ਬੱਚੇ ਦੀ ਹੋਂਦ (ਬੁਨਿਆਦ) ਇਉਂ ਬਣਦੀ ਹੈ।
ਮਾਤਾ ਦੇ ਗਰਭ ਵਿਚਲਾ ਅੰਡਾ, ਬਿਨਾ ਪਿਤਾ ਦੇ ਸ਼ਕਰਾਣੂ ਦੇ ਅੰਕੁਰਿਤ ਨਹੀਂ ਕੀਤਾ ਜਾ ਸਕਦਾ। ਸ਼ਕਰਾਣੂ ਦਾ ਜਨਮ ਪਿਤਾ ਦੇ ਪਤਾਲੂਆਂ ਵਿਚ ਹੁੰਦਾ ਹੈ ਇਸ ਦੇ ਪੂਰਨ ਰੂਪ ਵਿਚ ਵਿਕਾਸ ਲਈ ਦੋ-ਤਿੰਨ ਮਹੀਨੇ ਲੱਗਦੇ ਹਨ। ਪਤਾਲੂ ਥੈਲੀ ਦਾ ਮਕਸਦ ਪਤਾਲੂਆਂ ਨੂੰ ਇਕ ਅਜਿਹਾ ਤਾਪਮਾਨ ਉਪਯੁਕਤ ਕਰਵਾਉਣਾ ਹੈ ਜੋ ਕਿ ਪਤਾਲੂਆਂ ਅੰਦਰ ਸ਼ਕਰਾਣੂਆਂ ਦੇ ਵਿਕਾਸ ਲਈ ਜਰੂਰੀ ਹੈ। ਇਸ ਥੈਲੀ ਦੀ ਬਣਤਰ ਕੁਦਰਤ ਨੇ ਇਸ ਤਰ੍ਹਾਂ ਬਣਾਈ ਹੈ ਕਿ ਇਸ ਅੰਦਰ ਬਾਕੀ ਸਰੀਰ ਨਾਲੋਂ 5 ਕੁ ਡਿਗਰੀ ਤਾਪਮਾਨ ਘੱਟ ਰਹਿੰਦਾ ਹੈ। ਸ਼ਕਰਾਣੂ ਪਤਾਲੂਆਂ ਵਿਚ ਬਣਨ ਤੋਂ ਬਾਅਦ ਪਤਾਲੂਆਂ ਦੇ ਪਿੱਛੇ (ਐਪੀਡੀਡਾਈਮਸ) ਵਿਚ ਇਕੱਤਰ ਹੋ ਜਾਂਦੇ ਹਨ। ਸ਼ਕਰਾਣੂ ਇਸ ਜਗ੍ਹਾ ਕੋਈ ਦੋ ਤੋਂ ਤਿੰਨ ਮਹੀਨੇ ਤੱਕ ਰਹਿੰਦੇ ਹਨ।
ਸ਼ਕਰਾਣੂ, ਦੋਹਾਂ ਪਤਾਲੂਆਂ ਵਿਚ ਇਕੱਤਰ ਹੋਣ ਤੋਂ ਮਗਰੋਂ ਦੋ ਨਲੀਆਂ ਰਾਹੀਂ ਉੱਪਰ ਨੂੰ ਵੀਰਜ ਥੈਲੀ ਵੱਲ ਤੁਰ ਪੈਂਦੇ ਹਨ। ਇਹ ਵੀਰਜ ਥੈਲੀ ਪਿਸ਼ਾਬ ਦੇ ਬਲੈਡਰ ਦੇ ਮਗਰੋਂ ਦੀ ਹੋ ਕੇ ਪੇਸ਼ਾਬ ਨਲੀ ਨਾਲ ਜੁੜ ਜਾਂਦੀ ਹੈ। ਇਹ ਪਿਸ਼ਾਬ ਅਤੇ ਵੀਰਜ (ਸ਼ਕਰਾਣੂਆਂ ਸਮੇਤ) ਸਰੀਰ ਵਿਚੋਂ ਬਾਹਰ ਨਿਕਲਣ ਦਾ ਸਾਂਝਾ ਮਾਰਗ ਹੈ।
ਸ਼ਕਰਾਣੂ ਆਪਣੀ ਥੈਲੀ ਵਿਚੋਂ ਬਾਹਰ ਆਉਣ ਲੱਗੇ ਰਸਤੇ ਵਿਚ ਵੀਰਜ (ਇਕ ਚਿਕਨਾ ਪਦਾਰਥ) ਨਾਲ ਲੈ ਕੇ ਚੱਲਦੇ ਹਨ। ਇਹ ਵੀਰਜ ਤਿੰਨ ਜਗ੍ਹਾ ਤੋਂ ਮਿਲਦਾ ਹੈ। ਦੋ ਵੱਡੀਆਂ ਗ੍ਰੰਥੀਆਂ (ਸੈਮੀਨਲ ਵੈਸੀਕਲ) ਸ਼ਕਰਾਣੂਆਂ ਨੂੰ ਪਲਦੇ ਰੱਖਣ ਲਈ ਖੁਰਾਕ ਵਜੋਂ ਪਦਾਰਥ ਪੈਦਾ ਕਰਦੀਆਂ ਹਨ। ਗਦੂਦ ਗ੍ਰੰਥੀਆਂ (ਪਰੋਸਟੇਟ ਗਲੈਂਡ) ਅਜਿਹਾ ਪਦਾਰਥ ਛੱਡਦੀਆਂ ਹਨ ਜਿਸ ਵਿਚ ਸ਼ਕਰਾਣੂ ਤੈਰਦੇ ਰਹਿੰਦੇ ਹਨ। ਕੌਪਰ ਗ੍ਰੰਥੀਆਂ ਅਜਿਹਾ ਪਦਾਰਥ ਪੈਦਾ ਕਰਦੀਆਂ ਹਨ ਜੋ ਕਿ ਪਿਸ਼ਾਬ ਵਿਚਲੇ ਤੇਜ਼ਾਬ ਦੇ ਅੰਸ਼ ਨੂੰ ਨਿਸ਼ਕ੍ਰਿਅ ਕਰਦੇ ਹਨ ਜੋ ਕਿ ਪਿਸ਼ਾਬ ਨਲੀ ਵਿਚ ਪਿਛਲੀ ਵਾਰ ਕੀਤੇ ਗਏ ਪਿਸ਼ਾਬ ਵਿਚੋਂ ਬਚੇ ਰਹਿ ਸਕਦੇ ਹਨ। ਪਿਸ਼ਾਬ ਨਲੀ ਰਾਹੀਂ ਵੱਡੀ ਗਿਣਤੀ ਵਿਚ (ਇਕ ਵੇਲੇ 2 ਲੱਖ ਦੇ ਲਗਭਗ) ਸ਼ਕਰਾਣੂ ਸ਼ਰੀਰ ਵਿਚੋਂ ਬਾਹਰ ਆਉਂਦੇ ਹਨ, ਇਸ ਕਿਰਿਆ ਨੂੰ ਵੀਰਜ ਦਾ ਛੁੱਟਣਾ ਵੀ ਕਹਿੰਦੇ ਹਨ। ਜੇ ਇਹ ਸੰਭੋਗ (ਔਰਤ ਨਾਲ ਯੋਨ ਸੰਪਰਕ) ਦੌਰਾਨ ਵਾਪਰਦਾ ਹੈ ਤਾਂ ਸ਼ਕਰਾਣੂ ਬੱਚੇਦਾਨੀ ਤੋਂ ਗਰਭ ਨਲੀਆਂ ਵੱਲ ਅੰਡੇ ਨੂੰ ਅੰਕੁਰਿਤ ਕਰਨ ਦੀ ਕੋਸ਼ਿਸ਼ ਵਿਚ ਦੌੜਦੇ ਹਨ। ਜੇ ਕਿਸੇ ਵੀ ਇੱਕ ਸ਼ਕਰਾਣੂ ਦਾ ਅੰਡੇ ਨਾਲ ਸੁਮੇਲ ਹੋ ਜਾਏ ਤਾਂ ਅੰਡਾ ਅੰਕੁਰਿਤ ਹੋ ਕੇ ਆਪਣੇ ਦੁਆਲੇ ਹੋਰ ਸ਼ਕਰਾਣੂਆਂ ਤੋਂ ਬਚਣ ਲਈ ਸੁਰੱਖਿਆ ਕਵਚ ਬਣਾ ਕੇ ਬੱਚੇਦਾਨੀ ਵੱਲ ਤੁਰ ਜਾਂਦਾ ਹੈ ਅਤੇ ਭਰੂਣ ਦੇ ਰੂਪ ਵਿਚ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ।
ਲੜਕਾ ਜਾਂ ਲੜਕੀ ਕਿਵੇਂ ਪੈਦਾ ਹੁੰਦੀ ਹੈ ?
ਅਸੀਂ ਜਾਣਦੇ ਹਾਂ ਕਿ ਹਰੇਕ ਬੱਚਾ ਆਪਣੀ ਮਾਤਾ ਅਤੇ ਪਿਤਾ ਤੋਂ ਇੱਕ-ਇੱਕ ਸੈੱਲ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਬੁਨਿਆਦ ਕਾਇਮ ਕਰਦਾ ਹੈ। ਮਾਤਾ ਦਾ ਸੈੱਲ ਉਸ ਆਂਡੇ ਵਿੱਚ ਹੁੰਦਾ ਹੈ ਜੋ ਹਰ ਜੁਆਨ ਔਰਤ ਮਹੀਨੇ ਵਿੱਚ ਇੱਕ ਵਾਰ ਪੈਦਾ ਕਰਦੀ ਹੈ। ਪਿਤਾ ਦਾ ਸੈੱਲ ਉਸ ਦੇ ਵੀਰਯ ਵਿੱਚ ਹੁੰਦਾ ਹੈ। ਆਂਡੇ ਤੇ ਵੀਰਯ ਦੇ ਮਿਲਾਪ ਨਾਲ ਹੀ ਬੱਚਾ ਪੈਦਾ ਹੁੰਦਾ ਹੈ। ਮਾਂ ਦੇ ਆਂਡੇ ਵਿੱਚ ਇੱਕੋ ਹੀ ਕਿਸਮ ਦੇ X ਕਰੋਮੋਸੋਮ ਹੁੰਦੇ ਹਨ ਪਰ ਪਿਤਾ ਦੇ ਵੀਰਯ ਵਿੱਚ X ਕਰੋਮੋਸੋਮ ਅਤੇ Y ਕਰੋਮੋਸੋਮ ਹੁੰਦੇ ਹਨ। ਹੁਣ ਜੇ ਪਿਤਾ ਦੇ ਵੀਰਯ ਵਿਚਲਾ X ਕਰੋਮੋਸੋਮ ਮਾਤਾ ਦੇ ਆਂਡੇ ਵਿਚਲੇ X ਕਰੋਮੋਸੋਮ ਨਾਲ ਮਿਲਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ, ਪਰ ਜੇ ਪਿਤਾ ਦੇ ਵੀਰਯ ਵਿੱਚੋਂ Y ਕਰੋਮੋਸੋਮ ਮਾਤਾ ਦੇ ਆਂਡੇ ਦੇ X ਕਰੋਮੋਸੋਮ ਨਾਲ ਮਿਲਦਾ ਹੈ (ਜਿਹੜਾ ਹਮੇਸਾਂ ਹੀ X ਕਰੋਮੋਸੋਮ ਹੁੰਦਾ ਹੈ) ਤਾਂ ਲੜਕਾ ਪੈਦਾ ਹੁੰਦਾ ਹੈ। ਇਸ ਤਰ੍ਹਾਂ ਲੜਕੇ ਜਾਂ ਲੜਕੀ ਨੂੰ ਜਨਮ ਦੇਣਾ ਮਾਤਾ ਦੇ ਵਸ ਨਹੀਂ ਬਲਕਿ ਕੁਦਰਤ ਨੇ ਪਿਤਾ ਨੂੰ ਅਧਿਕਾਰ ਦਿੱਤਾ ਹੋਇਆ ਹੈ, ਇਸ ਲਈ ਮਾਤਾ ਦੀ ਤੁਲਨਾ ਧਰਤੀ ਨਾਲ ਕੀਤੀ ਜਾਂਦੀ ਹੈ ਭਾਵ ਧਰਤੀ ਵਿਚ ਕਣਕ ਬੋ ਕੇ ਚਣੇ ਨਹੀਂ ਉਗਾਏ ਜਾ ਸਕਦੇ, ਇਸੇ ਤਰ੍ਹਾਂ ਮਾਤਾ ਵਿਚ ਲੜਕੀ ਬੋ ਕੇ ਲੜਕਾ ਨਹੀਂ ਉਗਾਇਆ ਜਾ ਸਕਦਾ, ਪਰ ਮੂਰਖ ਸਮਾਜ ਲੜਕੀ ਦੇ ਪੈਦਾ ਹੋਣ ਉਪਰੰਤ ਦੋਸ਼ੀ ਔਰਤਾਂ ਨੂੰ ਹੀ ਮੰਨਦਾ ਆ ਰਿਹਾ ਹੈ।
ਕਈ ਵਾਰੀ ਮਾਤਾ ਪਿਤਾ ਦੇ ਦੋ ਕਰੋਮੋਸੋਮਾਂ (X+X/X+Y) ਦੇ ਜੁੜਨ ਦੀ ਬਜਾਏ ਤਿੰਨ ਕਰੋਮੋਸੋਮ (X+X+X/X+Y+Y) ਵੀ ਜੁੜ ਜਾਂਦੇ ਹਨ ਅਜਿਹੀ ਹਾਲਤ ਵਿੱਚ ਖੁਸਰੇ, ਜੁੜਵੇਂ ਬੱਚੇ ਬਗੈਰਾ ਪੈਦਾ ਹੋ ਜਾਂਦੇ ਹਨ।
ਵਿਗਿਆਨ ਨੇ ਇਹ ਤਕਨੀਕ ਹਾਸਲ ਕਰਨ ਵਲ ਕਦਮ ਪੁੱਟਿਆ ਹੈ ਕਿ ਪਿਤਾ ਦੇ ਵੀਰਯ ਦੀ ਬਜਾਇ ਮਰਦ ਦੀ ਚਮੜੀ ਵਿਚੋਂ ਇਹ ਸ਼ੁਕਰਾਣੂ ਬਣਾਇਆ ਜਾਏ, ਜਿਸ ਵਿਚ ਕੁਝ ਸਫਲਤਾ ਵੀ ਮਿਲੀ ਦੱਸੀ ਜਾਂਦੀ ਹੈ। ਸ਼ਾਇਦ ਆਉਣ ਵਾਲੇ ਸਮੇਂ ਵਿਚ ਕਿਸੀ ਕਾਰਨ ਵਿਧਵਾ ਹੋਈਆਂ ਔਰਤਾਂ ਜਾਂ ਕੁਆਰਾ ਜੀਵਨ ਬਤੀਤ ਕਰਨ ਵਿਚ ਖੁਸ਼ ਰਹਿਣ ਵਾਲੀਆਂ ਲੜਕੀਆਂ ਨੂੰ ਵੀ ਬੱਚਾ ਉਪਲਬਧ ਕਰਾਇਆ ਜਾ ਸਕੇਗਾ ਤਾਂ ਜੋ ਸਮਾਜ ਵਿਚ ਉਹ ਆਪਣਾ ਸਨਮਾਨ ਵੀ ਬਰਕਰਾਰ ਰੱਖ ਸਕਣ।