਨੂੰ ਪੱਕਾ ਸ਼ੱਕ ਹੋ ਗਿਆ ਕਿ ਡੇਰਾ ਮੁਖੀ ਸਾਨੂੰ ਵੀ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਅਤੇ ਪੱਤਰਕਾਰ ਛਤਰਪਤੀ ਵਾਂਗ ਚੁੱਪਚਾਪ ਮਰਵਾ ਦੇਵੇਗਾ, ਕਿਉਂਕਿ ਸਾਨੂੰ ਉਸ ਦਾ ਇੱਕ ਵੱਡਾ ਭੇਦ ਪਤਾ ਲੱਗ ਚੁੱਕਾ ਹੈ। ਇਸ ਪਿੱਛੋਂ ਉਨ੍ਹਾਂ ਜੁਲਾਈ 2011 ਵਿਚ ਡੇਰਾ ਛੱਡ ਦਿੱਤਾ ਅਤੇ ਪੰਚਕੂਲਾ ਆ ਕੇ ਰਹਿਣ ਲੱਗ ਪਏ, ਜਦਕਿ ਉਸ ਦੀ ਪਤਨੀ ਹਨੀਪ੍ਰੀਤ ਉਨ੍ਹਾਂ ਨਾਲ ਨਹੀਂ ਆਈ। ਵਿਸ਼ਵਾਸ ਗੁਪਤਾ ਨੇ ਅੱਗੇ ਦੱਸਿਆ ਕਿ ਡੇਰਾ ਛੱਡ ਕੇ ਬਾਹਰ ਆਉਣ ‘ਤੇ ਡੇਰਾ ਮੁਖੀ ਨੂੰ ਉਨ੍ਹਾਂ ਤੋਂ ਹੋਰ ਖ਼ਤਰਾ ਪੈਦਾ ਹੋ ਗਿਆ, ਜਿਸ ‘ਤੇ ਡੇਰਾ ਮੁਖੀ ਨੇ ਡੇਰੇ ਦੇ ਮੈਨੇਜਰ ਰਾਕੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਨਾਂਅ ਦੇ ਇਕ ਹੋਰ ਸ਼ਰਧਾਲੂ ਨੂੰ ਉਨ੍ਹਾਂ ਦੇ ਪਿੱਛੇ ਲਾ ਦਿੱਤਾ। ਵਾਰ-ਵਾਰ ਪਿੱਛਾ ਕਰ ਰਹੇ ਪ੍ਰਦੀਪ ਕੁਮਾਰ ਅਤੇ ਉਸ ਦੇ ਸਾਥੀਆਂ ਤੋਂ ਤੰਗ ਆ ਕੇ ਉਸ ਨੇ ਪ੍ਰਦੀਪ ਕੁਮਾਰ ਨੂੰ 12 ਅਗਸਤ 2011 ਨੂੰ ਪੰਚਕੂਲਾ ਵਿਖੇ ਜੱਫਾ ਮਾਰ ਕੇ ਕਾਬੂ ਕਰ ਲਿਆ ਅਤੇ ਥਾਣਾ ਸੈਕਟਰ 15 ਪੰਚਕੂਲਾ ਹਵਾਲੇ ਕਰ ਦਿੱਤਾ। ਇਸ ਉਪਰੰਤ ਉਨ੍ਹਾਂ ਨੇ ਐਸ.ਪੀ. ਪੰਚਕੂਲਾ ਮਨੀਸ਼ ਚੌਧਰੀ ਨਾਲ ਮੁਲਾਕਾਤ ਕੀਤੀ ਤਾਂ ਪ੍ਰਦੀਪ ਦੇ 7 ਹੋਰ ਸਾਥੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ, ਜਦਕਿ ਉਨ੍ਹਾਂ ਵੱਲੋਂ ਡੇਰਾ ਮੁਖੀ ਅਤੇ ਮੈਨੇਜਰ ਰਾਕੇਸ਼ ਕੁਮਾਰ ਦਾ ਨਾਂਅ ਵੀ ਸ਼ਿਕਾਇਤ ਵਿਚ ਲਿਖਾਇਆ ਸੀ ਪਰ ਉਨ੍ਹਾਂ ਖਿਲਾਫ਼ ਕਾਰਵਾਈ ਨਹੀਂ ਹੋਈ। ਵਿਸ਼ਵਾਸ ਨੇ ਦੱਸਿਆ ਕਿ ਅਮਰੀਕ ਸਿੰਘ ਨਾਂਅ ਦਾ ਡੇਰੇ ਦਾ ਇਕ ਸ਼ਰਧਾਲੂ ਬਾਬੇ ਦੇ ਸ਼ੂਟਰਾਂ ਦਾ ਮੁਖੀ ਹੈ, ਜਿਸ ਦੇ ਅਧੀਨ 20 ਖੂੰਖਾਰ ਸ਼ੂਟਰ ਹਰ ਵਕਤ ਤਾਇਨਾਤ ਰਹਿੰਦੇ ਹਨ। ਉਹ ਬਾਬੇ ਦੇ ਇਸ਼ਾਰਿਆਂ ‘ਤੇ ਹੀ ਕੰਮ ਕਰਦਾ ਹੈ। ਵਿਸ਼ਵਾਸ ਨੇ ਕਿਹਾ ਕਿ ਬਾਬੇ ਦੀਆਂ ਜਦ 2 ਬੇਟੀਆਂ ਹਨ ਤਾਂ ਉਸ ਨੂੰ ਉਸ ਦੀ 29 ਸਾਲਾ ਪਤਨੀ ਨੂੰ ਬੇਟੀ ਬਣਾਉਣ ਦੀ ਕੀ ਲੋੜ ਪੈ ਗਈ ਸੀ। ਉਸ ਨੇ ਦੋਸ਼ ਲਾਇਆ ਕਿ 11 ਸਾਲ ਤੱਕ ਬਾਬਾ ਉਸ ਦੀ ਪਤਨੀ ਨੂੰ ਪਹਿਲਾਂ ਵੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਅਤੇ ਜਦੋਂ ਸ਼ੱਕ ਪੈਣ ਲੱਗੀ ਤਾਂ ਬੇਟੀ ਬਣਾਉਣ ਦਾ ਢੌਂਗ ਰਚ ਲਿਆ। ਉਸ ਨੇ ਕਿਹਾ ਕਿ ਬਾਬੇ ਵੱਲੋਂ ਉਸ ਦੇ ਪਿੱਛੇ ਲਾਏ ਗਏ ਪ੍ਰਦੀਪ ਕੁਮਾਰ ਕੋਲੋਂ ਪੁਲਿਸ ਨੂੰ ਇਕ ਡਾਇਰੀ ਵੀ ਬਰਾਮਦ ਹੋਈ ਹੈ ਜਿਸ ਵਿਚ ਉਨ੍ਹਾਂ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਦਾ ਖ਼ੁਲਾਸਾ ਕੀਤਾ ਗਿਆ ਹੈ। ਵਿਸ਼ਵਾਸ ਨੇ ਡੇਰਾ ਮੁਖੀ ‘ਤੇ ਇਹ ਦੋਸ਼ ਵੀ ਲਾਏ ਕਿ ਉਹ 15 ਕਰੋੜ ਰੁਪਏ ਪ੍ਰਤੀ ਮਹੀਨਾ ਸ਼ਰਧਾਲੂਆਂ ਤੋਂ ਰੱਬ ਦੇ ਨਾਂਅ ‘ਤੇ ਇਕੱਠਾ ਕਰ ਰਿਹਾ ਹੈ ਜਦੋਂ ਕਿ 5 ਕਰੋੜ ਰੁਪਏ ਪ੍ਰਤੀ ਮਹੀਨਾ ਡੇਰੇ ਵਿਚ ਥੀਏਟਰ ਬਣਾਉਣ ਦੇ ਨਾਂਅ ‘ਤੇ ਲੈ ਰਿਹਾ ਹੈ। 200 ਕਰੋੜ ਰੁਪਏ ਇੱਕੋ ਦਿਨ ਵਿਚ ਹੀ ਬਾਹਰ ਤੋਂ ਗਾਇਕਾਂ ਨੂੰ ਬੁਲਾ ਕੇ ਸ਼ਰਧਾਲੂਆਂ ਤੋਂ ਇਕੱਠੇ ਕੀਤੇ ਗਏ ਸਨ।

ਡੇਰੇ ਦੇ ਯੂਥ ਆਗੂ ਦੇ ਕਹਿਣ ‘ਤੇ ਕਰ ਰਿਹਾ ਸੀ ਗੁਪਤਾ ਦਾ ਪਿੱਛਾ-ਪ੍ਰਦੀਪ ਵਿਸ਼ਵਾਸ ਗੁਪਤਾ ਵੱਲੋਂ ਕਾਬੂ ਕਰਕੇ ਪੁਲਿਸ ਹਵਾਲੇ ਕੀਤੇ ਗਏ ਪ੍ਰਦੀਪ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਕਿਹਾ ਹੈ ਕਿ ਉਸ ਨੇ ਵਿਸ਼ਵਾਸ ਗੁਪਤਾ ਅਤੇ ਉਸ ਦੇ ਪਰਿਵਾਰ ਦਾ ਪਿੱਛਾ ਡੇਰੇ ਦੀ ਯੂਥ ਫੈਡਰੇਸ਼ਨ ਦੇ ਆਗੂ ਜੁਗਿੰਦਰ ਸਿੰਘ ਵਾਸੀ ਦੋਰਾਲਾ ਦੇ ਕਹਿਣ ‘ਤੇ ਕਰਨਾ ਸ਼ੁਰੂ ਕੀਤਾ ਸੀ। ਪ੍ਰਦੀਪ ਅਨੁਸਾਰ ਜੁਗਿੰਦਰ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਡੇਰਾ ਛੱਡ ਕੇ ਜਾ ਚੁੱਕੇ ਗੁਪਤਾ ਪਰਿਵਾਰ ਦੀ ਇੱਕ ਇੱਕ ਹਲਚਲ ਅਤੇ ਆਉਣ ਜਾਣ ਦੇ ਸਮੇਂ ਸਬੰਧੀ ਉਸ ਨੂੰ ਪੂਰੀ ਸੂਚਨਾ ਲਿਆ ਕੇ ਦੇਵੇ।