ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਨ ਤੇ ਇਲਾਜ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) ਫੋਨ ਨੰ: 0175-2216783
ਗਰਭਵਤੀ ਔਰਤਾਂ ਲਈ ਸਿਰ ਪੀੜ ਇਕ ਵੱਡੀ ਸਮੱਸਿਆ ਹੈ। ਲਗਭਗ ਹਰ ਜੱਚਾ ਨੂੰ ਕਦੇ ਨਾ ਕਦੇ ਸਿਰ ਪੀੜ ਨਾਲ ਜੂਝਣਾ ਪੈਂਦਾ ਹੈ, ਕਿਉਂਕਿ ਗਰਭ ਦੌਰਾਨ ਵਧਿਆ ਪ੍ਰੋਜੈਸਟਰੋਨ ਹਾਰਮੋਨ ਸਰੀਰ ਦੀਆਂ ਲਹੂ ਵਾਲੀਆਂ ਨਸਾਂ ਖੋਲ੍ਹ ਦਿੰਦਾ ਹੈ ਤਾਂ ਜੋ ਲਹੂ ਪੂਰੇ ਸਰੀਰ ਦੇ ਨਾਲੋ ਨਾਲ ਭਰੂਣ ਦੇ ਅੰਦਰ ਵੀ ਪਹੁੰਚ ਸਕੇ। ਇੰਜ ਹੀ ਦਿਮਾਗ਼ ਵੱਲ ਜਾਂਦੀਆਂ ਨਸਾਂ ਵੀ ਖੁੱਲ ਜਾਂਦੀਆਂ ਹਨ। ਵਾਧੂ ਲਹੂ ਜਿਉਂ ਹੀ ਜੱਚਾ ਦੇ ਸਿਰ ਅੰਦਰ ਪਹੁੰਚੇ, ਸਿਰ ਪੀੜ ਦਾ ਕਾਰਨ ਬਣ ਜਾਂਦਾ ਹੈ। ਬਹੁਤੀ ਵਾਰ ਅਜਿਹੀ ਪੀੜ ਗਰਭ ਦੇ ਪਹਿਲੇ ਤਿੰਨਾਂ ਮਹੀਨਿਆਂ ਵਿਚ ਮਹਿਸੂਸ ਹੁੰਦੀ ਹੈ।
ਜੇ ਸਿਰ ਪੀੜ ਵੱਧ ਹੋ ਜਾਵੇ ਤਾਂ ਇਸ ਦਾ ਕਾਰਨ ਸਿਰਫ਼ ਹਾਰਮੋਨ ਹੀ ਨਹੀਂ ਬਲਕਿ ਤਣਾਓ, ਟੇਢਾ ਬੈਠਣਾ ਜਾਂ ਲੇਟਣਾ, ਨਜ਼ਰ ਘਟਣੀ, ਆਦਿ ਵੀ ਹੋ ਸਕਦੇ ਹਨ।
ਇਸ ਤੋਂ ਇਲਾਵਾ ਸਿਰ ਪੀੜ ਦੇ ਹੋਰ ਕਾਰਨ ਹਨ :-
(1). ਨੀਂਦਰ ਨਾ ਆਉਣੀ।
(2). ਲਹੂ ਵਿਚ ਸ਼ੱਕਰ ਦੀ ਕਮੀ।
(3). ਪਾਣੀ ਦੀ ਕਮੀ।
(4). ਵਾਧੂ ਕੌਫ਼ੀ ਪੀਣ ਵਾਲੀਆਂ ਔਰਤਾਂ ਜਦੋਂ ਇਕਦਮ ਕੋਫ਼ੀ ਪੀਣੀ ਛੱਡ ਦੇਣ।
(5). ਘਬਰਾਹਟ, ਤਣਾਓ।
(6). ਮਿਗਰੇਨ।
ਗਰਭ ਦੇ ਛੇਵੇਂ ਮਹੀਨੇ ਤੋਂ ਬਾਅਦ ਹੁੰਦੀ ਸਿਰ ਪੀੜ ਦੇ ਕਾਰਨ :-
(7). ਟੇਢਾ ਲੇਟਣਾ ਜਾਂ ਟੇਢਾ ਬੈਠਣਾ।
(8). ਭਰੂਣ ਬਾਰੇ ਬੇਵਜ੍ਹਾ ਚਿੰਤਾ।
(9). ਬਲੱਡ ਪ੍ਰੈੱਸ਼ਰ ਦਾ ਵਾਧਾ।
ਇਨ੍ਹਾਂ ਕਾਰਨਾਂ ਉੱਤੇ ਸੌਖਿਆਂ ਕਾਬੂ ਪਾਇਆ ਜਾ ਸਕਦਾ ਹੈ। ਇਸ ਵਾਸਤੇ ਰੈਗੂਲਰ ਤੌਰ ਉੱਤੇ ਕਸਰਤ ਕਰਨੀ ਲਾਜ਼ਮੀ ਹੁੰਦੀ ਹੈ। ਰੋਜ਼ਾਨਾ ਕੀਤੀ ਸੈਰ ਜਿੱਥੇ ਸਰੀਰ ਤੰਦਰੁਸਤ ਰੱਖਦੀ ਹੈ, ਉੱਥੇ ਹੱਡੀਆਂ ਤੇ ਪੱਠਿਆਂ ਨੂੰ ਵੀ ਮਜ਼ਬੂਤੀ ਦਿੰਦੀ ਹੈ। ਸਵੇਰੇ ਦੀ ਤਾਜ਼ਾ ਹਵਾ ਮਨ ਵਿੱਚੋਂ ਕਈ ਤਰ੍ਹਾਂ ਦੀਆਂ ਬੇਲੋੜੀਆਂ ਚਿੰਤਾਵਾਂ ਤੋਂ ਵੀ ਮੁਕਤੀ ਦੁਆ ਦਿੰਦੀ ਹੈ।
ਆਰਾਮ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਭਰੂਣ ਨੂੰ ਲਹੂ ਸਹੀ ਤਰੀਕੇ ਪਹੁੰਚਦਾ ਰਹੇ ਤੇ ਭਰੂਣ ਠੀਕ ਤਰ੍ਹਾਂ ਵੱਧ ਫੁੱਲ ਸਕੇ। ਆਰਾਮ ਨਾਲ ਲੇਟਣ ’ਤੇ ਪੂਰੀ ਨੀਂਦਰ ਲੈਣ ਨਾਲ ਤਣਾਓ ਘੱਟ ਜਾਂਦਾ ਹੈ।
ਭਰੂਣ ਪ੍ਰਤੀ ਚੰਗੇ ਵਿਚਾਰ ਤੇ ਉਸ ਦੇ ਪੈਦਾ ਹੋਣ ਤੋਂ ਬਾਅਦ ਉਸ ਨੂੰ ਵਧੀਆ ਤਰੀਕੇ ਸਾਂਭਣ, ਬੱਚੇ ਦੇ ਨਵੇਂ ਕੱਪੜੇ ਖਰੀਦਣ, ਆਦਿ ਵੱਲ ਧਿਆਨ ਕਰਨ ਨਾਲ ਮਨ ਖ਼ੁਸ਼ੀ ਨਾਲ ਭਰ ਜਾਂਦਾ ਹੈ ਤੇ ਸਿਰ ਪੀੜ ਤੋਂ ਬਚਿਆ ਜਾ ਸਕਦਾ ਹੈ।
ਠੀਕ ਤਰੀਕੇ ਬੈਠਣਾ ਜ਼ਰੂਰੀ ਹੈ। ਯਾਨੀ ਪਿੱਠ ਸਿੱਧੀ ਰੱਖ ਕੇ ਢੋਅ ਲਾ ਕੇ ਬੈਠਣ ਨਾਲ ਪੀੜ ਘੱਟ ਜਾਂਦੀ ਹੈ। ਖ਼ੁਰਾਕ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹਰੀਆਂ ਸਬਜ਼ੀਆਂ, ਦੁੱਧ, ਦਹੀਂ, ਫ਼ਲ, ਫੁਲਕਾ, ਚੌਲ, ਦਾਲਾਂ, ਅੰਡਾ ਆਦਿ ਸਮੇਤ ਸੰਤੁਲਿਤ ਖ਼ੁਰਾਕ ਖਾਣੀ ਚਾਹੀਦੀ ਹੈ ਜੋ ਭਰੂਣ ਨੂੰ ਸਿਹਤਮੰਦ ਰੱਖਦੀ ਹੈ ਤੇ ਜੱਚਾ ਨੂੰ ਵੀ।
ਜ਼ਿਆਦਾ ਸਿਰ ਪੀੜ ਹੋਣ ਉੱਤੇ ਸਿਰ ਦੁਆਲੇ ਠੰਡੇ ਤੇ ਤੱਤੇ ਪੈਕ ਲਾਏ ਜਾ ਸਕਦੇ ਹਨ ਜੋ ਸਿਰ ਪੀੜ ਨੂੰ ਆਰਾਮ ਦਿੰਦੇ ਹਨ। ਹਲਕਾ-ਹਲਕਾ ਸਿਰ ਨੂੰ ਘੁਟਾਉਣਾ ਜਾਂ ਤੇਲ ਝੱਸਣ ਨਾਲ ਵੀ ਆਰਾਮ ਮਿਲ ਜਾਂਦਾ ਹੈ।
ਸਿਰ ਪੀੜ ਲਈ ਐਸਪਰਿਨ ਜਾਂ ਇਬੂਪਰੋਫੈਨ ਨਹੀਂ ਲੈਣੀ ਚਾਹੀਦੀ। ਜੇ ਸਾਈਨਸ ਦੀ ਪੀੜ ਹੋਵੇ ਤਾਂ ਅੱਖਾਂ ਤੇ ਨੱਕ ਦੁਆਲੇ ਗਰਮ ਕੱਪੜੇ ਨਾਲ ਸੇਕ ਕੀਤਾ ਜਾ ਸਕਦਾ ਹੈ ਤੇ ਭਾਫ਼ ਵੀ ਲਈ ਜਾ ਸਕਦੀ ਹੈ।
ਜੇ ਤਣਾਓ ਨਾਲ ਸਿਰ ਪੀੜ ਹੋ ਰਹੀ ਹੋਵੇ ਤਾਂ ਸਿਰ ਦੇ ਪਿਛਲੇ ਹਿੱਸੇ ਵਿਚ ਗਲੇ ਉੱਤੇ ਕੱਪੜੇ ਵਿਚ ਬਰਫ਼ ਰੱਖ ਕੇ ਕੁੱਝ ਚਿਰ ਆਰਾਮ ਲਿਆ ਜਾ ਸਕਦਾ ਹੈ। ਇੰਜ ਹਲਕੀ ਠੰਡਕ ਨਾਲ ਖਿੱਚੀਆਂ ਨਸਾਂ ਨੂੰ ਆਰਾਮ ਮਿਲ ਜਾਂਦਾ ਹੈ।
ਲਹੂ ਵਿਚਲੀ ਸ਼ੱਕਰ ਦੀ ਮਾਤਰਾ ਠੀਕ ਰੱਖਣ ਲਈ ਜੱਚਾ ਨੂੰ ਕੁੱਝ ਨਾ ਕੁੱਝ ਥੋੜੇ-ਥੋੜੇ ਚਿਰ ਬਾਅਦ ਖਾਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਜਿੱਥੇ ਸਰੀਰ ਨੂੰ ਤਾਕਤ ਮਿਲਦੀ ਰਹਿੰਦੀ ਹੈ, ਉੱਥੇ ਸ਼ੱਕਰ ਦੀ ਮਾਤਰਾ ਵੀ ਸਹੀ ਰਹਿੰਦੀ ਹੈ। ਇਸ ਵਾਸਤੇ ਸਲਾਦ, ਫ਼ਲ, ਆਈਸਕ੍ਰੀਮ, ਪਿੰਨੀ, ਸੁੱਕੇ ਮੇਵੇ, ਆਦਿ ਲਏ ਜਾ ਸਕਦੇ ਹਨ।
ਗਲੇ ਤੇ ਮੋਢਿਆਂ ਦੀ ਮਾਲਿਸ਼ ਰੋਜ਼ਾਨਾ ਕਰਨ ਦੀ ਲੋੜ ਹੈ। ਇਸ ਲਈ ਕਿਸੇ ਖ਼ਾਸ ਕਿਸਮ ਦੇ ਤੇਲ ਦੀ ਲੋੜ ਨਹੀਂ ਹੁੰਦੀ। ਕੋਈ ਵੀ ਤੇਲ ਜਾਂ ਕ੍ਰੀਮ ਨਾਲ ਮਾਲਿਸ਼ ਕੀਤੀ ਜਾ ਸਕਦੀ ਹੈ।
ਹਨ੍ਹੇਰੇ ਕਮਰੇ ਵਿਚ ਬਹਿ ਕੇ, ਅੱਖਾਂ ਮੀਟ ਕੇ, ਲੰਮੇ-ਲੰਮੇ ਸਾਹ ਖਿੱਚਣ ਨਾਲ ਵੀ ਕਾਫ਼ੀ ਆਰਾਮ ਮਿਲ ਜਾਂਦਾ ਹੈ ਤੇ ਵਾਧੂ ਚਿੰਤਾ ਵੀ ਘੱਟ ਜਾਂਦੀ ਹੈ।
ਰੋਜ਼ ਕੋਸੇ ਪਾਣੀ ਨਾਲ ਨਹਾਉਣਾ ਤੇ ਨਹਾਉਣ ਤੋਂ ਪਹਿਲਾਂ ਲੱਤਾਂ ਬਾਹਵਾਂ ਦੀ ਮਾਲਿਸ਼ ਵੀ ਸਿਰ ਪੀੜ ਘਟਾ ਦਿੰਦੀ ਹੈ।
ਹੁਣ ਤੱਕ ਦੇ ਸਾਰੇ ਦੱਸੇ ਤਰੀਕਿਆਂ ਵਿੱਚੋਂ ਸਭ ਤੋਂ ਵੱਧ ਅਸਰਦਾਰ ਹੈ- ਠੰਡੇ, ਤੱਤੇ ਪੈਕ ਜੇ ਸਿਰ, ਗਲੇ ਤੇ ਅੱਖਾਂ ਦੁਆਲੇ ਵਾਰੋ ਵਾਰ ਲਾਏ ਜਾਣ ਤਾਂ ਝਟਪਟ ਆਰਾਮ ਲਿਆ ਜਾ ਸਕਦਾ ਹੈ।
ਜਿਸ ਨੂੰ ਮਿਗਰੇਨ ਹੁੰਦੀ ਹੋਵੇ, ਉਸ ਜੱਚਾ ਨੂੰ ਅੱਗੇ ਦੱਸੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ:-
(1). ਚਾਕਲੇਟ।
(2). ਸ਼ਰਾਬ।
(4). ਪੁਰਾਣਾ ਪਨੀਰ।
(5). ਮੂੰਗਫਲੀ।
(6). ਬਰੈੱਡ (ਖਮੀਰ ਸਦਕਾ)।
(7). ਡੱਬਾ ਬੰਦ ਮੀਟ।
(8). ਖੱਟੀ ਮਲਾਈ।
ਜੇ ਉੱਪਰ ਦੱਸੇ ਕਿਸੇ ਵੀ ਤਰੀਕੇ ਨਾਲ ਆਰਾਮ ਨਾ ਮਿਲ ਰਿਹਾ ਹੋਵੇ ਤਾਂ ਸਿਆਣੇ ਡਾਕਟਰ ਕੋਲ ਜ਼ਰੂਰ ਚੈੱਕਅੱਪ ਕਰਵਾ ਲੈਣਾ ਚਾਹੀਦਾ ਹੈ।
ਡਾਕਟਰ ਕੋਲ ਤੁਰੰਤ ਚੈੱਕਅੱਪ ਕਰਵਾਉਣ ਜਾਣਾ ਚਾਹੀਦਾ ਹੈ, ਜੇ :-
(1). ਤਿੱਖੀ ਸਿਰ ਪੀੜ ਤੇ ਉਲਟੀਆਂ ਲੱਗ ਜਾਣ।
(2). ਪਹਿਲਾਂ ਨਾਲੋਂ ਵੱਖ ਤਰ੍ਹਾਂ ਦੀ ਸਿਰ ਪੀੜ ਹੋਣ ਲੱਗ ਪਵੇ।
(3). ਨਜ਼ਰ ਘੱਟਣ ਲੱਗ ਪਵੇ।
(4). ਇਕਦਮ ਭਾਰ ਵਧ ਜਾਵੇ।
(5). ਢਿੱਡ ਦੇ ਉੱਪਰਲੇ ਸੱਜੇ ਹਿੱਸੇ ਵਿਚ ਪੀੜ ਹੋਣ ਲੱਗ ਪਵੇ।
(6). ਹੱਥਾਂ ਪੈਰਾਂ ਵਿਚ ਸੋਜ਼ਿਸ਼ ਹੋ ਜਾਵੇ।
ਬਹੁਤ ਜ਼ਿਆਦਾ ਮੋਬਾਈਲ ਫ਼ੋਨ, ਫੇਸਬੁੱਕ, ਟੀ.ਵੀ ਅਤੇ ਕੰਪਿਊਟਰ ਉੱਤੇ ਬਹਿ ਕੇ ਕੰਮ ਕਰਨ ਵਾਲੀਆਂ ਗਰਭਵਤੀ ਔਰਤਾਂ ਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਜਿੱਥੇ ਅੱਖਾਂ ਥੱਕਣ ਕਾਰਨ ਸਿਰ ਭਾਰਾ ਹੋ ਜਾਂਦਾ ਹੈ, ਉੱਥੇ ਮਾੜੀਆਂ ਚੰਗੀਆਂ ਖ਼ਬਰਾਂ ਨਾਲ ਵੀ ਤਣਾਓ ਬਹੁਤ ਵਧ ਜਾਂਦਾ ਹੈ ਜੋ ਸਿਰਫ਼ ਸਿਰ ਪੀੜ ਹੀ ਨਹੀਂ ਬਲਕਿ ਭਰੂਣ ਵੱਲ ਜਾਂਦੇ ਲਹੂ ਨੂੰ ਵੀ ਵਧਾ ਘਟਾ ਦਿੰਦਾ ਹੈ ਤੇ ਭਰੂਣ ਦੀ ਧੜਕਨ ਉੱਤੇ ਵੀ ਅਸਰ ਪੈਂਦਾ ਹੈ। ਇਸੇ ਲਈ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰ ਕੇ ਪੂਜਾ-ਪਾਠ, ਸੁਖਾਵਾਂ ਸੰਗੀਤ, ਸੈਰ, ਆਦਿ ਵੱਲ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਜੇ ਪਾਣੀ ਦੀ ਕਮੀ ਕਰਕੇ ਸਿਰ ਪੀੜ ਹੋ ਰਹੀ ਹੋਵੇ ਤਾਂ ਇਹ ਆਮ ਤੌਰ ਉੱਤੇ ਸਿਰ ਦੇ ਪਿਛਲੇ ਪਾਸੇ ਹੇਠਾਂ ਕਰਕੇ ਹੁੰਦੀ ਹੈ। ਜੇ ਤਣਾਓ ਕਰਕੇ ਹੋ ਰਹੀ ਹੋਵੇ ਤਾਂ ਸਾਰਾ ਸਿਰ ਜਕੜਿਆ ਮਹਿਸੂਸ ਹੁੰਦਾ ਹੈ।
ਗਰਭ ਦੌਰਾਨ ਪਹਿਲੇ ਚਾਰ-ਪੰਜ ਮਹੀਨਿਆਂ ਤੱਕ ਤੈਰਿਆ ਵੀ ਜਾ ਸਕਦਾ ਹੈ। ਤੈਰਨ ਨਾਲ ਵੀ ਬਹੁਤ ਸਾਰੇ ਕੇਸਾਂ ਵਿਚ ਸਿਰ ਪੀੜ ਤੇ ਤਣਾਓ ਘਟਦਾ ਵੇਖਿਆ ਗਿਆ ਹੈ।
ਗਰਭਵਤੀ ਔਰਤਾਂ ਨੂੰ ਰੋਜ਼ ਡੇਢ ਲਿਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਤੇ ਕੌਫ਼ੀ ਚਾਹ ਘਟਾ ਲੈਣੀ ਚਾਹੀਦੀ ਹੈ। ਸਿਗਰਟ, ਸ਼ਰਾਬ ਉੱਕਾ ਹੀ ਬੰਦ ਕਰਨੀ ਬਿਹਤਰ ਹੈ।
ਹਰੀ ਚਾਹ (ਗਰੀਨ ਟੀ) ਵੀ ਲੈਣੀ ਠੀਕ ਨਹੀਂ ਹੈ ਕਿਉਂਕਿ ਇਸ ਵਿਚ ਕਾਫ਼ੀ ਜ਼ਿਆਦਾ ਕੇਫ਼ੀਨ ਹੁੰਦੀ ਹੈ। ਕਾਲੀ ਚਾਹ (ਬਿਨਾਂ ਦੁੱਧ) ਵੀ ਪੀਣੀ ਠੀਕ ਨਹੀਂ। ਇਸ ਦੀ ਥਾਂ ਫੁੱਲਾਂ ਤੇ ਫ਼ਲਾਂ ਤੋਂ ਬਣੀ ਚਾਹ ਪੱਤੀ ਤੇ ਕੇਫ਼ੀਨ ਤੋਂ ਬਿਨਾਂ ਵਾਲੀ ਚਾਹ ਪੱਤੀ ਪੀਤੀ ਜਾ ਸਕਦੀ ਹੈ।
ਸਿਰ ਹੇਠਾਂ ਰੱਖੇ ਸਿਰਹਾਣੇ ਬਹੁਤੇ ਉੱਚੇ ਨਹੀਂ ਹੋਣੇ ਚਾਹੀਦੇ ਜਿਸ ਨਾਲ ਗਲਾ ਤੇ ਸਿਰ ਬਹੁਤ ਟੇਢਾ ਹੋ ਜਾਂਦਾ ਹੈ ਤੇ ਸਿਰ ਪੀੜ ਦੇ ਨਾਲ ਪਿੱਠ ਦਰਦ ਵੀ ਹੋਣ ਲੱਗ ਪੈਂਦੀ ਹੈ।
ਸਾਰ ਵਿਚ :-
(1). ਸਿਰ ਪੀੜ ਹੁੰਦੇ ਸਾਰ ਕੰਮ ਕਾਰ ਛੱਡ ਕੇ ਸੈਰ ਕਰਨ ਨਿਕਲ ਜਾਓ।
(2). ਪੀੜ ਵਾਲੀ ਥਾਂ ਫਰੀਜ਼ਰ ਵਿੱਚੋਂ ਜੰਮੇ ਮਟਰਾਂ ਦਾ ਪੈਕਟ ਹੀ ਝਟਪਟ ਕੱਢ ਕੇ ਧਰਿਆ ਜਾ ਸਕਦਾ ਹੈ ਜਾਂ ਠੰਡੇ ਤੱਤੇ ਪਾਣੀ ਵਿਚ ਭਿਉਂ ਕੇ ਰੱਖੇ ਵੱਖੋ-ਵੱਖ ਤੋਲੀਏ ਵਰਤੇ ਜਾ ਸਕਦੇ ਹਨ।
(3). ਠੰਡੇ ਪਾਣੀ ਨਾਲ ਸਿਰ ਨਹਾਓ ਜਾਂ ਸਿਰ ਦੀ ਮਾਲਿਸ਼ ਕਰ ਲਓ।
(4). ਧਿਆਨ ਰਹੇ ਸਿਰ ਧੋਣ ਤੋਂ ਬਾਅਦ ਡਾਰਾਇਰ ਨਾਲ ਵਾਲ ਨਹੀਂ ਸੁਕਾਉਣੇ ਚਾਹੀਦੇ। ਜੇ ਵਰਤਣਾ ਵੀ ਪਵੇ ਤਾਂ ਬਹੁਤ ਹਲਕੀ ਹਵਾ ਤੇ ਘਟ ਗਰਮ ਹਵਾ ਹੀ ਚਲਾਉਣੀ ਚਾਹੀਦੀ ਹੈ।
(5). ਐਕੂਪਰੈਸ਼ਰ ਵੀ ਅਸਰਦਾਰ ਹੈ।
(6). ਲੈਵੈਂਡਰ ਤੇਲ ਦੀ ਖੁਸ਼ਬੂ ਲੈਣ ਨਾਲ ਜਾਂ ਸਿਰ ਦੇ ਪਾਸਿਆਂ ਉੱਤੇ ਇਕ ਅੱਧ ਬੂੰਦ ਲਾ ਕੇ ਸੁੰਘਦੇ ਰਹਿਣ ਨਾਲ ਆਰਾਮ ਮਿਲ ਜਾਂਦਾ ਹੈ।
ਬਸ ਅਖ਼ੀਰ ਵਿਚ ਇਕ ਗ਼ੱਲ ਧਿਆਨ ਰੱਖਣ ਦੀ ਲੋੜ ਹੈ। ਖ਼ੁਸ਼ ਰਹੋ ਤੇ ਖੁਸ਼ ਰੱਖੋ! ਜੋ ਬੀਜਿਆ ਜਾਵੇ, ਉਹੀ ਹਾਸਲ ਹੁੰਦਾ ਹੈ। ਆਪ ਸੁਖੀ ਵੱਸਣ ਲਈ ਤੇ ਚਿੰਤਾ ਮੁਕਤ ਹੋਣ ਲਈ ਦੂਜਿਆਂ ਦੀ ਚਿੰਤਾ ਤੇ ਦੁੱਖ ਘਟਾਉਣ ਦੀ ਲੋੜ ਹੁੰਦੀ ਹੈ। ਮਾਂ ਬਣਨ ਦਾ ਇਹਸਾਸ ਕਿਸਮਤ ਵਾਲਿਆਂ ਨੂੰ ਨਸੀਬ ਹੁੰਦਾ ਹੈ। ਸੋ, ਤਣਾਓ ਛੱਡ ਕੇ, ਇਹ ਸਮਾਂ ਮਾਣ ਲਵੋ।