ਖ਼ੁਦਕੁਸ਼ੀ

0
222

ਖ਼ੁਦਕੁਸ਼ੀ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ (ਪਟਿਆਲਾ)- 0175-2216783

ਇਜ਼ਰਾਈਲ ਵਿਖੇ ਹੋਈ 10 ਸਾਲਾਂ ਦੀ ਖੋਜ ਦੌਰਾਨ ਇਹ ਤੱਥ ਸਾਹਮਣੇ ਆਏ :-

(1). 30 ਪ੍ਰਤੀਸ਼ਤ ਖ਼ੁਦਕੁਸ਼ੀ ਕਰ ਚੁੱਕੇ ਲੋਕ ਦਿਮਾਗ਼ੀ ਬੀਮਾਰੀ ਤੋਂ ਪੀੜਤ ਸਨ।

(2). ਕੁੱਝ ਤਣਾਓ ਅਧੀਨ ਹੋਣ ਸਦਕਾ ਖ਼ੁਦਕੁਸ਼ੀ ਕਰ ਰਹੇ ਸਨ।

(3). ਕੁੱਝ ਸ਼ਰਾਬ ਦੀ ਲਤ ਪਾਲੇ ਹੋਏ ਸਨ।

(4). ਦਿਲ ਦੇ ਰੋਗਾਂ ਤੋਂ ਪੀੜਤ ਤੇ ਲਾਇਲਾਜ ਕੈਂਸਰ ਪੀੜਤ (27 ਪ੍ਰਤੀਸ਼ਤ) ਲੋਕ।

ਇਹ ਲੋਕ ਹਰ ਪਾਸਿਓਂ ਆਪਣੇ ਆਪ ਨੂੰ ਹਾਰੇ ਹੋਏ ਮੰਨ ਕੇ ਖ਼ੁਦਕੁਸ਼ੀ ਕਰਨ ਵਰਗਾ ਕਦਮ ਚੁੱਕ ਰਹੇ ਸਨ। ਅਮਰੀਕਾ ਵਿਖੇ ਹੋਈ ਖੋਜ ਨੇ ਕੁੱਝ ਹੋਰ ਚਾਨਣਾ ਪਾਇਆ। ਉਸ ਖੋਜ ਅਨੁਸਾਰ ਮਾਨਸਿਕ ਤਣਾਓ, ਖ਼ੁਦਕੁਸ਼ੀ ਕਰਨ ਦਾ ਮੁੱਖ ਕਾਰਨ ਹੈ। ਇਹ ਤਣਾਓ ਕੰਮਕਾਰ ਵਾਲੀ ਥਾਂ ਉੱਤੇ ਹੋ ਸਕਦਾ ਹੈ, ਦਿਮਾਗ਼ੀ ਬੀਮਾਰੀ, ਸ਼ਰਾਬ, ਖ਼ੁਰਾਕ ਦੀ ਕਮੀ, ਪੈਸੇ ਦੀ ਕਮੀ, ਪਿਆਰ ਵਿਚ ਧੋਖਾ ਆਦਿ ਵਰਗੇ ਅਨੇਕ ਕਾਰਨ ਲੱਭੇ ਗਏ।

ਸਭ ਤੋਂ ਜ਼ਰੂਰੀ ਗੱਲ ਇਹ ਸਾਹਮਣੇ ਆਈ ਕਿ ਖ਼ੁਦਕੁਸ਼ੀ ਕਰਨ ਵਾਲੇ ਦਾ ਪੂਰਾ ਇਲਾਜ ਨਹੀਂ ਕੀਤਾ ਜਾਂਦਾ ਤੇ ਸਿਰਫ਼ ਸਲਾਹਾਂ ਜਾਂ ਝਿੜਕਾਂ ਦੇ ਕੇ ਸਾਰ ਲਿਆ ਜਾਂਦਾ ਹੈ। ਸੋ, ਮੈਡੀਕਲ ਪੱਖੋਂ ਪੂਰਾ ਇਲਾਜ ਨਾ ਹੋਣ ਖੁਣੋਂ ਦਿਮਾਗ਼ ਵਿਚ ਹੋਈ ਉਥਲ-ਪੁਥਲ ਬੰਦੇ ਨੂੰ ਆਪਣੀ ਜਾਨ ਲੈਣ ਤਕ ਮਜਬੂਰ ਕਰ ਦਿੰਦੀ ਹੈ।

ਭਾਰਤ ਵਿਚ ਵੀ ਇਹੀ ਹੋ ਰਿਹਾ ਹੈ ਕਿਉਂਕਿ ਢਹਿੰਦੀ ਕਲਾ ਨੂੰ ਬੀਮਾਰੀ ਨਹੀਂ ਮੰਨਿਆ ਜਾਂਦਾ। ਵਿਕਸਿਤ ਦੇਸਾਂ ਵਿਚ ਇਸ ਬਾਰੇ ਖੋਜਾਂ ਲਗਾਤਾਰ ਜਾਰੀ ਹਨ ਅਤੇ ਢਹਿੰਦੀ ਕਲਾ ਵਾਲੇ ਮਰੀਜ਼ਾਂ ਨੂੰ ਤੁਰੰਤ ਇਲਾਜ ਕਰਵਾਉਣ ਲਈ ਪ੍ਰੇਰ ਕੇ ਉਸ ਦੀ ਦਿਮਾਗ਼ੀ ਹਾਲਤ ਅਨੁਸਾਰ ਹਸਪਤਾਲ ਵਿਚ ਦਾਖ਼ਲ ਤਕ ਕਰ ਲਿਆ ਜਾਂਦਾ ਹੈ।

ਇਸ ਵੇਲੇ ਦੁਨੀਆ ਭਰ ਵਿਚ ਲਗਭਗ 3000 ਲੋਕ ਰੋਜ਼ ਖ਼ੁਦਕੁਸ਼ੀ ਕਰ ਰਹੇ ਹਨ। ਪਿਛਲੇ ਸਾਲ ਅਮਰੀਕਾ ਵਿਚਲੇ 3.7 ਪ੍ਰਤੀਸ਼ਤ (8.3 ਮਿਲੀਅਨ) ਲੋਕਾਂ ਨੇ ਖ਼ੁਦਕੁਸ਼ੀ ਕਰਨ ਬਾਰੇ ਸੋਚਿਆ ਤੇ 2.3 ਮਿਲੀਅਨ ਨੇ ਆਪਣੇ ਆਪ ਨੂੰ ਮਾਰਨ ਦਾ ਢੰਗ ਵੀ ਸੋਚ ਲਿਆ। ਪਰ, ਵੇਲੇ ਸਿਰ ਡਾਕਟਰੀ ਸਹਾਇਤਾ ਮਿਲ ਜਾਣ ਕਾਰਨ ਸਿਰਫ਼ ਇਕ ਮਿਲੀਅਨ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚੋਂ 30 ਪ੍ਰਤੀਸ਼ਤ ਨੂੰ ਬਚਾ ਕੇ ਉਨ੍ਹਾਂ ਦਾ ਮਾਨਸਿਕ ਪੱਖੋਂ ਪੂਰਾ ਇਲਾਜ ਕਰ ਦਿੱਤਾ ਗਿਆ। ਇਹ ਸਭ ਵੇਖਦੇ ਹੋਏ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕੁੱਝ ਅੰਕੜੇ ਜਗ ਜ਼ਾਹਰ ਕਰ ਕੇ, ਹਰ ਮੁਲਕ ਨੂੰ ਇਸ ਬਾਰੇ ਨਿੱਠ ਕੇ ਕੰਮ ਕਰਨ ਅਤੇ ਆਪੋ ਆਪਣੇ ਮੁਲਕ ਵਾਸੀਆਂ ਨੂੰ ਖ਼ੁਦਕੁਸ਼ੀ ਤੋਂ ਬਚਾਉਣ ਵਾਸਤੇ ਜਤਨ ਕਰਨ ਲਈ ਪ੍ਰੇਰਿਆ ਹੈ।

(1). ਦੁਨੀਆ ਭਰ ਵਿਚ ਹਰ ਸਾਲ ਇਕ ਮਿਲੀਅਨ ਬੰਦੇ ਖ਼ੁਦਕੁਸ਼ੀ ਨਾਲ ਮਰਦੇ ਹਨ। ਲਗਭਗ ਇਕ ਮੌਤ ਹਰ 40 ਸਕਿੰਟਾਂ ਵਿਚ।

(2). ਪਿਛਲੇ 45 ਸਾਲਾਂ ਵਿਚ ਪੂਰੀ ਦੁਨੀਆਂ ਵਿਚ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 60 ਪ੍ਰਤੀਸ਼ਤ ਵੱਧ ਚੁੱਕੀ ਹੈ। ਪੰਦਰਾਂ ਤੋਂ 44 ਸਾਲਾਂ ਦੇ ਲੋਕਾਂ ਵਿਚਲੇ ਮੌਤ ਦੇ ਸਾਰੇ ਕਾਰਨਾਂ ਵਿੱਚੋਂ ਪਹਿਲੇ ਤਿੰਨ ਕਾਰਨਾਂ ਵਿਚ ਖ਼ੁਦਕੁਸ਼ੀ ਵੀ ਗਿਣੀ ਜਾਣ ਲੱਗ ਪਈ ਹੈ। ਦਸ ਤੋਂ 24 ਸਾਲਾਂ ਦੀ ਉਮਰ ਵਿਚ ਹੋ ਰਹੀਆਂ ਮੌਤਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ ਤਾਂ ਖ਼ੁਦਕੁਸ਼ੀ ਦੂਜੇ ਨੰਬਰ ਉੱਤੇ ਪਹੁੰਚ ਚੁੱਕੀ ਹੈ। ਇਨ੍ਹਾਂ ਵਿਚ ਉਹ ਕੇਸ ਸ਼ਾਮਲ ਨਹੀਂ ਕੀਤੇ ਗਏ ਜਿਨ੍ਹਾਂ ਨੇ ਖ਼ਦਕੁਸ਼ੀ ਦੀ ਕੋਸ਼ਿਸ਼ ਕੀਤੀ ਤੇ ਬਚ ਗਏ। ਜੇ ਉਹ ਵੀ ਸ਼ਾਮਲ ਕੀਤੇ ਜਾਣ ਤਾਂ 20 ਗੁਣਾਂ ਗਿਣਤੀ ਹੋਰ ਵੱਧ ਜਾਂਦੀ ਹੈ, ਇੰਜ ਦੁਨੀਆ ਭਰ ਵਿਚ ਖ਼ੁਦਕੁਸ਼ੀ ਨਾਲ ਹੋਈਆਂ ਮੌਤਾਂ, ਮੌਤ ਦਰ ਵਧਣ ਦਾ ਪਹਿਲਾ ਕਾਰਨ ਬਣ ਜਾਣਾ ਹੈ।

(3). ਦੁਨੀਆਂ ਦੀਆਂ ਸਾਰੀਆਂ ਬੀਮਾਰੀਆਂ ਦੇ ਇਲਾਜ ਉੱਤੇ ਲੱਗੇ ਖ਼ਰਚੇ ਦਾ ਹਿਸਾਬ ਕਰੀਏ ਤਾਂ 1.8 ਪ੍ਰਤੀਸ਼ਤ ਖ਼ਰਚਾ ਸੰਨ 1998 ਵਿਚ ਖ਼ੁਦਕੁਸ਼ੀ ਕਰਨ ਲਈ ਸੋਚਣ ਵਾਲਿਆਂ ਉੱਤੇ ਕੀਤਾ ਗਿਆ। ਇਹੀ ਖ਼ਰਚ ਹੁਣ ਸੰਨ 2020 ਤੱਕ 2.4 ਪ੍ਰਤੀਸ਼ਤ ਤਕ ਪਹੁੰਚ ਜਾਣਾ ਹੈ।

(4). ਹੁਣ ਤੱਕ ਦੁਨੀਆ ਭਰ ਵਿਚ, ਖਾਸ ਕਰ ਵਿਕਸਿਤ ਦੇਸਾਂ ਵਿਚ ਬਜ਼ੁਰਗ ਪੁਰਸ਼ ਜ਼ਿਆਦਾਤਰ ਖ਼ੁਦਕੁਸ਼ੀ ਕਰ ਰਹੇ ਸਨ, ਪਰ ਵਿਕਾਸਸ਼ੀਲ ਦੇਸਾਂ ਵਿਚ ਨੌਜਵਾਨ ਬੱਚਿਆਂ ਵਿਚ ਇਹ ਰੁਝਾਨ ਵੱਧਦਾ ਜਾ ਰਿਹਾ ਹੈ।

(5). ਅਮਰੀਕਾ ਤੇ ਯੂਰਪ ਵਿਚ ਆਮ ਤੌਰ ਉੱਤੇ ਢਹਿੰਦੀ ਕਲਾ, ਸ਼ਰਾਬ ਤੇ ਮਾਨਸਿਕ ਰੋਗ ਮੁੱਖ ਕਾਰਨ ਲੱਭੇ ਗਏ ਹਨ। ਪਰ, ਚੀਨ ਤੇ ਭਾਰਤ ਵਿਚ ਗੁੱਸਾ, ਪਿਆਰ ਵਿਚ ਧੋਖਾ, ਬੱਚਿਆਂ ਉੱਤੇ ਵਾਧੂ ਬੰਦਸ਼ਾਂ, ਸਮਾਜਿਕ ਮਕੜ-ਜਾਲ ਤੇ ਪੜ੍ਹਾਈ ਦਾ ਲੋੜੋਂ ਵੱਧ ਬੋਝ, ਆਮ ਕਾਰਨ ਮੰਨੇ ਗਏ ਹਨ। ਇਨ੍ਹਾਂ ਤੋਂ ਇਲਾਵਾ ਵੀ ਹੋਰ ਨਿੱਕੇ ਮੋਟੇ ਅਨੇਕ ਕਾਰਨ ਹਨ।

ਗਿਣਤੀ ਵਧ ਕਿਉਂ ਰਹੀ ਹੈ ?

(1). ਤਣਾਓ ਤੇ ਢਹਿੰਦੀ ਕਲਾ ਨੂੰ ਪਛਾਣ ਨਾ ਸਕਣਾ।

(2). ਮਾਨਸਿਕ ਰੋਗਾਂ ਦੇ ਇਲਾਜ ਕਰਵਾਉਣ ਨਾਲ ਜੁੜੀ ਸਮਾਜਿਕ ਸ਼ਰਮ।

(3). ਗੁਆਂਢੀਆਂ ਜਾਂ ਰਿਸ਼ਤੇਦਾਰਾਂ ਵੱਲੋਂ ਦਰਸਾਏ ਓਹੜ ਪੋਹੜ।

(4). ਬੱਚਿਆਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਸਮਝਣ ਲਈ ਮਾਪਿਆਂ ਵੱਲੋਂ ਵਕਤ ਨਾ ਕੱਢਣਾ।

(5). ਸ਼ੋਸ਼ਲ ਮੀਡੀਆ ਉੱਤੇ ਝਟਪਟ ਬਦਨਾਮੀ ਹੋ ਜਾਣ ਦੇ ਡਰ ਖੁਣੋਂ।

(6). ਵੱਖੋ ਵੱਖ ਰਾਜਸੀ ਪਾਰਟੀਆਂ ਵੱਲੋਂ ਖ਼ੁਦਕੁਸ਼ੀ ਨੂੰ ਚੋਣਾਂ ਦਾ ਮੁੱਦਾ ਬਣਾ ਕੇ ਉਭਾਰਨ ਲਈ ਅਜਿਹੇ ਮਰੀਜ਼ਾਂ ਦੇ ਇਲਾਜ ਵੱਲ ਉੱਕਾ ਹੀ ਧਿਆਨ ਨਾ ਦੇਣਾ।

(7). ਮੀਡੀਆ ਵੱਲੋਂ ਖ਼ੁਦਕੁਸ਼ੀ ਪੀੜਤ ਨੂੰ ਵਾਰ-ਵਾਰ ਉਜਾਗਰ ਕਰ ਕੇ ਖ਼ੁਦਕੁਸ਼ੀ ਦੇ ਵਿਚਾਰ ਮਨ ਵਿਚ ਵਸਾਈ ਬੈਠਿਆਂ ਨੂੰ ਹੋਰ ਉਕਸਾਉਣਾ।

(8). ਸ਼ਰਾਬ ਤੇ ਨਸ਼ੇ ਦੇ ਆਦੀ ਮਰੀਜ਼ ਨੂੰ ਪੂਰਾ ਇਲਾਜ ਕਰਵਾਏ ਬਗ਼ੈਰ ਇਕਦਮ ਨਸ਼ਾ ਛੁਡਾ ਦੇਣਾ।

ਖ਼ੁਦਕੁਸ਼ੀ ਕਰਨ ਵਾਲਿਆਂ ਵਿਚਲੇ ਲੱਛਣ ਜਿਹੜੇ ਤੁਰੰਤ ਧਿਆਨ ਮੰਗਦੇ ਹਨ :-

(1). ਆਪਣੇ ਆਪ ਨੂੰ ਨਕਾਰਾ ਸਮਝਣਾ।

(2). ਨੀਂਦਰ ਨਾ ਆਉਣੀ।

(3). ਜ਼ਿੰਦਗੀ ਤੋਂ ਕੋਈ ਉਮੀਦ ਨਾ ਦਿਸਣੀ।

(4). ਘਬਰਾਹਟ ਦੇ ਅਟੈਕ ਹੋਣੇ-ਧੜਕਣ ਵਧ ਜਾਣੀ ਤੇ ਪਸੀਨਾ ਆਉਣਾ।

(5). ਇਕੱਲਾ ਰਹਿਣਾ ਸ਼ੁਰੂ ਕਰ ਦੇਣਾ।

(6). ਚਿੜਚਿੜਾ ਤੇ ਲੜਾਕਾ ਹੋ ਜਾਣਾ।

(7). ਗੁੱਸੇ ਦੇ ਅਟੈਕ ਹੋਣੇ/ਇਕਦਮ ਮਾਰ-ਕੁਟਾਈ ਉੱਤੇ ਉਤਾਰੂ ਹੋ ਜਾਣਾ।

(8). ਆਪਣੇ ਆਪ ਨੂੰ ਬੋਝ ਸਮਝਣ ਲੱਗ ਪੈਣਾ।

ਅਮਰੀਕਨ ਫਾਊਂਡੇਸ਼ਨ ਫਾਰ ਸੂਈਸਾਈਡ ਪਰੀਵੈਨਸ਼ਨ ਨੇ ਸਪਸ਼ਟ ਕੀਤਾ ਹੈ ਕਿ 50 ਤੋਂ 75 ਪ੍ਰਤੀਸ਼ਤ ਲੋਕ ਜਿਹੜੇ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੇ ਹੁੰਦੇ ਹਨ, ਉਹ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕਦੇ ਨਾ ਕਦੇ ਇਸ ਦਾ ਜ਼ਿਕਰ ਜ਼ਰੂਰ ਕਰ ਦਿੰਦੇ ਹਨ। ਅਜਿਹੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਝਿੜਕਣ ਨਾਲੋਂ ਉਸ ਦਾ ਤੁਰੰਤ ਇਲਾਜ ਕਰਵਾਉਣ ਦੀ ਲੋੜ ਹੁੰਦੀ ਹੈ।

ਜਿਹੜੇ ਜਣੇ ਹਾਲੇ ਢਹਿੰਦੀ ਕਲਾ ਵਿਚ ਹਨ :

ਜਿਹੜੇ ਹਾਲੇ ਖ਼ੁਦਕੁਸ਼ੀ ਕਰਨ ਬਾਰੇ ਨਹੀਂ ਸੋਚ ਰਹੇ ਤੇ ਢਹਿੰਦੀ ਕਲਾ ਦੇ ਸ਼ੁਰੂਆਤੀ ਦੌਰ ਵਿਚ ਹਨ, ਉਨ੍ਹਾਂ ਲਈ ਅੱਗੇ ਦੱਸੇ ਨੁਕਤੇ ਕਾਰਗਰ ਸਾਬਤ ਹੋਏ ਹਨ :-

(1). ਜੇ ਤੁਹਾਡੇ ਕੋਲ ਘਰ ਵਿਚ ਫਰਿੱਜ ਵਿਚ ਖਾਣਾ ਹੈ, ਕਪੜੇ ਪਾਏ ਹੋਏ ਹਨ, ਸਿਰ ਉੱਤੇ ਛੱਤ ਹੈ ਤੇ ਸੌਣ ਲਈ ਥਾਂ ਵੀ ਹੈ, ਤਾਂ ਤੁਸੀਂ ਦੁਨੀਆ ਦੇ 75 ਪ੍ਰਤੀਸ਼ਤ ਲੋਕਾਂ ਤੋਂ ਜ਼ਿਆਦਾ ਖੁਸ਼ਕਿਸਮਤ ਹੋ ਕਿਉਂਕਿ ਉਨ੍ਹਾਂ ਨੂੰ ਇਹ ਸਭ ਨਸੀਬ ਨਹੀਂ ਹੋ ਰਿਹਾ।

(2). ਜੇ ਤੁਹਾਡੇ ਕੋਲ ਬੈਂਕ ਵਿਚ ਪੈਸੇ ਹਨ ਤੇ ਤੁਹਾਡੇ ਪਰਸ ਵਿਚ ਖਰਚਣ ਲਈ ਵੀ ਪੈਸੇ ਹਨ, ਤਾਂ ਤੁਸੀਂ ਦੁਨੀਆ ਦੇ ਚੋਟੀ ਦੇ 8 ਪ੍ਰਤੀਸ਼ਤ ਖੁਸ਼ਕਿਸਮਤ ਲੋਕਾਂ ਵਿਚ ਸ਼ਾਮਲ ਹੋ ਚੁੱਕੇ ਹੋ।

(3). ਜੇ ਤੁਸੀਂ ਅੱਜ ਸਵੇਰੇ ਮੰਜੇ ਤੋਂ ਠੀਕ ਠਾਕ ਉੱਠ ਕੇ ਖੜ੍ਹੇ ਹੋ ਸਕਦੇ ਹੋ ਤਾਂ ਤੁਹਾਡੇ ਉੱਤੇ ਰਬ ਦੀ ਖ਼ਾਸ ਮਿਹਰ ਹੈ ਕਿਉਂਕਿ ਇਕ ਮਿਲੀਅਨ ਬੰਦੇ ਜਿਹੜੇ ਇਸ ਦਿਨ ਮਰ ਗਏ, ਤੁਸੀਂ ਉਨ੍ਹਾਂ ਵਿਚ ਸ਼ਾਮਲ ਨਹੀਂ ਹੋ।

(4). ਜੇ ਤੁਸੀਂ ਜੰਗ ਦੇ ਮੈਦਾਨ ਵਿਚ ਲੜ ਕੇ ਲੱਤ ਨਹੀਂ ਗੁਆਈ, ਐਕਸੀਡੈਂਟ ਵਿਚ ਪਾਸਾ ਨਹੀਂ ਮਾਰਿਆ ਗਿਆ, ਜੇਲ੍ਹ ਵਿਚ ਕੈਦ ਹੋ ਕੇ ਆਜ਼ਾਦੀ ਨਹੀਂ ਗੁਆਈ ਤੇ ਭੁੱਖੇ ਢਿੱਡ ਰੋਜ਼ ਸੜਕ ਦੇ ਕਿਨਾਰੇ ਨਹੀਂ ਸੌਂ ਰਹੇ, ਤਾਂ ਤੁਸੀਂ ਦੁਨੀਆ ਦੇ 500 ਮਿਲੀਅਨ ਲੋਕਾਂ ਤੋਂ ਵੱਧ ਖੁਸ਼ਕਿਸਮਤ ਹੋ।

(5). ਜੇ ਤੁਸੀਂ ਮੇਰਾ ਇਹ ਲੇਖ ਪੜ੍ਹ ਸਕਦੇ ਹੋ ਤਾਂ ਤੁਹਾਡੇ ਉੱਤੇ ਰੱਬ ਦੀ ਅਪਾਰ ਕਿਰਪਾ ਹੈ ਕਿਉਂਕਿ ਦੁਨੀਆ ਦੇ ਤਿੰਨ ਬਿਲੀਅਨ ਲੋਕ ਵੇਖ ਹੀ ਨਹੀਂ ਸਕਦੇ ਜਾਂ ਪੜ੍ਹ ਨਹੀਂ ਸਕਦੇ।

(6). ਸਵੇਰੇ ਉੱਠ ਕੇ ਘਰੋਂ ਬਾਹਰ ਖਿੜਕੀ ਵਿੱਚੋਂ ਜੇ ਬਾਹਰੋਂ ਕੋਈ ਨੰਗੇ ਧੜ ਤੇ ਨੰਗੇ ਪੈਰ ਪਲਾਸਟਿਕ ਦੇ ਲਿਫਾਫੇ ਚੁੱਕਦਾ ਪਿਆ ਵੇਖੋ ਤਾਂ ਢਹਿੰਦੀ ਕਲਾ ਛੱਡ ਕੇ ਸ਼ੁਕਰਾਨਾ ਕਰਨ ਦੀ ਲੋੜ ਹੈ।

(7). ਜੇ ਸੜਕ ਉੱਤੇ ਖਿਲਰੇ ਵਾਲਾਂ ਨਾਲ ਰੋਟੀ ਮੰਗਦਾ, ਧੱਕੇ ਖਾਂਦਾ ਕੋਈ ਮਾਨਸਿਕ ਰੋਗੀ ਵੇਖੋ ਤਾਂ ਵੀ ਆਪਣੇ ਵੱਲ ਝਾਕ ਕੇ ਸ਼ੁਕਰਾਨਾ ਕਰਨਾ ਚਾਹੀਦਾ ਹੈ।

(8). ਹਸਪਤਾਲਾਂ ਵਿਚ ਅੱਡੀਆਂ ਰਗੜ ਕੇ ਮਰਦਿਆਂ ਤੇ ਮੁਰਦਾ ਘਰਾਂ ਵਿਚ ਸੁੱਟੀਆਂ ਲਾਸ਼ਾਂ ਵੱਲ ਤਕ ਅੱਜ ਦੇ ਸੁਆਸਾਂ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਹੈ।

ਮੁਰਦੇ ਸ਼ੁਕਰਾਨਾ ਨਹੀਂ ਕਰ ਸਕਦੇ। ਸਿਰਫ਼ ਜ਼ਿੰਦਾ ਇਨਸਾਨ ਹੀ ਕਰ ਸਕਦੇ ਹਨ। ਇਹ ਸਭ ਵੇਖਦਿਆਂ ਕਿਉਂ ਅੰਕੜੇ ਇਹ ਕਹਿੰਦੇ ਹਨ ਕਿ ਪੈਸੇ ਵਾਲੇ ਹੀ ਖ਼ੁਦਕੁਸ਼ੀ ਵੱਧ ਕਰਦੇ ਹਨ? ਕਿਉਂ ਆਪਣੇ ਤੋਂ ਹੇਠਾਂ ਵੱਲ ਨਿਗਾਹ ਨਹੀਂ ਮਾਰਦੇ ਤੇ ਸਿਰਫ਼ ਉੱਪਰਲੇ ਵੱਲ ਤੱਕ ਕੇ ਢਹਿੰਦੀ ਕਲਾ ਵੱਲ ਚਲੇ ਜਾਂਦੇ ਹਨ। ਜੇ ਕੋਈ ਗ਼ਰੀਬ ਹੈ ਤਾਂ ਗ਼ਰੀਬੀ ਕਿਸੇ ਵੀ ਹਾਲ ਵਿਚ ਖ਼ੁਦਕੁਸ਼ੀ ਦਾ ਕਾਰਨ ਨਹੀਂ ਹੈ। ਮਿਹਨਤ ਨਾਲ ਲੋਕ ਪਹਾੜ ਤੱਕ ਹਿਲਾ ਦਿੰਦੇ ਹਨ।

ਪਿਆਰ ਵਿਚ ਧੋਖਾ ਮਿਲਣ ਉੱਤੇ ਖ਼ੁਦਕੁਸ਼ੀ :

ਅਜਿਹੇ ਆਸ਼ਿਕਾਂ ਲਈ ਵੀ ਨੁਕਤੇ ਬਣੇ ਹੋਏ ਹਨ। ਦਰਅਸਲ, ਪਿਆਰ ਦੇ ਅਸਲ ਮਾਇਨਿਆਂ ਤੋਂ ਬਹੁ ਗਿਣਤੀ ਵਾਕਿਫ਼ ਨਹੀਂ ਹਨ।

(1). ਪਿਆਰ ਦਾ ਮਤਲਬ ਹੈ ਦੇਣਾ, ਦੇਣਾ ਤੇ ਦਿੰਦੇ ਰਹਿਣਾ।

(2). ਦੂਜੇ ਲਈ ਆਪਾ ਵਾਰ ਦੇਣਾ।

(3). ਦੂਜੇ ਨੂੰ ਆਪਣੇ ਖ਼ਿਆਲਾਂ ਵਿਚ ਕੈਦ ਕਰ ਕੇ ਖੁੱਲੀ ਹਵਾ ਵਿਚ ਉੱਡਣ ਤੇ ਹੋਰ ਪ੍ਰਾਪਤੀਆਂ ਕਰਨ ਲਈ ਆਜ਼ਾਦੀ ਦੇਣੀ।

(4). ਪਿਆਰ ਕੁਰਬਾਨੀ ਦਾ ਜਜ਼ਬਾ ਹੈ, ਹਾਸਲ ਕਰਨ ਦਾ ਨਹੀਂ।

(5). ਦੂਜੇ ਦੀ ਸਲਾਮਤੀ ਲਈ ਦੁਆ ਹੀ ਅਸਲ ਪਿਆਰ ਹੈ।

ਏਨੇ ਕੁ ਨੁਕਤਿਆਂ ਨਾਲ ਅਸਲ ਪਿਆਰ ਦੀ ਪਰਿਭਾਸ਼ਾ ਸਮਝੀ ਜਾ ਸਕਦੀ ਹੈ ਤੇ ਇਸ ਵਿਚ ਖ਼ੁਦਕੁਸ਼ੀ ਲਈ ਕੋਈ ਥਾਂ ਹੈ ਹੀ ਨਹੀਂ। ਸਗੋਂ ਜ਼ਿਆਦਾ ਲੰਮੇ ਸਮੇਂ ਤੱਕ ਜੀਅ ਕੇ ਆਪਣੇ ਪਿਆਰੇ ਦੀ ਯਾਦ ਮਨ ਵਿਚ ਤਾਜ਼ਾ ਰੱਖਦਿਆਂ ਉਸ ਲਈ ਦੁਆਵਾਂ ਦਾ ਢੇਰ ਵਧਾਇਆ ਜਾ ਸਕਦਾ ਹੈ। ਇਹੀ ਯਾਦ ਦਿਲ ਵਿਚ ਕੁਤਕੁਤਾਰੀਆਂ ਪੈਦਾ ਕਰ ਕੇ ਵਧੀਆ ਹਾਰਮੋਨ ਕੱਢਦੀ ਹੈ, ਜੋ ਜੀਣ ਦਾ ਕਾਰਨ ਬਣਦੇ ਹਨ।

ਸਾਰ :-

(1). ਖ਼ਦਕੁਸ਼ੀ ਕਰਨ ਵਾਲੇ ਮਨੁੱਖ ਨੂੰ ਬਚਾਇਆ ਜਾ ਸਕਦਾ ਹੈ।

(2). ਢਹਿੰਦੀ ਕਲਾ ਦੇ ਲੱਛਣ ਤੁਰੰਤ ਪਛਾਣ ਕੇ ਇਲਾਜ ਕਰਨ ਦੀ ਲੋੜ ਹੈ।

(3). ਜ਼ਿੰਦਗੀ ਉਤਾਰ ਚੜਾਅ ਦਾ ਨਾਂ ਹੈ। ਇਸ ਵਿੱਚ ਜੇ ਮਾੜੇ ਪਲ ਹਨ ਤਾਂ ਚੰਗੇ ਵੀ ਜ਼ਰੂਰ ਹਨ।

(4). ਹੱਦੋਂ ਵੱਧ ਉਮੀਦ ਹੀ ਢਹਿੰਦੀ ਕਲਾ ਦਾ ਕਾਰਨ ਬਣਦੀ ਹੈ।

(5). ਜ਼ਿੰਦਗੀ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ। ਹਰ ਨਿੱਕੇ ਪਲ ਵਿੱਚੋਂ ਖ਼ੁਸ਼ੀ ਮਾਣੀ ਜਾ ਸਕਦੀ ਹੈ।

(6). ਜੋ ਹੈ, ਉਸ ਨੂੰ ਮਾਣ ਕੇ ਉਸ ਵਿੱਚੋਂ ਸੰਤੁਸ਼ਟ ਹੋਣ ਦੀ ਲੋੜ ਹੈ। ਆਪਣੇ ਤੋਂ ਘੱਟ ਹਾਸਲ ਕੀਤੇ ਲੋਕਾਂ ਵਲ ਵੇਖ ਕੇ ਸ਼ੁਕਰਾਨਾ ਕਰਨ ਨਾਲ ਢਹਿੰਦੀ ਕਲਾ ਨੇੜੇ ਨਹੀਂ ਫਟਕਦੀ।

ਅੰਤ ਵਿਚ ਇਹ ਸਪਸ਼ਟ ਕਰ ਦਿਆਂ ਕਿ ਹਾਰਨ ਵਾਲੇ ਹੀ ਜਿੱਤ ਦੇ ਅਸਲ ਮਾਇਨੇ ਸਮਝਦੇ ਹਨ। ਇਸੇ ਲਈ ਢਹਿ ਢੇਰੀ ਹੋ ਕੇ ਬਹਿ ਜਾਣ ਨਾਲੋਂ ਉੱਠੋ, ਜੁਟ ਜਾਓ, ਸੰਘਰਸ਼ ਕਰੋ ਤੇ ਜਿੱਤ ਹਾਸਲ ਕਰੋ। ਮਰਨ ਨਾਲ ਕੁੱਝ ਹਾਸਲ ਨਹੀਂ ਹੋਣਾ। ਇਸ ਧਰਤੀ ਉੱਤੇ ਪਹਿਲਾਂ ਹੀ ਅਣਖ ਮਾਰ ਕੇ ਤੁਰਦੀਆਂ ਜ਼ਿੰਦਾਂ ਲਾਸ਼ਾਂ ਦਾ ਬਥੇਰਾ ਬੋਝ ਹੈ।

ਜਾਂਦੇ-ਜਾਂਦੇ ਇਕ ਅਸਲ ਘਟਨਾ ਬਾਰੇ ਦੱਸਣਾ ਚਾਹਾਂਗੀ। ਦੂਜੀ ਜਮਾਤ ਵਿਚ ਇਕ ਅਧਿਆਪਿਕਾ ਨੇ ਬੱਚਿਆਂ ਨੂੰ ਦੁਨੀਆ ਦੇ ਸੱਤ ਅਜੂਬਿਆਂ ਬਾਰੇ ਪੁੱਛਿਆ ਤਾਂ ਹਰ ਕਿਸੇ ਨੇ ਆਪੋ ਆਪਣੇ ਹਿਸਾਬ ਨਾਲ ਆਪਣੇ ਪਸੰਦੀਦਾ ਸੱਤ ਥਾਂ ਲਿਖ ਦਿੱਤੇ ਪਰ ਇਕ ਬੱਚੀ ਬੜਾ ਚਿਰ ਸੋਚਦੀ ਰਹੀ। ਜਦੋਂ ਅਧਿਆਪਿਕਾ ਨੇ ਪੁੱਛਿਆ ਤਾਂ ਉਸ ਕਿਹਾ, ‘‘ਸਮਝ ਨਹੀਂ ਆ ਰਹੀ ਕਿ ਏਨੇ ਅਜੂਬਿਆਂ ਨੂੰ ਸੱਤ ਵਿਚ ਕਿਵੇਂ ਸਮੇਟਾਂ! ਛੋਹ ਦਾ ਇਹਸਾਸ, ਪੀੜ ਨੂੰ ਮਹਿਸੂਸ ਕਰਨ ਦਾ ਵੱਲ, ਚੁਫ਼ੇਰੇ ਕਮਾਲ ਦਾ ਨਜ਼ਾਰਾ ਵੇਖਣ ਦੀ ਇੰਦ੍ਰੀ, ਕੁਦਰਤੀ ਚੀਜ਼ਾਂ ਦੀਆਂ ਬੇਮਿਸਾਲ ਅਵਾਜ਼ਾਂ ਸੁਣਨ ਦੀ ਸ਼ਕਤੀ, ਸੁਆਦੀ ਚੀਜ਼ਾਂ ਨੂੰ ਮਾਣਨ ਦਾ ਇਹਸਾਸ, ਖੁੱਲ ਕੇ ਹੱਸਣ, ਗੀਤ ਗਾਉਣ, ਬੋਲਣ ਤੇ ਪਿਆਰ ਕਰ ਸਕਣ ਵਰਗੇ ਅਨੇਕ ਸੂਖ਼ਮ ਅਜੂਬੇ ਮੇਰੇ ਆਸ-ਪਾਸ ਭਰੇ ਪਏ ਹਨ। ਕਿਵੇਂ ਸਾਰਿਆਂ ਨੂੰ ਸੱਤ ਵਿਚ ਸਮੇਟਾਂ!’’

ਇਸ ਬੱਚੀ ਦੀ ਹੀ ਮੰਨ ਲਈਏ ਅਤੇ ਕੁੱਝ ਪਲ ਤਕਲੀਫ਼ਾਂ, ਔਖਿਆਈਆਂ ਤੇ ਝਮੇਲਿਆਂ ਵਿੱਚੋਂ ਕੱਢ ਕੇ, ਚੌਗਿਰਦੇ ਵੱਲ ਧਿਆਨ ਮਾਰ ਕੇ, ਕੁਦਰਤੀ ਅਜੂਬੇ ਮਾਣੀਏ ਤੇ ਮਨਮੋਹਕ ਦ੍ਰਿਸ਼ਾਂ ਦੇ ਅਲੌਕਿਕ ਆਨੰਦ ਨੂੰ ਮਹਿਸੂਸ ਕਰੀਏ ਤਾਂ ਯਕੀਨਨ ਉਹ ਪਲ ਜੀਊਣ ਜੋਗਾ ਹੋਵੇਗਾ।