ਨਾਸ਼ਤੇ ਦਾ ਬੱਚਿਆਂ ਉੱਤੇ ਅਸਰ

0
333

ਨਾਸ਼ਤੇ ਦਾ ਬੱਚਿਆਂ ਉੱਤੇ ਅਸਰ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਕਈ ਮੁਲਕਾਂ ਵਿਚ ਬੱਚਿਆਂ ਦੇ ਖਾਣ ਪੀਣ ਦੇ ਬਦਲਦੇ ਵਤੀਰੇ ਬਾਰੇ ਖੋਜ ਹੋ ਚੁੱਕੀ ਹੈ। ਇਹ ਪੱਕੀ ਗੱਲ ਹੈ ਕਿ ਯਾਦਾਸ਼ਤ ਉੱਤੇ ਨਾਸ਼ਤੇ ਦੀ ਕਮੀ ਅਸਰ ਪਾਉਂਦੀ ਹੈ। ਇੰਜ ਹੀ ਥਕਾਨ ਅਤੇ ਪੜ੍ਹਾਈ ਵਿਚ ਮਨ ਨਾ ਟਿਕਣ ਬਾਰੇ ਵੀ ਅਨੇਕਾਂ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਬੱਚਿਆਂ ਵੱਲੋਂ ਨਾਸ਼ਤਾ ਨਾ ਕਰਨਾ, ਇਸ ਦਾ ਮੁੱਖ ਕਾਰਨ ਹੁੰਦਾ ਹੈ।

ਇਰਾਨ ਵਿਚ ਇਕ ਬਿਲਕੁਲ ਹੀ ਵੱਖ ਕਿਸਮ ਦੀ ਖੋਜ ਕੀਤੀ ਗਈ ਹੈ ਜਿਸ ਵਿਚ 14,880 ਬੱਚੇ ਜੋ 6 ਤੋਂ 18 ਸਾਲ ਦੇ ਸਨ, ਜਿੰਨ੍ਹਾਂ ਵਿੱਚੋਂ ਅੱਧੇ ਸ਼ਹਿਰੀ ਤੇ ਅੱਧੇ ਪੇਂਡੂ ਖੇਤਰਾਂ ਵਿੱਚੋਂ ਸਨ, ਸ਼ਾਮਲ ਕੀਤੇ ਗਏ। ਇਨ੍ਹਾਂ ਸਾਰਿਆਂ ਤੋਂ ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ ਵਿਚ ਇਕ ਫਾਰਮ ਭਰਵਾਇਆ ਗਿਆ।

  1. ਪਿਛਲੇ ਛੇ ਮਹੀਨਿਆਂ ਵਿਚ ਕਿੰਨੀ ਵਾਰ ਆਪਣੇ ਆਪ ਨੂੰ ਬੇਲੋੜਾ ਮਹਿਸੂਸ ਕੀਤਾ ?
  2. ਪਿਛਲੇ ਛੇ ਮਹੀਨਿਆਂ ਵਿਚ ਕਿੰਨੀ ਵਾਰ ਬਹੁਤ ਜ਼ਿਆਦਾ ਗੁੱਸਾ ਆਇਆ ?
  3. ਪਿਛਲੇ ਛੇ ਮਹੀਨਿਆਂ ਵਿਚ ਕਿੰਨੀ ਵਾਰ ਘਬਰਾਹਟ ਮਹਿਸੂਸ ਕੀਤੀ ?
  4. ਪਿਛਲੇ ਛੇ ਮਹੀਨਿਆਂ ਵਿਚ ਕਿੰਨੀ ਵਾਰ ਉਨੀਂਦਰਾ ਰਿਹਾ ?
  5. ਪਿਛਲੇ ਛੇ ਮਹੀਨਿਆਂ ਵਿਚ ਕਿੰਨੀ ਵਾਰ ਪੂਰੀ ਗੱਲ ਸਮਝਣ ਵਿਚ ਦਿੱਕਤ ਮਹਿਸੂਸ ਹੋਈ ?
  6. ਪਿਛਲੇ 12 ਮਹੀਨਿਆਂ ਵਿਚ ਕਿੰਨੀ ਵਾਰ ਬਹੁਤ ਉਦਾਸੀ ਤੇ ਢਹਿੰਦੀ ਕਲਾ ਵਿਚ ਗਏ ? ਕਦੇ ਦੋ ਹਫ਼ਤਿਆਂ ਤਕ ਰੋਜ਼ਮਰਾ ਦੀ ਪੜ੍ਹਾਈ ਜਾਂ ਕੰਮ ਕਾਰ ਤੋਂ ਉੱਕੇ ਮਹਿਸੂਸ ਕੀਤਾ ?
  7. ਪਿਛਲੇ 12 ਮਹੀਨਿਆਂ ਵਿਚ ਕਦੇ ਰਾਤ ਭਰ ਘਬਰਾਹਟ ਵਿਚ ਸੌਂ ਨਾ ਸਕੇ ਹੋਵੇ ?
  8. ਪਿਛਲੇ ਤਿੰਨ ਮਹੀਨਿਆਂ ਵਿਚ ਸਕੂਲ ਵਿਚ ਕਿਸੇ ਹੋਰ ਬੱਚੇ ਨਾਲ ਝਗੜਾ ਕੀਤਾ ਜਾਂ ਉਸ ਨੂੰ ਤੰਗ ਕੀਤਾ ਹੋਵੇ ?
  9. ਪਿਛਲੇ ਤਿੰਨ ਮਹੀਨਿਆਂ ਵਿਚ ਕਿਸੇ ਹੋਰ ਬੱਚੇ ਨੇ ਤੁਹਾਨੂੰ ਤੰਗ ਕੀਤਾ ਹੋਵੇ ?
  10. ਪਿਛਲੇ 12 ਮਹੀਨਿਆਂ ਵਿਚ ਕਿੰਨੀ ਵਾਰ ਗੁੱਥਮ-ਗੁੱਥਾ ਹੋਏ ?

ਇਸ ਸਾਰੇ ਫਾਰਮ ਦੇ ਅਖ਼ੀਰ ਵਿਚ ਇਕ ਅਹਿਮ ਸਵਾਲ ਦਾ ਜਵਾਬ ਪੁੱਛਿਆ ਗਿਆ ਸੀ। ਉਹ ਸੀ :-

ਹਫ਼ਤੇ ਵਿਚ ਕਿੰਨੀ ਵਾਰ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਨਾਸ਼ਤਾ ਨਹੀਂ ਕਰ ਕੇ ਗਏ ?

ਇਨ੍ਹਾਂ ਦੇ ਜਵਾਬ ਵੱਜੋਂ ਪੁੱਛਿਆ ਗਿਆ ਸੀ :-

  1. ਕਦੇ ਨਹੀਂ।
  2. ਰੋਜ਼ ਕਰਦਾ / ਕਰਦੀ ਹਾਂ- ਤੇ ਕੀ ਕੁੱਝ ਖਾਧਾ ਜਾਂਦਾ ਹੈ ?
  3. ਹਫ਼ਤੇ ਵਿਚ 2 ਦਿਨ।
  4. ਹਫ਼ਤੇ ਵਿਚ 3 ਤੋਂ 4 ਦਿਨ।
  5. ਹਫ਼ਤੇ ਵਿਚ 5 ਤੋਂ 6 ਦਿਨ

ਇਸ ਤੋਂ ਇਲਾਵਾ ਮਾਪਿਆਂ ਦੀ ਆਮਦਨ, ਮਾਪਿਆਂ ਦੀ ਪੜ੍ਹਾਈ ਤੇ ਡਿਗਰੀਆਂ, ਮਾਪਿਆਂ ਦੀ ਨੌਕਰੀ, ਘਰ ਬਾਰ, ਸਾਂਝਾ ਟੱਬਰ, ਆਦਿ ਸਾਰੀ ਜਾਣਕਾਰੀ ਲਈ ਗਈ।

ਇੱਕ ਵੱਖਰੇ ਫਾਰਮ ਵਿਚ ਸਿਹਤ ਪੱਖੋਂ ਜਾਣਕਾਰੀ ਭਰੀ ਗਈ :-

  1. ਪਿਛਲੇ ਹਫ਼ਤੇ ਵਿਚ ਰੋਜ਼ 30 ਮਿੰਟ ਤਕ ਕਿੰਨੇ ਦਿਨ ਕਸਰਤ ਕੀਤੀ ?
  2. ਸਕੂਲ ਵਿਚ ਖੇਡਾਂ ਦੇ ਪੀਰੀਅਡ ਹਫ਼ਤੇ ’ਚ ਕਿੰਨੇ ਹਨ ਤੇ ਉਨ੍ਹਾਂ ਵਿਚ ਕਿੰਨੇ ਘੰਟੇ ਪ੍ਰਤੀ ਹਫਤੇ ਖੇਡਿਆ ਗਿਆ ?
  3. ਕਿੰਨੇ ਘੰਟੇ ਰੋਜ਼ ਟੀ.ਵੀ. / ਮੋਬਾਇਲ / ਇੰਟਰਨੈੱਟ / ਕੰਪਿਊਟਰ ਵੇਖਣ ਉੱਤੇ ਲਾਏ ਜਾਂਦੇ ਹਨ ? ਦੋ ਘੰਟੇ ਤੋਂ ਘੱਟ ਜਾਂ ਵੱਧ ?

ਇਨ੍ਹਾਂ ਦੇ ਨਤੀਜੇ ਇੰਜ ਦੇ ਸਨ :-

  1. ਈਰਾਨ ਵਿਚ ਨਾਸ਼ਤੇ ਵਿਚ ਕਣਕ ਦੀ ਬਰੈਡ, ਪਨੀਰ, ਮੱਖਣ, ਅੰਡਾ ਤੇ ਦੁੱਧ ਆਮ ਤੌਰ ਉੱਤੇ ਲਿਆ ਜਾਂਦਾ ਹੈ। ਇਸ ਵਿਚਲੇ ਅਤਿ ਲੋੜੀਂਦੇ ਫੈਟੀ ਏਸਿਡ, ਜ਼ਰੂਰੀ ਤੱਤ ਤੇ ਗਲੂਕੋਜ਼ ਹਨ। ਜਿੱਥੇ ਇਹ ਸਾਰੇ ਤੱਤ ਦਿਮਾਗ਼ੀ ਸਿਹਤ ਲਈ ਜ਼ਰੂਰੀ ਸਨ, ਉੱਥੇ ਗਲੂਕੋਜ਼ ਟਰਿਪਟੋਫੈਨ ਬਣਾਉਣ ਵਿਚ ਮਦਦ ਕਰਦੀ ਹੈ ਜੋ ਸਿਰੋਟੋਨਿਨ ਵਿਚਲਾ ਲੋੜੀਂਦਾ ਪ੍ਰੋਟੀਨ ਹੈ। ਇਹੀ ਸਿਰੋਟੋਨਿਨ ਮੂਡ ਉੱਤੇ ਪੂਰਾ ਅਸਰ ਪਾਉਂਦੀ ਹੈ।
  2. ਕੁੜੀਆਂ ਤੇ ਮੁੰਡਿਆਂ ਵਿਚਲੇ ਅਸਰ ਇੱਕੋ ਜਿਹੇ ਦਿਸੇ।
  3. ਇਨ੍ਹਾਂ ਵਿੱਚੋਂ 2537 ਨਾਸ਼ਤਾ ਨਹੀਂ ਕਰ ਰਹੇ ਸਨ, 1771 ਕਦੇ ਕਦਾਈਂ ਕਰਦੇ ਸਨ ਤੇ 9119 ਰੋਜ਼ ਨਾਸ਼ਤਾ ਕਰਦੇ ਸਨ।
  4. ਨਾਸ਼ਤਾ ਨਾ ਕਰਨ ਵਾਲਿਆਂ ਵਿਚ ਬਹੁਤ ਜ਼ਿਆਦਾ ਛੇਤੀ ਤੈਸ਼ ਵਿਚ ਆ ਜਾਣਾ, ਘਬਰਾਹਟ ਹੋਣੀ, ਪੂਰੀ ਗੱਲ ਸਮਝਣ ਤੇ ਯਾਦ ਰੱਖਣ ਵਿਚ ਦਿੱਕਤ ਆਉਣੀ, ਧਿਆਨ ਨਾ ਲਾ ਸਕਣਾ ਵਰਗੇ ਲੱਛਣ ਆਮ ਦਿਸੇ। ਇਨ੍ਹਾਂ ਵਿੱਚੋਂ ਸ਼ਹਿਰੀ ਬੱਚਿਆਂ ਵਿਚ ਇਹ ਲੱਛਣ ਪੇਂਡੂ ਬੱਚਿਆਂ ਨਾਲੋਂ ਵੱਧ ਸਨ।
  5. ਕੁੜੀਆਂ ਜਿਹੜੀਆਂ ਨਾਸ਼ਤਾ ਨਹੀਂ ਕਰ ਰਹੀਆਂ ਸਨ, ਉਨ੍ਹਾਂ ਵਿਚ ਵਾਧੂ ਗੁੱਸਾ, ਆਪਣੇ ਆਪ ਨੂੰ ਬੇਲੋੜਾ ਸਮਝਣਾ, ਘਬਰਾਹਟ, ਤਣਾਓ, ਚਿੰਤਾ ਤੇ ਢਹਿੰਦੀ ਕਲਾ ਮੁੰਡਿਆਂ ਨਾਲੋਂ ਵੱਧ ਦਿਸੀ।
  6. ਲੜਾਈ ਝਗੜਾ ਕਰਨ ਵਿਚ ਵੀ ਨਾਸ਼ਤਾ ਨਾ ਕਰਨ ਵਾਲੇ ਬੱਚਿਆਂ ਵਿੱਚ ਦੂਜਿਆਂ ਨਾਲੋਂ 95% ਵੱਧ ਕੇਸ ਸਾਹਮਣੇ ਆਏ। ਇਨ੍ਹਾਂ ਵਿਚ ਕੁੜੀਆਂ ਨਾਲੋਂ ਮੁੰਡਿਆਂ ਦੀ ਗਿਣਤੀ ਵੱਧ ਸੀ।
  7. ਦਿਮਾਗ਼ੀ ਬੀਮਾਰੀ, ਮਾਰ ਕੁਟਾਈ ਕਰਨੀ, ਆਪਣੇ ਆਪ ਨੂੰ ਸਹਿਜ ਨਾ ਰੱਖ ਸਕਣਾ ਤੇ ਛੇਤੀ ਭੜਕ ਜਾਣਾ ਵੀ 50.4% ਉਨ੍ਹਾਂ ਬੱਚਿਆਂ ਵਿਚ ਵੱਧ ਸੀ ਜੋ ਉੱਕਾ ਹੀ ਨਾਸ਼ਤਾ ਨਹੀਂ ਸਨ ਕਰ ਰਹੇ ਤੇ 41.9 ਪ੍ਰਤੀਸ਼ਤ ਉਹ ਸਨ ਜੋ ਕਦੇ ਕਦਾਈਂ ਨਾਸ਼ਤਾ ਕਰ ਰਹੇ ਸਨ ਪਰ ਰੋਜ਼ ਨਾਸ਼ਤਾ ਕਰਨ ਵਾਲਿਆਂ ਵਿੱਚੋਂ ਸਿਰਫ਼ 7 ਪ੍ਰਤੀਸ਼ਤ ਬੱਚੇ ਹੀ ਅਜਿਹਾ ਕਰ ਰਹੇ ਸਨ।
  8. 73 ਪ੍ਰਤੀਸ਼ਤ ਉਹ ਬੱਚੇ ਜੋ ਨਾਸ਼ਤਾ ਨਹੀਂ ਸਨ ਕਰ ਰਹੇ, ਦੋ ਘੰਟੇ ਤੋਂ ਕਿਤੇ ਵੱਧ ਟੀ.ਵੀ. / ਮੋਬਾਇਲ ਜਾਂ ਕੰਪਿਊਟਰ ਵਰਤ ਰਹੇ ਸਨ ਤੇ ਇਨ੍ਹਾਂ ਵਿੱਚੋਂ 33.5 ਫੀਸਦੀ ਕਸਰਤ ਵੀ ਨਾ ਬਰਾਬਰ ਕਰ ਰਹੇ ਸਨ।
  9. ਰੋਜ਼ ਨਾਸ਼ਤਾ ਕਰਨ ਵਾਲਿਆਂ ਨਾਲੋਂ 78 ਪ੍ਰਤੀਸ਼ਤ ਨਾਸ਼ਤਾ ਨਾ ਕਰਨ ਵਾਲੇ ਪੂਰੀ ਨੀਂਦਰ ਨਹੀਂ ਸਨ ਲੈ ਰਹੇ।
  10. ਜਿਹੜੇ ਬੱਚੇ ਰੋਜ਼ ਨਾਸ਼ਤਾ ਨਹੀਂ ਸਨ ਕਰ ਰਹੇ, ਉਹ ਛੇਤੀ ਅਸ਼ਾਂਤ ਹੋ ਜਾਂਦੇ ਸਨ ਅਤੇ ਮਨ ਨੂੰ ਟਿਕਾਉਣ ਲਈ ਸਿਗਰਟ ਸੇਵਨ ਕਰਨ ਲੱਗ ਪਏ ਸਨ। ਬਥੇਰੇ ਸ਼ਰਾਬ ਵੀ ਪੀਣ ਲੱਗ ਪਏ ਸਨ ਤੇ ਕੁੱਝ ਨਸ਼ਾ ਵੀ ਕਰ ਰਹੇ ਸਨ।
  11. ਰੋਜ਼ ਨਾਸ਼ਤਾ ਨਾ ਕਰਨ ਵਾਲੇ ਬੱਚੇ ਕਾਫ਼ੀ ਠੰਡੇ ਪੀਣ ਦੇ ਆਦੀ ਸਨ। ਇਨ੍ਹਾਂ ਵਿੱਚੋਂ 45.4% ਰੋਜ਼ ਜਾਂ ਹਫ਼ਤੇ ਵਿਚ ਤਿੰਨ ਤੋਂ ਚਾਰ ਦਿਨ ਠੰਡੇ ਜ਼ਰੂਰ ਪੀ ਰਹੇ ਸਨ।
  12. ਰੋਜ਼ ਨਾਸ਼ਤਾ ਨਾ ਕਰਨ ਵਾਲੇ ਬੱਚਿਆਂ ਵਿੱਚੋਂ 32.6 ਪ੍ਰਤੀਸ਼ਤ ਪਤਲੇ ਸਨ, 42.3 ਪ੍ਰਤੀਸ਼ਤ ਨਾਰਮਲ ਭਾਰ ਦੇ ਅਤੇ 25 ਪ੍ਰਤੀਸ਼ਤ ਮੋਟਾਪੇ ਦੇ ਸ਼ਿਕਾਰ ਸਨ ਜਦਕਿ ਰੋਜ਼ ਨਾਸ਼ਤਾ ਕਰਨ ਵਾਲਿਆਂ ਵਿਚ 34.7 ਪ੍ਰਤੀਸ਼ਤ ਪਤਲੇ ਸਨ ਤੇ ਸਿਰਫ਼ 17 ਪ੍ਰਤੀਸ਼ਤ ਮੋਟਾਪੇ ਦੇ ਸ਼ਿਕਾਰ। ਬਾਕੀ 48 ਪ੍ਰਤੀਸ਼ਤ ਨਾਮਰਲ ਭਾਰ ਦੇ ਸਨ।
  13. ਰੋਜ਼ ਨਾਸ਼ਤਾ ਕਰਨ ਵਾਲਿਆਂ ਵਿੱਚੋਂ ਸਿਰਫ਼ 2 ਪ੍ਰਤੀਸ਼ਤ ਹੀ ਸਿਗਰਟ ਸੇਵਨ ਕਰ ਰਹੇ ਸਨ ਤੇ ਇਨ੍ਹਾਂ ਵਿੱਚੋਂ 69 ਪ੍ਰਤੀਸ਼ਤ ਰੋਜ਼ ਤਗੜੀ ਕਸਰਤ ਵੀ ਕਰ ਰਹੇ ਸਨ।
  14. ਰੋਜ਼ ਨਾਸ਼ਤਾ ਕਰਨ ਵਾਲਿਆਂ ਵਿੱਚੋਂ ਲਗਭਗ 80 ਪ੍ਰਤੀਸ਼ਤ ਪੂਰੀ ਨੀਂਦਰ ਯਾਨੀ 8 ਘੰਟਿਆਂ ਤੋਂ ਵੱਧ ਸੌਂ ਰਹੇ ਸਨ ਤੇ ਬੁਰੇ ਸੁਫ਼ਨਿਆਂ ਤੋਂ ਬਚੇ ਹੋਏ ਸਨ।
  15. ਰੋਜ਼ਾਨਾ ਨਾਸ਼ਤਾ ਕਰਨ ਵਾਲਿਆਂ ਦੇ ਸਰੀਰ ਵਿਚ ਕੌਰਟੀਸੋਲ ਦੀ ਮਾਤਰਾ ਘੱਟ ਸੀ ਜੋ ਦਿਮਾਗ਼ ਨੂੰ ਤੰਦਰੁਸਤ ਰੱਖ ਕੇ ਤਣਾਓ ਘਟਾ ਦਿੰਦੀ ਹੈ।
  16. ਇਨ੍ਹਾਂ ਸਾਰੇ ਰੋਜ਼ ਨਾਸ਼ਤਾ ਕਰਨ ਵਾਲੇ ਬੱਚਿਆਂ ਦੇ ਨੰਬਰ ਪੜ੍ਹਾਈ ਵਿਚ ਵਧੀਆ ਸਨ ਤੇ ਯਾਦਾਸ਼ਤ ਵੀ ਦੂਜਿਆ ਨਾਲੋਂ ਤੇਜ਼ ਸੀ। ਈਰਾਨੀ ਮੁੰਡਿਆਂ ਦੀ ਯਾਦਾਸ਼ਤ ਕੁੜੀਆਂ ਨਾਲੋਂ ਰਤਾ ਕੁ ਵੱਧ ਨਿਕਲੀ।
  17. ਰੋਜ਼ ਨਾਸ਼ਤਾ ਕਰਨ ਵਾਲਿਆਂ ਵਿਚ ‘ਜੰਕ ਫੂਡਜ਼’ ਖਾਣ ਦਾ ਰੁਝਾਨ ਕਾਫੀ ਘੱਟ ਲੱਭਿਆ।

ਇਸ ਖੋਜ ਦੀ ਲੋੜ ਕਿਉਂ ਪਈ ?

ਬੱਚਿਆਂ ਵਿਚ ਦਿਨੋ ਦਿਨ ਏਨਾ ਗੁੱਸਾ ਵਧਦਾ ਜਾ ਰਿਹਾ ਹੈ ਤੇ ਬਹੁਤ ਜਲਦੀ ਕਾਹਲੇ ਪੈ ਕੇ ਮਾਰ ਕੁਟਾਈ ਜਾਂ ਮਾਪਿਆਂ ਨਾਲ ਬਦਸਲੂਕੀ ਤੱਕ ਕਰਨ ਲੱਗ ਪਏ ਹਨ ਕਿ ਉਨ੍ਹਾਂ ਦੀ ਮਾਨਸਿਕ ਹਾਲਤ ਬਾਰੇ ਖੋਜ ਕਰਨ ਦੀ ਲੋੜ ਪੈ ਗਈ ਜਾਪੀ।

ਪੂਰੀ ਦੁਨੀਆ ਵਿਚ ਅਜਿਹੀਆਂ ਸ਼ਿਕਾਇਤਾਂ ਮਿਲਣ ਉੱਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਹਿ ਦਿੱਤਾ ਹੈ ਕਿ ਸੰਨ 2020 ਤਕ ਬੱਚਿਆਂ ਵਿਚ ਮਾਨਸਿਕ ਤਣਾਓ ਤੇ ਗੁੱਸਾ, ਮੁੱਖ ਬੀਮਾਰੀਆਂ ਬਣ ਕੇ ਸਾਹਮਣੇ ਆਉਣਗੀਆਂ। ਇਸ ਵੇਲੇ ਵੀ ਲਗਭਗ 22% ਜਵਾਨ ਹੋ ਰਹੇ ਬੱਚੇ ਦਿਮਾਗ਼ੀ ਬੀਮਾਰੀਆਂ ਨਾਲ ਜੂਝ ਰਹੇ ਹਨ। ਮੈਡੀਕਲ ਜਰਨਲਾਂ ਵਿਚ ਛਪਿਆ ਡਾਟਾ ਸਪਸ਼ਟ ਕਰ ਰਿਹਾ ਹੈ ਕਿ ਹਰ ਪੰਜਾਂ ਵਿੱਚੋਂ ਇਕ ਬੱਚਾ ਜਵਾਨ ਹੋ ਜਾਣ ਤਕ ਮਾਨਸਿਕ ਰੋਗ, ਚਿੰਤਾ, ਗੁੱਸਾ, ਢਹਿੰਦੀ ਕਲਾ, ਕਾਹਲਾਪਨ, ਮਾਰ ਕੁਟਾਈ, ਗਾਲ੍ਹੀ ਗਲੋਚ ਆਦਿ ਕਰਨਾ ਜ਼ਰੂਰ ਸ਼ੁਰੂ ਕਰੇਗਾ।

ਸਾਬਤ ਹੋ ਚੁੱਕਿਆ ਹੈ ਕਿ ਅਜਿਹੇ ਮਾਨਸਿਕ ਰੋਗਾਂ ਨਾਲ ਪੀੜਤ ਬੱਚੇ ਹੀ ਅੱਗੋਂ ਸ਼ਰਾਬ ਪੀਣੀ, ਸਿਗਰਟਨੋਸ਼ੀ, ਕਸਰਤ ਨਾ ਕਰਨੀ, ਜੰਕ ਫੂਡ ਖਾਣੇ ਅਤੇ ਇਨ੍ਹਾਂ ਸਦਕਾ ਹੋ ਰਹੇ ਰੋਗ ਜਿਵੇਂ ਮੋਟਾਪਾ, ਬਲੱਡ ਪ੍ਰੈਸ਼ਰ, ਸ਼ੱਕਰ ਰੋਗ, ਸਿਰ ਪੀੜ, ਜੋੜਾਂ ਦੀ ਤਕਲੀਫ, ਐਲਰਜੀ, ਦਮਾ, ਕੈਂਸਰ, ਆਦਿ ਰੋਗਾਂ ਨੂੰ ਸਹੇੜ ਰਹੇ ਹਨ।

ਇਸ ਵੇਲੇ ਬਹੁਤ ਸਾਰੇ ਸਕੂਲਾਂ ਕਾਲਜਾਂ ਵਿਚ ਦੋਸਤਾਂ ਵਿਚ ਲੜਾਈ, ਪੜ੍ਹਾਈ ਵਿਚ ਪਛੜਨਾ, ਦੂਜੇ ਨੂੰ ਨੀਵਾਂ ਵਿਖਾਉਣਾ, ਭੱਦਾ ਮਜ਼ਾਕ ਉਡਾਉਣਾ, ਖ਼ੁਦਕੁਸ਼ੀ ਤੱਕ ਲਈ ਮਜਬੂਰ ਕਰਨਾ, ਆਦਿ ਵੱਖੋ-ਵੱਖ ਸਕੂਲਾਂ ਵਿਚ 9 ਤੋਂ 54 ਪ੍ਰਤੀਸ਼ਤ ਤਕ ਕੇਸਾਂ ਵਿਚ ਸਾਹਮਣੇ ਆ ਰਿਹਾ ਹੈ।

ਕੁੜੀਆਂ ਵਿਚ ਘਬਰਾਹਟ, ਤਣਾਓ, ਢਹਿੰਦੀ ਕਲਾ, ਡਰ, ਟਿਕ ਕੇ ਨਾ ਬਹਿ ਸਕਣਾ, ਆਪਸੀ ਖਿੱਚੋਤਾਣ, ਚਿੜਚਿੜਾਪਨ, ਸਹੇਲੀਆਂ ਨਾਲ ਲੜਾਈ, ਇਕੱਲਾਪਨ ਮਹਿਸੂਸ ਕਰਨ, ਆਦਿ ਵੇਖਣ ਵਿਚ ਆ ਰਿਹਾ ਹੈ। ਕਈ ਕੁੜੀਆਂ ਵਿਚ ਖ਼ੁਰਾਕ ਨਾਲ ਸੰਬੰਧਤ ਮਾਨਸਿਕ ਰੋਗ ਵੇਖਣ ਨੂੰ ਆ ਰਹੇ ਹਨ, ਜਿਵੇਂ ਲੋੜੋਂ ਵੱਧ ਖਾ ਕੇ ਉਲਟੀ ਕਰ ਦੇਣਾ ਜਾਂ ਉੱਕਾ ਹੀ ਖਾਣਾ ਛੱਡ ਦੇਣਾ, ਆਦਿ।

ਦੁਨੀਆ ਦੇ ਚੋਟੀ ਦੇ ਮੈਡੀਕਲ ਕਾਲਜਾਂ ਵਿਚ ਹੋਈਆਂ ਸਾਰੀਆਂ ਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਨਾਸ਼ਤੇ ਵੇਲੇ ਖਾਧੀ ਸੰਤੁਲਿਤ ਖ਼ੁਰਾਕ ਨਾਲ ਜਿੱਥੇ ਮੂਡ ਵਧੀਆ ਰਹਿੰਦਾ ਹੈ, ਉੱਥੇ ਬੁੱਧੀ ਉੱਤੇ ਵੀ ਵਧੀਆ ਅਸਰ ਪੈਂਦਾ ਹੈ ਤੇ ਸੋਚਣ ਸਮਝਣ ਦੇ ਨਾਲੋ ਨਾਲ ਯਾਦ ਸ਼ਕਤੀ ਵੀ ਵਧਦੀ ਹੈ।

ਅੱਜ ਕਲ ਦੇ ਬੱਚਿਆਂ ਵਿਚ ਨਾਸ਼ਤਾ ਛੱਡਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਜੋ ਨਾ ਸਿਰਫ਼ ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਦਾ ਨਾਸ ਮਾਰ ਰਿਹਾ ਹੈ, ਬਲਕਿ ਸਮਾਜਿਕ ਪੱਖੋਂ ਵੀ ਨਿਘਾਰ ਦਾ ਕਾਰਨ ਬਣਦਾ ਜਾ ਰਿਹਾ ਹੈ।

ਨਾਸ਼ਤਾ ਨਾ ਕਰ ਕੇ, ਸਕੂਲ ਜਾਂ ਕਾਲਜ ਵਿੱਚੋਂ ਕਲਾਸਾਂ ਛੱਡ ਕੇ ਖਾਣ ਪੀਣ ਨੂੰ ਕੰਟੀਨ ਦੌੜਨਾ ਤੇ ਜੰਕ ਫੂਡ ਖਾਣੇ ਬੱਚਿਆਂ ਦੀ ਸਹਿਨਸ਼ੀਲਤਾ ਖ਼ਤਮ ਕਰਦਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਹੌਲੀ-ਹੌਲੀ ਲੜਾਕੇ, ਜੁਰਮ ਵਲ ਧੱਕਣ, ਬਹੁਤ ਸਾਰੀਆਂ ਐਲਰਜੀਆਂ ਨਾਲ ਜੂਝਣ, ਗੁੱਸੇ ਵਾਲੇ ਤੇ ਆਖੇ ਨਾ ਲੱਗਣ ਵਾਲੇ ਵੀ ਬਣਾ ਰਿਹਾ ਹੈ।

ਹੁਣ ਇਹ ਮੈਡੀਕਲ ਖੋਜਾਂ ਉੱਤੇ ਆਧਾਰਿਤ ਤੱਥ ਜਾਣ ਲੈਣ ਬਾਅਦ ਮਾਪਿਆਂ ਦਾ ਤੇ ਅਧਿਆਪਿਕਾਂ ਦਾ ਫਰਜ਼ ਬਣਦਾ ਹੈ ਕਿ ਕੋਈ ਵੀ ਬੱਚਾ ਘਰੋਂ ਸੰਤੁਲਿਤ ਖ਼ੁਰਾਕ ਵਾਲਾ ਨਾਸ਼ਤਾ ਕੀਤੇ ਬਗ਼ੈਰ ਨਹੀਂ ਜਾਣਾ ਚਾਹੀਦਾ !