ਆਪਣੀ ਮਾਂ ਦੇ ਵਰਗਾ, ਕੋਈ ਕਰ ਨਾ ਸਕੇ ਪਿਆਰ।
-ਰਮੇਸ਼ ਬੱਗਾ ਚੋਹਲਾ-94631-32719
ਬੱਚੇ ਨੂੰ ਤਕਲੀਫ਼ ਹੁੰਦੀ ਜਦ, ਦੁਖੀ ਹੁੰਦੀ ਹੈ ਮਾਂ,
ਸੁੱਕੀ ਥਾਂ ’ਤੇ ਪਾ ਕੇ ਉਸ ਨੂੰ, ਪੈਂਦੀ ਗਿੱਲੀ ਥਾਂ।
ਧੀਆਂ ਪੁੱਤਰਾਂ ਦੀਆਂ ਪੀੜਾਂ ਨੂੰ, ਸਕਦੀ ਨਾ ਸਹਾਰ।
ਆਪਣੀ ਮਾਂ ਦੇ ਵਰਗਾ, ਕੋਈ ਕਰ ਨਾ ਸਕੇ ਪਿਆਰ।
ਧੁੱਪਾਂ ਸਹਿ ਕੇ ਅਕਸਰ ਕਰਦੀ, ਹੈ ਬੱਚਿਆਂ ਨੂੰ ਛਾਵਾਂ,
ਮਾਂ ਦੀ ਨਿੱਘੀ ਗੋਦ ’ਚ ਹੁੰਦਾ, ਜੰਨਤ ਦਾ ਸਿਰਨਾਵਾਂ।
ਮਾਂ ਦੇ ਨਾਲ ਸੰਪੂਰਨ ਹੁੰਦਾ, ਬੱਚਿਆਂ ਦਾ ਪਰਿਵਾਰ।
ਆਪਣੀ ਮਾਂ ਦੇ ਵਰਗਾ, ਕੋਈ ਕਰ ਨਾ ਸਕੇ ਪਿਆਰ।
ਤੰਦਰੁਸਤੀ ਤੇ ਲੰਮੀ ਉਮਰ ਦੀ, ਮੰਗਦੀ ਸਦਾ ਦੁਆ,
ਆਪਣੇ ਬੱਚਿਆਂ ਦੇ ਸਾਹਾਂ ਨਾਲ, ਮਾਂ ਲੈਂਦੀ ਹੈ ਸਾਹ।
ਔਖੇ ਆਉਂਦੇ ਸਾਹ ਜੇ ਬੱਚੇ, ਲੱਗ ਜਾਣ ਕਰਨ ਖ਼ੁਆਰ।
ਆਪਣੀ ਮਾਂ ਦੇ ਵਰਗਾ, ਕੋਈ ਕਰ ਨਾ ਸਕੇ ਪਿਆਰ।
ਆਪ ਮਾਂ ਰਹਿ ਲਏ ਭੁੱਖੀ ਭਾਵੇਂ, ਬੱਚਿਆਂ ਨੂੰ ਰਜਾਵੇ,
ਖਾਂਦੀ ਖਾਂਦੀ ਕੱਢ ਕੇ ਮੂੰਹੋਂ, ਬੱਚਿਆਂ ਦੇ ਮੂੰਹ ਪਾਵੇ।
ਆਪਣੇ ਹਿੱਸੇ ਜੋ ਸੁੱਖ ਹੁੰਦਾ, ਔਲਾਦ ਤੋਂ ਦਿੰਦੀ ਵਾਰ।
ਆਪਣੀ ਮਾਂ ਦੇ ਵਰਗਾ, ਕੋਈ ਕਰ ਨਾ ਸਕੇ ਪਿਆਰ।
ਰਿਸ਼ਤੇ ਹੋਰ ਵੀ ਹੁੰਦੇ ਸਨੇਹੀ, ਪਰ ਮਾਂ ਸਭ ਤੋਂ ਪਿਆਰੀ,
ਰੱਬ ਦਾ ਰੂਪ ਸਮਝ ਕੇ ਜਾਂਦੀ, ਜਗ ਦੇ ਵਿਚ ਸਤਿਕਾਰੀ।
ਪੀਰ ਪੈਗ਼ੰਬਰਾਂ ਗੁਰੂਆਂ ਕੀਤਾ, ਮਾਤਾ ਦਾ ਸਤਿਕਾਰ।
ਆਪਣੀ ਮਾਂ ਦੇ ਵਰਗਾ, ਕੋਈ ਕਰ ਨਾ ਸਕੇ ਪਿਆਰ।
ਕਹਿਣ ਸਿਆਣੇ ਦੁਨੀਆਂ ਵਾਲਿਓ ! ਮਾਂ ਹੁੰਦੀ ਹੈ ਮਾਂ,
ਚਾਚੀ ਤਾਈ ਲੈ ਨਾ ਸਕਦੀ, ਕਦੇ ਵੀ ਇਸ ਦੀ ਥਾਂ।
‘ਚੋਹਲੇ’ ਵਾਲਾ ‘ਬੱਗਾ’ ਲਿਖਦਾ, ਕਰਕੇ ਸੋਚ ਵਿਚਾਰ।
ਆਪਣੀ ਮਾਂ ਦੇ ਵਰਗਾ, ਕੋਈ ਕਰ ਨਾ ਸਕੇ ਪਿਆਰ।
ਚਾਚੀਆਂ, ਮਾਸੀਆਂ ਚਾਹੇ ਕਿੰਨਾ, ਚੰਗਾ ਕਰਨ ਵਿਹਾਰ।
ਆਪਣੀ ਮਾਂ ਦੇ ਵਰਗਾ, ਕੋਈ ਕਰ ਨਾ ਸਕੇ ਪਿਆਰ।
————–੦————-