ਗੁਰਬਾਣੀ ਦਾ ਮੂਲ ਪਾਠ (ਪੰਨਾ ਨੰਬਰ 104-109)
(ਨੋਟ: ਹੇਠਲੇ ਸ਼ਬਦਾਂ ’ਚ ਅਗਰ + ਦਾ ਚਿੰਨ੍ਹ ਹੈ, ਤਾਂ ਇਸ ਦਾ ਮਤਲਬ ਸਾਰੇ ਸ਼ਬਦ ਇੱਕ ਸਮਾਨ ਕਾਰਕੀ ਚਿੰਨ੍ਹ ਉਪਲਬਧ ਕਰਵਾਉਂਦੇ ਹਨ।)
ਮਾਝ ਮਹਲਾ ੫ ॥
ਹੁਕਮੀ; ਵਰਸਣ ਲਾਗੇ ਮੇਹਾ ॥ ਸਾਜਨ ਸੰਤ ਮਿਲਿ (ਕੇ), ਨਾਮੁ ਜਪੇਹਾ ॥ ਸੀਤਲ, ਸਾਂਤਿ (ਸ਼ੀਤਲ, ਸ਼ਾਂਤਿ), ਸਹਜ ਸੁਖੁ ਪਾਇਆ; ਠਾਢਿ (ਠਾਂਢ) ਪਾਈ, ਪ੍ਰਭਿ (ਨੇ) ਆਪੇ ਜੀਉ ॥੧॥ ਸਭੁ ਕਿਛੁ, ਬਹੁਤੋ-ਬਹੁਤੁ ਉਪਾਇਆ ॥ ਕਰਿ ਕਿਰਪਾ; ਪ੍ਰਭਿ (ਨੇ) ਸਗਲ ਰਜਾਇਆ ॥ ਦਾਤਿ ਕਰਹੁ; ਮੇਰੇ ਦਾਤਾਰਾ ! ਜੀਅ (ਜੀ..) ਜੰਤ ਸਭਿ, ਧ੍ਰਾਪੇ ਜੀਉ ॥੨॥ ਸਚਾ ਸਾਹਿਬੁ, ਸਚੀ ਨਾਈ (ਭਾਵ ਅਮਿੱਟ ਵਡਿਆਈ) ॥ ਗੁਰ ਪਰਸਾਦਿ; ਤਿਸੁ, ਸਦਾ ਧਿਆਈ (ਧਿਆਈਂ) ॥ ਜਨਮ ਮਰਣ ਭੈ ਕਾਟੇ ਮੋਹਾ (ਭਾਵ ਜੀਵਤ ਰਹਿਣ ਦੀ ਤਮੰਨਾ ਤੇ ਮਰਨ ਦੇ ਡਰ ਕੱਟੇ ਗਏ) ; ਬਿਨਸੇ ਸੋਗ ਸੰਤਾਪੇ ਜੀਉ ॥੩॥ ਸਾਸਿ-ਸਾਸਿ (ਨਾਲ਼), ਨਾਨਕੁ ਸਾਲਾਹੇ ॥ ਸਿਮਰਤ (ਸਿਮਰਦਿਆਂ, ਕਿਰਦੰਤ) ਨਾਮੁ, ਕਾਟੇ (ਕਾੱਟੇ) ਸਭਿ ਫਾਹੇ ॥ ਪੂਰਨ ਆਸ ਕਰੀ ਖਿਨ ਭੀਤਰਿ ; ਹਰਿ ਹਰਿ, ਹਰਿ ਗੁਣ ਜਾਪੇ (ਭਾਵ ਹਿਰਦੇ ਪ੍ਰਗਟ ਹੋ ਗਏ) ਜੀਉ ॥੪॥੨੭॥੩੪॥
ਮਾਝ, ਮਹਲਾ ੫ ॥
ਆਉ, ਸਾਜਨ (ਸਾੱਜਨ) ਸੰਤ ! ਮੀਤ ਪਿਆਰੇ ! ॥ ਮਿਲਿ ਗਾਵਹ (ਗਾਵ੍ਹੈਂ), ਗੁਣ ਅਗਮ (ਅਗੰਮ) ਅਪਾਰੇ ॥ ਗਾਵਤ+ਸੁਣਤ (ਭਾਵ ਗਾਉਂਦਿਆਂ- ਸੁਣਦਿਆਂ, ਕਿਰਦੰਤ) ਸਭੇ ਹੀ ਮੁਕਤੇ ; ਸੋ ਧਿਆਈਐ, ਜਿਨਿ (ਜਿਨ੍ਹ) ਹਮ ਕੀਏ ਜੀਉ ॥੧॥ ਜਨਮ-ਜਨਮ ਕੇ ਕਿਲਬਿਖ ਜਾਵਹਿ (ਜਾਵਹਿਂ)॥ ਮਨਿ ਚਿੰਦੇ, ਸੇਈ ਫਲ ਪਾਵਹਿ (ਫਲ਼ ਪਾਵਹਿਂ) ॥ ਸਿਮਰਿ ਸਾਹਿਬੁ, ਸੋ ਸਚੁ ਸੁਆਮੀ ; ਰਿਜਕੁ (ਰਿਜ਼ਕ) ਸਭਸੁ ਕਉ (ਕੌ) ਦੀਏ ਜੀਉ ॥੨॥ ਨਾਮੁ ਜਪਤ (ਜਪਦਿਆਂ, ਕਿਰਦੰਤ), ਸਰਬ ਸੁਖੁ ਪਾਈਐ ॥ ਸਭੁ ਭਉ (ਭਾਵ ਹਰ ਡਰ, ਇੱਕ ਵਚਨ) ਬਿਨਸੈ, ਹਰਿ-ਹਰਿ ਧਿਆਈਐ ॥ ਜਿਨਿ (ਜਿਨ੍ਹ) ਸੇਵਿਆ, ਸੋ ਪਾਰਗਿਰਾਮੀ (ਭਾਵ ਮੰਜ਼ਲ ’ਤੇ ਪਹੁੰਚ ਗਿਅ); ਕਾਰਜ ਸਗਲੇ ਥੀਏ (ਭਾਵ ਸਫਲ ਹੋਏ) ਜੀਉ ॥੩॥ ਆਇ (ਕੇ) ਪਇਆ (ਪ+ਇਆ), ਤੇਰੀ ਸਰਣਾਈ (ਸ਼ਰਣਾਈ) ॥ ਜਿਉ (ਜਿਉਂ) ਭਾਵੈ, ਤਿਉ ਲੈਹਿ (ਤਿਉਂ ਲੈਹ) ਮਿਲਾਈ ॥ ਕਰਿ ਕਿਰਪਾ, ਪ੍ਰਭੁ ! ਭਗਤੀ ਲਾਵਹੁ ; ਸਚੁ, ਨਾਨਕ ! ਅੰਮ੍ਰਿਤੁ ਪੀਏ (ਭਾਵ ਪੀ ਸਕੇ) ਜੀਉ ॥੪॥੨੮॥੩੫॥
ਮਾਝ, ਮਹਲਾ ੫ ॥
ਭਏ ਕਿ੍ਰਪਾਲ, ਗੋਵਿੰਦ ਗੁਸਾਈ (ਗੁਸਾਈਂ) ॥ ਮੇਘੁ ਵਰਸੈ, ਸਭਨੀ ਥਾਈ (ਸਭਨੀਂ ਥਾਈਂ) ॥ ਦੀਨ ਦਇਆਲ ਸਦਾ ਕਿਰਪਾਲਾ ; ਠਾਢਿ (ਠਾਂਢ) ਪਾਈ ਕਰਤਾਰੇ ਜੀਉ ॥੧॥ ਅਪੁਨੇ ਜੀਅ ਜੰਤ ਪ੍ਰਤਿਪਾਰੇ ॥ ਜਿਉ (ਜਿਉਂ), ਬਾਰਿਕ ਮਾਤਾ ਸੰਮਾਰੇ (ਸੰਮ੍ਹਾਰੇ)॥ ਦੁਖ ਭੰਜਨ ਸੁਖ ਸਾਗਰ ਸੁਆਮੀ ; ਦੇਤ ਸਗਲ ਆਹਾਰੇ ਜੀਉ ॥੨॥ ਜਲਿ+ਥਲਿ (’ਚ) ਪੂਰਿ ਰਹਿਆ ਮਿਹਰਵਾਨਾ ॥ ਸਦ ਬਲਿਹਾਰਿ ਜਾਈਐ ਕੁਰਬਾਨਾ ॥ ਰੈਣਿ ਦਿਨਸੁ, ਤਿਸੁ ਸਦਾ ਧਿਆਈ (ਧਿਆਈਂ); ਜਿ, ਖਿਨ ਮਹਿ ਸਗਲ ਉਧਾਰੇ ਜੀਉ ॥੩॥ ਰਾਖਿ ਲੀਏ, ਸਗਲੇ ਪ੍ਰਭਿ (ਨੇ) ਆਪੇ ॥ ਉਤਰਿ ਗਏ, ਸਭ ਸੋਗ ਸੰਤਾਪੇ ॥ ਨਾਮੁ ਜਪਤ (ਜਪਦਿਆਂ, ਕਿਰਦੰਤ), ਮਨੁ ਤਨੁ ਹਰੀਆਵਲੁ ; ਪ੍ਰਭ (ਦੀ) ਨਾਨਕ ! ਨਦਰਿ ਨਿਹਾਰੇ (ਭਾਵ ਵਿਖਾਈ ਦਿੰਦੀ) ਜੀਉ ॥੪॥੨੯॥੩੬॥
ਮਾਝ, ਮਹਲਾ ੫ ॥
ਜਿਥੈ (ਜਿੱਥੈ), ਨਾਮੁ ਜਪੀਐ ਪ੍ਰਭ ਪਿਆਰੇ (ਦਾ)॥ ਸੇ ਅਸਥਲ (ਭਾਵ ਉਹ ਰੇਗਿਸਤਾਨ ਵੀ), ਸੋਇਨ (ਭਾਵ ਸੋਨੇ ਦੇ) ਚਉਬਾਰੇ (ਚੌਬਾਰੇ)॥ ਜਿਥੈ (ਜਿੱਥੈ), ਨਾਮੁ ਨ ਜਪੀਐ ਮੇਰੇ ਗੋਇਦਾ (ਗੋਇੰਦਾ, ਦਾ) ; ਸੇਈ ਨਗਰ (ਭਾਵ ਉਹ ਸ਼ਹਿਰ ਭੀ), ਉਜਾੜੀ ਜੀਉ ॥੧॥ ਹਰਿ (ਨੂੰ), ਰੁਖੀ (ਰੁੱਖੀ) ਰੋਟੀ ਖਾਇ (ਕੇ) ਸਮਾਲੇ (ਸੰਮ੍ਹਾਲੇ)॥ ਹਰਿ, ਅੰਤਰਿ ਬਾਹਰਿ ਨਦਰਿ ਨਿਹਾਲੇ ॥ (ਪਰ, ਜੋ) ਖਾਇ+ਖਾਇ ਕਰੇ ਬਦਫੈਲੀ ; ਜਾਣੁ ਵਿਸੂ ਕੀ ਵਾੜੀ ਜੀਉ ॥੨॥ ਸੰਤਾ (ਸੰਤਾਂ, ਗੁਰੂ) ਸੇਤੀ (ਭਾਵ ਨਾਲ਼), ਰੰਗੁ ਨ ਲਾਏ ॥ ਸਾਕਤ ਸੰਗਿ, ਵਿਕਰਮ (ਵਿੱਕਰਮ) ਕਮਾਏ ॥ ਦੁਲਭ (ਦੁਲੱਭ) ਦੇਹ ਖੋਈ ਅਗਿਆਨੀ ; ਜੜ (ਜੜ੍ਹ) ਅਪੁਣੀ (‘ਪੁ’ ਔਂਕੜ ਉਚਾਰਨਾ ਜ਼ਰੂਰੀ), ਆਪਿ ਉਪਾੜੀ ਜੀਉ ॥੩॥ ਤੇਰੀ ਸਰਣਿ (ਸ਼ਰਣਿ), ਮੇਰੇ ਦੀਨ ਦਇਆਲਾ ! ॥ ਸੁਖ ਸਾਗਰ ! ਮੇਰੇ ਗੁਰ ਗੋਪਾਲਾ ! ॥ ਕਰਿ ਕਿਰਪਾ ਨਾਨਕੁ ਗੁਣ ਗਾਵੈ ; ਰਾਖਹੁ ਸਰਮ (ਸ਼ਰਮ) ਅਸਾੜੀ ਜੀਉ ॥੪॥੩੦॥੩੭॥
ਮਾਝ, ਮਹਲਾ ੫ ॥
ਚਰਣ ਠਾਕੁਰ ਕੇ; ਰਿਦੈ (’ਚ) ਸਮਾਣੇ ॥ ਕਲਿ ਕਲੇਸ (ਕਲੇਸ਼) ਸਭ; ਦੂਰਿ ਪਇਆਣੇ ॥ ਸਾਂਤਿ, ਸੂਖ, ਸਹਜ ਧੁਨਿ ਉਪਜੀ ; ਸਾਧੂ ਸੰਗਿ ਨਿਵਾਸਾ ਜੀਉ ॥੧॥ ਲਾਗੀ ਪ੍ਰੀਤਿ; ਨ ਤੂਟੈ ਮੂਲੇ (ਭਾਵ ਬਿਲਕੁਲ)॥ ਹਰਿ; ਅੰਤਰਿ ਬਾਹਰਿ, ਰਹਿਆ ਭਰਪੂਰੇ ॥ ਸਿਮਰਿ+ਸਿਮਰਿ+ਸਿਮਰਿ (ਕੇ) ਗੁਣ ਗਾਵਾ (ਗਾਵਾਂ) ; ਕਾਟੀ (ਕਾੱਟੀ) ਜਮ ਕੀ ਫਾਸਾ ਜੀਉ ॥੨॥ ਅੰਮ੍ਰਿਤੁ ਵਰਖੈ, ਅਨਹਦ ਬਾਣੀ ॥ ਮਨ ਤਨ ਅੰਤਰਿ, ਸਾਂਤਿ ਸਮਾਣੀ ॥ ਤ੍ਰਿਪਤਿ ਅਘਾਇ ਰਹੇ, ਜਨ ਤੇਰੇ ; ਸਤਿਗੁਰਿ (ਨੇ) ਕੀਆ ਦਿਲਾਸਾ (ਹਿੰਮਤ) ਜੀਉ ॥੩॥ ਜਿਸ ਕਾ ਸਾ, ਤਿਸ ਤੇ ਫਲੁ (ਫਲ਼) ਪਾਇਆ ॥ ਕਰਿ ਕਿਰਪਾ, ਪ੍ਰਭ ਸੰਗਿ ਮਿਲਾਇਆ ॥ ਆਵਣ ਜਾਣ ਰਹੇ ਵਡਭਾਗੀ (ਵਡਭਾਗੀਂ, ਭਾਵ ਵੱਡੇ ਭਾਗਾਂ ਨਾਲ਼); ਨਾਨਕ ! ਪੂਰਨ ਆਸਾ ਜੀਉ ॥੪॥੩੧॥੩੮॥
(ਨੋਟ: ਉਕਤ ਸ਼ਬਦ ਦੀ ਪਹਿਲੀ ਤੁੱਕ ‘‘ਕਲਿ ਕਲੇਸ (ਕਲੇਸ਼) ਸਭ; ਦੂਰਿ ਪਇਆਣੇ ॥’’ ’ਚ ਦਰਜ ਸ਼ਬਦ ‘ਕਲਿ’ ਦੀ ਅੰਤ ਸਿਹਾਰੀ ਨੂੰ ਸਮਝਣਾ ਜ਼ਰੂਰੀ ਹੈ, ਜੋ ਗੁਰਬਾਣੀ ’ਚ 86 ਵਾਰ ਦਰਜ ਹੈ। ਮਹਾਨ ਕੋਸ਼ ’ਚ ‘ਕਲਿ’ (ਸੰਸਕ੍ਰਿਤ) ਦਾ ਅਰਥ ਹੈ: ‘ਪਾਪ, ਕਲਹ, ਝਗੜਾ, ਯੁੱਗ, ਯੋਧਾ, ਸੂਰਮਾ, ਕਲਕੀ ਅਵਤਾਰ, ਕਲ੍ਲਿ ਭਾਵ ਕੱਲ੍ਹ’।
ਸੰਸਕ੍ਰਿਤ ਪੰਜਾਬੀ ਕੋਸ਼ ’ਚ ‘ਕਲਿ:’ ਸ਼ਬਦ ਹੈ ਭਾਵ ਅੰਤ ’ਚ ਲੱਗੀਆਂ ਦੋ ਬਿੰਦੀਆਂ ਅੱਧੇ ‘ਹ’ ਦਾ ਪ੍ਰਤੀਕ ਹਨ ਤੇ ਉਚਾਰਨ ਕੀਤਾ ਗਿਆ ਹੈ: ‘ਕਲਿਹ’। ਗੁਰਬਾਣੀ ਲਿਖਤ ਮੁਤਾਬਕ ਇਸ ਸ਼ਬਦ ਦੇ ਅੰਤ ’ਚ ਲੱਗੀ ਸਿਹਾਰੀ ਕਿਸੇ ਕਾਰਕੀ ਚਿੰਨ੍ਹ (ਨੇ, ਨਾਲ਼, ਵਿੱਚ, ਤੋਂ, ਆਦਿ) ਦਾ ਸੂਚਕ ਨਹੀਂ ਭਾਵ ਅੰਤ ਸਿਹਾਰੀ ਕੋਈ ਸੰਬੰਧਕੀ ਅਰਥ ਮੁਹੱਈਆ ਨਹੀਂ ਕਰਵਾਉਂਦੀ, ਤਾਂ ਤੇ ਜ਼ਰੂਰੀ ਹੈ ਕਿ ਇਹ ਸ਼ਬਦ ਦੀ ਮੂਲਕ ਲਗ ਹੀ ਹੈ, ਜੋ ਉਚਾਰਨ ਦਾ ਭਾਗ ਹੋਵੇਗੀ।
ਗੁਰਬਾਣੀ ’ਚ ‘ਕਲਿ’ ਨੂੰ ਸਮਝਣ ਲਈ ‘ਸਤਿ’ ਸ਼ਬਦ ਨੂੰ ਵਿਚਾਰਨਾ ਲਾਭਕਾਰੀ ਰਹੇਗਾ ਕਿਉਂਕਿ ਦੋਵੇਂ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਹਨ ਅਤੇ ਇਨ੍ਹਾਂ ਦੀ ਅੰਤ ਸਿਹਾਰੀ ਮੂਲਕ (ਤਤਸਮ) ਹੈ। ‘ਸਤਿ’ ਸ਼ਬਦ ਦਾ ਸੰਸਕ੍ਰਿਤ ਰੂਪ ‘ਸਤ੍ਯ’ ਹੈ, ਜਿਸ ਦੇ ‘੍ਯ’ ਵਿੱਚੋਂ ਗੁਰਮੁਖੀ ’ਚ ‘ ਿ’ ਬਣ ਗਈ, ਇਸੇ ਤਰ੍ਹਾਂ ‘ਕਲਿ’ ਦੀ ਅੰਤ ਸਿਹਾਰੀ ਵੀ ‘੍ਯ’ ਤੋਂ ਬਣ ਸਕਦੀ ਹੈ ਕਿਉਂਕਿ ‘੍ਯ, ਹ, ਵ’ ਅਰਧ ਸਵਰ ਅੱਖਰ ਵੀ ਹੁੰਦੇ ਹਨ।
‘ਕਲਿਯੁਗ’ ਸ਼ਬਦ ਦਾ ਸੰਖੇਪ ਰੂਪ ‘ਕਲਿ’ ਹੈ, ਜਿਸ ਦੀ ਅੰਤ ਸਿਹਾਰੀ ਉਚਾਰਨ ਦਾ ਭਾਗ ਹੈ ਅਤੇ ਸੰਬੰਧਕੀ ਚਿੰਨ੍ਹ ਆਉਣ ਦੇ ਬਾਵਜੂਦ ਵੀ ਨਹੀਂ ਹਟਦੀ; ਜਿਵੇਂ ਕਿ
‘ਕਲਿ ਮਹਿ’ ਬੇਦੁ ਅਥਰਬਣੁ ਹੂਆ; ਨਾਉ ਖੁਦਾਈ ਅਲਹੁ ਭਇਆ ॥ (ਮ: ੧/੪੭੦)
ਜੇ ਕੋ ਨਾਉ ਲਏ ਬਦਨਾਵੀ; ‘ਕਲਿ ਕੇ’ ਲਖਣ ਏਈ ॥ (ਮ: ੧/੯੦੨)
‘ਕਲਿ ਵਿਚਿ’ ਧੂ ਅੰਧਾਰੁ ਸਾ; ਚੜਿਆ ਰੈ ਭਾਣੁ ॥ (ਬਲਵੰਡ ਸਤਾ/੯੬੮)
ਧਰਮੁ ਧੀਰਾ ‘ਕਲਿ ਅੰਦਰੇ’; ਇਹੁ ਪਾਪੀ ਮੂਲਿ ਨ ਤਗੈ ॥ (ਮ: ੫/੧੦੯੮)
ਦੇਖਹੁ ਲੋਗਾ ! ‘ਕਲਿ ਕੋ (ਦਾ)’ ਭਾਉ ॥ (ਭਗਤ ਕਬੀਰ/੧੧੯੪)
ਨਾਨਕ ! ਗੁਰਮੁਖਿ ਜਾਣੀਐ; ‘ਕਲਿ ਕਾ’ ਏਹੁ ਨਿਆਉ ॥ (ਮ: ੨/੧੨੮੮)
ਭੈ ਨਾਸਨ, ਦੁਰਮਤਿ ਹਰਨ; ‘ਕਲਿ ਮੈ’ ਹਰਿ ਕੋ ਨਾਮੁ ॥ (ਮ: ੯/੧੪੨੭)
ਸੋ, ਗੁਰਬਾਣੀ ’ਚ ਦਰਜ ਅਨ੍ਯ ਭਾਸ਼ਾਵਾਂ ਦੀ ਮੂਲਕ ਲਗ (ਮਾਤਰ) ਧੁਨੀ ਨੂੰ ਉਚਾਰਨਾ ਹੀ ਦਰੁਸਤ ਪਾਠ ਹੋਏਗਾ। ‘ਕਲਿ’ ਦਾ ਪਾਠ ‘ਕਲੀ’ ਦਰੁਸਤ ਨਹੀਂ ਹੋਏਗਾ ਬਲਕਿ ਥੋੜ੍ਹਾ ‘ਸਤ੍ਯ’ ਵਾਙ ‘ਕਲ੍ਯ, ਕਲਿਹ’ (ਕਲੇਸ਼) ਵੱਲ ਜਾ ਸਕਦਾ ਹੈ, ਪਰ ਇਹ ਵੀ ਧਿਆਨ ਰਹੇ ਕਿ ਗੁਰਬਾਣੀ ’ਚ 4 ਵਾਰ ‘ਕਲਿ’ ਦਾ ਅਰਥ ਆਉਣ ਵਾਲ਼ਾ ‘ਕੱਲ੍ਹ’ ਹੈ, ਜਿਸ ਦਾ ਉਚਾਰਨ ਵੀ ‘ਕੱਲ੍ਹ’ ਹੀ ਹੋਵੇਗਾ; ਜਿਵੇਂ ਕਿ ਹੇਠਲੀਆਂ 4 ਤੁਕਾਂ ’ਚ ਦਰਜ ਹੈ:
ਘੜੀ ਕਿ ਮੁਹਤਿ ਕਿ ਚਲਣਾ; ਖੇਲਣੁ ਅਜੁ ਕਿ ‘ਕਲਿ’ (ਕੱਲ੍ਹ)॥ (ਮ: ੧/੬੦)
ਨਾਨਕ ! ਅਜੁ ‘ਕਲਿ’ (ਕੱਲ੍ਹ) ਆਵਸੀ; ਗਾਫਲ ਫਾਹੀ ਪੇਰੁ ॥ (ਮ: ੫/੫੧੮)
ਅਜੁ ‘ਕਲਿ’ (ਕੱਲ੍ਹ) ਕਰਦਿਆ, ਕਾਲੁ ਬਿਆਪੈ; ਦੂਜੈ ਭਾਇ ਵਿਕਾਰੋ ॥ (ਮ: ੧/੫੮੧)
ਆਖੀਂ ਸੇਖਾ ਬੰਦਗੀ; ਚਲਣੁ ਅਜੁ ਕਿ ‘ਕਲਿ’ (ਕੱਲ੍ਹ) ॥ (ਬਾਬਾ ਫਰੀਦ/੧੩੮੩)
ਧਿਆਨ ਰਹੇ ਕਿ ‘ਕਲਿ’ ਨੂੰ ‘ਕਲ’ ਪਾਠ ਕਰਨ ਨਾਲ਼ ਮਤਲਬ ਬਣਦਾ ਹੈ ‘ਸ਼ਕਤੀ, ਕਦਰ, ਸਾਰ’ ਆਦਿ, ਜੋ ਗੁਰਬਾਣੀ ’ਚ 58 ਵਾਰ ਦਰਜ ਹੈ; ਜਿਵੇਂ ਕਿ
ਨੀਕੀ ਕੀਰੀ ਮਹਿ ‘ਕਲ’ ਰਾਖੈ ॥ (ਮ: ੫/੨੮੫)
ਚਰਣ ਨ ਛਾਡਉ; ਸਰੀਰ ‘ਕਲ’ ਜਾਈ ॥ (ਭਗਤ ਰਵਿਦਾਸ/੩੪੫), ਆਦਿ।)
ਮਾਝ, ਮਹਲਾ ੫ ॥
ਮੀਹੁ (ਮੀਂਹ) ਪਇਆ, ਪਰਮੇਸਰਿ (ਨੇ) ਪਾਇਆ ॥ ਜੀਅ (ਜੀ..) ਜੰਤ ਸਭਿ, ਸੁਖੀ ਵਸਾਇਆ ॥ ਗਇਆ ਕਲੇਸੁ (ਕਲੇਸ਼), ਭਇਆ ਸੁਖੁ ਸਾਚਾ, ਹਰਿ ਹਰਿ ਨਾਮੁ ਸਮਾਲੀ (ਸੰਮ੍ਹਾਲੀਂ) ਜੀਉ ॥੧॥ ਜਿਸ ਕੇ ਸੇ, ਤਿਨ ਹੀ ਪ੍ਰਤਿਪਾਰੇ ॥ ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥ ਸੁਣੀ ਬੇਨੰਤੀ ਠਾਕੁਰਿ+ਮੇਰੈ (ਨੇ) ; ਪੂਰਨ ਹੋਈ ਘਾਲੀ (ਘਾਲ਼ੀ) ਜੀਉ ॥੨॥ ਸਰਬ ਜੀਆ ਕਉ (ਜੀਆਂ ਕੌ) ਦੇਵਣਹਾਰਾ ॥ ਗੁਰ ਪਰਸਾਦੀ; ਨਦਰਿ ਨਿਹਾਰਾ ॥ ਜਲ ਥਲ ਮਹੀਅਲ, ਸਭਿ ਤ੍ਰਿਪਤਾਣੇ ; ਸਾਧੂ ਚਰਨ ਪਖਾਲੀ (ਪਖਾਲੀਂ, ਧੌਂਦਾ ਹਾਂ) ਜੀਉ ॥੩॥ ਮਨ ਕੀ ਇਛ (ਇੱਛ) ਪੁਜਾਵਣਹਾਰਾ ॥ ਸਦਾ ਸਦਾ ਜਾਈ (ਜਾਈਂ) ਬਲਿਹਾਰਾ ॥ ਨਾਨਕ ! ਦਾਨੁ ਕੀਆ ਦੁਖ ਭੰਜਨਿ (ਨੇ) ; ਰਤੇ (ਰੱਤੇ) ਰੰਗਿ ਰਸਾਲੀ ਜੀਉ ॥੪॥੩੨॥੩੯॥
(ਨੋਟ: ਉਕਤ ਸ਼ਬਦ ਦੇ ਦੂਸਰੇ ਬੰਦ ਦੀ ਤੁੱਕ ‘‘ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥’’ ’ਚ ‘ਪਾਰਬ੍ਰਹਮ ਪ੍ਰਭ’ ਇੱਕ ਵਚਨ ਪੁਲਿੰਗ ਹੋਣ ਕਾਰਨ ਅੰਤ ਔਂਕੜ ਜ਼ਰੂਰੀ ਸਨ, ਪਰ ਸੰਬੰਧਿਤ ਸ਼ਬਦ ‘ਭਏ ਰਖਵਾਰੇ ॥’ ਬਹੁ ਵਚਨ ਹੋਣ ਕਾਰਨ ਇਹ ਵੀ ਅੰਤ ਮੁਕਤੇ ਹੋ ਗਏ ਭਾਵ ‘ਪਾਰਬ੍ਰਹਮ ਪ੍ਰਭ’ ਨੂੰ ਸਤਿਕਾਰ ਵਜੋਂ ਬਹੁ ਵਚਨ ਪ੍ਰਗਟਾਇਆ ਗਿਆ ਹੈ।)
ਮਾਝ, ਮਹਲਾ ੫ ॥
ਮਨੁ ਤਨੁ ਤੇਰਾ, ਧਨੁ ਭੀ ਤੇਰਾ ॥ ਤੂੰ ਠਾਕੁਰੁ, ਸੁਆਮੀ ਪ੍ਰਭੁ ਮੇਰਾ ॥ ਜੀਉ ਪਿੰਡੁ ਸਭੁ, ਰਾਸਿ ਤੁਮਾਰੀ (ਤੁਮ੍ਹਾਰੀ) ; ਤੇਰਾ ਜੋਰੁ ਗੋਪਾਲਾ ਜੀਉ ॥੧॥ ਸਦਾ ਸਦਾ ਤੂੰ ਹੈ (ਹੈਂ) ਸੁਖਦਾਈ ॥ ਨਿਵਿ+ਨਿਵਿ (ਕੇ) ਲਾਗਾ (ਲਾਗਾਂ) , ਤੇਰੀ ਪਾਈ (ਪਾਂਈ) ॥ ਕਾਰ ਕਮਾਵਾ (ਕਮਾਵਾਂ), ਜੇ ਤੁਧੁ ਭਾਵਾ (ਭਾਵਾਂ); ਜਾ ਤੂੰ ਦੇਹਿ (ਦੇਹਿਂ) , ਦਇਆਲਾ ਜੀਉ ! ॥੨॥ ਪ੍ਰਭ ! ਤੁਮ ਤੇ ਲਹਣਾ, ਤੂੰ ਮੇਰਾ ਗਹਣਾ ॥ ਜੋ ਤੂੰ ਦੇਹਿ (ਦੇਹਿਂ), ਸੋਈ ਸੁਖੁ ਸਹਣਾ ॥ ਜਿਥੈ ਰਖਹਿ (ਜਿੱਥੈ ਰੱਖਹਿਂ), ਬੈਕੁੰਠੁ ਤਿਥਾਈ (ਤਿਥਾਈਂ) ; ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥ ਸਿਮਰਿ+ਸਿਮਰਿ (ਕੇ), ਨਾਨਕ ! ਸੁਖੁ ਪਾਇਆ ॥ ਆਠ ਪਹਰ, ਤੇਰੇ ਗੁਣ ਗਾਇਆ ॥ ਸਗਲ ਮਨੋਰਥ ਪੂਰਨ ਹੋਏ, ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥
ਮਾਝ, ਮਹਲਾ ੫ ॥
ਪਾਰਬ੍ਰਹਮਿ+ਪ੍ਰਭਿ (ਨੇ), ਮੇਘੁ ਪਠਾਇਆ (ਭਾਵ ਬੱਦਲ ਭੇਜਿਆ) ॥ ਜਲਿ+ਥਲਿ+ਮਹੀਅਲਿ (’ਚ), ਦਹ ਦਿਸਿ ਵਰਸਾਇਆ ॥ ਸਾਂਤਿ ਭਈ, ਬੁਝੀ ਸਭ ਤ੍ਰਿਸਨਾ (ਤ੍ਰਿਸ਼ਨਾ) ; ਅਨਦੁ (ਅਨੰਦ) ਭਇਆ, ਸਭ ਠਾਈ (ਠਾਂਈ) ਜੀਉ ॥੧॥ ਸੁਖਦਾਤਾ ਦੁਖ ਭੰਜਨਹਾਰਾ ॥ ਆਪੇ ਬਖਸਿ (ਬਖ਼ਸ਼) ਕਰੇ, ਜੀਅ ਸਾਰਾ (ਭਾਵ ਜੀਵਾਂ ਦੀ ਸੰਭਾਲ਼)॥ ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ; ਪਇ ਪੈਰੀ (ਪੈਰੀਂ), ਤਿਸਹਿ ਮਨਾਈ (ਤਿਸੈ ਮਨਾਈਂ) ਜੀਉ ॥੨॥ ਜਾ ਕੀ ਸਰਣਿ ਪਇਆ (ਸ਼ਰਣਿ ਪਇਆਂ), ਗਤਿ ਪਾਈਐ ॥ ਸਾਸਿ+ਸਾਸਿ (ਨਾਲ਼), ਹਰਿ ਨਾਮੁ ਧਿਆਈਐ ॥ ਤਿਸੁ ਬਿਨੁ, ਹੋਰੁ ਨ ਦੂਜਾ ਠਾਕੁਰੁ ; ਸਭ, ਤਿਸੈ ਕੀਆ ਜਾਈ (ਕੀਆਂ ਜਾਈਂ) ਜੀਉ ॥੩॥ ਤੇਰਾ ਮਾਣੁ, ਤਾਣੁ ਪ੍ਰਭ ! ਤੇਰਾ ॥ ਤੂੰ ਸਚਾ ਸਾਹਿਬੁ, ਗੁਣੀ (ਗੁਣੀਂ) ਗਹੇਰਾ ॥ ਨਾਨਕੁ ਦਾਸੁ ਕਹੈ ਬੇਨੰਤੀ ; ਆਠ ਪਹਰ, ਤੁਧੁ ਧਿਆਈ (ਧਿਆਈਂ) ਜੀਉ ॥੪॥੩੪॥੪੧॥
ਮਾਝ, ਮਹਲਾ ੫ ॥
ਸਭੇ ਸੁਖ (ਸੁੱਖ) ਭਏ, ਪ੍ਰਭ ਤੁਠੇ (ਭਾਵ ਪ੍ਰਭੂ ਦੇ ਤੁੱਠਣ ਨਾਲ਼)॥ ਗੁਰ ਪੂਰੇ ਕੇ ਚਰਣ; ਮਨਿ ਵੁਠੇ (ਭਾਵ ਜਦ ਮਨ ’ਚ ਵਸੇ)॥ ਸਹਜ ਸਮਾਧਿ ਲਗੀ ਲਿਵ ਅੰਤਰਿ ; ਸੋ (ਭਾਵ ਅਜਿਹਾ) ਰਸੁ, ਸੋਈ ਜਾਣੈ ਜੀਉ ॥੧॥ ਅਗਮ (ਅਗੰਮ) ਅਗੋਚਰੁ, ਸਾਹਿਬੁ ਮੇਰਾ ॥ ਘਟ ਘਟ ਅੰਤਰਿ, ਵਰਤੈ ਨੇਰਾ ॥ ਸਦਾ ਅਲਿਪਤੁ (ਅਲਿੱਪਤ), ਜੀਆ (ਜੀਆਂ) ਕਾ ਦਾਤਾ ; ਕੋ ਵਿਰਲਾ, ਆਪੁ (ਭਾਵ ਆਪਣੇ ਆਪ ਨੂੰ) ਪਛਾਣੈ ਜੀਉ ॥੨॥ ਪ੍ਰਭ ਮਿਲਣੈ ਕੀ, ਏਹ ਨੀਸਾਣੀ (ਨੀਸ਼ਾਣੀ)॥ ਮਨਿ (’ਚ) ਇਕੋ ਸਚਾ; ਹੁਕਮੁ ਪਛਾਣੀ ॥ ਸਹਜਿ+ਸੰਤੋਖਿ (ਨਾਲ਼), ਸਦਾ ਤ੍ਰਿਪਤਾਸੇ ; ਅਨਦੁ (ਅਨੰਦ), ਖਸਮ ਕੈ ਭਾਣੈ (’ਚ) ਜੀਉ ॥੩॥ ਹਥੀ ਦਿਤੀ (ਹੱਥੀ ਦਿੱਤੀ ਭਾਵ ਉਂਗਲੀ ਪਕੜਾਈ), ਪ੍ਰਭਿ+ਦੇਵਣਹਾਰੈ (ਨੇ)॥ ਜਨਮ ਮਰਣ ਰੋਗ ਸਭਿ ਨਿਵਾਰੇ ॥ ਨਾਨਕ ! ਦਾਸ ਕੀਏ ਪ੍ਰਭਿ (ਨੇ), ਅਪੁਨੇ ; ਹਰਿ ਕੀਰਤਨਿ, ਰੰਗ ਮਾਣੇ ਜੀਉ ॥ ੪॥੩੫॥੪੨॥
(ਨੋਟ: ਉਕਤ ਸ਼ਬਦ ਦੀ ਅੰਤਿਮ ਤੁਕ ‘‘ਨਾਨਕ ! ਦਾਸ ਕੀਏ ਪ੍ਰਭਿ (ਨੇ), ਅਪੁਨੇ..॥’’ ’ਚ ਅਗਰ ‘ਪ੍ਰਭਿ ਅਪੁਨੈ’ ਹੁੰਦਾ ਤਾਂ ਅਰਥ ਬਣਦੇ ‘ਆਪਣੇ ਪ੍ਰਭੂ ਨੇ’, ਪਰ ਹੁਣ ‘ਅਪੁਨੇ’ ਸ਼ਬਦ ਸਰੂਪ ਹੋਣ ਕਾਰਨ ‘ਅਪੁਨੇ ਦਾਸ’ ਹੈ, ਨਾ ਕਿ ‘ਅਪੁਨੇ ਪ੍ਰਭਿ’, ਇਸ ਲਈ ‘ਨਾਨਕ’ ਅਤੇ ‘ਦਾਸ’ ਸ਼ਬਦਾਂ ਵਿਚਕਾਰ ਵਿਸਰਾਮ ਦੇਣਾ ਜ਼ਰੂਰੀ ਹੋ ਗਿਆ।)
ਮਾਝ, ਮਹਲਾ ੫ ॥
ਕੀਨੀ ਦਇਆ, ਗੋਪਾਲ ਗੁਸਾਈ (ਗੁਸਾਈਂ)॥ ਗੁਰ ਕੇ ਚਰਣ, ਵਸੇ ਮਨ ਮਾਹੀ (ਮਾਹੀਂ)॥ ਅੰਗੀਕਾਰੁ ਕੀਆ, ਤਿਨਿ+ਕਰਤੈ (ਨੇ) ; ਦੁਖ ਕਾ ਡੇਰਾ ਢਾਹਿਆ ਜੀਉ ॥੧॥ ਮਨਿ+ਤਨਿ (’ਚ) ਵਸਿਆ, ਸਚਾ ਸੋਈ ॥ ਬਿਖੜਾ ਥਾਨੁ, ਨ ਦਿਸੈ ਕੋਈ ॥ ਦੂਤ ਦੁਸਮਣ (ਦੁਸ਼ਮਣ) ਸਭਿ, ਸਜਣ (ਸੱਜਣ) ਹੋਏ ; ਏਕੋ ਸੁਆਮੀ ਆਹਿਆ (ਭਾਵ ਚਾਹਿਆ, ਮੰਗਿਆ) ਜੀਉ ॥੨॥ ਜੋ ਕਿਛੁ ਕਰੇ, ਸੁ ਆਪੇ ਆਪੈ (ਭਾਵ ਆਪ ਹੀ ਆਪਣੇ ਆਪ ਤੋਂ)॥ ਬੁਧਿ ਸਿਆਣਪ, ਕਿਛੂ ਨ ਜਾਪੈ ॥ ਆਪਣਿਆ ਸੰਤਾ ਨੋ (ਆਪਣਿਆਂ ਸੰਤਾਂ ਨੋ), ਆਪਿ ਸਹਾਈ ; ਪ੍ਰਭਿ (ਨੇ), ਭਰਮ ਭੁਲਾਵਾ ਲਾਹਿਆ ਜੀਉ ॥੩॥ ਚਰਣ ਕਮਲ, ਜਨ ਕਾ ਆਧਾਰੋ ॥ ਆਠ ਪਹਰ, ਰਾਮ ਨਾਮੁ ਵਾਪਾਰੋ ॥ ਸਹਜ ਅਨੰਦ, ਗਾਵਹਿ (ਗਾਵਹਿਂ) ਗੁਣ ਗੋਵਿੰਦ (ਦੇ); ਪ੍ਰਭ, ਨਾਨਕ ! ਸਰਬ ਸਮਾਹਿਆ ਜੀਉ ॥੪॥੩੬॥੪੩॥
ਮਾਝ, ਮਹਲਾ ੫ ॥
ਸੋ ਸਚੁ ਮੰਦਰੁ, ਜਿਤੁ (ਭਾਵ ਜਿੱਥੇ ਬੈਠਣ ਨਾਲ਼) ਸਚੁ ਧਿਆਈਐ ॥ ਸੋ ਰਿਦਾ ਸੁਹੇਲਾ, ਜਿਤੁ (ਭਾਵ ਜਿਸ ’ਚੋਂ) ਹਰਿ ਗੁਣ ਗਾਈਐ ॥ ਸਾ ਧਰਤਿ ਸੁਹਾਵੀ, ਜਿਤੁ (ਭਾਵ ਜਿਸ ਉੱਤੇ) ਵਸਹਿ (ਵਸਹਿਂ) ਹਰਿ ਜਨ ; ਸਚੇ ਨਾਮ ਵਿਟਹੁ (ਵਿਟੋਂ), ਕੁਰਬਾਣੋ ਜੀਉ ॥੧॥ ਸਚੁ ਵਡਾਈ, ਕੀਮ ਨ ਪਾਈ ॥ ਕੁਦਰਤਿ, ਕਰਮੁ; ਨ ਕਹਣਾ ਜਾਈ ॥ ਧਿਆਇ-ਧਿਆਇ (ਕੇ), ਜੀਵਹਿ (ਜਾਵਹਿਂ) ਜਨ ਤੇਰੇ ; ਸਚੁ ਸਬਦੁ, ਮਨਿ (’ਚ) ਮਾਣੋ (ਭਾਵ ਸਵੈਮਾਣ, ਆਸਰਾ) ਜੀਉ ॥੨॥ ਸਚੁ ਸਾਲਾਹਣੁ, ਵਡਭਾਗੀ (ਵਡਭਾਗੀਂ, ਵੱਡੇ ਭਾਗਾਂ ਨਾਲ਼) ਪਾਈਐ ॥ ਗੁਰ ਪਰਸਾਦੀ, ਹਰਿ ਗੁਣ ਗਾਈਐ ॥ ਰੰਗਿ ਰਤੇ ਤੇਰੈ (ਭਾਵ ਤੇਰੈ+ਰੰਗਿ ਰੱਤੇ), ਤੁਧੁ ਭਾਵਹਿ (ਭਾਵਹਿਂ) ; ਸਚੁ ਨਾਮੁ ਨੀਸਾਣੋ (ਨੀਸ਼ਾਣੋ) ਜੀਉ ॥੩॥ ਸਚੇ (ਦਾ) ਅੰਤੁ, ਨ ਜਾਣੈ ਕੋਈ ॥ ਥਾਨਿ+ਥਨੰਤਰਿ, ਸਚਾ ਸੋਈ ॥ ਨਾਨਕ ! ਸਚੁ ਧਿਆਈਐ ਸਦ ਹੀ ; ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
ਮਾਝ, ਮਹਲਾ ੫ ॥
ਰੈਣਿ ਸੁਹਾਵੜੀ, ਦਿਨਸੁ ਸੁਹੇਲਾ ॥ ਜਪਿ (ਕੇ) ਅੰਮ੍ਰਿਤ ਨਾਮੁ, ਸੰਤ ਸੰਗਿ ਮੇਲਾ (ਮੇਲ਼ਾ)॥ ਘੜੀ ਮੂਰਤ ਸਿਮਰਤ (ਸਿਮਰਦਿਆਂ, ਕਿਰਦੰਤ) ਪਲ ਵੰਞਹਿ (ਵੰਞਹਿਂ ਭਾਵ ਲੰਘਦੇ); ਜੀਵਣੁ ਸਫਲੁ, ਤਿਥਾਈ (ਤਿਥਾਈਂ) ਜੀਉ ॥੧॥ ਸਿਮਰਤ ਨਾਮੁ, ਦੋਖ ਸਭਿ ਲਾਥੇ ॥ ਅੰਤਰਿ ਬਾਹਰਿ, ਹਰਿ ਪ੍ਰਭੁ ਸਾਥੇ ॥ ਭੈ (ਭਾਵ ਰੱਬੀ ਡਰ-ਅਦਬ ਰਾਹੀਂ, ਹਰ), ਭਉ ਭਰਮੁ ਖੋਇਆ ਗੁਰਿ+ਪੂਰੈ (ਨੇ) ; ਦੇਖਾ ਸਭਨੀ ਜਾਈ (ਦੇਖਾਂ ਸਭਨੀਂ ਜਾਈਂ) ਜੀਉ ॥੨॥ ਪ੍ਰਭੁ ਸਮਰਥੁ, ਵਡ ਊਚ ਅਪਾਰਾ ॥ ਨਉ ਨਿਧਿ ਨਾਮੁ, ਭਰੇ ਭੰਡਾਰਾ ॥ ਆਦਿ+ਅੰਤਿ+ਮਧਿ, ਪ੍ਰਭੁ ਸੋਈ ; ਦੂਜਾ, ਲਵੈ ਨ ਲਾਈ (ਲਾਈਂ) ਜੀਉ ॥੩॥ ਕਰਿ ਕਿਰਪਾ, ਮੇਰੇ ਦੀਨ ਦਇਆਲਾ ! ॥ ਜਾਚਿਕੁ ਜਾਚੈ, ਸਾਧ ਰਵਾਲਾ ॥ ਦੇਹਿ (ਦੇਹ) ਦਾਨੁ, ਨਾਨਕੁ ਜਨੁ ਮਾਗੈ (ਮਾਂਗੈ); ਸਦਾ ਸਦਾ, ਹਰਿ ਧਿਆਈ (ਧਿਆਈਂ) ਜੀਉ ॥੪॥੩੮॥੪੫॥
ਮਾਝ, ਮਹਲਾ ੫ ॥
ਐਥੈ ਤੂੰ ਹੈ (ਹੈਂ), ਆਗੈ (ਭੀ) ਆਪੇ ॥ ਜੀਅ ਜੰਤ੍ਰ ਸਭਿ, ਤੇਰੇ ਥਾਪੇ ॥ ਤੁਧੁ ਬਿਨੁ, ਅਵਰੁ ਨ ਕੋਈ, ਕਰਤੇ ! ਮੈ ਧਰ-ਓਟ, ਤੁਮਾਰੀ (ਤੁਮ੍ਹਾਰੀ) ਜੀਉ ॥੧॥ ਰਸਨਾ ਜਪਿ+ਜਪਿ (ਕੇ) ਜੀਵੈ, ਸੁਆਮੀ ! ॥ ਪਾਰਬ੍ਰਹਮ ! ਪ੍ਰਭ ਅੰਤਰਜਾਮੀ ! ॥ ਜਿਨਿ (ਜਿਨ੍ਹ, ਭਾਵ ਜਿਨ੍ਹ-ਜਿਨ੍ਹ, ਅਗਾਂਹ ਬਹੁ ਵਚਨ ਹੈ) ਸੇਵਿਆ, ਤਿਨ (ਤਿਨ੍ਹ ਭਾਵ ਉਨ੍ਹਾਂ ਨੇ) ਹੀ ਸੁਖੁ ਪਾਇਆ ; ਸੋ ਜਨਮੁ, ਨ ਜੂਐ (’ਚ) ਹਾਰੀ ਜੀਉ ॥੨॥ ਨਾਮੁ ਅਵਖਧੁ, ਜਿਨਿ (ਜਿਨ੍ਹ)+ਜਨਿ+ਤੇਰੈ (ਨੇ) ਪਾਇਆ ॥ ਜਨਮ ਜਨਮ ਕਾ ਰੋਗੁ ਗਵਾਇਆ ॥ ਹਰਿ ਕੀਰਤਨੁ, ਗਾਵਹੁ ਦਿਨੁ ਰਾਤੀ ; ਸਫਲ, ਏਹਾ ਹੈ ਕਾਰੀ ਜੀਉ ॥੩॥ ਦ੍ਰਿਸਟਿ (ਦ੍ਰਿਸ਼ਟਿ) ਧਾਰਿ (ਕੇ), ਅਪਨਾ ਦਾਸੁ ਸਵਾਰਿਆ ॥ ਘਟ ਘਟ ਅੰਤਰਿ, ਪਾਰਬ੍ਰਹਮੁ ਨਮਸਕਾਰਿਆ ॥ ਇਕਸੁ ਵਿਣੁ, ਹੋਰੁ ਦੂਜਾ ਨਾਹੀ (ਨਾਹੀਂ) ; ਬਾਬਾ (ਭਾਵ ਹੇ ਭਾਈ) ! ਨਾਨਕ ! ਇਹ ਮਤਿ ਸਾਰੀ (ਸਰਬੋਤਮ, ਸ੍ਰੇਸ਼ਟ) ਜੀਉ ॥੪॥੩੯॥੪੬॥
ਮਾਝ, ਮਹਲਾ ੫ ॥
ਮਨੁ ਤਨੁ ਰਤਾ (ਰੱਤਾ), ਰਾਮ ਪਿਆਰੇ ॥ ਸਰਬਸੁ (ਸਰਬੱਸ) ਦੀਜੈ, ਅਪਨਾ ਵਾਰੇ ॥ ਆਠ ਪਹਰ ਗੋਵਿੰਦ ਗੁਣ ਗਾਈਐ, ਬਿਸਰੁ ਨ ਕੋਈ ਸਾਸਾ ਜੀਉ ॥੧॥ ਸੋਈ, ਸਾਜਨ (ਸਾੱਜਨ) ਮੀਤੁ ਪਿਆਰਾ ॥ ਰਾਮ ਨਾਮੁ, ਸਾਧਸੰਗਿ ਬੀਚਾਰਾ ॥ ਸਾਧੂ ਸੰਗਿ, ਤਰੀਜੈ ਸਾਗਰੁ ; ਕਟੀਐ (ਕੱਟੀਐ) ਜਮ ਕੀ ਫਾਸਾ ਜੀਉ ॥੨॥ ਚਾਰਿ ਪਦਾਰਥ, ਹਰਿ ਕੀ ਸੇਵਾ ॥ ਪਾਰਜਾਤੁ, ਜਪਿ ਅਲਖ (ਅਲੱਖ) ਅਭੇਵਾ ॥ ਕਾਮੁ ਕ੍ਰੋਧੁ ਕਿਲਬਿਖ, ਗੁਰਿ (ਨੇ) ਕਾਟੇ ; ਪੂਰਨ ਹੋਈ ਆਸਾ ਜੀਉ ॥੩॥ ਪੂਰਨ ਭਾਗ ਭਏ, ਜਿਸੁ ਪ੍ਰਾਣੀ (ਦੇ) ॥ ਸਾਧ ਸੰਗਿ ਮਿਲੇ ਸਾਰੰਗਪਾਣੀ ॥ ਨਾਨਕ ! ਨਾਮੁ ਵਸਿਆ ਜਿਸੁ ਅੰਤਰਿ ; ਪਰਵਾਣੁ ਗਿਰਸਤ (ਗਿਰ੍ਸਤ) ਉਦਾਸਾ ਜੀਉ ॥੪॥੪੦॥੪੭॥
ਮਾਝ, ਮਹਲਾ ੫ ॥
ਸਿਮਰਤ (ਸਿਮਰਦਿਆਂ, ਕਿਰਦੰਤ) ਨਾਮੁ, ਰਿਦੈ (’ਚ) ਸੁਖੁ ਪਾਇਆ ॥ ਕਰਿ ਕਿਰਪਾ ਭਗਤਂੀ (ਭਗਤਾਂ ਨੇ, ਹਿਰਦੇ ਨਾਮ) ਪ੍ਰਗਟਾਇਆ ॥ ਸੰਤ ਸੰਗਿ ਮਿਲਿ (ਕੇ), ਹਰਿ ਹਰਿ ਜਪਿਆ ; ਬਿਨਸੇ ਆਲਸ ਰੋਗਾ ਜੀਉ ॥੧॥ ਜਾ ਕੈ+ਗਿ੍ਰਹਿ (’ਚ), ਨਵ ਨਿਧਿ ਹਰਿ, ਭਾਈ ! ॥ ਤਿਸੁ ਮਿਲਿਆ, ਜਿਸੁ ਪੁਰਬ ਕਮਾਈ ॥ ਗਿਆਨ ਧਿਆਨ ਪੂਰਨ ਪਰਮੇਸੁਰ ; ਪ੍ਰਭੁ, ਸਭਨਾ ਗਲਾ (ਸਭਨਾਂ ਗੱਲਾਂ) ਜੋਗਾ ਜੀਉ ॥੨॥ ਖਿਨ ਮਹਿ, ਥਾਪਿ (ਕੇ) ਉਥਾਪਨਹਾਰਾ (ਨਾਸ਼ ਕਰਨ ਵਾਲ਼ਾ) ॥ ਆਪਿ ਇਕੰਤੀ (ਥੋੜ੍ਹਾ ‘ਇਕਾਂਤੀ’ ਵਾਙ), ਆਪਿ ਪਸਾਰਾ ॥ ਲੇਪੁ ਨਹੀ (ਨਹੀਂ) ਜਗਜੀਵਨ ਦਾਤੇ ; ਦਰਸਨ ਡਿਠੇ ਲਹਨਿ (ਦਰਸ਼ਨ ਡਿੱਠੇ ਲਹਨ੍) ਵਿਜੋਗਾ ਜੀਉ ॥੩॥ ਅੰਚਲਿ ਲਾਇ (ਕੇ), ਸਭ ਸਿਸਟਿ (ਸਿਸ਼ਟਿ) ਤਰਾਈ ॥ ਆਪਣਾ ਨਾਉ (ਨਾਉਂ), ਆਪਿ ਜਪਾਈ ॥ ਗੁਰ ਬੋਹਿਥੁ, ਪਾਇਆ ਕਿਰਪਾ ਤੇ ; ਨਾਨਕ ! ਧੁਰਿ ਸੰਜੋਗਾ ਜੀਉ ॥੪॥੪੧॥੪੮॥
ਮਾਝ, ਮਹਲਾ ੫ ॥
ਸੋਈ ਕਰਣਾ, ਜਿ ਆਪਿ ਕਰਾਏ ॥ ਜਿਥੈ ਰਖੈ (ਜਿੱਥੈ ਰੱਖੈ), ਸਾ ਭਲੀ ਜਾਏ (ਭਾਵ ਜਗ੍ਹਾ)॥ ਸੋਈ ਸਿਆਣਾ, ਸੋ ਪਤਿਵੰਤਾ ; ਹੁਕਮੁ ਲਗੈ (ਲੱਗੈ) ਜਿਸੁ ਮੀਠਾ ਜੀਉ ॥੧॥ ਸਭ ਪਰੋਈ, ਇਕਤੁ ਧਾਗੈ (’ਚ)॥ ਜਿਸੁ ਲਾਇ ਲਏ, ਸੋ ਚਰਣੀ ਲਾਗੈ ॥ ਊਂਧ ਕਵਲੁ ਜਿਸੁ (ਦਾ) ਹੋਇ ਪ੍ਰਗਾਸਾ ; ਤਿਨਿ (ਤਿਨ੍ਹ) ਸਰਬ ਨਿਰੰਜਨੁ ਡੀਠਾ ਜੀਉ ॥੨॥ ਤੇਰੀ ਮਹਿਮਾ, ਤੂੰ ਹੈ ਜਾਣਹਿ (ਹੈਂ ਜਾਣਹਿਂ) ॥ ਅਪਣਾ ਆਪੁ, ਤੂੰ ਆਪਿ ਪਛਾਣਹਿ (ਪਛਾਣਹਿਂ) ॥ ਹਉ (ਹੌਂ ) ਬਲਿਹਾਰੀ ਸੰਤਨ ਤੇਰੇ ; ਜਿਨਿ (ਜਿਨ੍ਹ-ਜਿਨ੍ਹ, ਕਿਉਂਕਿ ਸੰਤਨ ਤੇਰੇ ਬਹੁ ਵਚਨ ਹੈ), ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥ ਤੂੰ ਨਿਰਵੈਰੁ, ਸੰਤ ਤੇਰੇ ਨਿਰਮਲ ॥ ਜਿਨ (ਜਿਨ੍ਹ) ਦੇਖੇ, ਸਭ ਉਤਰਹਿ (ਉਤਰਹਿਂ) ਕਲਮਲ ॥ ਨਾਨਕ ! ਨਾਮੁ ਧਿਆਇ+ਧਿਆਇ (ਕੇ) ਜੀਵੈ ; ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥
ਮਾਂਝ, ਮਹਲਾ ੫ ॥
ਝੂਠਾ ਮੰਗਣੁ, ਜੇ ਕੋਈ ਮਾਗੈ (ਮਾਂਗੈ)॥ ਤਿਸ ਕਉ ਮਰਤੇ, ਘੜੀ ਨ ਲਾਗੈ ॥ ਪਾਰਬ੍ਰਹਮੁ, ਜੋ ਸਦ ਹੀ ਸੇਵੈ ; ਸੋ, ਗੁਰ ਮਿਲਿ, ਨਿਹਚਲੁ ਕਹਣਾ ॥੧॥ ਪ੍ਰੇਮ ਭਗਤਿ, ਜਿਸ ਕੈ+ਮਨਿ (’ਚ) ਲਾਗੀ ॥ ਗੁਣ ਗਾਵੈ, ਅਨਦਿਨੁ ਨਿਤਿ ਜਾਗੀ ॥ ਬਾਹ (ਬਾਂਹ) ਪਕੜਿ (ਕੇ), ਤਿਸੁ (ਨੂੰ) ਸੁਆਮੀ ਮੇਲੈ ; ਜਿਸ ਕੈ+ਮਸਤਕਿ (’ਤੇ) ਲਹਣਾ ॥੨॥ ਚਰਨ ਕਮਲ, ਭਗਤਾਂ ਮਨਿ ਵੁਠੇ ॥ ਵਿਣੁ ਪਰਮੇਸਰ, ਸਗਲੇ ਮੁਠੇ (ਮੁੱਠੇ, ਭਾਵ ਠੱਗੇ ਗਏ)॥ ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ (ਬਾਂਛਹਿਂ) ; ਨਾਮੁ ਸਚੇ ਕਾ ਗਹਣਾ ॥੩॥ ਊਠਤ ਬੈਠਤ (ਉਠਦਿਆਂ ਬੈਠਦਿਆਂ, ਕਿਰਦੰਤ, ਹਰਿ ਹਰਿ ਗਾਈਐ ॥ ਜਿਸੁ ਸਿਮਰਤ (ਸਿਮਰਦਿਆਂ), ਵਰੁ ਨਿਹਚਲੁ ਪਾਈਐ ॥ ਨਾਨਕ ਕਉ, ਪ੍ਰਭ ਹੋਇ ਦਇਆਲਾ ; ਤੇਰਾ ਕੀਤਾ ਸਹਣਾ ॥੪॥੪੩॥੫੦॥