ਹਉਮੈ ਦੀਰਘ ਰੋਗੁ ਹੈ

0
3538

ਹਉਮੈ ਦੀਰਘ ਰੋਗੁ ਹੈ

ਸੁਰਜਨ ਸਿੰਘ, ਮੋਹਾਲੀ-90414-09041

ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ।–(ਮ:੨/੪੬੬)। ਜਦੋਂ ਕਿਸੇ ਲਫ਼ਜ਼ ਨਾਲ ਭੀ ਵਰਤਿਆ ਜਾਂਦਾ ਹੈ ਤਾਂ ਉਸ ਲਫ਼ਜ਼ ’ਤੇ ਜ਼ੋਰ ਦੇ ਕੇ ਪੜ੍ਹਨ ਦੀ ਲੋੜ ਹੁੰਦੀ ਹੈ। ਇਸ ਲਈ ‘ਦਾਰੂ’ ਸ਼ਬਦ ’ਤੇ ਜ਼ੋਰ ਦੇ ਕੇ ਪੜ੍ਹਨਾ ਹੀ ਉਚਿਤ ਹੋਵੇਗਾ ਤਾਕਿ ਭਾਵ ਇਹ ਬਣੇ ਕਿ ਹਉਮੈ ਰੋਗ ਦਾ ਦਾਰੂ (ਇਲਾਜ) ਵੀ ਹੈ। ਕਈ ਸੱਜਣ ‘ਇਸੁ’ ਸ਼ਬਦ ’ਤੇ ਜ਼ੋਰ ਦੇ ਕੇ ਪੜ੍ਹਦੇ ਹਨ। ਇਸ ਦਾ ਭਾਵ ਬਣ ਜਾਂਦਾ ਹੈ ਕਿ ਹਉਮੈ ਦਾ ਦਾਰੂ ਹਉਮੈ ਵਿਚ ਹੀ ਹੈ। ਫਿਰ ਇਹ ਸੱਜਣ ਇਸ ਪਾਵਨ ਬਾਣੀ ਦੀ ਤੁਕ ’ਤੇ ਕਿੰਤੂ ਪ੍ਰੰਤੂ ਕਰਨ ਲਗ ਜਾਂਦੇ ਹਨ ਕਿ ਦੇਖੋ ਗੁਰਬਾਣੀ ਤਾਂ ਆਖਦੀ ਹੈ ਕਿ ਹਊਮੇ ਦਾ ਇਲਾਜ ਹਉਮੈ ਵਿੱਚ ਹੀ ਹੈ। ਇੱਥੋਂ ਤੱਕ ਕਿ ਇਹ ਲੋਕ ਮੁਹੱਮਦ ਇਕਬਾਲ ਦਾ ਸ਼ੇਅਰ ਵੀ ਕੋਟ ਕਰਦੇ ਹਨ:-‘ਖ਼ੁਦੀ ਕੋ ਕਰ ਬੁਲੰਦ ਇਤਨਾ, ਕਿ ਹਰ ਤਕਦੀਰ ਸੇ ਪਹਿਲੇ, ਖ਼ੁਦਾ ਬੰਦੇ ਸੇ ਖ਼ੁਦ ਪੂਛੇ, ਬਤਾ ਤੇਰੀ ਰਜ਼ਾ ਕਿਆ ਹੈ?’ ਇਹੋ ਜਿਹੇ ਬੰਦੇ ਆਪਣੀ ਹਉਮੈ ਵਧਾਈ ਜਾਂਦੇ ਹਨ ਇਸ ਭਰਮ ਨਾਲ ਕਿ ਖ਼ੁਦਾ ਉਨ੍ਹਾ ਦੇ ਪਿੱਛੇ-ਪਿੱਛੇ ਤੁਰਿਆ ਫਿਰਦਾ ਹੈ ਇਹ ਜਾਣਨ ਲਈ ਕਿ ੳਨ੍ਹਾਂ ਦੀ ਮਰਜ਼ੀ ਕੀ ਹੈ? ਤਾ ਕਿ ਖ਼ੁਦਾ ਉਹ (ਮਰਜ਼ੀ) ਪੂਰੀ ਕਰੇ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਖ਼ੁਦੀ ਅਤੇ ਹਉਮੈ ਦੇ ਅਰਥਾਂ ਦਾ ਫ਼ਰਕ ਨਹੀਂ ਸਮਝਦੇ। ਖ਼ੁਦੀ ਦੇ ਅਰਥ ਹਨ ਆਪਾ/ਜ਼ਮੀਰ (self/conscience)। ਆਪਾ ਉੱਚਾ ਕਰਨਾ (ਖ਼ਦੀ ਬੁਲੰਦ ਕਰਨਾ) ਕੀ ਹੈ? ਹਉਮੈ ਨੂੰ ਮਾਰ ਦੇਣਾ ਹੀ ਉੱਚਾਪਨ ਹੈ। ‘‘ਭਲੀ ਸਰੀ ਜਿ ਉਬਰੀ, ਹਉਮੈ ਮੁਈ ਘਰਾਹੁ॥ ਮ:੧/੧੮॥’’ ਹਉਮੈ ਦੇ ਅਰਥ ਹਨ ਹਉ/ਅੰਹਕਾਰ (egoism)। ਹਉਮੈ ਕਰਮ, ਉਹ ਕੰਮ ਹਨ ਜਿਨ੍ਹਾਂ ਨਾਲ (ਅਹੰਕਾਰ) ਹਉ ਪ੍ਰਬਲ ਬਣੀ ਰਹਿੰਦੀ ਹੈ। ਹਉਮੈ ਪ੍ਰਬਲ ਬਣਾਉਣ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ ਬਲਕਿ ਸਜ਼ਾ ਦੇਂਦਾ ਹੈ। ‘‘ਉਧਰੇ ਸੰਤ, ਪਰੇ ਹਰਿ ਸਰਨੀ, ਪਚਿ ਬਿਨਸੇ ਮਹਾ ਅਹੰਕਾਰੀ॥’’ ਮ:੫/੯੧੬॥ ਭਲੇ ਪੁਰਖ ਜੋ ਪ੍ਰਭੂ ਦੀ ਸਰਨ ਵਿੱਚ ਰਹਿੰਦੇ ਹਨ ਉਹ ਹਉਮੈ, ਵਿਕਾਰਾਂ, ਤਿ੍ਰਸਨਾ ਤੋਂ ਬਚੇ ਰਹਿੰਦੇ ਹਨ। ਅੰਹਕਾਰੀ (ਹਉਮੈ ਭਰੇ) ਸੜ ਗਲ ਜਾਂਦੇ ਹਨ। ਜੇ ਖ਼ੁਦਾ ਨੂੰ ਰਿਝਾਉਣਾ ਹੈ ਤਾਂ ਮਨ ਨਿਰਮਲ ਕਰਨ ਦੀ ਲੋੜ ਹੈ। ਕਬੀਰ ਜੀ ਆਖਦੇ ਹਨ:- ‘‘ਕਬੀਰ ਮਨੁ ਨਿਰਮਲੁ ਭਇਆ, ਜੈਸਾ ਗੰਗਾ ਨੀਰੁ॥ ਪਾਛੈ ਲਾਗੋ ਹਰਿ ਫਿਰੈ, ਕਹਤ ਕਬੀਰ ਕਬੀਰ॥’’ ੧੩੬੭॥

ਗੁਰੂ ਸਾਹਿਬ ਹਉਮੈ ਦੇ ਰੋਗ ਦਾ ਇਲਾਜ ਦਸਦੇ ਹਨ। ‘‘ਹਉਮੈ ਦੀਰਘ ਰੋਗ ਹੈ, ਦਾਰੂ ਭੀ, ਇਸੁ ਮਾਹਿ॥ ਕਿਰਪਾ ਕਰੇ ਜੇ ਆਪਣੀ, ਤਾ ਗੁਰ ਕਾ ਸਬਦੁ ਕਮਾਹਿ॥ ਨਾਨਕ ਕਹੈ ਸੁਣਹੁ ਜਨਹੁ! ਇਤੁ ਸੰਜਿਮ ਦੁਖ ਜਾਹਿ॥’’ ੪੬੬॥

ਹਉਮੈ ਇੱਕ ਲੰਮਾ ਰੋਗ ਹੈ। ਇਸ ਦਾ ਦਾਰੂ ਵੀ ਹੈ। ਜੇ ਪ੍ਰਭੂ ਕਿਰਪਾ ਕਰੇ ਤਾਂ ਜੀਵ ਗੁਰੂ ਦਾ ਸ਼ਬਦ ਕਮਾਉਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਭਾਵ-ਗੁਰੂ ਦਾ ਸ਼ਬਦ ਕਮਾਉਣ ਨਾਲ) ਹਉਮੈ ਰੋਗ ਤੋਂ ਪੈਦਾ ਹੋਏ ਹੋਏ ਦੁਖ ਦੂਰ ਹੋ ਜਾਂਦੇ ਹਨ।

ਅਰਦਾਸ ਕਰਨੀ ਨਹੀਂ; ਪ੍ਰਭੁ ਦੀ ਕਿਰਪਾ ਪ੍ਰਾਪਤ ਕਰਨ ਲਈ (ਹਾਜ਼ਰ ਨਾਜ਼ਰ) ਪ੍ਰਭੂ ਦੇ ਸਨਮੁਖ ਹੋਣਾ ਨਹੀਂ, ਉਸ ਦੀ ਸਰਨ ਲੈਣੀ ਨਹੀਂ; ਗੁਰੂ ਦਾ ਸ਼ਬਦ, ਉਪਦੇਸ਼ ਕਮਾਉਣਾ ਨਹੀਂ। ਜੇ ਮਨਮੁਖ, ਸਾਕਤ ਬਣੇ ਰਹਿ ਕੇ ਗੁਰਬਾਣੀ, ਗੁਰੂ ਸਾਹਿਬਾਨ, ਸਿੱਖ ਇਤਿਹਾਸ ’ਤੇ ਕਿੰਤੂ ਪ੍ਰੰਤੂ ਕਰਨਾ ਹੈ ਤਾਂ ਫਿਰ ਹਉਮੈ ਰੋਗ ਠੀਕ ਨਹੀਂ ਹੋ ਸਕਦਾ। ‘‘ਮਨਮੁਖ ਮੈਲੇ ਮਲੁ ਭਰੇ, ਹਉਮੈ ਤਿ੍ਰਸਨਾ ਵਿਕਾਰੁ॥’’ ਮ:੩/੨੯॥ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਲੀਨ ਮਨ ਰਹਿੰਦੇ ਹਨ, ਵਿਕਾਰਾਂ ਨਾਲ ਲਿਬੜੇ ਰਹਿੰਦੇ ਹਨ। ਉਨ੍ਹਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ।

ਹਉਮੈ ਰੋਗੀ (ਮਨਮੁਖ, ਸਾਕਤ) ਖ਼ੁਦ ਤਪਦੇ ਰਹਿੰਦੇ ਹਨ ਅਤੇ ਦੂਜਿਆਂ ਨੂੰ ਵਖਤ ਪਾਈ ਰੱਖਦੇ ਹਨ। ਇਨ੍ਹਾਂ ਦੇ ਪਾਏ ਵਖਤਾਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੀ ਜਾਏ। ‘‘ਕਬੀਰ ਸਾਕਤ ਸੰਗ ਨ ਕੀਜੀਐ, ਦੂਰਹਿ ਜਾਈਐ ਭਾਗਿ॥’’ ੧੩੭੧॥